ਬਲਜੀਤ ਬਾਸੀ
ਨਿਉਂਦਾ ਵਾਲੇ ਲੇਖ ਵਿਚ ਅਸੀਂ ਜ਼ਿਕਰ ਕੀਤਾ ਸੀ ਕਿ ਨਿਉਂਦਾ ਅਤੇ ਹੋਰ ਅਨੇਕਾਂ ਸ਼ਬਦਾਂ ਪਿਛੇ ḔਮਨḔ ਧਾਤੂ ਕਾਰਜਸ਼ੀਲ ਹੈ। ਇਸ ਧਾਤੂ ਵਿਚ ਸੋਚਣ, ਵਿਚਾਰਨ, ਬੋਧ ਕਰਨ, ਸਮਝਣ, ਧਾਰਨ, ਕਲਪਨਾ ਕਰਨ ਦੇ ਭਾਵ ਹਨ। ਅੱਜ ਮਨ ਦੀਆਂ ਹੋਰ ਪਰਤਾਂ ਫੋਲਦੇ ਹਾਂ। ਇਸ ਧਾਤੂ ਦੇ ਸਭ ਤੋਂ ਨਜ਼ਦੀਕ ਦਾ ਸ਼ਬਦ ਖੁਦ ਮਨ ਸ਼ਬਦ ਵੀ ਇਸੇ ਤੋਂ ਬਣਿਆ ਹੈ। ਮਨ ਮਨੁਖ ਜਾਂ ਕਿਸੇ ਵੀ ਸੁਚੇਤ ਪ੍ਰਾਣੀ ਦੇ ਉਸ ਤੱਤ, ਅੰਗ, ਸ਼ਕਤੀ ਜਾਂ ਪ੍ਰਕਿਰਿਆ ਨੂੰ ਆਖਦੇ ਹਨ ਜਿਸ ਦੁਆਰਾ ਉਹ ਸੋਚਦਾ, ਵਿਚਾਰਦਾ, ਵਿਵੇਕ ਕਰਦਾ, ਮਹਿਸੂਸ ਕਰਦਾ, ਲੋਚਦਾ ਅਤੇ ਬੋਧ ਆਦਿ ਕਰਦਾ ਹੈ। ਇਸ ਦੇ ਨੇੜੇ-ਤੇੜੇ ਦਾ ਸਮਾਨਅਰਥਕ ਸ਼ਬਦ ਚਿੱਤ ਹੋ ਸਕਦਾ ਹੈ। ਮਨ-ਚਿੱਤ ਸ਼ਬਦ ਜੁੱਟ ਇਸ ਗੱਲ ਦਾ ਪ੍ਰਮਾਣ ਹੈ। ਅਸੀਂ ਆਮ ਤੌਰ ‘ਤੇ ਦਿਲ ਸ਼ਬਦ ਵੀ ਮਨ ਦੇ ਅਰਥਾਂ ਵਿਚ ਵਰਤ ਲੈਂਦੇ ਹਾਂ: ਮੇਰਾ ਮਨ ਨਹੀਂ ਕਰਦਾ= ਮੇਰਾ ਦਿਲ ਨਹੀਂ ਕਰਦਾ। ਰਵਾਇਤੀ ਤੌਰ ‘ਤੇ ਮਨੁੱਖ ਦੇ ਅੰਦਰੂਨੀ ਅੰਗ ਦਿਲ ਨੂੰ ਭਾਵਨਾਵਾਂ ਦਾ ਸ੍ਰੋਤ ਮੰਨਿਆ ਜਾਂਦਾ ਹੈ ਇਸ ਲਈ ਅਜਿਹੇ ਪ੍ਰਸੰਗਾਂ ਵਿਚ ਦਿਲ ਸ਼ਬਦ ਮਨ ਦੇ ਪ੍ਰਥਾਇ ਵਰਤ ਲਿਆ ਜਾਂਦਾ ਹੈ। ਇਸੇ ਅਰਥ ਵਿਚ ਜੀਅ ਸ਼ਬਦ ਵੀ ਇਸਤੇਮਾਲ ਕੀਤਾ ਜਾਂਦਾ ਹੈ। “ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ” ਵਿਚ ਮਨ ਦਾ ਅਰਥ ਜੀਵਆਤਮਾ ਦੱਸਿਆ ਜਾਂਦਾ ਹੈ। ਉਂਜ ਹਰ ਸ਼ਬਦ ਦਾ ਆਪਣਾ ਅਰਥ ਪਸਾਰ ਹੁੰਦਾ ਹੈ। ਮਨੋਵਿਗਿਆਨ ਅਨੁਸਾਰ ਮਨ ਨੂੰ ਸੁਚੇਤ ਅਤੇ ਅਚੇਤ ਪ੍ਰਕਿਰਿਆਵਾਂ ਅਤੇ ਸਰਗਰਮੀਆਂ ਦਾ ਸਮੱਗਰ ਸਮਝਿਆ ਜਾਂਦਾ ਹੈ। ਮਾਇੰਡ ਬਾਰੇ ਡਾਕਟਰੀ ਅਤੇ ਮਨੋਵਿਗਿਆਨਕ ਨਜ਼ਰੀਏ ਤੋਂ ਹੋਈ ਖੋਜ ਅਨੁਸਾਰ ਇਸ ਅੰਗਰੇਜ਼ੀ ਸ਼ਬਦ ਦੇ ਬਹੁਤ ਸਾਰੇ ਅਰਥਾਂ ਦਾ ਮਨ ‘ਤੇ ਆਰੋਪਣ ਹੋਇਆ ਹੈ।
ਭਾਰਤੀ ਧਰਮ ਪ੍ਰਣਾਲੀਆਂ, ਵਿਚਾਰਧਾਰਾਵਾਂ ਵਿਚ ਮਨ ਬਾਰੇ ਅਨੇਕਾਂ ਧਾਰਨਾਵਾਂ ਮਿਲਦੀਆਂ ਹਨ। ਸ਼ਾਇਦ ਇਹ ਚੰਚਲਤਾ ਦੇ ਗੁਣ ਦਾ ਧਾਰਨੀ ਹੋਣ ਕਾਰਨ ਇਸ ਨੂੰ ਇਕ ਦ੍ਰਵ ਦੇ ਸਮਾਨ ਵੀ ਕਲਪਿਆ ਗਿਆ ਹੈ। ਸਾਂਖ ਦਰਸ਼ਨ ਅਨੁਸਾਰ ਇਹ ਗਿਆਰਵੀਂ ਇੰਦਰੀ ਹੈ। ਯੋਗ ਅਨੁਸਾਰ ਚਿੱਤ ਹੀ ਮਨ ਹੈ। ਆਮ ਤੌਰ ‘ਤੇ ਮਨ ਨੂੰ ਇੰਦਰੀਆਂ ਦਾ ਗੁਲਾਮ ਸਮਝਿਆ ਜਾਂਦਾ ਹੈ। ਬਹੁਤੇ ਭਾਰਤੀ ਧਰਮਾਂ ਵਿਚ ਮਨ ਨੂੰ ਬਹੁਤ ਬਲਵਾਨ, ਦ੍ਰਿੜ ਅਤੇ ਚੰਚਲ ਕਿਹਾ ਗਿਆ ਹੈ ਇਸ ਲਈ ਇਸ ਨੂੰ ਕਾਬੂ ਕਰਨਾ ਮੁਸ਼ਕਿਲ ਹੈ। ਇਹ ਅੱਥਰੇ ਘੋੜੇ ਦੀ ਨਿਆਈ ਹੈ। ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ ਕਿ ਸਰੀਰ ਰੂਪੀ ਬ੍ਰਿਛ ਉਤੇ ਮਨ ਰੂਪੀ ਪੰਛੀ ਬੈਠਾ ਹੈ ਅਤੇ ਪੰਜ ਇੰਦਰੀਆਂ ਰੂਪੀ ਹੋਰ ਪੰਛੀ ਬੈਠੇ ਹਨ। ਮਨ ਰੂਪ ਪੰਛੀ ਦੇ ਪ੍ਰਭਾਵ ਅਧੀਨ ਮਨੁਖ ਪਰਮਤੱਤ ਵੀ ਚੁਗ ਸਕਦਾ ਹੈ, ਵਿਸ਼ੈ ਵਸਤੂਆਂ ਦੇ ਆਕਰਸ਼ਕ ਚੋਗੇ ਵੀ। ਮਨੁਖੀ ਮਨੋਰਥ ਭੋਗਣਯੋਗ ਵਸਤਾਂ ਦੀ ਕਾਮਨਾ ਕਰਦਾ ਹੈ। ਇਸ ਕਰਕੇ ਅਜਿਹੀ ਬਿਰਤੀ ਨੂੰ ‘ਮਾਨਸ ਰੋਗ’ ਕਿਹਾ ਜਾਂਦਾ ਹੈ। ਸੰਸਕ੍ਰਿਤ ਵਿਚ ਮਨ ਲਈ ḔਮਨਸḔ ਅਤੇ ਪਰਾਕ੍ਰਿਤ ਵਿਚ ਮਣੋ ਸ਼ਬਦ ਹਨ ਜੋ ਕਿ ਮਨ ਧਾਤੂ ਤੋਂ ਹੀ ਵਿਉਤਪਤ ਹੋਏ ਹਨ। ਇਸ ਮਨਸ ਤੋਂ ਹੀ ਮਾਨਸ ਅਤੇ ਅੱਗੋਂ ਮਾਨਸਿਕ ਸ਼ਬਦ ਬਣੇ ਹਨ। ‘ਮਾਨਸ ਰੋਗ’ ਆਧੁਨਿਕ ਚਕਿਤਸਾ ਪ੍ਰਣਾਲੀਆਂ ਮਨੋਚਕਿਤਸਾ ਜਾਂ ਮਨੋਵਿਗਿਆਨ ਦੁਆਰਾ ਤਸ਼ਖੀਸ ਕੀਤੇ ਜਾਂਦੇ ਮਾਨਸਿਕ ਰੋਗਾਂ ਤੋਂ ਬਿਲਕੁਲ ਭਿੰਨ ਹਨ। ਮਾਨਸ ਰੋਗਾਂ ਦੀ ਬਹੁਤ ਗਿਣਤੀ ਹੈ ਪਰ ਆਮ ਤੌਰ ‘ਤੇ ਕਹਾਵਤੀ ਜਿਹਾ ਰੂਪ ਧਾਰ ਚੁੱਕੇ ਪੰਜ ਰੋਗਾਂ- ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਅਸਾਧ ਮੰਨਿਆ ਗਿਆ ਹੈ। ਇਸ ਤਰ੍ਹਾਂ ਇਹ ਇਕ ਤਰ੍ਹਾਂ ਰੋਗ ਨਾ ਹੋ ਕੇ ਪੰਜ ਵਿਕਾਰ ਹਨ, “ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗ॥” ਮਨ ਇੰਦਰੀਆਂ ਨਾਲ ਮਿਲ ਕੇ ਜੀਵ ਨੂੰ ਵਿਸ਼ਿਆਂ ਦਾ ਭੋਗ ਕਰਾਉਂਦਾ ਹੈ। ਸੋ, ਇਸ ਵਾਸਨਾ ਤੋਂ ਮੁਕਤੀ ਜ਼ਰੂਰੀ ਹੈ ਜੋ ਮਨ ਨੂੰ ਮਾਰਨ ਜਾਂ ਵਸ ਵਿਚ ਕਰਨ ਨਾਲ ਹੋ ਸਕਦੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, “ਮਨਿ ਜੀਤੈ ਜਗ ਜੀਤੁ॥” ਪੰਜਾਬੀ ਦੇ ਇਕ ਮੁਹਾਵਰੇ ਅਨੁਸਾਰ ਮਨ ਨੂੰ ਮੁੱਠ ਵਿਚ ਰੱਖਣਾ ਚਾਹੀਦਾ ਹੈ। ਗੁਰੂਆਂ ਅਤੇ ਭਗਤਾਂ ਨੇ ਮਨ ਨੂੰ ਮਾਰਨ ਤੇ ਜ਼ੋਰ ਦਿੱਤਾ ਹੈ, “ਮਨ ਅੰਦਰਿ ਬੋਲੈ ਸਭੁ ਕੋਈ॥ ਮਨ ਮਾਰੇ ਬਿਨੁ ਭਗਤਿ ਨਾ ਹੋਈ॥” ਮਨ ਮਾਰਨਾ ਆਪਣੇ ਆਪ ਨੂੰ ਕਠੋਰ ਜਾਂ ਦ੍ਰਿੜ ਬਣਾਉਣਾ ਹੈ। ਗੁਰਬਾਣੀ ਮਨਹਠ ‘ਤੇ ਵੀ ਜ਼ੋਰ ਦਿੰਦੀ ਹੈ, “ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰੁ॥ ਅਕਸਰ ਹੀ ਮਨ ਤੋਂ ਆਪਣੇ ਸਵੈ ਦਾ ਭਾਵ ਵੀ ਲਿਆ ਜਾਂਦਾ ਹੈ। ਮਨ ਅਸਲ ਵਿਚ ਮਨੁੱਖ ਦਾ ਗੈਰ-ਸਰੀਰਕ ਅਮੂਰਤ ਆਪਾ ਵੀ ਹੈ। ਕਈ ਵਾਰੀ ਅਸੀਂ ਮਨਬਚਨੀ ਕਰਦੇ ਹੋਏ ਆਪਣੇ ਆਪ ਨੂੰ ਮਨ ਨਾਲ ਸੰਬੋਧਨ ਕਰਦੇ ਹਾਂ ਤੇ ਇਉਂ ਲਗਦਾ ਹੈ ਕਿ ਇਸ ਦਾ ਅਰਥ ḔਮੈਂḔ ਹੋ ਗਿਆ ਹੈ ਜਿਵੇਂ ਚੱਲ ਮਨਾਂ। ਹੋਰ ਦੇਖੋ, “ਮਨ ਕਮੀਨ ਕਮਤਰੀਨ” -ਗੁਰੂ ਨਾਨਕ ਦੇਵ। ਗੁਰੂਆਂ ਨੇ ‘ਸੁਣਿ ਮਨ’ ਉਕਤੀ ਦੀ ਬਹੁਤ ਵਰਤੋਂ ਕੀਤੀ ਹੈ, “ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ” -ਗੁਰੂ ਨਾਨਕ ਦੇਵ। ਮਨ ਦੇ ਅਰਥਾਂ ਵਿਚ ਮਨੂਆ ਸ਼ਬਦ ਵੀ ਵਰਤਿਆ ਜਾਂਦਾ ਹੈ, “ਮਨੂਆ ਅਸਥਿਰੁ ਸਬਦੇ ਰਾਤਾ” -ਗੁਰੂ ਨਾਨਕ ਦੇਵ। ਇਹ ਮੋਹ ਮਮਤਾ ਦੇ ਅਰਥਾਂ ਵਿਚ ਵੀ ਆਇਆ ਹੈ, “ਮਨ ਮਹਿ ਮਨੂਆ ਜੇ ਮਰੇ ਤਾ ਪਿਰ ਰਾਵੈ ਨਾਰਿ॥” -ਗੁਰੂ ਨਾਨਕ ਦੇਵ। ਇਥੇ ਮਨੂਆ ਦਾ ਭਾਵ ਮੋਹ-ਮਾਇਆ ਹੈ। ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਧਰਮ ਮਨ ਨੂੰ ਵਿਸ਼ੈ ਵਾਸਨਾ ਭੋਗਣ ਦਾ ਵਸੀਲਾ ਸਮਝਦਾ ਹੈ। ਮਨ ਬਾਰੇ ਅਜਿਹੀ ਸੰਖੇਪ ਚਰਚਾ ਤੋਂ ਅਸੀਂ ਭਾਰਤੀ ਲੋਕ ਮਾਣਸ ਵਿਚ ਮਨ ਬਾਰੇ ਧਾਰਨਾ ਦਾ ਅਨੁਮਾਨ ਲਾ ਸਕਦੇ ਹਾਂ।
ਮਨ ਦੇ ਅੱਗੇ ਪਿਛੇ ਅਗੇਤਰ ਅਤੇ ਹੋਰ ਸ਼ਬਦ ਲੱਗ ਕੇ ਅਨੇਕਾਂ ਸ਼ਬਦਾਂ ਦਾ ਨਿਰਮਾਣ ਹੋਇਆ ਹੈ। ਕੁਝ ਅਜਿਹੇ ਸਰਲ ਜਿਹੇ ਸ਼ਬਦ ਗਿਣਾਉਂਦੇ ਹਾਂ: ਮਨੋਰੋਗ, ਮਾਨਸਿਕ, ਮਨੋਚਕਿਤਸਾ, ਤਨ ਮਨ ਧਨ, ਮਨ ਤਰੰਗ, ਮਨੋਵੇਗ, ਹਰਮਨ, ਮਨਮੁੱਖ, ਹਰਮਨ ਪਿਆਰਾ, ਮਨੋਨੀਤ, ਸੁਮਨ (ਉਤਮ ਮਨ ਵਾਲਾ), ਮਨਚਿੰਦਾ, ਮਨਚਾਹਿਆ, ਮਨੋਰੰਜਨ, ਮਨੋਹਰ, ਮਨਮਤ, ਮਨਘੜਤ, ਮਨ ਭਾਉਂਦਾ, ਮਨਮੋਹਕ, ਮਨਮੌਜੀ, ਮਨਚਲਾ ਆਦਿ। ਬਹੁਤ ਸਾਰੇ ਵਿਅਕਤੀ ਨਾਂਵਾਂ ਵਿਚ ਮਨ ਘਟਕ ਆਉਂਦਾ ਹੈ ਜਿਵੇਂ ਮਨਜੀਤ, ਮਨਜੋਤ, ਮਨਿੰਦਰ, ਮਨਵੀਰ, ਮਨਦੀਪ, ਮਨਧੀਰ, ਸੁਮਨ, ਮਨਮੋਹਨ, ਹਰਮਨ ਆਦਿ। ਗੁਰੂ ਨਾਨਕ ਦੇਵ ਦੁਆਰਾ ਉਚਾਰੀ ਬਾਣੀ ਦੇ ਲਿਖਾਰੀਆਂ ਵਿਚ ਇਕ ਮਨਸੁਖ ਵੀ ਹੈ। ਅਨੇਕਾਂ ਮੁਹਾਵਰਿਆਂ ਅਤੇ ਅਖਾਣਾਂ ਵਿਚ ਮਨ ਸ਼ਬਦ ਦਾ ਦਖਲ ਹੈ। ਕੁਝ ਗਿਣ ਲਈਏ: ਮਨ ਆਈ ਕਰਨਾ, ਮਨ ਹੋਣਾ, ਮਨ ਦੇ ਲੱਡੂ ਭੋਰਨਾ, ਮਨ ਭਰ ਜਾਣਾ, ਮਨ ਮਾਰਨਾ, ਮਨ ਦੀਆਂ ਮਨ ਵਿਚ ਰਹਿ ਜਾਣਾ, ਮਨ ਅਟਕਣਾ, ਮਨ ਹਲਕਾ ਹੋਣਾ, ਮਨ ਖੱਟਾ ਹੋਣਾ, ਮਨ ਡੋਲਣਾ, ਮਨ ਦਾ ਗੁਬਾਰ, ਮਨ ਬਣਾਉਣਾ, ਮਨ ਨੂੰ ਲਾਉਣਾ, ਮਨ ਮੈਲਾ ਹੋਣਾ, ਮਨ ਨੂੰ ਸਮਝਾਉਣਾ, ਮਨ ਚੰਗਾ ਤਾਂ ਘਰ ਵਿਚ ਗੰਗਾ, ਮਨ ਮੰਗੇ ਪਾਤਸ਼ਾਹੀਆਂ ਮੈਂ ਕਿਥੋਂ ਕਢਾਂ, ਮਨ ਮੰਨੇ ਦਾ ਮੇਲਾ, ਗੁਰੂ ਮੁੰਨੇ ਦਾ ਚੇਲਾ, ਮਨ ਹਰਾਮੀ ਹੁਜਤਾਂ ਢੇਰ ਆਦਿ। ਤੁਸੀਂ ਦੇਖੋਗੇ ਕਿ ਬਹੁਤ ਸਾਰੇ ਮੁਹਾਵਰਿਆਂ ਵਿਚ ਮਨ ਦੀ ਥਾਂ ਦਿਲ ਜਾਂ ਜੀਅ ਸ਼ਬਦ ਵੀ ਵਿਸਥਾਪਤ ਕੀਤਾ ਜਾ ਸਕਦਾ ਹੈ।
ਪੰਜਾਬੀ ਵਿਚ ਮਨ ਸ਼ਬਦ ਦੇ ਕਿਰਿਆਵੀ ਰੂਪਾਂ ਵਿਚ ਇਸ ਦੇ ਕਈ ਅਰਥ ਲਭਦੇ ਹਨ। ਮੰਨਣਾ ਸ਼ਬਦ ਹੀ ਲੈ ਲਵੋ, ਇਸ ਦੇ ਕਲੇਵਰ ਵਿਚ ਬਹੁਤ ਸਾਰੀਆਂ ਅਰਥਪ੍ਰਛਾਈਆਂ ਹਨ। ਕੁਝ ਮਿਸਾਲਾਂ ਦਿੰਦੇ ਹਾਂ, ਕਲਪਨਾ ਕਰਨਾ: ਮੰਨ ਲਓ ਕਿ ਤੁਸੀਂ ਅਮਰੀਕਾ ਦੇ ਰਾਸ਼ਟਰਪਤੀ ਹੋ; ਸਮਝਣਾ, ਕਦਰ ਕਰਨਾ: ਮੈਂ ਤਾਂ ਤੈਨੂੰ ਬਹੁਤ ਵੱਡਾ ਬੰਦਾ ਮੰਨਦਾ ਹਾਂ, ਮੰਨ ਗਏ ਬਈ ਤੈਨੂੰ। ਸਨਮਾਨਣਾ ਸ਼ਬਦ ਵਿਚ ਵੀ ਮਨ ਬੋਲਦਾ ਹੈ ਤੇ ਲਗਭਗ ਇਹੀ ਭਾਵ ਹਨ। ਸਵੀਕਾਰ ਕਰਨਾ: ਮੰਨਿਆ ਕਿ ਤੇਰੀ ਬਹੁਤ ਪੁੱਛ ਹੈ। ਮਾਨਤਾ ਕਰਨਾ: ਅੱਜ ਕਲ੍ਹ ਬਾਬਿਆਂ ਨੂੰ ਬਹੁਤ ਲੋਕ ਮੰਨਦੇ ਹਨ। ਇਨ੍ਹਾਂ ਹੀ ਅਰਥਾਂ ਵਿਚ ਮਾਨਤਾ ਭਾਵ ਵਾਚਕ ਨਾਂਵ ਬਣਿਆ ਹੈ ਜਿਵੇਂ ਨਵੇਂ ਬਣੇ ਦੇਸ਼ ਨੂੰ ਮਾਨਤਾ ਦੇਣੀ ਜਾਂ ਕਿਸੇ ਬਾਬੇ ਦੀ ਮਾਨਤਾ ਹੋਣੀ। ਪਰ ਫਿਰ ਵੀ ਦਿਲਚਸਪ ਗੱਲ ਹੈ ਕਿ ਇਸ ਵਿਚ ਸੋਚਣ ਵਿਚਾਰਨ ਦੇ ਅਰਥ ਨਹੀਂ ਹਨ। ਹਾਂ, ਮਨਨ ਸ਼ਬਦ ਵਿਚ ਇਹ ਭਾਵ ਜ਼ਰੂਰ ਹਨ। ਮਨਨ ਇਕ ਪਦ ਵੀ ਹੈ ਜੋ ਭਗਤੀ ਦੇ ਅਰਥਾਂ ਵਿਚ ਰੂੜ੍ਹ ਹੋ ਚੁੱਕਾ ਹੈ। ਜਪੁਜੀ ਵਿਚ ਕਈ ਵਾਰ ਆਏ ਸ਼ਬਦ ḔਮੰਨੈḔ ਦਾ ਇਸ ਵੱਲ ਹੀ ਸੰਕੇਤ ਹੈ, “ਮੰਨੈ ਪਾਵਹਿ ਮੋਖੁ ਦੁਆਰੁ॥ ਮੰਨੈ ਪਰਵਾਰੇ ਸਾਧਾਰੁ॥æææ” ਵਿਡੰਬਨਾ ਹੈ ਕਿ ਮਨ ਤੋਂ ਹੀ ਮਨਨ ਦੇ ਆਸ਼ੇ ਤੋਂ ਵਿਪਰੀਤ ਜਿਹਾ ਅਰਥ ਰਖਦਾ ḔਮਾਨਣਾḔ ਸ਼ਬਦ ਬਣਿਆ ਹੈ। ḔਮਾਨਣਾḔ ਤੋਂ ਮੁਰਾਦ ਹੈ ਕਿਸੇ ਵਸਤੂ ਆਦਿ ਨੂੰ ਆਪਣੇ ਮਨ ਰਾਹੀਂ ਭੋਗਣਾ। ਆਮ ਤੌਰ ‘ਤੇ ਭਾਰਤੀ ਧਾਰਮਕ ਬਿਰਤੀ ਮਾਨਣ ਦੇ ਬਹੁਤ ਬਰਖਿਲਾਫ ਹੈ, ਭਾਵੇਂ ਕੁਝ ਸੰਪਰਦਾਇ ਜਿਵੇਂ ਰਜਨੀਸ਼ ਦਾ, ਮਨ ਆਈਆਂ ਕਰਨ ਜਾਂ ਮਨ ਦੇ ਖੁਲ੍ਹ ਖੇਲਣ ਦੇ ਸਮਰਥਕ ਵੀ ਹਨ। ਇਹ ਇਕ ਵੱਖਰੀ ਪਰੰਪਰਾ ਹੈ। ਸੂਤਰ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਧਾਰਮਿਕ ਪਰੰਪਰਾ ਮੰਨਣ ਦੇ ਹੱਕ ਵਿਚ ਹੈ, ਮਾਨਣ ਦੇ ਨਹੀਂ। ਕਿਸੇ ਦੇਵੀ ਆਦਿ ਦੀ ਮਾਨਤਾ ਵਿਚ ਭੇਟਾਵਾਂ ਮਣਸੀਆਂ ਜਾਂਦੀਆਂ ਹਨ, “ਤੇਰੀ ਦੀਦ ਅਸਾਂ ਨੂੰ ਮਣਸ ਕੇ, ਕੁਝ ਹੰਝੂ ਕਰ ਗਈ ਦਾਨ ਵੇ।” -ਸ਼ਿਵ ਕੁਮਾਰ। ਮੁਢਲੇ ਤੌਰ ‘ਤੇ ਮਣਸਣਾ ਸ਼ਬਦ ਵਿਚ ਕਿਸੇ ਦਾਨ ਆਦਿ ਦਾ ਮਨ ਵਿਚ ਸੰਕਲਪ ਕਰਨਾ ਹੈ, ਇਕ ਤਰ੍ਹਾਂ ਸੁੱਖ ਸੁਖਣ ਦੇ ਬਰਾਬਰ। ਮਨੋਰਥ ਸ਼ਬਦ ਦਾ ਸ਼ਾਬਦਿਕ ਅਰਥ ਹੈ ਮਨ ਦਾ ਅਰਥ ਅਰਥਾਤ ਮਨ ਜੋ ਚਾਹੁੰਦਾ ਹੈ। ਮਨ ਤੋਂ ਹੀ ਮੰਸ਼ਾ ਜਾਂ ਮਨਸਾ ਬਣੇ ਹਨ ਜੋ ਦੇਵੀਆਂ ਦੇ ਨਮਾਂਤਰ ਹਨ। ਇਸ ਦੇ ਸ਼ਾਬਦਿਕ ਅਰਥ ਹਨ ਮਨ ਤੋਂ ਪੈਦਾ ਹੋਏ। ਮਨਸਾ ਦੇਵੀ ਨੂੰ ਸ਼ਿਵ (ਕਈ ਥਾਂਵਾਂ ‘ਤੇ ਕਸ਼ਪ) ਦੇ ਮਨ ਤੋਂ ਪੈਦਾ ਹੋਈ (ਮਾਨਸ ਪੁਤਰੀ) ਮੰਨਿਆ ਜਾਂਦਾ ਹੈ। ਇਹ ਨਾਗਾਂ ਦੀ ਦੇਵੀ ਹੈ। ਇਸ ਨੂੰ ਨਾਗਭਗਨੀ, ਨਾਗੇਸ਼ਵਰੀ, ਵਿਸ਼ਹਰੀ ਵੀ ਕਿਹਾ ਜਾਂਦਾ ਹੈ। ਉਤਰੀ ਬੰਗਾਲ ਵਿਚ ਇਸ ਦੀ ਬਹੁਤ ਮਾਨਤਾ ਹੈ। ਹਰਦੁਆਰ ਹਰ ਕੀ ਪੌੜੀ ਲਾਗੇ ਇਸ ਦਾ ਮੰਦਰ ਹੈ। ਮਾਤਾ ਮਨਸਾ ਚੰਡੀਗੜ੍ਹ ਨੇੜੇ ਪੰਚਕੂਲਾ ਵਿਖੇ ਬਿਰਾਜਮਾਨ ਹੋ ਕੇ ਭਗਤਾਂ ਦੇ ਦੁਖ ਹਰਦੀ ਹੈ।
ਮਨ ਧਾਤੂ ਤੋਂ ਹੀ ਧਰਮ, ਸੰਪਰਦਾ, ਸਿਧਾਂਤ ਆਦਿ ਦੇ ਅਰਥਾਂ ਵਾਲਾ ਮੱਤ ਸ਼ਬਦ ਬਣਿਆ ਹੈ ਜਿਵੇਂ ਬੁਧਮਤ, ਗੁਰਮਤ ਆਦਿ: “ਭਿੰਨ ਭਿੰਨ ਘਰ ਘਰ ਮਤ ਗਹਿ ਹੈ” -ਕਲਕੀ। ਇਸ ਵਿਚ ਮਾਨਤਾ ਦੇ ਅਰਥ ਨਿਹਿਤ ਹਨ। ਇਸੇ ਲਈ ਇਸ ਦਾ ਇਕ ਹੋਰ ਅਰਥ ਬੁਧੀ, ਅਕਲ ਬਣ ਗਿਆ ਹੈ, “ਸਿੱਖਾਂ ਦਾ ਮਨ ਨੀਵਾਂ, ਮਤ ਉਚੀ।” ਰਾਏ, ਨਸੀਹਤ, ਉਪਦੇਸ਼ ਦੇ ਅਰਥਾਂ ਵੱਲ ਇਸ ਦਾ ਹੋਰ ਵਿਸਥਾਰ ਹੋਇਆ ਹੈ। ਇਸ ਤੋਂ ਅੱਗੇ ਹੋਰ ਸ਼ਬਦ ਬਣੇ ਹਨ- ਸਿੱਖਮਤ, ਦੁਰਮਤ, ਸੁਮੱਤ, ਸੰਮਤੀ, ਸਹਿਮਤ, ਮਤਹੀਣ, ਮਤੀਆ। ਮਤ ਤੋਂ ਹੋਰ ਅੱਗੇ ਮਸ਼ਵਰਾ ਆਦਿ ਦੇ ਅਰਥਾਂ ਵਾਲਾ ਮਤਾ ਸ਼ਬਦ ਬਣਿਆ ਜਿਸ ਨੇ ਫਿਰ ਗੁਰਮਤਾ ਨੂੰ ਜਨਮ ਦਿੱਤਾ। ਮਨ ਦੇ ਅਜੇ ਹੋਰ ਬਹੁਤ ਸਾਰੇ ਲੱਡੂ ਭੋਰਨੇ ਰਹਿੰਦੇ ਹਨ, ਮੂੰਹ ਸੰਵਾਰਦੇ ਰਹੋ!