1984 ਨੂੰ ਯਾਦ ਕਰਦਿਆਂ…

ਐਡਵੋਕੇਟ ਨੰਦਿਤਾ ਹਕਸਰ ਉਸ ਟੀਮ ਵਿਚ ਸ਼ਾਮਲ ਸੀ ਜਿਸ ਨੇ ਕਤਲੇਆਮ-84 ਸਬੰਧੀ ਅਹਿਮ ਤੱਥ-ਖੋਜ ਰਿਪੋਰਟ ‘ਹੂ ਆਰ ਦਿ ਗਿਲਟੀ?’ ਤਿਆਰ ਕੀਤੀ ਸੀ। ਬਾਅਦ ਵਿਚ ਇਹ ਰਿਪੋਰਟ ‘ਦੋਸ਼ੀ ਕੌਣ’ ਦੇ ਸਿਰਲੇਖ ਹੇਠ ਪੰਜਾਬੀ ਵਿਚ ਵੀ ਛਾਪੀ ਗਈ। ਇਸ ਰਿਪੋਰਟ ਉਤੇ ਉਦੋਂ ਪਾਬੰਦੀ ਲਾ ਦਿੱਤੀ ਗਈ ਸੀ ਜੋ ਅੱਜ ਤੱਕ ਜਾਰੀ ਹੈ। ਇਹ ਰਿਪੋਰਟ ਸਿੱਖ ਜਥੇਬੰਦੀਆਂ ਨੇ ਵੀ ਬੜੇ ਵਸੀਹ ਪੱਧਰ ਉਤੇ ਛਾਪੀ ਅਤੇ ਵੰਡੀ। ਨੰਦਿਤਾ ਵੱਲੋਂ ਹਾਲ ਹੀ ਲਿਖਿਆ ਇਹ ਲੇਖ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ ਤਾਂ ਕਿ ਪਤਾ ਲੱਗ ਸਕੇ ਕਿ ਉਸ ਵਕਤ ਸਰਬੱਤ ਦੇ ਭਲੇ ਨੂੰ ਪ੍ਰਨਾਏ ਲੋਕਾਂ ਨੇ ਕਿਨ੍ਹਾਂ ਹਾਲਾਤ ਵਿਚ ਕੰਮ ਕੀਤਾ। ਇਸ ਲੇਖ ਦਾ ਤਰਜਮਾ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ

ਨੰਦਿਤਾ ਹਕਸਰ
> ਜਿਸ ਪਲ ਮੈਂ ਸੁਣਿਆ ਕਿ ਇੰਦਰਾ ਗਾਂਧੀ ਦਾ ਕਤਲ ਹੋ ਗਿਆ, ਮੈਂ ਉਮੀਦ ਕੀਤੀ ਕਿ ਕਾਤਲ ਸਿੱਖ ਨਹੀਂ। ਮੇਰੇ ਮਾਂ-ਪਿਉ ਦਾ ਕਹਿਣਾ ਸੀ ਕਿ ਜਦੋਂ ਪਹਿਲੀ ਦਫ਼ਾ ਉਨ੍ਹਾਂ ਨੇ ਖ਼ਬਰ ਸੁਣੀ, ਤਾਂ ਉਨ੍ਹਾਂ ਉਮੀਦ ਕੀਤੀ ਕਿ ਕਾਤਲ ਮੁਸਲਮਾਨ ਨਹੀਂ। ਅਸੀਂ ਅਜੀਬ ਮੁਲਕ ਵਿਚ ਰਹਿ ਰਹੇ ਹਾਂ! ਜਦੋਂ ਸਾਡੇ ਆਗੂਆਂ ਦਾ ਕਤਲ ਹੋ ਜਾਂਦਾ ਹੈ, ਅਸੀਂ ਉਮੀਦ ਕਰਦੇ ਹਾਂ ਕਿ ਕਾਤਲ ਘੱਟ-ਗਿਣਤੀ ਭਾਈਚਾਰੇ ਵਿਚੋਂ ਨਹੀਂ। ਘੱਟੋ-ਘੱਟ ਸਾਡੇ ਵਿਚੋਂ ਉਹ ਤਾਂ ਇਹ ਉਮੀਦ ਕਰਦੇ ਹੀ ਹਨ ਜੋ ਚਾਹੁੰਦੇ ਹਨ ਕਿ ਹਿੰਦੁਸਤਾਨ ਸਾਰੇ ਭਾਈਚਾਰਿਆਂ ਦਾ ਹੋਵੇ।
> ਅਗਲੀ ਸਵੇਰ ਮੈਂ ਦੇਖਿਆ ਕਿ ਮੁਨੀਰਕਾ ਵਿਚ ਮੇਰੇ ਘਰ ਦੇ ਸਾਹਮਣੇ ਵਾਲੇ ਗੁਰੂ ਹਰਕਿਸ਼ਨ ਸਕੂਲ ਵਿਚ ਭਾਂਬੜ ਮਚੇ ਹੋਏ ਸਨ। ਕਾਲੋਨੀ ਦਾ ਨਿੱਕਾ ਜਿਹਾ ਹਜੂਮ ਖੜ੍ਹਾ ਦੇਖ ਰਿਹਾ ਹੈ ਅਤੇ ਕੋਈ ਜਣਾ ਕਹਿ ਰਿਹਾ ਸੀ: “ਉਥੇ ਅੰਦਰ ਸ਼ਾਇਦ ਬੱਚੇ ਹੋਣ।” ਫਿਰ ਮੇਰੇ ਅੱਗੇ ਖੜ੍ਹੇ ਇਕ ਨੌਜਵਾਨ ਨੇ ਕਿਹਾ, “ਆਂਟੀ ਆਓ ਜਾ ਕੇ ਦੇਖਦੇ ਹਾਂ।” ਮੈਂ ਨਹੀਂ ਜਾਣਦੀ ਹੋਰ ਪੰਜ ਬੰਦ ਕੌਣ ਸਨ, ਪਰ ਅਸੀਂ ਭੱਜਦੇ ਹੋਏ ਖੇਤ ਪਾਰ ਕਰ ਕੇ ਸਕੂਲ ਜਾ ਪਹੁੰਚੇ। ਉਥੇ ਪੁਲਿਸ ਦੀ ਭਰੀ ਜੀਪ ਖੜ੍ਹੀ ਦੇਖ ਕੇ ਰਾਹਤ ਮਹਿਸੂਸ ਹੋਈ, ਪਰ ਸਾਡੇ ਪਹੁੰਚਣ ਸਾਰ ਉਹ ਸੜਦਾ ਸਕੂਲ ਅਤੇ ਕਮਰੇ ਵਿਚ ਘਿਰੇ ਸਿੱਖਾਂ ਨੂੰ ਛੱਡ ਕੇ ਤੁਰਦੇ ਬਣੇ। ਮੁਨੀਰਕਾ ਪਿੰਡ ਵਲੋਂ ਹਿੰਸਕ ਹਜੂਮ ਸਾਡੇ ਵੱਲ ਆ ਰਿਹਾ ਸੀ।
> ਮੈਂ ਕਮਰੇ ਵਿਚ ਛੁਪੇ ਸਿੱਖਾਂ ਨੂੰ ਕਿਹਾ ਕਿ ਬਾਹਰ ਆ ਜਾਓ, ਅਸੀਂ ਤੁਹਾਨੂੰ ਮਹਿਫੂਜ਼ ਜਗ੍ਹਾ ਲੈ ਜਾਵਾਂਗੇ। ਇਕ ਬੰਦੇ ਨੇ ਮੈਨੂੰ ਕਿਹਾ ਕਿ ਆਪਣੇ ਘਰ ਦੀ ਕੁੰਜੀ ਦੇ ਦਿਓ। ਉਹ ਜਾਟ ਸੀ। ਕੁੰਜੀ ਉਸ ਦੇ ਹੱਥ ਫੜਾ ਕੇ ਮੈਂ ਉਸ ਨੂੰ ਆਪਣਾ ਫਲੈਟ ਨੰਬਰ ਦੱਸ ਦਿੱਤਾ ਅਤੇ ਉਹ ਸਕੂਲ ਅਧਿਆਪਕਾਂ ਨੂੰ ਨਾਲ ਲੈ ਗਿਆ। ਇਕ ਕਮਰੇ ਵਿਚ ਵ੍ਹੀਲਚੇਅਰ ਉਪਰ ਬਜ਼ੁਰਗ ਅਤੇ ਉਸ ਦੀ ਪੋਤੀ ਤੇ ਉਸ ਦਾ ਪਤੀ ਲੁਕੇ ਹੋਏ ਸਨ। ਮੈਂ ਨੌਜਵਾਨ ਜੋੜੇ ਨੂੰ ਚਲੇ ਜਾਣ ਲਈ ਕਿਹਾ, ਪਰ ਉਹ ਆਪਣੇ ਦਾਦੇ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਸਨ। ਮੈਂ ਉਨ੍ਹਾਂ ਨੂੰ ਛੱਡ ਕੇ ਚਲੀ ਗਈ। ਜਦੋਂ ਵਾਹੋ-ਦਾਹੀ ਵਾਪਸ ਆ ਰਹੀ ਸਾਂ ਤਾਂ ਇਕ ਮੁਟਿਆਰ ਆਪਣਾ ਬੱਚਾ ਮੈਨੂੰ ਫੜਾ ਕੇ ਕਹਿਣ ਲੱਗੀ, ਕਿ ਸਕੂਲ ਦੀ ਦੇਖ-ਭਾਲ ਕਰਨ ਲਈ ਉਸ ਦੀ ਲੋੜ ਹੈ। ਬੱਚਾ ਲੈ ਕੇ ਮੈਂ ਆਪਣੇ ਫਲੈਟ ਵਿਚ ਆ ਗਈ। ਉਥੇ ਸਿੱਖ ਸ਼ਾਂਤ ਬੈਠੇ ਸਨ। ਮੈਂ ਉਸ ਜਾਟ ਜਾਂ ਬੱਚਾ ਫੜਾਉਣ ਵਾਲੀ ਮੁਟਿਆਰ ਦਾ ਨਾਂ ਤੱਕ ਨਹੀਂ ਜਾਣਦੀ।
> ਇਕ ਨੌਜਵਾਨ ਜੋ ਸਾਡੀ ਕਾਲੋਨੀ ਦਾ ਨਹੀਂ ਸੀ, ਝੱਟ ਵ੍ਹੀਲਚੇਅਰ ਵਾਲੇ ਬਜ਼ੁਰਗ ਨੂੰ ਲੈ ਆਇਆ ਤੇ ਨੌਜਵਾਨ ਜੋੜੀ ਸਾਡੇ ਨਾਲ ਆ ਰਲੀ। ਇਕ ਹੋਰ ਨੌਜਵਾਨ ਪ੍ਰਿੰਸੀਪਲ ਦੇ ਘਰ ਗਿਆ ਹੋਇਆ ਸੀ ਜੋ ਘਰ ਦੇ ਅੰਦਰ ਬੰਦ ਸੀ। ਦਰਵਾਜ਼ੇ ਨੂੰ ਤਾਲਾ ਸੀ। ਇਹ ਦੇਖ ਕੇ ਨੌਜਵਾਨ ਨੇ ਨੰਗੇ ਹੱਥਾਂ ਨਾਲ ਹੀ ਸ਼ੀਸ਼ਾ ਭੰਨ ਦਿੱਤਾ। ਪ੍ਰਿੰਸੀਪਲ ਅਤੇ ਉਸ ਨੂੰ ਬਚਾਉਣ ਗਿਆ ਨੌਜਵਾਨ, ਦੋਵੇਂ ਸਾਡੇ ਨਾਲ ਆ ਰਲੇ।
> ਫੌਜ ਦੀ ਵਰਦੀ ਪਾਈ ਇਕ ਆਦਮੀ ਮੇਰੇ ਕੋਲ ਆ ਕੇ ਚੀਕਿਆ, “ਤੁਸੀਂ ਸਿੱਖਾਂ ਨੂੰ ਇਥੇ ਲਿਆ ਕੇ ਪੂਰੀ ਕਾਲੋਨੀ ਖ਼ਤਰੇ ‘ਚ ਪਾ ਦਿੱਤੀ ਹੈ।” ਮੈਂ ਕਿਹਾ ਕਿ ਜੇ ਉਸ ਨੂੰ ਇਹੀ ਆਪਣਾ ਦੇਸ਼ ਭਗਤ ਫਰਜ਼ ਲੱਗਦਾ ਹੈ ਤਾਂ ਸਾਰੇ ਸਿੱਖਾਂ ਸਣੇ ਮੇਰਾ ਫਲੈਟ ਫੂਕ ਦੇਵੇ। ਅਸੀਂ ਕਾਲੋਨੀ ਦੇ ਲੋਕਾਂ ਨੂੰ ਕਿਹਾ ਕਿ ਆਪਣੇ ਘਰ ਇਕ ਟੱਬਰ ਨੂੰ ਪਨਾਹ ਦੇ ਦਿਓ। ਔਰਤਾਂ ਤਾਂ ਬਹੁਤ ਚਾਹੁੰਦੀਆਂ ਸਨ; ਪਰ ਆਦਮੀ ਕਹਿਣ ਲੱਗੇ ਕਿ ਉਹ ਸਿਰਫ ਔਰਤਾਂ ਤੇ ਬੱਚਿਆਂ ਨੂੰ ਹੀ ਰੱਖਣਗੇ।
ਅਸੀਂ ਸਿੱਖਾਂ ਨੂੰ ਕਾਰ ਦੀਆਂ ਪਿਛਲੀਆਂ ਸੀਟਾਂ ‘ਤੇ ਬਿਠਾ, ਕੰਬਲ ਨਾਲ ਢੱਕ ਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਲੈ ਗਏ। ਸਾਡੀ ਕਾਲੋਨੀ ਵਿਚ ਵੀ ਕੁਝ ਟੱਬਰ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਆਪਣੇ ਘਰ ਰੱਖਿਆ। ਕਰਨਾਟਕ ਤੋਂ ਇਕ ਬ੍ਰਾਹਮਣ ਟੱਬਰ ਨੇ ਆਪਣੇ ਘਰ ਇਕ ਟੱਬਰ ਰੱਖਿਆ। ਮਾਂ ਨੇ ਤਾਂ ਸਿੱਖ ਗੱਭਰੂ ਦੇ ਕੇਸ ਵੀ ਕੱਟ ਦਿੱਤੇ, ਹਾਲਾਂਕਿ ਇਹ ਮਰਿਆਦਾ ਦੇ ਖਿਲਾਫ ਸੀ। ਉਹ ਦਿੱਲੀ ਹਾਈ ਕੋਰਟ ਦੇ ਇਕ ਭਵਿੱਖੀ ਜੱਜ ਦੀ ਮਾਂ ਸੀ। ਭਵਿੱਖੀ ਜੱਜ ਉਨ੍ਹਾਂ ਪੰਜ ਜਣਿਆਂ ਵਿਚੋਂ ਸੀ ਜੋ ਸਾਡੇ ਨਾਲ ਬਚਾਓ ਕਾਰਜ ਲਈ ਨਿੱਤਰੇ ਸਨ।
> ਮੈਨੂੰ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ (ਪੀæਯੂæਡੀæਆਰæ) ਦੇ ਮੈਂਬਰ ਸੁਮਾਂਤੋ ਬੈਨਰਜੀ ਦਾ ਫ਼ੋਨ ਆਇਆ। ਉਹਨੇ ਮੈਨੂੰ ਪੰਚਸ਼ੀਲ ਐਨਕਲੇਵ ਆਉਣ ਲਈ ਕਿਹਾ ਜਿਥੇ ਹੋਰ ਕਾਰਕੁਨਾਂ ਨਾਲ ਮੀਟਿੰਗ ਸੀ।
“ਪਰ ਉਥੇ ਤਾਂ ਕਰਫਿਊ ਲੱਗਿਐ।”
“ਕਰਫਿਊ ਤੁਹਾਨੂੰ ਕੁਝ ਕਰਨ ਤੋਂ ਕਿਵੇਂ ਡੱਕ ਸਕਦਾ ਏ?”
ਮੈਂ ਉਸ ਮਕਾਨ ‘ਚ ਪਹੁੰਚ ਗਈ। ਇਹ ਕਾਰਕੁਨਾਂ ਦਾ ਨਿੱਕਾ ਜਿਹਾ ਗਰੁਪ ਸੀ ਜਿਸ ਨੂੰ ਛੇਤੀ ਹੀ ਨਾਗਰਿਕ ਏਕਤਾ ਮੰਚ ਕਿਹਾ ਜਾਣ ਲੱਗਿਆ। ਹਰ ਕੋਈ ਮਹਿਸੂਸ ਕਰਦਾ ਸੀ ਕਿ ਸਾਨੂੰ ਵਿਰੋਧੀ ਧਿਰ ਦੇ ਆਗੂਆਂ ਨੂੰ ਮਿਲਣਾ ਚਾਹੀਦਾ ਹੈ। ਸ਼ਾਇਦ ਉਹ ਸਿੱਖਾਂ ਦਾ ਕਤਲੇਆਮ ਰੋਕਣ ਲਈ ਫੌਜ ਭੇਜਣ ‘ਚ ਸਹਾਇਤਾ ਕਰ ਸਕਣ। ਸੁਮਾਂਤੋ ਨੇ ਸਿੱਖਾਂ ਨੂੰ ਜਿਉਂਦੇ ਸਾੜੇ ਜਾਂਦੇ ਅੱਖੀਂ ਦੇਖਿਆ ਸੀ।
> ਅਸੀਂ ਪੰਜ ਜਣੇ ਕਾਰ ‘ਚ ਬੈਠ ਕੇ ਵਿਠਲ ਭਾਈ ਪਟੇਲ ਭਵਨ ਜਾ ਪਹੁੰਚੇ। ਉਥੇ ਵਿਰੋਧੀ ਧਿਰ ਦੇ ਆਗੂ ਜੁੜੇ ਬੈਠੇ ਸਨ। ਉਹ ਹੈਰਾਨ-ਪ੍ਰੇਸ਼ਾਨ ਸਨ ਕਿ ਕੀ ਕੀਤਾ ਜਾ ਸਕਦਾ ਸੀ। ਸੁਮਾਂਤੋ ਅਤੇ ਹੋਰਾਂ (ਮੈਂ ਨਾਂ ਭੁੱਲ ਗਈ) ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਘਰ ਜਾ ਕੇ ਫ਼ੌਜ ਭੇਜਣ ਦੀ ਮੰਗ ਕਰਨੀ ਚਾਹੀਦੀ ਹੈ। ਨਹੀਂ ਤਾਂ ਸਾਨੂੰ ਖ਼ੁਦ ਸਾੜ-ਫੂਕ ਬੰਦ ਕਰਨੀ ਚਾਹੀਦੀ ਹੈ। ਉਹ ਪੂਰਾ ਗੰਭੀਰ ਸੀ। ਇਕ ਆਗੂ, ਮੈਂ ਸੋਚਦੀ ਹਾਂ ਇਹ ਦੰਡਵਤੇ (ਮਧੂ) ਸੀ, ਸਾਡੀ ਕਾਰ ਵਿਚ ਬੈਠ ਗਏ। ਸੁਮਾਂਤੋ ਨੇ ਜ਼ੋਰ ਪਾਇਆ ਕਿ ਮੈਂ ਅਗਲੀ ਸੀਟ ‘ਤੇ ਬੈਠਾਂ ਅਤੇ ਉਨ੍ਹਾਂ ਨੂੰ ਸੁਰੱਖਿਆ ਵਿਚੋਂ ਲੰਘਾ ਕੇ ਅੰਦਰ ਲੈ ਜਾਵਾਂ। ਮੇਰਾ ਬਾਪ (ਪੀæਐਨæ ਹਕਸਰ) ਇੰਦਰਾ ਗਾਂਧੀ ਦਾ ਸਕੱਤਰ ਸੀ। ਉਸ ਵਕਤ ਉਹ ਤੇ ਮੇਰੀ ਮਾਂ ਕਿਸੇ ਖੁਫੀਆ ਮਿਸ਼ਨ ‘ਤੇ ਚੀਨ ਗਏ ਹੋਏ ਸਨ। ਅਸੀਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚੇ, ਸੁਰੱਖਿਆ ਮੁਲਾਜ਼ਮਾਂ ਨੇ ਸਾਨੂੰ ਅੰਦਰ ਜਾਣ ਦਿੱਤਾ। ਉਨ੍ਹਾਂ ਸੋਚਿਆ ਹੋਵੇਗਾ ਕਿ ਅਫਸੋਸ ਕਰਨ ਆਈ ਹੈ। ਮੈਂ ਅਰੁਣ ਨਹਿਰੂ ਨੂੰ ਮਿਲੀ।
“ਮਿਸਟਰ ਨਹਿਰੂ, ਮੈਂ ਨੰਦਿਤਾ ਹਕਸਰ ਹਾਂ। ਜੇ ਤੁਸੀਂ ਪੱਛਮੀ ਦਿੱਲੀ ਵਿਚ ਫੌਜ ਨਹੀਂ ਭੇਜਦੇ ਤਾਂ ਸਾੜ-ਫੂਕ ਅਸੀਂ ਰੋਕਾਂਗੇ।”
ਅਰੁਣ ਨਹਿਰੂ ਨੇ ਕਿਹਾ- ਉਹ ਫੌਜ ਭੇਜੇਗਾ। ਸਾਡੇ ਵਿਚੋਂ ਕਿਸੇ ਨੇ ਵੀ ਸਵਾਲ ਨਹੀਂ ਕੀਤਾ ਕਿ ਮਹਿਜ਼ ਇਕ ਐਮæਪੀæ ਕੋਲ ਇਹ ਤਾਕਤ ਕਿਵੇਂ ਸੀ! ਪਰ ਫ਼ੌਜ ਉਦੋਂ ਭੇਜੀ ਗਈ ਜਦੋਂ ਅਸੀਂ ਤ੍ਰਿਲੋਕਪੁਰੀ ਪਹੁੰਚੇ।
> ਅਸੀਂ ਫਰਸ਼ ਬਾਜ਼ਾਰ ਥਾਣੇ ਪਹੁੰਚੇ। ਇਹੀ ਇਕ ਥਾਣਾ ਸੀ ਜਿਥੇ ਬਚਾਓ ਅਤੇ ਰਾਹਤ ਕਾਰਜ ਵਿਚ ਗੰਭੀਰਤਾ ਦਿਖਾਈ ਗਈ। ਉਥੇ ਰਾਹਤ ਕੈਂਪ ਬਣਾਇਆ ਗਿਆ ਸੀ।
ਕਿਸੇ ਨੇ ਸੁਝਾਓ ਦਿੱਤਾ ਕਿ ਅਸੀਂ ਸਿੱਖਾਂ ਨੂੰ ਚਾਹ ਬਣਾ ਕੇ ਪਿਆਈਏ ਜੋ ਸਦਮੇ ‘ਚ ਸਨ।
ਇਕ ਔਰਤ ਕਾਰ ‘ਚ ਮੈਨੂੰ ਸਾਊਥ ਐਕਸਟੈਂਸ਼ਨ ਲੈ ਗਈ ਜਿਥੇ ਇਕ ਟੈਂਟ ਵਾਲਾ ਉਹਦਾ ਜਾਣੂੰ ਸੀ। ਉਹਨੇ ਦੁਕਾਨ ਖੋਲ੍ਹ ਕੇ ਸਾਨੂੰ ਦੇਗ਼ਚੀ ਦਿੱਤੀ। ਫਿਰ ਉਹਨੇ ਪਤਾਸੇ ਖ਼ਰੀਦੇ, ਰਾਸ਼ਨ ਦੀ ਕੋਈ ਦੁਕਾਨ ਖੁੱਲ੍ਹੀ ਨਹੀਂ ਸੀ ਲੱਭੀ ਜਿੱਥੋਂ ਖੰਡ ਲੈਂਦੀਆਂ। ਦੁੱਧ ਵੀ ਖ਼ਰੀਦ ਲਿਆ।
ਮੈਂ ਚਾਹ ਬਣਾਉਣ ਲੱਗ ਗਈ। ਪਾਣੀ ਉਬਲ ਰਿਹਾ ਸੀ ਅਤੇ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਸ ਵਿਚ ਕਿੰਨੀ ਚਾਹ ਪੱਤੀ ਪਾਵਾਂ। ਮੇਰੇ ਚਾਹ ਦਾ ਪੈਕਟ ਖਾਲੀ ਕਰਨ ਤੋਂ ਪਹਿਲਾਂ ਹੀ ਇਕ ਸਰਦਾਰ ਬੋਲ ਪਿਆ, “ਤੁਸੀਂ ਇਸ ਨੂੰ ਕਿਵੇਂ ਉਬਾਲੋਗੇ?”
ਉਨ੍ਹਾਂ ਨੇ ਮੈਨੂੰ ਦੁਪੱਟਾ ਲੈ ਕੇ ਇਸ ਵਿਚ ਚਾਹ ਪੱਤੀ ਬੰਨ੍ਹ ਕੇ ਪਾਉਣ ਦੀ ਜੁਗਤ ਦੱਸੀ। ਟੀ ਬੈਗ!æææਫਿਰ ਮੈਂ ਪੁੱਛਿਆ, ਕਿੰਨਾ ਦੁੱਧ ਪਾਵਾਂ?
ਲਿਸ਼ਕਦੀਆਂ ਅੱਖਾਂ ਵਾਲਾ ਇਕ ਨੌਜਵਾਨ ਬੋਲਿਆ, “ਇਹ ਤਾਂ ਤੁਸੀਂ ਇਕ ਕੱਪ ਚਾਹ ਬਣਾਈ ਹੈ, ਇਹ ਸੌ ਬੰਦਿਆਂ ਜੋਗੀ ਨਹੀਂ। ਦੋ ਬਾਲਟੀਆਂ ਪਾ ਦਿਓæææ।”
ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਭਿਆਨਕ ਮੌਤ ਦੇ ਮੂੰਹੋਂ ਬਚੇ ਇਹ ਨੌਜਵਾਨ ਘੰਟੇ ਕੁ ਬਾਅਦ ਹੀ ਇੰਜ ਹੱਸ-ਖੇਡ ਸਕਦੇ ਸਨ। ਇਹ ਮੇਰੇ ਲਈ ਸਿੱਖ ਭਾਈਚਾਰੇ ਦੇ ਮਸ਼ਹੂਰ ਜਜ਼ਬੇ ਦੀ ਪਹਿਲੀ ਝਲਕ ਸੀ।
> ਵੱਖੋ-ਵੱਖਰੀਆਂ ਐਨæਜੀæਓਜ਼æ ਦੇ ਕਾਰਕੁਨਾਂ ਨੇ ਸਾਨੂੰ, ਮਨੁੱਖੀ ਅਧਿਕਾਰ ਕਾਰਕੁਨਾਂ ਨੂੰ, ਰਾਹਤ ਦਾ ਕੰਮ ਉਨ੍ਹਾਂ ਜ਼ਿੰਮੇ ਛੱਡ ਕੇ ਤੱਥ ਖੋਜਣ ਲਈ ਕਿਹਾ। ਤਿੰਨ ਤੱਥ-ਖੋਜ ਟੋਲੀਆਂ ਬਣਾਈਆਂ ਗਈਆਂ। ਸਾਡੇ ਵਾਲੀ ਟੋਲੀ ਪੀæਯੂæਡੀæਆਰæ (ਨੁਮਾਇੰਦੇ ਸੁਮਾਂਤੋ ਬੈਨਰਜੀ ਅਤੇ ਮੈਂ) ਅਤੇ ਪੀæਯੂæਸੀæਐਲ਼ (ਨੁਮਾਇੰਦੇ ਦਿਨੇਸ਼ ਮੋਹਣ ਅਤੇ ਸਮਿਤੂ ਕੋਠਾਰੀ) ਦੀ ਸਾਂਝੀ ਟੋਲੀ ਸੀ।
ਅਸੀਂ ਅਗਾਂਹ ਦੋ ਟੋਲੀਆਂ ਬਣਾ ਲਈਆਂ ਅਤੇ ਮੈਂ ਦਿਨੇਸ਼ ਮੋਹਣ ਦੇ ਨਾਲ ਸੀ ਜੋ ਆਈæਆਈæਟੀæ ਤੋਂ ਸੀ। ਅਸੀਂ ਤੱਥ-ਖੋਜ ਸ਼ੁਰੂ ਕੀਤੀ, ਤਾਂ ਪਤਾ ਲੱਗਿਆ ਕਿ ਸ਼ਹਿਰ ਨੂੰ ਕਿਸ ਕਦਰ ਸਾੜਿਆ ਗਿਆ ਸੀ! ਪੂਰੀ ਮੁਹਾਰਤ ਅਤੇ ਮਿੱਟੀ ਦੇ ਤੇਲ ਜਾਂ ਗੰਧਕ ਦੀ ਸਪਲਾਈ ਤੋਂ ਬਿਨਾਂ ਇਸ ਤਰ੍ਹਾਂ ਦੀ ਸਾੜ-ਫੂਕ ਸੰਭਵ ਨਹੀਂ ਸੀ। ਸਵਾਲ ਸੀ ਕਿ ਦੁਕਾਨਾਂ ਬੰਦ ਹੁੰਦਿਆਂ ਵੀ ਇਹ ਕਿਵੇਂ ਹਾਸਲ ਕੀਤਾ ਗਿਆ?
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਰਜਿਸਟਰ ਚੁੱਕੀ, ਸਿੱਖਾਂ ਦੇ ਘਰਾਂ ਦੀ ਸ਼ਨਾਖਤ ਕਰਦੇ ਕਾਂਗਰਸੀ ਆਗੂ ਖ਼ੁਦ ਦੇਖੇ। ਦੱਖਣੀ ਦਿੱਲੀ ਦੀਆਂ ਧਨਾਢ ਕਲੋਨੀਆਂ ਵਿਚ ਵੱਡੇ-ਵੱਡੇ ਕੰਕਰੀਟ ਦੇ ਢਾਂਚੇ ਇਸੇ ਤਰ੍ਹਾਂ ਸਾੜੇ ਗਏ। ਗੁਰਦੁਆਰੇ ਵੀ ਸੀਨੀਅਰ ਕਾਂਗਰਸੀ ਆਗੂਆਂ ਦੀ ਅਗਵਾਈ ਹੇਠਲੇ ਹਜੂਮ ਦਾ ਨਿਸ਼ਾਨਾ ਸਨ।
ਅਸੀਂ ਇੰਦਰ ਗੁਜਰਾਲ ਨੂੰ ਉਸ ਦੇ ਘਰ ਮਿਲੇ। ਮੈਂ ਪੁੱਛਿਆ, ਇਹ ਸੱਚ ਸੀ ਕਿ ਇਹ ਕਤਲੋਗ਼ਾਰਤ ਅਤੇ ਅੱਗਜ਼ਨੀ ਚੋਟੀ ਦੀ ਕਾਂਗਰਸ ਲੀਡਰਸ਼ਿਪ ਦੀ ਮਨਜ਼ੂਰੀ ਨਾਲ ਕੀਤੀ ਗਈ ਸੀ? ਉਸ ਦੀ ਗ਼ਮਗੀਨ ਤੱਕਣੀ ਇਸ ਦਾ ਜਵਾਬ ਸੀ।
> ਉਸ ਰਾਤ ਪੀæਯੂæਡੀæਆਰæ ਦੀ ਸਮੁੱਚੀ ਟੋਲੀ ਪ੍ਰੈਸ ਐਨਕਲੇਵ ਵਿਚ ਸੁਮਾਂਤੋ ਦੇ ਘਰ ਜੁੜੀ। ਭਖਵੀਂ ਬਹਿਸ ਹੋਈ ਕਿ ਲੋਕਾਂ ਨੇ ਸਾਡੇ ਨਾਲ ਗੱਲ ਕਰਦਿਆਂ ਜਿਨ੍ਹਾਂ ਕਾਂਗਰਸੀ ਆਗੂਆਂ ਦੇ ਨਾਂ ਲਏ ਸਨ, ਉਹ ਛਾਪ ਦਿੱਤੇ ਜਾਣ ਜਾਂ ਨਾ। ਕੁਝ ਮੈਂਬਰ ਮਹਿਸੂਸ ਕਰਦੇ ਸਨ ਕਿ ਨਾਂ ਲੈ ਕੇ ਅਸੀਂ ਆਪਣੇ ਪ੍ਰਧਾਨ ਗੋਵਿੰਦ ਮੁਖੌਟੀ ਦੀ ਜਾਨ ਖ਼ਤਰੇ ਵਿਚ ਪਾ ਦਿਆਂਗੇ। ਪਹਿਲਾਂ ਹੀ ਉਸ ਦੀ ਕਾਰ ਨੂੰ ਰਹੱਸਮਈ ਢੰਗ ਨਾਲ ਅੱਗ ਲਾ ਦਿੱਤੀ ਗਈ ਸੀ। ਮੁਨੀਰਕਾ ਟੋਕਾਸ ਦੇ ਸਥਾਨਕ ਆਗੂ ਨੇ ਮੇਰੇ ਪਿੱਛੇ ਆਪਣੇ ਬੰਦੇ ਲਾਏ ਹੋਏ ਸਨ।
ਇਕ ਹੋਰ ਪੱਖ ਵੀ ਵਿਚਾਰਿਆ ਗਿਆ। ਸਿੱਖ ਸਾਡੀ ਰਿਪੋਰਟ ਨੂੰ ਹਿੱਟ ਲਿਸਟ ਬਣਾਉਣ ਲਈ ਇਸਤੇਮਾਲ ਤਾਂ ਨਹੀਂ ਕਰਨਗੇ? ਪਰ ਸਿੱਖਾਂ ਨੇ ਤਾਂ ਖ਼ੁਦ ਸਾਨੂੰ ਉਨ੍ਹਾਂ ਦੇ ਨਾਂ ਦੱਸੇ ਸਨ। ਓੜਕ ਅਸੀਂ ਨਾਂ ਛਾਪਣ ਦਾ ਫੈਸਲਾ ਕੀਤਾ। ਪੂਰੀ ਰਾਤ ਨਾਂਵਾਂ ਨੂੰ ਵੱਖੋ-ਵੱਖਰੀਆਂ ਗਵਾਹੀਆਂ ਨਾਲ ਮਿਲਾ ਕੇ ਪੜਤਾਲ ਚਲਦੀ ਰਹੀ। ਸੂਚੀ ਬਣਾਈ ਗਈ ਅਤੇ ਰਿਪੋਰਟ ਲਿਖੀ ਗਈ। ਸਾਡੀ ਰਿਪੋਰਟ ਦਾ ਸਿਰਲੇਖ ਸੀ: ‘ਦੋਸ਼ੀ ਕੌਣ?’
ਇਸ ਰਿਪੋਰਟ ‘ਤੇ ਪਾਬੰਦੀ ਲਾ ਦਿੱਤੀ ਗਈ। ਪੁਲਿਸ ਨੇ ਰਿਪੋਰਟ ਛਾਪਣ ਵਾਲੇ ਪ੍ਰੈਸ ਮਾਲਕ ਦੇ ਛਾਪਾ ਮਾਰਿਆ। ਉਹਨੂੰ ਬਹੁਤ ਤੰਗ-ਪ੍ਰੇਸ਼ਾਨ ਕੀਤਾ। ਸਿੱਖ ਜਥੇਬੰਦੀਆਂ ਨੇ ਪਾਬੰਦੀ ਨੂੰ ਅਣਗੌਲਿਆਂ ਕਰਦਿਆਂ ਅਤੇ ਸਾਡੀ ਸਹਿਮਤੀ ਲਏ ਬਗ਼ੈਰ ਹੀ ਰਿਪੋਰਟ ਦੁਬਾਰਾ ਛਾਪ ਦਿੱਤੀ ਅਤੇ ਇਹ ਵਸੀਹ ਪੈਮਾਨੇ ‘ਤੇ ਵੰਡੀ ਗਈ। ਇਸ ਦਾ ਪੰਜਾਬੀ ਤਰਜਮਾ ਕੀਤਾ ਗਿਆ। ਜਦੋਂ ਮੈਂ ਪੰਜਾਬ ਗਈ ਤਾਂ ਕਈ ਸਿੱਖਾਂ ਨੇ ਮੈਨੂੰ ਦੱਸਿਆ ਕਿ ਇਸ ਰਿਪੋਰਟ ਕਾਰਨ ਉਹ ਅਜੇ ਵੀ ਹਿੰਦੁਸਤਾਨ ਦੇ ਵਫ਼ਾਦਾਰ ਮਹਿਸੂਸ ਕਰਦੇ ਹਨ। ਇਸ ਨੇ ਉਨ੍ਹਾਂ ਨੂੰ ਦੁਬਾਰਾ ਯਕੀਨ ਦਿਵਾਇਆ ਕਿ ਐਸੇ ਹਿੰਦੁਸਤਾਨੀ ਹਨ ਜੋ ਉਦੋਂ ਉਨ੍ਹਾਂ ਦੇ ਨਾਲ ਖੜ੍ਹੇ ਜਦੋਂ ਇਸ ਦੀ ਬਹੁਤ ਅਹਿਮੀਅਤ ਸੀ।
> ਤੱਥ-ਖੋਜ ਦੌਰਾਨ ਜੁਟਾਈ ਸਮੱਗਰੀ ਦੇ ਆਧਾਰ ‘ਤੇ ਮੈਂ ਪਟੀਸ਼ਨ ਤਿਆਰ ਕੀਤੀ ਤੇ ਦਿੱਲੀ ਹਾਈ ਕੋਰਟ ਵਿਚ ਦਾਇਰ ਕਰ ਦਿੱਤੀ। ਕੇਸ ਜਸਟਿਸ ਰਾਜਿੰਦਰ ਸੱਚਰ ਕੋਲ ਆਇਆ। ਉਹਨੇ ਪੁਲਿਸ ਨੂੰ ਨੋਟਿਸ ਜਾਰੀ ਕੀਤਾ। ਅਸੀਂ ਪੀੜਤਾਂ ਦੇ ਹਲਫਨਾਮਿਆਂ ‘ਚ ਦਰਜ ਆਗੂਆਂ ਖਿਲਾਫ ਐਫ਼ਆਈæਆਰæ ਦਰਜ ਕਰਨ ਦੀ ਮੰਗ ਕੀਤੀ, ਪਰ ਜਦੋਂ ਕੇਸ ਦੀ ਮੁੜ ਸੁਣਵਾਈ ਹੋਈ ਤਾਂ ਕੇਸ ਜਸਟਿਸ ਸੱਚਰ ਦੀ ਅਦਾਲਤ ‘ਚੋਂ ਹਟਾ ਕੇ ਦੋ ਹੋਰ ਜੱਜਾਂ ਦੀ ਅਦਾਲਤ ਵਿਚ ਲਾ ਦਿੱਤਾ ਗਿਆ। ਇਨ੍ਹਾਂ ਜੱਜਾਂ ਨੇ ਤੱਥਾਂ ਦੀ ਸੱਚਾਈ ਬਾਰੇ ਸ਼ੱਰੇਆਮ ਅਦਾਲਤ ਵਿਚ ਖਿੱਲੀ ਉਡਾਉਣ ਵਾਲੇ ਲਹਿਜ਼ੇ ‘ਚ ਟਿੱਪਣੀਆਂ ਕੀਤੀਆਂ। ਇਕ ਨੇ ਤਾਂ ਇੱਥੋਂ ਤਾਈਂ ਕਹਿ ਦਿੱਤਾ ਕਿ ਪੀੜਤ, ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ ਕਿਉਂ ਨਹੀਂ ਗਈ। ਉਹ ਇਕ ਔਰਤ ਦੇ ਹਲਫ਼ਨਾਮੇ ਨੂੰ ਪੜ੍ਹ ਕੇ ਕਹਿ ਰਿਹਾ ਸੀ ਜਿਸ ਦੀਆਂ ਅੱਖਾਂ ਅੱਗੇ ਉਸ ਦੀ ਧੀ ਨਾਲ ਜਬਰ-ਜਨਾਹ ਕੀਤਾ ਗਿਆ ਸੀ। ਹਲਫਨਾਮੇ ਵਿਚ ਬਲਾਤਕਾਰੀਆਂ ਦੇ ਨਾਂ ਲਏ ਗਏ ਸਨ।
ਮੈਂ ਜਾਣਦੀ ਹਾਂ ਕਿ ਹਲਫਨਾਮੇ ਤਿਆਰ ਕਰਦੇ ਵਕਤ ਅਸੀਂ ਕਿੰਨੀ ਤਵੱਜੋਂ ਦਿੱਤੀ ਸੀ। ਉਸ ਨੇ ਪੰਜਾਬੀ ਵਿਚ ਬਿਆਨ ਕੀਤਾ ਸੀ, ਇਸ ਦਾ ਤਰਜਮਾ ਹਿੰਦੀ ਵਿਚ ਕੀਤਾ ਗਿਆ ਅਤੇ ਫਿਰ ਅੰਗਰੇਜ਼ੀ ਵਿਚ ਹਲਫਨਾਮਾ ਲਿਖਿਆ ਗਿਆ। ਦਸਤਖਤ ਕਰਾਉਣ ਤੋਂ ਪਹਿਲਾਂ ਇਕ-ਇਕ ਪੈਰਾ ਉਸ ਨੂੰ ਪੜ੍ਹ ਕੇ ਸੁਣਾਇਆ ਗਿਆ। ਜੱਜ ਨੇ ਪੰਨਾ ਪਲਟਿਆ ਅਤੇ ਹਲਫਨਾਮੇ ਵੱਲ ਦੇਖ ਕੇ ਹੱਸਿਆ। ਪਟੀਸ਼ਨ ਰਹੱਸਮਈ ਢੰਗ ਨਾਲ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਅੱਗੇ ਪੇਸ਼ ਕੀਤੀ ਗਈ। ਗੋਵਿੰਦ ਮੁਖੌਟੀ ਕੋਲ ਵਕਤ ਨਹੀਂ ਸੀ, ਮੈਂ ਅਦਾਲਤ ਵਿਚ ਪੇਸ਼ ਹੋਈ। ਜਸਟਿਸ ਏæਐਨæ ਸੇਨ ਪ੍ਰਧਾਨਗੀ ਕਰ ਰਿਹਾ ਸੀ। ਉਹ ਬੈਂਚ ਵਿਚ ਬੈਠਾ ਮੁਸਕਰਾਇਆ ਅਤੇ ਮੈਨੂੰ ਪ੍ਰੇਰਨ ਵਾਲੇ ਢੰਗ ਨਾਲ ਬੋਲਿਆ, “ਕ੍ਰਿਪਾ ਕਰ ਕੇ ਕੌਮੀ ਹਿੱਤ ‘ਚ ਇਹ ਪਟੀਸ਼ਨ ਵਾਪਸ ਲੈ ਲਓ।” ਮੈਂ ਨਾਂਹ ਕਰ ਦਿੱਤੀ। ਪਟੀਸ਼ਨ ਖਾਰਜ ਕਰ ਦਿੱਤੀ ਗਈ। ਉਹ ਲਫ਼ਜ਼ ਅਜੇ ਤਾਈਂ ਮੇਰੇ ਕੰਨਾਂ ਵਿਚ ਗੂੰਜ ਰਹੇ ਹਨ ਅਤੇ ਮੈਨੂੰ ਅੱਜ ਵੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ।
> ਨਾਗਰਿਕ ਏਕਤਾ ਮੰਚ ਨੇ ਸ਼ਾਨਦਾਰ ਰਾਹਤ ਕੰਮ ਕੀਤਾ। ਜਦੋਂ ਹਕੂਮਤ ਨੇ ਹਿੰਸਾ ਦੇ ਕਾਰਨਾਂ ਦੀ ਪੜਤਾਲ ਲਈ ਰੰਗਾਨਾਥ ਮਿਸ਼ਰਾ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ, ਮੰਚ ਨੇ ਮੈਨੂੰ ਉਨ੍ਹਾਂ (ਪੀੜਤਾਂ) ਦੀ ਨੁਮਾਇੰਦਗੀ ਕਰਨ ਲਈ ਕਿਹਾ। ਮੈਂ ਉਨ੍ਹਾਂ ਵਲੋਂ ਜਸਟਿਸ ਮਿਸ਼ਰਾ ਅੱਗੇ ਪੇਸ਼ ਹੋਈ। ਹਰ ਪੜਾਅ ‘ਤੇ ਉਸ ਦਾ ਸਿੱਖ ਪੀੜਤਾਂ ਲਈ ਪੱਖਪਾਤ ਸਾਫ ਨਜ਼ਰ ਆਉਂਦਾ ਸੀ। ਇਸੇ ਕਰ ਕੇ ਤੈਅ ਹੋਇਆ ਕਿ ਮੰਚ, ਕਮਿਸ਼ਨ ਦਾ ਬਾਈਕਾਟ ਕਰੇ ਅਤੇ ਮੈਂ ਕਮਿਸ਼ਨ ਅੱਗੇ ਪੇਸ਼ ਹੋਣਾ ਛੱਡ ਦਿੱਤਾ। ਨਾਲ ਹੀ ਲੰਮਾ ਲੇਖ ਲਿਖਿਆ ਕਿ ਅਸੀਂ ਇਹ ਫੈਸਲਾ ਕਿਉਂ ਕੀਤਾ ਸੀ।
ਜਦੋਂ ਰੰਗਾਨਾਥ ਮਿਸ਼ਰਾ ਸੁਪਰੀਮ ਕੋਰਟ ਦਾ ਜੱਜ ਸੀ, ਮੈਂ ਉਦੋਂ ਮੇਰਠ ਹਿੰਸਾ ਬਾਰੇ ਇਕ ਕੇਸ ਦਾਇਰ ਕੀਤਾ ਸੀ। ਉਹਦਾ ਮੁਸਲਮਾਨਾਂ ਲਈ ਪੱਖਪਾਤ ਉਦੋਂ ਹੀ ਦੇਖ ਚੁੱਕੀ ਸੀ। ਉਸ ਕੇਸ ਵਿਚ ਪੀæਏæਸੀæ (ਯੂæਪੀæ ਦੀ ਹਥਿਆਰਬੰਦ ਪੁਲਿਸ) ਨੇ 33 ਮੁਸਲਮਾਨਾਂ ਨੂੰ ਗੋਲੀਆਂ ਮਾਰ ਕੇ ਲਾਸ਼ਾਂ ਨਹਿਰ ਵਿਚ ਸੁੱਟ ਦਿੱਤੀਆਂ ਸਨ।æææਫਿਰ ਰੰਗਾਨਾਥ ਮਿਸ਼ਰਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਬਣਿਆ।
> ਛੇਤੀ ਬਾਅਦ ਇਕ ਹੋਰ ਹਿੰਸਾ ਹੋਈ। ਇਸ ਵਾਰ ਨਿਸ਼ਾਨਾ ਵਾਲਦ ਸਿਟੀ ਦੇ ਮੁਸਲਮਾਨ ਸਨ। ਉਥੇ ਕੋਈ ਨਾਗਰਿਕ ਕਮੇਟੀ ਨਹੀਂ ਸੀ। ਮੈਂ ਤੱਥ-ਖੋਜ ਲਈ ਉਥੇ ਗਈ ਅਤੇ ਪੀæਯੂæਡੀæਆਰæ ਨੇ ਰਿਪੋਰਟ ਛਾਪੀ, ਪਰ ਇਸ ਕੇਸ ‘ਚ ਉਸ ਤਰ੍ਹਾਂ ਦੀ ਸੰਵੇਦਨਾ ਜਾਂ ਰੋਹ ਨਹੀਂ ਸੀ। ਉਦੋਂ ਮੈਂ ਮਹਿਸੂਸ ਕੀਤਾ ਕਿ ਨਾਗਰਿਕ ਏਕਤਾ ਮੰਚ ਦੇ ਜ਼ਿਆਦਾਤਰ ਕਾਰਕੁਨ ਪੰਜਾਬੀ ਸਨ ਅਤੇ ਉਨ੍ਹਾਂ ਸਾਰਿਆਂ ਦੇ ਦੋਸਤ ਸਿੱਖ ਭਾਈਚਾਰੇ ਵਿਚੋਂ ਸਨ। ਪਿੱਛੋਂ ਜਦੋਂ ਮੈਂ ਕਾਰਕੁਨਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਸਿਰਫ ਸੁਮਾਂਤੋ ਅਤੇ ਮੈਂ ਹੀ ਐਸੇ ਵਿਅਕਤੀ ਸੀ ਜਿਨ੍ਹਾਂ ਦੇ ਸਿੱਖਾਂ ਵਿਚ ਦੋਸਤ ਨਹੀਂ ਸਨ; ਸਾਡੇ ਸੰਪਰਕ ਮੁਸਲਮਾਨਾਂ ਨਾਲ ਸਨ।
ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਮੇਰੀ ਇਤਿਹਾਸ ਦੀ ਅਧਿਆਪਕਾ ਉਮਾ ਚਕਰਵਰਤੀ ਨੇ ਮੈਨੂੰ ਕਿਹਾ ਕਿ ਮੈਂ ਪੀੜਤਾਂ ਨਾਲ ਗੱਲਬਾਤ ਕਰਨ ‘ਚ ਉਸ ਦਾ ਹੱਥ ਵਟਾਵਾਂ। ਇਹ ਇਤਿਹਾਸ ਵਿਚ ਐਸਾ ਪਲ ਸੀ ਜਦੋਂ ਇਕ ਭਾਈਚਾਰਾ ਘੱਟ-ਗਿਣਤੀ ਬਣ ਗਿਆ ਸੀ। ਉਦੋਂ ਅਸੀਂ ਗੈਰ-ਸਿੱਖ ਗੁਆਂਢੀਆਂ ਅਤੇ ਕਾਰਕੁਨਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਗੱਲਾਂ-ਬਾਤਾਂ ਵਿਚ ਫੌਰੀ ਕਾਰਨਾਂ ਤੋਂ ਇਲਾਵਾ ਹਿੰਸਾ ਪਿਛਲੇ ਪੇਚੀਦਾ ਕਾਰਨ ਸਾਹਮਣੇ ਆਏ। ਕਈ ਥਾਂਈਂ, ਜਿਵੇਂ ਮੁਨੀਰਕਾ ਵਿਚ, ਉਦੋਂ ਦਾ ਗੁੱਸਾ ਸੀ ਜਦੋਂ ਪਿੰਡ ਦੀ ਜ਼ਮੀਨ ਉਨ੍ਹਾਂ ਤੋਂ ਲੈ ਲਈ ਗਈ ਸੀ। ਗੁਰੂ ਹਰਕਿਸ਼ਨ ਸਕੂਲ ਉਸ ਜ਼ਮੀਨ ਉਪਰ ਉਸਾਰਿਆ ਗਿਆ ਸੀ ਜੋ ਕਦੇ ਮੁਨੀਰਕਾ ਪਿੰਡ ਦੇ ਜਾਟਾਂ ਦੀ ਹੁੰਦੀ ਸੀ। ਜਦੋਂ ਸਕੂਲ ਉਸਾਰਿਆ ਜਾ ਰਿਹਾ ਸੀ ਤਾਂ ਪਿੰਡ ਵਾਲੇ ਮੈਦਾਨ ਨੂੰ ਜੰਗਲ-ਪਾਣੀ ਜਾਣ ਲਈ ਇਸਤੇਮਾਲ ਕਰਦੇ ਰਹੇ। ਹੁਣ ਉਨ੍ਹਾਂ ਨੇ ਬਦਲਾ ਲੈਣ ਲਈ ਸਕੂਲ ਸਾੜ ਦਿੱਤਾ।
ਲੋਕਾਂ ਵਲੋਂ ਆਪਣੇ ਸਿੱਖ ਗੁਆਂਢੀਆਂ ਨੂੰ ਬਚਾਉਣ ਦੀਆਂ ਹੌਸਲਾ-ਵਧਾਊ ਕਹਾਣੀਆਂ ਵੀ ਸਾਹਮਣੇ ਆਈਆਂ। ਇਨ੍ਹਾਂ ਵਿਚੋਂ ਸਭ ਤੋਂ ਬਿਹਤਰੀਨ ਮਿਸਾਲਾਂ ਭਲਵਾਨਾਂ ਦੇ ਅਖਾੜਿਆਂ ਦੀਆਂ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਇਸ ਲਈ ਬਚਾਇਆ ਸੀ, ਕਿਉਂਕਿ ਅਖਾੜਾ ਸਾਰੇ ਭਾਈਚਾਰਿਆਂ ਲਈ ਖੁੱਲ੍ਹਾ ਹੁੰਦਾ ਹੈ।
ਫਿਰ ਇਸ ਸਬੰਧੀ ਕਿਤਾਬ ਛਪ ਗਈ। ਇਸ ਦਾ ਨਾਂ ਰੱਖਿਆ ਗਿਆ- ਦਿੱਲੀ ਦੰਗੇ: ਕੌਮ ਦੀ ਜ਼ਿੰਦਗੀ ਵਿਚ ਤਿੰਨ ਦਿਨ।
> 1984 ਕਤਲੇਆਮ ਦੇ ਪੀੜਤ ਅਜੇ ਵੀ ਨਿਆਂ ਲਈ ਲੜ ਰਹੇ ਹਨ। ਉਨ੍ਹਾਂ ਨੂੰ ਹੁਣ ਉਤਸ਼ਾਹੀ ਵਾਲੰਟੀਅਰਾਂ ਦੀ ਮਦਦ ਨਹੀਂ ਮਿਲਦੀ; ਬਹੁਤ ਸਾਰੇ ਕਾਰਕੁਨਾਂ ਨੇ ਇਸ ਤਜਰਬੇ ਨੂੰ ਆਪਣੇ ਲਈ ਵਧੀਆ ਪ੍ਰੋਜੈਕਟ ਹਾਸਲ ਕਰਨ ਦਾ ਜ਼ਰੀਆ ਬਣਾਇਆ; ਕੁਝ ਵਕੀਲਾਂ ਨੇ ਇਸ ਦੀ ਬਦੌਲਤ ਆਪਣੇ ਕਰੀਅਰ ਬਣਾ ਲਏ। ਮੁੜ ਕਦੇ ਦਿੱਲੀ ਦੇ ਸ਼ਹਿਰੀ ਕਿਸੇ ਕਾਜ ਲਈ ਉਵੇਂ ਇਕੱਠੇ ਨਹੀਂ ਹੋਏ। 1984 ਦੀਆਂ ਘਟਨਾਵਾਂ ਨੂੰ ਚੇਤੇ ਕਰਨ ਅਤੇ ਕਾਂਗਰਸ ਦੀ ਨਿਖੇਧੀ ਕਰਨ ਲਈ ਗਰੁਪ ਇਕੱਠੇ ਹੋਏ ਹਨ। ਹਾਂ, ਕਾਂਗਰਸ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ, ਪਰ ਕੀ ਸੋਨੀਆ ਗਾਂਧੀ ਨੇ ਜਨਤਕ ਮੁਆਫ਼ੀ ਨਹੀਂ ਮੰਗੀ?
ਕਾਂਗਰਸ ਦੀ ਨਿਖੇਧੀ ਕਰਨ ਲਈ ਜੁੜੀਆਂ ਪਾਰਟੀਆਂ ਅਤੇ ਜਥੇਬੰਦੀਆਂ ਨੇ ਸਿੱਖਾਂ ਨੂੰ ਨਿਆਂ ਦਿਵਾਉਣ, ਜਾਂ ਇਹ ਮੁੱਦਾ ਹਿੰਦੂ ਤੇ ਸਿੱਖ ਫਿਰਕਾਪ੍ਰਸਤ ਤਾਕਤਾਂ ਵਲੋਂ ਹਥਿਆ ਲੈਣ ਨੂੰ ਰੋਕਣ ਲਈ ਕੁਝ ਨਹੀਂ ਕੀਤਾ; ਇਸੇ ਲਈ ਹੁਣ ਪੀੜਤਾਂ ਲਈ ਨਿਆਂ ਦਾ ਸੰਘਰਸ਼ ਸੰਕੀਰਨ ਸਿਆਸਤ ਦਾ ਹਿੱਸਾ ਹੈ। ਕੀ ਇਸ ਬਰਸੀ ਨੂੰ ਨਾ ਸਿਰਫ 1984 ਦੇ ਪੀੜਤਾਂ ਨੂੰ ਨਿਆਂ ਲੈ ਕੇ ਦੇਣ ਲਈ ਜੂਝਣ, ਸਗੋਂ ਹਿੰਦੁਸਤਾਨ ਦੀ ਇਕ ਹੋਰ ਦ੍ਰਿਸ਼ਟੀ ਲਈ ਜੂਝਣ ਖਾਤਰ ਜੁੜ ਬੈਠਣ ਦਾ ਮੌਕਾ ਨਹੀਂ ਸੀ ਬਣਾਇਆ ਜਾ ਸਕਦਾ?
> 1984 ਬਾਰੇ ਸਿੱਖਾਂ ਵਲੋਂ ਨਾਵਲ ਲਿਖੇ ਜਾ ਰਹੇ ਹਨ। ਇਨ੍ਹਾਂ ਵਿਚੋਂ ਇਕ ਅਮਨਦੀਪ ਸੰਧੂ ਨੇ ਲਿਖਿਆ ਹੈ ‘ਰੋਲ ਆਫ ਆਨਰ’। ਉਹ 1984 ਦੀਆਂ ਘਟਨਾਵਾਂ ਨੂੰ ਪੰਜਾਬ ਅੰਦਰ ਚੁੜੇਰੀ ਸਿਆਸਤ ਦੇ ਪ੍ਰਸੰਗ ਵਿਚ ਦੇਖਦਾ ਹੈ ਤੇ ਤੰਗ ਸੰਕੀਰਨ ਸਿਆਸਤ ਜਾਂ ਝੂਠੇ ਨਬੀਆਂ ਤੋਂ ਪ੍ਰੇਰਨਾ ਨਹੀਂ ਲੈਂਦਾ। ਉਹ ਕਿਸੇ ਸਿਆਸੀ ਪਾਰਟੀ ਨਾਲ ਪਾਲਾਬੰਦੀ ਵੀ ਨਹੀਂ ਬਣਾਉਂਦਾ, ਤੇ ਜਾਪਦਾ ਹੈ ਕਿ ਉਹ ਕਿਸੇ ਸਿਆਸੀ ਦ੍ਰਿਸ਼ਟੀ ਨਾਲ ਵੀ ਪਾਲਾਬੰਦੀ ਨਹੀਂ ਕਰਦਾ।
ਅਮਨਦੀਪ ਆਪਣਾ ਨਾਵਲ ਇਨ੍ਹਾਂ ਲਫ਼ਜ਼ਾਂ ਨਾਲ ਖ਼ਤਮ ਕਰਦਾ ਹੈ:
“ਇਹ ਸਬੱਬ ਹੈ ਕਿ ਮੈਂ ਕਿਸ ਪਰਿਵਾਰ, ਕਿਸ ਬਰਾਦਰੀ, ਕਿਸ ਸਮਾਜ ਅਤੇ ਕਿਸ ਮੁਲਕ ਵਿਚ ਪੈਦਾ ਹੋਇਆ। ਜਦੋਂ ਮੈਂ ਵਿਰਾਸਤ ਵਿਚ ਮਿਲੇ ਰੰਗ, ਮਜ਼ਹਬ, ਖ਼ਿੱਤੇ, ਬੋਲੀ, ਪਰਿਵਾਰ ਅਤੇ ਪਛਾਣ ਦੇ ਹੋਰ ਪੱਖਾਂ ਬਾਰੇ ਸੋਚਦਾ ਹਾਂ ਤਾਂ ਮੈਨੂੰ ਆਪਣਾ ਜਨਮ ਹੀ ਚੁਟਕਲਾ ਲੱਗਣ ਲੱਗਦਾ ਹੈ। ਇਹੋ ਮੇਰੀ ਜ਼ਿੰਦਗੀ ਦਾ ਸਿਲਸਿਲਾ ਹੈ। ਮੈਂ ਨਹੀਂ ਜਾਣਦਾ ਕਿ ਇਸ ਚੁਟਕਲੇ ਉਤੇ ਕੌਣ ਹੱਸ ਸਕਦਾ ਹੈ। ਕਿਸੇ ਦੀ ਖ਼ਾਸ ਤਰ੍ਹਾਂ ਦੀ ਤਰਜ਼-ਏ-ਜ਼ਿੰਦਗੀ ਬਾਰੇ ਦਾਅਵੇਦਾਰੀ ਜਾਂ ਕਿਸੇ ਲਈ ਜਿਉਣ-ਮਰਨ ਦਾ ਵਾਅਦਾ ਮੈਨੂੰ ਕਦੇ ਵੀ ਮਾਫਕ ਨਹੀਂ ਆਉਂਦਾ। ਮੈਂ ‘ਜੋ ਹੋ ਸਕਦਾ ਸੀ’ ਅਤੇ ‘ਜੋ ਹਾਂ’ ਵਿਚਲਾ ਪਾੜਾ ਸਮਝ ਸਕਦਾ ਹਾਂ।æææਜ਼ਿੰਦਗੀ ਨਾਲ ਰੂਬਰੂ ਹੋਣ ਦਾ ਸਫਰ ਤਕਰੀਬਨ ਤਿੰਨ ਦਹਾਕੇ ਲੰਮਾ ਹੋ ਗਿਆ। ਹੁਣ ਮੈਂ ਖੜ੍ਹਾ ਹੋਣ ਲਾਇਕ ਹੋ ਗਿਆ ਹਾਂ। ਮੈਂ ਆਪਣੇ ਦੁਆਲੇ ਮਹਿਫੂਜ਼ ਦੁਨੀਆਂ ਉਸਾਰ ਲਈ ਹੈ। ਆਜ਼ਾਦ ਪੰਛੀ ਸਵੇਰੇ-ਸਵੇਰੇ ਇਸੇ ਥਾਂ ਉਤੇ ਚੋਗਾ ਚੁਗਣ ਆਉਂਦੇ ਹਨ। ਅਸੀਂ ਇੱਕ-ਦੂਜੇ ਨਾਲ ਸਲਾਮਤ ਹਾਂ।”
ਜਦੋਂ ਅਸੀਂ ਪੀੜਤਾਂ ਲਈ ਨਿਆਂ ਦੇ ਹੱਕਾਂ ਖਾਤਰ ਲੜ ਰਹੇ ਹਾਂ, ਪੀੜਤਾਂ ਨੂੰ ਵੀ ਨਫਰਤ ਅਤੇ ਇੰਤਕਾਮ ਦੀ ਕੈਦ ਤੋਂ ਬੰਦ-ਖਲਾਸੀ ਕਰਾਉਣ ਵਾਲੀ ਜਗ੍ਹਾ ਲਈ ਲਾਜ਼ਮੀ ਲੜਨਾ ਚਾਹੀਦਾ ਹੈ। ਮੈਂ ਅਜਿਹਾ ਕਹਿਣ ਦਾ ਜੇਰਾ ਨਹੀਂ ਸੀ ਕਰਨਾ, ਪਰ ਅਮਨਦੀਪ ਨੇ ਰਾਹ ਦਿਖਾਇਆ ਹੈ; ਲਿਹਾਜ਼ਾ ਮੈਂ ਇਹ ਲੇਖ 1984 ਦੇ ਪੀੜਤਾਂ ਦੇ ਬੱਚਿਆਂ ਜਾਂ ਸ਼ਾਇਦ ਪੋਤਰੇ-ਪੋਤਰੀਆਂ ਨੂੰ ਸਮਰਪਿਤ ਕਰਦੀ ਹਾਂ।