ਪੰਜਾਬ ਦੇ ਇਤਿਹਾਸ ਅਤੇ ਵਰਤਮਾਨ ਉਤੇ ਵਾਹਵਾ ਅਸਰ ਪਾਉਣ ਵਾਲੇ 1980ਵਿਆਂ ਦੇ ਦੌਰ ਦੇ ਬਹੁਤ ਸਾਰੇ ਭੇਤ ਅਜੇ ਵੀ ਬਰਕਰਾਰ ਹਨ। ਅਸਲ ਵਿਚ ਉਸ ਦੌਰ ਦੇ ਇਕ ਨਹੀਂ, ਅਨੇਕ ਪੱਖ ਹਨ ਜਿਨ੍ਹਾਂ ਬਾਰੇ ਸਭ ਦੇ ਆਪੋ-ਆਪਣੇ ਆਧਾਰ ਅਤੇ ਦਲੀਲਾਂ ਹਨ। ‘ਪੰਜਾਬ ਟਾਈਮਜ਼’ ਨਾਲ ਡੂੰਘੇ ਜੁੜੇ ਗੁਰਦਿਆਲ ਸਿੰਘ ਬਲ ਨੇ ਇਸ ਲੇਖ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨੇੜੇ ਰਹੇ ਹਰਭਜਨ ਸਿੰਘ ਬਰਾੜ ਦੇ ਬਹਾਨੇ ਨਾਲ ਉਸ ਦੌਰ ਦੇ ਕੁਝ ਪੱਖਾਂ ਬਾਰੇ ਗੱਲਾਂ ਕੀਤੀਆਂ ਹਨ। ਸ਼ ਬਰਾੜ ਅੱਜ ਕੱਲ੍ਹ ਕੈਨੇਡਾ ਵਿਚ ਹਨ ਅਤੇ ਹਾਲ ਹੀ ਵਿਚ ਉਥੋਂ ਦੀਆਂ ਕੁਝ ਸੰਸਥਾਵਾਂ ਨੇ ਉਨ੍ਹਾਂ ਦਾ ਮਾਣ-ਸਨਮਾਨ ਕੀਤਾ ਹੈ। ਲੇਖ ਵਿਚ ਉਸ ਦੌਰ ਬਾਰੇ ਉਨ੍ਹਾਂ ਦੀਆਂ ਗੱਲਾਂ ਧਿਆਨ ਖਿੱਚਣ ਵਾਲੀਆਂ ਹਨ। -ਸੰਪਾਦਕ
ਗੁਰਦਿਆਲ ਸਿੰਘ ਬੱਲ
ਹਰਭਜਨ ਸਿੰਘ ਬਰਾੜ ਬੜਾ ਨਿਰਛਲ-ਨਿਰਵੈਰ ਤੇ ਪੁਰ-ਖਲੂਸ ਇਨਸਾਨ ਹੈ। ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰਨ ਪਿਛੋਂ ਅੱਜ ਕੱਲ੍ਹ ਉਹ ਕੈਨੇਡਾ ਵਿਚ ਹੈ। ਜਨਮ ਉਸ ਦਾ ਅਜੋਕੇ ਪਾਕਿਸਤਾਨ ਦੇ ਮੁਲਤਾਨ ਜ਼ਿਲ੍ਹੇ ਵਿਚ ਪਿੰਡ ਖਾਨੇਵਾਲ ਵਿਚ ਹੋਇਆ ਅਤੇ ਵੰਡ ਤੋਂ ਬਾਅਦ ਪਰਿਵਾਰ ਮਾਲਵਾ ਦੇ ਬਾਘਾ ਪੁਰਾਣਾ ਕਸਬੇ ਦੇ ਨੇੜੇ ਪਿੰਡ ਫੂਲੇਵਾਲ ਜਾ ਵਸਿਆ। ਘਰ ‘ਚ ਬੇਹੱਦ ਗਰੀਬੀ ਸੀ ਪਰ ਹਿੰਮਤ ਨਾਲ ਉਹ ਦਸਵੀਂ ਕਰ ਗਿਆ ਅਤੇ ਤੋਪਖਾਨੇ ਵਿਚ ਭਰਤੀ ਹੋ ਗਿਆ। 1965 ਅਤੇ 1971 ਦੀਆਂ ਲੜਾਈਆਂ ਵਿਚ ਉਹ ਛੰਭ ਜੌੜੀਆਂ ਸੈਕਟਰ ਵਿਚ ਤਾਇਨਾਤ ਰਿਹਾ। ਉਹਦੇ ਆਪਣੇ ਸ਼ਬਦਾਂ ਵਿਚ, Ḕਦੋਵਾਂ ਜੰਗਾਂ ਵਿਚ ਤਾਂ ਵਾਲ ਵਿੰਗਾ ਨਾ ਹੋਇਆ, ਪਰ 71 ਵਾਲੀ ਜੰਗ ਤੋਂ ਬਾਅਦ ਘਰੇ ਛੁੱਟੀ ਆਏ ਦੀ ਬਾਂਹ ਟੁੱਟ ਗਈ ਅਤੇ 1972 ਵਿਚ ਉਹਨੇ ਫੌਜ ਦੀ ਨੌਕਰੀ ਨੂੰ ਅਲਵਿਦਾ ਆਖ ਦਿੱਤੀ। ਤੋਰੀ-ਫੁਲਕੇ ਲਈ ਉਸ ਨੇ ਮੋਗੇ ਕਮਰਾ ਕਿਰਾਏ ‘ਤੇ ਲੈ ਕੇ ਏਜੰਟੀ ਸ਼ੁਰੂ ਕਰ ਲਈ।Ḕ
ਬੰਦੇ ਬਾਹਰ ਭੇਜਣ ਦੇ ਕਾਰੋਬਾਰ ਵਿਚੋਂ ਪੈਸਾ-ਧੇਲਾ ਕੋਈ ਬਣਿਆ ਜਾਂ ਨਾ, ਅਸਲ ਖੱਟੀ ਇਹ ਹੋਈ ਕਿ ਕਾਬੁਲ, ਕੰਧਾਰ, ਬੈਰੂਤ, ਇਰਾਨ, ਕੁਸਤੁਨਤੁਨੀਆ, ਇਟਲੀ, ਫਰੈਂਕਫਰਟ ਤਾਂ ਗਾਹੇ ਹੀ; ਬੈਂਕਾਕ, ਮਨੀਲਾ, ਮਲੇਸ਼ੀਆ, ਹਾਂਗਕਾਂਗ ਅਤੇ ਹੋਰ ਅਨੇਕ ਸ਼ਹਿਰ ਵੀ ਵੇਖ ਲਏ। 1977 ਵਿਚ ਅੰਮ੍ਰਿਤਸਰ ਖਾਲਸਾ ਕਾਲਜ ਦੇ ਸਾਹਮਣੇ ਡਾæ ਸੂਰਤਾ ਸਿੰਘ ਰੋਡ ਉਪਰ ਆਪਣਾ ਡੇਰਾ ਲਾ ਲਿਆ। 1978 ਦਾ ਵਿਸਾਖੀ ਕਾਂਡ ਉਹਦੀਆਂ ਅੱਖਾਂ ਸਾਹਮਣੇ ਵਾਪਰਿਆ; ਕਹਾਣੀ ਬਲਿਊ ਸਟਾਰ ਤਕ ਕਿਵੇਂ ਗਈ ਅਤੇ ਫਿਰ ਬਲੈਕ ਥੰਡਰ ‘ਚ ਕੀ-ਕੀ ਤੇ ਕਿਵੇਂ-ਕਿਵੇਂ ਹੋਇਆ, ਉਹਨੂੰ ਸਾਰਾ ਪਤਾ ਹੈ। ਅਣਪਛਾਤੀਆਂ ਲਾਸ਼ਾਂ ਦਾ ਖੁਰਾ ਕੱਢਣ ਵਾਲੇ ਜਸਵੰਤ ਸਿੰਘ ਖਾਲੜਾ ਅਤੇ ਉਸ ਦੇ ਚੇਲੇ ਪੰਡਿਤ ਰਜੀਵ ਸਿੰਘ ਨਾਲ ਉਸ ਦਾ ਦਿਲੀ ਪ੍ਰੇਮ ਰਿਹਾ।
1995 ਵਿਚ ਪੰਜਾਬ ਪੁਲਿਸ ਵਲੋਂ ਖਾਲੜੇ ਨੂੰ ਲਾਪਤਾ ਕਰ ਦਿਤੇ ਜਾਣ ਅਤੇ ਉਸ ਦੀ ਸ਼ਹਾਦਤ ਦਾ ਭੇਤ ਕੱਢਣ ਲਈ ਉਸ ਦੇ ਰਜੀਵ, ਸੁਰਿੰਦਰ ਸਿੰਘ ਘਰਿਆਲਾ, ਬਲਵਿੰਦਰ ਸਿੰਘ ਝਬਾਲ, ਸਰਪੰਚ ਗੁਰਭੇਜ ਸਿੰਘ ਪਲਾਸੌਰ, ਜਸਪਾਲ ਸਿੰਘ ਢਿੱਲੋਂ (ਮੁਹਾਲੀ) ਅਤੇ ਉਨ੍ਹਾਂ ਦੇ 4-5 ਹੋਰ ਸਾਥੀਆਂ ਨੇ ਸਿਰਾਂ ‘ਤੇ ਕੱਫਣ ਬੰਨ੍ਹ ਕੇ ਜਦੋਂ ਮੁਹਿੰਮ ਸ਼ੁਰੂ ਕੀਤੀ, ਤਾਂ ਬਰਾੜ ਉਸ ਵਿਚ ਸ਼ਰੀਕ ਸੀ। ਇਹ ਉਹ ਸਮਾਂ ਸੀ ਜਦੋਂ ਪੁਲਿਸ ਦੀ ਦਹਿਸ਼ਤ ਅਜੇ ਲੋਕਾਂ ਦੇ ਮਨਾਂ ਵਿਚੋਂ ਗਈ ਨਹੀਂ ਸੀ। ਰਜੀਵ ਤਾਂ ਪੰਡਿਤਾਂ ਦਾ ਮੁੰਡਾ ਹੈ, ਸਭ ਨੂੰ ਪਤਾ ਹੀ ਹੈ। ਐਡਵੋਕੇਟ ਸੁਰਿੰਦਰ ਸਿੰਘ ਘਰਿਆਲਾ ਵੀ ਪੰਡਿਤਾਂ ਦੇ ਘਰ ਦਾ ਜੰਮ-ਪਲ ਹੈ। ਕਾਲਜ ਪੜ੍ਹਦਿਆਂ ਖਾਲੜਾ ਨਕਸਲੀਆਂ ਦੀ ਭਾਰਤੀ ਨੌਜਵਾਨ ਸਭਾ ਵਿਚ ਅਤੇ ਸੁਰਿੰਦਰ ਘਰਿਆਲਾ ਮਾਰਕਸੀ ਕਮਿਊਨਿਸਟਾਂ ਦੀ ਐਸ਼ਐਫ਼ਆਈæ ਵਿਚ ਪੰਜਾਬ ਪੱਧਰ ਦੇ ਆਗੂਆਂ ਵਿਚੋਂ ਸਨ। ਹਰਭਜਨ ਬਰਾੜ ਅਨੁਸਾਰ ਜਸਵੰਤ ਸਿੰਘ ਖਾਲੜਾ ਕਮਿਊਨਿਸਟਾਂ ਤੋਂ ਬਦਜ਼ਨ ਹੋ ਕੇ ਜਦੋਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦਾ ਗੁਪਤ ਸਕੱਤਰ ਬਣਿਆ, ਤਾਂ ਘਰਿਆਲਾ ਤੇ ਰਜੀਵ ਵੀ ਉਸ ਦੀ ਪ੍ਰੇਰਨਾ ਨਾਲ ਸਿੱਖ ਲਹਿਰ ਦੇ ਸਮਰਥਕ ਹੋ ਗਏ।æææਤੇ ਫਿਰ ਆਪਣੇ ਮਿੱਤਰ ਪਿਆਰੇ ਦੀ ਲਾਸ਼ ਦਾ ਖੁਰਾ ਕੱਢਣ ਲਈ ਪੰਡਿਤਾਂ ਦੇ ਇਨ੍ਹਾਂ ਦੋਵਾਂ ਬੇਖੌਫ ‘ਜਾਨਿਸਾਰਾਂ’ ਨੇ ਖੌਫਨਾਕ ਐਸ਼ਐਸ਼ਪੀæ ਅਜੀਤ ਸਿੰਘ ਸੰਧੂ ਤੇ ਉਸ ਦੇ ਸਾਥੀ ਪੁਲਿਸ ‘ਕਮਾਂਡਰਾਂ’ ਵਿਰੁਧ ਜਿਸ ਕਿਸਮ ਦੀ ਬੇਖੌਫ ਮੁਹਿੰਮ ਚਲਾਈ; ਉਹ ਕਥਾ ਪੰਜਾਬ ਦੇ ਇਤਿਹਾਸ ਦਾ ਮਹਾਂ-ਐਪਿਕ ਹੈ।
‘ਪੰਜਾਬੀ ਆਵਾਜ਼’ ਦੇ ਦਫਤਰ ਵਿਚ ਬਰਾੜ ਨਾਲ ਹੋਈਆਂ ਕੁਝ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰਨ ਵਾਲੀਆਂ ਹਨ।
ਬਰਾੜ ਨੇ 10 ਕੁ ਵਰ੍ਹਿਆਂ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਡਾæ ਸੂਰਤਾ ਸਿੰਘ ਰੋਡ ਉਪਰ ਬਰਾੜ ਹਾਊਸ/ਹੋਸਟਲ ਨਾਂ ਦੀ ਆਪਣੀ ਰਿਹਾਇਸ਼ਗਾਹ ਵਿਖੇ ਧਾਰਮਿਕ ਸਦਭਾਵ ਅਤੇ ਸਹਿਹੋਂਦ ਦਾ ਸੰਦੇਸ਼ ਪ੍ਰਚਾਰਨ-ਪ੍ਰਸਾਰਨ ਲਈ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਬਣਾਈ ਹੋਈ ਹੈ। ਇਸ ਸੰਸਥਾ ਦੇ ਬੈਨਰ ਹੇਠ ਉਸ ਨੇ ਸਾਈਂ ਜੀ ਦੇ ਜੀਵਨ ਦਰਸ਼ਨ ਬਾਰੇ ਗੋਸ਼ਟੀਆਂ ਤਾਂ ਕਰਵਾਈਆਂ ਹੀ, ਪੰਜਾਬ ਵਿਚ ਜਗਰਾਵਾਂ ਦੀਆਂ ਰੋਸ਼ਨੀਆਂ ਵਰਗੇ ਕਈ ਵਰ੍ਹਿਆਂ ਤੋਂ ਭੁੱਲ-ਭੁਲਾ ਗਏ ਦੰਤ ਕਥਾਈ ਮੇਲੇ ਨੂੰ ਵੀ ਨਵੇਂ ਸਿਰਿਓਂ ਅਤੇ ਨਵੇਂ ਰੰਗ ਵਿਚ ਸ਼ੁਰੂ ਕਰਵਾਇਆ। ਉਹ ਪ੍ਰੋæ ਪੂਰਨ ਸਿੰਘ ਦੇ ਸਾਂਝੇ ਵਿਰਸੇ ਨੂੰ ਚਿਤਾਰਦੀਆਂ ਆਵਾਜ਼ਾਂ ਦੀ ਗੱਲ ਕਰਦਾ ਹੈ, ਪਰ ਸਾਈਂ ਮੀਆਂ ਮੀਰ ਤੋਂ ਬਾਅਦ ਜਿਸ ਸ਼ਖਸੀਅਤ ਦਾ ਉਹ ਸਭ ਤੋਂ ਵੱਧ ਨਾਂ ਲੈਂਦਾ ਹੈ, ਉਹ ਮਾਲਵੇ ਦਾ ਮਹਾਨ ਮਨੁੱਖਵਾਦੀ ਕਵੀਸ਼ਰ ਬਾਬੂ ਰਜਬ ਅਲੀ ਹੈ।æææ ਤੇ ਬਾਬੂ ਦੀ ਯਾਦ ਵਿਚ ਵੀ ਉਹਨੇ ਮੇਲਾ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।
Ḕਉਸ ਨੂੰ ਸਾਈਂ ਮੀਆਂ ਮੀਰ ਫਾਊਂਡੇਸ਼ਨ ਵਾਲਾ ਕੌਤਕ ਕਰਨ ਦੀ ਕਿਵੇਂ ਸੁੱਝੀ?Ḕ ਦੇ ਜਵਾਬ ਵਿਚ ਬਰਾੜ ਨੇ ਕਿਹਾ ਕਿ ਇਸ ਕਹਾਣੀ ਦੀਆਂ ਜੜ੍ਹਾਂ ਉਸੇ ਛੰਭ ਜੌੜੀਆਂ ਸੈਕਟਰ ਵਾਲੇ ‘ਸਾਨ੍ਹਾਂ ਦੇ ਭੇੜ’ ਵਿਚ ਹੀ ਪਈਆਂ ਹਨ। ਦੋਹਾਂ ਲੜਾਈਆਂ ਵਿਚ ਉਹ ਹੈਰਾਨ ਹੁੰਦਾ ਰਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਲੜ ਕੇ ਇਕ-ਦੂਜੇ ਨੂੰ ਬਰਬਾਦ ਕਿਉਂ ਕਰ ਰਹੇ ਸਨ? 47 ਦੇ ਖੂਨ-ਖਰਾਬੇ ਪਿੱਛੋਂ ਵੀ ਦੋਵਾਂ ‘ਕੌਮਾਂ’ ਨੂੰ ਸੋਝੀ ਕਿਉਂ ਨਹੀਂ ਆਈ?
ਬਰਾੜ ਦੱਸਦਾ ਹੈ ਕਿ 47 ਦੀ ਵੰਡ ਮੌਕੇ ਉਹ ਅਜੇ ਨਿਆਣਾ ਹੀ ਸੀ। ਉਸ ਦਾ ਇਕ ਵੱਡਾ ਭਾਈ ਉਨ੍ਹਾਂ ਰੌਲਿਆਂ ਵਿਚ ਮਾਰਿਆ ਗਿਆ ਸੀ। ਮਾਤਾ ਕੋਲੋਂ ਸੁਣੀਆਂ ਯਾਦਾਂ ਅਜੇ ਭੁੱਲੀਆਂ ਨਹੀਂ ਸਨ ਕਿ 65 ਵਾਲੀ ਜੰਗ ਆ ਗਈ। ਉਸ ਦੇ ਮਨ ਅੰਦਰ ਇਹ ਗੱਲ ਸਦਾ ਹੀ ਘੁੰਮੀ ਜਾਂਦੀ ਸੀ ਕਿ ਧਰਮਾਂ, ਦੇਸ਼ਾਂ, ਜਾਤਾਂ ਦੀਆਂ ਵੰਡੀਆਂ ‘ਤੇ ਆਧਾਰਤ ਸਾਰੇ ਰੌਲੇ ਦੀ ਆਖਰ ਵਜ੍ਹਾ ਕੀ ਹੈ। ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’ ਕਹੀ ਤਾਂ ਸਾਰੇ ਧਰਮਾਂ ਵਾਲੇ ਜਾਂਦੇ ਹਨ, ਪਰ ਮਾਰੋ-ਮਾਰੀ ਵੀ ਲਗਾਤਾਰ ਕਰੀ ਜਾਂਦੇ ਹਨ!
1981 ਵਿਚ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਜਦੋਂ ਨਵਾਂ ਅਕਾਲੀ ਦਲ ਬੰਨ੍ਹਿਆ, ਤਾਂ ਪਾਰਟੀ ਦੀ ਅੰਮ੍ਰਿਤਸਰ ਸ਼ਹਿਰੀ ਇਕਾਈ ਦਾ ਪ੍ਰਧਾਨ ਮਲਕ ਸਿੰਘ ਭਾਟੀਆ ਸੀ ਅਤੇ ਜਨਰਲ ਸਕੱਤਰ ਦਾ ਅਹੁਦਾ ਉਸ ਨੂੰ ਸੰਭਾਲ ਦਿੱਤਾ ਗਿਆ। ਭਾਟੀਏ ਨਾਲ ਉਸ ਦਾ ਮੁਹੱਬਤੀ ਰਿਸ਼ਤਾ ਵੀ ਸੀ। ਅਕਾਲੀਆਂ ਨੇ ਧਰਮ ਯੁੱਧ ਮੋਰਚਾ ਲਾਇਆ ਤਾਂ ਉਸ ਦੇ ਵਿੰਹਦਿਆਂ-ਵਿੰਹਦਿਆਂ ਸੰਤ ਲੌਂਗੋਵਾਲ ਦੀ ਮਾਨਤਾ ਦਾ ਗਰਾਫ ਹੇਠਾਂ ਆਉਂਦਾ ਗਿਆ ਅਤੇ ਸੰਤ ਜਰਨੈਲ ਸਿੰਘ ਦੀ ਗੁੱਡੀ ਚੜ੍ਹਦੀ ਚਲੀ ਗਈ। ਸੰਤਾਂ ਦੀ ਗਰਮ ਸਿਆਸਤ ਕਰ ਕੇ ਉਸ ਨੂੰ ਤਾਂ ਸ਼ੁਰੂ ਤੋਂ ਹੀ ਉਨ੍ਹਾਂ ਦੇ ਬਾਹਲਾ ਨੇੜੇ ਜਾਣ ਤੋਂ ਝਿਜਕ ਜਿਹੀ ਸੀ, ਪਰ ਦੋਹਾਂ ਦੇ ਨਾਨਕੇ ਜਗਰਾਵਾਂ ਨੇੜੇ ਗਾਲਿਬ ਕਲਾਂ ਕਿਸੇ ਸਾਂਝੇ ਟੱਬਰ ਵਿਚ ਹੋਣ ਕਾਰਨ, ਸੰਤ ਉਸ ਨੂੰ ਪੂਰੇ ਪ੍ਰੇਮ ਨਾਲ ਬੁਲਾਉਂਦੇ ਸਨ।
ਬਰਾੜ ਮੁਤਾਬਕ ਸੰਤ ਉਪਰੋਂ ਜਿਤਨੇ ਕੈੜੇ ਲਗਦੇ ਸਨ, ਅੰਦਰੋਂ ਉਤਨੇ ਹੀ ਮੋਹ-ਖੋਰੇ ਸਨ। ਸੰਤ ਭਿੰਡਰਾਂਵਾਲੇ ਸਹੀ ਅਰਥਾਂ ਵਿਚ ਨਿਰਛਲ ਅਤੇ ਨਿਰਵੈਰ ਸੰਤ ਸਨ। ਬਰਾੜ ਦਾ ਦਾਅਵਾ ਹੈ ਕਿ ਨਾ ਅਕਾਲੀਆਂ ਦੇ ਮੋਰਚੇ ਨੇ ਲੀਹੋਂ ਲਹਿਣਾ ਸੀ, ਨਾ ਬਲਿਊ ਸਟਾਰ ਦਾ ਦੁਖਾਂਤ ਹੀ ਵਾਪਰਨਾ ਸੀ ਬਸ਼ਰਤੇ, ਸਿਰੇ ਦਾ ਜ਼ਿਦੀਆ ਕਾਮਰੇਡ ਸੰਤਾਂ ਨੂੰ ਨਾ ਮਿਲਿਆ ਹੁੰਦਾ। ਟੋਕਣ ਉਤੇ ਵੀ ਉਹ ਕਹੀ ਗਿਆ ਕਿ ਕਾਮਰੇਡ ਦਲਬੀਰ ਸਿੰਘ ਪੱਤਰਕਾਰ ਸੰਤਾਂ ਨੂੰ ਨਾ ਮਿਲਿਆ ਹੁੰਦਾ, ਤਾਂ ਪੰਜਾਬ ਦਾ ਕੰਘਾ ਨਹੀਂ ਸੀ ਹੋਣਾ। ਕੇਂਦਰ ਸਰਕਾਰ ਨੂੰ ਉਹ ਪਹਿਲੇ ਦਿਨ ਤੋਂ ਹੀ ਬਾਹਮਣਾਂ-ਬਾਣੀਆਂ ਦੀ ਸਰਕਾਰ ਦੱਸੀ ਜਾਂਦਾ ਸੀ। ਸਾਡਾ ਮਿੱਤਰ ਅਮਰੀਕ ਸਿੰਘ ਮੁਕਤਸਰ ਜਿਹੜਾ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦੀ ਪ੍ਰੇਰਨਾ ਨਾਲ ਖਾੜਕੂ ਲਹਿਰ ਨਾਲ ਜੁੜਿਆ ਸੀ, ਦੀ ਇਸ ਨੁਕਤੇ ਬਾਰੇ ਸੋਚ ਵੀ ਬਾਬੇ ਬਰਾੜ ਨਾਲ ਰਲਦੀ ਹੈ।
ਬਰਾੜ ਦੱਸਦਾ ਹੈ ਕਿ 1984 ‘ਚ ਜਦੋਂ ਕਹਾਣੀ ਤੇਜ਼ੀ ਨਾਲ ਬਲਿਊ ਸਟਾਰ ਵੱਲ ਵਧ ਰਹੀ ਸੀ ਤਾਂ ਛਿੰਦੇ ਸਮਗਲਰ ਨੇ ਬਲਜੀਤ ਕੌਰ ਕੋਲੋਂ ਸੁਰਿੰਦਰ ਸਿੰਘ ਸੋਢੀ ਨੂੰ ਗੋਲੀ ਮਰਵਾ ਦਿਤੀ। ਇਸ ਕਾਂਡ ਵਿਚ ਉਸ ਦੇ ਮੁਹੱਬਤੀ ਅਤੇ ਉਨ੍ਹਾਂ ਦੀ ਪਾਰਟੀ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਜਥੇਦਾਰ ਮਲਕ ਸਿੰਘ ਭਾਟੀਆ ਦਾ ਨਾਂ ਮੁੱਖ ਸਾਜ਼ਿਸ਼ੀ ਵਜੋਂ ਬੋਲ ਗਿਆ।æææਮਲਕ ਸਿੰਘ ਭਾਟੀਆ ਖੁਦ ਸੰਤਾਂ ਦੀ ਬਥੇਰੀ ਇੱਜ਼ਤ ਕਰਦਾ ਸੀ। ਉਹ ਬ੍ਰਿਗੇਡੀਅਰ ਮਹਿੰਦਰ ਸਿੰਘ ਦਾ ਸਾਲਾ ਸੀ ਅਤੇ ਬ੍ਰਿਗੇਡੀਅਰ ਦਾ ਉਨ੍ਹੀਂ ਦਿਨੀਂ ਸੰਤਾਂ ਦੇ ਸਾਹ ‘ਚ ਸਾਹ ਸੀ। ਸੋਢੀ ਦੀ ਹੱਤਿਆ ਸਵੇਰੇ ਹੋਈ, ਸ਼ਾਮ ਤੱਕ ਖਾੜਕੂਆਂ ਨੇ ਬਲਜੀਤ ਕੌਰ ਨੂੰ ਭੁੰਨ ਦਿੱਤਾ; ਪਰ ਇਸ ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਉਸ ਕੋਲੋਂ ਛਿੰਦੇ ਦੀ ਠਹਿਰ ਪੁੱਛ ਲਈ ਸੀ। ਉਸੇ ਪੁੱਛੋ-ੜਿੱਕੀ ਵਿਚ ਕਹਿੰਦੇ ਹਨ ਕਿ ਉਹਨੇ ਭਾਟੀਏ ਦਾ ਨਾਂ ਲੈ ਦਿੱਤਾ। ਅਖੇæææਸੋਢੀ ਨੂੰ ਮਾਰਨ ਪਿੱਛੋਂ ਛਿੰਦਾ ਭੱਜਣ ਲੱਗਾ ਕਾਰ ਉਹਦੇ ਕੋਲੋਂ ਲੈ ਗਿਆ ਸੀ। ਚਾਰੇ ਪਾਸੇ ਦੁਹਾਈ ਮਚੀ ਹੋਈ ਸੀ। ਭਾਟੀਆ ਡਰ ਦਾ ਮਾਰਿਆ ਕੰਬ ਰਿਹਾ ਸੀ। ਸੰਤ ਅੱਗੇ ਪੇਸ਼ੀ ਬਿਨਾਂ ਬਚਾਅ ਦਾ ਕੋਈ ਹੀਲਾ-ਵਸੀਲਾ ਨਹੀਂ ਸੀ, ਪਰ ਸਵਾਲ ਸੀ ਕਿ ‘ਦਰਬਾਰ’ ਵਿਚ ਉਸ ਨੂੰ ਲੈ ਕੇ ਜਾਵੇ ਕਿਹੜਾ? ਬ੍ਰਿਗੇਡੀਅਰ ਮਹਿੰਦਰ ਸਿੰਘ ਜੋ ਰੋਜ਼ ਸੰਤਾਂ ਨੂੰ ਮਿਲਦਾ ਸੀ, ਹਥਿਆਰ ਸੁੱਟੀ ਬੈਠਾ ਸੀ। ਖਤਰੇ ਦੀ ਉਸ ਘੜੀ ਵਿਚ ਬਰਾੜ ਦੀ ਪਹਿਲਕਦਮੀ ‘ਤੇ 5-7 ਮੋਹਤਬਰ ਆਗੂਆਂ ਨੇ ਭਾਟੀਏ ਨੂੰ ਸੰਤਾਂ ਅੱਗੇ ਪੇਸ਼ ਕਰਨ ਦਾ ਬੀੜਾ ਚੁੱਕਿਆ ਅਤੇ ਸੰਤਾਂ ਨੇ ਆਪਣੇ ਸੁਭਾਅ ਅਨੁਸਾਰ ਰਹਿਮ-ਦਿਲੀ ਦਿਖਾਉਂਦਿਆਂ ਉਸ ਨੂੰ ‘ਮੁਆਫ’ ਕਰ ਵੀ ਦਿੱਤਾ, ਪਰ ਸੰਤਾਂ ਦੇ ਹਜ਼ੂਰ ਪੇਸ਼ੀ ਪਿੱਛੋਂ ਹਰਭਜਨ ਬਰਾੜ ਅਤੇ ਭਾਟੀਆ ਸ੍ਰੀ ਹਰਿਮੰਦਰ ਸਾਹਿਬ ਸ਼ੁਕਰਾਨੇ ਵਜੋਂ ਮੱਥਾ ਟੇਕਣ ਤੋਂ ਬਾਅਦ ਪਰਿਕਰਮਾ ਵਿਚੋਂ ਬਾਹਰ ਜਾ ਹੀ ਰਹੇ ਸਨ ਕਿ ਦੋ ਖਾੜਕੂ ਸਾਹਮਣੇ ਆ ਗਏ। ਬਰਾੜ ਦੇ ਵਿੰਹਦਿਆਂ-ਵਿੰਹਦਿਆਂ ਇਕ ਨੇ ਭਾਟੀਏ ਉਤੇ ਕ੍ਰਿਪਾਨ ਨਾਲ ਵਾਰ ਕੀਤਾ, ਦੂਜੇ ਨੇ ਉਸ ਦੀ ਛਾਤੀ ਵਿਚ ਗੋਲੀਆਂ ਦਾਗ ਦਿੱਤੀਆਂ। ਆਪਣੇ ਨਿਤ ਦਿਨ ਦੇ ਸਾਥੀ ਦੇ ਕਤਲ ਦਾ ਉਹ ਦ੍ਰਿਸ਼ ਅੱਜ ਤਕ ਬਰਾੜ ਦੀ ਸਿਮਰਤੀ ਵਿਚ ਨਸ਼ਤਰ ਵਾਂਗ ਖੁੱਭਿਆ ਖੜ੍ਹਾ ਹੈ।
ਸਤੰਬਰ 1983 ਵਿਚ ਢਿੱਲਵਾਂ ਬੱਸ ਹੱਤਿਆ ਕਾਂਡ ਤੋਂ 15-20 ਦਿਨ ਬਾਅਦ ਦੀ ਗੱਲ ਹੈ। ਬਰਾੜ ਆਪਣੇ ਮਾਮੇ ਦੇ ਪੁੱਤਰ ਅਤੇ ਆਪਣੇ ਵਕਤਾਂ ਦੇ ਉਘੇ ਨਕਸਲੀ ਕਾਰਕੁਨ ਬੰਤ ਸਿੰਘ ਮਾਣੂੰਕੇ ਨੂੰ ਨਾਲ ਲੈ ਕੇ ਸੰਤਾਂ ਨੂੰ ਮਿਲਣ ਗਿਆ ਹੋਇਆ ਸੀ। ਗੱਲਾਂ ਫੌਜ ਜਾਂ ਬੀæਐਸ਼ਐਫ਼ ਨਾਲ ਟੱਕਰ ਦੀ ਸੰਭਾਵਨਾ ਦੀਆਂ ਚੱਲ ਪਈਆਂ। ਉਥੇ ਉਸ ਕੋਲੋਂ ਇਹ ਦੱਸਣ ਤੋਂ ਰਿਹਾ ਨਾ ਗਿਆ ਕਿ ਉਹਨੇ ਫੌਜ ਦੇ ਤੋਪਖਾਨੇ ਵਿਚ ਦਸ ਵਰ੍ਹੇ ਨੌਕਰੀ ਕੀਤੀ ਹੋਈ ਸੀ। ਉਹਨੇ ਸੰਤ ਨੂੰ ਦੱਸਿਆ ਕਿ 2, 5 ਜਾਂ 7 ਕਿਲੋਮੀਟਰ ‘ਤੇ ਤੋਪ ਦਾ ਗੋਲਾ ਸੁੱਟਣ ਦੀ ਟਰੇਨਿੰਗ ਫੌਜੀਆਂ ਨੂੰ ਕਿਨ੍ਹਾਂ ਮੁਸ਼ਕਿਲ ਹਾਲਾਤ ਵਿਚ ਦਿੱਤੀ ਜਾਂਦੀ ਹੈ। ਉਸਤਾਦ ਛੇ-ਛੇ ਮਹੀਨੇ ਕਰੌਲਿੰਗਾਂ ਕਰਵਾ-ਕਰਵਾ ਕੇ ਅਰਕਾਂ ਤੋਂ ਮਾਸ ਉਡਾ ਦਿੰਦੇ ਹਨ। ਉਹਨੇ ਖੁਦ 5 ਕਿਲੋਮੀਟਰ ‘ਤੇ ਤੋਪ ਦਾ ਗੋਲਾ ਦਾਗ ਵੱਡੇ ਦਰੱਖਤ ਨੂੰ ਤਣੇ ਤੋਂ ਪਾੜਿਆ ਸੀ। ਬਰਾੜ ਨੇ ਪੁਰਾਣੇ ਸਬੰਧਾਂ ਦੀ ਆੜ ਵਿਚ ਭੋਲੇ ਭਾਅ ਹੀ ਸੰਤਾਂ ਨੂੰ ਇਹ ਦੱਸਣ ਦੀ ਜੁਰਅਤ ਕਰ ਲਈ ਕਿ ‘ਸਰਕਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਬਰਬਾਦ ਕਰਨਾ ਨਹੀਂ, ਬਰਬਾਦ ਹੋਣੋਂ ਬਚਾਉਣਾ ਚਾਹੁੰਦੀ ਸੀ।æææਤੇ ਜੇ ਸਰਕਾਰ ਇੰਜ ਕਰਨਾ ਨਾ ਚਾਹੁੰਦੀ ਹੋਵੇ ਤਾਂ ਉਸ ਵਰਗੇ ਕਿਸੇ ਮ੍ਹਾਤੜ ਜਿਹੇ ਤੋਪਚੀ ਕੋਲੋਂ ਜੰਡਿਆਲੇ ਲਾਗਿਉਂ ਹੀ ਗੋਲਾ ਸੁਟਵਾ ਕੇ ਉਨ੍ਹਾਂ ਦਾ ਲੈਕਚਰ ਬੰਦ ਨਾ ਕਰਵਾ ਦੇਵੇ।’ ਲਾਗਿਉਂ ਕਾਮਰੇਡ ਬੰਤ ਸਿੰਘ ਮਾਣੂੰਕੇ ਨੇ ਪੂਰੇ ਜ਼ੋਰ ਨਾਲ ਕਿਹਾ ਸੀ ਕਿ ਸੰਤ ਜੀ, ਬਰਾੜ ਠੀਕ ਕਹਿੰਦਾ ਹੈ। ਬੰਤ ਨੇ ਸੰਤਾਂ ਨੂੰ ਤਿੰਨ-ਚਾਰ ਹੋਰ ਘਟਨਾਵਾਂ ਬਾਰੇ ਵੀ ਦੱਸਿਆ ਸੀ ਅਤੇ ਸੰਤਾਂ ਨੂੰ ਸਵਾਲ ਪਾਇਆ ਸੀ ਕਿ, ਉਨ੍ਹਾਂ ਨੂੰ ਪਤਾ ਵੀ ਹੈ ਕਿ ਉਨ੍ਹਾਂ ਦੇ ਨਾਂ ‘ਤੇ ਬਾਹਰ ਹੋਈ ਕੀ-ਕੀ ਜਾ ਰਿਹਾ ਸੀ? ਸੰਤ ਸ਼ਾਂਤੀ ਨਾਲ ਸਾਰੀ ਵਾਰਤਾ ਸੁਣੀ ਗਏ। ਬੰਤ ਉਨ੍ਹਾਂ ਨਾਲੋਂ ਉਮਰੋਂ ਵੱਡਾ ਸੀ। ਸੰਤ ਟਕਸਾਲ ਵਿਚ ਜਾਣ ਤੋਂ ਪਹਿਲਾਂ ਬੰਤ ਦੀ ਰੂਪੋਸ਼ੀ ਦੇ ਦਿਨੀਂ ਉਸ ਨੂੰ ਜਲ-ਪਾਣੀ ਛਕਾਉਂਦੇ ਰਹੇ ਸਨ।
ਬਰਾੜ ਦਾ ਪ੍ਰਵਚਨ ਲੰਮਾ ਹੋ ਰਿਹਾ ਸੀ। ਮੈਂ ਉਸ ਨੂੰ ਮੁੜ ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲ ਮੋੜਿਆ। ਫਿਰ ਉਹਨੇ ‘ਭੇਤ ਦੀ ਗੱਲ’ ਦੱਸੀ ਕਿ ਇਸ ਸਾਰੇ ਕੌਤਕ ਪਿੱਛੇ ਅਸਲ ਪ੍ਰੇਰਨਾ ਕਾਮਰੇਡ ਤਾਰਾ ਸਿੰਘ ਸੰਧੂ ਸੀ।
ਇਹ ਚਿਤਾਰੇ ਜਾਣ ‘ਤੇ ਕਿ ਉਸ ਦੀ ਕਥਾ ਵਿਚ ਸਭ ਕਾਮਰੇਡ ਹੀ ਚਲੇ ਆ ਰਹੇ ਸਨæææਦਲਬੀਰ ਸਿੰਘ ਪੱਤਰਕਾਰ, ਜਸਵੰਤ ਸਿੰਘ ਖਾਲੜਾ, ਬੰਤ ਸਿੰਘ ਮਾਣੂੰਕੇ ਅਤੇ ਹੁਣ ਕਾਮਰੇਡ ਤਾਰਾ ਸੰਧੂ; ਬਰਾੜ ਗੰਭੀਰ ਹੋ ਕੇ ਦੱਸਦਾ ਹੈ ਕਿ ਅਜੇ ਤਾਂ ਉਹਨੇ ਸਭ ਤੋਂ ਯੋਧੇ ਕਾਮਰੇਡ ਹਾਕਮ ਸਿੰਘ ਸਮਾਓਂ ਬਾਰੇ ਦੱਸਿਆ ਹੀ ਨਹੀਂ ਹੈ। ਉਸ ਨੂੰ ਪਹਿਲੀ ਵਾਰੀ ਸੰਤਾਂ ਨਾਲ ਉਸ ਨੇ ਹੀ ਮਿਲਾਇਆ ਸੀ; ਕੇਰਾਂ ਤਾਂ ਪੰਜਾਬ ਦਾ ਸਭ ਤੋਂ ਸ਼੍ਰੋਮਣੀ ਨਾਵਲਕਾਰ ਜਸਵੰਤ ਸਿੰਘ ਕੰਵਲ ਵੀ ਨਾਲ ਸੀ ਅਤੇ ਸੰਤਾਂ ਨੂੰ ਉਸ ਨੇ ਵੀ ਉਹੀ ਸਾਰੀਆਂ ਗੱਲਾਂ ਹਿੱਕ ਠੋਕ ਕੇ ਕਹੀਆਂ ਸਨ ਜੋ ਪਿੱਛੋਂ ਕਾਮਰੇਡ ਬੰਤ ਮਾਣੂੰਕੇ ਨੇ ਆਖੀਆਂ ਸਨ। ਬੰਤ ਅਤੇ ਹਾਕਮ ਸਮਾਓਂ ਨੂੰ ਵੀ ਛੱਡੋæææਇਨ੍ਹਾਂ ਸਾਰਿਆਂ ਦਾ ‘ਬਾਪੂ’ ਕਾਮਰੇਡ ਅਮਰ ਸਿੰਘ ਅੱਚਰਵਾਲ ਸੀ। ਕਾਮਰੇਡ ਤਾਂ ਸਾਰੇ ਉਸ ਨੂੰ ਮੰਨਦੇ ਹੀ ਸਨ, ਖੁਦ ਸੰਤ ਵੀ ਸ਼ੁਰੂ-ਸ਼ੁਰੂ ਵਿਚ ਉਸ ਦੀ ਬੜੀ ਇੱਜ਼ਤ ਕਰਦੇ ਸਨ। ਸੰਤਾਂ ਦੇ ਕਹਿਣ ‘ਤੇ ਹੀ ਅੱਚਰਵਾਲ ਨੇ 1979 ਦੀਆਂ ਗੁਰਦੁਆਰਾ ਚੋਣਾਂ ਦੌਰਾਨ ਰਾਏ ਕੋਟ ਵਾਲੇ ਆਪਣੇ ਚੋਣ ਹਲਕੇ ਤੋਂ ਦਲਿਤ ਭਾਈਚਾਰੇ ਵਿਚੋਂ ਆਪਣਾ ਪੁਰਾਣਾ ਅੰਮ੍ਰਿਤਧਾਰੀ ਬੇਲੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਮੁਕਾਬਲੇ ਉਮੀਦਵਾਰ ਵਜੋਂ ਖੜ੍ਹਾ ਕੀਤਾ ਸੀ। ਉਨ੍ਹੀਂ ਦਿਨੀਂ ਪਾਰਟੀ ਦੇ ‘ਲੋਹ ਪੁਰਸ਼’ ਪ੍ਰਧਾਨ ਅੱਗੇ ਖੜ੍ਹਨ ਦੀ ਜੁਰਅਤ ਹੋਰ ਕਿਸੇ ਅੰਦਰ ਨਹੀਂ ਸੀ। ਪਾਰਟੀ ਦੀ ਆਪਣੀ ਸਰਕਾਰ ਸੀ। ਬੜੀ ਮੁਸ਼ਕਿਲ ਨਾਲ ਉਸ ਦੇ ਕਾਗਜ਼ ਰੱਦ ਕਰਵਾ ਕੇ ਜਥੇਦਾਰ ਨੇ ਅੱਚਰਵਾਲ ਦੀ ਉਹ ਬਿਪਤਾ ਟਾਲੀ ਸੀ। ਪਿੱਛੋਂ ਕਾਮਰੇਡ ਇਕੋ ਵਾਰ ਸੰਤ ਨੂੰ ਮਿਲਿਆ ਸੀ ਅਤੇ ਬੰਤ ਤੇ ਹਾਕਮ ਵਾਲੀਆਂ ਗੱਲਾਂ ਸੰਤ ਨੂੰ ਉਸ ਨੇ ਵੀ ਆਖ ਦਿੱਤੀਆਂ ਸਨ। ਇਹ ਦੱਸਦਿਆਂ ਬਰਾੜ ਮਾਨੋ ਖੁਦ ਆਪਣੇ ਆਪ ਨੂੰ ਹੀ ਕਹਿਣ ਲਗਦਾ ਹੈæææ’ਕਾਸ਼! ਸੰਤਾਂ ਨੇ ਕਾਮਰੇਡ ਦਲਬੀਰ ਸਿੰਘ ਪੱਤਰਕਾਰ ਦੀ ਸਲਾਹ ਦੀ ਬਜਾਏ ਸਾਡੇ ਦੂਜੇ ਕਾਮਰੇਡਾਂ ਦੀ ਸਲਾਹ ਵਿਚਾਰੀ ਹੁੰਦੀ।’ ਬਰਾੜ ਦਾ ਇਸ਼ਾਰਾ ਉਸੇ ਸਲਾਹ ਵੱਲ ਸੀ ਜੋ ਢਿੱਲਵਾਂ ਬੱਸ ਕਾਂਡ ‘ਤੇ ਪੰਜਾਬ ਵਿਚ ਗਵਰਨਰੀ ਰਾਜ ਲਾਗੂ ਹੋਣ ਪਿਛੋਂ ਇਸ ਸ਼ਖਸ ਨੇ ਸੰਤਾਂ ਨੂੰ ਦਿੱਤੀ ਸੀ।
ਕਾਮਰੇਡ ਤਾਰਾ ਸੰਧੂ ਦਾ ਜ਼ਿਕਰ ਕਰਦਿਆਂ ਬਰਾੜ ਦੱਸਦਾ ਹੈ ਕਿ ਪੰਜਾਬ ਵਿਚ ਖਾੜਕੂ ਤੂਫਾਨ ਠੱਲ੍ਹਣ ਤੋਂ ਬਾਅਦ ਇਹ ਸੰਧੂ ਹੀ ਸੀ ਜਿਹਨੇ ਰਮੇਸ਼ ਯਾਦਵ, ਭੁਪਿੰਦਰ ਸਿੰਘ ਤੇ ਹੋਰਾਂ ਨਾਲ ਮਿਲ ਕੇ ਭਾਰਤ-ਪਾਕਿਸਤਾਨ ਵਿਚਾਲੇ ਅਮਨ ਤੇ ਦੋਸਤੀ ਦਾ ਪੈਗਾਮ ਵੰਡਣ ਲਈ ‘ਫੋਕਲੋਰ ਰਿਸਰਚ ਅਕੈਡਮੀ’ ਬਣਾਈ ਸੀ। ਦੋਹਾਂ ਦੇਸ਼ਾਂ ਅਤੇ ਧਰਮਾਂ ਦੀਆਂ ਸਭਿਆਚਾਰਕ ਸਾਂਝਾਂ ਦੀ ਗੱਲ ਕੀਤੀ ਅਤੇ ਵਾਘਾ ਬਾਰਡਰ ‘ਤੇ ਜਾ ਕੇ ਆਸ ਅਤੇ ਮਿੱਤਰਤਾ ਦੀਆਂ ਮੋਮਬੱਤੀਆਂ ਬਾਲਣ ਦੇ ਪੁਰਬ ਦੀ ਸ਼ੁਰੂਆਤ ਕੀਤੀ।æææਤੇ 20 ਕੁ ਵਰ੍ਹੇ ਪਹਿਲਾਂ ਅਰੰਭੇ ਉਸ ਪੁਰਬ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਤੋਂ ਜੋ ਪ੍ਰਾਹੁਣੇ ਆਏ, ਉਹ ਬਰਾੜ ਹੋਸਟਲ ਅੰਦਰ ਹੀ ਠਹਿਰੇ ਸਨ। ਉਸੇ ‘ਮਿੱਤਰ ਮਿਲਣੀ’ ਨੇ ਉਸ ਦੇ ਮਨ ਅੰਦਰ ਦੋਸਤਾਨੇ ਦੇ ਉਸ ਪ੍ਰੋਜੈਕਟ ਦੇ ਮੁਢਲੇ ਬੀਅ ਬੀਜੇ ਜੋ ਕੁਝ ਵਰ੍ਹੇ ਪਿੱਛੋਂ ‘ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ’ ਦੇ ਰੂਪ ਵਿਚ ਸਾਹਮਣੇ ਆਇਆ।
ਬਰਾੜ ਦੱਸਦਾ ਹੈ ਕਿ ਭਾਰਤ-ਪਾਕਿਸਤਾਨ ਵੰਡ ਸਮੇਂ ਜਿਥੇ ਲੱਖਾਂ ਲੋਕ ਉਜੜੇ ਤੇ ਮਾਰੇ ਗਏ, ਉਥੇ 30-35 ਹਜ਼ਾਰ ਕੁੜੀਆਂ ਦੋਵੀਂ ਪਾਸੀਂ ਲਾਪਤਾ ਕਰ ਦਿੱਤੀਆਂ ਗਈਆਂ। ਸਾਈਂ ਫਾਊਂਡੇਸ਼ਨ ਨੇ ਅਜਿਹੀਆਂ ਔਰਤਾਂ ਦੇ ਪਰਿਵਾਰਾਂ ਨੂੰ ਆਪਸ ਵਿਚ ਮਿਲਾਉਣ ਦਾ ਬੀੜਾ ਚੁੱਕਿਆ। ਬਰਾੜ ਨੇ ਅਜਿਹੀਆਂ ਸੰਤਾਪੀਆਂ ‘ਰੂਹਾਂ’ ਦੀਆਂ ਸੱਚੀਆਂ ਕਹਾਣੀਆਂ ‘ਤੇ ਆਧਾਰਤ ‘ਸਾਂਝਾਂ ਆਰ-ਪਾਰ ਦੀਆਂ’ ਸਿਰਲੇਖ ਹੇਠ ਪੁਸਤਕ ਵੀ ਲਿਖੀ ਜੋ ਫਾਊਂਡੇਸ਼ਨ ਦੇ ਬੈਨਰ ਹੇਠ ਪਹਿਲੀ ਵਾਰੀ ਅਪਰੈਲ 2009 ਵਿਚ ਛਾਪੀ ਗਈ। ਜੁਲਾਈ 2014 ਵਿਚ ਇਸੇ ਕਿਤਾਬ ਦਾ ਤੀਜਾ ਸੰਸਕਰਨ ਛਪਿਆ ਜੋ ਕੁਝ ਦਿਨ ਪਹਿਲਾਂ ‘ਕਲਮਾਂ ਦਾ ਕਾਫਲਾ’ ਵਾਲਿਆਂ ਵਲੋਂ ਰਿਲੀਜ਼ ਕੀਤਾ ਗਿਆ। ਬਰਾੜ ਨੇ ਸਾਈਂ ਜੀ ਦੇ ਜੀਵਨ ਅਤੇ ਆਦਰਸ਼ ਨੂੰ ਆਮ ਲੋਕਾਂ ਤਕ ਪਹੁੰਚਾਉਣ ਲਈ ਸੁਲੱਖਣ ਸਰਹੱਦੀ ਨਾਲ ਮਿਲ ਕੇ ਵੱਡ-ਅਕਾਰੀ ਪੁਸਤਕ ‘ਸਾਈਂ ਮੀਆਂ ਮੀਰ: ਸਾਂਝਾਂ ਦਾ ਪਵਿੱਤਰ ਪੁਲ’ ਵੀ ਸੰਪਾਦਤ ਕੀਤੀ।
ਅੱਧ ਨਵੰਬਰ ਵਿਚ ‘ਕੈਨੇਡੀਅਨ ਥਿੰਕਰਜ਼ ਫੋਰਮ’ ਦੇ ਡਾਇਰੈਕਟਰ ਤਾਹਿਰ ਅਸਲਮ ਗੋਰਾ ਅਤੇ ‘ਕੈਨੇਡਾ-ਪਾਕਿਸਤਾਨ ਫਰੈਂਡਸ਼ਿਪ ਐਸੋਸੀਏਸ਼ਨ’ ਦੇ ਡਾਇਰੈਕਟਰ ਮਿਰਜ਼ਾ ਨਸੀਮ ਬੇਗ ਦੇ ਸਹਿਯੋਗ ਨਾਲ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਨੁਮਾਇੰਦਿਆਂ ਦੇ ਇਕੱਠ ਵਿਚ ਬਰਾੜ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਤੋਂ ਬਾਅਦ ‘ਪੰਜਾਬੀ ਫੋਰਮ ਕੈਨੇਡਾ’ ਦੀ ਪ੍ਰਤੀਨਿਧ ਹਲੀਮਾ ਸਾਦੀਆ ਅਤੇ ਇੰਟੀਰੀਅਰ ਡਿਜ਼ਾਈਨਰ/ਕਵਿਤਰੀ ਅਰੂਜ਼ ਵਾਕਰ ਨੇ ਪੂਰੇ 40 ਮਿੰਟਾਂ ਤਕ ਬਰਾੜ ਨਾਲ ਯਾਦਾਂ ਫਰੋਲੀਆਂ। ਅਰੂਜ਼ ਵਾਕਰ ਦੇ ਮਾਪੇ ਪਿਛੋਂ ਪਟਿਆਲਾ ਦੇ ਸਨ। ਉਸ ਨੇ ਦੱਸਿਆ ਕਿ ਉਸ ਦੀ ਮਾਂ ਦੇ ਦੋ ਭਾਈ ਵੀ ਉਨ੍ਹਾਂ ਵੱਡੇ ਰੌਲਿਆਂ ਵਿਚ ਮਾਰੇ ਗਏ ਸਨ ਅਤੇ ਮਾਂ ਉਸ ਦੀ ਸਾਰੀ ਉਮਰ ਉਨ੍ਹਾਂ ਨੂੰ ਯਾਦ ਕਰਦਿਆਂ ਜਹਾਨ ਤੋਂ ਤੁਰ ਗਈ ਸੀ।
ਬਾਬਾ ਬਰਾੜ ਇਹ ਕਹਿੰਦਿਆਂ ਆਪਣੀ ਕਹਾਣੀ ਦਾ ਤੋੜਾ ਝਾੜਦਾ ਹੈ- ‘ਯਾਰੋæææਜਦੋਂ ਦੇ ਜੰਮੇ ਹਾਂ, ਸਭੇ ਰਾਗੀ ਢਾਡੀ ਜ਼ਕਰੀਆ ਖਾਨ, ਮੀਰ ਮਨੂੰ, ਮੱਸੇ ਰੰਘੜ ਅਤੇ ਸੂਬੇ ਸਰਹਿੰਦ ਬਾਰੇ ਹੀ ਦੱਸੀ ਜਾਂਦੇ ਹਨ; ਅੱਜ ਲੋੜ ਇਹ ਹੈ ਕਿ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੂੰ ਭਾਈ ਮਰਦਾਨਾ, ਬਾਬਾ ਫਰੀਦ, ਪੀਰ ਬੁੱਧੂ ਸ਼ਾਹ, ਹਾਅ ਦਾ ਨਾਅਰਾ ਮਾਰਨ ਵਾਲੇ ਮਲੇਰ ਕੋਟਲਾ ਦੇ ਨਵਾਬ ਅਤੇ ਸਭ ਤੋਂ ਵਧ ਕੇ ਸਾਈਂ ਮੀਆਂ ਮੀਰ ਦੀਆਂ ਸਿਖਿਆਵਾਂ ਅਤੇ ਸਿੱਖ ਧਰਮ ਨਾਲ ਉਨ੍ਹਾਂ ਦੀਆਂ ਮਾਣ ਯੋਗ ਸਾਂਝਾਂ ਬਾਰੇ ਦੱਸਿਆ ਜਾਵੇ। ਇਹੋ ਮੇਰੀ ਮਨਸ਼ਾ ਅਤੇ ਇਹੋ ਹੀ ਸਾਡਾ ਮਿਸ਼ਨ ਹੈ।’