ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਲੰਘੀ 20 ਨਵੰਬਰ ਨੂੰ ਜਾਰੀ ਕੀਤੇ ਗਏ ਐਗਜ਼ੀਕਿਊਟਿਵ ਆਰਡਰ ਨਾਲ ਅਮਰੀਕਾ ਵਿਚ ਬਿਨਾ ਕਾਗਜ਼ਾਤ ਤੋਂ ਰਹਿ ਰਹੇ ਲੱਖਾਂ ਲੋਕਾਂ ਨੂੰ ਆਰਜੀ ਰਾਹਤ ਮਿਲੇਗੀ। ਇਸ ਹੁਕਮ ਦਾ ਕਿਸੇ ਨੂੰ ਕਿੰਨਾ ਕੁ ਲਾਭ ਹੋਵੇਗਾ, ਇਹ ਅਜੇ ਦੇਖਣਾ ਬਣਦਾ ਹੈ। ਹਾਲ ਦੀ ਘੜੀ ਅਸੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਐਗਜ਼ੀਕਿਊਟਿਵ ਆਰਡਰ ਦਾ ਅਰਥ ਕੀ ਹੈ ਅਤੇ ਕਿਨ੍ਹਾਂ ਨੂੰ ਇਸ ਦਾ ਲਾਭ ਹੋ ਸਕਦਾ ਹੈ।
ਇਹ ਤੁਹਾਡੇ ‘ਤੇ ਲਾਗੂ ਨਹੀਂ ਹੁੰਦਾ
ਪਹਿਲੀ ਅਤੇ ਬਹੁਤ ਅਹਿਮ ਗੱਲ ਇਹ ਹੈ ਕਿ ਇਹ ਹੁਕਮ ਆਰਜੀ ਯਾਨਿ 2017 ਤੱਕ ਹੀ ਹੈ। ਕੋਈ ਵੀ ਐਗਜ਼ੀਕਿਊਟਿਵ ਆਰਡਰ ਉਦੋਂ ਤੱਕ ਹੀ ਲਾਗੂ ਰਹਿੰਦਾ ਹੈ ਜਦੋਂ ਤੱਕ ਕਿ ਆਰਡਰ ਕਰਨ ਵਾਲਾ ਰਾਸ਼ਟਰਪਤੀ ਅਹੁਦੇ ‘ਤੇ ਰਹਿੰਦਾ ਹੈ ਜਾਂ ਫਿਰ ਉਦੋਂ ਤੱਕ ਜਦੋਂ ਤੱਕ ਇਹ ਨਵਾਂ ਰਾਸ਼ਟਰਪਤੀ ਇਸ ਆਰਡਰ ਨੂੰ ਵਧਾਉਣ ਦਾ ਫੈਸਲਾ ਕਰਦਾ ਹੈ। ਇਸ ਸਮੇਂ ਕਾਂਗਰਸ ਦੇ ਦੋਵਾਂ ਸਦਨਾਂ ਵਿਚ ਰਿਪਬਲਿਕਨ ਬਹੁਮਤ ਵਿਚ ਹਨ ਜਿਸ ਕਰਕੇ ਇਸ ਆਰਡਰ ਦੀ ਉਮਰ ਬਹੁਤ ਛੋਟੀ ਹੋਵੇਗੀ। ਦੂਜੀ ਗੱਲ, ਇਹ ਆਰਡਰ ਸਿਟੀਜ਼ਨਸ਼ਿਪ ਜਾਂ ਗਰੀਨ ਕਾਰਡ ਲਈ ਕੋਈ ਅਮਨੈਸਟੀ (ਆਮ ਮੁਆਫੀ) ਨਹੀਂ ਹੈ। ਜੋ ਲੋਕ ਇਸ ਆਰਡਰ ਅਧੀਨ ਅਰਜੀ ਦੇਣਗੇ, ਉਹ ਇਥੋਂ ਦੇ ਸਥਾਈ ਬਾਸ਼ਿੰਦੇ ਨਹੀਂ ਬਣ ਸਕਣਗੇ ਪਰ ਉਨ੍ਹਾਂ ਨੂੰ ਆਰਜੀ ਤੌਰ ‘ਤੇ ਕੰਮ ਕਰਨ ਦਾ ਵਰਕ ਪਰਮਿਟ ਅਤੇ ਸੋਸ਼ਲ ਸਕਿਉਰਿਟੀ ਕਾਰਡ ਮਿਲ ਜਾਵੇਗਾ। ਇਸ ਤੋਂ ਇਲਾਵਾ ਰਾਸ਼ਟਰਪਤੀ ਦੇ ਇਸ ਹੁਕਮ ਤਹਿਤ ਬਿਨ ਕਾਗਜ਼ ਵਿਅਕਤੀ ਡਿਪੋਰਟ ਨਹੀਂ ਕੀਤੇ ਜਾਣਗੇ।
ਤੀਜੀ ਗੱਲ, ਮੁਜ਼ਰਮਾਨਾ ਰਿਕਾਰਡ ਵਾਲਾ ਕੋਈ ਵੀ ਵਿਅਕਤੀ ਇਸ ਆਰਡਰ ਦਾ ਫਾਇਦਾ ਨਹੀਂ ਉਠਾ ਸਕੇਗਾ। ਇਹ ਐਗਜ਼ੀਕਿਊਟਿਵ ਆਰਡਰ ਆਪਣਾ ਜੋਰ ਦੇਸ਼ ਦੇ ਸਮੁੱਚੇ ਇਮੀਗਰੇਸ਼ਨ ਇਨਫੋਰਸਮੈਂਟ ਢਾਂਚੇ ਦਾ ਧਿਆਨ ਪਰਵਾਸੀਆਂ ਦੇ ਇਕ ਛੋਟੇ ਜਿਹੇ ਹਿੱਸੇ ਉਤੇ ਕੇਂਦਰਿਤ ਕਰਦਾ ਹੈ ਅਤੇ ਇਹ ਹਿੱਸਾ ਹੈ, ਮੁਜ਼ਰਮਾਨਾ ਯਾਨਿ ਕ੍ਰਿਮੀਨਲ ਰਿਕਾਰਡ ਵਾਲੇ, ਅਤਿਵਾਦੀ ਜਥੇਬੰਦੀਆਂ ਤੇ ਗੈਂਗਾਂ ਨਾਲ ਸਬੰਧ ਰੱਖਣ ਵਾਲੇ ਲੋਕ ਅਤੇ ਉਹ ਲੋਕ ਜਿਹੜੇ ਪਿਛਲੇ ਸਾਲ ਬਾਰਡਰ ਲੰਘ ਕੇ ਅਮਰੀਕਾ ਦਾਖਲ ਹੋਏ ਹਨ। ਕੋਈ ਵੀ ਵਿਅਕਤੀ ਜਿਸ ਦਾ ਅਤਿਵਾਦੀ ਰਿਕਾਰਡ ਹੈ ਜਾਂ ਜੋ ਪਿਛਲੇ ਸਾਲਾਂ ਵਿਚ ਦੇਸ਼ ਅੰਦਰ ਗੈਰ ਕਾਨੂੰਨੀ ਤੌਰ ‘ਤੇ ਦਾਖਲ ਹੋਇਆ, ਉਸ ਨੂੰ ਡਿਪੋਰਟ ਕੀਤਾ ਜਾਵੇਗਾ।
ਚੌਥੇ, ਆਪਣੀ ਤਕਰੀਰ ਵਿਚ ਰਾਸ਼ਟਰਪਤੀ ਓਬਾਮਾ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਸੀ ਕਿ ਕੋਈ ਵੀ ਵਿਅਕਤੀ ਜੋ ਅਮਰੀਕਾ ਵਿਚ ਹੁਣ ਜਾਂ ਭਵਿੱਖ ਵਿਚ ਗੈਰ ਕਾਨੂੰਨੀ ਤੌਰ ‘ਤੇ ਦਾਖਲ ਹੋਣਾ ਚਾਹੁੰਦਾ ਹੈ, ਉਨ੍ਹਾਂ ਦੇ ਫੜ੍ਹੇ ਜਾਣ ਅਤੇ ਵਾਪਸ ਭੇਜੇ ਜਾਣ ਦੇ ਚਾਂਸ ਪਹਿਲਾਂ ਨਾਲੋਂ ਕਿਤੇ ਵੱਧ ਹਨ। ਇਹ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਸ੍ਰੀ ਓਬਾਮਾ ਦੀ ਹਕੂਮਤ ਵਲੋਂ 1,974,688 ਵਿਅਕਤੀ ਡਿਪੋਰਟ ਕੀਤੇ ਜਾ ਚੁਕੇ ਹਨ ਅਤੇ 1,609,055 ਵਾਪਸ ਮੋੜੇ ਜਾ ਚੁਕੇ ਹਨ। ਇਹ ਗਿਣਤੀ ਹੁਣ ਤੱਕ ਦੇ ਕਿਸੇ ਵੀ ਰਾਸ਼ਟਰਪਤੀ ਦੀ ਹਕੂਮਤ ਅੰਦਰ ਸਭ ਤੋਂ ਵੱਡੀ ਹੈ। ਹੁਣ ਜਾਰੀ ਕੀਤੇ ਗਏ ਐਗਜ਼ੀਕਿਊਟਿਵ ਆਰਡਰ ਅਧੀਨ ਇਹ ਗਿਣਤੀ ਪਹਿਲਾਂ ਦੇ ਮੁਕਾਬਲੇ ਹੋਰ ਵਧਣ ਦੀ ਸੰਭਾਵਨਾ ਹੈ।
ਕੀ ਇਹ ਤੁਹਾਡੇ ‘ਤੇ ਲਾਗੂ ਹੁੰਦਾ ਹੈ
1æ ਡੀ ਏ ਸੀ ਏ: ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ‘ਤੇ ਲਿਆਂਦੇ ਗਏ ਬੱਚਿਆਂ ਲਈ ਉਮਰ ਦੀ ਹੱਦ ਖਤਮ ਕਰ ਦਿੱਤੀ ਗਈ ਹੈ। ਸਾਲ 2012 ਵਿਚ ਰਾਸ਼ਟਰਪਤੀ ਓਬਾਮਾ ਨੇ ਇਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਜਿਸ ਨੂੰ ਬਚਪਨ ਵਿਚ ਅਮਰੀਕਾ ਪਹੁੰਚਣ ਵਾਲੇ ਬੱਚਿਆਂ ਵਿਰੁਧ ਕਾਰਵਾਈ ਪਿਛੇ ਪਾਉਣਾ ਯਾਨਿ ਡੈਫਰਡ ਐਕਸ਼ਨ ਫਾਰ ਚਾਈਲਡਹੁਡ ਅਰਾਈਵਲਸ (ਡੀ ਏ ਸੀ ਏ) ਕਿਹਾ ਜਾਂਦਾ ਹੈ। ਇਸ ਯੋਜਨਾ ਤਹਿਤ 30 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪੇ ਉਨ੍ਹਾਂ ਦੇ 16ਵੇਂ ਜਨਮ ਦਿਨ ਤੋਂ ਪਹਿਲਾਂ ਅਤੇ 2007 ਤੋਂ ਪਹਿਲਾਂ ਗੈਰ ਕਾਨੂੰਨੀ ਤੌਰ ‘ਤੇ ਇਸ ਦੇਸ਼ ਵਿਚ ਲੈ ਕੇ ਆਏ ਸਨ, ਨੂੰ ਡਿਪੋਰਟੇਸ਼ਨ ਤੋਂ ਛੋਟ ਦੇਣ ਦਾ ਵਾਅਦਾ ਕਰਦੀ ਸੀ। ਹੁਣ ਜਾਰੀ ਕੀਤੇ ਗਏ ਐਗਜ਼ੀਕਿਊਟਿਵ ਆਰਡਰ ਵਿਚ ਡੀ ਏ ਸੀ ਏ ਉਮਰ ਹੱਦ ਖਤਮ ਕਰ ਦਿਤੀ ਗਈ ਹੈ ਅਤੇ ਇਸ ਪ੍ਰੋਗਰਾਮ ਨੂੰ ਉਨ੍ਹਾਂ ਲੋਕਾਂ ਲਈ ਵੀ ਖੋਲ੍ਹ ਦਿੱਤਾ ਗਿਆ ਹੈ ਜੋ ਸੰਨ 2010 ਤੋਂ ਪਹਿਲਾਂ ਇਸ ਦੇਸ਼ ਵਿਚ ਦਾਖਲ ਹੋਏ ਸਨ ਪਰੰਤੂ ਇਸ ਯੋਜਨਾ ਵਿਚ ਡੀ ਏ ਸੀ ਏ ਦੇ ਲਾਭਪਾਤਰੀਆਂ ਦੇ ਮਾਪਿਆਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਬੇਔਲਾਦ, ਬਿਨ ਕਾਗਜ਼ ਮਾਪਿਆਂ ਨੂੰ ਹੀ ਕੋਈ ਛੋਟ ਦਿੱਤੀ ਗਈ ਹੈ ਜਿਹੜੇ ਇਕ ਲੰਮੇ ਸਮੇਂ ਤੋਂ ਇਸ ਦੇਸ਼ ਵਿਚ ਰਹਿੰਦੇ ਆ ਰਹੇ ਹਨ। ਡੀ ਏ ਸੀ ਏ ਤਹਿਤ ਵਰਕ ਪਰਮਿਟ ਹਾਸਲ ਕਰਨ ਵਾਲੇ ਕਿਸੇ ਬੱਚੇ ਦਾ ਗੈਰ ਕਾਨੂੰਨੀ ਤੌਰ ‘ਤੇ ਰਹਿਣ ਵਾਲਾ ਮਾਂ ਜਾਂ ਪਿਓ ਇਸ ਆਰਡਰ ਤਹਿਤ ਕੋਈ ਲਾਭ ਹਾਸਲ ਨਹੀਂ ਕਰ ਸਕੇਗਾ ਕਿਉਂਕਿ ਬੱਚਾ ਡੀ ਏ ਸੀ ਏ ਤਹਿਤ ਲਾਭ ਲੈਣ ਲਈ ਅਰਜੀ ਦੇ ਚੁਕਾ ਹੈ ਇਸ ਕਰਕੇ ਗੈਰ ਕਾਨੂੰਨੀ ਰਹਿਣ ਵਾਲਾ ਮਾਂ-ਪਿਓ ਇਹ ਲਾਭ ਲੈਣ ਦੇ ਅਯੋਗ ਬਣ ਚੁਕਾ ਹੈ।
2æ ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਮਾਪੇ: ਅਮਰੀਕਾ ਵਿਚ ਜਨਮੇ ਜਾਂ ਫਿਰ ਗਰੀਨ ਕਾਰਡ ਹੋਲਡਰ ਬੱਚਿਆਂ ਦੇ ਅਮਰੀਕਾ ਵਿਚ ਬਿਨ ਕਾਗਜ਼ਾਤ ਰਹਿੰਦੇ ਮਾਪਿਆਂ ਨੂੰ ਇਥੇ ਰਹਿਣ ਦੀ ਇਜਾਜ਼ਤ ਹੋਵੇਗੀ ਬਸ਼ਰਤੇ ਕਿ ਮਾਪੇ ਇਹ ਸਾਬਤ ਕਰ ਸਕਣ ਕਿ ਉਹ ਪਿਛਲੇ ਪੰਜ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਅਮਰੀਕਾ ਰਹਿੰਦੇ ਆ ਰਹੇ ਹਨ, ਆਪਣੇ ਆਪ ਨੂੰ ਰਜਿਸਟਰ ਕਰਾਉਣ, ਆਪਣਾ ਮੁਜ਼ਰਮਾਨਾ (ਕ੍ਰਿਮੀਨਲ) ਪਿਛੋਕੜ ਚੈਕ ਕਰਾਉਣ ਅਤੇ ਟੈਕਸ ਅਦਾ ਕਰਨ। ਜਾਰੀ ਕੀਤੇ ਗਏ ਇਸ ਆਰਡਰ ਅਧੀਨ ਗੈਰ ਕਾਨੂੰਨੀ ਤੌਰ ‘ਤੇ ਰਹਿੰਦੇ ਮਾਪੇ ਸਿਰਫ ਤਿੰਨ ਸਾਲ ਤੱਕ ਹੀ ਕਾਨੂੰਨੀ ਤੌਰ ‘ਤੇ ਇਥੇ ਰਹਿ ਸਕਣਗੇ ਅਤੇ ਕੰਮ ਕਰ ਸਕਣਗੇ।
3æ ਹਾਈਟੈਕ ਵੀਜ਼ੇ: ਨਵੀਂ ਯੋਜਨਾ ਵਿਚ ਹਾਈਟੈਕ ਖੇਤਰਾਂ ਵਿਚ ਯੋਗਤਾ ਪ੍ਰਾਪਤ ਵਿਦੇਸ਼ੀ ਵਰਕਰਾਂ ਨੂੰ ਦੇਸ਼ ਅੰਦਰ ਦਾਖਲ ਹੋਣ ਅਤੇ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਕਾਇਦੇ ਕਾਨੂੰਨਾਂ ਵਿਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਪਹਿਲੀ ਤਬਦੀਲੀ, ਉਚ ਯੋਗਤਾ ਪ੍ਰਾਪਤ ਵੀਜ਼ਾ ਵਰਕਰ ਗਰੀਨ ਕਾਰਡ ਲਈ ਅਰਜੀ ਮਨਜ਼ੂਰ ਹੋਣ ਦੇ ਸਮੇਂ ਦੌਰਾਨ ਆਪਣਾ ਰੁਜ਼ਗਾਰਦਾਤਾ (ਇੰਪਲਾਇਰ) ਬਦਲ ਸਕਣਗੇ। ਦੂਜੀ, ਗਰੀਨ ਕਾਰਡ ਦਰਖਾਸਤ ਮਨਜ਼ੂਰ ਹੋਣ ‘ਤੇ ਐਚ-1ਬੀ ਵਰਕਰਾਂ ਦੇ ਜੀਵਨ ਸਾਥੀ (ਪਤੀ/ਪਤਨੀ) ਕੰਮ ਕਰਨ ਦੀ ਇਜਾਜ਼ਤ ਹਾਸਲ ਕਰ ਸਕਣਗੇ।
4æ ਨਿਵੇਸ਼ਕਾਰ ਵੀਜ਼ਾ: ਵਿਦੇਸ਼ੀ ਉਦਮੀਆਂ ਲਈ ਮੌਜੂਦਾ ਕਾਇਦੇ ਕਾਨੂੰਨਾਂ ਤਹਿਤ ਉਦਮੀਆਂ ਨੂੰ ਪੇਸ਼ਗੀ ਨਿਵੇਸ਼ ਦਿਖਾਉਣਾ ਪੈਂਦਾ ਹੈ, ਜੋ ਇਕ ਮਿਲੀਅਨ ਡਾਲਰ ਤੱਕ ਦਾ ਹੋ ਸਕਦਾ ਹੈ ਅਤੇ ਇਹ ਵੀ ਗਾਰੰਟੀ ਦੇਣੀ ਪੈਂਦੀ ਹੈ ਕਿ ਉਹ ਇਕ ਖਾਸ ਗਿਣਤੀ ਵਿਚ ਨੌਕਰੀਆਂ ਪੈਦਾ ਕਰਨਗੇ। ਨਵੇਂ ਐਗਜ਼ੀਕਿਊਟਿਵ ਆਰਡਰ ਤਹਿਤ ਵਿਦੇਸ਼ੀ ਨਿਵੇਸ਼ਕਾਰ ਅਮਰੀਕਨ ਨਿਵੇਸ਼ਕਾਰਾਂ ਵਲੋਂ ਇਕ ਮਿਲੀਅਨ ਡਾਲਰ ਤੱਕ ਨਿਵੇਸ਼ ਕਰਨ ਦੇ ਕੀਤੇ ਗਏ ਵਾਅਦੇ ਦੇ ਆਧਾਰ ਉਤੇ ਯੋਗਤਾ ਹਾਸਲ ਕਰ ਸਕੇਗਾ।
ਦਰਖਾਸਤ ਕਦੋਂ ਦਿੱਤੀ ਜਾ ਸਕਦੀ ਹੈ
ਵ੍ਹਾਈਟ ਹਾਊਸ ਵਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਅਨੁਸਾਰ ਵੱਖ ਵੱਖ ਕਾਰਵਾਈਆਂ ਉਤੇ ਅਮਲ ਲਈ ਵੱਖੋ ਵੱਖ ਸਮਾਂ ਹੱਦਾਂ ਹਨ। ਪਿਛੇ ਪਾਏ ਗਏ ਅਮਲ ਆਉਂਦੇ ਬਸੰਤ ਰੁੱਤ (ਸਪਰਿੰਗ) ਤੱਕ ਸ਼ੁਰੂ ਹੋ ਸਕਦੇ ਹਨ। ਡੀ ਏ ਸੀ ਏ ਵਿਆਖਿਆਵਾਂ ਅਗਲੀ ਸਪਰਿੰਗ ਤੋਂ ਸ਼ੁਰੂ ਹੋ ਸਕਦੀਆਂ ਹਨ। ਹਾਈਟੈਕ ਅਤੇ ਉਦਮੀ ਵੀਜ਼ਿਆਂ ਨੂੰ ਕਾਨੂੰਨ ਬਣਾਏ ਜਾਣ ਦੀ ਇਕ ਪ੍ਰੀਕ੍ਰਿਆ ਵਿਚੋਂ ਲੰਘਣਾ ਪਵੇਗਾ ਜਿਸ ਨੂੰ ਇਕ ਸਾਲ ਤੋਂ ਡੇਢ ਸਾਲ ਲੱਗ ਸਕਦਾ ਹੈ।
-ਜਗਦੀਪ ਸਿੰਘ, ਐਸਕæ
ਫੋਨ: 916-832-3144