ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਦੋ ਜਣੇ’ ਮੱਧ-ਵਰਗ ਦੇ ਉਸ ਅੰਤ ਦੀ ਕਥਾ ਹੈ ਜਿਸ ਦੀ ਤੇਜ਼-ਰਫਤਾਰੀ ਨੇ ਰਿਸ਼ਤਿਆਂ ਦੇ ਨਿੱਘ ਨੂੰ ਠੰਢਾ-ਠਾਰ ਕਰ ਦਿੱਤਾ ਹੈ। ਉਮਰ ਦੀਆਂ ਤਰਕਾਲਾਂ ਦੀ ਉਦਾਸੀ ਹੋਈ ਲਾਲੀ ਇਸ ਕਹਾਣੀ ਵਿਚੋਂ ਥਾਂ-ਥਾਂ ਝਲਕਦੀ ਹੈ। ਇਹ ਕਹਾਣੀ ਅਸਲ ਵਿਚ ਤਾਂ ਇਕ ਜਣੇ ਦੀ ਹੀ ਕਹਾਣੀ ਹੈ ਜਿਸ ਵਰਗੇ ਜੀਅ ਸਾਡੇ ਆਲੇ-ਦੁਆਲੇ ਨਿੱਤ ਤੁਰਦੇ-ਫਿਰਦੇ ਦਿਸਦੇ ਹਨ। ਲੇਖਕ ਨੇ ਉਮਰ ਦੇ ਆਖਰੀ ਪੜਾਅ ਵੱਲ ਵਧ ਰਹੇ ਇਨ੍ਹਾਂ ਜੀਆਂ ਦੀ ਇਕੱਲਤਾ ਨੂੰ ਬਰੀਕੀ ਨਾਲ ਫੜਿਆ ਹੈ।-ਸੰਪਾਦਕ
ਗੁਰਬਚਨ ਸਿੰਘ ਭੁੱਲਰ
ਬਾਊ ਜੀ ਦੀ ਨੀਂਦ ਅੱਜ ਕੁਝ ਸੁਵਖਤੇ ਹੀ ਖੁੱਲ੍ਹ ਗਈ ਸੀ। ਉਂਜ ਤਾਂ ਸਵੇਰੇ ਹਰ ਰੋਜ਼ ਹੀ ਉਨ੍ਹਾਂ ਨੂੰ ਆਪਣੇ ਸੰਘ ਵਿਚ ਕੁਝ ਫਸਿਆ ਲਗਦਾ ਸੀ, ਪਰ ਅੱਜ ਤਾਂ ਮੂੰਹ ਕੁਝ ਵਧੇਰੇ ਹੀ ਬੇਸੁਆਦਾ ਅਤੇ ਖ਼ਰਾਬ ਹੋਇਆ ਪਿਆ ਸੀ। ਪੇਟ ਵਿਚ ਵੀ ਹਵਾ ਭਰੀ ਪਈ ਸੀ। ਸ਼ਾਇਦ ਨੀਂਦ ਪਹਿਲਾਂ ਟੁੱਟਣ ਦਾ ਇਹੋ ਕਾਰਨ ਸੀ। ਰਾਤ ਨੂੰਹ ਨੇ ਉਨ੍ਹਾਂ ਦੀ ਦਾਲ ਵਿਚ ਹਿੰਗ ਨਹੀਂ ਪਾਈ ਹੋਵੇਗੀ। ਅਸਲ ਵਿਚ ਨੂੰਹ ਨੂੰ ਹਿੰਗ ਦੀ ਖੁਸ਼ਬੋ, ਜਿਸ ਨੂੰ ਉਹ ਮੁਸ਼ਕ ਕਹਿੰਦੀ ਸੀ, ਪਸੰਦ ਨਹੀਂ ਸੀ। ਤੇ ਹਿੰਗ ਪਾਏ ਬਿਨਾਂ ਕਈ ਚੀਜ਼ਾਂ ਬਾਊ ਜੀ ਨੂੰ ਤੰਗ ਕਰਦੀਆਂ ਸਨ।
ਪਤਨੀ ਦੇ ਹੁੰਦਿਆਂ ਉਨ੍ਹਾਂ ਨੂੰ ਕਦੀ ਅਜਿਹੀ ਸਮੱਸਿਆ ਨਹੀਂ ਸੀ ਆਈ। ਉਹ ਯਾਦ ਰਖਦੀ, ਕਿਹੜੀ ਦਾਲ-ਭਾਜੀ ਦੇ ਦੁਰਪ੍ਰਭਾਵ ਖ਼ਤਮ ਕਰਨ ਲਈ ਉਸ ਵਿਚ ਮੇਥੇ ਪਾਉਣੇ ਹਨ, ਕਿਹੜੀ ਵਿਚ ਹਿੰਗ ਅਤੇ ਕਿਹੜੀ ਵਿਚ ਕੁਝ ਹੋਰ। ਉਹਦੇ ਹੁੰਦਿਆਂ ਉਨ੍ਹਾਂ ਨੂੰ ਰਸੋਈ ਵਿਚ ਜਾਣ ਦੀ ਲੋੜ ਨਹੀਂ ਸੀ ਪੈਂਦੀ, ਹੁਣ ਰਸੋਈ ਵਿਚ ਜਾਣਾ ਸ਼ੋਭਦਾ ਨਹੀਂ ਸੀ।
ਸਿਆਲ ਦੀ ਰੁੱਤ ਹੋਣ ਕਰਕੇ ਉਹ ਕੋਈ ਛੇ ਵਜੇ ਉਠਦੇ ਸਨ, ਪਰ ਅੱਜ ਅਜੇ ਪੰਜ ਹੀ ਵੱਜੇ ਸਨ। ਉਨ੍ਹਾਂ ਨੇ ਵਾਸ਼-ਬੇਸਿਨ ਵਿਚ ਮੂੰਹ ਧੋਤਾ ਅਤੇ ਕੁਰਲੀਆਂ ਕੀਤੀਆਂ। ਉਹ ਜ਼ੋਰ ਨਾਲ ਖੰਘੂਰ ਕੇ ਸੰਘ ਨੂੰ ਧੁਰ ਅੰਦਰ ਤੱਕ ਸਾਫ਼ ਕਰਨਾ ਚਾਹੁੰਦੇ ਸਨ, ਤਾਂ ਜੋ ਖਟਾਸ ਨਿੱਕਲ ਕੇ ਛਾਤੀ ਕੁਝ ਹੌਲੀ ਹੋ ਜਾਵੇ, ਪਰ ਸੁਵਖਤਾ ਹੋਣ ਕਰਕੇ ਉਚੀ ਆਵਾਜ਼ ਕੱਢਣੋਂ ਝਿਜਕਦੇ ਸਨ। ਟੱਬਰ ਵਿਚ ਛੋਟੇ-ਵੱਡੇ ਜਿਸ ਕਿਸੇ ਨੂੰ ਵੀ ਜਾਗ ਆ ਗਈ, ਉਹਨੇ ਹੀ ਨੱਕ ਚਾੜ੍ਹਨਾ ਸੀ ਅਤੇ ਕੁੜਕੁੜ ਕਰਨੀ ਸੀ। ਉਨ੍ਹਾਂ ਨੇ ਸੰਤੁਸ਼ਟੀ ਤੋਂ ਬਿਨਾਂ ਹੀ ਮੂੰਹ ਪੂੰਝ ਲਿਆ।
ਉਹ ਵਾਸ਼-ਬੇਸਿਨ ਕੋਲੋਂ ਮੁੜੇ ਤਾਂ ਪਿੱਛੇ ਮੋਤੀ ਖੜ੍ਹਾ ਪੂਛ ਹਿਲਾ ਰਿਹਾ ਸੀ। ਪੈਰ ਉਸ ਵਿਚ ਉਲਝਦੇ-ਉਲਝਦੇ ਬਚੇ। “ਤੇਰੀ ਵੀ ਨੀਂਦ ਅੱਜ ਸੁਵਖਤੇ ਹੀ ਖੁੱਲ੍ਹ ਗਈ?” ਉਹ ਸੁਭਾਵਿਕ ਆਵਾਜ਼ ਵਿਚ ਆਖ ਬੈਠੇ। ਅਚਾਨਕ ਉਨ੍ਹਾਂ ਨੂੰ ਮਹਿਸੂਸ ਹੋਇਆ, ਉਨ੍ਹਾਂ ਦੀ ਸੁਭਾਵਿਕ ਆਵਾਜ਼ ਵੀ ਚੁਫੇਰੇ ਦੀ ਚੁੱਪ ਕਾਰਨ ਕੁਝ ਵਧੇਰੇ ਹੀ ਉਚੀ ਸੀ। ਉਹ ਮੋਤੀ ਦੇ ਕੋਲ ਬੈਠ ਗਏ ਅਤੇ ਦਬਵੀਂ ਆਵਾਜ਼ ਵਿਚ ਦੁਹਰਾਇਆ, “ਤੇਰੀ ਵੀ ਨੀਂਦ ਅੱਜ ਸੁਵਖਤੇ ਹੀ ਖੁੱਲ੍ਹ ਗਈ? ਕਿਤੇ ਤੇਰੇ ਪੇਟ ਵਿਚ ਵੀ ਹਵਾ ਤਾਂ ਨਹੀਂ ਭਰ ਗਈ?” ਮੋਤੀ ਨੇ ਜ਼ੋਰ-ਜ਼ੋਰ ਦੀ ਪੂਛ ਹਿਲਾਈ, ਮੋਹ-ਭਰੀਆਂ ਅੱਖਾਂ ਨਾਲ ਦੇਖਿਆ ਅਤੇ ‘ਅਊਹ’ ਕਿਹਾ, ਜਿਵੇਂ ਉਹ ਉਨ੍ਹਾਂ ਦੀ ਗੱਲ ਦਾ ਉਤਰ ਦੇ ਰਿਹਾ ਹੋਵੇ।
“ਆ ਜਾ ਮੇਰਾ ਮੋਤੀ ਰਾਜਾ”, ਬਾਊ ਜੀ ਨੇ ਹੌਲੇ ਜਿਹੇ ਕਿਹਾ, “ਚੱਲ ਆਪਣੇ ਕਮਰੇ ਵਿਚ।” ਤੇ ਉਹ ਕਮਰੇ ਵੱਲ ਤੁਰ ਪਏ।
ਮਕਾਨ ਬਣਾਉਣ ਵੇਲੇ ਇਹ ਕਮਰਾ ਸਟੋਰ ਸੀ। ਘਰ ਵਿਚ ਜੋ ਚੀਜ਼ ਵਾਧੂ ਹੋ ਜਾਂਦੀ, ਇਸ ਵਿਚ ਸੁੱਟ ਦਿੱਤੀ ਜਾਂਦੀ। ਚੂਲਾਂ ਟੁੱਟੀਆਂ ਵਾਲੀ ਮੰਜੀ, ਤਿੰਨ-ਟੰਗੀ ਕੁਰਸੀ, ਉਖੜਿਆ ਹੋਇਆ ਸਟੂਲ, ਕਦੀ ਵੀ ਵਰਤੋਂ ਵਿਚ ਨਾ ਆਉਣ ਵਾਲੇ ਬੇਲੋੜੇ ਕੱਪੜਿਆਂ ਤੇ ਵਾਧੂ ਨਿੱਕ-ਸੁੱਕ ਨਾਲ ਭਰੇ ਪਏ ਦੋ-ਤਿੰਨ ਛੋਟੇ-ਵੱਡੇ ਟਰੰਕ ਅਤੇ ਕੁਝ ਪੀਪੇ ਤੇ ਡੱਬੇ। ਉਸ ਸਮੇਂ ਬਾਊ ਜੀ ਦੇ ਕਮਰੇ ਤੋਂ ਇਲਾਵਾ ਇਕ ਕਮਰਾ ਪੁੱਤਰ-ਨੂੰਹ ਦਾ ਸੀ ਅਤੇ ਇਕ ਹੋਰ ਪੋਤੇ-ਪੋਤੀ ਦਾ। ਕੁਝ ਸਮੇਂ ਤੋਂ ਪੋਤੇ-ਪੋਤੀ ਨੇ ਵੱਖਰੇ-ਵੱਖਰੇ ਕਮਰਿਆਂ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਇਕੋ ਕਮਰੇ ਵਿਚ ਰਹਿੰਦਿਆਂ ਉਹ ਛੋਟੀਆਂ-ਛੋਟੀਆਂ ਗੱਲਾਂ ਕਾਰਨ ਝਗੜ ਪੈਂਦੇ। ਇਕ ਦੂਜੇ ਨੂੰ ਗਾਲੀ-ਗਲੋਚ ਕਰਦੇ, ਇਕ ਦੂਜੇ ਵੱਲ ਸਿਰਹਾਣੇ-ਗੱਦੀਆਂ ਵਗਾਹੁੰਦੇ, ਇਕ-ਦੂਜੇ ਦੇ ਮਾਰ-ਮਾਰ ਕਿਤਾਬਾਂ ਦੀਆਂ ਜਿਲਦਾਂ ਤੋੜਦੇ ਅਤੇ ਫੇਰ ਗੁੱਥਮਗੁੱਥਾ ਹੋ ਜਾਂਦੇ। ਬਾਊ ਜੀ ਨੂੰ ਆਪਣਾ ਬਚਪਨ ਯਾਦ ਆਉਂਦਾ ਜਦੋਂ ਸਾਰਾ ਟੱਬਰ ਸਿਆਲਾਂ ਵਿਚ ਇਕੋ ਸਭਾਤ ਵਿਚ ਸੌਂਦਾ ਸੀ ਅਤੇ ਇਕੱਲਿਆਂ ਸੌਣਾ ਮੁਸੀਬਤ ਲਗਦਾ ਸੀ। ਉਹ ਕੁਝ ਕਹਿਣਾ ਚਾਹੁੰਦੇ ਪਰ ‘ਪੁਰਾਣੇ ਜ਼ਮਾਨੇ ਦੀਆਂ ਬੇਤੁਕੀਆਂ ਗੱਲਾਂ’ ਸੁਣਨ ਲਈ ਹੁਣ ਕੋਈ ਤਿਆਰ ਨਹੀਂ ਸੀ। ਉਹ ਚੁੱਪ ਰਹਿਣ ਵਿਚ ਹੀ ਸਿਆਣਪ ਸਮਝਦੇ।
ਨੂੰਹ-ਪੁੱਤਰ ਨੂੰ ਵੱਡੇ ਹੋ ਰਹੇ ਬੱਚਿਆਂ ਦੀ ਸਮੱਸਿਆ ਤਾਂ ਹੱਲ ਕਰਨੀ ਹੀ ਪੈਣੀ ਸੀ। ਤੇ ਸਭ ਤੋਂ ਸੌਖਾ ਹੱਲ ਇਹੋ ਸੀ ਕਿ ਸਟੋਰ ਦੇ ਟਰੰਕ-ਪੀਪੇ ਲੋਫ਼ਟ ਵਿਚ ਚਾੜ੍ਹ ਦਿੱਤੇ ਗਏ, ਬਾਊ ਜੀ ਸਟੋਰ ਵਿਚ ਪੁਚਾ ਦਿੱਤੇ ਗਏ ਅਤੇ ਪੋਤਾ ਬਾਊ ਜੀ ਵਾਲੇ ਕਮਰੇ ਵਿਚ ਪਹੁੰਚ ਗਿਆ। ਪੋਤਾ ਖੁਸ਼ ਸੀ, ਪੋਤੀ ਖੁਸ਼ ਸੀ ਅਤੇ ਉਨ੍ਹਾਂ ਦੀ ਖੁਸ਼ੀ ਸਦਕਾ ਨੂੰਹ-ਪੁੱਤਰ ਵੀ ਖੁਸ਼ ਸਨ। ਬਾਊ ਜੀ ਨੂੰ ਖੁਸ਼ੀ-ਗ਼ਮੀ ਤੋਂ ਨਿਰਲੇਪ ਸਮਝਿਆ ਜਾਂਦਾ ਸੀ, ਉਹ ਨਿਰਲੇਪ ਸਨ ਜਾਂ ਨਹੀਂ, ਇਹ ਸਮਝਣ ਦੀ ਨਾ ਕਿਸੇ ਨੂੰ ਲੋੜ ਸੀ, ਨਾ ਵਿਹਲ।
ਬਾਊ ਜੀ ਸਟੋਰ ਵਿਚ ਪਹੁੰਚੇ ਤਾਂ ਮੋਤੀ ਆਪੇ ਹੀ ਉਥੇ ਪਹੁੰਚ ਗਿਆ। ਅਸਲ ਵਿਚ ਬਾਕੀ ਸਭ ਦੇ ਕਮਰਿਆਂ ਦੇ ਬੂਹੇ ਦਿਨ ਨੂੰ ਪਰਦਿਆਂ ਨਾਲ ਕੱਜੇ ਰਹਿੰਦੇ ਅਤੇ ਰਾਤ ਨੂੰ ਉਂਜ ਬੰਦ ਰਹਿੰਦੇ। ਬੱਸ ਇਕ ਬਾਊ ਜੀ ਦਾ ਬੂਹਾ ਹੀ ਸਦਾ ਖੁੱਲ੍ਹਾ ਰਹਿੰਦਾ। ਤੇ ਮੋਤੀ ਨੂੰ ਬੰਦ ਬੂਹਿਆਂ ਦੀ ਨਹੀਂ, ਖੁੱਲ੍ਹੇ ਬੂਹੇ ਦੀ ਲੋੜ ਸੀ।
ਉਂਜ ਵੀ ਮੋਤੀ ਦਾ ਬਹੁਤਾ ਨਾਤਾ ਹੁਣ ਬਾਊ ਜੀ ਨਾਲ ਹੀ ਸੀ। ਜਦੋਂ ਆਂਢ-ਗੁਆਂਢ ਦੀ ਰੀਸੋ-ਰੀਸੀ ਮੋਤੀ ਨੂੰ ਸਟੇਟੱਸ-ਸਿੰਬਲ ਵਜੋਂ ਲਿਆਂਦਾ ਗਿਆ ਸੀ, ਬਾਊ ਜੀ ਤੋਂ ਬਿਨਾਂ ਸਭ ਨੂੰ ਬਹੁਤ ਚਾਅ ਚੜ੍ਹਿਆ ਸੀ। ਬਾਊ ਜੀ ਸੋਚਦੇ ਸਨ, ਇਥੇ ਕੀ ਕੁੱਤੇ ਤੋਂ ਮਾਲ-ਡੰਗਰ ਜਾਂ ਖੇਤਾਂ ਦੀ ਰਾਖੀ ਕਰਵਾਉਣੀ ਹੈ। ਨਾਲੇ ਕੁੱਤਾ ਪਾਲਣ ਨਾਲੋਂ ਤਾਂ ਬੰਦਾ ਕਿਸੇ ਬੰਦੇ ਦੇ ਪੁੱਤਰ-ਧੀ ਨੂੰ ਪਾਲ ਲਵੇ। ਸਟੇਟੱਸ-ਸਿੰਬਲ ਦੀ ਮਹੱਤਤਾ ਨੂੰ ਉਹ ਨਹੀਂ ਸਨ ਸਮਝਦੇ। ਪਰ ਬਾਕੀ ਸਾਰਾ ਟੱਬਰ ਸਮਝਦਾ ਸੀ। ਇਸੇ ਕਰਕੇ ਇਹਨੂੰ ਗੋਦੀ ਵਿਚ ਲੈ-ਲੈ ਤਸਵੀਰਾਂ ਖਿਚਵਾਈਆਂ ਗਈਆਂ ਸਨ। ਇਹਦੇ ਲਈ ਮਹਿੰਗਾ ਪਟਾ ਖ਼ਰੀਦਿਆ ਗਿਆ ਸੀ ਅਤੇ ਵਧੀਆ ਰੱਸੀ ਲਿਆਂਦੀ ਗਈ ਸੀ। ਇਹਨੂੰ ਲਾਡ ਲਡਾਏ ਗਏ ਸਨ।
ਪਰ ਲਾਡ-ਪਿਆਰ ਤੋਂ ਇਲਾਵਾ ਮੋਤੀ ਨੂੰ ਟੱਟੀ-ਪਿਸ਼ਾਬ ਵੀ ਕਰਵਾਉਣਾ ਪੈਂਦਾ ਸੀ, ਨੁਹਾਉਣਾ-ਧੁਆਉਣਾ ਵੀ ਪੈਂਦਾ ਸੀ ਅਤੇ ਬਾਹਰ ਘੁੰਮਾਉਣ ਵੀ ਲਿਜਾਣਾ ਪੈਂਦਾ ਸੀ। ਇਹ ਕੰਮ ਗੰਦੇ ਵੀ ਸਨ ਅਤੇ ਝੰਜਟੀ ਵੀ। ਅਜਿਹੇ ਕੰਮ ਤਾਂ ਘਰ ਵਿਚ ਬਾਊ ਜੀ ਹੀ ਕਰ ਸਕਦੇ ਸਨ। ਸੋ ਹੌਲੀ-ਹੌਲੀ ਸਭ ਦਾ ਚਾਅ ਲਹਿੰਦਾ ਗਿਆ ਅਤੇ ਘਰ ਵਿਚ ਮੋਤੀ ਇਕ ਸਾਧਾਰਨ ਪਾਲਤੂ ਕੁੱਤਾ ਬਣ ਕੇ ਰਹਿ ਗਿਆ। ਤੇ ਹੌਲੀ-ਹੌਲੀ ਮੋਤੀ ਬਾਊ ਜੀ ਨਾਲ ਜੁੜਦਾ ਗਿਆ ਅਤੇ ਬਾਊ ਜੀ ਮੋਤੀ ਨਾਲ ਜੁੜਦੇ ਗਏ।
“ਆ ਜਾ ਮੇਰਾ ਮੋਤੀ ਰਾਜਾ, ਚੱਲ ਆਪਣੇ ਕਮਰੇ ਵਿਚ”, ਆਖ ਕੇ ਬਾਊ ਜੀ ਉਥੋਂ ਤੁਰੇ ਤਾਂ ‘ਅਊਹ’ ਆਖ ਕੇ ਉਨ੍ਹਾਂ ਦੀਆਂ ਲੱਤਾਂ ਨਾਲ ਖਹਿੰਦਾ ਮੋਤੀ ਵੀ ਤੁਰ ਪਿਆ। ਪੁੱਤਰ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿੱਕਲਿਆ। ਬਾਥਰੂਮ ਵੱਲ ਜਾਂਦਿਆਂ ਉਹਨੇ ਆਪਣੀ ਅਕਾਰਨ ਖਿਝ ਬਾਊ ਜੀ ਦੀ ਪਿੱਠ ਉਤੇ ਵਗਾਹ ਮਾਰੀ, “ਅੱਜ ਮਿੱਤਰ-ਮੰਡਲੀ ਅੱਧੀ ਰਾਤ ਹੀ ਜਾਗ ਪਈ!”
ਬਾਊ ਜੀ ਦੀ ਨਜ਼ਰ ਸੁਭਾਵਿਕ ਹੀ ਸ਼ੀਸ਼ੇ ਦੇ ਰੋਸ਼ਨਦਾਨ ਵੱਲ ਚਲੀ ਗਈ ਜਿਸ ਵਿਚੋਂ ਦੀ ਹਨੇਰਾ ਪੇਤਲਾ ਪੈ ਕੇ ਨ੍ਹਿੰਮੇ-ਨ੍ਹਿੰਮੇ ਚਾਨਣ ਵਿਚ ਵਟਦਾ ਦਿਖਾਈ ਦੇ ਰਿਹਾ ਸੀ। ਦਿਲ ਕੀਤਾ, ਪੁੱਤਰ ਨੂੰ ਦੱਸਣ ਕਿ ਇਸ ਸਮੇਂ ਨੂੰ ਅੱਧੀ ਰਾਤ ਨਹੀਂ, ਅੰਮ੍ਰਿਤ-ਵੇਲਾ ਆਖਦੇ ਹਨ ਪਰ ਕੁਝ ਵੀ ਬੋਲੇ ਬਿਨਾਂ ਉਹ ਆਪਣੇ ਕਮਰੇ ਵਿਚ ਚਲੇ ਗਏ।
ਮੋਤੀ ਨੇ ਖੂੰਜੇ ਵਿਚੋਂ ਪਹਿਲਾਂ ਆਪਣੀ ਝੱਗੀ ਮੂੰਹ ਨਾਲ ਚੁੱਕ ਕੇ ਉਨ੍ਹਾਂ ਅੱਗੇ ਲਿਆ ਰੱਖੀ, ਫੇਰ ਆਪਣੀ ਰੱਸੀ।
ਪੁੱਤਰ ਨੇ ਆਪਣੇ ਕਮਰੇ ਦਾ ਬੂਹਾ ਫੇਰ ਬੰਦ ਕਰ ਲਿਆ। ਬਾਊ ਜੀ ਨੇ ਘਰ ਨੂੰ ਬਾਹਰੋਂ ਜਿੰਦਰਾ ਮਾਰਿਆ ਅਤੇ ਚਾਬੀ ਖੀਸੇ ਵਿਚ ਪਾ ਕੇ ਇਕ ਹੱਥ ਵਿਚ ਮੋਤੀ ਦੀ ਰੱਸੀ ਤੇ ਦੂਜੇ ਵਿਚ ਖੂੰਡੀ ਫੜ ਕੇ ਬਾਹਰ ਵੱਲ ਤੁਰ ਪਏ। ਹਰ ਰੋਜ਼ ਜਿੰਨੀ ਲੋਅ ਤਾਂ ਨਹੀਂ ਸੀ ਹੋਈ, ਪਰ ਨ੍ਹੇਰਾ ਵੀ ਬਹੁਤਾ ਗਾੜ੍ਹਾ ਨਹੀਂ ਸੀ ਰਹਿ ਗਿਆ।
ਬਾਹਰਲੀ ਵੱਡੀ ਸੜਕ ਦੇ ਇਕ ਪਾਸੇ ਖਲੋ ਕੇ ਬਾਊ ਜੀ ਨੇ ਮੁਕਤ-ਕੰਠ ਤੇ ਮੁਕਤ-ਮਨ ਨਾਲ ਖੰਘੂਰੇ ਮਾਰੇ ਅਤੇ ਮੋਤੀ ਦੀ ਰੱਸੀ ਢਿੱਲੀ ਛੱਡ ਦਿੱਤੀ। ਉਹ ਬਾਊ ਜੀ ਤੋਂ ਥੋੜ੍ਹੀ ਦੂਰ ਖਲੋ ਕੇ ਧਰਤੀ ਸੁੰਘਣ ਲੱਗ ਪਿਆ।
ਉਹ ਸੜਕ ਦੇ ਕਿਨਾਰੇ-ਕਿਨਾਰੇ ਵੱਡੇ ਗੋਲ ਚੱਕਰ ਤੱਕ ਹੋ ਕੇ ਪਰਤੇ ਤਾਂ ਰਬੜ ਦੇ ਛੱਲੇ ਵਿਚ ਪੂਣੀ ਕੀਤਾ ਹੋਇਆ ਅਖ਼ਬਾਰ ਵਿਹੜੇ ਵਿਚ ਪਿਆ ਸੀ। ਮੋਤੀ ਨੇ ਅਖ਼ਬਾਰ ਮੂੰਹ ਵਿਚ ਚੁੱਕ ਲਿਆ ਅਤੇ ਬਾਊ ਜੀ ਨੇ ਬੂਹਾ ਖੋਲ੍ਹਿਆ।
ਅੰਦਰ ਸਾਰੇ ਜਾਗ ਚੁੱਕੇ ਸਨ। ਨੂੰਹ ਤੇ ਪੁੱਤਰ ਨੇ ਆਪਣੇ-ਆਪਣੇ ਦਫ਼ਤਰੀਂ ਜਾਣਾ ਸੀ ਅਤੇ ਪੋਤੇ-ਪੋਤੀ ਨੇ ਸਕੂਲ।
ਬਾਊ ਜੀ ਮੋਤੀ ਤੋਂ ਅਖ਼ਬਾਰ ਲੈ ਕੇ ਉਹਦੀ ਰਬੜ ਉਤਾਰਨ ਲੱਗੇ ਤਾਂ ਨੂੰਹ ਬੋਲੀ, “ਬਾਊ ਜੀ, ਬਰੈਡ ਲਿਆ ਦਿਉ, ਪੈਸੇ ਮੇਜ਼ ਉਤੇ ਰੱਖੇ ਨੇ।”
ਉਨ੍ਹਾਂ ਨੇ ਅਖ਼ਬਾਰ ਰੱਖ ਕੇ ਪੈਸੇ ਚੁੱਕ ਲਏ ਅਤੇ ਪੁੱਛਿਆ, “ਕੁਛ ਹੋਰ ਤਾਂ ਨਹੀਂ ਲਿਆਉਣਾ?”
“ਨਹੀਂ, ਹੋਰ ਕੁਛ ਨਹੀਂ ਲਿਆਉਣਾ, ਬੱਸ ਬਰੈਡ ਛੇਤੀ ਲਿਆ ਦਿਓ।” ਤੇ ਫੇਰ ਪਤਾ ਨਹੀਂ ਸੁਣਾ ਕੇ ਜਾਂ ਛੁਪਾ ਕੇ ਉਹ ਬੋਲੀ, “ਉਥੇ ਹੀ ਕਿਸੇ ਨਾਲ ਗੱਲਾਂ ਮਾਰਨ ਨਾ ਲੱਗ ਜਾਇਓ।”
ਮੋਤੀ ਜਾਣਦਾ ਸੀ, ਬਾਊ ਜੀ ਉਹਨੂੰ ਮਾਰਕਿਟ ਨਹੀਂ ਲਿਜਾਣਗੇ। ਉਹਨੇ ਨਾਲ ਜਾਣ ਦੀ ਕੋਈ ਇੱਛਾ ਨਾ ਦਰਸਾਈ। ਪਰ ਉਹ ਰੋਜ਼ ਸਵੇਰੇ ਘਰ ਵਿਚ ਹੁੰਦੇ ਕੁੱਤਪੁਣੇ ਤੋਂ ਵੀ ਭਲੀਭਾਂਤ ਜਾਣੂ ਸੀ ਅਤੇ ਅੱਕਿਆ ਪਿਆ ਸੀ। ਬਾਊ ਜੀ ਮਾਰਕਿਟ ਵੱਲ ਤੁਰੇ ਤਾਂ ਉਹ ਸਭ ਕਾਸੇ ਤੋਂ ਦੂਰ ਕਮਰੇ ਵਿਚ ਉਨ੍ਹਾਂ ਦੀ ਮੰਜੀ ਹੇਠ ਗੁੱਛਾ-ਮੁੱਛਾ ਹੋ ਕੇ ਪੈ ਗਿਆ।
ਬਾਊ ਜੀ ਨੇ ਬਰੈਡ ਅਤੇ ਬਾਕੀ ਪੈਸੇ ਮੇਜ਼ ਉਤੇ ਰੱਖ ਦਿੱਤੇ। ਅਜੇ ਉਨ੍ਹਾਂ ਦਾ ਹੱਥ ਅਖ਼ਬਾਰ ਤੱਕ ਪੁੱਜਿਆ ਵੀ ਨਹੀਂ ਸੀ ਕਿ ਨੂੰਹ ਨੇ ਕਾਹਲੀ ਨਾਲ ਦੱਸਿਆ, “ਤੁਹਾਡੇ ਜਾਣ ਪਿੱਛੋਂ ਦੇਖਿਆ, ਆਂਡੇ ਵੀ ਥੋੜ੍ਹੇ ਨੇ।”
ਉਨ੍ਹਾਂ ਨੇ ਪੈਸੇ ਵਾਪਸ ਚੁੱਕੇ ਅਤੇ ਸੁਤੇ-ਸਿਧ ਹੀ ਪੁੱਛਿਆ, “ਕੁਛ ਹੋਰ ਤਾਂ ਨਹੀਂ ਲਿਆਉਣਾ, ਬੇਟੀ?”
ਭਾਵੇਂ ਬਾਊ ਜੀ ਦਾ ਇਰਾਦਾ ਚੋਭ ਲਾਉਣ ਦਾ ਨਹੀਂ, ਲਿਆਉਣ ਵਾਲੀ ਕੋਈ ਹੋਰ ਚੀਜ਼ ਯਾਦ ਕਰਵਾਉਣ ਦਾ ਸੀ, ਤਾਂ ਵੀ ਗੱਲ ਨੂੰਹ ਨੂੰ ਚੁਭ ਗਈ। ਉਹ ਖਿਝ ਕੇ ਬੋਲੀ, “ਜੇ ਹੋਰ ਕੁਛ ਰਹਿ ਵੀ ਗਿਆ, ਡਰੋ ਨਾ, ਤੁਹਾਨੂੰ ਤੀਜੇ ਚੱਕਰ ਨਹੀਂ ਭੇਜਦੀ। ਤੁਸੀਂ ਮੌਜ ਨਾਲ ਆਰਾਮ-ਕੁਰਸੀ ਉਤੇ ਬੈਠੇ ਰਹਿਣਾ।”
ਵਾਸ਼-ਬੇਸਿਨ ਕੋਲ ਬੁਰਸ਼ ਕਰ ਰਿਹਾ ਪੁੱਤਰ ਬੋਲਿਆ, “ਬਾਊ ਜੀ, ਮਾਰਕਿਟ ਕੋਈ ਬਹੁਤੀ ਦੂਰ ਤਾਂ ਹੈ ਨਹੀਂ!” ਤੇ ਫੇਰ ਉਹਨੇ ਆਪਣੀ ਪਤਨੀ ਵੱਲ ਮੂੰਹ ਕੀਤਾ, “ਤੂੰ ਵੀ ਸਾਰੀਆਂ ਚੀਜ਼ਾਂ ਇਕੋ ਵਾਰ ਕਿਉਂ ਨਹੀਂ ਦੱਸ ਦਿੰਦੀ।”
ਬਾਊ ਜੀ ਅੰਦਰ ਹੀ ਅੰਦਰ ਹੱਸੇ। ਇਹਨੂੰ ਕਹਿੰਦੇ ਨੇ, ਸੱਚਾ ਤਾਂ ਤਾਇਆ ਬਿਸ਼ਨ ਸਿਉਂ ਵੀ ਐ, ਪਰ ਝੂਠੀ ਚਾਚੀ ਕਿਸ਼ਨੋ ਵੀ ਨਹੀਂ। ਤੇ ਉਨ੍ਹਾਂ ਨੂੰ ਮੁਸਕਰਾ ਕੇ ਤੁਰਦਾ ਦੇਖ ਨੂੰਹ ਪਿੱਠ-ਪਿੱਛੇ ਬੁੜਬੁੜਾਈ, “ਹੱਦ ਹੋ ਗਈ ਇਨ੍ਹਾਂ ਵਾਲੀ ਵੀ! ਸਵੇਰੇ-ਸਵੇਰੇ ਸੈਰ ਦੇ ਬਹਾਨੇ ਘਰੋਂ ਬਾਹਰ ਰਹਿਣ ਲਈ ਭਾਵੇਂ ਦਸ ਮੀਲ ਤੁਰੇ ਜਾਣ, ਪਰ ਅਹਿ ਮਾਰਕਿਟ ਦਾ ਦੂਜਾ ਚੱਕਰ ਨਾ ਲਾਉਣਾ ਪਵੇ। ਤਿੰਨ ਵੇਲੇ ਅੰਨ ਖਾਂਦੇ ਬੰਦੇ ਨੂੰ ਏਨੀ ਕੰਮਚੋਰੀ ਅਤੇ ਹੱਡ-ਰੱਖਣੀ ਵੀ ਕੀ ਕਹਿ!”
ਜਦੋਂ ਬਾਊ ਜੀ ਆਂਡੇ ਲੈਣ ਗਏ ਸਨ, ਪੋਤਾ-ਪੋਤੀ ਮੂੰਹ-ਹੱਥ ਧੋਣ ਲਈ ਗੁਸਲਖਾਨੇ ਦੀ ਵਾਰੀ ਪਿੱਛੇ ਲੜ ਰਹੇ ਸਨ। ਜਦੋਂ ਉਹ ਆਂਡੇ ਲੈ ਕੇ ਪਰਤੇ, ਉਨ੍ਹਾਂ ਨੇ ਬਾਲ-ਪੈਨ ਪਿੱਛੇ ਯੁੱਧ ਛੇੜਿਆ ਹੋਇਆ ਸੀ ਜਿਸ ਨੂੰ ਦੋਵੇਂ ਮੇਰਾ-ਮੇਰਾ ਕਹਿ ਰਹੇ ਸਨ। ਪੁੱਤਰ ਇਕ ਜੁਰਾਬ ਹੱਥ ਵਿਚ ਫੜ ਕੇ ਬੇਚੈਨ ਭੱਜਿਆ ਫਿਰਦਾ ਸੀ। ਉਹਦੇ ਨਾਲ ਦੀ ਦੂਜੀ ਜੁਰਾਬ ਉਹਨੂੰ ਮਿਲ ਨਹੀਂ ਸੀ ਰਹੀ। ਨੂੰਹ ਰਸੋਈ ਵਿਚ ਅੱਕੀ ਹੋਈ ਭਾਂਡੇ ਭੰਨ ਰਹੀ ਸੀ। ਕੰਮ ਨਿੱਬੜ ਨਹੀਂ ਸੀ ਰਿਹਾ ਅਤੇ ਕੰਮ ਨਿਬੇੜ ਕੇ ਉਹਨੇ ਆਪਣੇ ਦਫ਼ਤਰ ਜਾਣਾ ਸੀ।
ਬਾਊ ਜੀ ਦਾ ਦਿਲ ਕੀਤਾ, ਕਹਿਣ, ਜੇ ਸਾਰੇ ਜਣੇ ਰਾਤ ਨੂੰ ਹੋ ਸਕਣ ਵਾਲੇ ਕੰਮ ਸੌਣ ਤੋਂ ਪਹਿਲਾਂ ਕਰ ਲਿਆ ਕਰਨ ਤਾਂ ਸਵੇਰੇ-ਸਵੇਰੇ ਘਰ ਤਣਾਉ-ਖੇਤਰ ਨਾ ਬਣੇ। ਬੱਚੇ ਹੋਮ-ਵਰਕ ਕਰ ਕੇ ਆਪਣੇ ਸਕੂਲ-ਬੈਗ ਬੰਦ ਕਰ ਸਕਦੇ ਸਨ। ਬੱਚਿਆਂ ਦਾ ਪਿਉ ਸਵੇਰੇ ਪਾਉਣ ਵਾਲੇ ਆਪਣੇ ਕੱਪੜੇ ਇੱਕ ਥਾਂ ਰੱਖ ਸਕਦਾ ਸੀ ਅਤੇ ਬੱਚਿਆਂ ਨੂੰ ਵੀ ਵਰਦੀਆਂ ਤਿਆਰ ਕਰ ਕੇ ਰੱਖ ਦੇਣ ਦੀ ਆਦਤ ਪਾ ਸਕਦਾ ਸੀ। ਬੱਚਿਆਂ ਦੀ ਮਾਂ ਸਵੇਰੇ ਲੋੜੀਂਦੀਆਂ ਚੀਜ਼ਾਂ ਸ਼ਾਮ ਨੂੰ ਮੰਗਵਾ ਸਕਦੀ ਸੀ ਅਤੇ ਆਟਾ ਗੁੰਨਣ ਤੇ ਸਬਜ਼ੀ ਕੱਟਣ ਵਰਗੇ ਕੰਮ ਨਿਬੇੜ ਕੇ ਸੌਂ ਸਕਦੀ ਸੀ। ਤੇ ਜਾਂ ਫੇਰ ਉਹ ਸਾਰੇ ਸਿਰਫ਼ ਅੱਧਾ ਘੰਟਾ ਪਹਿਲਾਂ ਜਾਗ ਪਿਆ ਕਰਨ ਤਾਂ ਵੀ ਏਨੀ ਭੱਜ-ਦੌੜ ਦੀ ਲੋੜ ਨਾ ਪਵੇ। ਪੋਤੇ-ਪੋਤੀ ਨੂੰ ਉਹ ਵੱਖ-ਵੱਖ ਰੰਗਾਂ ਦੇ ਬਾਲ-ਪੈਨ ਲੈਣ ਦੀ ਸਲਾਹ ਵੀ ਦੇਣਾ ਚਾਹੁੰਦੇ ਸਨ ਤਾਂ ਜੋ ਇਕੋ ਰੰਗ ਦੇ ਪੈਨਾਂ ਕਾਰਨ ਪੈਨ ਪਿੱਛੇ ਪੈਂਦੇ ਝਗੜੇ ਦੀ ਸੰਭਾਵਨਾ ਨਾ ਰਹੇ। ਪਰ ਉਨ੍ਹਾਂ ਦੀ ਸਲਾਹ ਦੀ ਕਿਸੇ ਨੂੰ ਲੋੜ ਨਹੀਂ ਸੀ। ਤੇ ਅਣਮੰਗੀ ਸਲਾਹ ਉਹ ਦੇਣ ਵੀ ਕਿਉਂ!
ਅਖ਼ਬਾਰ ਮੇਜ਼ ਉਤੇ ਖਿੰਡਿਆ ਪਿਆ ਸੀ। ਸਪੱਸ਼ਟ ਸੀ, ਇਹ ਬਾਕੀ ਸਾਰਿਆਂ ਨੇ ‘ਪੜ੍ਹ’ ਲਿਆ ਸੀ। ਪੁੱਤਰ ਨੇ ਕਿਸੇ ਸਮਾਚਾਰੀ ਪਟਾਕੇ ਦਾ ਪੈਣਾ ਜਾਂ ਨਾ ਪੈਣਾ ਜਾਣਨ ਲਈ ਭੱਜ-ਭਜਾਈ ਵਿਚ ਹੀ ਮੋਟੀ ਸੁਰਖੀ ਉਤੇ ਨਜ਼ਰ ਮਾਰ ਲਈ ਸੀ, ਪੋਤਰੇ ਨੇ ਕ੍ਰਿਕਟ ਮੈਚ ਬਾਰੇ ਜਾਣ ਲਿਆ ਸੀ ਅਤੇ ਪੋਤੀ ਨੇ ਵਿਸ਼ਵ-ਸੁੰਦਰੀ ਵਾਲੀ ਖ਼ਬਰ ਪੜ੍ਹ ਲਈ ਸੀ। ਨੂੰਹ ਲਈ ਅੱਜ ਦੇ ਅਖ਼ਬਾਰ ਦਾ ਕੋਈ ਮਹੱਤਵ ਨਹੀਂ ਸੀ, ਉਹ ਇਹਦਾ ਮੁੱਲ ਭਲਕੇ ਪਾਵੇਗੀ ਜਦੋਂ ਵਰਕੇ ਪਾੜ ਕੇ ਨਾਸ਼ਤਾ ਅਤੇ ਲੰਚ ਵਲ੍ਹੇਟਣੇ ਹੋਣਗੇ।
ਬਾਊ ਜੀ ਨੇ ਅਖ਼ਬਾਰ ਦੇ ਪੰਨੇ ਤਰਤੀਬਵਾਰ ਕੀਤੇ ਅਤੇ ਨਵੇਂ ਪਏ ਭੰਨ ਮਿਟਾ ਕੇ ਮੂਲ ਤਹਿਆਂ ਠੀਕ ਕੀਤੀਆਂ। ਨੂੰਹ ਨੇ ਕੁਝ ਬੋਲੇ ਬਿਨਾਂ ਚਾਹ ਦੀ ਪਿਆਲੀ ਮੇਜ਼ ਉਤੇ ਰੱਖ ਦਿੱਤੀ। ਉਹ ਬਰਾਂਡੇ ਵਿਚ ਪਈ ਆਰਾਮ-ਕੁਰਸੀ ਉਤੇ ਬੈਠ ਕੇ ਚਾਹ ਦੀਆਂ ਘੁੱਟਾਂ ਵੀ ਭਰਨ ਲੱਗੇ ਅਤੇ ਖ਼ਬਰਾਂ ਵੀ ਪੜ੍ਹਨ ਲੱਗੇ। ਮੋਤੀ ਅਛੋਪਲੇ ਉਨ੍ਹਾਂ ਦੀ ਮੰਜੀ ਹੇਠੋਂ ਉਠਿਆ ਅਤੇ ਉਨ੍ਹਾਂ ਦੇ ਪੈਰਾਂ ਵਿਚ ਬੂਥੀ ਟਿਕਾ ਕੇ ਪੈ ਗਿਆ। ਮੋਹ ਦੀ ਤਰੰਗ ਜਿਹੀ ਪੈਰਾਂ ਵਿਚੋਂ ਤੁਰ ਕੇ ਬਾਊ ਜੀ ਦੇ ਦਿਲ ਵੱਲ ਗਈ ਅਤੇ ਦਿਲ ਤੋਂ ਹੱਥਾਂ ਵੱਲ। ਉਨ੍ਹਾਂ ਨੇ ਅਖ਼ਬਾਰ ਤਹਿ ਕਰ ਕੇ ਫ਼ਰਸ਼ ਉਤੇ ਰੱਖ ਦਿੱਤਾ ਅਤੇ ਇਕ ਹੱਥ ਵਿਚ ਪਿਆਲੀ ਸੰਭਾਲ ਕੇ ਦੂਜੇ ਹੱਥ ਨਾਲ ਮੋਤੀ ਨੂੰ ਪਲੋਸਣ ਲੱਗੇ। ਉਨ੍ਹਾਂ ਦੇ ਅੰਦਰੋਂ ਜਿਵੇਂ ਲੋਰੀਆਂ ਫੁੱਟ ਤੁਰੀਆਂ, “ਚਾਹ ਪੀਣੀ ਐ ਮੇਰੇ ਮੋਤੀ ਰਾਜੇ ਨੇ, ਮੇਰੇ ਗੋਗੜੀ-ਮੋਗੜੀ ਨੇ?” ਮੋਤੀ ਨੇ ‘ਅਊਹ’ ਆਖਿਆ ਤਾਂ ਉਹ ਬੋਲੇ, “ਨਾ, ਤੂੰ ਚਾਹ ਨਹੀਂ ਪੀਣੀ! ਬੁੱਲ੍ਹੀਆਂ ਮੱਚ ਜਾਣਗੀਆਂ ਮੇਰੇ ਸੋਹਣੇ-ਮੋਹਣੇ ਦੀਆਂ! ਨਾਲੇ ਚੰਗੇ ਬੱਚੇ ਚਾਹ ਨਹੀਂ ਪੀਂਦੇ।”
ਮੋਤੀ ਚਾਰੇ ਪੈਰ ਉਪਰ ਨੂੰ ਕਰ ਕੇ ਬਾਊ ਜੀ ਦੇ ਪੈਰਾਂ ਵਿਚ ਵਿਛ ਗਿਆ। ਉਹ ਮੋਹ-ਭਿੱਜੀਆਂ ਅੱਖਾਂ ਨਾਲ ਦੇਖ ਰਿਹਾ ਸੀ ਅਤੇ ਉਹਦੀ ਪੂਛ ਤੇਜ਼-ਤੇਜ਼ ਹਿੱਲ ਰਹੀ ਸੀ। ਉਹ ਟੇਢਾ ਹੋਇਆ ਤਾਂ ਉਹਦੀ ਨਜ਼ਰ ਨੇੜੇ ਹੀ ਰੱਖੇ ਹੋਏ ਅਖ਼ਬਾਰ ਉਤੇ ਪੈ ਗਈ। ਉਹ ਉਹਨੂੰ ਸੁੰਘਣ ਲੱਗਿਆ।
ਬਾਊ ਜੀ ਉਹਦਾ ਸਿਰ ਖੁਰਕਦੇ ਹੋਏ ਬੋਲੇ, “ਬੱਲੇ ਬਈ, ਹੁਣ ਮੇਰੇ ਮੋਤੀ ਰਾਜੇ ਨੇ ਅਖ਼ਬਾਰ ਪੜ੍ਹਨੈਂ! ਪੜ੍ਹਾਕੂ ਬਣ ਜਾਏਂਗਾ ਤੂੰ ਤਾਂ! ਅਖ਼ਬਾਰ ਪੜ੍ਹ ਕੇ ਮੇਰਾ ਮੋਤੀ ਬੇਟਾ ਹੋਰ ਵੀ ਸਿਆਣਾ ਹੋ ਜਾਊ!”
ਬਰੈਡ-ਆਮਲੇਟ ਦੀ ਜੁਗਾਲੀ ਕਰਦਿਆਂ ਅਤੇ ਦਫ਼ਤਰ ਵਾਲਾ ਬੈਗ ਫਰੋਲ ਕੇ ਬੰਦ ਕਰਦਿਆਂ ਪੁੱਤਰ ਨੇ ਅੰਦਰਲੀ ਜ਼ਹਿਰ ਬਾਹਰ ਕੱਢੀ, “ਬੇਟੇ ਨੂੰ ਬੇਟਾ ਭਾਵੇਂ ਨਾ ਕਹੋ, ਕੁੱਤੇ ਨੂੰ ਬੇਟਾ ਜ਼ਰੂਰ ਕਹੋ!”
ਪੋਤੇ-ਪੋਤੀ ਨੇ ਅਧ-ਖਾਧਾ ਜੂਠਾ ਨਾਸ਼ਤਾ ਕੱਲ੍ਹ ਦੇ ਅਖ਼ਬਾਰ ਦੇ ਵਰਕਿਆਂ ਵਿਚ ਵਲ੍ਹੇਟ ਕੇ ਬੈਗਾਂ ਵਿਚ ਥੁੰਨਿਆ ਅਤੇ ਸਕੂਲ ਲਈ ਭਜਦਿਆਂ ਇਕੱਠੇ ਹੀ ਬੋਲੇ, “ਹੋਮਵਰਕ ਕਰਵਾਉਣ ਲਈ ਕਹੀਏ ਤਾਂ ਆਖਦੇ ਨੇ, ਨਵੀਆਂ ਕਿਤਾਬਾਂ ਮੈਨੂੰ ਆਉਂਦੀਆਂ ਨਹੀਂ! ਡੌਗੀ ਨੂੰ ਅਖ਼ਬਾਰ ਪੜ੍ਹਨਾ ਸਿਖਾਉਣਗੇ।”
ਪਰਸ ਚੁੱਕ ਰਹੀ ਨੂੰਹ ਨੇ ਗੱਲ ਨੂੰ ਸਿਰੇ ਉਤੇ ਪਹੁੰਚਾਇਆ, “ਮੋਤੀ ਨਾਲ ਪ੍ਰੇਮ-ਨਾਟਕ ਖੇਡਣ ਨੂੰ ਹੁਣ ਸਾਰਾ ਦਿਨ ਤੁਹਾਡਾ ਹੀ ਹੈ, ਬਾਊ ਜੀ, ਇਕ ਮਿੰਟ ਮੇਰੀ ਗੱਲ ਸੁਣ ਲਵੋ। ਅੱਜ ਤੁਹਾਡਾ ਨਾਸ਼ਤਾ ਨਹੀਂ ਬਣਾਇਆ ਗਿਆ। ਦੁਪਹਿਰ ਲਈ ਤੁਹਾਡੇ ਤੇ ਮੋਤੀ ਦੇ ਫੁਲਕੇ ਵੀ ਨਹੀਂ ਲਾਹੇ ਗਏ। ਬਰੈਡ ਪਈ ਹੈ। ਨਾਸ਼ਤੇ ਵਿਚ ਉਹਦੇ ਨਾਲ ਆਪਣਾ ਇਕ ਆਂਡਾ ਲੈ ਲੈਣਾ। ਬੱਚਿਆਂ ਦੇ ਦੁਪਹਿਰ ਦੇ ਫੁਲਕੇ ਕਾਹਲ਼ੀ ਕਾਹਲ਼ੀ ਲਾਹ ਦਿੱਤੇ ਨੇ ਤੇ ਡੱਬੇ ਵਿਚ ਸਾਂਭ ਦਿੱਤੇ ਨੇ। ਸਬਜ਼ੀ ਫਰਿੱਜ ਵਿਚ ਰੱਖੀ ਪਈ ਹੈ। ਦੁਪਹਿਰ ਵੇਲੇ ਬੱਚਿਆਂ ਵਾਸਤੇ ਛੱਡ ਕੇ ਥੋੜ੍ਹੀ ਜਿਹੀ ਸਬਜ਼ੀ ਤੁਸੀਂ ਬਰੈਡ ਨਾਲ ਲੈ ਲੈਣੀ।”
ਬਾਊ ਜੀ ਨੂੰ ਗੁੱਸਾ ਆਉਣਾ ਚਾਹੀਦਾ ਸੀ, ਪਰ ਆਇਆ ਨਹੀਂ। ਸਗੋਂ ਮਨ ਹੀ ਮਨ ਸਭਨਾਂ ਉਤੇ ਬਹੁਤ ਤਰਸ ਆਇਆ। ਦਿਲ ਕੀਤਾ ਕਿ ਕਹਿਣ, ਹੁਣ ਤੁਸੀਂ ਸਾਰੇ ਏਨੇ ਨਿੱਘਰ ਗਏ ਹੋ ਕਿ ਕੁੱਤੇ ਨੂੰ ਆਪਣਾ ਸ਼ਰੀਕ ਸਮਝਣ ਲੱਗ ਪਏ ਹੋ? ਪਰ ਕਿਹਾ ਨਹੀਂ। ਉਨ੍ਹਾਂ ਨੇ ਪੁੱਤਰ ਦੀ ਗੱਲ ਦਾ ਕੋਈ ਉਤਰ ਨਹੀਂ ਦਿੱਤਾ। ਪੋਤੇ-ਪੋਤੀ ਦੀ ਗੱਲ ਸੁਣ ਕੇ ਵੀ ਉਹ ਚੁੱਪ ਰਹੇ। ਪਰ ਨੂੰਹ ਦਾ ਹੁੰਘਾਰਾ ਤਾਂ ਭਰਨਾ ਹੀ ਪੈਣਾ ਸੀ, ਨਹੀਂ ਤਾਂ ਉਹਨੇ ਕਹਿਣਾ ਸੀ, ਮੇਰੀ ਗੱਲ ਵੱਲ ਜਾਣ ਕੇ ਧਿਆਨ ਨਹੀਂ ਦਿੰਦੇ। ਉਹ ਬੋਲੇ, “ਮੈਂ ਸਮਝ ਗਿਆ ਬੇਟੀ, ਮੈਂ ਸਭ ਕੁਛ ਸਮਝ ਗਿਆ।”
“ਇਹੋ ਤਾਂ ਤੁਹਾਡੀ ਸਿਫ਼ਤ ਹੈ, ਬਾਊ ਜੀ, ਤੁਸੀਂ ਕਿਹਾ ਤਾਂ ਕੀ, ਅਣਕਿਹਾ ਵੀ ਸਮਝ ਜਾਂਦੇ ਹੋ”, ਨੂੰਹ ਨੇ ਵਿਅੰਗ-ਬਾਣ ਚਲਾਇਆ। “ਹੁਣ ਇਕ ਗੱਲ ਹੋਰ ਵੀ ਸੁਣ-ਸਮਝ ਲਓ। ਕੰਮ-ਵਾਲੀ ਨੂੰ ਕਹਿਣਾ ਕਿ ਗੈਸ ਚੰਗੀ ਤਰ੍ਹਾਂ ਸਾਫ਼ ਕਰ ਦੇਵੇ। ਕਈ ਦਿਨਾਂ ਤੋਂ ਉਹਨੇ ਕੱਪੜਾ ਨਹੀਂ ਮਾਰਿਆ।”
“ਇਹ ਵੀ ਸਮਝ ਗਿਆ, ਬੇਟੀ”, ਬਾਊ ਜੀ ਨੇ ਠਰ੍ਹੰਮੇ ਨਾਲ ਉਤਰ ਦਿੱਤਾ।
ਨੂੰਹ ਦੇ ਜਾਣ ਮਗਰੋਂ ਬਾਹਰਲੀ ਕੁੰਡੀ ਬੰਦ ਕਰ ਕੇ ਬਾਊ ਜੀ ਨੇ ਕੁਰਸੀ ਦੀ ਪਿੱਠ ਉਤੇ ਸਿਰ ਸੁੱਟਿਆ ਅਤੇ ਅੱਖਾਂ ਬੰਦ ਕਰ ਲਈਆਂ। ਸਵੇਰੇ-ਸਵੇਰੇ ਘਰ ਵਿਚ ਪਈ ਰਹੀ ਸਾਰਿਆਂ ਦੀ ਭਾਜੜ ਦਾ ਥਕੇਵਾਂ ਜਿਵੇਂ ਉੁਨ੍ਹਾਂ ਇਕੱਲਿਆਂ ਦੇ ਅੰਗ-ਅੰਗ ਵਿਚ ਉਤਰ ਆਇਆ ਸੀ। ਮੋਤੀ ਉਨ੍ਹਾਂ ਦੇ ਪੈਰਾਂ ਉਤੇ ਪੰਜੇ ਰੱਖ ਕੇ ਬੈਠ ਗਿਆ। ਕੁਝ ਸਮੇਂ ਲਈ ਇਸ ਤਰ੍ਹਾਂ ਬੈਠੇ ਰਹਿਣ ਮਗਰੋਂ ਉਹ ਹੰਭਲਾ ਮਾਰ ਕੇ ਉਠੇ ਅਤੇ ਬੋਲੇ, “ਚੱਲ ਬਈ ਮੋਤੀ, ਆਪਾਂ ਵੀ ਨਾਸ਼ਤਾ ਕਰੀਏ।”
ਮੋਤੀ ਛਾਲ ਮਾਰ ਕੇ ਖੜ੍ਹਾ ਹੋ ਗਿਆ। ਬਾਊ ਜੀ ਨੇ ਦੁੱਧ ਵਾਲੀ ਦੇਗਚੀ ਫਰਿੱਜ ਵਿਚੋਂ ਕੱਢੀ। ਮੋਤੀ ਰਸੋਈ ਦੇ ਬੂਹੇ ਅੱਗੇ ਬੈਠ ਗਿਆ। ਗੈਸ ਦੇ ਇੱਕ ਚੁੱਲ੍ਹੇ ਉਤੇ ਆਂਡਾ ਉਬਲਣਾ ਰੱਖ ਕੇ ਬਾਊ ਜੀ ਨੇ ਦੂਜੇ ਚੁੱਲ੍ਹੇ ਉਤੇ ਪਿਆਲੀ ਕੁ ਦੁੱਧ ਦੀ ਠਰ ਭੰਨੀ ਅਤੇ ਡਬਲਰੋਟੀ ਦੇ ਟੁਕੜੇ ਮੋਤੀ ਦੇ ਕਟੋਰੇ ਵਿਚ ਭਿਉਂ ਦਿੱਤੇ। ਮੋਤੀ ਨੇ ਕਟੋਰੇ ਨੂੰ ਦੇਖਿਆ, ਸੁੰਘਿਆ, ਭੁੱਖ ਨਾਲ ਲਲਚਾ ਕੇ ਬੁੱਲ੍ਹਾਂ ਉਤੇ ਜੀਭ ਫੇਰੀ ਅਤੇ ਪਰਤ ਕੇ ਰਸੋਈ ਦੇ ਬੂਹੇ ਅੱਗੇ ਆ ਬੈਠਾ।
“ਤੂੰ ਤਾਂ ਖਾਣ ਲੱਗ, ਮੈਂ ਚਾਹ ਉਬਾਲ ਲਵਾਂ”, ਬਾਊ ਜੀ ਨੇ ਮੋਤੀ ਦੇ ਕਟੋਰੇ ਵੱਲ ਇਸ਼ਾਰਾ ਕੀਤਾ।
ਮੋਤੀ ਨੇ ਉਧਰ ਦੇਖ ਕੇ ‘ਅਊਹ’ ਕਿਹਾ ਅਤੇ ਬੈਠਾ ਰਿਹਾ।
“ਅੱਛਾ, ਮੇਰੇ ਨਾਲ ਖਾਏਂਗਾ? ਚੰਗਾ ਬਈ ਤੇਰੀ ਮਰਜ਼ੀ।” ਬਾਊ ਜੀ ਪ੍ਰਸੰਨ ਹੋ ਗਏ।
ਉਨ੍ਹਾਂ ਨੇ ਪਿਆਲੇ ਵਿਚ ਚਾਹ ਪੁਣੀ ਅਤੇ ਪਲੇਟ ਵਿਚ ਆਂਡਾ ਤੇ ਬਰੈਡ-ਸਲਾਈਸ ਰੱਖੇ। ਸਭ ਕੁਝ ਮੇਜ਼ ਉਤੇ ਰੱਖ ਕੇ ਉਨ੍ਹਾਂ ਨੇ ਮੋਤੀ ਦਾ ਕਟੋਰਾ ਵੀ ਮੇਜ਼ ਕੋਲ ਲਿਆ ਰਖਿਆ। ਹੱਥ ਧੋ ਕੇ ਉਹ ਕੁਰਸੀ ਉਤੇ ਆ ਬੈਠੇ। ਬਰੈਡ ਦੀ ਬੁਰਕੀ ਲੈ ਕੇ ਚਾਹ ਦੀ ਘੁੱਟ ਭਰੀ। ਮੋਤੀ ਦੁੱਧ-ਭਿੱਜੀ ਬਰੈਡ ਖਾਣ ਲੱਗਿਆ। ਨਾਲੋ-ਨਾਲ ਬਾਊ ਜੀ ਪੋਣੇ ਨਾਲ ਫੜ ਕੇ ਗਰਮ ਆਂਡਾ ਛਿੱਲਣ ਲੱਗੇ। ਮੋਤੀ ਨੇ ਆਂਡੇ ਵੱਲ ਦੇਖਿਆ ਅਤੇ ਬੁੱਲ੍ਹਾਂ ਉਤੇ ਜੀਭ ਫੇਰੀ। ਬਾਊ ਜੀ ਹੱਸੇ, “ਘਬਰਾ ਨਾ, ਅੱਧਾ ਤੇਰਾ, ਅੱਧਾ ਮੇਰਾ!” ਉਨ੍ਹਾਂ ਨੇ ਚਾਕੂ ਲੈ ਕੇ ਆਂਡੇ ਨੂੰ ਦੋ ਹਿੱਸਿਆਂ ਵਿਚ ਵੰਡਿਆ ਅਤੇ ਧਿਆਨ ਨਾਲ ਦੇਖਿਆ। ਇਕ ਹਿੱਸਾ ਦੂਜੇ ਨਾਲੋਂ ਥੋੜ੍ਹਾ ਜਿਹਾ ਵੱਡਾ ਸੀ। ਠੰਢਾ ਕਰਨ ਲਈ ਵੱਡੇ ਹਿੱਸੇ ਦੇ ਟੁਕੜੇ ਕਰਦਿਆਂ ਉਨ੍ਹਾਂ ਨੇ ਮੋਤੀ ਨੂੰ ਕਿਹਾ, “ਲੈ ਬਈ, ਇਹ ਤੇਰਾ!æææਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ, ਮਿੱਤਰ ਉਹ ਜੋ ਗੰਨਾ ਵੰਡਣ ਲੱਗਿਆਂ ਜੜ੍ਹ ਵਾਲਾ ਪਾਸਾ ਦੂਜੇ ਨੂੰ ਦੇ ਦੇਵੇ।”
ਨਾਸ਼ਤਾ ਕਰ ਕੇ ਬਾਊ ਜੀ ਅਖ਼ਬਾਰ ਪੜ੍ਹਨ ਲੱਗੇ। ਮੋਤੀ ਉਨ੍ਹਾਂ ਦੇ ਪੈਰਾਂ ਕੋਲ ਊਂਘਣ ਲੱਗਿਆ। ਬਾਊ ਜੀ ਨੇ ਆਖ਼ਰੀ ਪੰਨਾ ਪਲਟਿਆ ਤਾਂ ਬਾਹਰਲੀ ਘੰਟੀ ਵੱਜੀ। ਕੰਮ-ਵਾਲੀ ਆ ਗਈ ਸੀ। ਬਾਊ ਜੀ ਨੇ ਬੂਹਾ ਖੋਲ੍ਹਿਆ, ਮੋਤੀ ਨੂੰ ਕਮਰੇ ਵਿਚ ਜਾ ਕੇ ਪੈਣ ਲਈ ਆਖਿਆ ਅਤੇ ਆਪ ਨ੍ਹਾਉਣ ਜਾ ਲੱਗੇ। ਉਹ ਗੁਸਲਖਾਨੇ ਵਿਚੋਂ ਨਿੱਕਲੇ ਤਾਂ ਕੰਮ-ਵਾਲੀ ਭਾਂਡੇ ਧੋ-ਮਾਂਜ ਕੇ ਅਤੇ ਝਾੜੂ-ਬੁਹਾਰੀ ਕਰ ਕੇ ਫ਼ਰਸ਼ ਉਤੇ ਪੋਚਾ ਮਾਰ ਰਹੀ ਸੀ। ਮੋਤੀ ਉਨ੍ਹਾਂ ਦੀ ਮੰਜੀ ਹੇਠ ਅਧ-ਸੁੱਤਾ ਪਿਆ ਸੀ।
ਕੰਮ-ਵਾਲੀ ਨੇ ਕੰਮ ਮੁਕਾ ਕੇ ਹੱਥ ਧੋਤੇ ਅਤੇ ਬੋਲੀ, “ਅੱਛਾ ਬਾਊ ਜੀ, ਮੈਂ ਜਾ ਰਹੀ ਹੂੰ।”
ਬਾਊ ਜੀ ਬਾਹਰਲੀ ਕੁੰਡੀ ਲਾ ਕੇ ਆਪਣੇ ਕਮਰੇ ਵਿਚ ਜਾ ਪਏ। ਮੋਤੀ ਹੌਲੇ ਜਿਹੇ ਉਨ੍ਹਾਂ ਦੀ ਮੰਜੀ ਹੇਠੋਂ ਉਠਿਆ ਅਤੇ ਬਾਊ ਜੀ ਦੇ ਜੁੱਤਿਆਂ ਉਤੇ ਬੂਥੀ ਰੱਖ ਕੇ ਅੱਖਾਂ ਮੀਟ ਲਈਆਂ। ਬਾਊ ਜੀ ਨੇ ਪਾਸਾ ਪਰਤਿਆ ਅਤੇ ਮੋਤੀ ਦੇ ਪਿੰਡੇ ਨੂੰ ਪਲੋਸਣ ਲੱਗੇ। ਧੀਮੇ-ਧੀਮੇ ਨਾਲੋ-ਨਾਲ ਤੁਰਦੇ ਉਹ ਦੋਵੇਂ ਨੀਂਦ ਦੀ ਵਾਦੀ ਵਿਚ ਪ੍ਰਵੇਸ਼ ਕਰ ਗਏ।
ਬਾਊ ਜੀ ਦੀ ਨੀਂਦ ਖੁੱਲ੍ਹੀ ਤਾਂ ਨਾਲ ਹੀ ਮੋਤੀ ਉਠ ਖਲੋਤਾ। ਬੱਚਿਆਂ ਦੇ ਸਕੂਲੋਂ ਆਉਣ ਵਿਚ ਅੱਧਾ ਕੁ ਘੰਟਾ ਰਹਿ ਗਿਆ ਸੀ। ਬਾਊ ਜੀ ਨੇ ਅੱਖਾਂ ਉਤੇ ਪਾਣੀ ਦੇ ਛਿੱਟੇ ਮਾਰੇ। ਮੋਤੀ ਅੰਦਰੋਂ ਆਪਣੀ ਰੱਸੀ ਲੈ ਆਇਆ। ਉਨ੍ਹਾਂ ਨੇ ਪਿਛਲੀ ਗਲੀ ਵਿਚ ਉਹਨੂੰ ਚੱਕਰ ਲੁਆਏ। ਮੋਤੀ ਰੱਸੀ ਨੂੰ ਕਮਰੇ ਵਿਚ ਰੱਖਣ ਚਲਿਆ ਗਿਆ ਅਤੇ ਉਨ੍ਹਾਂ ਨੇ ਬੱਚਿਆਂ ਦੇ ਆਉਣ ਦੀ ਉਡੀਕ ਵਿਚ ਬਾਹਰਲੀ ਕੁੰਡੀ ਖੋਲ੍ਹ ਦਿੱਤੀ। ਮੋਤੀ ਰੱਸੀ ਰੱਖ ਕੇ ਮੁੜਿਆ ਤਾਂ ਵਿਹੜੇ ਵਿਚ ਚਿੜੀ ਬੈਠੀ ਸੀ। ਮੋਤੀ ਲਪਕਿਆ, ਪਰ ਚਿੜੀ ਉਡ ਗਈ। ਮੋਤੀ ਉਹਦੇ ਮਗਰ ਉਡਿਆ, ਪਰ ਉਹਦੀ ਉਡਾਰੀ ਇਕ ਉਚੀ ਛਾਲ ਬਣ ਕੇ ਰਹਿ ਗਈ। ਉਹਨੇ ਬੇਵਸੀ ਨਾਲ ਖਾਲੀ ਅੰਬਰ ਵੱਲ ਦੇਖਿਆ। ਬਾਊ ਜੀ ਪੈਰਾਂ ਭਾਰ ਉਹਦੇ ਕੋਲ ਬੈਠ ਕੇ ਉਦਾਸ ਹਾਸੀ ਹੱਸੇ, “ਹਾਂ, ਪੁੱਤਰਾ, ਇਹੋ ਜ਼ਿੰਦਗੀ ਹੈ। ਮਨ ਉਡਣਾ ਲੋਚਦਾ ਹੈ, ਪਰ ਉਹਦੀ ਸੀਮਾ ਕੇਵਲ ਇਕ ਟਪੂਸੀ ਹੁੰਦੀ ਹੈ!”
ਮੋਤੀ ਨੇ ‘ਅਊਹ’ ਕਿਹਾ, ਜਿਵੇਂ ਇਹ ਗੂੜ੍ਹ-ਗਿਆਨ ਉਹਨੂੰ ਸਮਝ ਨਾ ਆਇਆ ਹੋਵੇ ਅਤੇ ਉਨ੍ਹਾਂ ਦੇ ਸਾਹਮਣੇ ਉਹ ਹਿਜ਼ ਮਾਸਟਰਜ਼ ਵਾਇਸ ਵਾਲੇ ਕੁੱਤੇ ਵਾਂਗ ਇਉਂ ਨਿੱਠ ਕੇ ਬੈਠ ਗਿਆ ਜਿਵੇਂ ਇਹ ਸਭ ਕੁਝ ਸਮਝਣਾ ਚਾਹੁੰਦਾ ਹੋਵੇ।
ਬਾਊ ਜੀ ਬੋਲੇ, “ਇੱਛਾ ਦੀ ਚਿੜੀ ਉਡ ਕੇ ਅੱਖੋਂ ਓਹਲੇ ਹੋ ਜਾਂਦੀ ਹੈ ਤੇ ਪਿੱਛੇ ਸੱਖਣਾ ਅੰਬਰ ਰਹਿ ਜਾਂਦਾ ਹੈ।”
ਮੋਤੀ ਨੇ ਫੇਰ ‘ਅਊਹ’ ਕਿਹਾ, ਜਿਵੇਂ ਉਹ ਇਸ ਗੂੜ੍ਹੀ ਗੱਲ ਦੀ ਹੋਰ ਵਿਆਖਿਆ ਕਰਨ ਲਈ ਕਹਿ ਰਿਹਾ ਹੋਵੇ।
ਗੱਲਾਂ ਵਿਚ ਬਾਊ ਜੀ ਨੂੰ ਧਿਆਨ ਹੀ ਨਾ ਰਿਹਾ ਕਿ ਬੱਚੇ ਕਦੋਂ ਕੋਲ ਆ ਖਲੋਤੇ ਸਨ। ਬਾਊ ਜੀ ਨੇ ਬੱਚਿਆਂ ਵੱਲ ਦੇਖਿਆ ਤਾਂ ਉਨ੍ਹਾਂ ਨੂੰ ਅਤੇ ਮੋਤੀ ਨੂੰ ਇਕ ਦੂਜੇ ਦੇ ਸਾਹਮਣੇ ਬੈਠੇ ਦੇਖ ਕੇ ਉਹ ਤਾੜੀਆਂ ਮਾਰਨ ਲੱਗੇ।
ਪੋਤੀ ਬੋਲੀ, “ਆਹਾ ਜੀ, ਬਾਊ ਜੀ ਤੇ ਡੌਗੀ ਗੱਲਾਂ ਕਰਦੇ ਨੇ।”
ਪੋਤਾ ਬੋਲਿਆ, “ਆਪਣੇ ਘਰ ਦੋ ਡੌਗੀ!”
ਬਾਊ ਜੀ ਨੇ ਕੁਝ ਕਹਿਣਾ ਚਾਹਿਆ ਤਾਂ ਸੰਘ ਵਿਚ ਜਿਵੇਂ ਸਵੇਰ ਨਾਲੋਂ ਵੀ ਵੱਡਾ ਕੁਝ ਫਸ ਗਿਆ। ਉਨ੍ਹਾਂ ਨੇ ਜ਼ੋਰ ਨਾਲ ਖੰਘੂਰਾ ਮਾਰਿਆ ਅਤੇ ਸਹਿਜ ਨਾਲ ਬੋਲੇ, “ਨਹੀਂ ਬੇਟਾæææਆਪਣੇ ਘਰ ਦੋ ਬੰਦੇ!”