ਗੁਰਦੁਆਰਾ ਗੁਰਜੋਤਿ ਪ੍ਰਕਾਸ਼ ਨੂੰ ਅੱਗ, ਪ੍ਰਾਪਰਟੀ ਸੀਲ

ਸ਼ਿਕਾਗੋ (ਬਿਊਰੋ): ਸਥਾਨਕ ਗੁਰਦੁਆਰਾ ਗੁਰਜੋਤਿ ਪ੍ਰਕਾਸ਼, ਆਈਲੈਂਡ ਲੇਕ ਨੂੰ ਲੰਘੀ 11 ਨਵੰਬਰ ਨੂੰ ਅਚਾਨਕ ਲੱਗੀ ਅੱਗ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਬਹੁਤਾ ਹਿੱਸਾ ਤਬਾਹ ਹੋ ਗਿਆ। ਅੱਗ ਸ਼ਾਮੀ ਕਰੀਬ 8 ਵਜੇ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਉਂਜ ਵਖ ਵਖ ਸੁਰੱਖਿਆ ਏਜੰਸੀਆਂ ਵਲੋਂ ਵਖ ਵਖ ਨੁਕਤਿਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰ ਸੂਤਰਾਂ ਅਨੁਸਾਰ ਅਧਿਕਾਰੀਆਂ ਨੇ ਮੌਕੇ ਦੀ ਜਾਂਚ ਮੁਕੰਮਲ ਕਰ ਲਈ ਹੈ। ਗੁਰਦੁਆਰਾ ਓਕ ਕਰੀਕ ਵਿਚ ਵਾਪਰੀ ਮੰਦਭਾਗੀ ਘਟਨਾ ਦੀ ਰੋਸ਼ਨੀ ਵਿਚ ਨਸਲੀ ਹਿੰਸਾ ਦੀ ਸੰਭਾਵਨਾ ਦੇ ਡਰ ਕਰਕੇ ਸਥਾਨਕ ਟੀ ਵੀ ਮੀਡੀਏ ਵਲੋਂ ਇਸ ਵਾਰਦਾਤ ਨੂੰ ਵਡੇ ਪੱਧਰ ਉਤੇ ਨਸ਼ਰ ਕੀਤਾ ਗਿਆ।
ਇਸ ਘਟਨਾ ਸਮੇਂ ਗੁਰੂਘਰ ਦੀ ਇਮਾਰਤ ਦੇ ਅੰਦਰ ਕੋਈ ਵੀ ਨਹੀਂ ਸੀ। ਗੁਰਦੁਆਰੇ ਦੇ ਮੁਖੀ ਬਾਬਾ ਦਲਜੀਤ ਸਿੰਘ ਵੀ ਗੁਰੂ ਮਹਾਰਾਜ ਦਾ ਸੁਖਆਸਨ ਕਰਨ ਪਿਛੋਂ ਕਿਤੇ ਗਏ ਹੋਏ ਸਨ। ਉਨ੍ਹਾਂ ਦਸਿਆ ਅੱਗ ਲੱਗਣ ਬਾਰੇ ਉਨ੍ਹਾਂ ਨੂੰ ਪਤਾ ਗੁਰਦੁਆਰੇ ਦੇ ਆਲੇ-ਦੁਆਲੇ ਦੀਆਂ ਸਭ ਸੜਕਾਂ ਬੰਦ ਹੋਣ ਕਾਰਨ ਪੁਲਿਸ ਪਾਸੋਂ ਲੱਗਿਆ। ਉਨ੍ਹਾਂ ਅਨੁਸਾਰ ਇਮਾਰਤ ਵਿਚ ਪਏ ਗੁਰੂ ਗੰ੍ਰਥ ਸਾਹਿਬ ਦੇ ਤਿੰਨੇ ਸਰੂਪ ਅਤੇ ਹੋਰ ਧਾਰਮਕ ਗੁਟਕੇ ਵਗੈਰਾ ਫਾਇਰ ਬ੍ਰਿਗੇਡ ਦੀ ਮਦਦ ਨਾਲ ਸੁਰੱਖਿਅਤ ਕੱਢ ਲਏ ਗਏ ਸਨ।
ਵੋਕਾਂਡਾ ਫਾਇਰ ਡਿਸਟ੍ਰਿਕਟ ਅਨੁਸਾਰ ਉਨ੍ਹਾਂ ਦੇ ਜਾਂਚ ਅਧਿਕਾਰੀ ਜਾਣਕਾਰੀ ਇਕੱਤਰ ਕਰਨ ਲਈ ਫੈਡਰਲ ਅਲਕੋਹਲ, ਟੋਬੈਕੋ, ਫਾਇਰ ਆਰਮਜ਼ ਐਂਡ ਐਕਸਪਲੋਸਿਵਜ਼ ਬਿਊਰੋ ਅਤੇ ਇਲੀਨਾਏ ਸਟੇਟ ਫਾਇਰ ਮਾਰਸ਼ਲ ਨਾਲ ਸਹਿਯੋਗ ਕਰਦੇ ਰਹਿਣਗੇ।
ਗੁਰਦੁਆਰੇ ਦੀ ਇੰਸ਼ੋਰੈਂਸ ਹੈ ਸੀ ਜਾਂ ਨਹੀਂ, ਇਸ ਬਾਰੇ ਸਹੀ ਪਤਾ ਨਹੀਂ ਲੱਗ ਸਕਿਆ। ਪੁਛੇ ਜਾਣ ‘ਤੇ ਬਾਬਾ ਦਲਜੀਤ ਸਿੰਘ ਨੇ ਕਿਹਾ ਕਿ ਪ੍ਰਾਪਰਟੀ ਹੋਰ ਵਿਅਕਤੀਆਂ ਦੇ ਨਾਂ ਹੈ, ਇਸ ਬਾਰੇ ਉਹ ਹੀ ਦੱਸ ਸਕਦੇ ਹਨ। ਕੁਝ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਾਪਰਟੀ ਦੀ ਇੰਸ਼ੋਰੈਂਸ ਰੱਦ ਹੋ ਚੁਕੀ ਸੀ।
ਇਸ ਗੁਰਦੁਆਰੇ ਦੀ ਸਥਾਪਨਾ ਗੁਰੂ ਨਾਨਕ ਸਿੱਖ ਮਿਸ਼ਨ ਦੇ ਪ੍ਰਬੰਧ ਹੇਠ 1990ਵਿਆਂ ਦੇ ਅਖੀਰ ਵਿਚ ਕੀਤੀ ਗਈ ਸੀ। ਉਸ ਤੋਂ ਪਹਿਲਾਂ ਇਸ ਥਾਂ ਚਰਚ ਹੁੰਦਾ ਸੀ। ਜ਼ਿਕਰਯੋਗ ਹੈ ਕਿ ਇਸ ਗੁਰੂ ਘਰ ਦੇ ਪ੍ਰਬੰਧ ਨੂੰ ਲੈ ਕੇ ਦੋ ਧਿਰਾਂ-ਬਾਬਾ ਦਲਜੀਤ ਸਿੰਘ ਅਤੇ ਜਗਦੀਸ਼ ਸਿੰਘ ਸੰਧੂ, ਕੁਲਵਿੰਦਰ ਸਿੰਘ ਸੰਧੂ, ਰਸ਼ਮਿੰਦਰ ਕੌਰ, ਮੱਖਣ ਸਿੰਘ ਕਲੇਰ ਅਤੇ ਹਰਜੀਤ ਸਿੰਘ ਗਿੱਲ ਵਿਚਾਲੇ ਪਿਛਲੇ ਚਾਰ-ਪੰਜ ਸਾਲ ਤੋਂ ਮੁਕੱਦਮੇਬਾਜ਼ੀ ਚਲ ਰਹੀ ਹੈ। ਗੁਰਦੁਆਰੇ ਦੀ ਰੀਅਲ ਐਸਟੇਟ ਪਿਛਲੇ ਸਮੇਂ ਅੰਦਰ ਕੁਝ ਵਿਅਕਤੀਆਂ ਕੋਲ ਗਹਿਣੇ ਪਈ ਦਸੀ ਜਾਂਦੀ ਹੈ। ਅਦਾਲਤ ਨੇ ਜਾਇਦਾਦ ਦੇ ਪ੍ਰਬੰਧ ਲਈ ਰਿਸੀਵਰ ਨਿਯੁਕਤ ਕੀਤਾ ਹੋਇਆ ਹੈ।
ਬੁਧਵਾਰ 12 ਨਵੰਬਰ ਨੂੰ ਗੁਰਦੁਆਰੇ ਦੇ ਮਾਮਲੇ ਬਾਰੇ ਮਕੈਨਰੀ ਸਰਕਟ ਕੋਰਟ ਵਿਚ ਤਾਰੀਖ ਸੀ। ਅਦਾਲਤ ਨੇ ਗੁਰਦੁਆਰੇ ਦੀ ਰੀਅਲ ਐਸਟੇਟ (ਜ਼ਮੀਨ-ਜਾਇਦਾਦ) 211 ਵੈਸਟ ਸਟੇਟ ਸਟਰੀਟ, ਆਈਲੈਂਡ ਲੇਕ, ਇਲੀਨਾਏ (ਗੁਰੂਘਰ ਦਾ ਰੈਸਟ ਹਾਊਸ ਜਿਥੇ ਬਾਬਾ ਦਲਜੀਤ ਸਿੰਘ ਦੀ ਰਿਹਾਇਸ਼ ਹੈ) ਅਤੇ 217 ਵੈਸਟ ਸਟੇਟ ਸਟਰੀਟ, ਆਈਲੈਂਡ ਲੇਕ, ਇਲੀਨਾਏ (ਗੁਰਦੁਆਰਾ ਸਾਹਿਬ ਦੀ ਇਮਾਰਤ ਵਾਲੀ ਥਾਂ) ਸੀਲ ਕਰਕੇ ਇਸ ਜਾਇਦਾਦ ਵਿਚ ਅਦਾਲਤ ਦੇ ਅਗਲੇ ਹੁਕਮਾਂ ਤਕ ਕਿਸੇ ਦੇ ਵੀ ਦਖਲ ਹੋਣ ‘ਤੇ ਰੋਕ ਲਾ ਦਿਤੀ ਹੈ। ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਜਿਸ ਕਿਸੇ ਕੋਲ ਵੀ ਇਸ ਜਾਇਦਾਦ ਅੰਦਰ ਦਾਖਲ ਹੋਣ ਜਾਂ ਇਸ ਤੋਂ ਬਾਹਰ ਜਾਣ ਲਈ ਲੋੜੀਂਦੀਆਂ ਚਾਬੀਆਂ ਤੇ ਹੋਰ ਯੰਤਰ ਵਗੈਰਾ ਹੋਣ, ਉਹ 13 ਨਵੰਬਰ 2014 ਦੀ ਸ਼ਾਮ 6 ਵਜੇ ਤਕ ਰਿਸੀਵਰ ਪਾਸ ਜਮਾਂ ਕਰਵਾ ਦੇਵੇ। ਪਤਾ ਲੱਗਾ ਹੈ ਕਿ ਬਾਬਾ ਦਲਜੀਤ ਸਿੰਘ ਜੋ ਗੁਰਦੁਆਰੇ ਦੇ ਨਾਲ ਲਗਦੇ ਘਰ (211 ਵੈਸਟ ਸਟੇਟ ਸਟਰੀਟ, ਆਈਲੈਂਡ ਲੇਕ, ਇਲੀਨਾਏ) ਰਹਿੰਦੇ ਸਨ, ਨੇ ਘਰ ਖਾਲੀ ਕਰ ਕੇ ਚਾਬੀਆਂ ਸੋਂਪ ਦਿਤੀਆਂ ਹਨ।
_____________________________________
‘ਗੁਰਦੁਆਰਾ ਨਿਲਾਮ ਕਰਾਉਣ’ ਬਾਰੇ ਮੁਕੱਦਮੇ ਦਾ ਗੰਭੀਰ ਨੋਟਿਸ
ਸ਼ਿਕਾਗੋ (ਬਿਊਰੋ): ਸਥਾਨਕ ਗੁਰਦੁਆਰਾ ਗੁਰਜੋਤਿ ਪ੍ਰਕਾਸ਼, ਆਈਲੈਂਡ ਲੇਕ ਨੂੰ ਲੈ ਕੇ ਚਲ ਰਹੀ ਮੁਕੱਦਮੇਬਾਜ਼ੀ ਦੇ ਸਿਲੇਸਿਲੇ ਵਿਚ ਇਕ ਧਿਰ-ਜਗਦੀਸ਼ ਸਿੰਘ ਸੰਧੂ, ਕੁਲਵਿੰਦਰ ਸਿੰਘ ਸੰਧੂ, ਰਸ਼ਮਿੰਦਰ ਕੌਰ, ਮੱਖਣ ਸਿੰਘ ਕਲੇਰ ਅਤੇ ਹਰਜੀਤ ਸਿੰਘ ਗਿੱਲ ਵਲੋਂ ਇਸ ਗੁਰਦੁਆਰੇ ਦੀ ਜਗ੍ਹਾ ਨਿਲਾਮ ਕਰਾਉਣ ਬਾਰੇ ਕੀਤੇ ਗਏ ਮੁਕੱਦਮੇ ਦਾ ਅਕਾਲ ਤਖਤ ਸਕੱਤਰੇਤ ਨੇ ਗੰਭੀਰ ਨੋਟਿਸ ਲਿਆ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਲੋਂ ਜਥੇਦਾਰ ਅਕਾਲ ਤਖਤ ਦੇ ਨਿਜੀ ਸਹਾਇਕ ਸ਼ ਜਸਵਿੰਦਰਪਾਲ ਸਿੰਘ ਦੇ ਦਸਤਖਤਾਂ ਹੇਠ 5 ਨਵੰਬਰ 2014 ਨੂੰ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ, “ਗੁਰਦੁਆਰਾ ਸਾਹਿਬ ਦੀ ਧਾਰਮਕ ਸਾਮਗਰੀ (ਸਮੇਤ ਸ੍ਰੀ ਗੁਰੂ ਗੰ੍ਰਥ ਸਾਹਿਬ, ਨਿਸ਼ਾਨ ਸਾਹਿਬ) ਜਨਤਕ ਤੌਰ ‘ਤੇ ਨਿਲਾਮ ਕਰਾਉਣ ਲਈ ਕੋਰਟ ਦੇ ਵਿਚ ਦਾਇਰ ਕੀਤੀ ਗਈ ਅਰਜੀ” ਦਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਨੂੰ ‘ਬਹੁਤ ਹੀ ਨਿੰਦਣਯੋਗ ਕਾਰਵਾਈ’ ਤੇ ‘ਮਾੜੀ ਸੋਚ’ ਕਰਾਰ ਦਿਤਾ ਹੈ।
ਪੱਤਰ ਵਿਚ ਹੋਰ ਕਿਹਾ ਗਿਆ ਹੈ, “ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਿੱਖਾਂ ਨੂੰ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਕਰਨ ਵਾਸਤੇ ਆਦੇਸ਼ ਦਿੰਦੇ ਹਨ ਪਰ ਕੁਝ ਲੋਕ ਆਪਣੇ ਨਿੱਜੀ ਸਵਾਰਥ ਲਈ ਗੁਰਮਤਿ ਪ੍ਰਚਾਰ ਦੇ ਕੇਂਦਰ ਵੀ ਬੰਦ ਕਰਵਾਉਣ ਲਈ ਕੋਰਟਾਂ ਦਾ ਸਹਾਰਾ ਲੈ ਰਹੇ ਹਨ, ਇਹ ਆਪਣੇ ਆਪ ਵਿਚ ਬੜੀ ਸ਼ਰਮਨਾਕ ਗੱਲ ਹੈ।”
ਜਾਰੀ ਕੀਤੇ ਗਏ ਪੱਤਰ ਵਿਚ ਲਿਖਿਆ ਗਿਆ ਹੈ ਕਿ ‘ਮਾਣਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ਹੋਏ ਆਦੇਸ਼ ਅਨੁਸਾਰ ਕੋਰਟ ਵਿਚ ਅਰਜੀ ਦਾਇਰ ਕਰਨ ਵਾਲੇ ਉਪਰੋਕਤ ਵਿਅਕਤੀਆਂ ਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਅਜਿਹੀਆਂ ਕਾਰਵਾਈਆਂ ਤੋਂ ਬਾਜ ਆਉਣ ਅਤੇ ਆਪਣਾ ਫਰਜ਼ ਸਮਝਦੇ ਹੋਏ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਯੋਗ ਉਪਰਾਲੇ ਕਰਨ। ਸੰਗਤਾਂ ਗੁਰਦੁਆਰਾ ਗੁਰਜੋਤਿ ਪ੍ਰਕਾਸ਼ ਨੂੰ ਆਬਾਦ ਰਖਣ ਲਈ ਹਰ ਸੰਭਵ ਸਹਿਯੋਗ ਦੇਣ।’
ਜ਼ਿਕਰਯੋਗ ਹੈ ਕਿ ਉਪਰੋਕਤ ਵਿਅਕਤੀਆਂ ਨੇ ਕੁਝ ਸਾਲ ਪਹਿਲਾਂ ਇਕਪਾਸੜ ਤੌਰ ‘ਤੇ ਆਪਣੇ ਆਪ ਨੂੰ ਗੁਰਦੁਆਰਾ ਗੁਰਜੋਤਿ ਪ੍ਰਕਾਸ਼ ਦੀ ਪ੍ਰਬੰਧਕ ਕਮੇਟੀ ਗੁਰੂ ਨਾਨਕ ਸਿੱਖ ਮਿਸ਼ਨ ਦੇ ਡਾਇਰੈਕਟਰ ਐਲਾਨ ਕਰ ਦਿਤਾ ਸੀ। ਉਦੋਂ ਤੋਂ ਹੀ ਇਸ ਧਿਰ ਅਤੇ ਬਾਬਾ ਦਲਜੀਤ ਸਿੰਘ ਵਿਚਾਲੇ ਮੁਕੱਦਮੇਬਾਜ਼ੀ ਚਲ ਰਹੀ ਹੈ। ਉਂਜ ਅਦਾਲਤ ਨੇ ਬਾਅਦ ਵਿਚ ਗੁਰੂ ਨਾਨਕ ਸਿੱਖ ਮਿਸ਼ਨ ਇਕ ਗੈਰਮੁਨਾਫਾ ਸੰਸਥਾ ਵਜੋਂ ਕੀਤੀਆਂ ਗਈਆਂ ਕਾਨੂੰਨੀ ਉਲੰਘਣਾਵਾਂ ਕਰਕੇ ਭੰਗ ਕਰ ਦਿਤਾ ਸੀ।
ਵਿਰੋਧੀ ਧਿਰ ਨੇ 2010 ਵਿਚ ਦਾਇਰ ਕੀਤੀ ਗਈ ਇਕ ਮੋਸ਼ਨ ਵਿਚ ਗੁਰਦੁਆਰੇ ਦੀ ਪ੍ਰਾਪਰਟੀ ਗੈਸਟ ਹਾਊਸ ਸਮੇਤ ਸੀਲ ਕਰਕੇ ਪ੍ਰਬੰਧ ਰਿਸੀਵਰ ਹਵਾਲੇ ਕਰਨ ਦੀ ਮੰਗ ਕੀਤੀ ਸੀ।
ਇਸੇ ਦੌਰਾਨ ਵਿਰੋਧੀ ਧਿਰ ਦੇ ਇਕ ਸਰਗਰਮ ਮੈਂਬਰ ਮੱਖਣ ਸਿੰਘ ਕਲੇਰ ਨੇ ਇਕ ਬਿਆਨ ਵਿਚ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਨ੍ਹਾਂ ਦੀ ਧਿਰ ਨੇ ਕਦੀ ਵੀ ਗੁਰੂ ਘਰ ਦੀ ਇਮਾਰਤ, ਨਿਸ਼ਾਨ ਸਾਹਿਬ ਜਾਂ ਧਾਰਮਕ ਸਾਮਗਰੀ ਨਿਲਾਮ ਕੀਤੇ ਜਾਣ ਦੀ ਅਦਾਲਤ ਪਾਸੋਂ ਮੰਗ ਨਹੀਂ ਕੀਤੀ ਅਤੇ ਇਸ ਸਬੰਧੀ ਲਾਏ ਜਾ ਰਹੇ ਦੋਸ਼ ਮੂਲੋਂ ਹੀ ਝੂਠੇ ਹਨ। ਸ਼ ਕਲੇਰ ਨੇ ਆਖਿਆ ਕਿ ਅਸੀਂ ਇਹ ਮੋਸ਼ਨ ਜਰੂਰ ਪਾਈ ਸੀ ਕਿ ਜੇ ਸਾਨੂੰ ਉਥੇ ਜਾਣ ਜਾਂ ਕੋਈ ਸਮਾਗਮ ਕਰਨ ਦੀ ਇਜ਼ਾਜਤ ਨਹੀਂ ਤਾਂ ਕੇਸ ਦਾ ਫੈਸਲਾ ਹੋਣ ਤਕ ਗੁਰਦੁਆਰੇ ਨੂੰ ਅਤੇ ਇਸ ਦੇ ਨਾਲ ਲਗਦੇ ਗੈਸਟ ਹਾਉਸ ਨੂੰ ਸੀਲ ਕੀਤਾ ਜਾਵੇ। ਬਾਅਦ ਵਿਚ ਜੱਜ ਨੇ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਗੁਰਦੁਆਰਾ ਸਵੇਰੇ 9 ਤੋਂ 5 ਵਜੇ ਤਕ ਸਭ ਧਿਰਾਂ ਲਈ ਖੁਲ੍ਹਾ ਰਖਣ ਲਈ ਹੁਕਮ ਕਰ ਦਿਤਾ ਸੀ। ਨਾਲ ਹੀ ਜੱਜ ਨੇ ਕਿਹਾ ਸੀ ਕਿ ਜੇ ਇਸ ਹੁਕਮ ਦੀ ਉਲਘੰਣਾ ਹੋਵੇਗੀ ਤਾਂ ਜਰੂਰ ਸੀਲ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਜੱਜ ਦੇ ਇਸ ਹੁਕਮ ਦੀ ਉਲੰਘਣਾ ਬਾਬਾ ਦਲਜੀਤ ਸਿੰਘ ਨੇ ਭਰਪੂਰ ਸਿੰਘ ਦੇ ਗੁਰੂਘਰ ਆਉਣ ਵਿਰੁਧ ਪੁਲਿਸ ਪਾਸ ਸ਼ਿਕਾਇਤ ਕਰਕੇ ਜਰੂਰ ਕੀਤੀ ਹੈ। 12 ਨਵੰਬਰ ਨੂੰ ਇਸੇ ਵਿਰੁਧ ਪਾਈ ਗਈ ਮੋਸ਼ਨ ਦੀ ਸੁਣਵਾਈ ਹੋਣੀ ਸੀ ਜੋ ਹੁਣ ਅਦਾਲਤ ਨੇ 19 ਨਵੰਬਰ ‘ਤੇ ਪਾ ਦਿਤੀ ਹੈ।