ਅਪਰਾਧੀ ‘ਸੰਤਾਂ’ ਦੇ ਜਾਲ ‘ਚ ਫਸੀ ਸ਼ਰਧਾਲੂ ਜਨਤਾ

-ਜਤਿੰਦਰ ਪਨੂੰ
ਅਸੀਂ ‘ਪਰਸੂ, ਪਰਸਾ, ਪਰਸ ਰਾਮ’ ਦਾ ਮੁਹਾਵਰਾ ਚਿਰਾਂ ਤੋਂ ਸੁਣਦੇ ਆਏ ਸਾਂ। ਪਿਛਲੇ ਸਾਲਾਂ ਵਿਚ ਭਾਰਤ ਦੇ ਲੋਕਾਂ ਨੇ ‘ਆਸੂ ਮੱਲ’ ਨੂੰ ਆਸਾ ਰਾਮ ਤੋਂ ਬਾਅਦ ‘ਬਾਪੂ ਆਸਾ ਰਾਮ’ ਬਣਦਾ ਵੀ ਵੇਖ ਲਿਆ। ਹੁਣ ਆਸਾ ਰਾਮ ਜੇਲ੍ਹ ਵਿਚ ਬੈਠਾ ਹੈ। ਜਿਸ ਤਰ੍ਹਾਂ ਉਹ ਜੇਲ੍ਹ ਵਿਚ ਹੈ, ਉਸੇ ਤਰ੍ਹਾਂ ਹੁਣ ਇੱਕ ਹੋਰ ਸੰਤ ਭੇਖ ਵਾਲਾ ਰਾਮਪਾਲ ਵੀ ਜੇਲ੍ਹ ਵਿਚ ਜਾ ਪਹੁੰਚਿਆ ਹੈ। ਰਾਮਪਾਲ ਦੀ ਚੜ੍ਹਤ ਦਾ ਕਿੱਸਾ ‘ਪਰਸੂ, ਪਰਸਾ, ਪਰਸ ਰਾਮ’ ਦੀ ਲਗਾਤਾਰ ਚੜ੍ਹਤਲ ਦਾ ਨਾ ਹੋ ਕੇ ਇਸ ਦੀ ਥਾਂ ‘ਬਾਬਾ ਰਾਮਪਾਲ, ਭਗਵਾਨ ਰਾਮਪਾਲ ਤੇ ਮੁਲਜ਼ਮ ਰਾਮਪਾਲ’ ਦਾ ਸਫਰ ਕਰਦਾ ਹੈ। ਆਸਾ ਰਾਮ ਹੋਵੇ ਜਾਂ ਰਾਮਪਾਲ, ਦੋਵਾਂ ਉਤੇ ਕੇਸ ਵੱਖੋ-ਵੱਖ ਕਿਸਮ ਦੇ ਹਨ, ਪਰ ਬੇਸ਼ਰਮੀ ਦੋਵਾਂ ਦੇ ਪੱਲੇ ਪਈ ਹੈ। ਸਿਰਫ ਇਨ੍ਹਾਂ ਦੋ ਜਣਿਆਂ ਦੇ ਨਹੀਂ, ਭਾਰਤ ਵਿਚ ਕਈ ਹੋਰ ਸਾਧਾਂ ਦੇ ਪੱਲੇ ਵੀ ਇਹੋ ਜਿਹੀ ਬੇਸ਼ਰਮੀ ਪੈ ਚੁੱਕੀ ਹੈ, ਪਰ ਭਾਰਤ ਦੀ ਜਨਤਾ ਨਾ ਇਸ ਵਰਤਾਰੇ ਨੂੰ ਸਮਝ ਸਕੀ ਹੈ ਤੇ ਨਾ ਸਮਝਣ ਦੀ ਬਹੁਤੀ ਇੱਛਾ ਹੀ ਰੱਖਦੀ ਜਾਪਦੀ ਹੈ।
ਰਾਮਪਾਲ ਨਾਂ ਦਾ ਇਹ ਬੰਦਾ ਹੈ ਕੀ ਸੀ? ਹਰਿਆਣੇ ਦੀ ਸਰਕਾਰ ਦਾ ਇੱਕ ਜੂਨੀਅਰ ਇੰਜੀਨੀਅਰ। ਇੱਕ ਵਾਰੀ ਚਰਚਾ ਚੱਲ ਪਈ ਕਿ ਇਸ ਨੂੰ ਸਰਕਾਰ ਨੌਕਰੀ ਤੋਂ ਕੱਢਣ ਦਾ ਖਿਆਲ ਬਣਾ ਰਹੀ ਹੈ। ਰਾਮਪਾਲ ਨੇ ਵਕਤ ਤੋਂ ਪਹਿਲਾਂ ਅਸਤੀਫਾ ਦਿੱਤਾ ਤੇ ਸੰਤ ਬਣ ਗਿਆ। ਉਸ ਨੇ ਪ੍ਰਚਾਰ ਇਹ ਕੀਤਾ ਕਿ ਸੰਤ ਬਣਨ ਲਈ ਸਰਕਾਰੀ ਨੌਕਰੀ ਨੂੰ ਲੱਤ ਮਾਰੀ ਹੈ। ਇੱਕ ਬੀਬੀ ਤੋਂ ਚਾਰ ਏਕੜ ਜ਼ਮੀਨ ਮੁੱਲ ਲੈ ਲਈ, ਪਰ ਪ੍ਰਚਾਰ ਇਹ ਕੀਤਾ ਕਿ ਬੀਬੀ ਨੇ ਜ਼ਮੀਨ ਸੰਤ ਰਾਮਪਾਲ ਦੀ ਮਹਿਮਾ ਤੋਂ ਪ੍ਰਭਾਵਤ ਹੋ ਕੇ ਦਾਨ ਦੇ ਦਿੱਤੀ ਹੈ। ਆਪਣੀ ਕਾਲੀ ਕਮਾਈ ਉਸ ਜ਼ਮੀਨ ਦੀ ਖਰੀਦ ਵਿਚ ਛੁਪਾ ਕੇ ਖਰਚ ਕੀਤੀ, ਬੀਬੀ ਨੂੰ ਬਲੈਕ ਮਨੀ ਕਮਾਉਣ ਲਈ ਮੌਕਾ ਦੇ ਦਿੱਤਾ ਤੇ ਸਾਰੇ ਹਰਿਆਣੇ ਵਿਚ ਗੁੱਡੀ ਚੜ੍ਹ ਗਈ ਕਿ ਇੱਕ ਇਹੋ ਜਿਹਾ ਸੰਤ ਪੈਦਾ ਹੋਇਆ ਹੈ, ਜਿਸ ਦੇ ਤਪ-ਤੇਜ਼ ਤੋਂ ਪ੍ਰਭਾਵਤ ਹੋ ਕੇ ਇੱਕ ਬੀਬੀ ਨੇ ਚਾਰ ਏਕੜ ਜ਼ਮੀਨ ਦਾਨ ਦੇ ਦਿੱਤੀ ਹੈ। ਆਸਾ ਰਾਮ ਵੀ ਇਹੋ ਜਿਹੇ ਡਰਾਮੇ ਕਰਦਾ ਸੀ, ਪਰ ਥੋੜ੍ਹੇ ਫਰਕ ਨਾਲ। ਇੱਕ ਥਾਂ ਉਸ ਦੇ ਚੇਲਿਆਂ ਨੇ ਇੱਕ ਰਾਜ ਘਰਾਣੇ ਦੀ ਔਰਤ ਨੂੰ ਕਿਹਾ ਕਿ ਰਾਜ ਪਰਿਵਾਰ ਦੇ ਜਾਇਦਾਦ ਦੇ ਝਗੜੇ ਵਿਚ ਆਸਾ ਰਾਮ ਤੇਰੀ ਮਦਦ ਕਰੇਗਾ, ਤੂੰ ਸਤਿਸੰਗ ਵਿਚ ਚਲੀ ਜਾਹ। ਉਥੇ ਕਥਾ ਕਰਦਿਆਂ ਆਸਾ ਰਾਮ ਨੇ ਉਸ ਬੀਬੀ ਦਾ ਨਾਂ ਲੈ ਕੇ ਪੁਕਾਰਿਆ ਤੇ ਜਦੋਂ ਉਹ ਬੀਬੀ ਉਠੀ ਤਾਂ ਆਸਾ ਰਾਮ ਕਹਿਣ ਲੱਗ ਪਿਆ ਕਿ ਇਸ ਮਹਾਰਾਣੀ ਸਾਹਿਬਾ ਨੇ ਸਾਰੀ ਜਾਇਦਾਦ ਸਾਡੇ ਆਸ਼ਰਮ ਦੇ ਨਾਂ ਦਾਨ ਕਰ ਦਿੱਤੀ ਹੈ। ਰਾਣੀ ਨਹੀਂ-ਨਹੀਂ ਕਹਿ ਕੇ ਲੋਕਾਂ ਨੂੰ ਸੱਚ ਦੱਸਣ ਲੱਗੀ ਤਾਂ ਉਸ ਦੀ ਆਵਾਜ਼ ਦੱਬਣ ਲਈ ਉਚੀ ਆਵਾਜ਼ ਵਿਚ ਜੈਕਾਰੇ ਛੱਡ ਰਹੇ ਆਸਾ ਰਾਮ ਦੇ ਗੁੰਡੇ ਉਸ ਨੂੰ ਬਾਂਹੋਂ ਫੜ ਕੇ ਬਾਹਰ ਲੈ ਗਏ। ਅੱਜ ਦੇ ਸੰਤ ਆਪਣੇ ਭਗਤਾਂ ਤੋਂ ਦਾਨ ਵੀ ਇਸ ਤਰ੍ਹਾਂ ਧੱਕੇ ਨਾਲ ਕਰਵਾ ਲੈਂਦੇ ਹਨ।
ਆਪਣੇ ਆਪ ਨੂੰ ਸੰਤ ਕਬੀਰ ਦਾ ਪੈਰੋਕਾਰ ਕਹਿਣ ਵਾਲੇ ਰਾਮਪਾਲ ਨੇ ਹਰ ਤਰ੍ਹਾਂ ਦਾ ਸੰਸਾਰੀ ਸੁਖ ਮਾਣਨ ਦੇ ਨਾਲ ਆਪਣੇ ਪਿਛਲੱਗਾਂ ਦੀ ਸ਼ਰਧਾ ਨੂੰ ਵੀ ਆਪਣੀ ਮਾਨਸਿਕ ਤ੍ਰਿਪਤੀ ਵਾਸਤੇ ਰੱਜ ਕੇ ਵਰਤਿਆ। ਜਿਸ ਆਲੀਸ਼ਾਨ ਮਹੱਲ ਵਿਚ ਉਹ ਰਹਿੰਦਾ ਸੀ, ਉਥੋਂ ਇੱਕ ਸੁਰੰਗ ਉਸ ਆਸ਼ਰਮ ਦੇ ਹਰ ਕਮਰੇ ਦੇ ਕੋਲੋਂ ਜਾਂ ਹੇਠੋਂ ਦੀ ਬਣਾਈ ਗਈ ਸੀ, ਜਿਸ ਦੇ ਗੁਪਤ ਦਰਵਾਜ਼ੇ ਜਾਂ ਮਘੋਰੇ ਕਮਰਿਆਂ ਵਿਚ ਨਿਕਲਦੇ ਸਨ। ਚਰਚਾ ਇਹ ਹੈ ਕਿ ਉਨ੍ਹਾਂ ਰਾਹੀਂ ਰਾਮਪਾਲ ਮਨ-ਪਸੰਦ ਸ਼ਰਧਾਲੂ ਔਰਤਾਂ ਨੂੰ ਆਪਣੇ ਕੋਲ ਦਿਵਿਆ-ਦਰਸ਼ਨ ਦੇ ਬਹਾਨੇ ਬੁਲਾ ਲਿਆ ਕਰਦਾ ਸੀ। ਰਾਮਪਾਲ ਦੇ ਖਿਲਾਫ ਕੇਸ ਬਣੇ, ਜਿਨ੍ਹਾਂ ਵਿਚ ਕਤਲ ਦਾ ਮਾਮਲਾ ਵੀ ਸੀ। ਉਹ ਜ਼ਮਾਨਤ ਕਰਵਾ ਕੇ ਬਾਹਰ ਆ ਗਿਆ। ਇਸ ਪਿੱਛੋਂ ਉਸ ਨੇ ਅਦਾਲਤ ਜਾਣਾ ਬੰਦ ਕਰ ਦਿੱਤਾ। ਨਾ ਪੁਲਸ ਸਖਤੀ ਕਰੇ, ਨਾ ਸਰਕਾਰ ਕਰਨ ਦੇਵੇ। ਅਦਾਲਤ ਇਸ ਗੱਲੋਂ ਨਾਰਾਜ਼ ਹੋ ਕੇ ਪੁਲਿਸ ਨੂੰ ਪਈ ਤਾਂ ਕਾਰਵਾਈ ਕਰਨੀ ਮਜਬੂਰੀ ਬਣ ਗਈ, ਪਰ ਇਸ ਵਿਚ ਵੀ ਜੱਕੋ-ਤੱਕੇ ਦੀ ਲੰਮੀ ਕਹਾਣੀ ਹੈ। ਭਾਜਪਾ ਮੁੱਖ ਮੰਤਰੀ ਕਾਰਵਾਈ ਕਰਨ ਨੂੰ ਮੰਨਦਾ ਨਹੀਂ ਸੀ। ਜਦੋਂ ਡੇਰੇ ਵਿਚੋਂ ਪੁਲਿਸ ਉਤੇ ਗੋਲੀ ਚਲਾ ਦਿੱਤੀ ਗਈ, ਉਦੋਂ ਮੁੱਖ ਮੰਤਰੀ ਕੋਲ ਕੋਈ ਰਾਹ ਨਹੀਂ ਸੀ ਰਹਿ ਗਿਆ। ਉਸ ਨੇ ਫਿਰ ਵੀ ਕੁਝ ਕਰਨ ਤੋਂ ਪਹਿਲਾਂ ਰਾਜ ਦੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਪ੍ਰਵਾਨਗੀ ਲਈ ਸੀ, ਕਿਉਂਕਿ ਉਸ ਨੂੰ ਡਰ ਸੀ ਕਿ ਭਾਜਪਾ ਵਿਚਲੇ ਉਸ ਦੇ ਵਿਰੋਧੀ ਇਸ ਕਾਰਵਾਈ ਨੂੰ ਹਿੰਦੂ ਸੰਤ ਦੀ ਬੇਇੱਜ਼ਤੀ ਦਾ ਮੁੱਦਾ ਬਣਾ ਸਕਦੇ ਹਨ।
ਇਨ੍ਹਾਂ ਦਿਨਾਂ ਵਿਚ ਇੱਕ ਹੈਰਾਨੀ ਜਨਕ ਕਿੱਸਾ ਵਾਪਰਿਆ। ਜਿਸ ਦਿਨ ਹਰਿਆਣਾ ਪੁਲਿਸ ਨੇ ਹਾਈ ਕੋਰਟ ਨੂੰ ਬਹਾਨਾ ਕੀਤਾ ਕਿ ਰਾਮਪਾਲ ਬਿਮਾਰ ਹੈ, ਸਰਕਾਰ ਦੇ ਬੁਲਾਰੇ ਨੇ ਉਸ ਦਾ ਨਾਂ ‘ਰਾਮਪਾਲ ਜੀ ਮਹਾਰਾਜ’ ਸੱਦਿਆ। ਕਾਰਵਾਈ ਲਈ ਘੇਰਾ ਪੈ ਚੁੱਕਣ ਮਗਰੋਂ ਸਰਕਾਰ ਦਾ ਬੁਲਾਰਾ ‘ਸੰਤ ਰਾਮਪਾਲ’ ਕਹਿੰਦਾ ਰਿਹਾ ਤੇ ਅਗਲੇ ਦਿਨ ਜਦੋਂ ਕਾਰਵਾਈ ਹੋਣ ਲੱਗ ਪਈ, ਉਦੋਂ ਰਾਜ ਦੇ ਪੁਲਿਸ ਮੁਖੀ ਨੇ ਪਹਿਲੀ ਵਾਰੀ ‘ਅਭਿਯੁਕਤ ਰਾਮਪਾਲ’ ਦੇ ਸ਼ਬਦ ਚੁਣ ਕੇ ਵਰਤੇ, ਜਿਸ ਦਾ ਪੰਜਾਬੀ ਵਿਚ ਮਤਲਬ ‘ਦੋਸ਼ੀ ਰਾਮਪਾਲ’ ਹੁੰਦਾ ਹੈ। ਫਿਰ ਉਸ ਦੇ ਡੇਰੇ ਦੀ ਤਲਾਸ਼ੀ ਹੋਈ ਤਾਂ ਜਿੰਨੇ ਮੂੰਹ, ਓਨੀਆਂ ਗੱਲਾਂ। ਜਿੰਨੇ ਮੀਡੀਆ ਚੈਨਲਾਂ ਤੇ ਅਖਬਾਰਾਂ ਦੇ ਰਿਪੋਰਟਰ, ਓਨੇ ਤਰ੍ਹਾਂ ਦੇ ਕੀੜੇ ਜਾ ਲੱਭੇ। ਸਾਦਗੀ ਦੇ ਉਪਦੇਸ਼ ਦੇਣ ਵਾਲੇ ਰਾਮਪਾਲ ਦਾ ਬਾਹਰੋਂ ਧਾਰਮਿਕ ਦਿੱਸਦਾ ਡੇਰਾ ਅੰਦਰੋਂ ਦੌਲਤ ਦਾ ਢੇਰ ਅਤੇ ਅੱਯਾਸ਼ੀ ਦਾ ਅੱਡਾ ਨਿਕਲਿਆ। ਬੇਸ਼ਰਮੀ ਇਥੋਂ ਤੱਕ ਕਿ ਔਰਤਾਂ ਦੇ ਬਾਥਰੂਮ ਉਤੇ ਕੈਮਰੇ ਲਾ ਕੇ ਅੰਦਰ ਵੱਲ ਨੂੰ ਘੁੰਮਾਏ ਹੋਏ ਸਨ।
ਭਾਰਤ ਦੀ ਰਾਜਨੀਤੀ ਦੁਸਹਿਰੇ ਮਨਾਉਣ ਦੀ ਸ਼ੌਕੀਨ ਹੈ। ਇਹ ਪਹਿਲਾਂ ਇੱਕ ਰਾਵਣ ਦੇ ਬੁੱਤ ਦੀ ਸਿਰਜਣਾ ਕਰਦੀ ਹੈ। ਜਦੋਂ ਉਹ ਅਸਲੀ ਰਾਵਣ ਤੋਂ ਵੱਧ ਡਰਾਉਣਾ ਜਾਪਣ ਲੱਗ ਪਵੇ, ਫਿਰ ਉਸ ਦੇ ਵਿਰੁਧ ਅਗਨੀ ਦੇ ਬਾਣ ਚਲਾ ਕੇ ‘ਬਦੀ ਉਤੇ ਨੇਕੀ ਦੀ ਜਿੱਤ’ ਦਾ ਪ੍ਰਭਾਵ ਦਿੰਦੀ ਹੈ। ਜਿਵੇਂ ਹਰ ਵਰ੍ਹੇ ਹਰ ਕਿਸੇ ਸ਼ਹਿਰ ਵਿਚ ਨਵੇਂ ਸਿਰਿਓਂ ਬਣਾ ਕੇ ਰਾਵਣ ਦਾ ਬੁੱਤ ਸਾੜਿਆ ਜਾਂਦਾ ਹੈ, ਇਵੇਂ ਹੀ ਭਾਰਤੀ ਰਾਜਨੀਤੀ ਏਦਾਂ ਦੇ ਰਾਵਣ ਆਪਣੇ ਆਪ ਸਿਰਜਦੀ ਤੇ ਫਿਰ ਰਾਜਸੀ ਲੋੜ ਦਾ ਮਹੂਰਤ ਨਿਕਲੇ ਤੋਂ ਸਾੜਦੀ ਰਹਿੰਦੀ ਹੈ। ਜਦੋਂ ਇਹ ਬਾਬੇ ਕਿਸੇ ਡੇਰੇ ਦੀ ਉਸਾਰੀ ਕਰਦੇ ਤੇ ਉਸ ਵਿਚ ਸੁਰੰਗਾਂ-ਭੋਰੇ ਪੁੱਟਣ ਤੋਂ ਹਥਿਆਰਾਂ ਦਾ ਭੰਡਾਰ ਕਰਨ ਤੱਕ ਦੇ ਕੰਮ ਕਰਦੇ ਹਨ, ਉਦੋਂ ਸਿਆਸੀ ਆਗੂ ਇਨ੍ਹਾਂ ਕੋਲ ਜਾਂਦੇ ਅਤੇ ਪੈਰੀਂ ਹੱਥ ਲਾ ਕੇ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਜਿਵੇਂ ਇੱਕ ਬੀਬੀ ਵੱਲੋਂ ਜ਼ਮੀਨ ਦਾਨ ਕਰਨ ਦੀ ਕਹਾਣੀ ਸੁਣ ਕੇ ਕਈ ਅੰਨ੍ਹੇ ਸ਼ਰਧਾਲੂ ਏਦਾਂ ਦਾਨ ਕਰਨ ਲੱਗ ਜਾਂਦੇ ਹਨ, ਉਵੇਂ ਹੀ ਬਾਬੇ ਅੱਗੇ ਲੀਡਰਾਂ ਨੂੰ ਲੇਟਦਾ ਵੇਖ ਕੇ ਆਮ ਲੋਕਾਂ ਦੀ ਕਤਾਰ ਉਧਰ ਨੂੰ ਲੰਮੀ ਹੋ ਜਾਂਦੀ ਹੈ। ਲੰਮੀ ਕਥਾ ਹੈ ਇਸ ਤਰ੍ਹਾਂ ਦੇ ਬਾਬਿਆਂ ਦੀ, ਜਿਹੜੇ ਉਭਰ ਕੇ ਕਿਸੇ ਹਵਾਈ ਵਾਂਗ ਅਸਮਾਨ ਵੱਲ ਚੜ੍ਹੇ ਤੇ ਫਿਰ ਜ਼ਮੀਨ ਉਤੇ ਆ ਗਏ ਸਨ।
ਅਸੀਂ ਧੀਰੇਂਦਰ ਬ੍ਰਹਮਚਾਰੀ ਦੀ ਕਹਾਣੀ ਨਹੀਂ ਪਾਵਾਂਗੇ, ਜਿਹੜਾ ਕਿਸੇ ਸਮੇਂ ਇੰਦਰਾ ਗਾਂਧੀ ਦੇ ਲਈ ਰਾਜਸੀ ਨੁਸਖੇ ਤਿਆਰ ਕਰਦਾ ਹੁੰਦਾ ਸੀ। ਚੰਦਰਾ ਸਵਾਮੀ ਦਾ ਚੇਤਾ ਵੀ ਬਹੁਤਾ ਨਹੀਂ ਕਰਾਉਣਾ ਚਾਹੁੰਦੇ, ਜਿਹੜਾ ਕਿਸੇ ਸਮੇਂ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਪ੍ਰੋਹਤ ਤੋਂ ਲੈ ਕੇ ਸੱਤਾ ਦੇ ਦਲਾਲ ਤੱਕ ਦਾ ਕੰਮ ਕਰਦਾ ਰਿਹਾ ਸੀ। ਰਾਮਦੇਵ ਦੀ ਕਹਾਣੀ ਵੀ ਦੱਸਣ ਦੀ ਲੋੜ ਨਹੀਂ, ਜਿਹੜਾ ਪਹਿਲਾਂ ਕਾਂਗਰਸੀਆਂ ਦਾ ਜੋੜੀਦਾਰ ਸੀ, ਫਿਰ ਉਥੋਂ ਲੋੜ ਜੋਗਾ ਘੱਟਾ ਝਾੜੇ ਜਾਣ ਪਿੱਛੋਂ ਹੁਣ ਭਾਜਪਾ ਨਾਲ ਜੁੜਿਆ ਪਿਆ ਹੈ। ਅਗਨੀਵੇਸ਼ ਦੀ ਚਰਚਾ ਕਰਨ ਦੀ ਵੀ ਲੋੜ ਨਹੀਂ, ਜਿਹੜਾ ਕਈ ਮਾਮਲਿਆਂ ਵਿਚ ਆਪ ਵੀ ਚਰਚਿਤ ਹੈ ਤੇ ਉਸ ਦੀ ਸਮਾਜ-ਸੇਵੀ ਸੰਸਥਾ ਵੀ। ਸੋਨੇ ਦੀ ਚੱਪਲ ਪਾਉਣ ਵਾਲੇ ਸੱਤਿਆ ਸਾਈਂ ਬਾਬਾ ਦੀ ਚਰਚਾ ਵੀ ਬੇਲੋੜੀ ਹੈ ਤੇ ਸ਼ੰਕਰਾਚਾਰੀਆ ਜੈਇੰਦਰ ਦੀ ਚਰਚਾ ਵੀ ਕੀਤੀ ਤਾਂ ਅਦਾਲਤਾਂ ਦੇ ਪੁਰਾਣੇ ਕੇਸਾਂ ਦੇ ਖਿੱਦੋ ਦੀਆਂ ਲੀਰਾਂ ਫੋਲਣੀਆਂ ਪੈਣਗੀਆਂ। ਇੱਕ ਗੱਲ ਹੋਰ ਇਹ ਹੈ ਕਿ ਇਨ੍ਹਾਂ ਵਿਚੋਂ ਜਿਸ ਕਿਸੇ ਨੂੰ ਕਦੇ ਕਾਨੂੰਨ ਵੱਲੋਂ ਹੱਥ ਪਾਇਆ ਗਿਆ, ਉਸ ਵੇਲੇ ਕਦੀ ਕਾਂਗਰਸ ਵਾਲਿਆਂ ਨੇ ਵੀ ਵਿਰੋਧ ਕੀਤਾ ਹੋਵੇਗਾ, ਬਹੁਤੀ ਵਾਰੀ ਭਾਜਪਾ ਨੇ ਇਸ ਨੂੰ ਹਿੰਦੂ ਸੰਤਾਂ ਦੀ ਬੇਇੱਜ਼ਤੀ ਕਰਾਰ ਦਿੱਤਾ ਹੈ, ਤੇ ਜਦੋਂ ਭਾਜਪਾ ਨੂੰ ਕਦੇ ਖੁਦ ਨੂੰ ਇਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ, ਇਨ੍ਹਾਂ ਹਿੰਦੂ ਸੰਤਾਂ ਨੂੰ ਉਸ ਦੀ ਸਰਕਾਰ ਨੇ ਵੀ ਫੜਿਆ ਹੈ। ਇਸ ਸਬੰਧ ਵਿਚ ਵੀ ਸੰਤਾਂ ਦੀਆਂ ਗ੍ਰਿਫਤਾਰੀਆਂ ਦੀ ਇੱਕ ਲੰਮੀ ਲੜੀ ਪੇਸ਼ ਕੀਤੀ ਜਾ ਸਕਦੀ ਹੈ।
ਦੱਖਣ ਦਾ ਇੱਕ ਸੰਤ ਨਿੱਤਿਆਨੰਦ ਇੱਕ ਵਾਰੀ ਕਈ ਪੁੱਠੇ-ਸਿੱਧੇ ਚੱਕਰਾਂ ਵਿਚ ਉਲਝ ਗਿਆ ਤਾਂ ਕਾਨੂੰਨ ਦਾ ਸਾਹਮਣਾ ਕਰਨ ਦੀ ਥਾਂ ਫਰਾਰ ਹੋ ਗਿਆ। ਇਹ ਕੇਸ ਕਰਨਾਟਕਾ ਵਿਚ ਉਦੋਂ ਦਰਜ ਹੋਏ ਸਨ, ਜਦੋਂ ਭਾਜਪਾ ਆਗੂ ਯੇਦੀਯੁਰੱਪਾ ਦੀ ਸਰਕਾਰ ਸੀ, ਗ੍ਰਿਫਤਾਰੀ ਵੀ ਉਦੋਂ ਹੋਈ ਤੇ ਫੜਿਆ ਉਸ ਨੂੰ ਉਸ ਹਿਮਾਚਲ ਪ੍ਰਦੇਸ਼ ਤੋਂ ਗਿਆ ਸੀ, ਜਿੱਥੇ ਭਾਜਪਾ ਦੇ ਪ੍ਰੇਮ ਕੁਮਾਰ ਧੂਮਲ ਦੀ ਸਰਕਾਰ ਹੁੰਦੀ ਸੀ। ਸਵਾਮੀ ਜੈਇੰਦਰ ਸਰਸਵਤੀ ਦੀ ਗ੍ਰਿਫਤਾਰੀ ਦਾ ਕੰਮ ਤਾਮਿਲਨਾਡੂ ਦੀ ਜੈਲਲਿਤਾ ਸਰਕਾਰ ਨੇ ਕੀਤਾ ਸੀ ਤੇ ਦਿੱਲੀ ਵਿਚ ਜੰਤਰ ਮੰਤਰ ਵਾਲੀ ਰੈਲੀ ਵਿਚ ਭਾਜਪਾ ਲੀਡਰਾਂ ਨੇ ਇਹ ਕਿਹਾ ਸੀ ਕਿ ਇਹ ਗ੍ਰਿਫਤਾਰੀ ਸੋਨੀਆ ਗਾਂਧੀ ਨੇ ਕਹਿ ਕੇ ਕਰਵਾਈ ਹੈ। ਜਦੋਂ ਨਿੱਤਿਆਨੰਦ ਦੀ ਗ੍ਰਿਫਤਾਰੀ ਕਰਨ ਦੀ ਨੌਬਤ ਆਈ, ਉਦੋਂ ਕਰਨਾਟਕਾ ਤੇ ਹਿਮਾਚਲ ਪ੍ਰਦੇਸ਼- ਦੋਵਾਂ ਰਾਜਾਂ ਦੇ ਮੁੱਖ ਮੰਤਰੀ ਭਾਜਪਾ ਦੇ ਹੋਣ ਕਰ ਕੇ ਇਹੋ ਜਿਹਾ ਕੋਈ ਮੁੱਦਾ ਨਹੀਂ ਸੀ ਬਣ ਸਕਿਆ, ਜਿਵੇਂ ਹੁਣ ਰਾਮਪਾਲ ਦਾ ਵੀ ਨਹੀਂ ਬਣ ਸਕਿਆ।
ਆਸੂ ਮੱਲ ਤੋਂ ਬਾਪੂ ਆਸਾ ਰਾਮ ਬਣ ਕੇ ਜਿਸ ਬੰਦੇ ਨੇ ਭਾਜਪਾ ਲਈ ਕਈ ਚੋਣਾਂ ਵਿਚ ਮੁਹਿੰਮ ਚਲਾਈ ਹੋਈ ਸੀ, ਉਸ ਦੇ ਕੀਤੇ ਜੁਰਮਾਂ ਦੇ ਪਹਿਲੇ ਕੇਸ ਮੱਧ ਪ੍ਰਦੇਸ਼ ਤੇ ਗੁਜਰਾਤ ਦੀਆਂ ਭਾਜਪਾ ਸਰਕਾਰਾਂ ਨੇ ਦਰਜ ਕੀਤੇ ਸਨ ਤੇ ਉਸ ਦਾ ਗੁਜਰਾਤ ਵਾਲਾ ਆਸ਼ਰਮ ਵੀ ਨਰਿੰਦਰ ਮੋਦੀ ਦੀ ਸਰਕਾਰ ਨੇ ਢਾਹਿਆ ਸੀ। ਜਦੋਂ ਦਿੱਲੀ ਵਿਚੋਂ ਉਸੇ ਆਸਾ ਰਾਮ ਨੂੰ ਗ੍ਰਿਫਤਾਰ ਕੀਤਾ ਗਿਆ, ਉਥੇ ਉਦੋਂ ਪੁਲਿਸ ਕਿਉਂਕਿ ਕਾਂਗਰਸੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਧੀਨ ਸੀ, ਇਸ ਲਈ ਸਾਧਵੀ ਉਮਾ ਭਾਰਤੀ ਵੀ ਭੜਕ ਪਈ। ਆਸਾ ਰਾਮ ਨੂੰ ਰਾਜਸਥਾਨ ਸਰਕਾਰ ਨੂੰ ਸੌਂਪਿਆ ਗਿਆ ਤਾਂ ਉਥੇ ਇਸ ਗ੍ਰਿਫਤਾਰੀ ਦੇ ਵਿਰੋਧ ਵਿਚ ਤਿੰਨ ਭਾਜਪਾ ਵਿਧਾਇਕਾਂ ਦੀ ਅਗਵਾਈ ਹੇਠ ਰੋਸ ਪ੍ਰਗਟਾਵੇ ਵੀ ਹੋ ਗਏ, ਪਰ ਜਦੋਂ ਇਹ ਵੇਖਿਆ ਕਿ ਭਾਜਪਾ ਲੀਡਰਸ਼ਿਪ ਹੀ ਆਸਾ ਰਾਮ ਨੂੰ ਜੇਲ੍ਹ ਵਿਚ ਰੱਖਣ ਦੇ ਪੱਖ ਵਿਚ ਹੈ, ਫਿਰ ਭਾਜਪਾ ਦੇ ਉਹ ਸਾਰੇ ਵਿਧਾਇਕ ਚੁੱਪ ਵੱਟ ਗਏ, ਜਿਨ੍ਹਾਂ ਵਿਚ ਇੱਕ ਬੀਬੀ ਵੀ ਸੀ।
ਸਵਾਲ ਫਿਰ ਇਹ ਪੈਦਾ ਹੁੰਦਾ ਹੈ ਕਿ ਇਸ ਨਾਲ ਫਰਕ ਕੀ ਪਿਆ? ਰਾਮਪਾਲ ਫੜਿਆ ਜਾਣ ਪਿੱਛੋਂ ਵੀ ਉਸ ਦੇ ਚੇਲੇ ਕਹਿੰਦੇ ਹਨ ਕਿ ਭਗਵਾਨ ਨੂੰ ਕੌਣ ਫੜ ਸਕਦਾ ਹੈ, ਆਪਣੀ ਮਰਜ਼ੀ ਨਾਲ ਜੇਲ੍ਹ ਵਿਚ ਗਿਆ ਹੈ ਤੇ ਜਦੋਂ ਉਸ ਦਾ ਦਿਲ ਕਰੇਗਾ, ਸਾਡੇ ਵਿਚਾਲੇ ਆਣ ਦਰਸ਼ਨ ਦੇਵੇਗਾ। ਆਸਾ ਰਾਮ ਦੇ ਸ਼ਰਧਾਲੂ ਫਿਰ ਉਸ ਦੇ ਨਾਲ ਖੜੇ ਹਨ ਅਤੇ ਖੜੇ ਰਹਿਣ ਦਾ ਐਲਾਨ ਕਰੀ ਜਾਂਦੇ ਹਨ। ਨਿੱਤਿਆਨੰਦ ਦੇ ਸਾਹਮਣੇ ਖਾਂਦੇ-ਪੀਂਦੇ ਘਰਾਂ ਦੀਆਂ ਪੜ੍ਹੀਆਂ-ਲਿਖੀਆਂ ਔਰਤਾਂ ਸਮਾਧੀ ਲਾ ਕੇ ਅੱਜ ਵੀ ਬੈਠਦੀਆਂ ਹਨ ਤੇ ਮਿਰਗੀ ਦੇ ਮਰੀਜ਼ ਵਾਂਗ ਹਲੂਣੇ ਮਾਰਨ ਤੋਂ ਸ਼ੁਰੂ ਕਰ ਕੇ ਸਾਰੇ ਤਰ੍ਹਾਂ ਦੇ ਕੁਚੱਜ ਕਰੀ ਜਾਂਦੀਆਂ ਹਨ। ਚੰਦਰਾ ਸਵਾਮੀ ਜਿੱਥੇ ਜਾਂਦਾ ਹੈ, ਉਸ ਦੇ ਭਗਤਾਂ ਦੀ ਭੀੜ ਹੁੰਦੀ ਹੈ। ਪੰਜਾਬ ਦਾ ਅਜੋਕਾ ਮੁੱਖ ਮੰਤਰੀ ਵੀ ਕੁਝ ਸਾਲ ਪਹਿਲਾਂ ਚੰਦਰਾ ਸਵਾਮੀ ਤੋਂ ਹਵਨ ਕਰਾਉਣ ਦੇ ਕਾਰਨ ਚਰਚਿਤ ਰਿਹਾ ਸੀ। ਏਨੇ ਪੱਕੇ ਗਾਹਕਾਂ ਵਾਲਾ ਸੰਤਗਿਰੀ ਦਾ ਇਹ ਧੰਦਾ ਭਾਰਤ ਵਿਚ ਚੱਲਦਾ ਹੈ ਤੇ ਚੱਲਦਾ ਹੀ ਰਹਿਣਾ ਹੈ। ਭਲਾ ਕਿਉਂ?
ਇੱਕ ਪੁਰਾਣਾ ਕਿੱਸਾ ਹੈ ਕਿ ਇੱਕ ਮੇਲੇ ਵਿਚ ਆ ਕੇ ਇੱਕ ਸਾਧ ਨੇ ਪਹਿਲਾਂ ਸਮਾਧੀ ਲਈ, ਫਿਰ ਜਦੋਂ ਲੋਕਾਂ ਦੀ ਭੀੜ ਜੁੜੀ ਵੇਖ ਲਈ ਤਾਂ ਉਠ ਕੇ ਐਲਾਨ ਕਰ ਦਿੱਤਾ ਕਿ ਹਿਮਾਲੀਆ ਪਹਾੜ ਉਤੇ ਮੈਂ ਸਮਾਧੀ ਲਾਈ ਸੀ, ਉਥੇ ਇੱਕ ਬ੍ਰਹਮ ਰਿਸ਼ੀ ਮਿਲੇ ਸਨ। ਉਹ ਮੈਨੂੰ ਇੱਕ ਮੰਤਰ ਦੇ ਗਏ ਸਨ। ਜਿਹੜਾ ਬੰਦਾ ਇਸ ਮੰਤਰ ਨੂੰ ਤੜਕੇ ਉਠ ਕੇ ਇਸ਼ਨਾਨ ਕਰ ਕੇ ਪੰਜ ਵਾਰ ਪੜ੍ਹੇਗਾ, ਉਸ ਦੇ ਘਰ ਦੌਲਤ ਦੇ ਢੇਰ ਲੱਗ ਜਾਣਗੇ, ਮੰਤਰ ਇਹ ਬਹੁਤਾ ਮਹਿੰਗਾ ਨਹੀਂ, ਸੰਤਾਂ ਨੇ ਇਸ ਦੀ ਕੀਮਤ ਸਿਰਫ ਸੌ ਰੁਪਏ ਰੱਖੀ ਸੀ। ਏਨੇ ਸੌਖੇ ਰੇਟ ਉਤੇ ਕਿਸਮਤ ਖੁੱਲ੍ਹਦੀ ਵੇਖ ਕੇ ਭੀੜ ਵਿਚੋਂ ਦੋ ਕੁ ਸੌ ਬੰਦਿਆਂ ਨੇ ਸੌ-ਸੌ ਰੁਪਏ ਦਾ ਮੰਤਰ ਖਰੀਦ ਲਿਆ। ਸੰਤ ਨੇ ਪੱਕੀ ਕਰ ਦਿੱਤੀ ਕਿ ਕੱਲ੍ਹ ਤੜਕੇ ਖੋਲ੍ਹਣਾ ਹੈ, ਜੇ ਕਿਸੇ ਨੇ ਪਹਿਲਾਂ ਖੋਲ੍ਹਿਆ ਤਾਂ ਅਨਰਥ ਹੋ ਜਾਵੇਗਾ। ਲੋਕ ਮੰਤਰ ਲੈ ਕੇ ਚਲੇ ਗਏ। ਅਗਲੇ ਦਿਨ ਸਭ ਨੇ ਤੜਕੇ ਉਠ ਕੇ ਇਸ਼ਾਨਾਨ ਕੀਤਾ ਤੇ ਮੰਤਰ ਵਾਲਾ ਕਾਗਜ਼ ਖੋਲ੍ਹ ਕੇ ਪੜ੍ਹਨ ਲੱਗ ਪਏ, ਉਸ ਉਤੇ ਲਿਖਿਆ ਸੀ: ‘ਹਿੰਦੁਸਤਾਨ ਵਿਚ ਮੂਰਖਾਂ ਦੀ ਕਮੀ ਤਾਂ ਹੈ ਨਹੀਂ, ਮੂਰਖ ਬਣਾਉਣਾ ਵਾਲਾ ਹੋਣਾ ਚਾਹੀਦਾ ਹੈ।’ ਇਹ ਜਿੰਨੇ ਵੀ ਸਾਧ ਆਪਣੇ ਭਗਤਾਂ ਦੀ ਭੀੜ ਨਾਲ ਠੱਗੀਆਂ ਮਾਰਨ ਦਾ ਚੱਕਰ ਚਲਾ ਰਹੇ ਹਨ, ਇਸ ਲਈ ਚਲਾ ਰਹੇ ਹਨ ਕਿ ਉਨ੍ਹਾਂ ਨੇ ਠੱਗੀ ਦਾ ਉਹ ਮੰਤਰ ਪੜ੍ਹ ਰੱਖਿਆ ਹੈ। ਜਦੋਂ ਤੱਕ ਭਾਰਤ ਦੇ ਲੋਕ ਤਰਕਸ਼ੀਲਤਾ ਦੇ ਰਾਹ ਨਹੀਂ ਤੁਰ ਪੈਂਦੇ, ਉਨ੍ਹਾਂ ਦੀਆਂ ਅੱਖਾਂ ਉਤੇ ਸ਼ਰਧਾ ਦੀ ਪੱਟੀ ਬੰਨ੍ਹ ਕੇ ਸੰਤ ਅਤੇ ਸਿਆਸੀ ਆਗੂ ਏਦਾਂ ਹੀ ਉਨ੍ਹਾਂ ਨੂੰ ਲੁੱਟਦੇ ਰਹਿਣਗੇ।