ਕਸ਼ਮੀਰ ਭੇਜੀ ਰਾਹਤ ਸਮੱਗਰੀ ਪੀੜਤਾਂ ਤੱਕ ਨਾ ਪੁੱਜੀ

ਚੰਡੀਗੜ੍ਹ: ਕਸ਼ਮੀਰੀ ਸਿੱਖਾਂ ਨੇ ਦੋਸ਼ ਲਾਇਆ ਹੈ ਕਿ ਹੜ੍ਹ ਨੇ ਉਜਾੜੇ ਲੋਕਾਂ ਨੂੰ ਦੇਸ਼ਾਂ-ਵਿਦੇਸ਼ਾਂ ਵਿਚੋਂ ਸਿੱਖ ਸੰਗਤਾਂ ਵੱਲੋਂ ਭੇਜੀ ਸਾਰੀ ਰਾਹਤ ਸਮੱਗਰੀ ਪੀੜਤਾਂ ਤੱਕ ਨਹੀਂ ਪਹੁੰਚੀ। ਚੰਡੀਗੜ੍ਹ ਦੇ ਸੈਨਿਕ ਰੈਸਟ-ਹਾਊਸ ਵਿਚ ਪੁੱਜੇ ਜੰਮੂ-ਕਸ਼ਮੀਰ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ, ਆਲ ਇੰਡੀਆ ਸਿੱਖ ਵਿਦਿਆਰਥੀ ਐਸੋਸੀਏਸ਼ਨ ਕਸ਼ਮੀਰ ਦੇ ਪ੍ਰਧਾਨ ਜਸਬੀਰ ਸਿੰਘ ਤੇ ਅਕਾਲੀ ਦਲ ਕਸ਼ਮੀਰ ਦੇ ਆਗੂ ਦੀਦਾਰ ਸਿੰਘ ਖਾਲਸਾ ਨੇ ਦੱਸਿਆ ਕਿ ਹੜ੍ਹ ਪੀੜਤਾਂ ਲਈ ਸਿੱਖ ਸੰਗਤਾਂ ਵੱਲੋਂ ਸਰਦ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਭੇਜੇ ਕੋਰੀਅਨ ਕੰਬਲ, ਕਾਲੀਨ, ਜੈਕਟਾਂ, ਪਸ਼ਮੀਨਾ ਸ਼ਾਲ, ਮੱਖਣ ਤੇ ਬੂਟਾਂ ਦੇ ਟਰੱਕ ਕਸ਼ਮੀਰ ਵਿਚ ਪਹੁੰਚੇ ਜ਼ਰੂਰ ਸਨ, ਪਰ ਇਹ ਸਾਮਾਨ ਉਨ੍ਹਾਂ ਬਾਜ਼ਾਰਾਂ ਵਿਚ ਵਿਕਦਾ ਦੇਖਿਆ ਤੇ ਗਰਮ ਕੱਪੜਿਆਂ ਦੇ ਟਰੱਕ ਉਨ੍ਹਾਂ ਖੇਤਰਾਂ ਵਿਚ ਪਹੁੰਚ ਗਏ, ਜਿਥੇ ਹੜ੍ਹ ਨੇ ਮਾਰ ਹੀ ਨਹੀਂ ਮਾਰੀ।
ਕਸ਼ਮੀਰ ਦੇ ਹੜ੍ਹ-ਪੀੜਤ ਸਿੱਖਾਂ ਦੇ ਵਫ਼ਦ ਨੇ ਰੋਸ ਪ੍ਰਗਟ ਕੀਤਾ ਹੈ ਕਿ ਜ਼ਿੰਦਗੀ ਦੀ ਗੱਡੀ ਪਟੜੀ ‘ਤੇ ਲਿਆਉਣ ਲਈ ਉਨ੍ਹਾਂ ਕੋਲ ਨਾ ਤਾਂ ਸਹੀ ਤਰ੍ਹਾਂ ਰਾਸ਼ਨ ਤੇ ਵਸਤਾਂ ਪਹੁੰਚ ਰਹੀਆਂ ਹਨ ਤੇ ਨਾ ਹੀ ਕਿਸੇ ਤਰ੍ਹਾਂ ਦੀ ਸਰਕਾਰੀ ਸਹਾਇਤਾ ਅਜੇ ਮਿਲਣ ਲੱਗੀ ਹੈ।
ਜਿਹੜੀਆਂ ਵੀ ਸਮਾਜਸੇਵੀ ਜਥੇਬੰਦੀਆਂ ਨੇ ਵਿੱਤੀ ਮਦਦ ਦਿੱਤੀ ਹੈ, ਉਹ ਜਾਂ ਤਾਂ ਭਾਈ-ਭਤੀਜਾਵਾਦ ਜਾਂ ਫਿਰ ਆਗਾਮੀ ਵਿਧਾਨ ਸਭਾ ਚੋਣਾਂ ਹੋਣ ਕਾਰਨ ਸਿਆਸਤ ਦੀ ਭੇਟ ਚੜ੍ਹ ਰਹੀ ਹੈ। ਸਿੱਖ ਆਗੂਆਂ ਨੇ ਕਿਹਾ ਕਿ ਉਨ੍ਹਾਂ ਕੋਲ ਸਬੂਤ ਵਜੋਂ ਵੀਡੀਓਜ਼ ਵੀ ਮੌਜੂਦ ਹਨ, ਜਿਨ੍ਹਾਂ ਵਿਚ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਕਈ ਥਾਈਂ ਹੜ੍ਹ ਪੀੜਤਾਂ ਨੂੰ ਰਸਦ ਵੰਡਣ ਵਾਲੇ ਵਿਅਕਤੀ ਹੀ ਟਰੱਕਾਂ ਵਿਚਲੇ ਸਾਮਾਨ ‘ਤੇ ਆਪਣਾ ਹੱਕ ਜਤਾਉਂਦਿਆਂ ਆਪਸ ਵਿਚ ਖਹਿੰਦੇ ਨਜ਼ਰ ਆਉਂਦੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਸੀæਆਰæਪੀæਐਫ਼ ਦੇ ਕੁਝ ਜਵਾਨਾਂ ਨੇ ਵੀ ਰਾਹਤ ਰਾਸ਼ੀ ਗਾਇਬ ਕੀਤੀ।
ਉਨ੍ਹਾਂ ਕਿਹਾ ਕਿ ਕਈ ਖੇਤਰਾਂ ਵਿਚ ਸਿੱਖਾਂ ਦੇ ਤਕਰੀਬਨ 150 ਘਰ ਅਜਿਹੇ ਹਨ, ਜਿਹੜੇ ਕਿ ਪੂਰੀ ਤਰ੍ਹਾਂ ਮਲੀਆ ਮੇਟ ਹੋ ਗਏ ਤੇ ਆਰਥਿਕ ਮੰਦਹਾਲੀ ਛਾ ਜਾਣ ਕਾਰਨ ਸਿੱਖ ਪਰਿਵਾਰ ਮਲਬਾ ਵੀ ਚੁਕਾਉਣ ਤੋਂ ਅਸਮਰੱਥ ਹਨ। ਸਿੱਖ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਸਿੱਖ ਹੜ੍ਹ ਪੀੜਤਾਂ ਵੱਲ ਅਜੇ ਤੱਕ ਕਿਸੇ ਦਾ ਧਿਆਨ ਹੀ ਨਹੀਂ ਗਿਆ, ਉਹ ਹੜ੍ਹ ਪੀੜਤ ਹਨ ਉਥੇ ਕਿਰਾਏ ‘ਤੇ ਰਹਿਣ ਵਾਲੇ ਤਕਰੀਬਨ 500 ਸਿੱਖ ਪਰਿਵਾਰ, ਜਿਨ੍ਹਾਂ ਕੋਲ ਆਪਣਾ ਘਰ ਤਾਂ ਪਹਿਲਾਂ ਹੀ ਨਹੀਂ ਸੀ, ਪਰ ਉਨ੍ਹਾਂ ਕੋਲ ਜੋ ਸਾਮਾਨ ਸੀ ਉਹ ਵੀ ਤਹਿਸ ਨਹਿਸ ਹੋ ਗਿਆ। ਇਸ ਮੌਕੇ ਮੌਜੂਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਹੜ੍ਹ ਪੀੜਤ ਸਿੱਖਾਂ ਦੇ ਮੁੜ ਵਸੇਬੇ ਲਈ ਮਾਲੀ ਮਦਦ ਕਰਨੀ ਚਾਹੀਦੀ ਹੈ।
__________________________________________
ਸ਼੍ਰੋਮਣੀ ਕਮੇਟੀ ਨੇ ਦੋਸ਼ ਨਕਾਰੇ
ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਤੇ ਸਿੱਖ ਸੰਗਤਾਂ ਵੱਲੋਂ ਭੇਜੇ ਟਰੱਕਾਂ ਬਾਰੇ ਤਾਂ ਉਹ ਕੁਝ ਨਹੀਂ ਕਹਿ ਸਕਦੇ, ਪਰ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਹਰ ਟਰੱਕ, ਉਸ ਟਰੱਕ ਵਿਚਲੀ ਰਾਹਤ ਸਮੱਗਰੀ ਤੇ ਉਹ ਸਮੱਗਰੀ ਕਿਹੜੇ ਕਿਹੜੇ ਸਥਾਨ ‘ਤੇ ਵੰਡੀ ਗਈ, ਇਸ ਦਾ ਪੂਰਾ ਰਿਕਾਰਡ ਫੋਟੋਆਂ ਸਹਿਤ ਸ਼੍ਰੋਮਣੀ ਕਮੇਟੀ ਕੋਲ ਹੈ। ਕਮੇਟੀ ਵੱਲੋਂ ਭੇਜੀ ਰਾਹਤ ਸਮੱਗਰੀ ਪੀੜਤਾਂ ਤੋਂ ਬਿਨਾਂ ਹੋਰ ਕਿਸੇ ਕੋਲ ਨਹੀਂ ਜਾਣ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਿੱਖ ਪੀੜਤਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨ ਕੀਤੀ ਗਈ ਤਕਰੀਬਨ ਦੋ ਕਰੋੜ ਰੁਪਏ ਰਾਸ਼ੀ ਵੰਡਣ ਦਾ ਕੰਮ ਅਗਲੇ 5-7 ਦਿਨਾਂ ਵਿਚ ਅਰੰਭ ਦਿੱਤਾ ਜਾਵੇਗਾ।