ਦਲਵਿੰਦਰ ਸਿੰਘ ਅਜਨਾਲਾ
ਫੋਨ: 661-834-9770
ਦਸਵੀਂ ਤੱਕ ਮੈਂ ਆਪਣੀ ਜਮਾਤ ਵਿਚੋਂ ਪਹਿਲੇ ਨੰਬਰ ‘ਤੇ ਪਾਸ ਹੁੰਦਾ ਰਿਹਾ। ਫਿਰ ਪਤਾ ਨਹੀਂ ਕਿਵੇਂ ਹੋਇਆ, ਮੈਂ ਟੁੱਟੀ-ਭੱਜੀ ਜਿਹੀ ਬੀæਏæ ਹੀ ਕਰ ਸਕਿਆ। ਫਿਰ ਸਰਕਾਰੀ ਨੌਕਰੀ ਲੱਭਦਿਆਂ ਉਮਰ ਗਵਾ ਲਈ। ਇਕ ਕਿੱਲਾ ਜ਼ਮੀਨ ਸੀ, ਦੋ ਭੈਣਾਂ ਦੇ ਵਿਆਹ ਤੋਂ ਬਾਅਦ ਪੱਲੇ ਭੁੱਖ-ਨੰਗ ਤੋਂ ਬਗੈਰ ਹੋਰ ਕੁਝ ਨਹੀਂ ਸੀ ਪੈਂਦਾ। ਜਦੋਂ ਵੱਡੀਆਂ ਛੋਟੀਆਂ ਸਿੱਖ ਸੰਸਥਾਵਾਂ ਵਿਚ ਵੀ ਸੇਵਾਦਾਰ ਜਾਂ ਚਪੜਾਸੀ ਤੱਕ ਦੀ ਨੌਕਰੀ ਨਾ ਮਿਲੀ ਤਾਂ ਅਜਨਾਲੇ ਸ਼ਹਿਰ ਦੇ ਇਕ ਵੱਡੇ ਕੈਥੋਲਿਕ ਕਾਨਵੈਂਟ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪਾਦਰੀ ਕੋਲ ਪੇਸ਼ ਹੋ ਗਿਆ। ਇਹ ਪਾਦਰੀ ਚੰਗਾ ਪੜ੍ਹਿਆ ਲਿਖਿਆ ਤਾਂ ਸੀ ਹੀ, ਤਬੀਅਤ ਦਾ ਵੀ ਫ਼ੱਕਰ ਸੀ। ਮੈਨੂੰ ਉਹ ਤਰਸਖੋਰ ਇਨਸਾਨ ਵੀ ਜਾਪਿਆ। ਸੰਖੇਪ ਜਿਹੀ ਗੱਲਬਾਤ ਤੋਂ ਬਾਅਦ ਮੈਨੂੰ ਕਹਿਣ ਲੱਗਾ, “ਮੇਰੇ ਸਕੂਲ ਵਿਚ ਸਾਰੇ ਅਧਿਆਪਕ ਟਰੇਂਡ ਹਨ, ਭਾਵ ਬੀæਐਡæ ਹਨ; ਜ਼ਿਆਦਾਤਰ ਐਮæਏæ, ਐਮæਐਸਸੀæ ਹਨ ਪਰ ਤੈਨੂੰ ਇਸ ਸਕੂਲ ਵਿਚ ਇਕ ਮਹੀਨੇ ਵਾਸਤੇ ਅਧਿਆਪਕ ਰੱਖ ਲੈਂਦਾ ਹਾਂ। ਜੇ ਤੇਰਾ ਕੰਮ ਤਸੱਲੀਬਖ਼ਸ਼ ਰਿਹਾ ਤਾਂ ਤੈਨੂੰ ਪੱਕਾ ਰੱਖ ਲਿਆ ਜਾਵੇਗਾ ਤੇ ਆਪਣੇ ਖਰਚੇ ‘ਤੇ ਬੀæਐਡæ ਵੀ ਕਰਵਾ ਦਿਆਂਗਾ।”
ਅਗਲੇ ਦਿਨ ਤੋਂ ਮੈਂ ਸਕੂਲ ਵਿਚ ਅਧਿਆਪਕ ਵਜੋਂ ਨੌਕਰੀ ਅਰੰਭ ਕਰ ਦਿੱਤੀ। ਸਕੂਲ ਵਿਚ ਪੱਗ ਵਾਲਾ ਮੈਂ ਇਕੱਲਾ ਅਧਿਆਪਕ ਸਾਂ। ਜ਼ਿਆਦਾਤਰ ਅਧਿਆਪਕ ਔਰਤਾਂ ਹੀ ਸਨ ਅਤੇ ਜਿਹੜੇ ਮਰਦ ਸਨ, ਉਹ ਸਾਰੇ ਇਸਾਈ ਸਨ। ਛੇਤੀ ਹੀ ਇਸ ਸਕੂਲ ਅਤੇ ਸ਼ਹਿਰ ਵਿਚ ਇਕ ਚੰਗੇ ਅਧਿਆਪਕ ਵਜੋਂ ਮੇਰੀ ਚੰਗੀ ਪੈਂਠ ਬਣ ਗਈ। ਸਕੂਲ ਦੇ ਪਾਦਰੀ ਨੇ ਮੈਨੂੰ ਪੱਕਾ ਕਰ ਦਿੱਤਾ ਅਤੇ ਉਹ ਮੇਰੇ ਚੰਗੇ ਮਿੱਤਰ ਵੀ ਬਣ ਗਏ।
ਇਕ ਸਾਲ ਬਾਅਦ ਇਹ ਨੇਕ ਇਨਸਾਨ 48 ਸਾਲ ਦੀ ਉਮਰ ਵਿਚ ਦਿਲ ਫੇਲ੍ਹ ਹੋਣ ਕਰ ਕੇ ਵਫਾਤ ਪਾ ਗਿਆ। ਸਕੂਲ ਦਾ ਨਵਾਂ ਡਾਇਰੈਕਟਰ ਅੰਗਰੇਜ਼ ਪਾਦਰੀ ਬਣ ਗਿਆ। ਉਹ ਵੀ ਚੰਗਾ ਇਨਸਾਨ ਸੀ ਅਤੇ ਸਭ ਦਾ ਭਲਾ ਤੱਕਣ ਵਾਲਾ ਬੰਦਾ ਸੀ। ਦੋ ਸਾਲ ਬਾਅਦ ਉਸ ਦੀ ਬਦਲੀ ਅੰਮ੍ਰਿਤਸਰ ਹੋ ਗਈ ਅਤੇ ਥੋੜ੍ਹੇ ਸਾਲਾਂ ਬਾਅਦ ਉਹ ਵੀ ਸਪੁਰਦ-ਏ-ਖਾਕ ਹੋ ਗਿਆ। ਅਖੀਰ ਤੱਕ ਇਹ ਬੰਦਾ ਮੈਨੂੰ ਆਪਣਿਆਂ ਵਾਂਗ ਮਿਲਦਾ ਰਿਹਾ। ਇਸ ਤੋਂ ਬਾਅਦ ਰੋਮ ਤੋਂ ਡਿਗਰੀ ਕਰ ਕੇ ਆਇਆ ਪਾਦਰੀ ਸਕੂਲ ਦਾ ਮੈਨੇਜਰ ਬਣਿਆ। ਉਸ ਨੇ ਵੀ ਬਹੁਤ ਪਿਆਰ ਸਤਿਕਾਰ ਦਿੱਤਾ। ਇਹੋ ਜਿਹੇ ਹਾਲਾਤ ਵਿਚ ਮੈਂ ਐਮæਏæ (ਅੰਗਰੇਜ਼ੀ) ਅਤੇ ਬੀæਐਡæ ਕਰ ਗਿਆ। ਆਪਣੇ ਪਿੰਡੋਂ ਸਾਈਕਲ ਉਤੇ 30 ਕਿਲੋਮੀਟਰ ਪੈਂਡਾ ਮਾਰ ਕੇ ਅਜਨਾਲੇ ਪਹੁੰਚਣਾ, 3 ਵਜੇ ਤੱਕ ਸਕੂਲ ਵਿਚ ਅਤੇ ਫਿਰ ਰਾਤ ਤਕ ਟਿਊਸ਼ਨਾਂ ਦਾ ਕੰਮ ਕਰਨਾ। ਕਈ ਵਾਰ ਅੱਧੀ ਰਾਤ ਨੂੰ ਘਰ ਅਪੜਨਾ। ਉਦੋਂ ਸਮਾਂ ਬੜਾ ਭਿਆਨਕ ਸੀ, ਪੰਜਾਬ ਵਿਚ ਹਨੇਰਗਰਦੀ ਦਾ ਦੌਰ ਚੱਲ ਰਿਹਾ ਸੀ। ਮੈਨੂੰ ਸਕੂਲ ਵਿਚੋਂ ਜੋ ਤਨਖਾਹ ਮਿਲਦੀ, ਉਸ ਵਿਚੋਂ ਕੁਝ ਮਾਂ ਨੂੰ ਦੇ ਦਿੰਦਾ, ਕੁਝ ਛੋਟੇ ਭਰਾ ਨੂੰ ਕਾਲਜ ਦੀ ਪੜ੍ਹਾਈ ਲਈ ਦੇ ਦਿੰਦਾ, ਕੁਝ ਆਪਣੇ ਮਾੜੇ ਮੋਟੇ ਚਾਹ ਪਾਣੀ ਅਤੇ ਆਪਣੇ ਸਾਈਕਲ ਦੇ ਦੁੱਖ ਦਰਦ ਵਾਸਤੇ ਰੱਖਣ ਤੋਂ ਬਾਅਦ ਬਾਕੀ ਬਚਦੀ ਮਨੁੱਖਤਾ ਦੇ ਸੱਚੇ ਅਤੇ ਨਿਸ਼ਕਾਮ ਸੇਵਕ ਭਗਤ ਪੂਰਨ ਸਿੰਘ ਦੇ ਚਰਨਾਂ ਵਿਚ ਭੇਟ ਕਰ ਛੱਡਦਾ। ਜਦੋਂ ਕਦੇ ਮੌਸਮ ਬਹੁਤ ਖ਼ਰਾਬ ਹੋ ਜਾਂਦਾ, ਮੈਂ ਬੱਸ ‘ਤੇ ਸਫਰ ਕਰਦਾ। ਵਾਪਸੀ ‘ਤੇ ਬੱਸ, ਇਕ ਪੈਟਰੋਲ ਪੰਪ ਤੋਂ ਚਲਦੀ ਸੀ। ਇਸ ਪੈਟਰੋਲ ਪੰਪ ਦਾ ਮਾਲਕ ਸ਼ਹਿਰ ਦਾ ਇਕ ਅਮੀਰ ਆਦਮੀ ਸ਼ਰਮਾ ਸੀ, ਅੱਜ ਵੀ ਹੈ। ਇਹ ਬੜਾ ਰੋਅਬ-ਦਾਅਬ ਵਾਲਾ ਚੰਗਾ ਪੜ੍ਹਿਆ ਲਿਖਿਆ ਆਦਮੀ ਹੈ। ਇਹ ਸਾਊ ਜਿਹਾ ਲੱਗਦਾ ਬੰਦਾ ਆਪਣੇ ਪੰਪ ਦੇ ਖੁੱਲ੍ਹੇ ਵਿਹੜੇ ਵਿਚ ਨਹਿਰੂ ਸਟਾਈਲ ਲਿਬਾਸ ਪਹਿਨੀਂ ਕੁਰਸੀ ‘ਤੇ ਬੈਠਾ ਅਕਸਰ ਅਖ਼ਬਾਰ ਪੜ੍ਹ ਰਿਹਾ ਹੁੰਦਾ। ਮੈਂ ਇਸ ਤੋਂ ਥੋੜ੍ਹਾ ਜਿਹਾ ਹਟਵਾਂ ਬੱਸ ਦੀ ਉਡੀਕ ਵਿਚ ਖੜ੍ਹਾ ਹੁੰਦਾ। ਇਕ ਦਿਨ ਸ਼ਰਮਾ ਜੀ ਮੈਨੂੰ ਆਵਾਜ਼ ਮਾਰ ਕੇ ਕਹਿੰਦੇ, “ਬਈ ਜਵਾਨਾ, ਬੱਸ ਉਡੀਕਨੈ? ਆ ਜਾ ਬਹਿ ਜਾ ਇਥੇ। ਕੁਰਸੀ ਲੈ ਲੈ। ਅਖ਼ਬਾਰ ਪੜ੍ਹਨੀ ਆਂ ਤੇ ਪੜ੍ਹ ਲੈ।” ਅੰਗਰੇਜ਼ੀ, ਉਰਦੂ ਅਤੇ ਪੰਜਾਬੀ ਤਿੰਨ ਅਖ਼ਬਾਰ ਉਥੇ ਪਏ ਸਨ। ਮੈਂ ਉਹਦੇ ਅੱਗੇ ਵਾਲੀ ਕੁਰਸੀ ‘ਤੇ ਬੈਠ ਗਿਆ। ਉਸ ਨੇ ਅਖ਼ਬਾਰ ਤੋਂ ਮਾਰਧਾੜ ਅਤੇ ਕਤਲੋਗਾਰਤ ਦੀਆਂ ਖ਼ਬਰਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਸੰਖੇਪ ਜਿਹੀ ਗੱਲਬਾਤ ਤੋਂ ਮੈਨੂੰ ਇਹ ਬੰਦਾ ਦਾਨਿਸ਼ਵਰ, ਧਰਮ ਨਿਰਪੱਖ ਅਤੇ ਮਨੁੱਖਤਾ ਦਾ ਹਿਤੈਸ਼ੀ ਜਾਪਿਆ। ਇਸ ਤੋਂ ਬਾਅਦ ਵੀ ਬਹਿਣ-ਖਲੋਣ ਦਾ ਸਿਲਸਿਲਾ ਤਾਂ ਚਲਦਾ ਰਿਹਾ ਪਰ ‘ਕਿਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ’ ਹੋਣ ਕਰ ਕੇ ਮੈਂ ਇਸ ਵੱਡੇ ਬੰਦੇ ਦੀ ਸੰਗਤ ਵਿਚ ਬੇਚੈਨੀ ਜਿਹੀ ਮਹਿਸੂਸ ਕਰਦਾ। ਵੱਡੇ ਬੰਦੇ ਦੇ ਮਨ ਵਿਚ ਜੇ ਕੋਈ ਮੌਜ ਜਾਂ ਸ਼ੁਗਲ ਉਠੇ ਤਾਂ ਉਹ ਛੋਟੇ ਬੰਦੇ ਨੂੰ ਮਿੱਤਰ ਬਣਾ ਸਕਦਾ ਹੈ, ਪਰ ਜੇ ਛੋਟਾ ਬੰਦਾ ਵੱਡੇ ਬੰਦੇ ਨਾਲ ਦੋਸਤੀ ਪਾਉਣ ਬਾਰੇ ਸੋਚੇ ਵੀ, ਤਾਂ ਇਹ ਹਾਸੋ ਹੀਣੀ ਜਿਹੀ ਗੱਲ ਹੋ ਸਕਦੀ ਹੈ। ਭਗਵਾਨ ਕ੍ਰਿਸ਼ਨ ਤੇ ਸੁਦਾਮਾ ਅਤੇ ਗੁਰੂ ਨਾਨਕ ਦੇਵ ਤੇ ਮਰਦਾਨਾ ਤਾਂ ਬੜੇ ਦੁਰਲੱਭ ਇਤਿਹਾਸਕ ਕੌਤਕ ਹਨ।
ਖੈਰ! ਕੁਝ ਕੁ ਦਿਨਾਂ ਦੇ ਮੇਲ ਮਿਲਾਪ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਸ਼ਰਮਾ ਜੀ ਨੇ ਮੈਨੂੰ ਆਪਣਾ ਮਿੱਤਰ ਬਣਾ ਕੇ ਉਸ ਬੇਵਿਸ਼ਵਾਸੀ, ਬੇਰਹਿਮੀ, ਅੰਨ੍ਹੀ ਫਿਰਕਾਪ੍ਰਸਤੀ ਅਤੇ ਨਫ਼ਰਤਾਂ/ਕੁੜਿੱਤਣਾਂ ਵਾਲੇ ਦੌਰ ਵਿਚ ਬਹੁਤ ਦਲੇਰਾਨਾ ਕਦਮ ਪੁੱਟਿਆ ਸੀ। ਸ਼ਰਮਾ ਜੀ ਉਰਦੂ, ਫਾਰਸੀ ਅਤੇ ਅੰਗਰੇਜ਼ੀ ਦੇ ਚੰਗੇ ਆਲਮ ਫਾਜ਼ਲ ਹਨ। ਇਹ ਲੁਕੇ-ਛਿਪੇ ਅਤੇ ਸੰਗਾਊ ਜਿਹੇ ਸ਼ਾਇਰ ਵੀ ਹਨ। ਕਈ ਪੁਰਾਣੇ ਨਾਮਵਰ ਅਦੀਬ ਇਨ੍ਹਾਂ ਦੇ ਮਿੱਤਰ ਸਨ ਜਿਨ੍ਹਾਂ ਵਿਚੋਂ ਪਾਕਿਸਤਾਨੀ ਪੰਜਾਬ ਤੋਂ ਇੰਗਲੈਂਡ ਜਾ ਵਸਿਆ ਅਦੀਬ ਅਮੀਨ ਮਲਿਕ ਵੀ ਸੀ। ਬਾਊ ਜੀ ਅੰਮ੍ਰਿਤਸਰ ਦੇ ਰਹਿ ਚੁੱਕੇ ਅੰਗਰੇਜ਼ ਡਿਪਟੀ ਕਮਿਸ਼ਨਰਾਂ ਨਾਲ ਵੀ ਸਰਕਾਰੀ ਨੌਕਰੀ ਕਰ ਚੁੱਕੇ ਸਨ। ਇਸ ਲਈ ਉਹ ਅੰਗਰੇਜ਼ੀ ਹਕੂਮਤ ਦੇ ਇਤਿਹਾਸ ਦੀ ਫਰੋਲਾ-ਫਰਾਲੀ ਕਰਦਿਆਂ ਉਸ ਦੌਰ ਦੀਆਂ ਕਈ ਹੈਰਾਨਕੁਨ ਅਤੇ ਰੌਚਕ ਘਟਨਾਵਾਂ ਵੀ ਸੁਣਾਉਂਦੇ ਅਤੇ ਪੰਜਾਬ ਵਿਚ ਚੱਲ ਰਹੀ ਹਨੇਰਗਰਦੀ ਅਤੇ ਖੂਨਖਰਾਬੇ ਉਪਰ ਤੀਬਰ ਸੁਰ ਵਿਚ ਤਬਸਰਾ ਕਰਦਿਆਂ ਮੇਰੇ ਵਿਚਾਰ ਜਾਣਨ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ, ਪਰ ਮੈਂ ਜ਼ਿਆਦਾ ਨਾ ਬੋਲ ਸਕਦਾ ਅਤੇ ਆਪਣੀ ਧਾਰਨਾ ਮੁਤਾਬਿਕ ਸਿਰਫ਼ ਇੰਨਾ ਹੀ ਬੋਲਦਾ ਕਿ ਇਹ ਹਨੇਰਗਰਦੀ ਮੁੱਠੀ ਭਰ ਸ਼ੈਤਾਨ ਲੋਕਾਂ ਦੀ ਸ਼ਰਾਰਤ ਹੈ; ਉਨ੍ਹਾਂ ਨੇ ਇਹ ਕਿਉਂ ਸ਼ੁਰੂ ਕੀਤੀ ਹੈ, ਇਹ ਕਿੰਨੀ ਦੇਰ ਚੱਲੇਗੀ, ਇਹ ਕਿਵੇਂ ਅਤੇ ਕਦੋਂ ਖਤਰਾ ਹੋਵੇਗੀ, ਇਹ ਉਹੀ ਜਾਣਦੇ ਹਨ।
ਸ਼ਰਮਾ ਜੀ ਦੀ ਖੁਦਦਾਰੀ, ਵਿਦਵਤਾ ਤੇ ਮਜ਼ਾਹੀਆ-ਕਲਾਮੀ ਸ਼ਖ਼ਸੀਅਤ ਦਾ ਵੱਡੇ-ਵੱਡੇ ਸਿਆਸਤਦਾਨ, ਅਫ਼ਸਰ ਅਤੇ ਸੰਤ ਬਾਬੇ ਵੀ ਪਾਣੀ ਭਰਦੇ ਮੈਂ ਆਪਣੀ ਅੱਖੀਂ ਵੇਖੇ ਹਨ। ਹੁਣ ਤੱਕ ਬਾਊ ਜੀ ਮੇਰੇ ਬਾਰੇ ਸਭ ਕੁਝ ਜਾਣ ਚੁੱਕੇ ਸਨ। ਮੇਰੇ ਨਾਂਹ-ਨੁੱਕਰ ਕਰਦਿਆਂ ਵੀ ਕਈ ਵਾਰ ਉਨ੍ਹਾਂ ਨੇ ਮੈਨੂੰ ਚਾਹ ਪਾਣੀ ਅਤੇ ਪ੍ਰਸ਼ਾਦਾ-ਪਾਣੀ ਛਕਾ ਦੇਣਾ। ਇਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਮੈਂ ਜੇ ਇਥੇ ਨਾ ਵੀ ਹੋਵਾਂ ਤਾਂ ਵੀ ਮਾਸਟਰ ਜੀ ਦੀ ਟਹਿਲ ਸੇਵਾ ਵਿਚ ਫਰਕ ਨਹੀਂ ਛੱਡਣਾ।
ਇਕ ਦਿਨ ਬਾਊ ਜੀ ਗੰਭੀਰ ਮੁਦਰਾ ਵਿਚ ਕਹਿੰਦੇ, “ਮਾਸਟਰ ਜੀ, ਜੇ ਬੁਰਾ ਨਾ ਮੰਨੋ ਤਾਂ ਇਕ ਗੱਲ ਆਖਾਂ।” ਮੈਂ ਠਠੰਬਰ ਗਿਆ ਅਤੇ ਘਬਰਾਹਟ ਜਿਹੀ ਵਿਚ ਕਹਿ ਦਿੱਤਾ, “ਹਾਂ ਜੀ, ਆਖੋ।” ਕਹਿੰਦੇ, “ਬਈ ਤੇਰੀ ਜ਼ਿੰਦਗੀ ਬਿਹਤਰ ਬਣਾਉਣ ਲਈ ਮੈਂ ਕੋਈ ਅਰਦਾਸ ਤੇ ਨਹੀਂ ਕਰ ਸਕਦਾ ਪਰ ਜੇ ਤੈਨੂੰ ਕਿਤੇ ਕੋਈ ਚੰਗੀ ਨੌਕਰੀ ਮਿਲੇ ਤਾਂ ਜਿੰਨੇ ਵੀ ਪੈਸੇ ਦੇਣੇ ਪੈਣ, ਉਹ ਮੈਂ ਦੇ ਦਿਆਂਗਾæææਜਦੋਂ ਤੈਨੂੰ ਲੋੜ ਪਈ, ਮੈਨੂੰ ਤੁਰੰਤ ਦੱਸ ਦੇਵੀਂ।” ਉਨ੍ਹਾਂ ਦੀ ਇਹ ਪੇਸ਼ਕਸ਼ ਸੁਣਦਿਆਂ ਮੈਂ ਡੌਰ-ਭੌਰ ਹੋ ਗਿਆ। ਮੈਂ ਇਹ ਪੇਸ਼ਕਸ਼ ਖੁੱਲ੍ਹ ਕੇ ਕਬੂਲ ਕਰਨ ਦੀ ਹਿੰਮਤ ਭਾਵੇਂ ਨਾ ਕਰ ਸਕਿਆ ਪਰ ਮੈਂ ਨਾਂਹ ਵੀ ਨਾ ਕਰ ਸਕਿਆ। ਮੈਂ ਉਨ੍ਹਾਂ ਦੇ ਇਸ ਅਹਿਸਾਨ ਦੀ ਪੰਡ ਚੁੱਕ ਕੇ ਉਥੋਂ ਮਸਾਂ ਪਿੰਡ ਪਹੁੰਚਿਆ ਪਰ ਕਈ ਦਿਨ ਮੈਨੂੰ ਇਸ ਅਲੋਕਾਰੀ ਅਤੇ ਅਨੋਖੀ ਘਟਨਾ ਨੇ ਬੇਚੈਨ ਅਤੇ ਹੈਰਾਨ ਕਰੀ ਰੱਖਿਆ। ਕਾਰਨ? ਜਿਹੜੇ ਸਾਡੇ ਆਪਣੇ, ਉਚੀਆਂ ਤੇ ਵੱਡੀਆਂ ਜਾਤਾਂ ਵਾਲੇ, ਸਕੇ-ਸੋਧਰੇ ਖਾਂਦੇ-ਪੀਂਦੇ ਸਿੱਖ ਸਰਦਾਰ ਸਨ, ਉਨ੍ਹਾਂ ਨੇ ਸਾਡੇ ਨਾਲ ਧੋਖੇ ਅਤੇ ਮੱਕਾਰੀਆਂ ਕਰ ਕੇ ਸਾਨੂੰ ਕੰਗਾਲ ਕਰ ਦਿੱਤਾ, ਸਾਡੇ ਨਾਲ ਵਿਸ਼ਵਾਸਘਾਤ ਕੀਤਾ; ਮੇਰੇ ਇਹ ਵੱਡੇ ਸਿੱਖ ਸਰਦਾਰ ਰਿਸ਼ਤੇਦਾਰ ਮੈਨੂੰ ਕਹਿੰਦੇ, “ਪੜ੍ਹਾਈਆਂ ਲਿਖਾਈਆਂ ਗਰੀਬਾਂ ਦੇ ਵੱਸ ਦੀ ਖੇਡ ਨਹੀਂ, ਸਾਡੀ ਆਥੜੀ ਕਰਿਆ ਕਰæææ।” ਇਹ ਗੱਲ ਵੱਖਰੀ ਹੈ ਕਿ ਮਗਰੋਂ ਇਨ੍ਹਾਂ ਲੋਕਾਂ ਦੇ ਪੱਲੇ ਵੀ ਕੁਝ ਨਾ ਰਿਹਾ।
ਚਲੋ! ਵਕਤ ਦੀ ਚਾਲ ਨੇ ਮੈਨੂੰ ਇਕ ਹੋਰ ਅਨਹੋਣੀ ਦੇ ਦਰਸ਼ਨ ਕਰਵਾਏ। ਸਰਕਾਰੀ ਅਧਿਆਪਕ ਵਾਸਤੇ ਮੇਰੀ ਸਿਲੈਕਸ਼ਨ ਹੋ ਗਈ। ਸਟੇਸ਼ਨ ਅਲਾਟਮੈਂਟ ਡੀæਈæਓæ ਦਫ਼ਤਰ ਅੰਮ੍ਰਿਤਸਰ ਵੱਲੋਂ ਹੋਣੀ ਸੀ। ਸਬੰਧਤ ਕਲਰਕ ਬੜਾ ਸੁਹਣਾ ਬੀਬਾ ਪੰਜ ਕੱਕਾਰੀ ਗੁਰਸਿੱਖ ਸੀ। ਡੀæਈæਓæ ਵੀ ਗੁਰਸਿੱਖੀ ਬਾਣੇ ਵਿਚ ਗੁਰੂ ਦੇ ਹੁਕਮ ਦੀ ਰੱਜ ਕੇ ਜੱਖਣਾ ਪੁੱਟ ਰਿਹਾ ਸੀ। ਸੁਹਣਾ, ਬੀਬਾ ਮਿੱਠ-ਬੋਲੜਾ ਕਲਰਕ ਕਹਿੰਦਾ, “ਜੇ ਆਰਡਰ ਲੈਣੇ ਆਂ ਤਾਂ ਇਕ ਹਜ਼ਾਰ ਰੁਪਈਆ ਭੇਟ ਕਰਨਾ ਪਊ।” ਮੇਰੇ ਕੋਲ ਪੈਸੇ ਹੈ ਨਹੀਂ ਸਨ। ਮੈਂ ਬੇਨਤੀ ਕੀਤੀ ਕਿ ਮੈਂ ਗਰੀਬ ਹਾਂ, ਮੇਰੇ ਕੋਲ ਇੰਨੇ ਪੈਸੇ ਨਹੀਂ। ਤੁਸੀਂ ਮੈਨੂੰ ਆਰਡਰ ਦੇ ਦਿਓ, ਮੈਂ ਪਹਿਲੀ ਤਨਖ਼ਾਹ ਸਾਰੀ ਤੁਹਾਨੂੰ ਦੇ ਦਿਆਂਗਾ। ਗੁਰੂ ਦੇ ਨਾਂ ਦਾ ਵੀ ਵਾਸਤਾ ਪਾਇਆ ਪਰ ਉਹ ਨਹੀਂ ਮੰਨੇ। ਉਧਰੋਂ ਥੋੜ੍ਹਾ ਚਿਰ ਹੋਰ ਬੀਤ ਜਾਣ ਨਾਲ ਮੈਂ ‘ਓਵਰਏਜ’ ਹੋ ਜਾਣਾ ਸੀ, ਫਿਰ ਆਰਡਰ ਕਿਸੇ ਸੂਰਤ ਵਿਚ ਵੀ ਨਹੀਂ ਸਨ ਮਿਲਣੇ। ਇਸ ਗੱਲ ਦਾ ਪਤਾ ਇਸ ਗੁਰਸਿੱਖ ਬੀਬੇ ਕਲਰਕ ਨੂੰ ਵੀ ਸੀ। ਚਲੋ ਜੀ, ਮੈਂ ਇਸ ਬੇਤਰਸ ਬੰਦੇ ਦੇ ਹੱਥੋਂ ਵਾਹਵਾ ਖਰਾਬ ਹੋਣ ਤੋਂ ਬਾਅਦ ਪੈਸੇ ਦਾ ਪ੍ਰਬੰਧ ਕਰਨ ਲਈ ਭੱਜ-ਦੌੜ ਸ਼ੁਰੂ ਕਰ ਦਿੱਤੀ।
ਆਪਣੇ ਚੰਗੇ ਭਲੇ ਸਕੇ ਸਬੰਧੀਆਂ ਦੇ ਦਰਾਂ ਤੋਂ ਖਾਲੀ ਹੱਥ ਮੁੜ ਕੇ ਜੱਕੋ-ਤੱਕੀ ਵਿਚ ਸ਼ਰਮਾ ਜੀ ਪੰਪ ਵਾਲਿਆਂ ਦੇ ਦਰ ‘ਤੇ ਜਾ ਅਲਖ ਜਗਾਈ। ਸ਼ਰਮਾ ਜੀ ਤੁਰੰਤ ਕਹਿੰਦੇ, “ਇਕ ਹਜ਼ਾਰ ਨਹੀਂ, ਮੈਂ ਤੈਨੂੰ ਦਸ ਹਜ਼ਾਰ ਦਿੰਦਾਂæææਇਥੇ ਹਰ ਬੰਦਾ ਵਿਕਾਊ ਹੈ, ਇਹ ਦਸ ਹਜ਼ਾਰ ਲੈ ਜਾ ਅਤੇ ਖੁੱਲ੍ਹੇ ਦਿਲ ਨਾਲ ਜਿੰਨੇ ਕੋਈ ਮੰਗਦਾ ਹੈ, ਉਸ ਤੋਂ ਸੌ ਵੱਧ ਦੇਈ ਜਾ ਅਤੇ ਆਪਣਾ ਕੰਮ ਕਰਵਾ ਲੈ।” ਇਸ ਬੰਦੇ ਨੂੰ ਮੈਂ ਕਿਹੜੀ ਜਾਤ, ਕਿਹੜੇ ਧਰਮ ਜਾਂ ਕਿਹੜੀ ਕੌਮ ਨਾਲ ਬੰਨ੍ਹਾਂ? ਕੀ ਅਜਿਹਾ ਕੋਈ ਬੰਧੇਜ, ਅਜਿਹੇ ਬੰਦਿਆਂ ਨਾਲ ਵਧੀਕੀ ਨਹੀਂ ਹੋਵੇਗੀ?
ਉਧਰ ਜਦੋਂ ਮੈਂ ਕੈਥੋਲਿਕ ਕਾਨਵੈਂਟ ਸਕੂਲ ਦੀ ਨੌਕਰੀ ਛੱਡਣ ਲੱਗਾ ਤਾਂ ਇਸ ਸਕੂਲ ਦੇ ਮੈਨੇਜਰ ਪਾਦਰੀ ਜਿਹੜੇ ਮੇਰਾ ਬਹੁਤ ਮਾਣ ਸਤਿਕਾਰ ਕਰਦੇ ਸਨ, ਨੇ ਮੈਨੂੰ ਇਹ ਨੌਕਰੀ ਨਾ ਛੱਡਣ ਲਈ ਮਜਬੂਰ ਕੀਤਾ ਅਤੇ ਮੈਨੂੰ ਸਰਕਾਰੀ ਨੌਕਰੀ ਜਿੰਨੀ ਤਨਖਾਹ ਦੇਣ ਦੀ ਵੀ ਪੇਸ਼ਕਸ਼ ਕੀਤੀ, ਪਰ ਮੈਂ ਇਸ ਤਰ੍ਹਾਂ ਨਾ ਕਰ ਸਕਿਆ। ਉਂਜ ਮੈਂ ਉਨ੍ਹਾਂ ਦੇ ਪਰਉਪਕਾਰ ਨੂੰ ਕਦੇ ਨਹੀਂ ਭੁਲਦਾ, ਜਿਨ੍ਹਾਂ ਨੇ ਮੈਨੂੰ ਆਪਣੇ ਸਕੂਲ ਵਿਚ ਨੌਕਰੀ ਦੇ ਕੇ ਮੈਨੂੰ ਮੰਦਹਾਲੀ ਵਿਚੋਂ ਕੱਢਿਆ। ਇਸ ਸਕੂਲ ਵਿਚ ਵੱਡੇ ਛੋਟੇ ਅਫ਼ਸਰਾਂ, ਸਰਦਾਰਾਂ ਅਤੇ ਅਮੀਰਾਂ ਦੇ ਬਹੁਤ ਸਾਰੇ ਬੱਚੇ ਮੇਰੇ ਕੋਲੋਂ ਸਕੂਲ ਤੋਂ ਬਾਅਦ ਵੀ ਟਿਊਸ਼ਨ ਪੜ੍ਹਦੇ ਸਨ ਪਰ ਸੱਚਾਈ ਇਹ ਹੈ ਕਿ ਇਹ ਬੱਚੇ ਅਤੇ ਇਨ੍ਹਾਂ ਦੇ ਮਾਪੇ ਮੈਨੂੰ ਟਿਊਸ਼ਨ ਪੜ੍ਹਾਉਣ ਵਾਲੇ ਘਰੇਲੂ ਨੌਕਰ ਤੋਂ ਵੱਧ ਹੋਰ ਕੁਝ ਨਹੀਂ ਸਨ ਸਮਝਦੇ। ਕਈ ਸਰਦਾਰਾਂ ਨੇ ਤਾਂ ਮੇਰੇ ਪੈਸੇ ਵੀ ਮਾਰ ਲਏ ਸਨ। ਦੂਜੇ ਬੰਨੇ ਜਿੰਨੇ ਵੀ ਹਿੰਦੂ ਬੱਚੇ ਮੈਥੋਂ ਪੜ੍ਹਦੇ ਸਨ, ਉਹ ਅਤੇ ਉਨ੍ਹਾਂ ਦੇ ਮਾਪੇ ਮੈਨੂੰ ਗੁਰੂ ਵਾਲਾ ਮਾਣ ਸਤਿਕਾਰ ਦਿੰਦੇ ਸਨ।
ਉਧਰ, ਮਸਾਂ ਇਕ ਸਾਲ ਹੀ ਬੀਤਿਆ ਸੀ ਕਿ ਮੈਥੋਂ ਰਿਸ਼ਵਤ ਲੈ ਕੇ ਆਰਡਰ ਦੇਣ ਵਾਲੇ ਡੀæਈæਓæ ਦਫ਼ਤਰ ਅੰਮ੍ਰਿਤਸਰ ਦੇ ਉਸ ਬੀਬੇ ਸਾਊ ਅਤੇ ਕਾਨੂੰਨ ਦਾ ਸਖ਼ਤੀ ਨਾਲ ਪਾਲਣ ਕਰਨ ਵਾਲੇ ਕਲਰਕ ਸਾਹਿਬ ਦੀ ਸਕੂਟਰ ‘ਤੇ ਕਿਸੇ ਰਿਸ਼ਤੇਦਾਰ ਨਾਲ ਜਾਂਦਿਆਂ ਰਸਤੇ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਮੇਰੇ ਉਪਰ ਇਹ ਖ਼ਬਰ ਬਿਜਲੀ ਵਾਂਗੂੰ ਡਿੱਗੀ। ਉਸ ਵਿਚਾਰੇ ਦੇ ਇਸ ਦਰਦਨਾਕ ਅੰਤ ਉਪਰ ਬੜਾ ਦੁੱਖ ਹੋਇਆ। ਬੰਦੇ ਵਿਚਾਰੇ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰਦਾ ਹੈ, ਤੇ ਕਿਉਂ ਕਰਦਾ ਹਾਂ? ਇਹ ਬੰਦੇ ਦਾ ਦੁਖਾਂਤ ਹੈ ਕਿ ਬੰਦੇ ਕੋਲੋਂ ਬੰਦਾ ਨਹੀਂ ਬਣਿਆ ਜਾਂਦਾ। ਗੁਰੂ ਜੀ ਬੰਦੇ ਨੂੰ ਯਾਦ ਕਰਾਉਂਦੇ ਹਨ,
ਰਾਤਿ ਕਾਰਣਿ ਧਨੁ ਸੰਚੀਐ
ਭਲਕੇ ਚਲਣੁ ਹੋਇ॥
ਨਾਨਕ ਨਾਲਿ ਨਾ ਚਲਈ
ਫਿਰਿ ਪਛੁਤਾਵਾ ਹੋਇ॥
ਇਸ ਸੰਸਾਰ ਵਿਚ ਕਿਸੇ ਕੌਮ, ਧਰਮ, ਜਾਤ, ਫਿਰਕੇ, ਬਰਾਦਰੀ ਅਤੇ ਸਮਾਜ ਦੇ ਸਾਰੇ ਦੇ ਸਾਰੇ ਲੋਕ ਨਾ ਤਾਂ ਚੰਗੇ ਅਤੇ ਨਾ ਹੀ ਬੁਰੇ ਹੁੰਦੇ ਹਨ। ਹਾਂ, ਗਿਣਤੀ-ਮਿਣਤੀ ਦਾ ਭਾਵੇਂ ਥੋੜ੍ਹਾ ਬਹੁਤਾ ਫਰਕ ਹੋਵੇ। ਉਂਜ, ਇਹ ਸੰਸਾਰ ਤਾਂ ਹੁਣ ਭਾਵੇਂ ਗਲੋਬਲ ਪਿੰਡ ਬਣ ਗਿਆ ਹੈ ਪਰ ਇਨਸਾਨੀਅਤ ਇਥੇ ਗਲੋਬਲ ਧਰਮ ਕਦੋਂ ਬਣੇਗਾ? ਇਸ ਦੇ ਆਸਾਰ ਅਜੇ ਦੂਰ ਤੱਕ ਨਜ਼ਰ ਨਹੀਂ ਆ ਰਹੇ। ਜਰਮਨ ਦਾਨਿਸ਼ਮੰਦ ਨੀਤਸ਼ੇ ਆਖਦਾ ਹੈ ਕਿ ‘ਇਹ ਧਰਤੀ ਬਹੁਤ ਖੂਬਸੂਰਤ ਹੈ ਪਰ ਇਸ ਨੂੰ ਨਾਮੁਰਾਦ ਬਿਮਾਰੀ ਲੱਗੀ ਹੋਈ ਹੈ, ਤੇ ਇਸ ਬਿਮਾਰੀ ਦਾ ਨਾਂ ਹੈ ਆਦਮੀ।’
Leave a Reply