ਉਜਾੜ ਪਈ ਭੀੜੀ ਗਲੀ

‘ਉਜਾੜ ਪਈ ਭੀੜੀ ਗਲੀ’ ਲੰਘ ਚੁੱਕੇ ਵਕਤਾਂ ਦਾ ਵੇਰਵਾ ਹੈ। ਉਂਜ ਦਲਬੀਰ ਸਿੰਘ ਨੇ ਇਸ ਵੇਰਵੇ ਦੀਆਂ ਬਾਤਾਂ ਅੱਜ ਨਾਲ ਜੋੜ ਕੇ ਕੀਤੀਆਂ ਹਨ। ਇਸੇ ਕਰ ਕੇ ਇਸ ਥਕਾਨ ਵਿਚੋਂ ਉਡਾਣ ਦੇ ਝਉਲੇ ਵੀ ਪੈਂਦੇ ਹਨ। ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਭਾਵੇਂ ਉਹਦੇ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਯਾਦਾਂ ਹਨ; ਪਰ ਯਾਦਾਂ ਦੀਆਂ ਇਹ ਲੜੀਆਂ ਫੈਲ ਕੇ ਪੰਜਾਬ ਦੇ ਪਿੰਡਾਂ ਨਾਲ ਜੁੜ ਗਈਆਂ ਜਾਪਦੀਆਂ ਹਨ। ਉਹ ਪਿੰਡ ਦੀ ਨਬਜ਼ ਉਤੇ ਆਪਣੀਆਂ ਉਂਗਲਾਂ ਦੇ ਪੋਟੇ ਰੱਖ ਕੇ ਇਹਦਾ ਹਾਲ-ਚਾਲ ਪੁੱਛਦਾ ਪ੍ਰਤੀਤ ਹੁੰਦਾ ਹੈ। ਮਹਿਸੂਸ ਹੁੰਦਾ ਹੈ ਜਿਵੇਂ ਇਸ ਲਿਖਤ ਰਾਹੀਂ ਉਹ ਪੁਰਾਣੇ ਪੰਜਾਬ ਨੂੰ ਹਾਕਾਂ ਮਾਰ ਰਿਹਾ ਹੈ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਕਈ ਦਹਾਕਿਆਂ ਤੋਂ ਤੇਜ਼ੀ ਨਾਲ ਬਦਲੇ ਹਨ। -ਸੰਪਾਦਕ

ਦਲਬੀਰ ਸਿੰਘ
ਖੇਤਾਂ ਤੇ ਖੂਹਾਂ ਵੱਲੋਂ ਮੋੜ ਕੇ ਮੈਂ ਖੱਬੇ ਵੱਲ ਜਾਂਦੀ ਫਿਰਨੀ ਨੂੰ ਮੁੜਦਾ ਹਾਂ। ਇਹ ਉਹ ਫਿਰਨੀ ਹੈ ਜਿਹੜੀ ਅੱਗੇ ਜਾ ਕੇ ਗੁਰਦੁਆਰੇ ਦੇ ਪਿਛਵਾੜਿਉਂ ਹੁੰਦੀ ਹੋਈ ਉਸ ਰਸਤੇ ਨੂੰ ਮਿਲਦੀ ਹੈ ਜਿਹੜਾ ਗੁਆਂਢੀ ਪਿੰਡ ਭੋਜੋਵਾਲ ਨੂੰ ਜਾਂਦਾ ਹੈ। ਭੋਜੋਵਾਲ ਸਾਡੇ ਪਿੰਡ ਤੋਂ ਰਤਾ ਕੁ ਨੀਵਾਂ ਹੈ। ਇਸ ਲਈ ਅਸੀਂ ਨੀਵੇਂ ਢਿਲਕੇ ਮੰਜੇ ਨੂੰ ਭੋਜੇਵਾਲ ਵਰਗਾ ਮੰਜਾ ਕਹਿੰਦੇ ਸਾਂ। ਹਾਲੇ ਇਸ ਫਿਰਨੀ ਉਤੇ ਪਿਆ ਹੀ ਸਾਂ ਕਿ ਪੱਕੇ ਰੰਗ ਦਾ ਇਕ ਬਜ਼ੁਰਗ ਥੜ੍ਹੀ ਉਤੇ ਬੈਠਾ ਦਿਸਿਆ। ਇਹ ਮਹਿਰਿਆਂ (ਝਿਊਰਾਂ) ਦਾ ਹਰਬੰਸ ਸਿੰਘ ਸੀ। “ਕਿਉਂ ਬਈ, ਤੂੰ ਮੋਤੀ ਦਾ ਭਰਾ ਤਾਂ ਨਹੀਂ?” ਉਹਨੇ ਮੈਨੂੰ ਪਛਾਣਨ ਲਈ ਮੇਰੇ ਸਭ ਤੋਂ ਛੋਟੇ ਭਾਈ ਸੁਖਬੀਰ ਦਾ ਹਵਾਲਾ ਦਿੱਤਾ ਜਿਸ ਦਾ ਘਰ ਦਾ ਨਾਂ ਮੋਤੀ ਹੈ।
ਹਰਬੰਸ ਸਿੰਘ ਉਸ ਭੀੜੀ ਗਲੀ ਦੇ ਬਾਹਰ ਬੈਠਾ ਸੀ ਜਿਸ ਦੇ ਵਿਚਕਾਰ ਉਸ ਦਾ ਘਰ ਹੈ। ਇਹ ਗਲੀ ਇਸ ਫਿਰਨੀ ਵਾਲੇ ਪਾਸੇ ਬਹੁਤ ਭੀੜੀ ਹੈ, ਇੰਨੀ ਭੀੜੀ ਕਿ ਕਈ ਵਾਰੀ ਦੋ ਤਕੜੇ ਤਾਂ ਕੀ, ਸਾਧਾਰਨ ਬੰਦੇ ਇਕੱਠੇ ਲੰਘਣੇ ਔਖੇ ਹੋ ਜਾਂਦੇ ਹਨ। ਹਰਬੰਸ ਸਿੰਘ ਹੀ ਨਹੀਂ, ਉਸ ਦੀ ਬਿਰਾਦਰੀ ਦੇ ਹੋਰ ਲੋਕਾਂ ਦੇ ਘਰ ਵੀ ਇਸੇ ਭੀੜੀ ਗਲੀ ਵਿਚ ਹਨ। ਉਹ ਸਾਈਕਲਾਂ ਦਾ ਕੰਮ ਕਰਦਾ ਸੀ। ਉਸ ਨੇ ਸਾਰੀ ਉਮਰ ਜਲੰਧਰ ਦੇ ਰੈਣਕ ਬਾਜ਼ਾਰ ਦੀ ਇਕ ਦੁਕਾਨ ਉਤੇ ਬਿਤਾ ਦਿੱਤੀ। ਮਿਸਤਰੀ ਉਹ ਬਹੁਤ ਚੰਗਾ ਸੀ, ਇਸ ਲਈ ਉਸ ਦੇ ਮਾਲਕਾਂ ਨੇ ਉਦੋਂ ਵੀ ਉਸ ਦੀ ਬਾਂਹ ਨਹੀਂ ਛੱਡੀ, ਜਦੋਂ ਉਸ ਦੀਆਂ ਅੱਖਾਂ ਰਹਿ ਗਈਆਂ ਸਨ। “ਅੱਜ ਕੱਲ੍ਹ ਵੀ ਉਹ ਮੇਰੇ ਇਕੱਲੇ ਦੇ ਗੁਜ਼ਾਰੇ ਜੋਗਾ ਖਰਚਾ ਦੇਈ ਜਾਂਦੇ ਆ। ਤਾਈ ਤੇਰੀ ਕੁਸ਼ ਸਾਲ ਹੋਏ ਗੁਜ਼ਰ ਗਈ ਸੀ।” ਉਹ ਦੱਸਦਾ ਹੈ।
ਮੈਂ ਆਪਣੀ ਬੇਟੀ ਨੂੰ ਦੱਸਦਾ ਹਾਂ ਕਿ ਤਾਇਆ ਹਰਬੰਸ ਸਿੰਘ ਪਹਿਲਾ ਬੰਦਾ ਸੀ ਜਿਸ ਨੇ ਪਿੰਡ ਵਿਚ ਰੇਡੀਓ ਲਿਆਂਦਾ ਸੀ। ਇਕ ਕਮਰੇ ਵਾਲੇ ਉਸ ਦੇ ਚੁਬਾਰੇ ਉਤੇ ਦੋ ਬਾਂਸ ਗੱਡ ਕੇ ਏਰੀਅਲ ਬੰਨ੍ਹਿਆ ਹੁੰਦਾ ਸੀ ਤੇ ਸ਼ਾਮ ਵੇਲੇ, ਖਾਸ ਕਰ ਕੇ ਖ਼ਬਰਾਂ ਅਤੇ ਠੰਡੂ ਰਾਮ ਦਾ ਪ੍ਰੋਗਰਾਮ, ਉਹ ਬਹੁਤ ਉਚੀ ਆਵਾਜ਼ ਵਿਚ ਲਾਉਂਦਾ ਸੀ। ਉਸ ਦਾ ਰੇਡੀਓ ਅੱਧੇ ਪਿੰਡ ਨੂੰ ਸੁਣਦਾ ਹੁੰਦਾ ਸੀ। ਛੱਤੋ-ਛੱਤੀ ਸਾਡਾ ਘਰ ਬਹੁਤੀ ਦੂਰ ਨਹੀਂ ਸੀ। ਇਸ ਲਈ ਉਸ ਦਾ ਰੇਡੀਓ ਸਾਡੀ ਛੱਤ ਉਤੇ ਸੁਣਾਈ ਦੇ ਜਾਂਦਾ ਸੀ।
ਤਾਏ ਹਰਬੰਸ ਸਿਹੁੰ ਤੋਂ ਆਗਿਆ ਲੈ ਕੇ ਬੇਟੀ ਨੂੰ ਭੀੜੀ ਗਲੀ ਵਿਚ ਲੈ ਜਾਂਦਾ ਹਾਂ। ਉਹ ਮੈਥੋਂ ਅੱਗੇ ਤੁਰ ਰਹੀ ਹੈ। ਦੋਵੇਂ ਹੱਥ ਕੰਧਾਂ ਨੂੰ ਲੱਗ ਰਹੇ ਸਨ। ਖੱਬੇ ਹੱਥ ਵਾਲਾ ਪਹਿਲਾ ਦਰਵਾਜ਼ਾ ਬੰਦ ਹੈ, ਜਿੰਦਾ ਲੱਗਾ ਹੈ। ਸੱਜੇ ਮੁੜਦੇ ਹਾਂ ਤਾਂ ਖੱਬੇ ਵਾਲਾ ਵੀ ਤੇ ਸੱਜੇ ਵਾਲਾ ਵੀ, ਦੋਵੇਂ ਬੰਦ ਹਨ। ਸਭ ਉਤੇ ਜਿੰਦੇ ਲੱਗੇ ਹੋਏ ਹਨ। ਖੱਬੇ ਪਾਸੇ ਤਾਂ ਖੋਲੇ ਹੀ ਪਏ ਹਨ। ਫਿਰ ਸੱਜੇ ਮੁੜਦੇ ਹਾਂ ਤਾਂ ਸਾਹਮਣੇ ਜਗਤ ਸਿੰਘ ਦਾ ਜਿੰਦਾ ਲੱਗੇ ਵਾਲਾ ਬੂਹਾ ਦਿਖਾਈ ਦਿੰਦਾ ਹੈ। ਜਗਤ ਸਿੰਘ ਦਾ ਭਤੀਜਾ ਹਰਬੰਸ ਜਿਸ ਨੂੰ ਅਸੀਂ ਬਣ੍ਹਸੀ ਕਹਿੰਦੇ ਸਾਂ, ਕਦੇ ਮੇਰਾ ਗੂੜ੍ਹਾ ਮਿੱਤਰ ਹੁੰਦਾ ਸੀ। ਇਸ ਮਕਾਨ ਦਾ ਇਕ ਦਰਵਾਜ਼ਾ ਪਿਛਲੇ ਪਾਸੇ ਫ਼ਿਰਨੀ ਨੂੰ ਨਿਕਲਦਾ ਸੀ। ਇਧਰਲੇ ਅੰਦਰਲੇ ਪਾਸੇ ਦਾ ਬੂਹਾ ਲੰਘਦੇ ਸਾਰ ਸੱਜੇ ਪਾਸੇ ਪੌੜੀਆਂ ਸਨ। ਉਥੇ ਚੁਬਾਰੇ ਵਿਚ ਹੀ ਬਣ੍ਹਸੀ ਦਾ ਡੇਰਾ ਹੁੰਦਾ ਸੀ। ਉਸ ਨੂੰ ਕਹਾਣੀਆਂ ਲਿਖਣ ਦਾ ਸ਼ੌਕ ਸੀ ਤੇ ਮੈਨੂੰ ਉਨ੍ਹੀਂ ਦਿਨੀਂ ਕਵਿਤਾ ਲਿਖਣ ਦਾ। ਅਸੀਂ ਅਕਸਰ ਚੁਬਾਰੇ ਵਿਚ ਬੈਠ ਕੇ ਸਾਹਿਤਕ ਗੱਲਾਂ ਕਰਦੇ ਸਾਂ, ਜਾਂ ਇੱਧਰ-ਉਧਰ ਦੀਆਂ ਮਾਰਦੇ ਸਾਂ।
ਇਸ ਚੁਬਾਰੇ ਵਿਚ ਬਣ੍ਹਸੀ ਅਤੇ ਮੇਰੇ ਬਿਨਾਂ ਹੋਰ ਕੋਈ ਨਹੀਂ ਸੀ ਜਾਂਦਾ। ਖਬਰੇ ਨੌਵੀਂ ਜਾਂ ਦਸਵੀਂ ਵਿਚ ਸਾਂ ਕਿ ਬਣ੍ਹਸੀ ਕੋਲ ਇਕ ਨੌਜਵਾਨ ਆਇਆ। ਉਹ ਨੈਸ਼ਨਲ ਸਕੂਲ, ਜਲੰਧਰ ਛਾਉਣੀ ਵਿਚ ਪੜ੍ਹਦਾ ਸੀ। ਉਸ ਦੇ ਵਾਲ ਲਾਲ ਰੰਗੇ ਹੋਏ ਸਨ। ਉਹ ਬਣ੍ਹਸੀ ਦਾ ਕਲਾਸ ਫੈਲੋ ਸੀ ਤੇ ਕਵਿਤਾ ਲਿਖਦਾ ਸੀ। ਉਹ ਆਪਣਾ ਨਾਂ ਪਾਸ਼ ਦੱਸਦਾ ਸੀ। ਕਵਿਤਾ ਮੈਂ ਵੀ ਲਿਖਦਾ ਸੀ, ਪਰ ਧਾਰਮਿਕ ਤੇ ਆਦਰਸ਼ਵਾਦ ਵਾਲੀ। ਇਸ ਲਈ ਜਿਹੜੇ ਦੋ ਦਿਨ ਪਾਸ਼ ਉਥੇ ਰਿਹਾ, ਉਹ ਦੋ ਦਿਨ ਅਸੀਂ ਲਗਭਗ ਇਕੱਠੇ ਹੀ ਰਹੇ। ਪਾਸ਼ ਵਿਚ ਵੱਡਾ ਕਵੀ ਹੋਣ ਵਾਲੀ ਆਕੜ ਵੀ ਸੀ। ਮੈਨੂੰ ਲਗਦਾ ਸੀ ਕਿ ਉਹ ਮੈਨੂੰ ਆਪਣੇ ਹਾਣ ਦਾ ਨਹੀਂ ਸੀ ਸਮਝ ਰਿਹਾ। ਇਹ ਗੱਲ ਮਗਰੋਂ ਜਾ ਕੇ ਸਹੀ ਵੀ ਸਾਬਤ ਹੋ ਗਈ। ਹਾਣ ਦਾ ਤਾਂ ਕੀ, ਕਵਿਤਾ ਦੇ ਖੇਤਰ ਵਿਚ ਮੈਂ ਪਾਸ਼ ਦੇ ਪਾਸਕੂੰ ਵੀ ਨਹੀਂ ਸੀ!
ਫਿਰ ਵੀ, ਮੈਨੂੰ ਇਹ ਗੱਲ ਸਭ ਤੋਂ ਪਹਿਲਾਂ ਪਤਾ ਹੋਣ ਦਾ ਮਾਣ ਹਾਸਲ ਹੈ ਕਿ ਅਵਤਾਰ ਸਿੰਘ ਸੰਧੂ ਦਾ ਨਾਂ ਪਾਸ਼ ਕਿਵੇਂ ਪਿਆ। ਇਹ ਗੱਲ ਮੈਨੂੰ ਦੱਸੀ ਵੀ ਉਨ੍ਹਾਂ ਦੋ ਦਿਨਾਂ ਦੌਰਾਨ ਪਾਸ਼ ਦੇ ਸਾਹਮਣੇ ਹਰਬੰਸ ਨੇ ਹੀ ਸੀ। ਉਸ ਦੱØਸਿਆ ਸੀ, “ਸਾਡੇ ਸਕੂਲ ਵਿਚ ਨਵੀਂ-ਨਵੀਂ ਮਾਸਟਰਨੀ ਆਈ ਏ ਪ੍ਰਕਾਸ਼ ਕੌਰ। ਅਵਤਾਰ ਉਸ ਨਾਲ ਇਸ਼ਕ ਕਰਦੈ, ਤੇ ਉਸ ਨੇ ਨਾਂ ਦਾ ਪਹਿਲਾ ਅਤੇ ਆਖ਼ਰੀ ਅੱਖਰ ‘ਪ’ ਅਤੇ ‘ਸ਼’ ਲੈ ਕੇ ਉਸ ਨੇ ਆਪਣਾ ਤਖੱਲਸ ਰੱਖ ਲਿਆ- ਪਾਸ਼।” ਮੋਟੀਆਂ ਅੱਖਾਂ ਵਾਲਾ ਪਾਸ਼ ਇਸ ਸਮੇਂ ਦੌਰਾਨ ਸ਼ਾਇਰਾਨਾ ਅੰਦਾਜ਼ ਵਿਚ ਮੁਸਕਰਾਉਂਦਾ ਰਿਹਾ ਸੀ।
ਹਰਬੰਸ ਉਰਫ਼ ਬਣ੍ਹਸੀ ਛੇਤੀ ਹੀ ਅਮਰੀਕਾ ਚਲੇ ਗਿਆ ਸੀ। ਕੁਝ ਹਫ਼ਤਿਆਂ ਮਗਰੋਂ ਉਸ ਦੀ ਚਿੱਠੀ ਆਈ। ਤਿੰਨ-ਚਾਰ ਸਫ਼ਿਆਂ ਦੀ। ਉਸ ਵਿਚਲੀਆਂ ਹੋਰ ਗੱਲਾਂ ਤਾਂ ਭੁੱਲ ਗਈਆਂ, ਸਿਰਫ਼ ਇੰਨਾ ਹੀ ਚੇਤਾ ਹੈ ਕਿ ਉਸ ਨੇ ਕਿਸੇ ਬਾਰ ਵਿਚ ਬੈਠ ਕੇ ਸ਼ਰਾਬ ਦੇ ਘੁੱਟ ਪੀਣ ਅਤੇ ਕਿਸੇ ਗੋਰੀ ਨਾਲ ਇਸ਼ਕ ਦਾ ਵੇਰਵੇ ਨਾਲ ਜ਼ਿਕਰ ਕੀਤਾ ਸੀ। ਨਵੰਬਰ 1998 ਵਿਚ ਮੈਂ ਸ਼ਿਕਾਗੋ ਗਿਆ, ਤਾਂ ਆਪਣੇ ਮਿੱਤਰ ਇੰਦਰ ਮੋਹਨ ਸਿੰਘ ਬਿੰਦੂ ਨੂੰ ਹਰਬੰਸ ਲਾਲੀ ਬਾਰੇ ਪੁੱਛਿਆ, ਪਰ ਕੋਈ ਸੂਹ ਨਹੀਂ ਮਿਲੀ।
ਬੇਟੀ ਨੂੰ ਮੇਰੀਆਂ ਭਾਵਨਾਵਾਂ ਅਤੇ ਮੇਰੇ ਚੇਤੇ ਦੇ ਖੰਡਰਾਂ ਦੀ ਕੋਈ ਪ੍ਰਵਾਹ ਨਹੀਂ। ਉਹ ਤਾਂ ਸਿਰਫ਼ ਪਿੰਡ ਦੇਖਣਾ ਚਾਹੁੰਦੀ ਹੈ। ਇਸ ਲਈ ਚੇਤੇ ਦੇ ਜਾਲੇ ਨੂੰ ਛੱਡ ਕੇ ਮੈਂ ਖੱਬੇ ਮੁੜ ਜਾਂਦਾ ਹਾਂ। ਸਭ ਘਰ ਖੋਲੇ ਤੇ ਖਾਲੀ ਹਨ। ਸਿਰਫ਼ ਤਾਇਆ ਹਰਬੰਸ ਸਿੰਘ ਦੇ ਘਰ ਵਿਚ ਹਿਲਜੁਲ ਨਜ਼ਰ ਆਉਂਦੀ ਹੈ, ਜਾਂ ਐਨ ਨਾਲ ਵਾਲੇ ਗਿਆਨੀ ਹੀਰਾ ਸਿੰਘ ਦੇ ਘਰ ਦਾ ਬੂਹਾ ਖੁੱਲ੍ਹਾ ਹੈ।
ਗਿਆਨੀ ਹੀਰਾ ਸਿੰਘ ਸਾਡੇ ਪਿੰਡ ਦਾ ਨਹੀਂ ਸੀ, ਪਰ ਉਸ ਨੇ ਪਿੰਡ ਦੇ ਗੁਰਦੁਆਰੇ ਦੀ ਸਾਂਭ-ਸੰਭਾਲ ਇਉਂ ਕੀਤੀ, ਕਿ ਪਿੰਡ ਦਾ ਹੀ ਹੋ ਕੇ ਰਹਿ ਗਿਆ। ਉਸ ਦਾ ਪੁੱਤਰ ਸੰਤੋਖ ਪਹਿਲਾਂ ਕਿਸੇ ਰਿਸ਼ਤੇਦਾਰ ਦੇ ਘਰ ਕਿਸੇ ਹੋਰ ਪਿੰਡ ਰਹਿੰਦਾ ਸੀ ਤੇ ਗਿਆਨੀ ਹੀਰਾ ਸਿੰਘ ਗੁਰਦੁਆਰੇ ਦੇ ਇਕ ਕਮਰੇ ਵਿਚ ਰਹੀ ਜਾਂਦਾ ਸੀ। ਫਿਰ ਉਸ ਨੇ ਸੰਤੋਖ ਨੂੰ ਵੀ ਲੈ ਆਂਦਾ, ਵਿਆਹ ਕਰ ਦਿੱਤਾ ਤੇ ਇਹ ਥਾਂ ਖਰੀਦ ਕੇ ਮਕਾਨ ਛੱਤ ਦਿੱਤਾ। ਸੰਤੋਖ ਕਿਤੇ ਨੌਕਰੀ ਕਰਦਾ ਸੀ, ਪਰ ਗੁਰਦੁਆਰੇ ਵਿਚ ਆਪਣੇ ਪਿਤਾ ਦੀ ਸਹਾਇਤਾ ਵੀ ਕਰਦਾ ਸੀ। ਗਿਆਨੀ ਹੀਰਾ ਸਿੰਘ ਦੀ ਮੌਤ ਮਗਰੋਂ ਉਸ ਨੇ ਗੁਰਦੁਆਰੇ ਦਾ ਕੰਮ-ਕਾਰ ਸੰਭਾਲ ਲਿਆ ਸੀ।
ਗਲੀ ਦੇ ਕੋਨੇ ਉਤੇ ਸੱਜੇ ਪਾਸੇ ਨਿਰਵੈਰ ਗੱਪੀ ਦਾ ਪੁਰਾਣਾ ਘਰ ਹੈ। ਇਥੋਂ ਗਲੀ ਖੱਬੇ ਮੁੜਦੀ ਹੈ ਤੇ ਖੱਬੇ ਪਾਸੇ ਦੂਜਾ ਘਰ ਸੋਹਣ ਸਿੰਘ ਦਾ ਹੈ। ਇਸ ਥਾਂ ਉਤੇ ਸੱਜੇ ਪਾਸੇ ਤਾਂ ਪਿੰਡ ਡਿਓੜੀ ਹੈ, ਸਾਹਮਣੇ ਦੂਜੀ ਲੁਹਾਰਾਂ ਵਾਲੀ ਭੀੜੀ ਗਲੀ ਹੈ ਤੇ ਖੱਬੇ ਪਾਸੇ ਵੱਲ ਉਹੀ ਗਲੀ ਹੈ ਜਿਸ ਦੀ ਟੱਕਰ ਉਸ ਘਰ ਨੂੰ ਲਗਦੀ ਹੈ ਜਿਥੇ ਮੈਂ ਜਨਮ ਲਿਆ ਸੀ। ਸਾਹਮਣੇ ਉਹ ਖਿੜਕੀ ਦਿਸ ਰਹੀ ਹੈ ਜਿਸ ਵਿਚ ਬੈਠ ਕੇ ਇਸ ਗਲੀ ਦੇ ਨਜ਼ਾਰੇ ਦੇਖੇ ਸਨ ਤੇ ਜ਼ਿੰਦਗੀ ਨੂੰ ਆਪਣੇ ਪੈਰਾਂ ਉਤੇ ਚੁੱਕ ਕੇ ਖੜ੍ਹਨ ਦੀ ਜਾਚ ਸਿੱਖੀ ਸੀ। ਇਹ ਖਿੜਕੀ ਹੁਣ ਬੰਦ ਹੈ। ਪਹਿਲਾਂ ਸੋਚਿਆ ਕਿ ਇਸੇ ਗਲੀ ਵੱਲ ਮੁੜ ਜਾਵਾਂ, ਤੇ ਬੇਟੀ ਨੂੰ ਖਿੜਕੀ ਦੀ ਕਹਾਣੀ ਸੁਣਾਵਾਂ, ਪਰ ਮੈਂ ਸੱਜੇ ਪਾਸੇ ਮੁੜ ਜਾਂਦਾ ਹਾਂ ਜਿਧਰ ਡਿਓੜੀ ਹੈ। ਪਹਿਲਾਂ ਉਸ ਨੂੰ ਡਿਓੜੀ ਤੇ ਨਾਲ ਵਾਲੀ ਖੂਹੀ ਦਿਖਾਵਾਂਗਾ। ਮੇਰਾ ਘਰ ਤਾਂ ਬਹੁਤ ਭਾਵੁਕ ਮਸਲਾ ਹੈ। ਇਸ ਲਈ ਇਸ ਪਾਸੇ ਵੱਲ ਬਾਅਦ ਵਿਚ ਹੀ ਆਵਾਂਗਾ। ਇਸ ਘਰ ਬਾਰੇ ਤਾਂ ਲੰਮੇ ਵਿਸਥਾਰ ਦੀ ਲੋੜ ਹੈ।
(ਚਲਦਾ)