ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਮਨਾਉਣਾ ਭੁੱਲੀ ਪੰਜਾਬ ਸਰਕਾਰ

ਸੰਗਰੂਰ: ਅਕਾਲੀ-ਭਾਜਪਾ ਸਰਕਾਰ ਇਸ ਵਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਮਨਾਉਣਾ ਹੀ ਭੁੱਲ ਗਈ। ਮੁੱਖ ਮੰਤਰੀ ਵੱਲੋਂ ਹਰ ਵਰ੍ਹੇ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਮਨਾਉਣ ਦੇ ਐਲਾਨ ਸਮੇਂ ਦੀ ਧੂੜ ਵਿਚ ਗੁਆਚ ਗਏ ਹਨ। ਮੁੱਖ ਮੰਤਰੀ ਦੇ ਐਲਾਨ ਨੂੰ 17 ਵਰ੍ਹੇ ਬੀਤਣ ਤੋਂ ਬਾਅਦ ਅਜੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਘੋੜੇ ‘ਤੇ ਸਵਾਰ ਕਾਂਸੀ ਦਾ ਬੁੱਤ ਵੀ ਨਹੀਂ ਲੱਗ ਸਕਿਆ। ਮਿਲੀ ਜਾਣਕਾਰੀ ਮੁਤਾਬਕ ਅਕਾਲੀ ਦਲ ਦੀ ਸਰਕਾਰ ਵੱਲੋਂ ਵੱਖ-ਵੱਖ ਸਮੇਂ ਆਪਣੇ ਕਾਰਜਕਾਲ ਦੌਰਾਨ ਚਾਰ ਵਾਰ 1997, 2001, 2007 ਤੇ 2013 ਵਿਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਉਨ੍ਹਾਂ ਦੇ ਜਨਮ ਸਥਾਨ ਪਿੰਡ ਬਡਰੁੱਖਾਂ ਵਿਚ ਸਰਕਾਰੀ ਤੌਰ ‘ਤੇ ਰਾਜ ਪੱਧਰੀ ਸਮਾਗਮ ਕਰਕੇ ਮਨਾਇਆ ਜਾ ਚੁੱਕਿਆ ਹੈ।
ਸਮਾਗਮਾਂ ਦੌਰਾਨ ਚਾਰ ਵਾਰ ਇਹੋ ਐਲਾਨ ਕੀਤਾ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿਚ ਇਕ ਸੁੰਦਰ ਪਾਰਕ ਬਣਾ ਕੇ ਉਸ ਵਿਚ ਉਨ੍ਹਾਂ ਦਾ ਘੋੜੇ ‘ਤੇ ਸਵਾਰ ਕਾਂਸੀ ਦਾ ਬੁੱਤ ਲਾਇਆ ਜਾਵੇਗਾ ਪਰ 17 ਸਾਲ ਬੀਤਣ ਤੋਂ ਬਾਵਜੂਦ ਇਹ ਬੁੱਤ ਬਡਰੁੱਖਾਂ ਨਹੀਂ ਪੁੱਜ ਸਕਿਆ। ਮੁੱਖ ਮੰਤਰੀ ਵੱਲੋਂ ਹਰ ਵਰ੍ਹੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦੇ ਐਲਾਨ ਵੀ ਸਮੇਂ ਦੀ ਧੂੜ ਵਿਚ ਗੁਆਚ ਗਏ ਹਨ। ਸੰਨ 2007 ਵਿਚ ਮੁੱਖ ਮੰਤਰੀ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਸੀ ਕਿ ਸ਼ੇਰ-ਏ-ਪੰਜਾਬ ਦੀ ਯਾਦ ਵਿਚ ਪਿੰਡ ਬਡਰੁੱਖਾਂ ਵਿਚ ਤਿੰਨ ਕਰੋੜ ਦੀ ਲਾਗਤ ਨਾਲ ਇਕ ਆਦਰਸ਼ ਸਕੂਲ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਸ਼ ਬਾਦਲ ਵੱਲੋਂ ਮੈਡੀਕਲ ਕਾਲਜ ਬਣਾਉਣ ਤੇ ਸ੍ਰੋਮਣੀ ਕਮੇਟੀ ਵੱਲੋਂ ਲੜਕੀਆਂ ਦਾ ਸਕੂਲ ਖੋਲ੍ਹਣ ਦੇ ਐਲਾਨ ਵੀ ਹੋ ਚੁੱਕੇ ਹਨ ਪਰ ਇਹ ਐਲਾਨ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਏ ਹਨ।
ਪਿੰਡ ਦੀ ਸਰਪੰਚ ਬੀਬੀ ਹਰਬੰਸ ਕੌਰ ਦਾ ਕਹਿਣਾ ਹੈ ਕਿ ਸ਼ੇਰ-ਏ-ਪੰਜਾਬ ਯਾਦਗਾਰੀ ਪਾਰਕ ਦੀ ਚਾਰਦੀਵਾਰੀ ਹੋ ਚੁੱਕੀ ਹੈ ਜਿਸ ਵਿਚ ਪਲਾਂਟੇਸ਼ਨ ਤੇ ਹੋਰ ਕੰਮ ਬਾਕੀ ਹੈ। ਇਸ ਤੋਂ ਇਲਾਵਾ ਸ਼ੇਰ-ਏ-ਪੰਜਾਬ ਯਾਦਗਾਰੀ ਸਟੇਡੀਅਮ ਦੀ ਸਿਰਫ਼ ਚਾਰਦੀਵਾਰੀ ਹੋਈ ਹੈ। ਪੰਚਾਇਤ ਦੀ ਮੰਗ ਹੈ ਕਿ ਪਾਰਕ ਤੇ ਸਟੇਡੀਅਮ ਨੂੰ ਮੁਕੰਮਲ ਕਰਨ ਲਈ ਗ੍ਰਾਂਟ ਦਿੱਤੀ ਜਾਵੇ, ਪਾਰਕ ਵਿਚ ਸ਼ੇਰ-ਏ-ਪੰਜਾਬ ਦਾ ਬੁੱਤ ਸਥਾਪਤ ਕੀਤਾ ਜਾਵੇ। ਪਿੰਡ ਵਿਚ ਮੌਜੂਦ ਇਤਿਹਾਸਕ ਕਿਲ੍ਹੇ ਦੇ ਉਸ ਬੁਰਜ ਨੂੰ ਵੀ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਸੰਭਾਲਣ ਦੀ ਲੋੜ ਨਹੀਂ ਸਮਝੀ ਗਈ, ਜਿਸ ਵਿਚ ਇਤਿਹਾਸਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ 13 ਨਵੰਬਰ 1776 ਨੂੰ ਜਨਮ ਹੋਣਾ ਦੱਸਿਆ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਸ਼ੇਰ-ਏ-ਪੰਜਾਬ ਦੀ ਐਸੀ ਆਲੀਸ਼ਾਨ ਯਾਦਗਾਰ ਸਥਾਪਤ ਕੀਤੀ ਜਾਵੇ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸਕ ਵਿਰਸੇ ਤੋਂ ਜਾਣੂ ਕਰਵਾ ਸਕੇ। ਪਿੰਡ ਬਡਰੁੱਖਾਂ ਦੇ ਵਸਨੀਕ ਆਪਣੇ ਪਿੰਡ ਦੀ ਧੀ ਮਾਤਾ ਰਾਜ ਕੌਰ ਦੀ ਕੁੱਖੋਂ ਪੈਦਾ ਹੋਏ ਸਿੱਖ ਕੌਮ ਦੇ ਇਸ ਮਹਾਨ ਯੋਧੇ ਨੂੰ ਕਦੇ ਵੀ ਨਹੀਂ ਭੁੱਲ ਸਕਦੇ।
_________________________________
ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਕਾਰਨ ਨਹੀਂ ਮਨਾਇਆ ਜਨਮ ਦਿਹਾੜਾ: ਢੀਂਡਸਾ
ਸੰਗਰੂਰ: ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਇਸ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੀਨ ਦੌਰੇ ‘ਤੇ ਗਏ ਹੋਣ ਕਾਰਨ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਸਰਕਾਰੀ ਤੌਰ ‘ਤੇ ਨਹੀਂ ਮਨਾਇਆ ਜਾ ਸਕਿਆ ਪਰ ਅਗਲੀ ਵਾਰ ਸਰਕਾਰੀ ਪੱਧਰ ‘ਤੇ ਵੱਡਾ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਸੋਚ ਹੈ ਕਿ ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਪਿੰਡ ਬਡਰੁੱਖਾਂ ਨੂੰ ਮਾਡਲ ਗ੍ਰਾਮ ਵਜੋਂ ਵਿਕਸਿਤ ਕੀਤਾ ਜਾਵੇ। ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਵਾਲੇ ਖੰਡਰ ਹੋਏ ਕਿਲ੍ਹੇ ਦੇ ਬੁਰਜ ਦੀ ਸੰਭਾਲ ਬਾਰੇ ਸ਼ ਢੀਂਡਸਾ ਨੇ ਕਿਹਾ ਕਿ ਇਹ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਨਾਲ ਸਬੰਧਤ ਸਰਦਾਰਾਂ ਦੀ ਨਿੱਜੀ ਜਾਇਦਾਦ ਹੈ, ਜਿਸ ਵਿਚ ਸਰਕਾਰ ਕੋਈ ਦਖ਼ਲ ਨਹੀਂ ਦੇ ਸਕਦੀ। ਇਸ ਬਾਰੇ ਕਿਲ੍ਹੇ ਦੇ ਮਾਲਕਾਂ ਨਾਲ ਸਰਕਾਰੀ ਪੱਧਰ ‘ਤੇ ਗੱਲ ਵੀ ਕੀਤੀ ਸੀ ਪਰ ਉਨ੍ਹਾਂ ਨੇ ਕੋਈ ਹਾਮੀ ਨਹੀਂ ਭਰੀ।