ਹਨੇਰਮਈ ਦੌਰ ‘ਚ ਚਾਨਣ ਦੀ ਲੋਅ ‘ਮੈਂ ਬੋਲੀ ਪੰਜਾਬ ਦੀ’

– ਸਵਰਨ ਸਿੰਘ ਟਹਿਣਾ
ਫੋਨ-91-98141-78883
ਟੀæਵੀæ ‘ਤੇ ਕੋਈ ਸੰਗੀਤ ਚੈਨਲ ਲਾ ਲਵੋ। ਕੁਝ ਮਿੰਟਾਂ ‘ਚ ਹੀ ਲੱਗਣ ਲੱਗੇਗਾ ਕਿ ਲਗਭਗ ਸਾਰੇ ਗਾਇਕ ਓਸੇ ਨਿਸ਼ਾਨ ਸਿੰਘ ਦੇ ਸਕੇ-ਸੋਧਰੇ ਨੇ, ਜਿਹੜਾ ਸਿਆਸੀ ਆਕਾਵਾਂ ਦੇ ਥਾਪੜੇ ਕਾਰਨ ਫ਼ਰੀਦਕੋਟ ਦੀ ਨਾਬਾਲਗ ਕੁੜੀ ਸ਼ਰੂਤੀ ਨੂੰ ਅਗਵਾ ਕਰਕੇ ਲੈ ਗਿਆ ਸੀ। ਅਗਲੇ ਹੀ ਪਲ ਜਾਪਣ ਲੱਗੇਗਾ ਜਿਵੇਂ ਗਾਉਣ ਵਾਲੇ ਅੰਮ੍ਰਿਤਸਰ ਦੇ ਯੂਥ ਅਕਾਲੀ ਦਲ ਦੇ ਆਗੂ ਦੇ ਨੇੜਲੇ ਹੋਣ, ਜਿਹੜੇ ਧੀ ਨਾਲ ਛੇੜਖਾਨੀ ਰੋਕਣ ‘ਤੇ ਏæਐਸ਼ਆਈæ ਨੂੰ ਵੀ ਢੇਰ ਕਰ ਛੱਡਦੇ ਨੇ। ਸਿਆਸੀ ਗੁੰਡਿਆਂ ਵਰਗੀ ਸੋਚ ਪਾਲਣ ਵਾਲੇ ਕਲਾਕਾਰ ਕਲਾ ਦੇ ਤਾਂ ਧਨੀ ਨਹੀਂ ਬਣ ਸਕੇ, ਪਰ ਬੰਦੂਕਾਂ, ਗੰਡਾਸਿਆਂ ਦੇ ਧਾਰਨੀ ਤਾਂ ਬਣ ਹੀ ਗਏ ਨੇ।
ਕਲਾ ਦੇ ਨਾਂ ‘ਤੇ ਪੇਸ਼ ਕੀਤੇ ਜਾਂਦੇ ਬਾਂਦਰਪੁਣੇ ਨੂੰ ਅਸੀਂ ਰੋਜ਼ਾਨਾ ਖੁੱਲ੍ਹੀਆਂ ਅੱਖਾਂ ਨਾਲ ਦੇਖ ਰਹੇ ਹਾਂ, ਪੜ੍ਹ ਰਹੇ ਹਾਂ, ਸੁਣ ਰਹੇ ਹਾਂ। ਦਰਜਨਾਂ ਮਾੜੇ ਗੀਤਾਂ ਪਿੱਛੇ ਜਦੋਂ ਇੱਕ ਗੀਤ ਚੰਗਾ ਸੁਣਨ ਨੂੰ ਮਿਲਦੈ ਤਾਂ ਸਬੰਧਤ ਕਲਾਕਾਰ ਦੀ ਸੋਚ ‘ਤੇ ਰਸ਼ਕ ਹੁੰਦੈ, ਪਰ ਅਗਲੇ ਹੀ ਪਲ ਪਤਾ ਲੱਗਦੈ ਕਿ ਉਸ ਨੇ ਵੀ ਚੰਗਾ ਗਾਉਣ ਤੋਂ ਤੌਬਾ ਕਰ ਲਈ ਏ, ਕਿਉਂਕਿ ਇੰਜ ਕਰਕੇ ਉਸ ਨੂੰ ਖਰਚ ਕੀਤੇ ਲੱਖਾਂ ਰੁਪਏ ਦਾ ਵਿਆਜ ਵੀ ਨਹੀਂ ਮੁੜਿਆ। ਫੇਰ ਆਲਿਓਂ-ਦੁਆਲਿਓਂ ਪਤਾ ਲੱਗਦੈ ਕਿ ਉਹਨੇ ਵੀ ਅਗਲੀ ਐਲਬਮ ਵਿਚ ਰੱਜਵਾਂ ਗੰਦ ਪਾਉਣ ਦੀ ਧਾਰ ਲਈ ਏ, ਕਿਉਂਕਿ ਮੱਖੀਆਂ ਵਰਗੇ ਬਹੁਤੇ ਸਰੋਤੇ ਪਸੰਦ ਹੀ ਗੰਦ ਕਰਦੇ ਨੇ।
ਪਰ ਤਸੱਲੀ ਦੀ ਗੱਲ ਹੈ ਕਿ ਅਮਰੀਕਾ ਬੈਠੇ ਬੱਬੂ ਗੁਰਪਾਲ ਵਰਗੇ ਗਿਣਵੇਂ-ਚੁਣਵੇਂ ਗਾਇਕ ਜ਼ਮੀਰ ਨਾਲ ਸਮਝੌਤਾ ਜਾਂ ਸਟਾਰਡਮ ਪ੍ਰਾਪਤੀ ਦੇ ਚੱਕਰ ‘ਚ ਇਖਲਾਕ ਤੋਂ ਡਿੱਗਣਾ ਠੀਕ ਨਹੀਂ ਸਮਝਦੇ। ਬੱਬੂ ਵਰਗੇ ਗਾਇਕ ਇਸ ਭਰਮ ‘ਚ ਨਹੀਂ ਕਿ ਸੁਣਨ ਵਾਲਿਆਂ ਦੇ ਇੱਕ ਹਿੱਸੇ ਕੋਲੋਂ ਉਨ੍ਹਾਂ ਨੂੰ ‘ਸ਼ਾਬਾਸ਼’, ‘ਵਾਹ ਕਿਆ ਬਾਤ ਹੈ’, ‘ਜਿਊਂਦੇ ਰਹੋ’ ਤੇ ‘ਮਾਂ ਬੋਲੀ ਦੇ ਸੇਵਕ’ ਜਿਹੇ ਸੰਬੋਧਨ ਤੋਂ ਇਲਾਵਾ ਕੁਝ ਹਾਸਲ ਹੋਵੇਗਾ, ਕਿਉਂਕਿ ਚੰਗੀ ਸੋਚ ਵਾਲੇ ਸੀæਡੀæ ਖਰੀਦਦੇ ਹੀ ਕਦੋਂ ਨੇ, ਫੇਰ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਾਗੀ ਹੋਣਾ ਇਨ੍ਹਾਂ ਗ਼ੈਰਤਮੰਦਾਂ ਨੂੰ ਸ਼ੋਭਦਾ ਨਹੀਂ?
ਜਦੋਂ ਸਭ ਪਾਸੀਂ ‘ਬੇਗੈਰਤ’ ਗਾਇਕੀ ਦੀ ਚਰਚਾ ਛਿੜਦੀ ਏ, ਉਦੋਂ ਬੱਬੂ ਵਰਗੇ ਕੁਝ ਕੁ ‘ਗੈਰਤਮੰਦ’ ਦੂਰ-ਦੂਰ ਤੱਕ ਪੱਸਰੇ ਹਨੇਰੇ ‘ਚ ਵਿਰਲੇ-ਟਾਵੇਂ ਦੀਵੇ ਜਿਹੇ ਜਾਪਦੇ ਨੇ। ਇਨ੍ਹਾਂ ਦਾ ਚਾਨਣ ਸੁਣਨ ਵਾਲਿਆਂ ਦੇ ਅੰਦਰੇ ਨੂੰ ਪੱਕੇ ਤੌਰ ‘ਤੇ ਰੁਸ਼ਨਾਵੇ ਜਾਂ ਨਾ, ਪਰ ਘੱਟ-ਵੱਧ ਦੇਰ ਲਈ ਸਾਡੇ ਅੰਦਰਲੀ ਕਾਲਖ਼ ਨੂੰ ਮੇਟਦਾ ਜ਼ਰੂਰ ਪ੍ਰਤੀਤ ਹੁੰਦੈ। ਸਿਰ ਤੋਂ ਕੰਮ ਲੈਣ ਵਾਲਾ ਵਿਰਲਾ-ਟਾਵਾਂ ਸਰੋਤਾ ਏਨਾ ਕੁ ਤਾਂ ਸੋਚਦਾ ਹੀ ਏ ਕਿ ‘ਪੜ੍ਹ ਗਈ ਬਾਰਾਂ, ਹੋ ਗਈ ‘ਠਾਰਾਂ ਹੁਣ ਤੇਰੀ ਫੁੱਲ ਚੜ੍ਹਾਈ ਆ’ ਤੇ ‘ਮਜਨੂੰ ਤੋਂ ਮੰਗਤਾ ਬਣਾਇਆ ਤੇਰੇ ਪਿਆਰ ਨੇ’ ਗਾਉਣ ਵਾਲੇ ਜਵਾਨੀ ਨੂੰ ਕੀ ਪਾੜਤਾਂ ਪੜ੍ਹਾ ਰਹੇ ਨੇ ਤੇ ‘ਮੈਂ ਬੋਲੀ ਪੰਜਾਬ ਦੀ, ਵੇ ਮੈਂ ਸਭ ਦੀ ਹੀਰੋ, ਮੈਨੂੰ ਨੰਗਿਆਂ ਨਾ ਕਰੋ ਵੇ ਮੇਰੇ ਲੇਖਕ ਵੀਰੋæææ’ ਗਾਉਣ ਵਾਲੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕੇਹੀ ਸ਼ਿੱਦਤ ਨਾਲ ਕਰ ਰਹੇ ਨੇ।
‘ਕਲਾਕਾਰ ਕਲਾ ਦਾ ਸਾਗਰ ਹੁੰਦੇ ਨੇ’, ‘ਇਨ੍ਹਾਂ ਦੀ ਕਲਾ ਡਿੱਗੇ ਮਨੋਬਲ ਨੂੰ ਮੁੜ ਖੜ੍ਹਾ ਕਰਨ ਦੇ ਸਮਰੱਥ ਏੇ’, ‘ਕਲਾ ਦੀ ਦੇਵੀ ਦੀ ਇਨ੍ਹਾਂ ‘ਤੇ ਵਿਸ਼ੇਸ਼ ਰਹਿਮਤ ਹੁੰਦੀ ਏ’, ਇਹ ਤਾਂ ਸਿਰਫ਼ ਕਹਿਣ-ਸੁਣਨ ਦੀਆਂ ਗੱਲਾਂ ਨੇ, ਜੇ ਸੱਚੀਂਮੁੱਚੀਂ ਦੇਵੀ ਦੀ ‘ਮਿਹਰ ਦਾ ਮਸਲਾ’ ਹੋਵੇ ਤਾਂ ਗੰਦ ਪਰੋਸਣ ਵਾਲਿਆਂ ਨਾਲ ਉਹ ਨਜਿੱਠਦੇ ਕਿਉਂ ਨਹੀਂ?
ਪੰਜਾਬੀ ਗਾਇਕੀ ਵਿਚ ਆ ਰਹੇ ਨਿਘਾਰ ਬਾਰੇ ਰੋਜ਼-ਰੋਜ਼ ਲਿਖਦਿਆਂ ਕਦੇ-ਕਦੇ ਮਨ ਥੱਕਿਆ-ਥੱਕਿਆ ਮਹਿਸੂਸ ਕਰਨ ਲੱਗਦੈ, ਦਿਲ ਚਾਹੁੰਦੈ ਓਸ ਸ਼ਖਸ ਦੀ ਸਲਾਹੁਤਾ ਕਰੀਏ, ਜਿਹੜਾ ਸੁਥਰੀ ਸੋਚ ਵਾਲਾ ਹੋਵੇ। ਪਿਛਲੇ ਕਈ ਸਾਲਾਂ ਤੋਂ ਸਰੋਤਿਆਂ ਨੂੰ ਝੰਜੋੜਨ ਤੇ ਭੁੱਲੇ-ਵਿਸਰਿਆਂ ਨੂੰ ਮਾਂ ਬੋਲੀ ਦੀ ਇੱਜ਼ਤ ਦਾ ਵਾਸਤਾ ਦੇਣ ਵਾਲੇ ਬੱਬੂ ਗੁਰਪਾਲ ਦੇ ਗੀਤਾਂ ਜਿਹੇ ਗੀਤ ਨਹੀਂ ਸੁਣੇ ਸਨ। ਭਾਵੇਂ ਕਈ ਕਲਾਕਾਰ ਪੂਰੀ ਵਪਾਰਕ ਐਲਬਮ ਵਿਚ ਇੱਕ-ਦੋ ਗੀਤ ਸਮਾਜਿਕ ਸਰੋਕਾਰਾਂ ਵਾਲੇ ਸ਼ਾਮਲ ਕਰਦੇ ਰਹਿੰਦੇ ਨੇ, ਪਰ ਉਹ ਸਿਰਫ਼ ਦਸਵੰਧ ਮਾਤਰ ਹੁੰਦੇ ਨੇ। ਤੇ ਹੁਣ ਜਦੋਂ ਬੱਬੂ ਦੀ ‘ਮੈਂ ਬੋਲੀ ਦੀ ਪੰਜਾਬ ਦੀ’ ਸੁਣੀ ਏ ਤਾਂ ਜਾਪਦੈ ਕਿ ਕੋਈ ਤਾਂ ਅਜਿਹਾ ਹੈ, ਜਿਹੜਾ ਆਪਣੀ ਗਾਇਕ ਬਰਾਦਰੀ ਨੂੰ ਏਦਾਂ ਦੀਆਂ ਕੁਤਾਹੀਆਂ ਤੋਂ ਬਾਜ਼ ਆਉਣ ਲਈ ਕਹਿ ਰਿਹਾ ਹੋਵੇ।
ਹਮਖੇਤਰ ਲੋਕਾਂ ਨੂੰ ਅਕਲ ਤੋਂ ਕੰਮ ਲੈਣ ਦੀ ਸਲਾਹ ਚੈਨਲਾਂ ‘ਤੇ ਪੱਲਿਓਂ ਖਰਚ ਕਰਕੇ ਦੇਣੀ ਕੋਈ ਸੁਖਾਲਾ ਕੰਮ ਨਹੀਂ। ਪਰ ਬੱਬੂ ਗੁਰਪਾਲ ਨੇ ਜੋ ਕਰ ਦਿਖਾਇਐ, ਉਸ ਦੀ ਜਿੰਨੀ ਸ਼ਲਾਘਾ ਹੋਵੇ, ਘੱਟ ਹੀ ਹੈ। ਬੱਬੂ ਗੁਰਪਾਲ ਵਰਗੇ ਭਲਾ ਕਿੰਨੇ ਕੁ ਕਲਾਕਾਰ ਨੇ, ਜਿਹੜੇ ਸੰਘਰਸ਼ ਦੀ ਪੌੜੀ ਦੇ ਦੂਜੇ ਟੰਬੇ ‘ਤੇ ਖੜ੍ਹ ‘ਆਪਣਿਆਂ’ ਨੂੰ ਸਮਝਾਉਣੀਆਂ ਦੇਣਾ ਪਹਿਲਾ ਫਰਜ਼ ਸਮਝਦੇ ਹੋਣ,
ਮੋਹਣ ਸਿੰਘ ਪ੍ਰੋਫ਼ੈਸਰ ਨੇ
ਮੈਨੂੰ ਪਿਆਰ ਸੀ ਕਰਿਆ,
ਸ਼ਿਵ ਨੇ ਆਪਣੀ ਕਲਮ ਨਾਲ
ਮੇਰਾ ਜੋਬਨ ਭਰਿਆ।
ਹੁਣ ਕਈਆਂ ਨੇ ਉਠ ਕੇ
ਮੈਨੂੰ ਕਰਤਾ ਜ਼ੀਰੋ,
ਮੈਨੂੰ ਨੰਗਿਆਂ ਨਾ ਕਰੋæææ।

ਕਿਸੇ ਨੇ ਮੇਰੀ ਜੰਝ ਘੇਰ ਲਈ,
ਕਿਸੇ ਨੇ ਮੇਰੀ ਡੋਲੀ,
ਘਟੀਆ ਸੋਚ ਦੇ ਮਾਲਕ
ਮੇਰਾ ਅੰਗ ਅੰਗ ਜਾਣ ਫਰੋਲੀ,
ਕਿਵੇਂ ਟੱਬਰ ਵਿਚ ਬਹਿ ਕੇ ਸੁਣਦੇ ਓ,
ਵਿਰਸੇ ਦਿਓ ਅਮੀਰੋ।
ਮੈਨੂੰ ਨੰਗਿਆਂ ਨਾ ਕਰੋæææ।
ਛੇ ਗੀਤਾਂ ਵਾਲੀ ਬੱਬੂ ਦੀ ਏਸ ਐਲਬਮ ਦੇ ਦੋ ਗੀਤ ਉੁਸ ਮੱਖਣ ਬਰਾੜ ਦੇ ਲਿਖੇ ਹੋਏ ਨੇ, ਜਿਹੜਾ ਮਾਲਵੇ ਦੇ ਪਿੰਡ ਮੱਲਕੇ ਦੀਆਂ ਗਲੀਆਂ ਵਿਚ ਖੇਡਦਾ ਕੁੱਦਦਾ, ਗੁਰਦਾਸ ਮਾਨ ਦੇ ਗੀਤ ‘ਆਪਣਾ ਪੰਜਾਬ ਹੋਵੇ’ ਦੀਆਂ ਸਤਰਾਂ ਉਲੀਕਦਾ ਖੁਦ ਭਾਵੇਂ ਵਿਦੇਸ਼ ਜਾ ਬੈਠੈ, ਪਰ ਗੀਤਾਂ ਜ਼ਰੀਏ ਫ਼ਿਕਰ ਹਾਲੇ ਵੀ ਉਸ ਮਾਂ ਦਾ ਕਰਦੈ, ਜਿਹੜੀ ਉਸ ਨੂੰ ਗੁੜ੍ਹਤੀ ਵਿਚ ਮਿਲੀ ਏ। ਬਾਕੀ ਦੇ ਕਲਮਕਾਰਾਂ ਦੇ ਗੀਤ ਸੁਣ ਜਾਪਦੈ ਕਿ ਬੇਹੂਦਾ ਗੀਤਕਾਰੀ ਨੂੰ ਨਕਾਰਨ ਵਾਲਿਆਂ ਦਾ ਹਾਲੇ ਪੂਰੀ ਤਰ੍ਹਾਂ ਕਾਲ ਨਹੀਂ ਪਿਆ। ਸਰਦਾਰ ਪੰਛੀ, ਯਾਦਵਿੰਦਰ ਸਰਾਂ ਤੇ ਦਲਜੀਤ ਰਿਆੜ ਦੀਆਂ ਕਲਮਾਂ ਇਹੋ ਜਿਹਾ ਲਿਖਦੀਆਂ ਰਹਿਣ, ਇਸ ਦੀ ਇੱਛਾ ਪਾਲਣੀ ਚਾਹੀਦੀ ਏ।
‘ਕੁੜੀਆਂ ਪੀæਜੀæ ‘ਚ ਯਾਰਾਂ ਨੂੰ ਮਿਲਣ ਲਈ ਰਹਿੰਦੀਆਂ ਨੇæææਇਹ ਮੁੰਡਿਆਂ ਦੇ ਧੜੇ ਬਣਵਾ ਕੇ ਸਿਰ ਪੜ੍ਹਵਾਉਂਦੀਆਂ ਨੇæææਕਾਲਜਾਂ ਨੂੰ ਅੱਗਾਂ ਲਵਾ ਛੱਡਦੀਆਂ ਨੇæææਮੁੰਡਿਆਂ ਦੀਆਂ ਜੇਬਾਂ ‘ਤੇ ਡਾਕੇ ਮਾਰਦੀਆਂ ਨੇæææਇੱਕ ਛੱਡ ਦੂਜੇ ਦੇ, ਦੂਜਾ ਛੱਡ ਤੀਜੇ ਦੇ ਲੜ ਲੱਗ ਜਾਂਦੀਆਂ ਨੇæææਇਨ੍ਹਾਂ ਨੂੰ ਰੱਬ ਚੁੱਕ ਲਵੇæææਇਨ੍ਹਾਂ ਦੇ ਕੀੜੇ ਪੈਣæææ’, ਇਹੋ ਜਿਹੇ ਬਕਵਾਸ ਗੀਤ ਸੁਣ-ਸੁਣ ਅੱਕ ਚੁੱਕਿਆਂ ਲਈ ਬੱਬੂ ਦਾ ਗਾਇਆ ‘ਨੀਂ ਮੇਰੇ ਗੁੱਡੀਆਂ ਪਟੋਲੇ’ ਗੀਤ ਉੱਚੜੇ ਜ਼ਖ਼ਮਾਂ ‘ਤੇ ਮੱਲ੍ਹਮ ਲਾਉਣ ਵਰਗਾ ਹੈ। ਧੀ ਦੀ ਮਾਂ ਅੱਗੇ ਪੁਕਾਰ ਹੈ, ‘ਮੇਰੇ ਲੇਖਾਂ ਨੂੰ ਵੀ ਹੱਥਾਂ ਨਾਲ ਸਜਾ ਨੀਂ ਮਾਂ, ਮੈਨੂੰ ਪੜ੍ਹਨੇ ਦਾ ਚਾਅ ਨੀਂ ਮਾਂ।’
ਕੌਣ ਨਹੀਂ ਜਾਣਦਾ ਕਿ ਚਾਰ ਦਿਨਾਂ ਦੀ ਬੱਲੇ-ਬੱਲੇ ਵਾਸਤੇ ਮਾਨਾਂ-ਸਨਮਾਨਾਂ ਦੀ ਬੋਲੀ ਲੱਗਣ ਲੱਗੀ ਏ। ਪੁਰਸਕਾਰ ਬਜ਼ਾਰ ‘ਚ ਵਿਕਦੀ ਸਬਜ਼ੀ ਵਰਗੇ ਹੋ ਗਏ ਨੇ। ਕਲਾਕਾਰਾਂ ਦੀਆਂ ਇਹੋ ਜਿਹੀਆਂ ਖ਼ਬਰਾਂ ਤਾਂ ਮਿਲਦੀਆਂ ਹੀ ਰਹਿੰਦੀਆਂ ਨੇ, ਪਿਛਲੇ ਦਿਨੀਂ ਇੱਕ ਕਬੱਡੀ ਖਿਡਾਰੀ ਬਾਰੇ ਵੀ ਪਤਾ ਲੱਗਾ ਸੀ, ਜੀਹਨੇ ਵਿਦੇਸ਼ ਦੀ ਇੱਕ ਕਬੱਡੀ ਕਲੱਬ ਨੂੰ ਕਿਹਾ ਸੀ ਕਿ ਮੋਟਰਸਾਈਕਲ ਮੈਂ ਆਪ ਲੈ ਆਵਾਂਗਾ, ਬਸ ਤੁਸੀਂ ਲੋਕਾਂ ਸਾਹਮਣੇ ਮੈਨੂੰ ਚਾਬੀਆਂ ਫੜਾ ਕੇ ਕਹਿ ਦਿਓ ਕਿ ਅਸੀਂ ਇਹ ਸਨਮਾਨ ਏਸ ਮਹਾਨ ਖਿਡਾਰੀ ਦੀਆਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਦਿੱਤਾ ਏ। ਬੱਬੂ ਨੇ ਇੱਕ ਗੀਤ ਜ਼ਰੀਏ ਅਜਿਹੇ ਲੋਕਾਂ ਨੂੰ ਲੰਮੇ ਹੱਥੀਂ ਲਿਆ ਹੈ। ਉਸ ਦਾ ਆਖਣਾ ਏ ਕਿ ਬੰਦੇ ਨੂੰ ਪੂਜਾ ਕਰਨ ਤੱਕ ਸੀਮਤ ਰਹਿਣਾ ਚਾਹੀਦੈ, ਭਗਵਾਨ ਖਰੀਦਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕਿੰਨਾ ਖੂਬ ਹੈ ਉਸ ਦਾ ਇਹ ਗੀਤ,
ਕੋਲੋਂ ਪੈਸੇ ਦੇ ਸਨਮਾਨ ਖਰੀਦੋ ਨਾ,
ਪੂਜਾ ਤੱਕ ਹੀ ਰਹਿਣ ਦਿਓ,
ਭਗਵਾਨ ਖਰੀਦੋ ਨਾ।
ਪੈਰ ਕਿਸੇ ਦੇ ਮੋਢੇ ਧਰਕੇ
ਸਿਖਰਾਂ ਛੋਹੀਏ ਨਾ,
ਹੱਕ ਬੇਗਾਨਾ ਧੱਕੇ ਦੇ ਨਾਲ
ਕਦੇ ਵੀ ਖੋਹੀਏ ਨਾ,
ਅੱਖ ਮਿਲਾ ਨਾ ਹੋਵੇ,
ਐਸੀ ਸ਼ਾਨ ਖਰੀਦੋ ਨਾ,
ਪੂਜਾ ਤੱਕ ਹੀ ਰਹਿਣ ਦਿਓæææ।
ਵਾਰਿਸ ਸ਼ਾਹ ਦੀ ‘ਹੀਰ’ ਨੂੰ ਏਨਾ ਨਿੱਠ ਕੇ ਗਾਉਣ ਵਾਲਾ ਬੱਬੂ ਗੁਰਪਾਲ ਪੰਜਾਬ ਦੇ ਚੋਣਵੇਂ ਗਾਇਕਾਂ ਵਿਚੋਂ ਇੱਕ ਹੈ। ਉਸ ਵੱਲੋਂ ਮੱਖਣ ਬਰਾੜ ਦਾ ਹੀ ਲਿਖਿਆ ਵਿਦੇਸ਼ ਵਸਦੇ ਪੰਜਾਬੀਆਂ ਦੇ ਸਤਿਕਾਰ ਵਿਚ ਗਾਇਆ ਗੀਤ ਵੀ ਲਾਜਵਾਬ ਹੈ। ਦਿਨ-ਰਾਤ ਮਿਹਨਤ ਕਰਕੇ ਆਪਣੇ ਕੱਚੇ ਘਰਾਂ ਨੂੰ ਆਲੀਸ਼ਾਨ ਕੋਠੀਆਂ ਵਿਚ ਤਬਦੀਲ ਕਰਨ ਵਾਲੇ ਪ੍ਰਵਾਸੀ ਪੰਜਾਬੀਆਂ ਬਾਰੇ ਗੀਤ ਨੂੰ ਬੱਬੂ ਨੇ ਗਾਇਆ ਵੀ ਸੋਹਣੇ ਢੰਗ ਨਾਲ ਹੈ, ‘ਡਾਢੇ ਰੱਬ ਵਿਛੋੜਾ ਲਿਖਿਆ ਬੇਸ਼ੱਕ ਲੇਖਾਂ ‘ਚ, ਜਿਊਂਦੇ ਰਹੋ ਪੰਜਾਬੀ ਵੀਰੋ ਵਿਚ ਵਿਦੇਸ਼ਾਂ ‘ਚ।’
ਦੋਗਾਣਿਆਂ ਦੇ ਨਾਂ ‘ਤੇ ਪੰਜਾਬ ਦੇ ਕਲਾਕਾਰਾਂ ਨੇ ਜਿਹੜੀ ਡੌਂਡੀ ਪਿੱਟੀ ਏ, ਉਹ ਕਿਸੇ ਤੋਂ ਲੁਕੀ-ਛੁਪੀ ਨਹੀਂ। ਮੋਟਰਾਂ, ਟਰਾਲੀਆਂ, ਝੋਨਿਆਂ, ਕੰਬਾਈਨਾਂ ਤੇ ਮਿਸ ਕਾਲਾਂ ਬਾਰੇ ਦੋਗਾਣੇ ਗਾ-ਗਾ ਕਲਾਕਾਰਾਂ ਨੇ ਜਗ ਹਸਾਈ ਤੋਂ ਬਿਨਾਂ ਹੋਰ ਕੁਝ ਨਹੀਂ ਖੱਟਿਆ। ਪਰ ਅਲਕਾ ਯਗਨੀਕ ਨਾਲ ਬੱਬੂ ਦਾ ਗਾਇਆ ਗੀਤ ਦੱਸਦਾ ਏ ਕਿ ਮੁਹੱਬਤ ਦੀ ਗੱਲ ਏਨੇ ਸਾਦੇ ਤੇ ਸੂਖਮ ਢੰਗ ਨਾਲ ਵੀ ਹੋ ਸਕਦੀ ਏ। ‘ਚੱਲ ਮਾਹੀ ਚੱਲ, ਗੱਲ ਕਰੀਏ ਪਿਆਰਾਂ ਦੀ’ ਸੁਹਜ ਦੇ ਪੱਖੋਂ ਆਪਣੀ ਮਿਸਾਲ ਆਪ ਹੈ।
ਸਿੰਗਾਂ ਵਾਲੇ ਮਾਰਖੁੰਢੇ ਗਾਇਕ ਭਾਵੇਂ ਇਹ ਤਰਕ ਦੇਣ ਕਿ ‘ਮੈਂ ਬੋਲੀ ਪੰਜਾਬ ਦੀ’ ਵਰਗੀਆਂ ਐਲਬਮਾਂ ਗਿਣਵੇਂ-ਚੁਣਵੇਂ ਲੋਕਾਂ ਦੀ ਸ਼ਾਬਾਸ਼ ਜ਼ਰੂਰ ਹਾਸਲ ਕਰ ਸਕਦੀਆਂ ਨੇ, ਪਰ ਇਨ੍ਹਾਂ ਨੂੰ ਖਰੀਦਣ ਵਾਲੇ ਘੱਟ ਹੀ ਲੱਭਦੇ ਨੇ। ਉਨ੍ਹਾਂ ਨੂੰ ਸਮਝਾਉਣਾ ਬਣਦੈ ਕਿ ਹੋ ਸਕਦੈ ਭਵਿੱਖ ਵਿਚ ਤੁਹਾਨੂੰ ਆਪਣੀਆਂ ਧੀਆਂ ਵੱਲੋਂ ਕੀਤੇ ਸਵਾਲਾਂ ਕਿ ‘ਪਾਪਾ, ਤੁਸੀਂ ਵੀ ਜਵਾਨੀ ਵੇਲ਼ੇ ਖਾਸਾ ਗੰਦ ਪਾਇਐ’ ਸੁਣ ਕੇ ਨਜ਼ਰਾਂ ਨੀਵੀਂਆਂ ਕਰਨੀਆਂ ਪੈਣ, ਪਰ ਬੱਬੂ ਵਰਗੇ ਚੰਗਾ ਗਾਉਣ ਵਾਲਿਆਂ ਨੂੰ ਜਦੋਂ ਮਰਜ਼ੀ, ਜਿੱਥੇ ਮਰਜ਼ੀ, ਜਿਹੜਾ ਮਰਜ਼ੀ ਸਵਾਲ ਪੁੱਛ ਲਿਆ ਜਾਵੇ, ਉਹ ਅੱਖ ‘ਚ ਅੱਖ ਪਾ ਕੇ ਗੱਲ ਕਰਨ ਦੇ ਸਮਰੱਥ ਰਹਿਣਗੇ।

Be the first to comment

Leave a Reply

Your email address will not be published.