ਜਦੋਂ ਵੀ ਕੋਈ ਪੰਜਾਬੀ ਕਿਤੇ ਮੱਲਾਂ ਮਾਰਦਾ ਹੈ, ਉਸ ਨਾਲ ਜਿਥੇ ਮਾਤਾ-ਪਿਤਾ ਦਾ ਨਾਂ ਰੌਸ਼ਨ ਹੁੰਦਾ ਹੈ, ਉਥੇ ਕੌਮ ਦਾ ਵੀ ਮਾਣ ਨਾਲ ਸਿਰ ਉਚਾ ਹੁੰਦਾ ਹੈ। ਅਜਿਹਾ ਹੀ ਕਾਰਨਾਮਾ ਕੀਤਾ ਹਰਪ੍ਰੀਤ ਸਿੰਘ ਮਾਨ ਨੇ ਜਿਸ ਨੇ ਮਿਡਵੈਸਟ ਬਾਡੀ ਬਿਲਡਿੰਗ (ਅਮਰੀਕਾ) ਵਿਚ ਲੋਹ-ਪੁਰਸ਼ ਦਾ ਖਿਤਾਬ ਜਿੱਤ ਕੇ ਮਾਣਮੱਤਾ ਸਥਾਨ ਹਾਸਿਲ ਕੀਤਾ ਹੈ। ਪੰਜਾਬੀ ਹੈਰੀਟੇਜ ਆਰਗੇਨਾਈਜੇਸ਼ਨ-ਸ਼ਿਕਾਗੋ ਦੇ ਪ੍ਰਧਾਨ ਰਹੇ ਪਰਸਨ ਸਿੰਘ ਮਾਨ ਦੇ ਘਰ ਜਸਬੀਰ ਕੌਰ ਮਾਨ ਦੀ ਕੁਖੋਂ 1988 ਵਿਚ ਜਨਮੇ ਹਰਪ੍ਰੀਤ ਮਾਨ ਨੂੰ ਖੇਡਾਂ ਦੀ ਗੁੜ੍ਹਤੀ ਆਪਣੇ ਘਰ ਵਿਚੋਂ ਹੀ ਮਿਲੀ। ਉਸ ਦੇ ਮਾਪੇ ਪੰਜਾਬ ਵਿਚ ਸਰੀਰਕ ਸਿਖਿਆ ਦੇ ਟੀਚਰ ਰਹੇ ਹਨ।
Ḕਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤḔ ਦੀ ਕਹਾਵਤ ਅਨੁਸਾਰ ਹਰਪ੍ਰੀਤ ਨੇ ਬਚਪਨ ਵਿਚ ਹੀ ਸ਼ਿਕਾਗੋ ਦੀਆਂ ਲਗਭਗ ਸਾਰੀਆਂ ਸਭਿਆਚਾਰਕ ਸਟੇਜਾਂ ‘ਤੇ ਭੰਗੜੇ ਦਾ ਕਮਾਲ ਦਿਖਾ ਕੇ ਵਾਹ ਵਾਹ ਹਾਸਿਲ ਕੀਤੀ। ਫਿਰ ਆਪਣੇ ਭਰਾ ਗੁਰਪ੍ਰੀਤ ਮਾਨ ਨਾਲ ਮਿਲ ਕੇ ਭੰਗੜਾ ਅਕੈਡਮੀ ਬਣਾਈ ਤੇ ਆਪਣੇ ਹਮਉਮਰ ਸਾਥੀਆਂ ਤੇ ਬੱਚਿਆਂ ਨੂੰ ਭੰਗੜਾ ਸਿਖਾਇਆ।
ਸਭਿਆਚਾਰਕ ਪ੍ਰੋਗਰਾਮਾਂ ਵਿਚ ਸਫਲਤਾ ਦੇ ਅਨੇਕਾਂ ਝੰਡੇ ਗੱਡਣ ਦੇ ਨਾਲ ਨਾਲ ਹਰਪ੍ਰੀਤ ਪੜ੍ਹਾਈ ਵਿਚ ਵੀ ਮੋਹਰੀ ਰਿਹਾ ਅਤੇ ਪੜ੍ਹਾਈ ਦੌਰਾਨ ਹਾਈ ਆਨਰ ਰੋਲ ਹਾਸਿਲ ਕੀਤਾ। ਯੂਨੀਵਰਸਿਟੀ ਵਿਚ “ਹੂ ਇਜ਼ ਹੂ” ਸੰਸਥਾ ਦੀ ਸਰਪ੍ਰਸਤੀ ਕਰਕੇ ਆਪਣੇ ਲੀਡਰਸ਼ਿਪ ਗੁਣਾਂ ਨਾਲ ਵਾਹ ਵਾਹ ਖੱਟੀ।
ਇਥੇ ਹੀ ਬੱਸ ਨਹੀਂ, ਉਸ ਦੇ ਨਾਂ ‘ਤੇ ਹੋਰ ਵੀ ਕਾਰਨਾਮੇ ਦਰਜ ਹਨ। ਅਲ੍ਹੜ ਉਮਰੇ ਹੀ ਆਪਣੇ ਸੰਗੀਤਕਾਰ ਦੋਸਤ ਅਜੈ ਰੰਧਾਵਾ ਨਾਲ ਮਿਲ ਕੇ ਉਸ ਨੇ ਗਾਇਕ ਕਲਾਕਾਰਾਂ ਲਈ ਸੰਗੀਤਕ ਧੁਨਾਂ ਤਿਆਰ ਕੀਤੀਆਂ ਤੇ ਕਈ ਪ੍ਰੋਫੈਸ਼ਨਲ ਮਿਊਜ਼ਿਕ ਵੀਡੀਓ ਬਣਾ ਕੇ ਕਲਾ ਦੇ ਮੈਦਾਨ ਵਿਚ ਵੀ ਪ੍ਰਸ਼ੰਸਾ ਹਾਸਿਲ ਕੀਤੀ।
ਸਾਲ 2012 ਵਿਚ ਸ਼ਿਕਾਗੋ ਦੇ ਮਿਲੇਨੀਅਮ ਪਾਰਕ ਵਿਚ ਮਸ਼ਹੂਰ ਫਿਲਮ ਅਦਾਕਾਰ ਆਮਿਰ ਖਾਨ, ਕੈਟਰੀਨਾ ਕੈਫ ਤੇ ਵੈਭਵੀ ਫਿਲਮ “ਧੂਮ-3” ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਦੌਰਾਨ ਜਦੋਂ ਆਮਿਰ ਖਾਨ ਨੇ ਸੀਨ ਲਈ ਲੋੜੀਂਦੀ ਐਕਸਰਸਾਈਜ਼ ਬ੍ਰੇਕ ਲਈ ਤਾਂ ਆਮਿਰ ਖਾਨ ਦਾ ਐਕਸਰਸਾਈਜ਼ ਇੰਸਟ੍ਰਕਟਰ ਹੋਰ ਕੋਈ ਨਹੀਂ ਬਲਕਿ ਬਾਡੀ ਬਿਲਡਰ ਨੌਜਵਾਨ ਹਰਪ੍ਰੀਤ ਸਿੰਘ ਮਾਨ ਹੀ ਸੀ।
ਪਿਛਲੇ ਦਿਨੀਂ ਗੇਟਵੇਅ ਥਿਏਟਰ, ਸ਼ਿਕਾਗੋ ਵਿਚ ਹੋਏ ਮਿਡਵੈਸਟ ਆਇਰਨਮੈਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਮੁਕਾਬਲੇ ਵਿਚ ਉਸ ਨੇ 293 ਉਮੀਦਵਾਰਾਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ḔਆਇਰਨਮੈਨḔ (ਲੋਹ-ਪੁਰਸ਼) ਦਾ ਟਾਈਟਲ ਆਪਣੇ ਨਾਂ ਕੀਤਾ।
ਖਿਤਾਬ ਜਿੱਤਣ ਤੋਂ ਬਾਅਦ ਹਰਪ੍ਰੀਤ ਮਾਨ ਨੂੰ ਜਦੋਂ ਪੁਛਿਆ ਕਿ ਭੰਗੜਾ ਤੇ ਸੰਗੀਤ ਵਰਗੀਆਂ ਕੋਮਲ ਕਲਾਵਾਂ ਵਿਚ ਝੰਡੀ ਗੱਡਣ ਤੋਂ ਬਾਅਦ ਬਾਡੀ ਬਿਲਡਿੰਗ ਵਰਗੀ ਸਖਤ ਫਿਟਨੈਸ ਵਾਲੀ ਖੇਡ ਵੱਲ ਕਿਵੇਂ ਝੁਕਾਅ ਹੋਇਆ ਤਾਂ ਹਰਪ੍ਰੀਤ ਨੇ ਦੱਸਿਆ, ਮੈਨੂੰ ਛੋਟੇ ਹੁੰਦਿਆਂ ਤੋਂ ਹੀ ਸਰੀਰ ਬਣਾਉਣ ਦਾ ਸ਼ੌਂਕ ਸੀ ਅਤੇ ਪੰਜਵੀਂ ਜਮਾਤ ਵਿਚ ਹੀ ਮੈਂ ਕੁਸ਼ਤੀ ਲੜਨੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਇਲਾਵਾ ਫੁਟਬਾਲ, ਟੈਨਿਸ, ਟਰੈਕ ਅਤੇ ਫੀਲਡ ਖੇਡਾਂ ਵਿਚ ਹਾਈ ਸਕੂਲ ਵਿਚ ਪੜ੍ਹਦਿਆਂ ਹੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਮੇਰੇ ਮਾਪਿਆਂ ਨੇ ਮੈਨੂੰ ਜੋ ਜਾਬਤਾ ਸਿਖਾਇਆ ਅਤੇ ਉਪਰ ਦੱਸੀਆਂ ਖੇਡਾਂ ਨੇ ਮੇਰੇ ਅੰਦਰ ਇਕ ਖਾਸ ਜੋਸ਼ ਭਰਿਆ- ਮੈਂ ਸਮਝਦਾ ਹਾਂ ਕਿ ਇਸੇ ਸਭ ਕੁਝ ਨੇ ਮੈਨੂੰ ਸਰੀਰ ਬਣਾਉਣ ਦੇ ਰਾਹ ਤੋਰਿਆ।
ਬਾਡੀ ਬਿਲਡਿੰਗ ਵਿਚ ਤੁਹਾਡਾ ਇੰਸਟ੍ਰਕਟਰ ਕੌਣ ਹੈ? ਬਾਡੀ ਬਿਲਡਿੰਗ ਵਿਚ ਫਰੰਟ ਡਬਲ ਬ੍ਰੇਕ ਪੋਜ, ਸਾਈਡ ਚੈਸਟ ਪੋਜ, ਬੈਕ ਲੈਟ ਸਪਰੈਡ ਪੋਜ ਆਦਿ ਕਈ ਪੋਜ ਹਨ। ਕਿਸ ਨੇ ਗਾਈਡ ਕੀਤਾ ਤੇ ਕਿਸ ਪੋਜ ਵਿਚ ਜਿਆਦਾ ਨੰਬਰ ਲੈਣ ਦੀ ਉਮੀਦ ਸੀ? ਕੀ ਰਣਨੀਤੀ ਸੀ ਤੇ ਤਹਾਨੂੰ ਕਿਸੇ ਨੇ ਇਸ ਪ੍ਰਤੀਯੋਗਤਾ ਵਿਚ ਸਪਾਂਸਰ ਕੀਤਾ ਸੀ? ਪੁਛਣ ‘ਤੇ ਹਰਪ੍ਰੀਤ ਨੇ ਕਿਹਾ, ਮੇਰੇ ਮਾਪੇ, ਭਰਾ, ਦੋਸਤ ਅਤੇ ਪਰਿਵਾਰ ਮੇਰੇ ਟਰੇਨਰ ਹਨ। ਮੇਰੇ ਖਿਆਲ ਵਿਚ ਟਰੇਨਰ ਉਹ ਹੈ ਜੋ ਤੁਹਾਨੂੰ ਕਿਸੇ ਗੱਲ ਲਈ ਪ੍ਰੇਰਿਤ ਕਰਦਾ ਹੈ ਅਤੇ ਉਨ੍ਹਾਂ ਮਿਆਰਾਂ ਨੂੰ ਜੋ ਤੁਸੀਂ ਆਪਣੇ ਲਈ ਤੈਅ ਕੀਤੇ ਹਨ, ਪ੍ਰਤੀ ਜਵਾਬਦੇਹ ਬਣਾਉਂਦਾ ਹੈ। ਜਿਥੋਂ ਤੱਕ ਸਰੀਰ ਬਣਾਉਣ ਦਾ ਸਵਾਲ ਹੈ, ਮੈਂ ਖੁਦ ਹੀ ਆਪਣਾ ਟਰੇਨਰ ਹਾਂ। ਸਿੱਖ ਧਰਮ ਤੁਹਾਨੂੰ ਆਪਣੇ ਸੁਪਨਿਆਂ ਦਾ ਸਿਰਜਕ ਬਣਾਉਂਦਾ ਹੈ ਅਤੇ ਮੈਂ ਆਪਣੇ ਸਰੀਰ ਅਤੇ ਮਨ ਨੂੰ ਆਪਣਾ ਅਕਸ ਬਣਾਉਂਦਾ ਹਾਂ। ਜਿਥੋਂ ਤੱਕ ਮੈਨੂੰ ਸਪਾਂਸਰ ਕਰਨ ਦਾ ਸਵਾਲ ਹੈ, ਪੰਜਾਬ ਸਪੋਰਟਸ ਕਲੱਬ ਮਿਡਵੈਸਟ (ਸ਼ਿਕਾਗੋ) ਨੇ ਮੇਰੀ ਟਰੇਨਿੰਗ ਅਤੇ ਹੋਰ ਸਭ ਖਰਚੇ ਉਠਾਏ। ਮੈਂ ਉਨ੍ਹਾਂ ਦਾ ਇਸ ਸਪਾਂਸਰਸ਼ਿਪ ਲਈ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਮੈਨੂੰ ਉਮੀਦ ਹੈ ਕਿ ਭਵਿੱਖ ਵਿਚ ਵੀ ਉਨ੍ਹਾਂ ਦਾ ਸਹਿਯੋਗ ਮਿਲਦਾ ਰਹੇਗਾ।
ਪ੍ਰਤੀਯੋਗਤਾ ਸ਼ੁਰੂ ਹੋਣ ਤੋਂ ਪਹਿਲਾ ਸਟੇਜ ‘ਤੇ ਵੱਡੀ ਗਿਣਤੀ ਬਾਡੀ ਬਿਲਡਰ ਪ੍ਰਤੀਯੋਗੀਆਂ ਦੇ ਸਖਤ ਮੁਕਾਬਲੇ ਦੀ ਚੁਣੌਤੀ ਦੇਖ ਕੇ ਤੁਸੀਂ ਮਾਨਸਿਕ ਤੌਰ ‘ਤੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਸੀ? ਕੀ ਤੁਹਾਨੂੰ ਯਕੀਨ ਸੀ ਕਿ ਇਹ ਚੈਂਪੀਅਨਸ਼ਿਪ ਜਿੱਤ ਜਾਉਗੇ? ਦੇ ਜਵਾਬ ਵਿਚ ਹਰਪ੍ਰੀਤ ਨੇ ਕਿਹਾ, ਮੁਕਾਬਲੇ ਵਾਲੇ ਦਿਨ ਮੈਂ ਬਹੁਤ ਸਵੈ-ਭਰੋਸੇ ਵਿਚ ਸਾਂ। ਨਾਮ ਸਿਮਰਨ ਹਮੇਸ਼ਾ ਤੁਹਾਡੇ ਮਨੋਬਲ ਨੂੰ ਮਜਬੂਤ ਕਰਦਾ ਹੈ। ਜੋ ਪੈਕੇਜ ਲੈ ਕੇ ਮੈਂ ਸਟੇਜ ‘ਤੇ ਜਾ ਰਿਹਾ ਸਾਂ, ਮੈਨੂੰ ਉਸ ‘ਤੇ ਬਹੁਤ ਖੁਸ਼ੀ ਸੀ ਕਿਉਂਕਿ ਹੁਣ ਤੱਕ ਦਾ ਮੇਰਾ ਇਹ ਬਿਹਤਰੀਨ ਪੈਕੇਜ ਸੀ। ਮੇਰਾ ਮੁਕਾਬਲਾ ਖੁਦ ਆਪਣੇ ਨਾਲ ਸੀ ਅਤੇ ਮੈਨੂੰ ਪੂਰਾ ਭਰੋਸਾ ਸੀ ਕਿ ਮੈਂ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਲੋੜੀਂਦੀ ਤਿਆਰੀ ਅਤੇ ਸਖਤ ਮਿਹਨਤ ਕੀਤੀ ਹੈ।
ਵੈਸੇ ਹਰ ਖੇਡ ਵਿਚ ਖੁਰਾਕ ਦਾ ਅਹਿਮ ਰੋਲ ਹੁੰਦਾ ਹੈ ਪਰ ਬਾਡੀ ਬਿਲਡਿੰਗ ਲਈ ਸਰੀਰ ਨੂੰ ਤੰਦਰੁਸਤ ਤੇ ਰਿਸ਼ਟ-ਪੁਸ਼ਟ ਬਣਾਉਣ ਲਈ ਖੁਰਾਕ ਦਾ ਹੋਰ ਵੀ ਵੱਧ ਮਹੱਤਵ ਹੈ। ਆਪਣੀ ਖੁਰਾਕ ਬਾਰੇ ਚਾਨਣਾ ਪਾਉ। ਇਸ ਸੰਦਰਭ ਵਿਚ ਵੀ ਕਿ ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁਮਾਣ ਵੈਸ਼ਨੂੰ ਹੈ।
ਹਰਪ੍ਰੀਤ ਨੇ ਦੱਸਿਆ ਕਿ ਉਸ ਦੀ ਖੁਰਾਕ ਬਹੁਤ ਹੀ ਸਾਦਾ ਹੈ। ਕੋਈ ਭੇਦ ਨਹੀਂ, ਬਸ ਅਸਲੀ ਭਰਪੂਰ ਖੁਰਾਕ। ਆਪਣੇ ਮੁਕਾਬਲੇ ਦੀ ਤਿਆਰੀ ਦੇ ਆਖਰੀ ਦਿਨਾਂ ਵਿਚ ਸਰੀਰ ਵਿਚੋਂ ਵਾਧੂ ਫੈਟ ਅਤੇ ਪਾਣੀ ਨੂੰ ਕੱਢਣ ਲਈ ਉਹ ਵਿਚ ਵਿਚ ਵਰਤ ਵੀ ਰੱਖਦਾ ਰਿਹਾ ਪਰ ਸਮੁੱਚੇ ਤੌਰ ‘ਤੇ ਉਸ ਨੇ ਆਪਣੇ ਆਪ ਨੂੰ ਕਿਸੇ ਖਾਸ ਖੁਰਾਕ ਤੱਕ ਸੀਮਤ ਨਹੀਂ ਰੱਖਿਆ। ਉਸ ਦੱਸਿਆ, ਮੈਂ ਉਹ ਸਭ ਕੁਝ ਖਾਂਦਾ ਰਿਹਾ ਹਾਂ ਜੋ ਖਾਣ ਨੂੰ ਮੇਰਾ ਜੀਅ ਕਰਦਾ ਸੀ ਪਰੰਤੂ ਮੈਂ ਜੋ ਵੀ ਖਾਂਦਾ, ਉਸ ਦਾ ਹਿਸਾਬ-ਕਿਤਾਬ ਜ਼ਰੂਰ ਰੱਖਿਆ। ਮੇਰੀ ਖੁਰਾਕ ਵਿਚ ਮੁੱਖ ਤੌਰ ‘ਤੇ ਅੰਡੇ, ਬਦਾਮ, ਕਾਜੂ, ਅਖਰੋਟ, ਪਿਸਤਾ, ਐਲਮੰਡ ਬਟਰ, ਪੀਨਟ ਬਟਰ, ਪ੍ਰੋਟੀਨ ਸ਼ੇਕ, ਚਿਕਨ/ਮੱਛੀ ਅਤੇ ਬਹੁਤ ਸਾਰੀਆਂ ਭਾਂਤ-ਸੁਭਾਂਤੀਆਂ ਸਬਜ਼ੀਆਂ ਸ਼ਾਮਲ ਹਨ। ਬਹੁਤ ਹੀ ਸਾਦਾ ਬੁਨਿਆਦ। ਜੇ ਮੇਰਾ ਕਿਸੇ ਹੋਰ ਚੀਜ਼ ਖਾਣ ਨੂੰ ਜੀਅ ਕਰਦਾ ਹੈ, ਮੈਂ ਇਸ ਦਾ ਟਰੇਨਿੰਗ ਦੇ ਸਮੇਂ ਦੇ ਆਸ-ਪਾਸ ਜ਼ਰੂਰ ਸਵਾਦ ਚਖਦਾ ਹਾਂ।
ਜਦੋਂ ਉਸ ਨੂੰ ਪੁੱਛਿਆ ਕਿ ਸਾਬਕਾ ਮਿਸਟਰ ਯੂਨੀਵਰਸ (ਕੈਲੀਫੋਰਨੀਆ ਦੇ ਸਾਬਕਾ ਗਵਰਨਰ) ਅਰਨੋਲਡ ਸ਼ਵਾਰਜਨੇਗਰ ਅਤੇ ਵਰਿੰਦਰ ਘੁਮਾਣ ਨੂੰ ਕਈ ਪ੍ਰੋਡਕਟ ਕੰਪਨੀਆਂ ਨੇ ਆਪਣੇ ਅੰਬੈਸਡਰ ਵਜੋਂ ਅਤੇ ਕਈ ਫਿਲਮ ਪ੍ਰੋਡਿਊਸਰਾਂ ਨੇ ਫਿਲਮਾਂ ਵਿਚ ਕੰਮ ਕਰਨ ਲਈ ਸਾਈਨ ਕੀਤਾ ਹੈ। ਕੀ ਤਹਾਨੂੰ ਕੋਈ ਆਫਰ ਆਈ ਹੈ? ਜੇ ਆਈ ਤਾਂ ਕੀ ਸਵੀਕਾਰ ਕਰੋਗੇ?
ਹਰਪ੍ਰੀਤ ਦਾ ਜਵਾਬ ਸੀ, ਨਹੀਂ ਅਜੇ ਤੱਕ ਦਾ ਕੋਈ ਆਫਰ ਨਹੀਂ ਆਈ ਪਰ ਜੇ ਅਜਿਹਾ ਕੋਈ ਮੌਕਾ ਮਿਲਿਆ ਤਾਂ ਬਹੁਤ ਵਧੀਆ ਗੱਲ ਹੋਵੇਗੀ।
ਇਸ ਸਵਾਲ ਕਿ ਭਵਿਖ ਵਿਚ ਕੀ ਪ੍ਰੋਗਰਾਮ ਹੈ? ਦੇ ਜਵਾਬ ਵਿਚ ਉਸ ਕਿਹਾ, ਇਸੇ ਸਾਲ ਨੈਸ਼ਨਲ ਪੱਧਰ ‘ਤੇ ਹੋ ਰਹੇ ਬਾਡੀ ਬਿਲਡਿੰਗ ਮੁਕਾਬਲੇ ਵਿਚ ਹਿੱਸਾ ਲੈਣ ਜਾ ਰਿਹਾ ਹਾਂ, ਵਾਹਿਗੁਰੂ ਮਿਹਰ ਕਰੇ, ਇੱਛਾ ਤਾਂ ਮਿਸਟਰ ਯੂਨੀਵਰਸ ਤੇ ਮਿਸਟਰ ਉਲਪਿੰਕ ਬਣਨ ਦੀ ਹੈ।
ਨਵੇਂ ਖਿਡਾਰੀਆਂ ਲਈ ਕੋਈ ਸੰਦੇਸ਼? ਉਸ ਜਵਾਬ ਦਿੱਤਾ, ਚੰਗਾ ਖਾਓ, ਖੂਬ ਕਸਰਤ ਕਰੋ ਅਤੇ ਆਪਣੇ ਸਰੀਰ ਨੂੰ ਫਿਟ ਰੱਖੋ। ਨੌਜਵਾਨ ਪੀੜੀ ਨੂੰ ਮੇਰਾ ਸੁਨੇਹਾ ਹੈ ਕਿ ਨਸ਼ਿਆਂ ਦੇ ਰਾਹ ਪੈਣ ਦੀ ਥਾਂ, ਖੇਡਾਂ ਦੇ ਰਾਹ ਪਓ।
ਗੁਰਦੁਆਰਾ ਪੈਲਾਟਾਈਨ ਸ਼ਿਕਾਗੋ ਦੇ ਪ੍ਰਬੰਧਕਾਂ ਨੇ ਹਰਪ੍ਰੀਤ ਨੂੰ ਇਨ੍ਹਾਂ ਪ੍ਰਾਪਤੀਆਂ ਲਈ ਗੁਰੂ ਘਰ ਵਲੋਂ ਸਿਰੋਪਾਓ ਦੀ ਬਖਸ਼ਿਸ਼ ਕਰਕੇ ਉਸ ਦਾ ਮਾਣ-ਸਨਮਾਨ ਕੀਤਾ। ਇਸੇ ਦੌਰਾਨ ਹਰਪ੍ਰੀਤ ਸਿੰਘ ਮਾਨ ਦੀ ਇਸ ਪ੍ਰਾਪਤੀ ‘ਤੇ ਪੰਜਾਬ ਸਪੋਰਟਸ ਕਲੱਬ ਮਿਡਵੈਸਟ-ਸ਼ਿਕਾਗੋ ਨੇ ਖੁਸ਼ੀ ਪ੍ਰਗਟ ਕਰਦਿਆਂ ਹਰਪ੍ਰੀਤ ਨੂੰ ਵਧਾਈ ਦਿੱਤੀ ਹੈ ਅਤੇ ਆਸ ਪ੍ਰਗਟਾਈ ਹੈ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਮੱਲਾਂ ਮਾਰਦਾ ਰਹੇਗਾ।
-ਸੁਰਿੰਦਰ ਸਿੰਘ ਭਾਟੀਆ