‘ਲਾਈਫ ਆਫ ਪਾਈ’ ਨਾਲ ਤੱਬੂ ਦੀ ਦਸਤਕ

ਲੰਬੇ ਸਮੇਂ ਬਾਅਦ ਤੱਬੂ ਨੇ ਮੁੜ ਦਸਤਕ ਦਿੱਤੀ ਹੈ। ਉਂਜ ਤੱਬੂ ਦਾ ਕਹਿਣਾ ਹੈ ਕਿ ਤਿੰਨ ਸਾਲ ਹੀ ਤਾਂ ਹੋਏ ਹਨ ਪਿਛਲੀ ਫ਼ਿਲਮ ‘ਤੋ ਬਾਤ ਪੱਕੀ’ ਆਈ ਸੀ। ਉਸ ਦਾ ਕਹਿਣਾ ਹੈ ਕਿ ਇਸ ਵਿਚਾਲੇ ਉਸ ਨੂੰ ਲਗਾਤਾਰ ਮੀਡੀਆ ਤੇ ਲੋਕਾਂ ਦੀਆਂ ਨਜ਼ਰਾਂ ਵਿਚ ਬਣੇ ਰਹਿਣ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ। ਤੱਬੂ ਅਨੁਸਾਰ ਉਸ ਨੂੰ ਪਤਾ ਸੀ ਕਿ ਜਦੋਂ ਸਹੀ ਸਮਾਂ ਆਵੇਗਾ, ਕੋਈ ਰੋਲ ਉਸ ਨੂੰ ਮਜਬੂਰ ਕਰ ਦੇਵੇਗਾ ਤੇ ਉਹ ਦਰਸ਼ਕਾਂ ਦੇ ਰੂ-ਬਰੂ ਹੋਵੇਗੀ।
ਤੱਬੂ ਦੀ ਤਾਜ਼ਾ ਫ਼ਿਲਮ ਉਨ੍ਹਾਂ ਦੀ ਸੋਚ ਨੂੰ ਸਹੀ ਸਾਬਤ ਕਰਦੀ ਹੈ। ਆਖਰਕਾਰ ਹਿੰਦੀ ਫ਼ਿਲਮਾਂ ਦੀ ਹਰ ਹੀਰੋਇਨ ਨੂੰ ਆਸਕਰ ਐਵਾਰਡ ਵਿਜੇਤਾ ਆਂਗ ਲੀ ਵਰਗੇ ਫ਼ਿਲਮਕਾਰ ਦੇ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ। ਯਾਨਨ ਮਾਰਟਲੀ ਦੇ ਮੇਨ ਬੁਕਰ ਪ੍ਰਾਈਜ਼ ਜੇਤੂ ਨਾਵਲ ‘ਲਾਈਫ ਆਫ ਪਾਈ’ ਦੇ ਸਿਨੇਮਾ ‘ਤੇ ਉਤਾਰਨ ਲਈ ਤੱਬੂ ਨੇ ਵੀ ਨਾਮੀ ਮੁੱਖ ਕਿਰਦਾਰ ਦੀ ਮਾਂ ਦੀ ਭੂਮਿਕਾ ਨੂੰ ਜਿਊਂਦਾ ਕੀਤਾ ਹੈ।
ਇਸ ਤਰ੍ਹਾਂ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਉਹ ਕੀ ਵਜ੍ਹਾ ਸੀ ਕਿ ਤੱਬੂ ਇਸ ਫ਼ਿਲਮ ਵਿਚ ਕੰਮ ਕਰਨ ਲਈ ਤਿਆਰ ਹੋ ਗਈ ਕਿਉਂਕਿ ਜਿਥੋਂ ਤੱਕ ਰੋਲ ਦੀ ਗੱਲ ਹੈ, ਉਹ ਤੱਬੂ ਵਰਗੀ ਅਭਿਨੇਤਰੀ ਲਈ ਸਹੀ ਨਹੀਂ ਲਗਦਾ। ‘ਦ ਨੇਮਸੇਕ’ ਤੇ ‘ਚਾਂਦਨੀ ਬਾਰ’ ਵਰਗੀਆਂ ਮੀਲ ਦੇ ਪੱਥਰ ਵਾਲੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਅਭਿਨੇਤਰੀ ਦਾ ਕਹਿਣਾ ਹੈ ਕਿ ਆਂਗ ਲੀ ਨੇ ਕੁਝ ਸੋਚ-ਸਮਝ ਕੇ ਹੀ ਉਸ ਨੂੰ ਇਹ ਭੂਮਿਕਾ ਦਿੱਤੀ ਹੋਵੇਗੀ। ਉਂਜ ਫ਼ਿਲਮ ਕਰਨ ਦੀ ਸਭ ਤੋਂ ਵੱਡੀ ਵਜ੍ਹਾ ਆਂਗ ਦਾ ਨਾਂ ਹੈ। ਜਿਥੋਂ ਤੱਕ ਫ਼ਿਲਮ ਦੀ ਕਹਾਣੀ ਦੀ ਗੱਲ ਹੈ, ਉਸ ਨੂੰ ਪਤਾ ਹੈ ਕਿ ਉਹ ਜ਼ਿਆਦਾਤਰ ਪੀ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਉਹ ਫ਼ਿਲਮ ਦੇ ਸ਼ੁਰੂਆਤੀ ਹਿੱਸੇ ਵਿਚ ਹੀ ਆਪਣੇ ਮਾਂ-ਬਾਪ ਨੂੰ ਗਵਾ ਦਿੰਦਾ ਹੈ ਪਰ ਇਸ ਦੇ ਬਾਵਜੂਦ ਉਸ ਦੀ ਮਾਂ ਦਾ ਪ੍ਰਭਾਵ ਝਲਕਦਾ ਰਹਿੰਦਾ ਹੈ। ਪੀ ਇਸ ਫ਼ਿਲਮ ਵਿਚ ਆਪਣੇ ਧਰਮ ਦੀ ਖੋਜ ਕਰਦਾ ਹੈ, ਈਸ਼ਵਰ ਦੇ ਨਾਲ ਆਪਣੇ ਸਬੰਧਾਂ ਦੀ ਭਾਲ ਕਰਦਾ ਹੈ ਤੇ ਸਭ ਤੋਂ ਉੱਚ ਸੱਤਾ ਦੀ ਪੜਤਾਲ ਕਰਦਾ ਹੈ।
ਇਕ ਉਸ ਦੀ ਮਾਂ ਹੈ ਜਿਸ ਨੇ ਹਰ ਕਿਸੇ ਨੂੰ ਲਲਕਾਰਦੇ ਹੋਏ ਉਸੇ ਮਰਦ ਦੇ ਨਾਲ ਵਿਆਹ ਕੀਤਾ ਜਿਸ ਨੂੰ ਉਹ ਪਿਆਰ ਕਰਦੀ ਸੀ। ਇਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਵੀ ਉਸ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਉਸ ਔਰਤ ਦੇ ਅੰਤਸ ਦਾ ਧਰਮ ਬਹੁਤ ਮਜ਼ਬੂਤ ਸੀ। ਇਸ ਦਾ ਪ੍ਰਭਾਵ ਉਸ ਦੇ ਬੇਟੇ ‘ਤੇ ਵੀ ਹੈ, ਕਹਾਣੀ ਪੀ ਦੇ ਜ਼ਰੀਏ ਸਾਹਮਣੇ ਆਉਂਦੀ ਹੈ ਪਰ ਅਸਲ ਵਿਚ ਉਹ ਆਪਣੀ ਮਾਂ ਨੂੰ ਹੀ ਪ੍ਰਗਟ ਕਰ ਰਿਹਾ ਹੁੰਦਾ ਹੈ। ਤੱਬੂ ਬੜੀ ਸਫਾਈ ਨਾਲ ਸਵੀਕਾਰਦੀ ਹੈ ਕਿ ਉਹ ‘ਕ੍ਰਾਊਚਿੰਗ ਟਾਈਗਰ ਹਿਡਨ ਡ੍ਰੈਗਨ’ ਤੇ ‘ਬ੍ਰੋਕਬੇਕ ਮਾਊਂਟੇਨ’ ਵਰਗੀਆਂ ਫ਼ਿਲਮਾਂ ਦੇ ਨਿਰਦੇਸ਼ਕ ਲੀ ਦੀ ਪ੍ਰਤਿਭਾ ਦੀ ਬਹੁਤ ਵੱਡੀ ਪ੍ਰਸੰਸਕ ਹੈ ਤੇ ਉਨ੍ਹਾਂ ਨੂੰ ਸਭ ਤੋਂ ਚੰਗੀ ਗੱਲ ਇਹ ਲਗਦੀ ਹੈ ਕਿ ਇਸ ਨਿਰਦੇਸ਼ਕ ਨੇ ਵੱਖ-ਵੱਖ ਵਿਸ਼ਿਆਂ ‘ਤੇ ਫ਼ਿਲਮਾਂ ਬਣਾਈਆਂ ਹਨ ਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਸਪਰਸ਼ ਵੀ ਦਿੱਤਾ ਹੈ। ਉਹ ਲੀ ਨੂੰ ਇਸ ਤਰ੍ਹਾਂ ਦਾ ਨਿਰਦੇਸ਼ਕ ਮੰਨਦੀ ਹੈ ਜੋ ਆਪਣੇ ਕਲਾਕਾਰਾਂ ਨੂੰ ਉਦੋਂ ਤੱਕ ਪ੍ਰੇਰਿਤ ਕਰਦਾ ਰਹਿੰਦਾ ਹੈ ਜਦੋਂ ਤੱਕ ਉਨ੍ਹਾਂ ਦਾ ਸਭ ਤੋਂ ਵਧੀਆ ਨਿਕਲ ਕੇ ਨਹੀਂ ਆ ਜਾਂਦਾ।
ਉਨ੍ਹਾਂ ਦੀ ਹਰ ਫ਼ਿਲਮ ਬਹੁਤ ਚੰਗੀ ਤੇ ਖਾਸ ਫ਼ਿਲਮ ਹੈ। ਉਸ ਨੂੰ ਪਤਾ ਸੀ ਕਿ ‘ਲਾਈਫ ਆਫ ਪੀ’ ਵੀ ਇਸ ਤਰ੍ਹਾਂ ਦੀ ਹੀ ਫ਼ਿਲਮ ਬਣੇਗੀ ਭਾਵ ਬਹੁਤ ਚੰਗੀ ਤਰ੍ਹਾਂ ਨਾਲ ਬੁਣੀ ਗਈ ਸੰਵੇਦਨਸ਼ੀਲ, ਚੁਣੌਤੀਪੂਰਨ ਤੇ ਖੂਬਸੂਰਤ ਫ਼ਿਲਮ। ਇਹੀ ਵਜ੍ਹਾ ਸੀ ਕਿ ਉਸ ਨੇ ਫ਼ਿਲਮ ਲਈ ਹਾਂ ਕਹਿ ਦਿੱਤੀ। ਇਸ ਤਰ੍ਹਾਂ ਉਹ ਕਈ ਤਰ੍ਹਾਂ ਦੀਆਂ ਪਿੱਠਭੂਮੀਆਂ, ਸੱਭਿਆਚਾਰ ਵਾਲੇ ਲੋਕਾਂ ਨੂੰ ਮਿਲੀ, ਨਵੇਂ ਵਿਚਾਰ ਤੇ ਕਲਪਨਾਵਾਂ ਸਾਂਝੀਆਂ ਕੀਤੀਆਂ। ਇਸ ਤਰ੍ਹਾਂ ਦੇ ਲੋਕਾਂ ਨੂੰ ਮਿਲਣਾ ਹਮੇਸ਼ਾ ਹੀ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਕਰਦਾ ਹੈ। ਲੀ ਨੇ ਉਨ੍ਹਾਂ ਨੂੰ ਤੇ ਇਰਫਾਨ ਖਾਨ ਨੂੰ ‘ਵਿਸ਼ਵ ਸਿਨੇਮਾ ਦੀ ਸੰਪਦਾ’ ਦਾ ਵਿਸ਼ੇਸ਼ਣ ਦਿੱਤਾ। ਤੱਬੂ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਗੱਲ ਦੀ ਸ਼ਿਕਾਇਤ ਨਹੀਂ। ਉਸ ਨੇ ਇਥੇ ਹਿੰਦੀ ਸਿਨੇਮਾ ਦੇ ਬਿਹਤਰੀਨ ਰੋਲ ਕੀਤੇ ਹਨ। ਉਸ ਦਾ ਕਹਿਣਾ ਹੈ ਕਿ ਜੇਕਰ ਉਹ ਇਸ ਤਰ੍ਹਾਂ ਕਹਿੰਦੀ ਹੈ ਕਿ ਉਹ ਖੁਸ਼ ਨਹੀਂ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਅਹਿਸਾਨ-ਫਰਾਮੋਸ਼ੀ ਕਰ ਰਹੀ ਹੈ। ਉਹ ਮੰਨਦੀ ਹੈ ਕਿ ਕਈ ਫ਼ਿਲਮਾਂ ਨੇ ਉਨ੍ਹਾਂ ਦੇ ਕੈਰੀਅਰ ਨੂੰ ਨਵੀਂ ਪਛਾਣ ਦਿੱਤੀ। ਇਨ੍ਹਾਂ ਵਿਚ ‘ਵਿਜੈਪਥ’ (ਪਹਿਲੀ ਫ਼ਿਲਮ ਜਿਸ ਨੇ ਸਟਾਰਡਮ ਦਿੱਤਾ), ‘ਮਾਚਿਸ’, ‘ਚਾਂਦਨੀ ਬਾਰ’, ‘ਬੀਵੀ ਨੰ: ਵੰਨ’, ‘ਹੂ ਤੂ ਤੂ’, ‘ਅਸਤਿਤਵ’, ‘ਮਕਬੂਲ’, ‘ਚੀਨੀ ਕਮ’ ਤੇ ‘ਦ ਨੇਮਸੇਕ’ ਵਰਗੀਆਂ ਫ਼ਿਲਮਾਂ ਹਨ। ਉਸ ਦਾ ਕਹਿਣਾ ਹੈ ਕਿ ਏਨੀਆਂ ਵੱਖਰੀਆਂ ਭੂਮਿਕਾਵਾਂ ਕੀਤੀਆਂ ਹਨ ਹੁਣ ਕੁਝ ਹੋਰ ਵੱਖਰਾ ਨਹੀਂ ਕਰਨਾ। ਹੁਣ ਇੱਛਾ ਇਹੀ ਰਹਿੰਦੀ ਹੈ ਕਿ ਫ਼ਿਲਮ ਦੇ ਨਾਲ ਇਕ ਸੰਪੂਰਨ ਅਨੁਭਵ ਹੋ ਜਾਵੇ।

Be the first to comment

Leave a Reply

Your email address will not be published.