ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ

ਡਾæ ਗੁਰਨਾਮ ਕੌਰ, ਕੈਨੇਡਾ
ਗੁਰਮਤਿ ਦਰਸ਼ਨ ਵਿਚ ਬਿਬੇਕ ਨੂੰ, ਜਿਸ ਦਾ ਸੰਸਕ੍ਰਿਤ ਰੂਪ ḔਵਿਵੇਕḔ ਹੈ, ਬਹੁਤ ਹੀ ਮਹੱਤਵ ਪੂਰਨ ਸਥਾਨ ਪ੍ਰਾਪਤ ਹੈ ਅਤੇ ਬਾਣੀ ਵਿਚ ਬਿਬੇਕ ਆਮ ਤੌਰ ‘ਤੇ ḔਬੁਧਿḔ ਨਾਲ ਆਇਆ ਹੈ। ਬਾਣੀ ਅਨੁਸਾਰ ਬਿਬੇਕ ਉਚਤਮ ਗਿਆਨ ਹੈ ਕਿਉਂਕਿ ਇਹ ਉਹ ਗਿਆਨ ਹੈ ਜਿਸ ਦਾ ਸਬੰਧ ਉਸ ਪਰਮ ਸਤਿ ਨਾਲ ਹੈ। ਜਿੱਥੇ ਇਸ ਨਾਲ ḔਬੁਧਿḔ ਸ਼ਬਦ ਦੀ ਵਰਤੋਂ ਹੋਈ ਹੈ ਇਸ ਦਾ ਅਰਥ ਹੈ ਕਿ ਸਹੀ ਨਿਤਾਰਾ ਕਰ ਸਕਣ ਦੀ ਸੋਝੀ ਜਾਂ ਸਮਰੱਥਾ ਜੋ ਜਗਿਆਸੂ ਨੂੰ ਪਰਮਸਤਿ ਅਤੇ ਕੂੜ ਜਾਂ ਝੂਠ ਵਿਚ ਨਿਤਾਰਾ ਕਰ ਸਕਣ ਦੇ ਯੋਗ ਬਣਾਉਂਦੀ ਹੈ। ਬਾਣੀ ਵਿਚ ਅਕਾਲ ਪੁਰਖ ਅੱਗੇ Ḕਦੀਜੈ ਬੁਧਿ ਬਿਬੇਕਾḔ ਲਈ ਅਰਦਾਸ ਕੀਤੀ ਗਈ ਹੈ ਜਿਸ ਦਾ ਦੁਨਿਆਵੀ ਅਰਥ ਇਹ ਵੀ ਬਣਦਾ ਹੈ ਕਿ ਸਿੱਖ ਵਿਚ ਸੱਚ ਅਤੇ ਝੂਠ, ਸਹੀ ਅਤੇ ਗਲਤ ਵਿਚ ਨਿਖੇੜਾ ਕਰ ਸਕਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਬਿਬੇਕ ਮਨੁੱਖੀ ਮਨ ਨੂੰ ਇਲਹਾਮ ਦੀ ਚੇਤਨਾ ਹੈ। ਇਹ ਉਚਤਮ ਗਿਆਨ ਹੈ।
ਗੁਰੂ ਅਮਰਦਾਸ ਸਾਹਿਬ ਇਹ ਚੇਤਨਾ ਕਰਵਾਉਂਦੇ ਹਨ ਕਿ ਬਿਬੇਕ ਬੁਧਿ ਅਰਥਾਤ ਗਿਆਨ ਅਤੇ ਵਿਚਾਰ ਵਾਲੀ ਅਕਲ ਜਾਂ ਸੋਝੀ ਉਸ ਮਨੁੱਖ ਨੂੰ ਹੁੰਦੀ ਹੈ ਜੋ ਗੁਰੂ ਦਾ ਅਨੁਸਾਰੀ ਹੈ ਅਰਥਾਤ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਦੀ ਸਿੱਖਿਆ ‘ਤੇ ਚੱਲਦਾ ਹੈ। ਉਹ ਗੁਰੂ ਦੇ ਸਨਮੁਖ ਰਹਿ ਕੇ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਦਾ ਹੈ ਅਤੇ ਉਸ ਦੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ। ਉਸ ਦੀ ਰਹਿਣੀ ਉਚੀ-ਸੁੱਚੀ ਅਤੇ ਸੱਚੀ ਹੁੰਦੀ ਹੈ ਅਤੇ ਉਹ ਉਚੀ ਮਤਿ ਵਾਲਾ ਹੁੰਦਾ ਹੈ। ਜੋ ਕੋਈ ਦੂਸਰਾ ਮਨੁੱਖ ਵੀ ਅਜਿਹੇ ਗੁਰਮੁਖਿ ਦੀ ਸੰਗਤਿ ਕਰਦਾ ਹੈ, ਉਹ ਉਸ ਨੂੰ ਵੀ ਇਸ ਸੰਸਾਰ ਸਾਗਰ ਤੋਂ ਪਾਰ ਉਤਾਰ ਲੈਂਦਾ ਹੈ। ਗੁਰੂ ਦੇ ਸਨਮੁਖ ਹੋ ਕੇ ਚੱਲਣ ਵਾਲੇ ਮਨੁੱਖ ਦੇ ਹਿਰਦੇ ਵਿਚ ਪਰਵਰਦਗਾਰ ਦੇ ਨਾਮ ਦੀ ਸੁਗੰਧੀ ਸਮਾਈ ਹੋਈ ਹੁੰਦੀ ਹੈ ਅਰਥਾਤ ਉਸ ਦਾ ਮਨ ਸਦਾ ਅਕਾਲ ਪੁਰਖ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ। ਉਸ ਦੀ ਅਕਾਲ ਪੁਰਖ ਦੇ ਦਰਵਾਜ਼ੇ ‘ਤੇ ਵਡਿਆਈ ਹੁੰਦੀ ਹੈ ਅਤੇ ਉਸ ਦੀ ਬੋਲੀ ਉਤਮ ਹੋ ਜਾਂਦੀ ਹੈ। ਇਸ ਲਈ ਜੋ ਵੀ ਮਨੁੱਖ ਉਸ ਦੀ ਬੋਲੀ ਨੂੰ ਸੁਣਦਾ ਹੈ, ਉਹ ਅਨੰਦਤ ਹੋ ਜਾਂਦਾ ਹੈ, ਨਿਹਾਲ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਮਨੁੱਖ ਨੇ ਸਤਿਗੁਰੂ ਦੀ ਸੰਗਤਿ ਤੋਂ, ਸਤਿਗੁਰੂ ਨੂੰ ਮਿਲ ਕੇ ਨਾਮ ਦਾ ਇਹ ਖ਼ਜ਼ਾਨਾ ਪ੍ਰਾਪਤ ਕੀਤਾ ਹੋਇਆ ਹੁੰਦਾ ਹੈ,
ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ॥
ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ॥
ਪਵਿਤੁ ਪਾਵਨੁ ਪਰਮ ਬੀਚਾਰੀ॥
ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ॥
ਅੰਤਰਿ ਹਰਿ ਨਾਮੁ ਬਾਸਨਾ ਸਮਾਣੀ॥
ਹਰਿ ਦਰਿ ਸੋਭਾ ਮਹਾ ਉਤਮ ਬਾਣੀ॥
ਜਿ ਪੁਰਖੁ ਸੁਣੈ ਸੁ ਹੋਇ ਨਿਹਾਲੁ॥
ਨਾਨਕ ਸਤਿਗੁਰਿ ਮਿਲਿਐ ਪਾਇਆ ਨਾਮੁ ਧਨੁ ਮਾਲੁ॥੧॥ (ਪੰਨਾ ੩੧੭)
ਅਗਲੇ ਸਲੋਕ ਵਿਚ ਗੁਰੂ ਰਾਮਦਾਸ ਸਾਹਿਬ ਫੁਰਮਾਉਂਦੇ ਹਨ ਕਿ ਸਤਿਗੁਰ ਨੂੰ ਕੀ ਚੰਗਾ ਲੱਗਦਾ ਹੈ, ਮਨੁੱਖ ਦੀ ਸਮਝ ਵਿਚ ਨਹੀਂ ਪੈ ਸਕਦਾ; ਸਤਿਗੁਰ ਦੇ ਹਿਰਦੇ ਵਿਚ ਕੀ ਹੈ, ਇਸ ਦਾ ਭੇਦ ਮਨੁੱਖ ਨਹੀਂ ਪਾ ਸਕਦਾ। ਇਸ ਤਰ੍ਹਾਂ ਸਤਿਗੁਰ ਦੀ ਖੁਸ਼ੀ ਪ੍ਰਾਪਤ ਕਰਨੀ ਇੱਕ ਮੁਸ਼ਕਿਲ ਕਾਰਜ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਇਸ ਦੇ ਨਾਲ ਹੀ ਇਹ ਵੀ ਇੱਕ ਸੱਚਾਈ ਹੈ ਕਿ ਸਤਿਗੁਰ ਸੱਚੇ ਸਿੱਖਾਂ ਦੇ ਹਿਰਦੇ ਵਿਚ ਵਰਤ ਰਿਹਾ ਹੈ, ਗੁਰਸਿੱਖਾਂ ਦੇ ਹਿਰਦੇ ਵਿਚ ਵਿਆਪਕ ਹੈ ਅਤੇ ਜੋ ਕੋਈ ਵੀ ਮਨੁੱਖ ਉਨ੍ਹਾਂ ਦੀ ਸੇਵਾ ਕਰਨ ਦੀ ਲੋਚਾ ਜਾਂ ਤਾਂਘ ਰੱਖਦਾ ਹੈ, ਉਹ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰ ਜੋ ਆਗਿਆ ਦਿੰਦਾ ਹੈ, ਗੁਰਸਿੱਖ ਉਹੀ ਕਾਰ ਕਮਾਉਂਦੇ ਹਨ, ਉਹੋ ਹੀ ਜਪੁ ਅਤੇ ਸਿਮਰਨ ਕਰਦੇ ਹਨ ਅਤੇ ਸੱਚਾ ਅਕਾਲ ਪੁਰਖ ਉਨ੍ਹਾਂ ਦੀ ਘਾਲ ਕਮਾਈ ਨੂੰ, ਉਨ੍ਹਾਂ ਦੀ ਮਿਹਨਤ ਨੂੰ ਕਬੂਲ ਕਰ ਲੈਂਦਾ ਹੈ,
ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ॥
ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ॥
ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ॥
ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਕੋਈ ਵੀ ਮਨੁੱਖ ਸਤਿਗੁਰ ਦੇ ਹੁਕਮ ਦੇ ਵਿਰੁਧ, ਸਤਿਗੁਰ ਦੀ ਆਗਿਆ ਦੇ ਵਿਪਰੀਤ ਗੁਰਸਿੱਖਾਂ ਕੋਲੋਂ ਕੋਈ ਕੰਮ ਕਰਵਾਉਣਾ ਚਾਹੇ, ਗੁਰੂ ਦਾ ਸਿੱਖ ਫਿਰ ਅਜਿਹੇ ਵਿਅਕਤੀ ਦੇ ਨੇੜੇ ਨਹੀਂ ਢੁਕਦਾ (ਕਿਉਂਕਿ ਗੁਰੂ ਦਾ ਸੱਚਾ ਸਿੱਖ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾਂਦਾ)। ਪਰ ਜੋ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੀ ਹਜ਼ੂਰੀ ਵਿਚ ਆਪਣਾ ਮਨ ਜੋੜ ਕੇ ਸੇਵਾ ਦੀ ਘਾਲ ਕਮਾਉਂਦਾ ਹੈ, ਗੁਰਸਿੱਖ ਉਸ ਦੀ ਕਾਰ ਕਮਾਉਂਦਾ ਹੈ, ਉਸ ਦਾ ਕੰਮ ਕਰਦਾ ਹੈ। ਜਿਹੜਾ ਮਨੁੱਖ ਕਪਟ ਕਰਦਾ ਹੈ, ਛਲ-ਫਰੇਬ ਕਰਨ ਆਉਂਦਾ ਹੈ ਅਰਥਾਤ ਗੁਰੂ ਦੀ ਹਜ਼ੂਰੀ ਵਿਚ ਕਪਟ ਨਾਲ ਆਉਂਦਾ ਹੈ ਅਤੇ ਕਪਟ ਨਾਲ ਹੀ ਚਲਾ ਜਾਂਦਾ ਹੈ, ਗੁਰੂ ਦਾ ਸਿੱਖ ਅਜਿਹੇ ਮਨੁੱਖ ਦੇ ਕਦੇ ਵੀ ਨੇੜੇ ਨਹੀਂ ਲੱਗਦਾ। ਗੁਰੂ ਸਾਹਿਬ ਇਹ ਗੱਲ ਸਪੱਸ਼ਟ ਰੂਪ ਵਿਚ ਸਮਝਾਉਂਦੇ ਹਨ, ਇਹ ਵਿਚਾਰ ਦੱਸਦੇ ਹਨ ਕਿ ਜਿਹੜਾ ਮਨੁੱਖ ਸਤਿਗੁਰ ਦੀ ਆਗਿਆ ਦੇ ਉਲਟ, ਗੁਰੂ-ਆਸ਼ੇ ਦੇ ਵਿਪਰੀਤ ਗੁਰਸਿੱਖ ਕੋਲੋਂ ਕੋਈ ਕਾਰਜ ਕਰਵਾਉਂਦਾ ਹੈ ਉਹ ਮਨੁੱਖ ਬਹੁਤ ਜਿਆਦਾ ਦੁੱਖ ਪਾਉਂਦਾ ਹੈ,
ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ॥
ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ॥
ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ॥
ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ॥
ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ॥੨॥ (ਪੰਨਾ ੩੧੭)
ਉਪਰ ਦਿੱਤੇ ਸਲੋਕ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਾਪੀ ਸ਼ਬਦਾਰਥ ਦੀ ਪੋਥੀ ਵਿਚ ਇਸ ਸਲੋਕ ਦਾ ਸ਼ਬਦਾਰਥ ਕਰਦਿਆਂ ਦੱਸਿਆ ਹੈ ਕਿ, “ਇਥੇ ਗੁਰੂ ਜੀ ਅੱਡ-ਅੱਡ ਗੱਦੀਆਂ ਲਾ ਕੇ ਸਿੱਖੀ ਸੇਵਕੀ ਬਨਾਣ ਵਾਲਿਆਂ ਕੋਲੋਂ ਆਪਣੇ ਸਿੱਖਾਂ ਨੂੰ ਬਚਾਣਾ ਚਾਹੁੰਦੇ ਹਨ।” ਇਹ ਇੱਕ ਸੱਚਾਈ ਹੈ ਕਿ ਗੁਰਗੱਦੀ ਦੇ ਲਾਲਚ ਵਿਚ ਬਾਬਾ ਸ੍ਰੀ ਚੰਦ ਤੋਂ ਹੀ ਗੁਰੂ-ਘਰ ਦੇ ਵਿਰੋਧ ਵਿਚ ਵੱਖਰੀ ਸਥਾਪਤੀ ਸ਼ੁਰੂ ਹੋ ਗਈ ਸੀ। ਵਰਤਮਾਨ ਸਮੇਂ ਵਿਚ ਵੀ ਵੱਖ ਵੱਖ ਸੰਤਾਂ ਦੇ ਡੇਰਿਆਂ ਦੇ ਰੂਪ ਵਿਚ ਇਹ ਵਰਤਾਰਾ ਬਹੁਤ ਪ੍ਰਫੁਲਿਤ ਹੋ ਰਿਹਾ ਹੈ ਜੋ ਸਿੱਖੀ ਦੇ ਨਾਮ ਹੇਠਾਂ ਸਿੱਖਾਂ ਵਿਚ ਗੁਰਮਤਿ ਦੇ ਬਿਲਕੁਲ ਉਲਟ Ḕਨਾਮ ਦੇਣḔ ਅਤੇ ਹੋਰ ਬਹੁਤ ਕਿਸਮ ਦੇ ਵਹਿਮਾਂ-ਭਰਮਾਂ ਨੂੰ ਫੈਲਾਉਣ ਦਾ ਕਾਰਨ ਬਣ ਰਹੇ ਹਨ। ਕਈ ਕਿਸਮ ਦੇ ਮਾਨਸਿਕ ਡਰ ਪੈਦਾ ਕਰਕੇ ਭੋਲੇ-ਭਾਲੇ ਸਿੱਖਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ।
ਇਸ ਵਾਰ ਦੀ 33ਵੀਂ ਅਤੇ ਆਖਰੀ ਪਉੜੀ ਵਿਚ ਗੁਰੂ ਰਾਮਦਾਸ ਸਾਹਿਬ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ- ਹੇ ਅਕਾਲ ਪੁਰਖ! ਤੂੰ ਵੱਡਿਆਂ ਤੋਂ ਵੀ ਵੱਡਾ ਹੈਂ, ਤੂੰ ਸਭ ਦਾ ਸੱਚਾ ਮਾਲਕ, ਸੁਆਮੀ ਅਤੇ ਬਹੁਤ ਵੱਡਾ ਹੈਂ, ਆਪਣੇ ਜਿੱਡਾ ਤੂੰ ਆਪ ਹੀ ਹੈਂ ਅਰਥਾਤ ਕੋਈ ਹੋਰ ਤੇਰੇ ਬਰਾਬਰ ਨਹੀਂ ਹੈ। ਜਿਸ ਨੂੰ ਆਪਣੇ ਨਾਲ ਮਿਲਾਉਂਦਾ ਹੈਂ, ਉਹ ਜੀਵ ਹੀ ਤੈਨੂੰ ਮਿਲਦਾ ਹੈ, ਜਿਸ ਦਾ ਲੇਖਾ ਛੱਡ ਕੇ ਅਰਥਾਤ ਉਸ ਦੇ ਕਰਮਾਂ ਦਾ ਹਿਸਾਬ ਛੱਡ ਕੇ ਤੂੰ ਉਸ ਉਤੇ ਮਿਹਰ ਕਰਦਾ ਹੈਂ ਅਤੇ ਮੇਲਦਾ ਹੈਂ, ਉਹ ਹੀ ਤੈਨੂੰ ਮਿਲਦਾ ਹੈ। ਜਿਸ ਨੂੰ ਤੂੰ ਆਪ ਮਿਲਾਉਂਦਾ ਹੈਂ, ਉਹ ਹੀ ਤੇਰੀ ਬਖਸ਼ਿਸ਼ ਸਦਕਾ ਪੂਰਾ ਮਨ-ਚਿੱਤ ਲਾ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ। ਤੂੰ ਸੱਚਾ ਮਾਲਕ ਹੈਂ, ਸਦੀਵੀ ਕਾਇਮ ਰਹਿਣ ਵਾਲੀ ਸੱਚੀ ਹੋਂਦ ਹੈਂ, ਸੰਸਾਰ ਦੇ ਜੀਵਾਂ ਦਾ ਸਭ ਕੁਝ ਅਰਥਾਤ ਉਨ੍ਹਾਂ ਦੀ ਜਿੰਦ-ਜਾਨ, ਉਨ੍ਹਾਂ ਦਾ ਸਰੀਰ, ਚੰਮ, ਹੱਡ- ਸਭ ਕੁਝ ਤੇਰੀ ਹੀ ਦਾਤ ਹੈ, ਸਭ ਕੁਝ ਤੇਰਾ ਬਖਸ਼ਿਸ਼ ਕੀਤਾ ਹੋਇਆ ਹੈ। ਗੁਰੂ ਸਾਹਿਬ ਅਰਦਾਸ ਕਰਦੇ ਹਨ- ਹੇ ਵੱਡਿਆਂ ਦੇ ਵੱਡੇ ਸੱਚੇ ਪਰਮਾਤਮਾ! ਜਿਵੇਂ ਤੈਨੂੰ ਭਾਉਂਦਾ ਹੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉਵੇਂ ਹੀ ਸਾਨੂੰ ਜੀਵਾਂ ਨੂੰ ਰੱਖ ਲੈ, ਮਨ ਵਿਚ ਤੇਰੀ ਹੀ ਆਸ ਅਤੇ ਓਟ ਹੈ,
ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ॥
ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ ਤੂੰ ਆਪੇ ਬਖਸਿ ਲੈਹਿ ਲੇਖਾ ਛਡੇ॥
ਜਿਸ ਨੋ ਤੂੰ ਆਪਿ ਮਿਲਾਇਦਾ ਸੇ ਸਤਿਗੁਰੁ ਸੇਵੇ ਮਨੁ ਗਡਿ ਗਡੇ॥
ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ॥
ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ॥੩੩॥੧॥ ਸੁਧੁ॥
(ਪੰਨਾ ੩੧੭-੧੮)