ਮੋਦੀ ਦੀ ਯੋਜਨਾ ‘ਤੇ ਮਿਲ ਕੇ ਫੁੱਲ ਚੜ੍ਹਾਉਣਗੀਆਂ ਸਿਆਸੀ ਧਿਰਾਂ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ‘ਸਾਂਸਦ ਆਦਰਸ਼ ਗ੍ਰਾਮ ਯੋਜਨਾ’ ਲਈ ਸਾਰੀਆਂ ਸਿਆਸੀ ਧਿਰਾਂ ਇਕਮਿਕ ਹੋ ਗਈਆਂ ਹਨ। ਖਾਸਕਰ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਸੰਸਦ ਮੈਂਬਰ ਇਸ ਬਾਰੇ ਉਤਸ਼ਾਹ ਵਿਖਾ ਰਹੇ ਹਨ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਤੇ ਲੋਕ ਸਭਾ ਵਿਚ ਕਾਂਗਰਸ ਪਾਰਟੀ ਦੇ ਡਿਪਟੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੈਂਦੇ ਪਿੰਡ ਧੌਲ ਕਲਾਂ ਨੂੰ ਅਪਣਾਇਆ ਹੈ। ਇਥੇ ਰਾਖਵੇਂ ਵਰਗ ਦੀ ਆਬਾਦੀ ਜ਼ਿਆਦਾ ਹੈ। ਇਕ ਬੁਲਾਰੇ ਨੇ ਕਿਹਾ ਕਿ ਕੈਪਟਨ ਨੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪਿੰਡ ਲਈ ਵਿਸ਼ੇਸ਼ ਪੈਕੇਜ ਲਿਆਉਣ ਦੀ ਕੋਸ਼ਿਸ਼ ਕਰਨਗੇ। ਕੈਪਟਨ ਅਮਰਿੰਦਰ ਸਿੰਘ ਆਪਣੇ ਜੱਦੀ ਸ਼ਹਿਰ ਪਟਿਆਲਾ ਦੀ ਤਰਜ਼ ‘ਤੇ ਧੌਲ ਕਲਾਂ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਹਨ।
ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਈਸੇਵਾਲ ਪਿੰਡ ਨੂੰ ਚੁਣਿਆ ਹੈ ਜੋ ਪਰਮਵੀਰ ਚੱਕਰ ਜੇਤੂ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਸਮੇਤ ਕਈ ਸ਼ਹੀਦਾਂ ਦਾ ਪਿੰਡ ਹੈ। ਸ੍ਰੀ ਬਿੱਟੂ ਨੇ ਕਿਹਾ ਕਿ ਪਿੰਡ ਨੂੰ ਗੋਦ ਲੈਣ ਦਾ ਮਕਸਦ ਸ਼ਹੀਦਾਂ ਨੂੰ ਸਿਜਦਾ ਕਰਨਾ ਹੈ। ਕਾਂਗਰਸ ਦੇ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਫਿਲੌਰ ਨੇੜੇ ਪਿੰਡ ਗੰਨਾ ਨੂੰ ਚੁਣਿਆ ਹੈ ਜੋ ਅਪਰਾਧਕ ਕੇਸਾਂ ਲਈ ਮਸ਼ਹੂਰ ਹੈ। ਇਸ ਪਿੰਡ ਨੂੰ 10 ਸਾਲ ਪਹਿਲਾਂ ਪੰਜਾਬ ਪੁਲਿਸ ਨੇ ਵੀ ਅਪਣਾਇਆ ਸੀ। ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਬੇਨੜਾ ਪਿੰਡ ਨੂੰ ਚੁਣਿਆ ਹੈ। ਇਸੇ ਤਰ੍ਹਾਂ ਪਟਿਆਲਾ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਮਰੋੜੀ ਪਿੰਡ ਨੂੰ ਗੋਦ ਲੈ ਕੇ ਇਸ ਨਸ਼ਿਆਂ ਤੋਂ ਮੁਕਤ ਕਰਨ ਦਾ ਅਹਿਦ ਲਿਆ ਹੈ। ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਜਲੰਧਰ ਦੇ ਪਿੰਡ ਧੀਣਾ ਨੂੰ ਚੁਣਿਆ ਹੈ। ਇਸੇ ਤਰ੍ਹਾਂ ਭਾਜਪਾ ਦੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਆਦਮਵਾਲ ਪਿੰਡ ਨੂੰ ਗੋਦ ਲਿਆ ਹੈ। ਸਿਆਸਤ ਤੋਂ ਉੱਪਰ ਉੱਠ ਕੇ ਕੁਝ ਸੰਸਦ ਮੈਂਬਰਾਂ ਨੇ ਸ਼ਹੀਦਾਂ ਦੇ ਜੱਦੀ ਪਿੰਡਾਂ ਨੂੰ ਅਪਣਾਇਆ ਹੈ ਜਦਕਿ ਕੁਝ ਨੇ ਨਸ਼ਿਆਂ ਦੀ ਮਾਰ ਹੇਠ ਆਏ ਜਾਂ ਸਭ ਤੋਂ ਵਧ ਅਪਰਾਧਕ ਕੇਸਾਂ ਵਾਲੇ ਪਿੰਡਾਂ ਨੂੰ ਚੁਣਿਆ ਹੈ। ਕੁਝ ਅਜਿਹੇ ਪਿੰਡਾਂ ਦੀ ਵੀ ਚੋਣ ਕੀਤੀ ਗਈ ਹੈ ਜਿਹੜੇ ਪੰਜਾਬ ਦੇ ਨਕਸ਼ੇ ‘ਤੇ ਕਦੇ ਹੀ ਦਿੱਸਦੇ ਹਨ। ਸਾਰੇ ਗੋਦ ਲਏ ਗਏ ਪਿੰਡਾਂ ਵਿਚ ਇਕ ਸਮਾਨਤਾ ਹੈ, ਉਹ ਹੈ ਦਲਿਤਾਂ ਦੀ ਆਬਾਦੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਯੋਜਨਾ ਤਹਿਤ ਆਪਣੇ ਹਲਕਿਆਂ ਦੇ ਇਕ-ਇਕ ਪਿੰਡ ਨੂੰ ਅਪਣਾਇਆ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਨੇ ਆਪਣੇ ਹਲਕੇ ਦੇ ਜਗਤਪੁਰ ਬਲਾਕ ਦੇ ਪਿੰਡ ਉਡਵਾ ਤੇ ਰਾਹੁਲ ਗਾਂਧੀ ਨੇ ਅਮੇਠੀ ਲੋਕ ਸਭਾ ਹਲਕੇ ਵਿਚ ਜਗਦੀਸ਼ਪੁਰ ਬਲਾਕ ਵਿਚ ਡੀਹ ਪਿੰਡ ਨੂੰ ਅਪਣਾਇਆ ਹੈ।
_______________________________________________
ਹਰਸਿਮਰਤ ਨੇ ਅਕਾਲੀ ਦਲ ਵਿਰੋਧੀ ਪਿੰਡ ਅਪਨਾਇਆ
ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੱਡਾ ਜੇਰਾ ਦਿਖਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਪਿੰਡ ਮਾਨ ਨੂੰ ਅਪਨਾਇਆ ਹੈ। ਪੰਚਾਇਤੀ ਚੋਣਾਂ ਦੌਰਾਨ ਹੋਈ ਹਿੰਸਾ ਤੋਂ ਬਾਅਦ ਤਕਰੀਬਨ ਡੇਢ ਸੌ ਕਾਂਗਰਸੀ ਪਰਿਵਾਰ ਪਿੰਡ ਛੱਡ ਕੇ ਚਲੇ ਗਏ ਸਨ। ਉਂਜ ਦੇਖਿਆ ਜਾਵੇ ਤਾਂ ਮਾਨ ਪਿੰਡ, ਬਾਦਲ ਪਿੰਡ ਤੋਂ ਮਸਾਂ ਦੋ ਕੁ ਕਿਲੋਮੀਟਰ ਦੂਰ ਹੈ ਪਰ ਦੋਵਾਂ ਦੀ ਹੋਣੀ ਵੱਖੋ-ਵੱਖਰੀ ਹੈ। ਜਿਥੇ ਬਾਦਲ ਪਿੰਡ ਵਿਚ ਹਰ ਸਹੂਲਤ ਮੌਜੂਦ ਹੈ ਉੱਥੇ ਮਾਨ ਪਿੰਡ ਵਿਚ ਅਜੇ ਵੀ ਕੱਚੀਆਂ ਸੜਕਾਂ ਤੇ ਟੋਭੇ ਹਨ।
ਕੇਂਦਰੀ ਮੰਤਰੀ ਨੇ ਮਾਨ ਪਿੰਡ ਦੀ ਨੁਹਾਰ ਬਦਲਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਢਲੀਆਂ ਸਹੂਲਤਾਂ ਦੇ ਨਾਲ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਇਆ ਜਾਏਗਾ ਤੇ ਲਿੰਗ ਅਨੁਪਾਤ ਦਾ ਫ਼ਰਕ ਮਿਟਾ ਕੇ ਸਾਰਿਆਂ ਦੀ ਸਿੱਖਿਆ ਯਕੀਨੀ ਬਣਾਈ ਜਾਏਗੀ।