ਪੰਜਾਬ ਟਾਈਮਜ਼ ਦੇ ਸੰਪਾਦਕ ਮੇਰੇ ਪੁਰਾਣੇ ਜਮਾਤੀ, ਮਿੱਤਰ ਅਤੇ ਸਹਿਯੋਗੀ ਅਮੋਲਕ ਸਿੰਘ ਜੰਮੂ ਦੀਆਂ ਪੰਜਾਬੀ ਟ੍ਰਿਬਿਊਨ ਬਾਰੇ ਯਾਦਾਂ ਪੜ੍ਹ ਕੇ ਮੇਰੇ ਜ਼ਿਹਨ ਵਿਚ ਵੀ ਇਸ ਅਦਾਰੇ ਨਾਲ ਜੁੜੀਆਂ ਕੁਝ ਯਾਦਾਂ ਉਭਰ ਆਈਆਂ। ‘ਪੰਜਾਬੀ ਟ੍ਰਿਬਿਊਨ’ ਵਿਚੋਂ ਮੇਰੀ ਰੁਖ਼ਸਤੀ ਚੁੱਪ¬-ਚਾਪ ਹੋਈ ਸੀ। ਮੈਂ 9 ਨਵੰਬਰ 1978 ਤੋਂ ਲੈ ਕੇ 31 ਜੁਲਾਈ 2012 ਤਕ ਲਗਭਗ ਪੌਣੇ 34 ਸਾਲ ਇਸ ਅਦਾਰੇ ਦੀ ਨੌਕਰੀ ਕੀਤੀ। ਆਪਣੀ ਸੇਵਾਮੁਕਤੀ ਤੋਂ ਕੋਈ ਡੇਢ ਮਹੀਨੇ ਬਾਅਦ ਜਦੋਂ ਮੈਂ ਟ੍ਰਿਬਿਊਨ ਦੇ ਦਫਤਰ ਗਿਆ ਤਾਂ ਜਿੰਨੇ ਵੀ ਸਾਥੀ ਮਿਲੇ ਸਭ ਨੇ ਸ਼ਿਕਵਾ ਕੀਤਾ ਕਿ ਮੈਂ ਏਨੀ ਦੇਰ ਕਿੱਥੇ ਰਿਹਾ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਤਾਂ 31 ਜੁਲਾਈ ਨੂੰ ਸੇਵਾਮੁਕਤ ਹੋ ਗਿਆ ਹਾਂ ਤਾਂ ਬਹੁਤਿਆਂ ਨੂੰ ਯਕੀਨ ਨਾ ਆਇਆ। ਕੁਝ ਕੁ ਨੇ ਅਦਾਰੇ ਵਿਚ ਆਈਆਂ ਤਬਦੀਲੀਆਂ ‘ਤੇ ਰੋਸ ਜਤਾਇਆ। ਪਰ ਮੇਰੀ ਯਕੀਨਦਹਾਨੀ ਬਾਅਦ ਜਦੋਂ ਉਨ੍ਹਾਂ ਇਹ ਸੱਚ ਸਵੀਕਾਰ ਕਰ ਲਿਆ ਕਿ ਮੈਂ ਸੱਚਮੁਚ ਹੀ ਅਦਾਰੇ ਦਾ ਕਰਮਚਾਰੀ ਨਹੀਂ ਰਿਹਾ ਤਾਂ ਕਈਆਂ ਦਾ ਮੋਹ ਛਲਕਿਆ, ਕਈਆਂ ਦਾ ਦਿਲ ਛਲਕਿਆਂ ਤੇ ਕਈਆਂ ਦੀਆਂ ਹੱਥ ਘੁਟਣੀਆਂ ਨੇ ਇਹ ਅਹਿਸਾਸ ਕਰਵਾਇਆ ਕਿ ਉਹ ਸੱਚਮੁਚ ਮੇਰੇ ਹਮਦਰਦ, ਦੋਸਤ ਤੇ ਕੰਮ ਸਾਥੀ ਸਨ।
ਇਨ੍ਹਾਂ ਦਿਨਾਂ ਵਿਚ ਹੀ ਫੀਲਡ ਵਿਚ ਕੰਮ ਕਰਦੇ ਕੁਝ ਜਾਣ-ਪਛਾਣ ਵਾਲੇ ਪੱਤਰਕਾਰਾਂ ਨੂੰ ਜਦੋਂ ਮੈਂ ਦੱਸਿਆ ਕਿ ਮੈਂ ਤਾਂ ਡੇਢ ਮਹੀਨੇ ਤੋਂ ਸੇਵਾਮੁਕਤ ਹੋ ਚੁੱਕਿਆ ਹਾਂ ਤਾਂ ਉਨ੍ਹਾਂ ਵੀ ਹੈਰਾਨੀ ਜ਼ਾਹਰ ਕੀਤੀ। ਇਕ ਪੱਤਰਕਾਰ ਸਾਥੀ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਜੇ ਪਤਾ ਲਗਦਾ ਤਾਂ ਤੁਹਾਡਾ ਮਾਣ ਸਨਮਾਨ ਹੀ ਕਰ ਦਿੰਦੇ। ਮੈਂ ਆਪਣੇ ਪਿੰਡ ਪੁੱਜਿਆ ਤਾਂ ਪਿੰਡ ਦੇ ਸਾਬਕਾ ਸਰਪੰਚ ਨੇ ਕਿਹਾ ਕਿ ਤੁਹਾਡਾ ਅਖਬਾਰ ਮੈਂ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਮੰਗਵਾ ਰਿਹਾ ਹਾਂ। ਤੁਹਾਡੇ ਸਾਰੇ ਸਾਥੀਆਂ ਦੀਆਂ ਸੇਵਾਮੁਕਤੀ ਬਾਅਦ ਤਸਵੀਰਾਂ ਛਪਦੀਆਂ ਹਨ ਪਰ ਤੁਹਾਡੀ ਤਸਵੀਰ ਨਹੀਂ ਛਪੀ। ਇਸ ਕਰਕੇ ਤੁਹਾਡੀ ਸੇਵਾਮੁਕਤੀ ਦਾ ਪਤਾ ਨਹੀਂ ਲੱਗਾ।
ਸ਼ਿਕਾਗੋ, ਅਮਰੀਕਾ ਵੱਸਦੇ ਮੇਰੇ ਪਿਆਰੇ ਦੋਸਤ ਤੇ ਜਮਾਤੀ ਅਮੋਲਕ ਤੇ ਉਨ੍ਹਾਂ ਦੀ ਪਤਨੀ ਜਸਪ੍ਰੀਤ ਕੌਰ ਨੇ ਆਪਣੇ ਰਸਾਲੇ ਪੰਜਾਬ ਟਾਈਮਜ਼ ਵਿਚ ਮੇਰੀ ਤੇ ਅਮੋਲਕ ਦੀ ਇਕ ਬਹੁਤ ਪੁਰਾਣੀ ਤਸਵੀਰ, ਜੋ ਕਿਸੇ ਨੇ ਸਾਡੇ ਹੋਸਟਲ ਦੇ ਕਮਰੇ ਦੀ ਬਾਲਕੋਨੀ ਵਿਚ ਖਿਚੀ ਸੀ, ਮੇਰੀ ਸੇਵਾਮੁਕਤੀ ਦੀ ਕੈਪਸ਼ਨ ਸਮੇਤ ਛਾਪੀ ਤਾਂ ਮੈਨੂੰ ਕੁਝ ਸਨੇਹੀਆਂ ਦੇ ਫੋਨ ਵੀ ਮਿਲੇ ਤੇ ਸਾਬਕਾ ਕੰਮ ਸਾਥੀਆਂ ਨੇ ਮੇਰੀ ਉਸ ਪੁਰਾਣੀ ਦਸ਼ਾ ਤੇ ਦਿਸ਼ਾ ਦਾ ਜ਼ਿਕਰ ਵੀ ਕੀਤਾ। ਇਕ ਹੋਰ ਪਿਆਰੇ ਮਿੱਤਰ ਨੇ ਪਿਛਲੇ ਦਿਨੀਂ ਪ੍ਰੈਸ ਕਲੱਬ ਵਿਚ ਹੋਏ ਇਕ ਸਮਾਗਮ ਦੌਰਾਨ ਦੱਸਿਆ ਕਿ ਉਸ ਨੂੰ ਉਹ ਤਸਵੀਰ ਦੇਖ ਕੇ ਬੜੀ ਹੈਰਾਨੀ ਹੋਈ ਹੈ।
ਇਸ ਸਾਰੇ ਘਟਨਾਕ੍ਰਮ ਬਾਰੇ ਅਜੇ ਮੇਰਾ ਦਿਮਾਗ ਤਰ੍ਹਾਂ ਤਰ੍ਹਾਂ ਦੀਆਂ ਸੋਚ ਵਿਚਾਰਾਂ ਵਿਚ ਫਸਿਆ ਕਿਸੇ ਨਿਰਣੇ ‘ਤੇ ਪੁੱਜਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਅਮੋਲਕ ਸਿੰਘ ਦੇ ਭਰਾ ਬਲਵਿੰਦਰ ਜੰਮੂ ਨੇ ਸਵੈਇੱਛਾ ਨਾਲ ਸੇਵਾਮੁਕਤੀ ਲੈ ਕੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕੀ ਪੰਨੇ ‘ਤੇ ਆਪਣੀ ਰੁਖ਼ਸਤੀ ਬਾਰੇ ਸੂਚਨਾ ਜੱਗ ਜ਼ਾਹਰ ਕਰ ਦਿੱਤੀ। ਮੇਰੀ ਦੁਬਿਧਾ ਦਾ ਵੀ ਹੱਲ ਨਿਕਲ ਆਇਆ ਸੀ। ਮੈਂ ਵੀ ਤਾਂ ਆਪਣੀ ਸੇਵਾਮੁਕਤੀ ਬਾਰੇ ਕੁਝ ਲਿਖ ਕੇ ਦੱਸ ਸਕਦਾ ਸੀ। ਮੈਂ ਉਲਝਣ ਵਿਚ ਕਿਉਂ ਪਿਆ ਰਿਹਾ। ਮੈਂ ਵੀ ਆਪਣੇ ਸਨੇਹੀਆਂ, ਪਿਆਰਿਆਂ ਤੇ ਸਤਿਕਾਰਯੋਗ ਸਹਿਕਰਮੀਆਂ ਦਾ ਸੁਖ ਸੁਨੇਹਾ ਲੈ ਸਕਦਾ ਸਾਂ। ਉਂਜ ਇਹ ਖਿਆਲ ਏਨੀ ਦੇਰ ਨਾਲ ਆਇਆ ਸੀ ਕਿ ਇਸ ਨੂੰ ਅਮਲੀ ਰੂਪ ਦੇਣ ਵਿਚ ਵੀ ਕੁਝ ਮਹੀਨੇ ਹੋਰ ਲੱਗ ਗਏ। ਦੇਰ ਆਇਦ ਦਰੁਸਤ ਆਇਦ ਤਾਂ ਮੈਂ ਕਹਿ ਨਹੀਂ ਸਕਦਾ ਪਰ ਬਲਵਿੰਦਰ ਜੰਮੂ ਦੀ ਰੀਸ ਨਾਲ ਆਇਆ ਵਿਚਾਰ ਮੈਂ ਹੁਣ ਹੋਰ ਦਬਾਅ ਕੇ ਨਾ ਰੱਖ ਸਕਿਆ ਅਤੇ ਆਪਣੇ ਸਨੇਹੀਆਂ ਲਈ ਆ ਹਾਜ਼ਰ ਹੋਇਆ ਹਾਂ।
-ਕੁਲਦੀਪ ਭੁੱਲਰ
ਪੰਜਾਬੀ ਟ੍ਰਿਬਿਊਨ।
Leave a Reply