ਅੰਮ੍ਰਿਤਸਰ: ਪੰਜ ਸਿੰਘ ਸਾਹਿਬਾਨ ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਕੋ ਦਿਨ ਆਉਣ ਕਾਰਨ ਪ੍ਰਕਾਸ਼ ਪੁਰਬ ਦੀ ਤਰੀਕ 28 ਦਸੰਬਰ ਦੀ ਥਾਂ ਸੱਤ ਜਨਵਰੀ (23 ਪੋਹ) ਕਰ ਦਿੱਤੀ ਗਈ ਹੈ ਤੇ ਸਿੱਖ ਸੰਗਤਾਂ ਨੂੰ ਆਖਿਆ ਗਿਆ ਹੈ ਕਿ ਗੁਰਪੁਰਬ 23 ਪੋਹ ਨੂੰ ਮਨਾਇਆ ਜਾਵੇ। ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਕੇਸਗੜ੍ਹ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਤੇ ਗਿਆਨੀ ਰਘਬੀਰ ਸਿੰਘ ਸ਼ਾਮਲ ਸਨ।
ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 26, 27, 28 ਦਸੰਬਰ ਨੂੰ ਆ ਰਿਹਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ 28 ਦਸੰਬਰ ਨੂੰ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਇਕ ਪੱਤਰ ਭੇਜ ਕੇ ਮੰਗ ਕੀਤੀ ਗਈ ਸੀ ਕਿ ਪ੍ਰਕਾਸ਼ ਪੁਰਬ ਦੀ ਹੋਰ ਤਰੀਕ ਨਿਯਤ ਕੀਤੀ ਜਾਵੇ ਜਿਸ ‘ਤੇ ਵਿਚਾਰ ਮਗਰੋਂ ਪੰਜ ਸਿੰਘ ਸਾਹਿਬਾਨ ਵੱਲੋਂ ਸਰਬਸੰਮਤੀ ਨਾਲ ਪ੍ਰਕਾਸ਼ ਪੁਰਬ ਸੱਤ ਜਨਵਰੀ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਸਿੱਖ ਸੰਗਤਾਂ ਤੇ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਉਹ ਆਪਣੇ ਅਦਾਰਿਆਂ ਵਿਚ ਇਹ ਗੁਰਪੁਰਬ 23 ਪੋਹ ਨੂੰ ਹੀ ਮਨਾਉਣ ਪਰ ਜੇਕਰ ਸੰਗਤਾਂ ਇਹ ਗੁਰਪੁਰਬ 28 ਦਸੰਬਰ ਨੂੰ ਮਨਾਉਣਾ ਚਾਹੁਣ ਤਾਂ ਉਹ ਉਸ ਦਿਨ ਵੀ ਮਨਾ ਸਕਦੀਆਂ ਹਨ, ਇਸ ‘ਤੇ ਕੋਈ ਮਨਾਹੀ ਨਹੀਂ ਹੋਵੇਗੀ।
ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ ਦਾ ਮਾਮਲਾ ਵਿਚਾਰਿਆ ਗਿਆ ਜਿਨ੍ਹਾਂ ‘ਤੇ ਦੋਸ਼ ਹੈ ਕਿ ਇਕ ਭੋਗ ਸਮਾਗਮ ਸਮੇਂ ਉਨ੍ਹਾਂ ਨੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਮੇਜ਼ ਲਾ ਕੇ ਸੰਗਤਾਂ ਨੂੰ ਲੰਗਰ ਛਕਾਇਆ ਸੀ। ਖਾਪੜਖੇੜੀ ਨੇ ਭੁੱਲ ਦੀ ਮੁਆਫ਼ੀ ਮੰਗੀ ਹੈ ਜਿਸਨੂੰ ਪ੍ਰਵਾਨ ਕਰਦਿਆਂ ਉਸ ਨੂੰ ਗੁਰਦੁਆਰਾ ਛੇਹਰਟਾ ਵਿਖੇ ਗੋਲਕ ਵਿਚ 101 ਰੁਪਏ ਭੇਟ ਕਰਨ ਤੇ ਖਿਮਾ ਜਾਚਨਾ ਦੀ ਅਰਦਾਸ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਇਸੇ ਤਰ੍ਹਾਂ ਚੂੜੇ ਵਾਲਾ ਬਾਜ਼ਾਰ ਸਥਿਤ ਇਕ ਕੰਪਨੀ ਦੇ ਮਾਲਕ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ। ਉਸ ‘ਤੇ ਦੋਸ਼ ਹੈ ਕਿ ਉਸ ਦੀ ਕੰਪਨੀ ਦੇ ਗੋਦਾਮ ਵਿਚ ਗੁਟਕੇ ਤੇ ਹੋਰ ਧਾਰਮਿਕ ਸਾਹਿਤ ਰੱਖਿਆ ਸੀ ਜਿਸ ਵੱਲ ਧਿਆਨ ਨਾ ਦੇਣ ਕਰਕੇ ਇਸ ਨੂੰ ਚੂਹਿਆਂ ਵੱਲੋਂ ਕੁਤਰ ਦਿੱਤਾ ਗਿਆ। ਮਾਲਕਾਂ ਵੱਲੋਂ ਲਿਖਤੀ ਮੁਆਫ਼ੀ ਮੰਗੀ ਗਈ ਹੈ ਤੇ ਉਨ੍ਹਾਂ ਨੂੰ ਇਕ ਅਖੰਡ ਪਾਠ ਕਰਵਾਉਣ ਤੇ ਇਕ ਹਫ਼ਤਾ ਰੋਜ਼ਾਨਾ ਇਕ ਘੰਟਾ ਜੂਠੇ ਬਰਤਨਾਂ ਦੀ ਸੇਵਾ ਕਰਨ ਤੇ ਮਗਰੋਂ 1100 ਰੁਪਏ ਦੀ ਦੇਗ ਕਰਾ ਕੇ ਖਿਮਾ ਜਾਚਨਾ ਦੀ ਅਰਦਾਸ ਕਰਵਾਉਣ ਦੀ ਤਨਖਾਹ ਲਾਈ ਗਈ ਹੈ।
ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਤੇ ਕੌਮੀ ਪੱਤ੍ਰਿਕਾ ਦੇ ਸੰਪਾਦਕ ਗੁਰਚਰਨ ਸਿੰਘ ਬੱਬਰ ਵੱਲੋਂ ਜਥੇਦਾਰਾਂ ਖ਼ਿਲਾਫ਼ ਲਿਖੀ ਇਤਰਾਜ਼ਯੋਗ ਸ਼ਬਦਾਵਲੀ ਲਈ ਮੁਆਫੀ ਮੰਗਣ ਤੋਂ ਬਾਅਦ ਉਸ ਨੂੰ ਅੱਗੇ ਤੋਂ ਅਜਿਹੀ ਸ਼ਬਦਾਵਲੀ ਨਾ ਲਿਖਣ ਦੀ ਹਦਾਇਤ ਕਰ ਕੇ ਮੁਆਫ਼ ਕਰ ਦਿੱਤਾ ਗਿਆ ਹੈ। ਰਾਜਸਥਾਨ ਦੇ ਗੁਰਦੁਆਰਾ ਬੁੱਢਾ ਜੌਹੜ ਦੇ ਵਿਦਿਅਕ ਟਰਸੱਟ ਦੇ ਵਿਵਾਦ ਦੇ ਮਾਮਲੇ ਵਿਚ ਨਵੀਂ ਕਮੇਟੀ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸਰਬ ਸੁੱਖ ਚੈਰੀਟੇਬਲ ਟਰਸੱਟ ਬਾਰੇ ਆਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਟਰਸੱਟ ਦੇ ਪੁਰਾਣੇ ਮੈਂਬਰਾਂ ਤੇ ਭਾਈ ਬਲਬੀਰ ਸਿੰਘ ਨੂੰ ਆਪਣਾ ਪੱਖ ਸਪਸ਼ਟ ਕਰਨ ਲਈ ਅਕਾਲ ਤਖ਼ਤ ‘ਤੇ ਸੱਦਿਆ ਗਿਆ ਹੈ।