ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਅਕਾਲੀਆਂ ਲਈ ਹੁਣ ਗੱਠਜੋੜ ਧਰਮ ਨਿਭਾਉਣਾ ਅਣਸਰਦੀ ਵਾਲਾ ਸੌਦਾ ਬਣ ਗਿਆ ਹੈ। ਭਾਜਪਾਈਆਂ ਦੇ ਹਮਲਾਵਰ ਰੁਖ਼ ਪਿੱਛੋਂ ਅਕਾਲੀ ਦਲ ਹੁਣ ਦੜ ਵੱਟਣ ਵਿਚ ਹੀ ਆਪਣੀ ਭਲਾਈ ਸਮਝ ਰਿਹਾ ਹੈ। ਖਾਸਕਰ ਸਿੱਧੂ ਜੋੜੇ ਵੱਲੋਂ ਕੱਢੀ ਭੜਾਸ ਨੇ ਅਕਾਲੀ ਦਲ ਪੱਲੇ ਨਾਮੋਸ਼ੀ ਪਾਈ ਹੈ। ਅਕਾਲੀ ਦਲ ਨੇ ਭਾਜਪਾ ਦੀਆਂ ਇਨ੍ਹਾਂ ਵਧੀਕੀਆਂ ਬਾਰੇ ਰਣਨੀਤੀ ਤੈਅ ਕਰਨ ਲਈ ਕੋਰ ਕਮੇਟੀ ਦੀ ਮੀਟਿੰਗ ਵੀ ਸੱਦੀ ਸੀ, ਪਰ ਇਸ ਵਿਚ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਆਗੂਆਂ ਨੂੰ ਚੁੱਪ ਰਹਿਣ ਵਿਚ ਹੀ ਭਲਾਈ ਵਾਲਾ ਪਾਠ ਪੜ੍ਹਾ ਦਿੱਤਾ। ਦਰਅਸਲ ਵਿਚ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਜਿੱਤ ਪਿੱਛੋਂ ਪੰਜਾਬ ਭਾਜਪਾ ਆਗੂ ਅਕਾਲੀ ਦਲ ਨਾਲੋਂ ਵੱਖ ਹੋਣ ਲਈ ਕਾਹਲੇ ਪੈ ਗਏ ਹਨ। ਮਿਊਂਸਪਲ ਚੋਣਾਂ ਦੌਰਾਨ ਗੱਠਜੋੜ ਨਿਭਾਉਣਾ ਅਕਾਲੀਆਂ ਲਈ ਬਹੁਤ ਵੱਡੀ ਚੁਣੌਤੀ ਬਣ ਗਿਆ ਹੈ।
ਮੁੱਖ ਪਾਰਲੀਮਾਨੀ ਸਕੱਤਰ ਡਾæ ਨਵਜੋਤ ਕੌਰ ਸਿੱਧੂ ਅਤੇ ਉਨ੍ਹਾਂ ਦੇ ਪਤੀ ਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਅਕਾਲੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਬੀਬੀ ਸਿੱਧੂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਭਾਜਪਾ ਲਈ ਅਕਾਲੀਆਂ ਨਾਲ ਸਾਂਝ ਤੋੜਨ ਦਾ ਇਹੀ ਢੁੱਕਵਾਂ ਵੇਲਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਜਪਾ ਆਗੂਆਂ ਦੀ ਸ਼ਿਕਾਇਤ ਹਾਈਕਮਾਨ ਕੋਲ ਵੀ ਕਰ ਚੁੱਕੇ ਹਨ, ਪਰ ਭਾਜਪਾ ਦੀ ਸੀਨੀਅਰ ਲੀਡਰਸ਼ਿੱਪ ਵੀ ਪਾਸੇ ਰਹਿ ਕੇ ਤਮਾਸ਼ਾ ਵੇਖਣ ਦੇ ਮੂਡ ਵਿਚ ਹੈ। ਭਾਜਪਾ ਦੀ ਇਸ ਰਣਨੀਤੀ ਕਾਰਨ ਅਕਾਲੀ ਦਲ ਪੰਜਾਬ ਵਿਚ 128 ਨਗਰ ਨਿਗਮਾਂ, ਨਗਰ ਪ੍ਰੀਸ਼ਦਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵੀ ਹੋਰ ਅੱਗੇ ਸਰਕਾਉਣ ਬਾਰੇ ਸੋਚ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਹਾਈਕੋਰਟ ਨੂੰ ਇਹ ਲਿਖਤੀ ਵਚਨ ਦੇ ਚੁੱਕੀ ਹੈ ਕਿ ਇਹ ਚੋਣਾਂ ਦੋ ਦਸੰਬਰ ਤੱਕ ਕਰਵਾ ਦਿੱਤੀਆਂ ਜਾਣਗੀਆਂ। ਅਕਾਲੀ ਦਲ ਨੂੰ ਖਦਸ਼ਾ ਹੈ ਕਿ ਭਾਜਪਾ ਆਗੂ ਇਨ੍ਹਾਂ ਚੋਣਾਂ ਵਿਚ ਵੱਧ ਸੀਟਾਂ ਜਾਂ ਵੱਖ ਚੋਣ ਲੜਨ ਦੀ ਮੰਗ ਕਰਨਗੇ।
ਅਕਾਲੀ ਦਲ ਦੇ ਪ੍ਰਭਾਵ ਤੋਂ ਨਵੇਂ-ਨਵੇਂ ਮੁਕਤ ਹੋਏ ਭਾਜਪਾ ਸਮਰਥਕ ਜਿਥੇ ਹਰਿਆਣਾ ਦੀ ਤਰਜ਼ ‘ਤੇ 2017 ਵਿਚ ਨਿੱਜੀ ਸਰਕਾਰ ਦੇ ਸੁਪਨੇ ਵੇਖ ਰਹੇ ਹਨ, ਉਥੇ ਅਕਾਲੀ ਦਲ ਦੀ ਪੰਥਕ ਛਵੀ ਉਤੇ ‘ਸੰਘ ਦਾ ਗ੍ਰਹਿਣ’ ਸਹਿ ਰਹੇ ਆਮ ਅਕਾਲੀ ਵੀ ਭਾਜਪਾ ਤੋਂ ਖਹਿੜਾ ਛਡਾਉਣ ਦੇ ਰੌਂਅ ਵਿਚ ਹਨ। ਇਸ ਸੂਰਤ ਵਿਚ ਸਿੱਖ ਮੁੱਦਿਆਂ ਨੂੰ ਛੂਹਣ ਦੇ ਬਾਵਜੂਦ ਪੰਜਾਬ ਦੇ ਵੋਟਰ ਕਾਡਰ ਵਿਚ ਅਕਾਲੀਆਂ ਤੋਂ ਬਿਨਾਂ ਸੰਨ੍ਹ ਲਾਉਣਾ ਭਾਜਪਾ ਲਈ ਭਾਵੇਂ ਅਜੇ ਦੂਰ ਦੀ ਕੌਡੀ ਹੈ, ਪਰ ਸਿਆਸੀ ਤਮਾਸ਼ਬੀਨ ‘ਅੱਜ ਟੁੱਟਦੀ-ਕੱਲ੍ਹ ਟੁੱਟਦੀ’ ਦਾ ਨਜ਼ਾਰਾ ਵੇਖਣ ਲਈ ਉਤਾਵਲੇ ਨਜ਼ਰ ਆ ਰਹੇ ਹਨ। ਪੰਜਾਬ ਵਿਚ ਅਕਾਲੀ ਦਲ ਦਾ ਬਦਲ ਲੱਭਣ ਲਈ ਕੁਝ ਗਰਮਖਿਆਲ ਜਥੇਬੰਦੀਆਂ ਵੱਲੋਂ ਵੀ ਸਿਆਸੀ ਪਿੜ ਵਿਚ ਕੁੱਦਣ ਦੀ ਤਿਆਰੀ ਅਕਾਲੀ ਦਲ ਨੂੰ ਸਤਾ ਰਹੀ ਹੈ। ਅਕਾਲੀ ਦਲ ‘ਤੇ ਲਗਾਤਾਰ ਪੰਥਕ ਮੁੱਦਿਆਂ ਤੋਂ ਭੱਜਣ ਦੇ ਦੋਸ਼ ਲੱਗਦੇ ਆ ਰਹੇ ਹਨ। ਭਾਜਪਾ ਇਸ ਮੁੱਦੇ ‘ਤੇ ਵੀ ਲੌਂਗੋਵਾਲ ਸਮਝੌਤੇ ਦੀ ਗੱਲ ਕਰ ਕੇ ਅਕਾਲੀ ਦਲ ਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ। ਭਾਜਪਾ ਦੇ ਆਗੂ ਸਰਕਾਰ ਡੇਗਣ ਦੀ ਗੱਲ ਵੀ ਆਖ ਚੁੱਕੇ ਹਨ। ਭਾਜਪਾ ਦੀਆਂ ਇਨ੍ਹਾਂ ਧਮਕੀਆਂ ਨੂੰ ਅਕਾਲੀ ਦਲ ਅੰਦਰੋਂ-ਅੰਦਰ ਕਾਫੀ ਗੰਭੀਰਤਾ ਨਾਲ ਲੈ ਰਿਹਾ ਹੈ ਤੇ ਸ਼ ਬਾਦਲ ਅਕਾਲੀ ਆਗੂਆਂ ਨੂੰ ਸਰਕਾਰ ਦੇ ਬਚੇ ਤਕਰੀਬਨ ਢਾਈ ਸਾਲ ਭਾਜਪਾ ਨਾਲ ਔਖੇ-ਸੌਖੇ ਨਿਭਾਉਣ ਦੀ ਨਸੀਹਤ ਦੇ ਰਹੇ ਹਨ। ਇਹੀ ਨਹੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਸ਼ ਬਾਦਲ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਪੁਰਾਣੀ ਪੀੜ੍ਹੀ ਦੀ ਸਾਂਝ ਤਾਂ ਖੂਬ ਨਿਭ ਗਈ ਹੈ, ਪਰ ਨਵੀਂ ਪੀੜ੍ਹੀ ਬਾਰੇ ਹੁਣ ਗੰਭੀਰਤਾ ਨਾਲ ਸੋਚਣਾ ਪੈਣਾ ਹੈ। ਇਨ੍ਹਾਂ ਦੋਹਾਂ ਆਗੂਆਂ ਦਾ ਇਹ ਸਪਸ਼ਟ ਇਸ਼ਾਰਾ ਹੈ ਕਿ ਹੁਣ ਭਾਜਪਾ ਪੰਜਾਬ ਵਿਚ ਅਕਾਲੀ ਦੇ ਹੇਠਾਂ ਲੱਗ ਕੇ ਨਹੀਂ ਚੱਲੇਗੀ।