ਸ੍ਰੀਨਗਰ: ਸੈਨਾ ਨੇ 2010 ਮਛੀਲ ਫਰਜ਼ੀ ਮੁਕਾਬਲੇ ਦੇ ਕੇਸ ਵਿਚ ਆਪਣੇ ਦੋ ਅਫਸਰਾਂ ਸਮੇਤ 5 ਫੌਜੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਫਰਜ਼ੀ ਮੁਕਾਬਲੇ ਕਾਰਨ ਵਾਦੀ ਵਿਚ ਵੱਡੇ ਪੱਧਰ ‘ਤੇ ਰੋਸ ਫੈਲ ਗਿਆ ਸੀ। ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਉਨ੍ਹਾਂ ਦੇ ਸੇਵਾ ਲਾਭ ਮੁਅੱਤਲ ਕਰ ਦਿੱਤੇ ਗਏ ਹਨ। ਜਨਰਲ ਕੋਰਟ ਮਾਰਸ਼ਲ ਵਿਚ ਜਿਨ੍ਹਾਂ ਨੂੰ ਇਸ ਕੇਸ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਉਨ੍ਹਾਂ ਵਿਚ ਉਸ ਵੇਲੇ ਦੇ ਚਾਰ ਰਾਜਪੂਤ ਰੈਜਮੈਂਟ (ਇਹ ਯੂਨਿਟ ਮੁਕਾਬਲੇ ‘ਚ ਸ਼ਾਮਲ ਸੀ) ਦੇ ਕਮਾਂਡਿੰਗ ਅਫਸਰ ਕਰਨਲ ਦਿਨੇਸ਼ ਪਠਾਣੀਆਂ, ਕੈਪਟਨ ਭੁਪਿੰਦਰ ਸਿੰਘ, ਹੌਲਦਾਰ ਦਵਿੰਦਰ, ਲਾਂਸ ਨਾਇਕ ਅਰੁਣ ਕੁਮਾਰ ਤੇ ਲਖਮੀ ਸ਼ਾਮਲ ਹਨ। ਟੈਰੀਟੋਰੀਅਲ ਆਰਮੀ ਦੇ ਅੱਬਾਸ ਹੁਸੈਨ ਸ਼ਾਹ ਨੂੰ ਦੋਸ਼ਮੁਕਤ ਕਰਾਰ ਦਿੱਤਾ ਗਿਆ। ਜਨਰਲ ਕੋਰਟ ਮਾਰਸ਼ਲ ਵੱਲੋਂ ਇਸ ਸਾਲ ਜਨਵਰੀ ‘ਚ ਕਾਰਵਾਈ ਸ਼ੁਰੂ ਕਰ ਕੇ ਸਤੰਬਰ ‘ਚ ਸਮਾਪਤ ਕਰ ਦਿੱਤੀ ਗਈ ਸੀ। ਇਹ ਸੈਨਿਕ ਆਮ ਸਿਵਲੀਅਨਾਂ ਨੂੰ ਮਾਰਨ ਦੇ ਦੋਸ਼ੀ, ਸਾਜ਼ਿਸ਼ ਰਚਣ ਤੇ ਮਗਰੋਂ ਮ੍ਰਿਤਕਾਂ ਨੂੰ ਪਾਕਿਸਤਾਨੀ ਕਰਾਰ ਦੇਣ ਦੇ ਦੋਸ਼ੀ ਸਾਬਤ ਹੋਏ ਸਨ। 29 ਅਪਰੈਲ 2010 ਨੂੰ ਦੋ ਅਤਿਵਾਦ-ਵਿਰੋਧੀ ਸੈਨਿਕਾਂ ਨੇ ਟੈਰੀਟੋਰੀਅਲ ਆਰਮੀ ਦੇ ਰਾਈਫਲਮੈਨ ਅੱਬਾਸ ਹੁਸੈਨ ਨਾਲ ਰਲ ਕੇ ਉੱਤਰੀ ਕਸ਼ਮੀਰ ਦੇ ਨਡਿਹਾਲ ਪਿੰਡ ਦੇ ਤਿੰਨ ਨੌਜਵਾਨਾਂ ਸ਼ਹਿਜ਼ਾਦ ਅਹਿਮਦ, ਰਿਆਜ਼ ਅਹਿਮਦ ਤੇ ਮੁਹੰਮਦ ਸ਼ਫੀ ਨੂੰ ਵਰਗਲਾ ਲਿਆ ਅਤੇ ਉਨ੍ਹਾਂ ਨੂੰ ਨੌਕਰੀ ਤੇ ਪੈਸੇ ਦੇਣ ਦਾ ਵਾਅਦਾ ਕਰ ਕੇ ਕੰਟਰੋਲ ਰੇਖਾ ਨੇੜੇ ਕੁੱਪਵਾੜਾ ਜ਼ਿਲ੍ਹੇ ਵਿਚ ਕਾਲਾਰੂਸ ਵਿਖੇ ਲੈ ਗਏ। ਮਗਰੋਂ ਕੰਟਰੋਲ ਰੇਖਾ ਨੇੜੇ ਵਾਰੋ-ਵਾਰੀ ਇਨ੍ਹਾਂ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਤੇ ਮਗਰੋਂ ਕਹਿ ਦਿੱਤਾ ਗਿਆ ਕਿ ਇਹ ਪਾਕਿਸਤਾਨੀ ਅਤਿਵਾਦੀ ਸਨ ਤੇ ਭਾਰਤ ‘ਚ ਘੁਸਪੈਠ ਕਰਨ ਦਾ ਯਤਨ ਕਰ ਰਹੇ ਸਨ। ਜਨਰਲ ਕੋਰਟ ਮਾਰਸ਼ਲ ਦੀ ਕਾਰਵਾਈ ਕੁਪਵਾੜਾ ਆਧਾਰਤ 68 ਮਾਊੂਂਟੇਨ ਬ੍ਰਿਗੇਡ ਦੇ ਬ੍ਰਿਗੇਡੀਅਰ ਦੀਪਕ ਮਹਿਰਾ ਦੀ ਨਿਗਰਾਨੀ ਤੇ ਅਗਵਾਈ ਵਿਚ ਚੱਲੀ। ਮਹਿਰਾ ਦੀ ਅਗਵਾਈ ‘ਚ ਜਨਰਲ ਕੋਰਟ ਮਾਰਸ਼ਲ ਦੇ ਅੱਠ ਮੈਂਬਰ ਸਨ। ਇਸ ਤਹਿਤ ਪਹਿਲਾਂ ਸੈਨਾ ਵੱਲੋਂ ‘ਕੋਰਟ ਆਫ ਇਨਕੁਆਰੀ’ ਕਰਾਈ ਗਈ, ਫਿਰ ‘ਗਵਾਹੀਆਂ ਕਲਮਬੱਧ ਕਰ ਕੇ ਉਨ੍ਹਾਂ ਦਾ ਸਾਰ ਤੱਤ’ ਪੇਸ਼ ਕੀਤਾ ਗਿਆ। ਦੋ ਸਿਵਲੀਅਨ ਮੁਲਜ਼ਮਾਂ ਬਸ਼ੀਰ ਅਹਿਮਦ ਲੋਨ ਤੇ ਅਬਦੁਲ ਹਾਮਿਦ ਬੱਟ ਦੇ ਨਾਂ ਵੀ ਚਾਰਜਸ਼ੀਟ ਵਿਚ ਸ਼ਾਮਲ ਸਨ। ਇਨ੍ਹਾਂ ਵਿਰੁੱਧ ਬਾਰਾਮੂਲਾ ਦੀ ਸੈਸ਼ਨ ਕੋਰਟ ਵਿਚ ਮੁਕੱਦਮਾ ਚੱਲ ਰਿਹਾ ਹੈ। ਜੰਮੂ ਕਸ਼ਮੀਰ ਦੀ ਪੁਲਿਸ ਨੇ 15 ਜੁਲਾਈ 2010 ਨੂੰ ਅੱਠ ਸੈਨਿਕਾਂ, ਇਕ ਟੈਰੀਟੋਰੀਅਲ ਆਰਮੀ ਸੈਨਿਕ ਤੇ ਦੋ ਸਿਵਲੀਅਨਾਂ ਸਮੇਤ 11 ਵਿਰੁੱਧ ਸੈਕਸ਼ਨ 302 ਅਧੀਨ ਚੀਫ਼ ਜੁਡੀਸ਼ਲ ਮੈਜਿਸਟਰੇਟ ਸੋਪੋਰ ਅੱਗੇ ਚਾਰਜਸ਼ੀਟ ਪੇਸ਼ ਕੀਤੀ ਸੀ। ਇਸ ਸਾਲ ਮਾਰਚ ਵਿਚ ਕਸ਼ਮੀਰ ਵਿਚ ਉਦੋਂ ਭਾਰੀ ਬੇਚੈਨੀ ਫੈਲ ਗਈ ਸੀ, ਜਦੋਂ ਸੈਨਾ ਨੇ 2000 ਦੇ ਪਥਰੀਬਲ ਮੁਕਾਬਲੇ ‘ਚ ਪੰਜ ਵਿਅਕਤੀਆਂ ਨੂੰ ਮਾਰਨ ਦੇ ਕੇਸ ‘ਚ ਆਪਣੇ ਪੰਜ ਅਫਸਰਾਂ ਨੂੰ ਦੋਸ਼ਮੁਕਤ ਕਰਾਰ ਦੇ ਕੇ ਕੇਸ ਬੰਦ ਕਰ ਦਿੱਤਾ ਸੀ।
__________________
ਝੂਠੇ ਮੁਕਾਬਲਿਆਂ ਦਾ ਸੱਚ
ਸ੍ਰੀਨਗਰ: ਕਸ਼ਮੀਰ ਵਾਦੀ ਵਿਚ ਹੀ ਨਹੀਂ, ਭਾਰਤ ਦੇ ਹੋਰ ਵੀ ਕਈ ਸੂਬਿਆਂ ਵਿਚ ਪੁਲਿਸ ਅਤੇ ਨੀਮ ਸੁਰੱਖਿਆ ਬਲਾਂ ਵੱਲੋਂ ਸੈਂਕੜੇ ਨੌਜਵਾਨਾਂ ਨੂੰ ਅਤਿਵਾਦੀ ਗਰਦਾਨ ਕੇ ਝੂਠੇ ਮੁਕਾਬਲਿਆਂ ਵਿਚ ਮਾਰੇ ਜਾਣ ਦਾ ਸਿਲਸਿਲਾ ਵੇਖਿਆ ਜਾ ਰਿਹਾ ਹੈ। ਭਾਰਤ ਦੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਨੁਸਾਰ ਇਹ ਵਰਤਾਰਾ ਘਟਣ ਦੀ ਥਾਂ ਵਧ ਰਿਹਾ ਹੈ। ਕਮਿਸ਼ਨ ਦੀ ਰਿਪੋਰਟ ਅਨੁਸਾਰ 2002 ਤੋਂ 2008 ਤਕ ਅਜਿਹੇ 440 ਕੇਸ ਸਾਹਮਣੇ ਆਏ ਸਨ ਅਤੇ 2009 ਤੋਂ 2013 ਦਰਮਿਆਨ ਇਹ ਗਿਣਤੀ ਵਧ ਕੇ 555 ਹੋ ਗਈ। ਇਹ ਗਿਣਤੀ ਕੇਵਲ ਕਮਿਸ਼ਨ ਦੇ ਰਿਕਾਰਡ ਅਨੁਸਾਰ ਹੈ ਜਦੋਂਕਿ ਮਨੁੱਖੀ ਅਧਿਕਾਰ ਸੰਸਥਾਵਾਂ ਅਨੁਸਾਰ ਇਹ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਮੁੰਬਈ, ਚੇਨਈ ਅਤੇ ਕੋਲਕਾਤਾ ਵਰਗੇ ਮਹਾਂਨਗਰਾਂ ਵਿਚ ਪੁਲਿਸ ਵੱਲੋਂ ਲੋਕਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰੇ ਜਾਣ ਦੀ ਦਰ ਕਾਫ਼ੀ ਉੱਚੀ ਹੈ। ਪੰਜਾਬ ਵਿਚ 1968 ਤੋਂ ਲੈ ਕੇ 1978 ਤਕ ਦੇ ਇੱਕ ਦਹਾਕੇ ਵਿਚ ਲਗਪਗ 80 ਨਕਸਲਵਾਦੀ ਕਾਰਕੁਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦਿੱਤਾ ਗਿਆ ਸੀ ਅਤੇ 1980 ਤੋਂ 1995 ਤਕ ਦੇ ਡੇਢ ਦਹਾਕੇ ਵਿਚ ਸੈਂਕੜੇ ਨੌਜਵਾਨਾਂ ਨੂੰ ਅਤਿਵਾਦੀ ਗਰਦਾਨ ਕੇ ਝੂਠੇ ਮੁਕਾਬਲਿਆਂ ਰਾਹੀਂ ਮਾਰਿਆ ਗਿਆ। ਹੋਰ ਤਾਂ ਹੋਰ, ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਨੂੰ ਵੀ 1995 ਵਿਚ ਘਰੋਂ ਲਿਜਾ ਕੇ ਮਾਰ ਦਿੱਤਾ ਗਿਆ ਸੀ। ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਨੇ 1995 ਤੋਂ 1997 ਦਰਮਿਆਨ ਮੁੰਬਈ ਪੁਲਿਸ ਵੱਲੋਂ ਕਥਿਤ ਤੌਰ ‘ਤੇ ਕੀਤੇ ਗਏ 99 ਮੁਕਾਬਲਿਆਂ ਸਬੰਧੀ ਬੰਬਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਹ ਤੱਥ ਹੁਣ ਜੱਗ-ਜ਼ਹਿਰ ਹੈ ਕਿ ਸਰਕਾਰਾਂ ਅਜਿਹੇ ਝੂਠੇ ਮੁਕਾਬਲਿਆਂ ਦੀ ਆਮ ਤੌਰ ‘ਤੇ ਜਾਂਚ ਵੀ ਨਹੀਂ ਕਰਵਾਉਂਦੀਆਂ। ਜੇ ਲੋਕਾਂ ਦੇ ਦਬਾਅ ਹੇਠ ਜਾਂਚ ਕਰਵਾਈ ਵੀ ਜਾਂਦੀ ਹੈ ਤਾਂ ਇਸ ਕਦਰ ਪ੍ਰਭਾਵਿਤ ਕੀਤਾ ਜਾਂਦਾ ਹੈ ਕਿ ਦੋਸ਼ੀ ਨੂੰ ਸਜ਼ਾ ਨਹੀਂ ਹੁੰਦੀ।
______________________________________
ਮਛੀਲ ਕੇਸ ਦਾ ਖੁਲਾਸਾ
29 ਅਪਰੈਲ 2010: ਪਿੰਡ ਨਡਿਹਾਲ ਦੇ ਲੋਕਾਂ ਨੇ ਤਿੰਨ ਨੌਜਵਾਨਾਂ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ।
30 ਅਪਰੈਲ: ਫੌਜ ਵੱਲੋਂ ਮਛੀਲ ਵਿਚ ਤਿੰਨ ਘੁਸਪੈਠੀਆਂ ਨੂੰ ਮਾਰਨ ਦਾ ਦਾਅਵਾ।
28 ਮਈ: ਤਿੰਨਾਂ ਨੌਜਵਾਨਾਂ ਦੀਆਂ ਦੇਹਾਂ ਜਾਂਚ ਲਈ ਕਬਰਾਂ ਵਿਚੋਂ ਬਾਹਰ ਕੱਢੀਆਂ।
ਜੂਨ 2010: ਮੈਜਿਸਟਰੇਟ ਵੱਲੋਂ ਸੀਨੀਅਰ ਪੁਲਿਸ ਅਫ਼ਸਰ ਅਤੇ ਤਿੰਨ ਸਿਪਾਹੀਆਂ ਦੇ ਬਿਆਨ ਦਰਜ। ਫੌਜ ਵੱਲੋਂ ਵੀ ਜਾਂਚ ਸ਼ੁਰੂ।
ਦਸੰਬਰ 2011: ਫੌਜ ਵੱਲੋਂ ਮਛੀਲ ਕੇਸ ਕਰੀਮੀਨਲ ਕੋਰਟ ਤੋਂ ਕੋਰਟ ਮਾਰਸ਼ਲ ਵਿਚ ਤਬਦੀਲ ਕਰਨ ਦੀ ਚਾਰਾਜੋਈ।
25 ਦਸੰਬਰ 2013: ਫੌਜ ਵੱਲੋਂ ਕੇਸ ਨਾਲ ਸਬੰਧਤ ਫੌਜੀਆਂ ਖਿਲਾਫ਼ ਕੋਰਟ ਮਾਰਸ਼ਲ ਦਾ ਐਲਾਨ।
ਸਤੰਬਰ 2014: ਕੋਰਟ ਮਾਰਸ਼ਲ ਦੀ ਕਾਰਵਾਈ ਮੁਕੰਮਲ।
ਨਵੰਬਰ 2014: ਕੋਰਟ ਮਾਰਸ਼ਲ ਵਿਚ ਕਰਨਨ ਦਿਨੇਸ਼ ਪਠਾਣੀਆਂ, ਕੈਪਟਨ ਭੁਪਿੰਦਰ ਸਿੰਘ, ਹੌਲਦਾਰ ਦਵਿੰਦਰ, ਲਾਂਸ ਨਾਇਕ, ਅਰੁਣ ਕੁਮਾਰ ਤੇ ਲਖਮੀ ਨੂੰ ਉਮਰ ਕੈਦ ਦੀ ਸਜ਼ਾ।
_______________________________________
ਫੌਜ ਨਾਲ ਸਬੰਧਤ ਕੇਸ ਜੋ ਸਵਾਲਾਂ ਦੇ ਘੇਰੇ ‘ਚ ਆਏ
ਅਕਤੂਬਰ 1999: ਰਾਜੌਰੀ ਵਿਚ ਫੌਜ ਦੀ ਹਿਰਾਸਤ ਵਿਚ ਤਿੰਨ ਜਣੇ ਲਾਪਤਾ।
ਮਾਰਚ 2000: ਪਥਰੀਬਲ ਵਿਚ ਫੌਜ ਉਤੇ ਪੰਜ ਨੌਜਵਾਨਾਂ ਦੇ ਮਾਰਨ ਦੇ ਦੋਸ਼।
ਜਨਵਰੀ 2000: ਬਡਗਾਮ ਵਿਚ ਫੌਜ ਦੀ ਹਿਰਾਸਤ ਵਿਚ ਇਕ ਮੌਤ।
ਸਤੰਬਰ 2003: ਫੌਜ ਨੇ ਸੋਪੋਰ ਤੋਂ ਤਾਹਿਰ ਹੁਸੈਨ ਮਖਦੂਮੀ ਨੂੰ ਚੁੱਕਿਆ ਅਤੇ ਮਾਰ ਦਿੱਤਾ।
ਅਪਰੈਲ 2004: ਫੌਜੀ ਅਫ਼ਸਰ ਦੀ ਚਿੱਠੀ ਤੋਂ ਇਹ ਖੁਲਾਸਾ ਹੋਇਆ ਕਿ ਲੋਲਾਬ ਵਿਚ ਚਾਰ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਗਿਆ।
ਫ਼ਰਵਰੀ 2006: ਕੁਪਵਾੜਾ ਵਿਚ ਚਾਰ ਜਣਿਆਂ ਦੀ ਹੱਤਿਆ।
ਫ਼ਰਵਰੀ 2009: ਸੋਪੋਰ ਵਿਚ ਦੋ ਨੌਜਵਾਨਾਂ ਦੀ ਹੱਤਿਆ।
ਮਈ 2010: ਫੌਜ ਉਤੇ ਤਿੰਨ ਜਣਿਆਂ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਦੇ ਦੋਸ਼।
ਸਤੰਬਰ 2010: ਬਾਂਦੀਪੁਰਾ ਜ਼ਿਲ੍ਹੇ ਵਿਚ ਇਕ ਸਿਵਲੀਅਨ ਦੀ ਹੱਤਿਆ।
ਜੂਨ 2013: ਬਾਂਦੀਪੁਰਾ ਜ਼ਿਲ੍ਹੇ ਵਿਚ ਦੋ ਜਣਿਆਂ ਦੀ ਹੱਤਿਆ।