ਮਿੱਟੀ ਦੀ ਪੰਡ

ਲੇਖਕ ਐਨæਐਸ਼ ਸੌਦਾਗਰ ਦੀ ਕਹਾਣੀ ‘ਮਿੱਟੀ ਦੀ ਪੰਡ’ ਵਿਚ ਕਾਮਾ ਜਮਾਤ ਦੇ ਅਣਕਹੇ ਅਤੇ ਅਣਸੁਣੇ ਦਰਦ ਨੂੰ ਜ਼ੁਬਾਨ ਦਿੱਤੀ ਗਈ ਹੈ। ਤਿਉਹਾਰ ਵੀ ਇਸ ਤਬਕੇ ਲਈ ਖੁਸ਼ੀ ਦੇ ਕੋਈ ਪਲ ਲੈ ਕੇ ਨਹੀਂ ਆਉਂਦੇ। ਲੇਖਕ ਨੇ ‘ਦੋ ਟੋਟਿਆਂ ਵਿਚ ਵੰਡੀ ਪਈ ਖਲਕਤ’ ਦੀ ਬਾਤ ਬਹੁਤ ਮਾਰਮਿਕ ਢੰਗ ਨਾਲ ਸੁਣਾਈ ਹੈ। ਇਹ ਬਾਤ ਠਰੀ ਹੋਈ ਰਾਤ ਵਾਂਗ ਹੀ ਡਰੀ ਹੋਈ ਹੈ। ਇਸ ਸਹਿਮ ਵਿਚ ਕਹਾਣੀ ਦੇ ਪਾਤਰਾਂ ਦੀ ਬੇਵਸੀ ਲੁਕੀ ਬੈਠੀ ਹੈ। ਇਹ ਬੇਵਸੀ ਜਦੋਂ ਬੱਚਿਆਂ ਨੂੰ ਐਨ ਕੋਲ ਜਾ ਕੇ ਡੰਗਦੀ ਹੈ ਤਾਂ ਜ਼ਿਹਨ ਵਿਚ ਬਹੁਤ ਜਰਬਾਂ ਆਉਂਦੀਆਂ ਹਨ। -ਸੰਪਾਦਕ

ਐਨæਐਸ਼ ਸੌਦਾਗਰ
ਫੋਨ: 775-685-8981
ਪਿੰਡ ਦੇ ਦੋਹਾਂ ਛੱਪੜਾਂ ਵਿਚ ਖੜ੍ਹਾ ਠੁਰ ਠੁਰ ਕਰਦਾ ਪਾਣੀ ਕਿਸੇ ਨੂੰ ਵੀ ਕੰਬਦਾ ਨਜ਼ਰ ਨਹੀਂ ਸੀ ਆ ਰਿਹਾ। ਕਾਮਿਆਂ ਦੇ ਗੱਭਰੂ ਮੁੰਡੇ-ਸ਼ੇਰ, ਅਜਮੇਰ, ਖੁਸ਼ੀ, ਬਿੱਲੂ, ਗੀਤੀ ਤੇ ਬਿੰਦਰ ਹੋਰੀਂ ਵਿਹੜੇ ਦੀ ਫਿਰਨੀ ਉਪਰ ਧੂਣੀਆਂ ਲਾਈ ਬੈਠੇ ਸਨ। ਅਮੀ ਦਾ ਗੀਤੀ ਤਾਂ ਆਪਣੇ ਪਿਉ ਦੀ ਸਿਗਰਟਾਂ ਵਾਲੀ ਡੱਬੀ ਚੋਰੀਂ ਕੱਢ ਲਿਆਇਆ ਸੀ ਅਤੇ ਸਾਰੇ ਬੱਤੀਆਂ ਬਾਲ ਬਾਲ, ਲੰਮੇ ਲੰਮੇ ਸੂਟੇ ਲਾ ਮਾਹੌਲ ਦਾ ਅਤੇ ਘਰਦਿਆਂ ਦਾ ਨਾਜਾਇਜ਼ ਫਾਇਦਾ ਉਠਾ ਰਹੇ ਸਨ। ਜਿਵੇਂ ਜਿਵੇਂ ਹਨੇਰਾ ਵਧਿਆ, ਠੰਢ ਜ਼ੋਰ ਫੜ ਗਈ। ਠੰਢ ਦੇ ਡਰੋਂ ਪਿੰਡ ਦੀ ਇਹ ਮੁੰਡ੍ਹੀਰ ਵੀ ਖਿੰਡ-ਪੁੰਡ ਗਈ। ਗਰੀਬਾਂ ਦੇ ਘਰਾਂ ਦੇ ਝਰੋਖੇ ਵਾਲੇ ਦਰਵਾਜ਼ੇ ਬੰਦ ਹੋਣ ਦੇ ਬਾਵਜੂਦ ਠੰਢ ਨੂੰ ਅੰਦਰ ਆਉਣ ਤੋਂ ਰੋਕ ਨਾ ਸਕੇ।
ਪਿੰਡ ਦੇ ਜਗੀਰਦਾਰਾਂ ਦੀ ਪੱਕੀ ਹਵੇਲੀ ਅੰਦਰ ਗੂੜ੍ਹੀ ਨੀਂਦੇ ਸੁੱਤਾ ਪਿਆ ਜਗੀਰਦਾਰਾਂ ਦਾ ਪੂਰਾ ਟੱਬਰ ਠੰਢੀ ਹਵਾ ਅਤੇ ਠਰੀ ਹੋਈ ਰਾਤ ਦਾ ਪੂਰਾ ਨਿੱਘ ਮਾਣ ਰਿਹਾ ਸੀ। ਸ਼ਰਾਬ ਦੇ ਨਸ਼ੇ ਵਿਚ ਧੁੱਤ ਪਏ ਜਗੀਰਦਾਰ ਦੇ ਘੁਰਾੜੇ ਪੱਕੀ ਹਵੇਲੀ ਦੀਆਂ ਕੰਧਾਂ ਨਾਲ ਟਕਰਾ ਟਕਰਾ ਸਰਦਾਰਨੀ ਬਲਦੀਸ਼ ਕੌਰ ਦੀ ਨੀਂਦ ਵਿਚ ਵਿਘਨ ਪਾ ਰਹੇ ਸਨ। ਬਲਦੀਸ਼ ਨੂੰ ਆਪਣੇ ਨਾਲੋਂ ਆਪਣੇ ਜੁਆਕਾਂ ਦੇ ਉਠ ਜਾਣ ਦਾ ਬਹੁਤਾ ਡਰ ਲੱਗ ਰਿਹਾ ਸੀ। ਉਹ ਆਪਣੇ ਨਾਲ ਪਏ ਜਗੀਰਦਾਰ ਨੂੰ ਕਈ ਵਾਰ ਹਲੂਣ ਚੁੱਕੀ ਸੀ ਪਰ ਕਿਥੇ! ਜਗੀਰਦਾਰ ਆਪਣੇ ਹੱਥੀਂ ਲੌਂਗ ਇਲੈਚੀਆਂ ਪਵਾ ਕੇ ਤਖਾਣਾਂ ਕੇ ਨਿੰਦੀ ਤੋਂ ਕੋਲ ਖੜ੍ਹ ਕੇ ਕਢਵਾਈ ਪਹਿਲੇ ਤੋੜ ਦੀ ਸ਼ਰਾਬ ਦੇ ਦੋ-ਚਾਰ ਪੈਗ ਵੱਧ ਮਾਰ, ਪਤਾ ਨਹੀਂ ਕਿਹੜੇ ਸੁਪਨੇ ਲੈ ਰਿਹਾ ਸੀ। ਕਾਮਿਆਂ ਦੇ ਵਿਹੜੇ ਟਿਕੀ ਰਾਤ ਵੀ ਕਿਸੇ ਨਾ ਕਿਸੇ ਪਾਸੇ ਹਿਲਜੁਲ ਹੋ ਰਹੀ ਸੀ। ਸ਼ਾਇਦ ਗਰੀਬਾਂ ਦੇ ਘਸੇ ਜੁੱਲੇ ਉਨ੍ਹਾਂ ਦੀ ਗੂੜ੍ਹੀ ਨੀਂਦ ਉਡਾ ਰਹੇ ਸਨ ਤੇ ਕੱਚੀ ਨੀਂਦ ਹੀ ਉਠਣ ਲਈ ਹਿਲਾ ਰਹੇ ਸਨ। ਰਹਿੰਦੀ ਖੂੰਹਦੀ ਕਸਰ ਭੁੱਖੇ ਕੁੱਤਿਆਂ ਦੀ ਭੌਂ ਭੌਂ ਤੇ ਕੁੱਕੜਾਂ ਦੀਆਂ ਬਾਂਗਾਂ ਦੇ ਰਾਮ ਰੌਲੇ ਨੇ ਕੱਢ ਦਿੱਤੀ ਸੀ।
ਠੰਢ ਦੀ ਭੰਨੀ ਹੋਈ ਚੰਦ ਕੌਰ ਅੱਜ ਗੁਰਦੁਆਰੇ ਦੇ ਭਾਈ ਜੀ ਦੀ ਹੇਕ ਤੋਂ ਪਹਿਲਾਂ ਹੀ ਉਠ ਗਈ ਸੀ। ਚੰਦ ਕੌਰ ਨੂੰ ਬਹੁਤਾ ਤੜਕੇ ਉਠਾਉਣ ਵਿਚ ਚੱਲ ਰਹੀ ਸੀਤ ਲਹਿਰ ਅਤੇ ਘੱਟ ਲੋਗੜ ਵਾਲੀ ਰਜਾਈ ਦਾ ਹੱਥ ਸੀ। ਹਾਲਾਂਕਿ ਚੰਦ ਕੌਰ ਦੀ ਸਭ ਤੋਂ ਵੱਡੀ ਧੀ ਗੇਲੋ ਨੇ ਰਾਤੀਂ ਸੌਣ ਤੋਂ ਪਹਿਲਾਂ ਕਿਹਾ ਵੀ ਸੀ, “ਬੇਬੇ, ਤੂੰ ਮੇਰੇ ਵਾਲੀ ਭਾਰੀ ਰਜਾਈ ਲੈ ਲੈ, ਅੱਜ ਠੰਢ ਜ਼ਿਆਦਾ ਹੈ”, ਪਰ ਕਿਥੇ! ਮਾਂ ਤਾਂ ਮਾਂ ਹੁੰਦੀ ਏ। ਚੱਕਵੇਂ ਚੁੱਲ੍ਹੇ ਵਿਚ ਪਏ ਅੱਧ-ਸੁੱਕੇ ਜਿਹੇ ਗੋਹੇ ਦੀਆਂ ਪਾਥੀਆਂ ਚੰਦ ਕੌਰ ਦੀ ਅੱਧੀਓਂ ਵੱਧ ਸੀਖਾਂ ਵਾਲੀ ਡੱਬੀ ਫੁਕਵਾ ਕੇ ਵੀ ਬਲ ਨਹੀਂ ਸਨ ਰਹੀਆਂ। ਖੰਘ ਨਾਲ ਭਿੱਜੀਆਂ ਫੂਕਾਂ ਮਾਰ-ਮਾਰ ਆਖਰ ਚੰਦ ਕੌਰ ਨੇ ਅੱਗ ਧੁਖਾ ਹੀ ਲਈ। ਸਿਲਵਰ ਦੀ ਕੱਪੀ ਨਾਲ ਪਾਣੀ ਨਾਪਦੀ ਚੰਦ ਕੌਰ ਨੇ ਚਾਰ ਕੱਪ ਕੋਲ ਪਈ ਸਿਲਵਰ ਦੀ ਪਤੀਲੀ ਵਿਚ ਪਾ ਚੁੱਲ੍ਹੇ ਉਪਰ ਧਰ ਦਿੱਤੇ। ਗੁੜ ਚਾਹ ਪਾਉਂਦੀ ਨੇ ਚੁੰਨੀ ਨਾਲ ਕੱਲ੍ਹ ਦੀਆਂ ਬੰਨ੍ਹੀ ਫਿਰਦੀ ਚਾਰ-ਪੰਜ ਛੋਟੀਆਂ ਇਲੈਚੀਆਂ ਆਪਣੇ ਪਤੀ ਨਾਹਰੂ ਦੀ ਚਾਹ ਵਿਚ ਪਾਉਂਦੀ ਨੇ ਪਤੀਲੀ ਢਕ ਦਿੱਤੀ। ਫਿਰ ਚੁੱਲ੍ਹੇ ਕੋਲ ਬੈਠੀ ਆਪਣੀ ਮੁਟਿਆਰ ਧੀ ਗੇਲੋ ਦੇ ਵਿਆਹ ਬਾਰੇ ਸੋਚਣ ਲਗੀ। ਝੱਟ ਹੀ ਉਸ ਨੂੰ ਆਪਣੇ ਆਦਮੀ ਨਾਹਰੂ ਦੇ ਘੱਟ ਸੀਰ ਦਾ ਖਿਆਲ ਆਇਆ। ਘੱਟ ਸੀਰ ਨਾਲ ਉਹ ਆਪਣੇ ਆਦਮੀ ਨਾਲ ਕਈ ਵਾਰ ਕਲੇਸ਼ ਵੀ ਕਰ ਚੁੱਕੀ ਸੀ ਪਰ ਨਾਹਰੂ ਨੇ ਪਿਛਲੇ ਹਾੜ੍ਹ ਵਿਚ ਆਪਣੇ ਸਾਲੇ ਦੀ ਕੁੜੀ ਦੇ ਵਿਆਹ ‘ਤੇ ਜਾਣ ਲਈ ਜਗੀਰਦਾਰਨੀ ਤੋਂ ਜੋ ਵਿਆਜੂ ਪੈਸੇ ਫੜੇ ਸਨ, ਉਸੇ ਝੇਪ ਵਿਚ ਹੀ ਇਸ ਸਾਲ ਫਿਰ ਜਗੀਰਦਾਰਨੀ ਨੂੰ ਘੱਟ ਸੀਰ ‘ਤੇ ਹਾਂ ਕਰ ਦਿੱਤੀ ਸੀ।
ਚੰਦ ਕੌਰ ਇਹ ਸਭ ਜਾਣਦੀ ਹੋਈ ਵੀ ਦਿਨ ਰਾਤ ਕੰਮ ਤੋਂ ਥੱਕ ਕੇ ਆਏ ਨਾਹਰੂ ਨੂੰ ਤੱਤੀਆਂ ਤੱਤੀਆਂ ਸੁਣਾ ਦਿੰਦੀ, “ਪਤਾ ਨਹੀਂ ਜਗੀਰਦਾਰਨੀ ਨੇ ਕੀ ਤਵੀਤ ਘੋਲ ਕੇ ਪਿਆਇਆ ਹੋਇਆ ਮੇਰੇ ਇਸ ਖਸਮ ਨੂੰ ਜਿਹੜਾ ਦਿਨ ਰਾਤ ਪੂਸ-ਪੂਸ ਕਰਦਾ ਫਿਰਦਾ ਉਹਦੇ ਪਿੱਛੇæææ।” ਫਿਰ ਚੌਂਕੇ ਵਿਚ ਬੈਠੀ ਨੂੰ ਖਿਆਲ ਆਇਆ, ‘ਨੀ ਚੰਦ ਕੁਰੇ, ਇਸ ਵਿਚ ਵਿਚਾਰੇ ਨਾਹਰੂ ਦਾ ਵੀ ਕੀ ਕਸੂਰ ਹੈ?’ ਉਹ ਆਪ ਮੁਹਾਰੇ ਬੋਲਣ ਲੱਗੀ, ‘ਹੋਰ ਕਿੰਨੇ ਕੁ ਸਾਲ ਅਸੀਂ ਘੱਟ ਸੀਰ ‘ਤੇ ਹੱਡ ਰਗੜਾਈ ਜਾਵਾਂਗੇ। ਗੇਲੋ, ਕਰਨੈਲ ਦੇ ਨਾਲ ਨਾਲ ਹੁਣ ਤਾਂ ਪ੍ਰੀਤੋ ਤੇ ਜਗਸੀਰ ਵੀ ਉਡਾਰ ਹੋ ਗਏ ਹਨ। ਨਹੀਂ ਨਹੀਂæææਇਕ ਨਾ ਇਕ ਦਿਨ ਸਾਡੀ ਸਾਂਝੀ ਸੀਰੀਆਂ ਦੀ ਵੀ ਸੁਣੀ ਜਾਏਗੀ। ਕਾਮਿਆਂ ਦਾ ਖੂਨ ਇਕ ਦਿਨ ਜ਼ਰੂਰ ਉਬਲੇਗਾ।’ ਸੋਚਾਂ ਵਿਚ ਡੁੱਬੀ ਚੰਦ ਕੌਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਪਤੀਲੀ ਵਾਲਾ ਪਾਣੀ ਉਬਲ ਕੇ ਕਦੋਂ ਬਾਹਰ ਆ ਗਿਆ। ਚੁੰਨੀ ਦੇ ਪੱਲੂ ਨਾਲ ਪਤੀਲੀ ਭੁੰਜੇ ਲਾਹੁੰਦੀ ਚੰਦ ਕੌਰ ਨੀਂਦ ਵਿਚ ਗੁਆਚੇ ਨਾਹਰੂ ਦੇ ਸਰਾਹਣੇ ਵੱਲ ਬੰਨ੍ਹੀ ਬੱਕਰੀ ਦੀਆਂ ਲੱਤਾਂ ਫੜਦੀ ਖਾਲੀ ਗਲਾਸ ਵਿਚ ਧਾਰਾਂ ਮਾਰਨ ਲੱਗ ਪਈ। ਨਾਹਰੂ ਨੂੰ ਹਲੂਣ, ਉਠਣ ਲਈ ਆਖਦੀ ਆਪ ਫਿਰ ਚਾਹ ਦੀ ਪਤੀਲੀ ਕੋਲ ਆ ਬੈਠੀ। ਕੱਲ੍ਹ ਦੀ ਥਕਾਵਟ ਨਾਲ ਅੰਗੜਾਈਆਂ ਭੰਨਦਾ, ਬਾਲਟੀ ਵਿਚੋਂ ਪਾਣੀ ਦੀਆਂ ਦੋ ਚੂਲੀਆਂ ਅੱਖਾਂ ਵਿਚ ਮਾਰਦਾ ਨਾਹਰੂ ਚੰਦ ਕੌਰ ਕੋਲ ਆ ਬੈਠਾ।
“ਕੀ ਗੱਲ ਚੰਦ ਕੁਰੇ, ਜੁਆਕਾਂ ਲਈ ਅਜੇ ਆਟਾ ਨਹੀਂ ਗੁੰਨ੍ਹਿਆ?”
“ਜੁਆਕਾਂ ਨੂੰ ਤਾਂ ਅੱਜ ਦੀਵਾਲੀ ਦੀ ਛੁੱਟੀ ਹੈ। ਚੱਲ ਚੰਗਾ ਕੀਤਾ ਤੂੰ ਆਪ ਹੀ ਯਾਦ ਕਰਵਾ ਦਿੱਤਾ, ਨਹੀਂ ਤਾਂ ਮੈਨੂੰ ਆਪ ਤੈਨੂੰ ਯਾਦ ਕਰਵਾਉਣਾ ਪੈਣਾ ਸੀ ਕਿ ਅੱਜ ਦੀਵਾਲੀ ਹੈ। ਆਉਂਦਾ ਹੋਇਆ ਆਵਦੀ ਜਗੀਰਦਾਰਨੀ ਤੋਂ ਆਟਾ ਲੈਂਦਾ ਆਵੀਂ। ਇਹੋ ਆਟਾ ਸੀ ਜਿਹੜਾ ਮੈਂ ਪੀਪਾ ਝਾੜ ਕੇ ਪਕਾ ਲਿਐ। ਨਾਲੇ ਇਉਂ ਕਰੀਂæææਥੋੜ੍ਹੇ ਬਹੁਤੇ ਪੈਸੇ ਵੀ ਜ਼ਰੂਰ ਫੜੀ ਆਈਂ ਜਵਾਕਾਂ ਨੂੰ ਕੁਝ ਚਾਹੀਦਾ ਹੈ। ਜਗਸੀਰ ਭੂੰਡ-ਪਟਾਕਿਆਂ ਲਈ ਕੱਲ੍ਹ ਦਾ ਮਗਰ ਪਿਆ ਹੋਇਐ। ਕੋਰੇ ਦੀਵੇ ਤਾਂ ਪਰਸੋਂ ਹੀ ਗੇਲੋ ਨੇ ਘੁਮਿਆਰਾਂ ਦੇ ਮੁੰਡੇ ਤੋਂ ਰੁੱਗ ਕਪਾਹ ਦਾ ਦੇ ਕੇ ਲੈ ਲਏ ਸੀ। ਆਹ ਰੋਟੀ ਤੂੰ ਖਾ ਲੈæææਜਵਾਕਾਂ ਨੂੰ ਤਾਂ ਅੱਜ ਮੈਂ ਵੱਡੇ ਦਿਨੋਂ ਸੰਤੀ ਦੀ ਨੂੰਹ ਈਸ਼ਰੋ ਤੋਂ ਇਕ ਛੰਨਾ ਆਟਾ ਲੈ ਕੇ ਪਕਾ ਦੂੰਗੀ।” ਕੋਲ ਬੈਠੇ ਨਾਹਰੂ ਅੱਗੇ ਚਾਹ ਨਾਲ ਭਰਿਆ ਗਲਾਸ ਧਰਦੀ ਚੰਦ ਕੌਰ ਨੇ ਕਿਹਾ।
“ਨਹੀਂ ਚੰਦ ਕੁਰੇ ਨਹੀਂ। ਇਨ੍ਹਾਂ ਜੁਆਕਾਂ ਦਾ ਕੀ ਕਸੂਰ ਐ? ਮੈਂ ਆਪ ਤਾਂ ਭੁੱਖਾ ਰਹਿ ਲੂੰਗਾ ਪਰ ਆਪਣੇ ਜੁਆਕਾਂ ਨੂੰ ਭੁੱਖੇ ਨਹੀਂ ਰੱਖ ਸਕਦਾ।”
“ਗੇਲੋ ਦੇ ਬਾਪੂ! ਤੈਥੋਂ ਨਿਰਨੇ ਕਾਲਜੇ ਹਲ ਨਹੀਂ ਵਾਹ ਹੋਣਾ ਤੇ ਜਗੀਰਦਾਰਨੀ ਬਲਦੀਸ਼ ਕੌਰ ਨੇ ਤੇਰੀ ਹਾਜ਼ਰੀ ਭੇਜਦੀ ਭੇਜਦੀ ਨੇ ਦੁਪਹਿਰਾ ਕਰ ਦੇਣੈ। ਜ਼ਿੱਦ ਨਾ ਕਰ, ਲੈ ਚਾਹ ਦੀਆਂ ਦੋ ਘੁੱਟਾਂ ਨਾਲ ਟੁੱਕ ਦੀਆਂ ਇਹ ਦੋ ਬੁਰਕੀਆਂ ਲੰਘਾ ਲੈ।”
“ਚੰਦਕੁਰੇ, ਮੈਂ ਜਾਣਦਾਂ ਕਿ ਮੈਥੋਂ ਭੁੱਖੇ ਤੋਂ ਹਲ ਨਹੀਂ ਵਾਹ ਹੋਣਾ, ਪਰ ਜਵਾਕਾਂ ਦਾ ਪੇਟ ਕੱਟ ਕੇ ਮੈਥੋਂ ਨਹੀਂ ਖਾਧਾ ਜਾਣਾ।” ਆਖਦਾ ਨਾਹਰੂ ਸਾਰੀ ਰਾਤ ਦੇ ਠਰੇ ਹੋਏ ਢਿੱਡ ਵਿਚ ਇਕ ਗਲਾਸ ਗਰਮ ਗਰਮ ਚਾਹ ਦਾ ਸੁੱਟਦਾ ਖੂੰਜੇ ਵਿਚ ਖੜ੍ਹੀ ਪਰਾਣੀ ਚੁੱਕਦਾ ਆਪਣੇ ਅੱਧ-ਘਸੇ ਛਿੱਤਰ ਘੜੀਸਦਾ ਘਰ ਦੀ ਦੇਹਲੀ ਲੰਘ ਗਿਆ। ਚੰਦ ਕੌਰ ਲਈ ਭਾਵੇਂ ਅੱਜ ਇਹ ਕੋਈ ਨਵੀਂ ਗੱਲ ਨਹੀਂ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਉਸ ਦਾ ਨਾਹਰੂ ਭੁੱਖਾ ਖੇਤ ਨੂੰ ਗਿਆ ਸੀ, ਪਰ ਅੱਜ ਵਰ੍ਹਿਆਂ ਦੇ ਦਿਨ ਜਿਵੇਂ ਉਸ ਤੋਂ ਆਪਣਾ ਨਾਹਰੂ ਭੁੱਖਾ ਜਾਂਦਾ ਝੱਲਿਆ ਨਾ ਗਿਆ ਹੋਵੇ। ਜਵਾਕ ਅੱਜ ਭੂੰਡ ਪਟਾਕਿਆਂ ਦੇ ਚਾਅ ਵਿਚ ਪਹਿਲਾਂ ਨਾਲੋਂ ਸਾਝਰੇ ਹੀ ਉਠੇ ਫਿਰਦੇ ਸਨ। ਚੰਦ ਕੌਰ ਦੇ ਜਵਾਕਾਂ ਦੀ ਖ਼ੁਸ਼ੀ ਜਿਵੇਂ ਗਰੀਬੀ ਹੱਥੋਂ ਕਤਲ ਹੋ ਚੁੱਕੀ ਹੋਵੇ। ਉਸ ਦੇ ਨਿਆਣਿਆਂ ਲਈ ਇਹੋ ਜਿਹੇ ਖੁਸ਼ੀਆਂ ਭਰੇ ਦਿਨ-ਤਿਉਹਾਰ ਆਮ ਦਿਨਾਂ ਵਾਂਗ ਬਣ ਕੇ ਰਹਿ ਗਏ ਸਨ।
“ਉਠ ਖੜ੍ਹੀ ਪੁੱਤ?” ਆਪਣੀ ਵੱਡੀ ਧੀ ਗੇਲੋ ਨੂੰ ਆਪਣੇ ਵੱਲ ਆਉਂਦੀ ਦੇਖਦਿਆਂ ਚੰਦ ਕੌਰ ਨੇ ਪੁੱਛਿਆ।
“ਬੇਬੇ! ਦੇਖ ਲੈ ਬਾਪੂ ਅੱਜ ਦੀਵਾਲੀ ਵਾਲੇ ਦਿਨ ਵੀ ਸਾਨੂੰ ਮਿਲੇ ਬਗੈਰ ਖੇਤ ਨੂੰ ਚਲਿਆ ਗਿਐ!”
“ਗੇਲੋ ਪੁੱਤ! ਆਪਾਂ ਬੇਜ਼ਮੀਨੇ, ਦਿਹਾੜੀ ਜੋਤਾ ਲਾਉਣ ਵਾਲੇ, ਇਨ੍ਹਾਂ ਸਰਮਾਏਦਾਰਾਂ ਨੂੰ ਜਵਾਬ ਨਹੀਂ ਦੇ ਸਕਦੇ। ਧੀਏ, ਸਾਨੂੰ ਭੁੱਖੇ ਮਰਦਿਆਂ ਨੂੰ ਅੱਕ ਚੱਬਣਾ ਹੀ ਪੈਂਦਾ ਹੈ। ਚੱਲ ਛੱਡ ਤੂੰ ਇਹ ਸਵੇਰੇ ਸਵੇਰੇ ਕਿਹੜੀਆਂ ਗੱਲਾਂ ਫੜ ਕੇ ਬਹਿ ਗਈ। ਤੁਸੀਂ ਆਵਦੀ ਪੜ੍ਹਾਈ ਵਿਚ ਸੁਰਤ ਰੱਖਿਆ ਕਰੋ, ਨਹੀਂ ਤਾਂ ਬਾਪੂ ਵਾਂਗ ਸੱਪਾਂ ਦੀਆਂ ਸਿਰੀਆਂ ਮਿੱਧਣੀਆਂ ਪੈਣਗੀਆਂ। ਜਾਹ ਆਪਣੇ ਭੈਣ-ਭਾਈਆਂ ਨੂੰ ਵੀ ਉਠਾ ਦੇ, ਗੁੜ ਦੀ ਚਾਹ ਵਿਚ ਬੈ ਭਰ ਜਾਊ ਨਹੀਂ ਤਾਂ।” ਆਖਦੀ ਚੰਦ ਕੌਰ ਬੱਕਰੀ ਖੋਲ੍ਹਦੀ ਬਾਹਰ ਕਿੱਲੀ ਉਪਰ ਬੰਨ੍ਹਣ ਚਲੀ ਗਈ।
ਸਕੂਲਾਂ ‘ਚ ਛੁੱਟੀ ਹੋਣ ਕਾਰਨ ਚੰਦ ਕੌਰ ਦੇ ਚਾਰੇ ਜਵਾਕ ਘਰੇ ਹੀ ਸਨ ਪਰ ਚੰਦ ਕੌਰ ਦਾ ਨਾਹਰੂ ਘਰੋਂ ਭੁੱਖਾ ਜਾਣ ਕਰ ਕੇ ਚਿੱਤ ਖਰਾਬ ਸੀ ਤੇ ਰਹਿੰਦਾ ਖੂੰਹਦਾ ਚੰਦ ਕੌਰ ਦਾ ਮਨ ਉਸ ਦਾ ਨਿੱਕਾ ਮੁੰਡਾ ਜਗਸੀਰ ਖ਼ਰਾਬ ਕਰ ਦਿੰਦਾ, “ਬੇਬੇ, ਅੱਜ ਦੀਵਾਲੀ ਐ। ਸਾਰਿਆਂ ਨੇ ਆਪਣੀਆਂ ਆਪਣੀਆਂ ਬਨੇਰੀਆਂ ਉਪਰ ਦੀਵੇ ਬਾਲਣੇ ਆ। ਬਿੰਦਰ ਰਣੀਏ ਵਾਲਿਆਂ ਨੇ ਅੱਜ ਸ਼ਹਿਰੋਂ ਸੌ ਰੁਪਏ ਦੇ ਭੂੰਡ ਪਟਾਕੇ ਲਿਆਉਣੇ ਹਨ। ਕੱਲ੍ਹ ਬਿੰਦਰ ਜਮਾਤ ਵਿਚ ਸਾਰਿਆਂ ਨੂੰ ਦੱਸਦਾ ਸੀ।”
“ਪੁੱਤ ਬਿੰਦਰ ਆਪਣੇ ਨਾਨਕੀਂ ਰਹਿੰਦੈ। ਬਿੰਦਰ ਦੇ ਤਿੰਨੇ ਮਾਮੇ ਕਰਮ ਸਿੰਘ, ਉਜਾਗਰ ਅਤੇ ਸੌਦਾਗਰ ਚੰਗੇ ਪੈਸੇ ਵਾਲੇ ਹਨ। ਉਹ ਚਾਹੇ ਬਿੰਦਰ ਨੂੰ ਦੋ ਸੌ ਰੁਪਏ ਦੇ ਪਟਾਕੇ ਲੈ ਦੇਣ। ਜਦੋਂ ਤੂੰ ਵੀ ਪੜ੍ਹ ਲਿਖ ਕੇ ਪੱਕੀ ਨੌਕਰੀ ‘ਤੇ ਲੱਗ ਜਾਵੇਂਗਾ ਤਾਂ ਤੂੰ ਵੀ ਆਪਣੇ ਜਵਾਕਾਂ ਨੂੰ ਸੌ ਰੁਪਏ ਦੇ ਭੂੰਡ ਪਟਾਕੇ ਲਿਆ ਦਿਆ ਕਰੀਂ।” ਚੰਦ ਕੌਰ ਨੇ ਉਮੀਦਾਂ ਨਾਲ ਢਿੱਡ ਭਰਦੀ ਨੇ ਫੋਕਾ ਡਕਾਰ ਮਾਰਿਆ।
“ਬੇਬੇ ਸਾਡਾ ਬਾਪੂ ਵੀ ਅੱਜ ਸਾਡੇ ਲਈ ਫੁੱਲਝੜੀਆਂ ਲੈ ਕੇ ਆਊਗਾ?” ਜਗਸੀਰ ਦੇ ਏਨਾ ਕਹਿਣ ਨਾਲ ਹੀ ਚੰਦ ਕੌਰ ਨੂੰ ਜਵਾਕਾਂ ਦੀ ਹਾਜ਼ਰੀ ਪਕਾਉਣ ਦਾ ਖਿਆਲ ਆਇਆ।
“ਹਾਂ ਪੁੱਤ, ਤੇਰਾ ਪਿਉ ਵੀ ਤੈਨੂੰ ਲਿਆ ਦੂਗਾ।” ਆਖਦੀ ਚੰਦ ਕੌਰ ਨੇ ਲੰਮਾ ਹਉਕਾ ਭਰਿਆ ਤੇ ਸੋਚਣ ਲੱਗੀ, ‘ਜਦ ਜਗਸੀਰ ਵੀ ਗੇਲੋ, ਕਰਨੈਲ ਤੇ ਪ੍ਰੀਤੋ ਵਾਂਗ ਸਿਆਣਾ ਹੋ ਜਾਊਗਾ ਤਾਂ ਆਪੇ ਸਾਡੀ ਘਰ ਦੀ ਹਾਲਤ ਸਮਝ ਜਾਵੇਗਾ।’
ਹਲ ਵਾਹੁੰਦੇ ਨਾਹਰੂ ਨੂੰ ਜਦੋਂ ਚੰਦ ਕੌਰ ਦੀ ਸਵੇਰ ਵਾਲੀ ਆਟੇ ਵਾਲੀ ਗੱਲ ਯਾਦ ਆਈ ਤਾਂ ਉਹਨੇ ਹਲ ਛੱਡ ਦਿੱਤਾ ਤੇ ਨਾਲ ਲਗਦੀ ‘ਗੁਲਜ਼ਾਰੀ ਕੇ ਝਾਨੀ’ ਦੀ ਚੱਲ ਰਹੀ ਮੋਟਰ ‘ਤੇ ਮੂੰਹ ਹੱਥ ਧੋ ਕੇ ਚੱਕਵੇਂ ਪੈਰੀਂ ਨਾਹਰੂ ਹਵੇਲੀ ਵੱਲ ਤੁਰ ਪਿਆ।
“ਬੇ ਆ ਨਾਹਰੂ! ਤੂੰ ਸਾਜਰੇ ਹੀ ਤੁਰਿਆ ਆਉਂਦੈਂ?” ਦੀਵਿਆਂ ਵਿਚ ਤੇਲ ਪਾਉਂਦੀ ਜਗੀਰਦਾਰਨੀ ਨੇ ਆਪਣੇ ਵੱਲ ਆਉਂਦੇ ਨਾਹਰੂ ਨੂੰ ਆਖਿਆ।
“ਸਰਦਾਰਨੀ ਜੀ! ਅੱਜ ਦੀਵਾਲੀ ਆ।æææਆ ਸਹੁਰੀ ਦਾ ਜਵਾਕਾਂ ਦਾ ਚਾਅ ਵੀ ਪੂਰਾ ਕਰਨਾ ਪੈਂਦੈ। ਹੁਣ ਸ਼ਹਿਰ ਜਾਣ ਦਾ ਤਾਂ ਟਾਇਮ ਨਹੀਂ ਰਿਹਾæææਆ ਵਿਹੜੇ ਵਾਲੀ ਛੋਟੂ ਹੋਰਾਂ ਦੀ ਹੱਟੀ ਤੋਂ ਜਗਸੀਰ ਨੂੰ ਦੋ ਚਾਰ ਰੁਪਏ ਦੇ ਭੂੰਡ ਪਟਾਕੇ ਜਿਹੇ ਲੈ ਦਊਂ। ਸਰਦਾਰਨੀ ਜੀ! ਅੱਜ ਇਕ ਤਾਂ ਆਟਾ ਨਹੀਂ ਘਰ, ਦੂਜਾ ਪੈਸਿਆਂ ਦੀ ਵੀ ਲੋੜ ਐ।”
“ਬੇ ਨਾਹਰ ਸਿੰਆਂ, ਆਟੇ ਦਾ ਤਾਂ ਮੈਂ ਇਹ ਤੇਰਾ ਪੀਪਾ ਭਰ ਦਿੰਨੀ ਆਂ ਪਰ ਪੈਸਿਆਂ ਲਈ ਤੈਨੂੰ ਗਿੱਲਾਂ ਕੀ ਮੋਟਰ ‘ਤੇ ਜਾਣਾ ਪਊ। ਤੇਰੇ ਸਰਦਾਰ ਜੀ ਨੂੰ ਸਵੇਰੇ ਰੁਪਈਏ ਦਿੰਦੀ ਤੋਂ ਮੈਥੋਂ ਪੇਟੀ ਦੀ ਚਾਬੀ ਵੀ ਭੁਲੇਖੇ ਨਾਲ ਫੜਾਈ ਗਈ। ਸੁਣਿਆ ਗਿੱਲਾਂ ਕੀ ਮੋਟਰ ‘ਤੇ ਬੱਕਰਾ ਰਿੰਨ੍ਹੀ ਬੈਠੇ ਆ ਤੇ ਸਵੇਰ ਦੇ ਸ਼ਰਾਬ ਪੀਈ ਜਾਂਦੇ ਨੇ। ਆ ਜੈ ਖਾਣਿਆਂ ਦਾ ਤਖ਼ਾਣਾਂ ਦਾ ਨਿੰਦੀ ਜਦੋਂ ਦਾ ਦੁਬਈ ਜਿਹੀ ਤੋਂ ਗੇੜਾ ਲਾ ਕੇ ਆਇਆ, ਇਸ ਨੇ ਸਾਰਿਆਂ ਨੂੰ ਦਿਨੇ ਹੀ ਪੀਣ ਲਾ ਛੱਡਿਐ। ਪਰਸੋਂ ਤੇਰੇ ਸਰਦਾਰ ਸਾਹਿਬ ਦਿਨ ਦੇ ਗਿਆਰਾਂ ਵਜੇ ਹੀ ਪੈਗ ਚੜ੍ਹਾਈ ਫਿਰਨ। ਮੈਂ ਕਿਹਾ, ਸ਼ਰਮ ਕਰਿਆ ਕਰੋ, ਨਿਆਣੇ ਵੱਡੇ ਹੋ ਰਹੇ ਆæææਅੱਗਿਓਂ ਬੋਲੇ, ‘ਅੱਜ ਅਸੀਂ ਵੀ ਸ਼ਿਵ ਬਟਾਲਵੀ ਬਣ ਕੇ ਦੇਖ ਲਈਏ।”
“ਠੀਕ ਐ ਸਰਦਾਰਨੀ ਜੀ, ਮੈਂ ਭੱਜ ਕੇ ਪੇਟੀ ਦੀ ਚਾਬੀ ਫੜ ਲਿਆਵਾਂ।” ਕਹਿੰਦਾ ਨਾਹਰੂ ਕਾਹਲੇ ਕਦਮੀਂ ਮੋਟਰ ਵੱਲ ਤੁਰ ਪਿਆ। ਮੋਟਰ ਵੱਲ ਵਧਿਆ ਤਾਂ ਸ਼ਰਾਬ ਦੇ ਰੱਜਿਆਂ ਦੀਆਂ ਗੱਲਾਂ ਉਸ ਨੂੰ ਸਾਫ਼ ਸੁਣਨ ਲੱਗੀਆਂ, “ਉਏ ਨਿੰਦੀ ਸਾਲਿਆ, ਤੂੰ ਐਵੇਂ ਫੋਕੀਆਂ ਬੜ੍ਹਕਾਂ ਨਾ ਮਾਰਿਆ ਕਰ। ਮੈਂ ਜਾਣਦਾਂ ਤੈਨੂੰ ਵੱਡੇ ਬਦਮਾਸ਼ ਨੂੰ, ਪਿਛਲੀ ਵਾਰ ਜਗਰਾਵਾਂ ਵਾਲੀ ਰੌਸ਼ਨੀ ਦੇ ਮੇਲੇ ‘ਤੇ ਚੂਹੜ ਚੱਕ ਵਾਲੇ ਜਗਜੀਤ ਨੇ ਜਦੋਂ ਤੈਨੂੰ ਗਾਲ ਕੱਢੀ ਸੀ ਤਾਂ ਤੂੰ ਦੜ ਵੱਟ ਗਿਆ ਸੀ। ਫੇਰੇ ਦੇਣੀ ਦਿਆ, ਜੇ ਮੈਂ ਉਹਦੀ ਗਾਲ ਦੇ ਬਦਲੇ ਗਾਲ ਵਿਚ ਜਵਾਬ ਨਾ ਦਿੰਦਾ ਤਾਂ ਤੂੰ ਤਾਂ ਮੇਰੀ ਵੀ ਇੱਜ਼ਤ ਮਿੱਟੀ ਵਿਚ ਰੋਲ ਦੇਣੀ ਸੀ।” ਮੀਟ ਦੀ ਤਰੀ ਵਾਲੀ ਕੌਲੀ ਮੂੰਹ ਤੋਂ ਹਟਾਉਂਦੇ ਸ਼ਰਾਬ ਦੇ ਰੱਜੇ ਹੋਏ ਜਗੀਰਦਾਰ ਨੇ ਨਿੰਦੀ ਨੂੰ ਮਿਹਣਾ ਮਾਰਿਆ।
“ਲੈ ਸੁਣ ਲੈ ਜਗੀਰਦਾਰਾ! ਮੈਨੂੰ ਤੇਰੀ ਇਸ ਯਾਰੀ ਦੀ ਕਸਮ। ਜੇ ਆਉਂਦੇ ਛਪਾਰ ਵਾਲੇ ਮੇਲੇ ਵਿਚ ਜਗਜੀਤ ਮੈਨੂੰ ਮਿਲ ਗਿਆ ਤਾਂ ਮੈਂ ਵੀ ਤਖਾਣ ਦਾ ਪੁੱਤ ਨਹੀਂ ਜੇ ਜੱਟ ਦੇ ਡੱਕਰੇ ਨਾ ਕਰ ਦਿੱਤੇ ਤਾਂ।” ਨਿੰਦੀ ਜਗੀਰਦਾਰ ਦੇ ਮਾਰੇ ਮਿਹਣੇ ਨੂੰ ਸੁਣ ਤਾਅ ਖਾ ਗਿਆ ਸੀ।
“ਉਏ ਬੈਠ ਜਾ ਉਏ ਬੈਠ ਜਾ! ਨਿੰਦਰ ਸਿੰਹਾਂ, ਐਵੇਂ ਹਵਾ ਵਿਚ ਤਲਵਾਰਾਂ ਨਾ ਮਾਰੀ ਜਾ।” ਸ਼ਰਾਬ ਦੇ ਨਸ਼ੇ ਵਿਚ ਧੁੱਤ ਹਰਭਜਨ ਨੇ ਮੀਟ ਦੀ ਤਰੀ ਨਾਲ ਲਿਬੜੀਆਂ ਉਂਗਲੀਆਂ ਨਾਲ ਖੜ੍ਹੇ ਨਿੰਦੀ ਦੇ ਝੱਗੇ ਨੂੰ ਖਿੱਚ ਕੇ ਉਸ ਨੂੰ ਬਿਠਾਉਂਦੇ ਨੇ ਆਖਿਆ।
“ਨਿੰਦੀ ਹਰਭਜਨ ਚਾਚੇ ਨੇ ਜੋ ਕਿਹਾ ਸੋਲਾਂ ਆਨੇ ਸੱਚ ਕਿਹੈ। ਮੈਂ ਚਾਚੇ ਨਾਲ ਪੂਰਾ ਸਹਿਮਤ ਹਾਂ। ਦਿਖਾਵੇ ਨੂੰ ਤਾਂ ਤੂੰ ਇਹ ਦਿਨ ਰਾਤ ਡੰਡਾ ਜਿਹਾ ਮੋਢੇ ਵਿਚ ਪਾਈ ਫਿਰਦਾ ਰਹਿੰਦਾ ਏਂ ਪਰ ਲੋੜ ਪੈਣ ‘ਤੇ ਘੋੜਾ ਨੱਪਣ ਤੋਂ ਘਬਰਾ ਜਾਂਦਾ ਏਂ।” ਗਲਾਸ ਵਾਲੀ ਸ਼ਰਾਬ ਦੀ ਆਖਰੀ ਘੁੱਟ ਭਰਦੇ ਨਿਰਮਲ ਨੇ ਭਖੇ ਹੋਏ ਨਿੰਦੀ ਨੂੰ ਹੋਰ ਭੜਕਾ ਦਿੱਤਾ।
“ਤੂੰ ਬੈਠਾ ਰਹਿ ਉਏ ਨਿਰਮਲਾ। ਤੈਨੂੰ ਵੀ ਮੈਂ ਜਾਣਦਾਂ ਵੱਡੇ ਬਦਮਾਸ਼ ਨੂੰ, ਨਾ ਤੂੰ ਭੁੱਲ ਗਿਐਂ? ਪਿਛਲੀ ਲੋਹੜੀ ‘ਤੇ ਭੱਮੀਪੁਰੀਏ ਸੁਨਿਆਰਿਆਂ ਕਾ ਇੰਦਰਜੀਤ ਤੇਰੇ ਯਾਰ ਕੁੱਕੂ ਦੇ ਹਾਕੀ ਮਾਰ ਗਿਆ ਸੀ ਤੇ ਤੂੰ ਕੀ ਫੰਨੂ ਖੋਹ ਲਿਆ ਸੀ?” ਨਿੰਦੀ ਨੇ ਜਗੀਰਦਾਰ ਤੇ ਹਰਭਜਨ ਦਾ ਸਾਰਾ ਗੁੱਸਾ ਕੋਲ ਬੈਠੇ ਨਿਰਮਲ ਉਤੇ ਉਤਾਰ ਦਿੱਤਾ। ਜਗੀਰਦਾਰ ਤੇ ਉਸ ਦੀ ਢਾਣੀ ਸ਼ਰਾਬ ਜ਼ਿਆਦਾ ਚੜ੍ਹਨ ਕਾਰਨ ਆਪਸ ਵਿਚ ਮਿਹਣਿਆਂ ‘ਤੇ ਉਤਰ ਆਈ। ਗਰੀਬ ਨਾਹਰੂ ਮੱਕੀ ਦੇ ਟਾਂਡਿਆਂ ਵਿਚ ਦੂਰ ਲੁਕਿਆ ਖੜ੍ਹਾ ਸੋਚਣ ਲੱਗਾ ਕਿ ਇਹੋ ਜਿਹੀ ਕੁੱਕੜਾਂ ਵਰਗੀ ਲੜਾਈ ਵਿਚ ਜਾਣਾ ਠੀਕ ਹੈ ਕਿ ਨਹੀਂ? ਦੋ ਪਲ ਲਈ ਉਹ ਅੱਗੇ ਵਧਣ ਤੋਂ ਡਰ ਗਿਆ ਤੇ ਉਹ ਉਨ੍ਹੀਂ ਪੈਰੀਂ ਵਾਪਸ ਮੁੜਨ ਲੱਗਾ। ਮੁੜਨ ਲੱਗਿਆਂ ਅਚਾਨਕ ਨਾਹਰੂ ਦੇ ਪੈਰ ਹੇਠਾਂ ਟਾਂਡਾ ਆਉਣ ਨਾਲ ਖੜਾਕ ਹੋ ਗਿਆ। “ਕਿਹੜਾ ਉਏ?” ਸੂਬੇਦਾਰ ਚੰਨਣ ਸਿੰਘ ਗਿੱਲ ਨੇ ਸ਼ਰਾਬ ਦੇ ਨਸ਼ੇ ਵਿਚ ਪੂਰਾ ਜ਼ੋਰ ਲਾਉਂਦੇ ਨੇ ਲਲਕਾਰਾ ਮਾਰਦੇ ਪੁੱਛਿਆ।
ਅਮੀਰ ਲਲਕਾਰੇ ਨੇ ਗਰੀਬ ਨਾਹਰੂ ਦੀ ਤਾਂ ਜਾਨ ਹੀ ਕੱਢ ਦਿੱਤੀ। ਡਰਿਆ ਹੋਇਆ ਹੁਣ ਉਹ ਹੋਰ ਵੀ ਤੇਜ਼ੀ ਨਾਲ ਪਿੱਛੇ ਵੱਲ ਦੌੜਨ ਲੱਗਾ। ਡਰੇ ਹੋਏ ਨਾਹਰੂ ਦੇ ਭੱਜੇ ਜਾਂਦੇ ਦੀ ਅਵਾਜ਼ ਹੁਣ ਸਾਰਿਆਂ ਨੂੰ ਸਾਫ਼ ਸੁਣਨ ਲੱਗੀ।
“ਗੱਲ ਸੁਣੋ! ਸਾਰੇ ਜਣੇ ਆਪਣੇ ਆਪਣੇ ਬਚਾਅ ਲਈ ਜ਼ਮੀਨ ‘ਤੇ ਲੰਮੇ ਪੈ ਜਾਓ, ਮੱਕੀ ਵਿਚ ਜ਼ਰੂਰ ਕੋਈ ਹੈ, ਕਿਧਰੇ ਗਹੌਰ ਵਾਲੇ ਆਪਣੇ ਦੁਸ਼ਮਣ ਜੀਤੂ ਹੋਰੀਂ ਤਾਂ ਨਹੀਂ?” ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋਣ ਦੇ ਬਾਵਜੂਦ ਜਗੀਰਦਾਰ ਨੇ ਸਿਆਣੀ ਸਲਾਹ ਦਿੱਤੀ।
“ਉਏ ਮੇਰੇ ਹੁੰਦੇ ਤੁਹਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਮੈਂ ਦੇਖ ਲੈਂਨਾਂ ਅੱਜ ਇਨ੍ਹਾਂ ਗਹੌਰ ਵਾਲਿਆਂ ਨੂੰ ਵੀ।” ਕਹਿੰਦੇ ਨਿੰਦੀ ਨੇ ਆਪਣੀ ਦੁਨਾਲੀ ਤਾਣਦੇ ਨੇ ਮੱਕੀ ਦੇ ਖੇਤ ਵਿਚੋਂ ਆਈ ਉਸ ਅਵਾਜ਼ ਵੱਲ ਲਗਾਤਾਰ ਦੋ ਫਾਇਰ ਮਾਰੇ ਜਿਸ ਦੇ ਨਾਲ ਹੀ ਕਿਸੇ ਦੀ “ਹਾਏ ਉਏ” ਚੀਕਣ ਦੀ ਅਵਾਜ਼ ਆਈ। ਅਵਾਜ਼ ਸੁਣਦੇ ਸਾਰ ਹੀ ਉਹ ਸਾਰੇ ਸ਼ਰਾਬੀ ਅਵਾਜ਼ ਵਾਲੇ ਪਾਸੇ ਦੌੜੇ। ਜਦੋਂ ਜਗੀਰਦਾਰ ਉਸ ਕੋਲ ਪਹੁੰਚਿਆ ਤਾਂ ਉਸ ਦੀ ਖੁਦ ਦੀ ਲੇਰ ਨਿਕਲ ਗਈ, “ਉਏ ਨਾਹਰੂ ਤੂੰ? ਉਏ ਨਿੰਦੀ ਸਹੁਰੀ ਦਿਆ, ਇਹ ਤੂੰ ਕੀ ਕਹਿਰ ਕਮਾਇਆ? ਗਰੀਬ ਫੜਕਾ ਦਿੱਤਾ।”
ਗਰੀਬੀ ਨਾਲ ਰਾਤ ਦਿਨ ਲੜਨ ਵਾਲੇ ਹੱਡੀਆਂ ਦੀ ਮੁੱਠ ਨਾਹਰੂ ਨੇ ਅਮੀਰ ਪਾਣੀ ਦੀ ਘੁੱਟ ਭਰਨ ਤੋਂ ਪਹਿਲਾਂ ਹੀ ਪਾਣੀ ਨਾਲੋਂ ਰਿਸ਼ਤਾ ਤੋੜ ਲਿਆ। ਹਫੜਾ-ਦਫੜੀ ਵਿਚ ‘ਇਹ ਮੈਥੋਂ ਕੀ ਹੋ ਗਿਆ?’ ਕਹਿੰਦਾ ਨਿੰਦੀ ਜਗੀਰਦਾਰ ਤੋਂ ਡਰਦਾ ਮਿੰਟਾਂ-ਸਕਿੰਟਾਂ ਵਿਚ ਹੀ ਲੋਪ ਹੋ ਗਿਆ। ਨਿਰਮਲ, ਹਰਭਜਨ ਤੇ ਚੰਨਣ ਸਿੰਘ ਨੇ ਰਲ ਕੇ ਜਗੀਰਦਾਰ ਨਾਲ ਨਾਹਰੂ ਦੀ ਲਾਸ਼ ਜੀਪ ਵਿਚ ਰਖਵਾਈ ਅਤੇ ਉਹ ਪਿੰਡ ਦੇ ਵਿਹੜੇ ਵੱਲ ਹੋ ਤੁਰੇ।
ਜਿਉਂ ਹੀ ਜੀਪ ਵਿਹੜੇ ਦੀ ਫਿਰਨੀ ਉਪਰ ਆ ਕੇ ਰੁਕੀ ਤਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਨਾਹਰੂ ਦੀ ਲਾਸ਼ ਘਰ ਦੇ ਵਿਹੜੇ ਵਿਚ ਰੱਖਣ ਦੀ ਦੇਰ ਹੀ ਸੀ ਕਿ ਚੰਦ ਕੌਰ ਦੀਆਂ ਧੀਆਂ ਆਪਣੇ ਪਿਉ ਦੀ ਲਾਸ਼ ਉਪਰ ਡਿੱਗ ਕੇ ਭੁੱਬਾਂ ਮਾਰਨ ਲੱਗ ਪਈਆਂ। ਚੰਦ ਕੌਰ ਪੱਥਰ ਦੀ ਮੂਰਤ ਬਣ ਸਭ ਕੁਝ ਦੇਖ ਰਹੀ ਸੀ। ਨਾਹਰੂ ਦਾ ਸਭ ਤੋਂ ਨਿੱਕਾ ਤੇ ਪਿਆਰਾ ਮੁੰਡਾ ਜਗਸੀਰ ਜੋ ਆਪਣੇ ਬਾਪੂ ਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ, ਚਾਰੇ ਪਾਸੇ ਲੋਕਾਂ ਦੀ ਭੀੜ ਤੇ ਰੋਂਦੀਆਂ ਭੈਣਾਂ ਨੂੰ ਦੇਖ ਡਰ ਨਾਲ ਕੰਬਦਾ ਡੌਰ ਭੌਰ ਹੋਇਆ ਪਿਆ ਸੀ। ਜਗਸੀਰ ਆਪਣੇ ਨਿੱਕੇ ਜਿਹੇ ਦਿਮਾਗ ‘ਤੇ ਜ਼ੋਰ ਪਾ ਕੇ ‘ਕੀ ਹੋਇਆ ਹੈ?’ ਜਾਣਨਾ ਚਾਹੁੰਦਾ ਸੀ ਪਰ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਹੀ ਸੀ। ਕਦੇ ਉਹ ਆਪਣੇ ਬਾਪੂ ਉਪਰ ਢੇਰੀ ਹੋਈਆਂ ਭੁੱਬਾਂ ਮਾਰ ਮਾਰ ਰੋ ਰਹੀਆਂ ਆਪਣੀਆਂ ਭੈਣਾਂ ਵੱਲ ਦੇਖ ਲੈਂਦਾ ਤੇ ਕਦੇ ਸਾਹਮਣੇ ਪੱਥਰ ਦੀ ਮੂਰਤ ਬਣੀ ਖੜ੍ਹੀ ਆਪਣੀ ਮਾਂ ਚੰਦ ਕੌਰ ਵੱਲ ਦੇਖਣ ਲੱਗ ਪੈਂਦਾ।
ਅਜੇ ਉਹ ਸੋਚ ਹੀ ਰਿਹਾ ਸੀ ਕਿ ਉਸ ਦਾ ਜਮਾਤੀ ਰਣੀਏ ਵਾਲਾ ਬਿੰਦਰ ਉਸ ਕੋਲ ਆ ਕੇ ਉਸ ਨੂੰ ਕਹਿਣ ਲੱਗਾ, “ਜਗਸੀਰ ਤੇਰੇ ਬਾਪੂ ਨੂੰ ਨਾ ਤਖਾਣਾਂ ਕੇ ਨਿੰਦੀ ਨੇ ਬੰਦੂਕ ਵਾਲਾ ਅਸਲੀ ਪਟਾਕਾ ਚਲਾ ਕੇ ਮਾਰਿਐ।” ਬਿੰਦਰ ਦੀ ਆਖੀ ਗੱਲ ਸੁਣਦੇ ਸਾਰ ਜਗਸੀਰ ਫੁੱਟ ਕੇ ਰੋਂਦਿਆਂ ਕਹਿਣ ਲੱਗਾ, “ਬਾਪੂ ਨੂੰ ਮੰਜੇ ਉਪਰ ਚਿੱਟੇ ਕੱਪੜੇ ਨਾਲ ਢੱਕ ਕੇ ਲੰਮਾ ਕਿਉਂ ਪਾਇਆ ਹੋਇਐ?”
ਚੰਦ ਕੌਰ ਨੂੰ ਚੁੱਪ ਕਰਵਾਉਂਦੀ ਜਗੀਰਦਾਰਨੀ ਬਲਦੀਸ਼ ਕੌਰ ਨੇ ਉਸ ਨੂੰ ਆਪਣੀ ਹਿੱਕ ਨਾਲ ਲਾ ਲਿਆ। ਪਿੰਡ ਤੇ ਵਿਹੜੇ ਦੀਆਂ ਸਿਆਣੀਆਂ ਔਰਤਾਂ ਨੇ ਅੱਜ ਪਿੰਡ ਤੇ ਵਿਹੜੇ ਵਾਲੀ ਦੂਰੀ ਮਿਟਾ ਕੇ ਚੰਦ ਕੌਰ ਦੀਆਂ ਕੁੜੀਆਂ ਨੂੰ ਪਿਉ ਦੀ ਲਾਸ਼ ਉਪਰੋਂ ਖਿੱਚਦੀਆਂ ਨੇ ਕਲਾਵਿਆਂ ਵਿਚ ਲੈ ਲਿਆ। ਜਦੋਂ ਨਾਹਰੂ ਦੀ ਲਾਸ਼ ਨੂੰ ਦਾਗ਼ ਦੇਣ ਲਈ ਸਿਵਿਆਂ ਵੱਲ ਲਿਜਾਣ ਲਈ ਚੁੱਕਣ ਲੱਗੇ ਤਾਂ ਚੰਦ ਕੌਰ ਫਿਰ ਭੁੱਬਾਂ ਮਾਰ-ਮਾਰ ਰੋਣ ਲਗੀ ਤੇ ਜਗੀਰਦਾਰਨੀ ਦੀਆਂ ਬਾਹਾਂ ਵਿਚੋਂ ਨਿਕਲ ਕੇ ਆਪਣੇ ਪਤੀ ਨੂੰ ਚਿੰਬੜ ਗਈ। ਪਿੰਡ ਦੀਆਂ ਤਿੰਨ ਚਾਰ ਔਰਤਾਂ ਨੇ ਉਸ ਨੂੰ ਧੂਹ ਕੇ ਨਾਹਰੂ ਦੀ ਲਾਸ਼ ਤੋਂ ਪਰ੍ਹੇ ਕੀਤਾ। ਇਕ ਸਿਆਣੀ ਔਰਤ ਬੋਲੀ, “ਚੰਦ ਕੁਰੇ ਐਵੇਂ ਕਾਹਨੂੰ ਫੜੀ ਬੈਠੀ ਏਂ ਇਸ ਮਿੱਟੀ ਦੀ ਪੰਡ ਨੂੰ। ਹੁਣ ਇਹਨੇ ਮੁੜ ਨਹੀਂ ਬੋਲਣਾ, ਹੁਣ ਤਾਂ ਇਹ ਮਿੱਟੀ ਐ।”
ਇੰਨੇ ਨੂੰ ਨਾਹਰੂ ਦੇ ਨਿੱਕੇ ਮੁੰਡੇ ਜਗਸੀਰ ਨੇ ਭੱਜ ਕੇ ਨਾਹਰੂ ਦੇ ਪੈਰ ਫੜ ਲਏ ਤੇ ਕਹਿਣ ਲੱਗਾ, “ਬਾਪੂ, ਤੂੰ ਅੱਜ ਦੀਵਾਲੀ ਵਾਲੀ ਸ਼ਾਮ ਸਾਨੂੰ ਸਾਰਿਆਂ ਨੂੰ ਕੀਹਦੇ ਆਸਰੇ ਛੱਡ ਆਪ ਇਕੱਲਾ ਕਿਧਰ ਜਾਣ ਲੱਗਿਆ ਏਂ? ਨਾਲੇ ਮੈਂ ਤੈਨੂੰ ਭੂੰਡ ਪਟਾਕਿਆਂ ਬਾਰੇ ਸਤਾਉਂਦਾ ਸੀ ਨਾæææਮੈਨੂੰ ਨਹੀਂ ਚਾਹੀਦੇ ਭੂੰਡ ਪਟਾਕੇæææਮੈਨੂੰ ਤਾਂ ਮੇਰਾ ਬਾਪੂ ਚਾਹੀਦੈ।” ਆਪਣੇ ਪਿਉ ਦੇ ਪੈਰ ਫੜੀ ਵਿਲਕਦੇ ਜਗਸੀਰ ਨੂੰ ਦੇਖ ਚੰਦ ਕੌਰ ਭੱਜ ਕੇ ਮੁੰਡੇ ਨੂੰ ਗਲ ਨਾਲ ਲਾਉਂਦੀ ਬੋਲੀ, “ਜਗਸੀਰ ਪੁੱਤ! ਤੂੰ ਰੋ ਨਾ, ਤੇਰਾ ਬਾਪੂ ਸਾਡੇ ਨਾਲ ਹਮੇਸ਼ਾ ਹਮੇਸ਼ਾ ਲਈ ਰੁੱਸ ਕੇ ਗਿਐ, ਆ ਪੁੱਤ ਮੈਂ ਤੇਰੀ ਮਾਂ ਹਾਂ, ਮੈਂ ਤੈਨੂੰ ਕਦੇ ਵੀ ਇਕੱਲੇ ਨੂੰ ਛੱਡ ਕੇ ਨਹੀਂ ਜਾਂਦੀ। ਪੁੱਤ ਤੇਰੇ ਬਾਪੂ ਦੀ ਸਾਡੇ ਨਾਲ ਐਨੀ ਹੀ ਸਾਂਝ ਸੀ।”
ਲੋਕ ਨਾਹਰੂ ਦੀ ਲਾਸ਼ ਦੇ ਪਿੱਛੇ ਪਿੱਛੇ ਸਿਵਿਆਂ ਵਿਚ ਪਹੁੰਚ ਗਏ। ਨਾਹਰੂ ਦੇ ਘਰੇ ਲੋਕਾਂ ਦੀ ਭੀੜ ਘਟ ਗਈ। ਪਿੰਡ ਦੇ ਇਕ-ਦੋ ਬੰਦਿਆਂ ਨੂੰ ਛੱਡ, ਨਾਹਰੂ ਦੀ ਲਾਸ਼ ਨੂੰ ਲਾਂਬੂ ਲਾ ਕੇ ਸਾਰੇ ਵਾਪਸ ਆਪੋ-ਆਪਣੇ ਘਰਾਂ ਨੂੰ ਪਰਤ ਗਏ।
ਚੰਦ ਕੌਰ ਇਕੱਲੀ ਘਰ ਦੇ ਵਿਹੜੇ ਵਿਚ ਖੜ੍ਹੀ ਅਜੇ ਵੀ ਆਪਣੇ ਨਾਹਰੂ ਤੇ ਆਟੇ ਦਾ ਇੰਤਜ਼ਾਰ ਕਰ ਰਹੀ ਸੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਦੂਰ ਹਨੇਰੇ ਵਿਚ ਉਸ ਦਾ ਨਾਹਰੂ ਆਟੇ ਦਾ ਭਰਿਆ ਪੀਪਾ ਸਿਰ ‘ਤੇ ਚੁੱਕੀ ਉਸ ਵੱਲ ਤੁਰਿਆ ਆ ਰਿਹਾ ਹੈ। ਪਰ ਕਿੱਥੇæææਰੂਹਾਂ ਵੀ ਕਦੇ ਮੁੜੀਆਂ?

Be the first to comment

Leave a Reply

Your email address will not be published.