ਬੂਟਾ ਸਿੰਘ
ਫੋਨ: 91-94634-74342
ਨਰੇਂਦਰ ਮੋਦੀ ਦੇ ਸੱਤਾਧਾਰੀ ਹੋਣ ਦੇ ਸਮੇਂ ਤੋਂ ਹੀ Ḕਵਿਕਾਸ ਮੁਹਿੰਮਾਂḔ ਦੇ ਆਗਾਜ਼ ਦੇ ਗਰਦ-ਗੁਬਾਰ ਅਤੇ ਧੂੰਆਂਧਾਰ ਮੀਡੀਆ ਪ੍ਰਚਾਰ ਦੌਰਾਨ ਆਏ ਦਿਨ, ਜ਼ਮੀਨੀ ਪੱਧਰ ‘ਤੇ ਬਹੁਤ ਕੁਝ ਐਸਾ ਵਾਪਰ ਰਿਹਾ ਹੈ ਜੋ ਇਸ ਕੂੜ-ਪ੍ਰਚਾਰ ਦੇ ਧੁੰਦ-ਪਰਦੇ ਓਹਲੇ ਚੱਲ ਰਿਹਾ ਹੋਣ ਕਾਰਨ ਭਾਵੇਂ ਸਾਫ ਨਜ਼ਰ ਨਹੀਂ ਆਉਂਦਾ, ਪਰ ਥੋੜ੍ਹਾ ਗੌਰ ਕਰਨ ‘ਤੇ ਸੰਘ ਪਰਿਵਾਰ ਦੇ Ḕਸੋਇਮ ਸੇਵਕḔ ਫਰੰਟ ਆਪੋ-ਆਪਣੇ ਢੰਗ ਨਾਲ ਭਗਵੇਂ ਏਜੰਡੇ ਨੂੰ ਫਟਾਫਟ ਲਾਗੂ ਕਰਵਾਉਣ ਲਈ ਤਰਲੋਮੱਛੀ ਹੁੰਦੇ ਦੇਖੇ ਜਾ ਸਕਦੇ ਹਨ। ਉਹ ਸੰਘ ਦੇ ḔਇਤਿਹਾਸਘਾੜੇḔ ਦੀਨਾਨਾਥ ਬੱਤਰਾ ਦੀਆਂ ਕਿਤਾਬਾਂ ਨੂੰ ਸਕੂਲੀ ਬੱਚਿਆਂ ਉਪਰ ਥੋਪਣ ਜਾਂ ਮੋਦੀਆਂ ਦੇ ਮਿਥਿਹਾਸ ਗੁਣ-ਗਾਣ ਨਾਲ ਸੰਤੁਸ਼ਟ ਨਹੀਂ ਹਨ; ਸਗੋਂ ਚਾਹੁੰਦੇ ਹਨ ਕਿ ਹਿੰਦੂਤਵੀ ਏਜੰਡਾ ਗੱਜ-ਵੱਜ ਕੇ ਅੱਗੇ ਵਧਾਇਆ ਜਾਵੇ।
ਹਾਲ ਹੀ Ḕਚ, 15 ਨਵੰਬਰ ਨੂੰ ਅਮਰੀਕਾ ਸਥਿਤ Ḕਗਲੋਬਲ ਹਿੰਦੂ ਹੈਰੀਟੇਜ ਫਾਊਂਡੇਸ਼ਨḔ ਨੇ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦੀ ਮੰਤਰੀ ਸਮਰਿਤੀ ਇਰਾਨੀ ਨੂੰ ਜੋ ਲੰਮੀ-ਚੌੜੀ ਚਿੱਠੀ ਲਿਖੀ ਹੈ, ਉਸ ਵਿਚ ਹਿੰਦੂਤਵੀ ਏਜੰਡੇ ਦੀ ਕੁਝ ਤਫਸੀਲ ਦਿੱਤੀ ਗਈ ਹੈ। ਚਿੱਠੀ ਵਿਚ ਇਰਾਨੀ ਨੂੰ ਵਧਾਈ ਦਿੱਤੀ ਗਈ ਹੈ ਕਿ ਉਸ ਦੀ ਅਗਵਾਈ ਹੇਠ ਪਹਿਲੀ ਜਮਾਤ ਤੋਂ ਲੈ ਕੇ ਕਾਲਜ ਪੱਧਰ ਤਕ ਦੇ ਸਿਲੇਬਸ ਨੂੰ ਬਦਲ ਕੇ ਪਾਠ-ਪੁਸਤਕਾਂ ਨੂੰ ਭਾਰਤ ਦੀ ਸੰਸਕ੍ਰਿਤਕ ਵਿਰਾਸਤ ਦੇ ਅਸਲ ਸੁਭਾਅ ਮੁਤਾਬਕ ਢਾਲਣ ਲਈ ਜੋ ਅਣਥੱਕ ਘਾਲਣਾ ਘਾਲੀ ਜਾ ਰਹੀ ਹੈ, ਉਹ ਖੁਸ਼ੀ ਦੀ ਗੱਲ ਹੈ। ਨਾਲ ਦੇ ਹੀ ਸਿਫਾਰਸ਼ਨੁਮਾ ਸੁਝਾਅ ਵੀ ਦਿੱਤਾ ਗਿਆ ਹੈ ਕਿ ਇਸ ਤੋਂ ਅੱਗੇ ਮੋਦੀ ਹਕੂਮਤ ਨੂੰ ਕੀ-ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਪੜ੍ਹਾਈ ਦੇ ਸਿਲੇਬਸ ਨੂੰ ਦਰੁਸਤ ਕਰਨ ਇਹ ਠੋਸ ਸਿਫਾਰਸ਼ਾਂ ਕੀਤੀਆਂ ਹਨ:
-ਸਿਲੇਬਸ ਵਿਚ ਭਗਵਦ ਗੀਤਾ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ Ḕਜਿਸ ਦੇ ਕੁਝ ਸਲੋਕ ਉਚਾਰਨ ਨਾਲ ਹੀ ਇਨਸਾਨ ਦੀ ਚੇਤਨਾ ਜਾਗ ਉਠਦੀ ਹੈ ਅਤੇ ਇਹ ਉਸ ਦੀ ਦੇਹ, ਮਨ ਅਤੇ ਰੂਹ ਵਿਚ ਤਵਾਜ਼ਨ ਬਣਾਈ ਰੱਖਦੀ ਹੈ। ਇਹ ਗਿਆਨ ਗ੍ਰਹਿਣ ਕਰਨ ਦੀ ਦਿਮਾਗੀ ਸਮਰੱਥਾ ਨੂੰ ਵਧਾਉਂਦੀ ਹੈ। ਬੰਦੇ ਨੂੰ ਧਰਮ ਦੀ ਜ਼ਿੰਮੇਵਾਰੀ ਸਿਖਾਉਂਦੀ ਹੈ।Ḕ
-ਰਮਾਇਣ ਪੜ੍ਹਾਉਣੀ ਜ਼ਰੂਰੀ ਹੈ; ਕਿਉਂਕਿ Ḕਦਹਿ-ਸਦੀਆਂ ਤੋਂ ਰੋਲ-ਮਾਡਲ ਭਗਵਾਨ ਰਾਮ ਦਾ ਨਾਂ ਹਰ ਹਿੰਦੂ ਦੇ ਬੁੱਲ੍ਹਾਂ ਉਪਰ ਹੈ। ਉਹ ਤੇ ਰਾਮਾਇਣ ਦੇ ਹੋਰ ਪਾਤਰ ਦਹਿ-ਸਦੀਆਂ ਤੋਂ ਭਾਰਤ ਦੇ ਮਨ, ਦੇਹ ਅਤੇ ਰੂਹ ਨੂੰ ਘੜਦੇ-ਤਰਾਸ਼ਦੇ ਆ ਰਹੇ ਹਨ।Ḕ
-ਮਹਾਭਾਰਤ ਜ਼ਰੂਰ ਪੜ੍ਹਾਈ ਜਾਣੀ ਚਾਹੀਦੀ ਹੈ ਜਿਸ ਦਾ Ḕਇਕ-ਇਕ ਪਾਤਰ ਸਾਨੂੰ ਸਾਡੀ ਸੰਸਕ੍ਰਿਤੀ ਤੇ ਰਵਾਇਤਾਂ, ਨੈਤਿਕ ਸਿਖਿਆਵਾਂ ਅਤੇ ਸ਼ਿਸ਼ਟਾਚਾਰ ਸਿਖਾਉਂਦਾ ਹੈ। ਇਸ ਦੇ ਬੇਸ਼ੁਮਾਰ ਪਾਤਰ ਹਨ ਅਤੇ ਉਨ੍ਹਾਂ ਤੋਂ ਬੇਸ਼ੁਮਾਰ ਸਬਕ ਸਿੱਖੇ ਜਾ ਸਕਦੇ ਹਨ।Ḕ ਇਸ ਦੇ ਪਾਤਰ ਸਾਨੂੰ ਨੈਤਿਕਤਾ ਅਤੇ ਮਰਿਆਦਾ ਸਿਖਾਉਣ ਲਈ ਬਰਾਬਰ ਅਹਿਮ ਹਨ।
-ਪੌਰਾਣਿਕ ਕਹਾਣੀਆਂ ਤੇ ਹਿੰਦੂ ਸ਼ਿਸ਼ਟਾਚਾਰ ਪੜ੍ਹਾਉਣੇ ਚਾਹੀਦੇ ਹਨ, Ḕਜੋ ਬ੍ਰਹਿਮੰਡ ਦੇ ਕਰਤਾ, ਇਸ ਦੇ ਵਿਨਾਸ਼ਕ ਵਿਸ਼ਨੂੰ ਦੇ ਅਵਤਾਰਾਂ ਅਤੇ ਕਰਮ, ਭਗਤੀ ਅਤੇ ਜਨਨ ਯੋਗ, ਬ੍ਰਹਿਮੰਡ ਦੇ ਵਿਗਿਆਨਕ ਸੁਭਾਅ, ਪੂਜਾ-ਵਿਧਾਨ, ਸੰਸਕਾਰਾਂ, ਧਰਤੀ ਦੀ ਉਤਪਤੀ ਅਤੇ ਬ੍ਰਹਿਮੰਡ ਦੇ ਗਣਿਤਿਕ ਇਜ਼ਹਾਰਾਂḔ ਦੀ ਸਿੱਖਿਆ ਦਿੰਦੇ ਹਨ।
-ਪੰਚਤੰਤਰ ਕਹਾਣੀਆਂ ਪੜ੍ਹਾਉਣੀਆਂ ਜ਼ਰੂਰੀ ਹਨ, ਜੋ ਸਿਖਾਉਂਦੀਆਂ ਹਨ ਕਿ ਖ਼ਾਸ ਹਾਲਾਤ ਵਿਚ ਕਿਵੇਂ ਵਿਹਾਰ ਕੀਤਾ ਜਾਵੇ, ਦਰਪੇਸ਼ ਸਮੱਸਿਆਵਾਂ ਕਿਵੇਂ ਹੱਲ ਕੀਤੀਆਂ ਜਾਣ, ਕਿਸ ਉਪਰ ਭਰੋਸਾ ਕੀਤਾ ਜਾਵੇ, ਕਿਸ ਉਪਰ ਨਾ ਕੀਤਾ ਜਾਵੇ। ਧਨ-ਦੌਲਤ ਕਿਵੇਂ ਜੋੜਿਆ ਜਾਵੇ ਅਤੇ ਇਸ ਨੂੰ ਕਿਵੇਂ ਮਹਿਫੂਜ਼ ਕੀਤਾ ਜਾਵੇ ਅਤੇ ਇਸ ਨੂੰ ਕਿਵੇਂ ਤੇ ਕਿਸ ਨਾਲ ਵੰਡਿਆ ਜਾਵੇ। ਲੇਖਕਾਂ ਅਨੁਸਾਰ ਪੰਚਤੰਤਰ ਦੀ ਅਹਿਮੀਅਤ ਤਾਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਵੰਬਰ 2010 ਵਿਚ ਸਾਡੇ ਮੁਲਕ ਦੀ ਸੰਸਦ ਵਿਚ ਕੀਤੀ ਤਕਰੀਰ ਵਿਚ ਵੀ ਮੰਨੀ ਸੀ ਕਿ ਇਨ੍ਹਾਂ ਕਹਾਣੀਆਂ ਵਿਚਲਾ Ḕਸਾਦਾ ਜਿਹਾ ਸਬਕ ਸਦੀਆਂ ਤੋਂ ਭਾਰਤੀਆਂ ਦਾ ਰਾਹ ਦਰਸਾਉਂਦਾ ਆ ਰਿਹਾ ਹੈ।Ḕ
-ਆਪਣੀਆਂ ਵਿਗਿਆਨਕ ਪ੍ਰਾਪਤੀਆਂ ਪੜ੍ਹਾਉਣੀਆਂ ਚਾਹੀਦੀਆਂ ਹਨ। Ḕਹੁਣ ਵਕਤ ਹੈ ਕਿ ਸਾਡੇ ਨੌਜਵਾਨਾਂ ਵਿਚ ਸਾਡੀਆਂ ਵਿਗਿਆਨਕ ਪ੍ਰਾਪਤੀਆਂ ਲਈ ਗੌਰਵ ਪੈਦਾ ਕੀਤਾ ਜਾਵੇ। ਸਾਡੇ ਯੋਗ ਰਿਸ਼ੀ-ਮੁਨੀਆਂ ਨੇ ਗਣਿਤਕ ਹਿਸਾਬ-ਕਿਤਾਬ ਜਿਵੇਂ ਸਿਫਰ, ਦਸ਼ਮਲਵ, ਫ਼ੀ, ਰੇਖਾ ਗਣਿਤ, ਅਲਜਬਰਾ, ਕੰਪਿਊਟਰ ਭਾਸ਼ਾ ਅਤੇ ਹੋਰ ਬਹੁਤ ਸਾਰੀਆਂ ਖੋਜਾਂ ਕੀਤੀਆਂḔ, ਕਿ ਸਾਡੇ ਕੋਲ ਅਚਾਰੀਆ ਸੁਸ਼ਰੁਤ ਜਿਹੇ Ḕਪਲਾਸਟਿਕ ਸਰਜਰੀ ਦੇ ਚੈਂਪੀਅਨḔ ਅਤੇ ਅਚਾਰੀਆ ਭਾਰਦਵਾਜ ਵਰਗੇ Ḕਹਵਾਬਾਜ਼ੀ ਤਕਨਾਲੋਜੀ ਦੇ ਮੋਢੀḔ ਹਨ।
-ਹਿੰਦੂ ਮੰਦਰਾਂ ਦਾ ਇਤਿਹਾਸ ਤੇ ਪ੍ਰਸੰਗਿਕਤਾ ਦੱਸਣੇ ਹੋਣਗੇ। Ḕਹੁਣ ਵਕਤ ਹੈ ਕਿ ਹਿੰਦੂ ਮੰਦਰਾਂ ਵਿਚ ਪਾਈ ਜਾਂਦੀ ਤਾਕਤ, ਊਰਜਾ ਅਤੇ ਥਰਥਰਾਹਟ ਨੂੰ ਜਾਣਿਆ ਜਾਵੇ।Ḕ ਇਹ ਪੂਜਾ ਸਥਾਨ, ਈਸ਼ਵਰ ਦੀ ਤਾਕਤ ਅਤੇ ਊਰਜਾ ਦੇ ਪ੍ਰਤੀਕ ਦੇਵਤਿਆਂ ਦੇ ਅਸਥਾਨ, ਤਾਲੀਮ ਤੇ ਗਿਆਨ ਦੇ ਕੇਂਦਰ, ਕਲਾ, ਨਾਚ ਅਤੇ ਸੰਗੀਤ ਦੀਆਂ ਸੰਸਥਾਵਾਂ ਧਾਰਮਿਕ ਮੁੱਲਾਂ ਨੂੰ ਬੁਲੰਦ ਕਰਨ ਦੇ ਧੁਰੇ ਦੀ ਭੂਮਿਕਾ ਨਿਭਾਉਂਦੇ ਆ ਰਹੇ ਹਨ।
-ਗਊ ਮਾਤਾ ਦੀ ਅਹਿਮੀਅਤ ਸਮਝਾਈ ਜਾਵੇ। ਸਾਡੀ ਪਵਿੱਤਰ ਮਾਤਾ ਗਊ ਸਾਡੇ ਮਾਣ-ਤਾਣ ਅਤੇ ਸਤਿਕਾਰ ਦੀ ਪਾਤਰ ਹੈ। ਇਸ ਦਾ ਦੁੱਧ ਤਾਂ ਹਲਕਾ ਤੇ ਪਚਣਯੋਗ ਹੈ ਹੀ, ਇਸ ਦੀਆਂ ਦੁੱਧ, ਘਿਓ, ਮੂਤਰ, ਗੋਹੇ ਅਤੇ ਦਹੀਂ ਵਰਗੀਆਂ ਉਪਜਾਂ ਵੀ ਪਵਿੱਤਰ ਹਨ। ਦਵਾਈਆਂ ਵਾਲੇ ਗੁਣਾਂ ਵਾਲੀਆਂ ਇਹ ਚੀਜ਼ਾਂ ਮਨੁੱਖੀ ਸਿਹਤ ਲਈ ਲਾਹੇਵੰਦ ਅਤੇ ਪੌਣ-ਪਾਣੀ ਨੂੰ ਸ਼ੁੱਧ ਕਰਨ ਵਾਲੀਆਂ ਹਨ। ਗਊ ਕਾਮਧੇਨੂ (ਮੁਰਾਦਾਂ ਪੂਰੀਆਂ ਕਰਨ ਵਾਲੀ ਦੇਵੀ) ਹੈ। ਭਗਵਾਨ ਕ੍ਰਿਸ਼ਨ ਗਊਆਂ ਦੀ ਪੂਜਾ ਕਰਦਾ ਸੀ। ਵੇਦ, ਉਪਨਿਸ਼ਦ, ਪੁਰਾਣ, ਮਹਾਭਾਰਤ, ਮਨੂ ਸਮਰਿਤੀ ਅਤੇ ਹੋਰ ਧਾਰਮਿਕ ਗ੍ਰੰਥਾਂ ਵਿਚ ਗਊ ਦੇ ਗੁਣਾਂ ਦੀ ਮਹਿਮਾ ਹੈ। ਇਸ ਅੰਦਰ ਰੱਬ ਵੱਸਦਾ ਹੈ ਅਤੇ ਇਸ ਨੂੰ ਮਾਰਨਾ ਘਿਨਾਉਣਾ ਜੁਰਮ ਹੈ।
-ਯੋਗ, ਧਿਆਨ-ਵਿਧੀ ਅਤੇ ਸੂਰੀਆ ਨਮਸਕਾਰ ਬਾਰੇ ਵਿਸ਼ੇਸ਼ ਪੜ੍ਹਾਈ ਕਰਵਾਈ ਜਾਵੇ। ਮਾਨਸਿਕ ਬੋਝ ਅਤੇ ਰੋਗਾਂ ਨੂੰ ਦੂਰ ਭਜਾਉਣ ਲਈ ਸਕੂਲਾਂ ਵਿਚ ਹਰ ਪੱਧਰ ‘ਤੇ ਇਸ ਦੀਆਂ ਜਮਾਤਾਂ ਲਾਜ਼ਮੀ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
-ਹਿੰਦੂ ਮਹਾਂਨਾਸ਼ ਤੋਂ ਜਾਣੂੰ ਕਰਾਇਆ ਜਾਵੇ। ਹੁਣ ਸਹੀ ਵਕਤ ਹੈ ਕਿ ਵਿਦਿਆਰਥੀਆਂ ਨੂੰ ਭਾਰਤ ਦਾ ਖੋਟ ਰਹਿਤ, ਬਿਨਾਂ ਪੱਖਪਾਤ, ਸੰਤੁਲਤ ਇਤਿਹਾਸ ਪੜ੍ਹਾਇਆ ਜਾਵੇ। ਪਿਛਲੀਆਂ ਦਸ ਸਦੀਆਂ ਦੌਰਾਨ ਹਿੰਦੂਆਂ ਉਪਰ ਜ਼ੁਲਮ, ਕਤਲੋਗਾਰਤ, ਦਹਿਸ਼ਤਗਰਦੀ, ਜਬਰ-ਜਨਾਹ, ਗੁਲਾਮੀ ਅਤੇ ਨਸਲਕੁਸ਼ੀ ਕਿਸ ਤਰ੍ਹਾਂ ਹੋਈ। ਬੀਤੇ ਤੋਂ ਸਿੱਖਣਾ ਸਾਡੀ ਇਖ਼ਲਾਕੀ ਜ਼ਿੰਮੇਵਾਰੀ ਹੈ, ਨਹੀਂ ਤਾਂ ਅਸੀਂ ਉਹੀ ਗਲਤੀਆਂ ਦੁਹਰਾਉਂਦੇ ਰਹਾਂਗੇ ਅਤੇ ਸਾਡੀਆਂ ਭਵਿਖੀ ਪੀੜ੍ਹੀਆਂ ਮੁਸਲਮਾਨਾਂ ਅਤੇ ਈਸਾਈਆਂ ਹੱਥੋਂ ਜ਼ਿਬਾਹ ਹੁੰਦੀਆਂ ਰਹਿਣਗੀਆਂ। ਕੋਇਨਰਾਡ ਇਲਸ (ਬੈਲਜੀਅਨ ਵਿਦਵਾਨ ਜੋ ਯੂਰਪੀ ਭਾਸ਼ਾਵਾਂ ਦੇ ਭਾਰਤ ਤੋਂ ਪੈਦਾ ਹੋਣ ਦੇ ਸਿਧਾਂਤ ਅਤੇ ਹਿੰਦੂਤਵ ਦਾ ਹਮਾਇਤੀ ਹੈ) ਅਨੁਸਾਰ ਸੰਨ 1000 ਅਤੇ 1525 ਸਾਲਾਂ ਦਰਮਿਆਨ 8 ਕਰੋੜ ਹਿੰਦੂਆਂ ਦਾ ਕਤਲੇਆਮ ਕੀਤਾ ਗਿਆ ਸੀ। Ḕਹਿੰਦੂ ਕੁਸ਼Ḕ ਪਰਬਤ ਹਿੰਦੂਆਂ ਦੀ ਇਸ ਵਹਿਸ਼ੀ ਅਤੇ ਜ਼ਾਲਮ ਕਤਲੋਗਾਰਤ ਦਾ ਸਬੂਤ ਹੈ। ਅਫਗਾਨ ਇਤਿਹਾਸਕਾਰ ਕੌਂਡਾਮੀਰ ਅਨੁਸਾਰ, ਮੁਸਲਮਾਨਾਂ ਨੇ ਆਪਣੇ ਇਕ ਹਮਲੇ ਦੌਰਾਨ ਹੇਰਾਤ ਸ਼ਹਿਰ ਵਿਚ 15 ਲੱਖ ਹਿੰਦੂ ਕਤਲ ਕੀਤੇ ਸਨ। ਵਿਦਿਆਰਥੀਆਂ ਨੂੰ ਇਤਿਹਾਸ ਦੇ ਇਨ੍ਹਾਂ ਸਭ ਤੋਂ ਜ਼ਾਲਮ ਦੌਰਾਂ ਦੀ ਲਾਜ਼ਮੀ ਜਾਣਕਾਰੀ ਹੋਣੀ ਚਾਹੀਦੀ ਹੈ ਜਦੋਂ ਹਿੰਦੂਆਂ ਨੂੰ ਘਾਤਕ, ਵਹਿਸ਼ੀ, ਬੇਰਹਿਮ ਅਤੇ ਅਣਮਨੁੱਖੀ ਜਬਰ-ਜਨਾਹਾਂ, ਤਸੀਹਿਆਂ ਅਤੇ ਕਤਲੇਆਮ ਦੇ ਸਿਲਸਿਲੇ ਦਾ ਸ਼ਿਕਾਰ ਬਣਾਇਆ ਗਿਆ। ਅਸੀਂ ਆਪਣੇ ਇਤਿਹਾਸ ਦੀ ਅਗਿਆਨਤਾ ਵੱਸ ਆਪਣੇ ਹਿੰਦੂਆਂ ਨੂੰ ਹੀ ਬੇਰਹਿਮ ਨਾ ਬਣਾਈ ਜਾਈਏ।
ਵਿਦਿਆਰਥੀਆਂ ਨੂੰ ਦਸ ਸਦੀਆਂ ਦੇ ਵਹਿਸ਼ੀ ਨਿਜ਼ਾਮਾਂ ਦੀ ਸੱਚੀ ਤਸਵੀਰ ਜ਼ਰੂਰ ਦਿਖਾਈ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਭਾਰਤ ਦੇ ਬਾਸ਼ਿੰਦਿਆਂ ਉਪਰ ਅਕਹਿ ਕਹਿਰ ਢਾਏ। ਕਿੰਨੇ ਮੰਦਰ ਢਾਹੇ ਗਏ, ਕਿੰਨੀਆਂ ਮੂਰਤੀਆਂ ਤੋੜੀਆਂ ਗਈਆਂ, ਕਿਵੇਂ ਹਿੰਦੂ ਭਗਵਾਨਾਂ ਦੀਆਂ ਮੂਰਤੀਆਂ ਦੇ ਮਲਬੇ ਨੂੰ ਮਸਜਿਦਾਂ ਬਣਾਉਣ ਲਈ ਇਸਤੇਮਾਲ ਕੀਤਾ ਗਿਆ, ਕਿੰਨੀਆਂ ਔਰਤਾਂ ਨਾਲ ਜਬਰ-ਜਨਾਹ ਕੀਤੇ ਗਏ, ਅਫਗਾਨਿਸਤਾਨ ਦੇ ਹਿੰਦੂ ਕੁਸ਼ ਪਰਬਤਾਂ ਵਿਚ ਕਿੰਨੇ ਹਿੰਦੂਆਂ ਦਾ ਕਤਲੇਆਮ ਕੀਤਾ ਗਿਆ, ਕਿੰਨੇ ਮੰਦਰਾਂ ਨੂੰ ਮਸਜਿਦਾਂ ਵਿਚ ਬਦਲਿਆ ਗਿਆ, ਕਿੰਨੇ ਈਸਾਈ ਧੋਖੇ ਤੇ ਲਾਲਚ ਨਾਲ ਹਿੰਦੂਆਂ ਨੂੰ ਆਪਣੇ ਧਰਮ ਵਿਚ ਸ਼ਾਮਲ ਕਰਨ ‘ਚ ਲੱਗੇ ਹੋਏ ਹਨ, ਘੱਟ-ਗਿਣਤੀਆਂ ਨੂੰ ਖੁਸ਼ ਕਰਨ ਦੀ ਨੀਤੀ ਕਿਵੇਂ ਸਿੱਖਿਆ ਦੀ ਕੁਆਲਿਟੀ ਨੂੰ ਢਾਹ ਲਾ ਰਹੀ ਹੈ, ਤੇ ਇਸ ਤਰ੍ਹਾਂ ਦੇ ਹੋਰ ਮੁੱਦਿਆਂ ਨੂੰ ਮੁਖ਼ਾਤਬ ਹੋਣਾ ਚਾਹੀਦਾ ਹੈ। ਨਾਲ ਹੀ ਇਹ ਵੀ ਕਿ ਸ੍ਰੀ ਕ੍ਰਿਸ਼ਨ ਦੇ ਜਨਮ ਸਥਾਨ ਨੂੰ ਕਿਵੇਂ ਤਬਾਹ ਕੀਤਾ ਗਿਆ, ਮੰਦਰ ਢਾਹ ਕੇ ਬਾਬਰੀ ਮਸਜਿਦ ਕਿਵੇਂ ਬਣਾਈ ਗਈ, ਕਾਸ਼ੀ ਵਿਸ਼ਵਨਾਥ ਮੰਦਰ ਢਾਹ ਕੇ ਉਸ ਦੇ ਅੱਗੇ ਮਸਜਿਦ ਕਿਵੇਂ ਬਣਾਈ ਗਈ, ਤੇ ਕਿਵੇਂ 2000 ਮੰਦਰਾਂ ਨੂੰ ਮਸਜਿਦਾਂ ਵਿਚ ਬਦਲਿਆ ਗਿਆ। Ḕਇਸਲਾਮਿਕ ਹਮਲੇ ਅਤੇ Ḕਗੋਆ ਕਬਜ਼ੇ (ਪੁਰਤਗਾਲੀ ਸਲਤਨਤ ਦੇ ਗੋਆ ਨੂੰ ਕਬਜ਼ੇ ‘ਚ ਲੈਣ ਸਮੇਂ ਕੈਥੋਲਿਕ ਗੋਆ ਵਾਸੀਆਂ ਦਾ ਘਾਣ) ਬਾਰੇ ਵੀ ਵਿਆਪਕ ਸਾਹਿਤ ਮੁਹੱਈਆ ਕਰਾਇਆ ਜਾਵੇ ਤਾਂ ਜੋ ਪਤਾ ਚੱਲੇ ਕਿ ਹਿੰਦੂਆਂ ਦੇ ਮੂਲ ਹੱਕਾਂ ਨੂੰ ਖੋਹੇ ਜਾਣ ਦਾ ਇਤਿਹਾਸ ਕੀ ਹੈ।
-Ḕਮਹਾਨ ਸੰਤਾਂ ਦੇ ਇਤਿਹਾਸ, ਪੈਗਾਮ ਅਤੇ ਉਨ੍ਹਾਂ ਦੀ ਸ਼ਾਨੋ-ਸ਼ੌਕਤḔ ਬਾਰੇ ਪੜ੍ਹਾਈ ਕਰਵਾਉਣ ਉਪਰ ਵੀ ਉਚੇਚਾ ਜ਼ੋਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਆਦਿ ਸ਼ੰਕਰ, ਮਾਧਵਾਚਾਰੀਆ, ਕਬੀਰ, ਮੀਰਾ ਬਾਈ, ਤੁਕਾ ਰਾਮ ਤੋਂ ਲੈ ਕੇ ਭਗਵਾਨ ਨਿਤੇਂਯਦਰ, ਸੱਤਿਆ ਸਾਈਂ ਬਾਬਾ, ਸ੍ਰੀ ਪਦ ਵਲਭ, ਨਰਸਿਮਹਾ ਸਵਾਮੀ, ਗੋਰਖਨਾਦ, ਸ੍ਰੀ ਪ੍ਰਭੂਪਦ, ਸਵਾਮੀ ਵਿਵੇਦਾਨੰਦ ਵਗੈਰਾ ਦੇ ਨਾਂ ਸਿਫਾਰਸ਼ ਕੀਤੇ ਗਏ ਹਨ। Ḕਇਨ੍ਹਾਂ ਨੇ ਸਾਡੀ ਪੁਰਾਤਨ ਸਭਿਅਤਾ ਨੂੰ ਤਬਾਹ ਕਰਨ ਦੇ ਯਤਨਾਂ ਦੇ ਬਾਵਜੂਦ ਸਾਡੀ ਸੰਸਕ੍ਰਿਤੀ ਦੀ ਅਮੀਰੀ ਨੂੰ ਜਿਉਂਦਾ ਰੱਖਿਆ ਹੈ।Ḕ ਇਨ੍ਹਾਂ ਤੋਂ ਇਲਾਵਾ, ਚਿੱਠੀ ਵਿਚ ਸਿਲੇਬਸ ਵਿਚ ਆਜ਼ਾਦੀ ਲਈ ਲੜੇ ਕੌਮੀ ਨਾਇਕਾਂ ਬਾਰੇ ਜਾਣਕਾਰੀ ਸ਼ਾਮਲ ਕਰਨ ਦਾ ਜ਼ਿਕਰ ਹੈ ਜਿਨ੍ਹਾਂ ਦਾ Ḕਪਹਿਲੀਆਂ ਹਕੂਮਤਾਂ ਨੇ ਇੰਤਹਾਪਸੰਦ, ਖਾੜਕੂ ਅਤੇ ਦਹਿਸ਼ਤਪਸੰਦ ਦੱਸ ਕੇ ਗਲਤ ਅਕਸ ਬਣਾਇਆ ਹੋਇਆ ਹੈ।Ḕ ਇਹ ਗੌਰਤਲਬ ਹੈ ਕਿ ਕੌਮੀ ਨਾਇਕਾਂ ਦੀ ਸੂਚੀ ਵਿਚ ਗਾਂਧੀ, ਨਹਿਰੂ ਤੇ ਹੋਰ ਮੁੱਖ ਕਾਂਗਰਸੀ ਆਗੂਆਂ ਦੇ ਨਾਂ ਗਾਇਬ ਹਨ।
ਉਨ੍ਹਾਂ ਅਨੁਸਾਰ ਹੁਣ ਤਾਈਂ Ḕਮਾਰਕਸਵਾਦੀ, ਮੁਸਲਿਮ ਅਤੇ ਪੱਛਮੀ ਇਤਿਹਾਸਕਾਰਾਂḔ ਵਲੋਂ ਲਿਖੀਆਂ ਜ਼ਿਆਦਾਤਰ ਕਿਤਾਬਾਂ ਭਾਰਤ ਦੇ ਅਸਲ ਇਤਿਹਾਸ ਪ੍ਰਤੀ ਬਹੁਤ ਇਕਪਾਸੜ, ਗਾਲੀ-ਗਲੋਚ ਵਾਲੀਆਂ, ਨਫਰਤ ਨਾਲ ਲਬਰੇਜ਼, ਭਿਆਨਕ ਅਤੇ ਅਸਹਿ ਹਨ। ਇਹ ਕੌਮੀ ਆਜ਼ਾਦੀ ਘੁਲਾਟੀਆਂ ਦਾ ਬਹੁਤ ਅਪਮਾਨ ਕਰਦੀਆਂ ਹਨ। ਸਨਾਤਨ ਧਰਮ ਨੂੰ ਬਹੁਤ ਡਰਾਉਣਾ ਬਣਾ ਕੇ ਪੇਸ਼ ਕਰਦੀਆਂ ਹਨ। ਹਿੰਦੂਤਵ ਦੀ ਨੀਂਹ ਰੱਖਣ ਵਾਲੇ ਸਮਰਾਟਾਂ ਦੀਆਂ ਦੇਣਾਂ ਪ੍ਰਤੀ ਬਹੁਤ ਬੇਪ੍ਰਵਾਹ ਹਨ ਜਦਕਿ ਹਿੰਦੁਸਤਾਨੀ ਸੰਸਕ੍ਰਿਤੀ ਵਿਚ ਮੁਸਲਮਾਨ ਹਮਲਾਵਰਾਂ ਦੇ ਯੋਗਦਾਨ ਦੀਆਂ ਸ਼ੇਖੀਆਂ ਨਾਲ ਭਰੀਆਂ ਹੋਈਆਂ ਹਨ।Ḕ
ਚਿੱਠੀ ਦੇ ਲੇਖਕਾਂ ਨੇ ਮੋਦੀ ਹਕੂਮਤ ਨੂੰ ਚੇਤੇ ਕਰਾਇਆ ਹੈ ਕਿ Ḕਡਾæ ਸੁਬਰਾਮਨੀਅਮ ਸਵਾਮੀ ਨਹਿਰੂ ਦੌਰ ਦੇ ਇਤਿਹਾਸਕਾਰਾਂ ਦੀਆਂ ਲਿਖਤਾਂ ਨੂੰ ਸਾੜਨ ਦੀ ਮੰਗ ਕਰਦਾ ਆ ਰਿਹਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਹੁਣ ਵਕਤ ਹੈ ਕਿ ਇਨ੍ਹਾਂ ਸਾਰੇ ਖੱਬੇਪੱਖੀ ਇਤਿਹਾਸਕਾਰਾਂ ਨੂੰ ਅਗਨੀ ਭੇਟ ਕਰ ਦਿੱਤਾ ਜਾਵੇ ਜੋ ਇਤਨੇ ਦਹਾਕਿਆਂ ਤੋਂ ਭਾਰਤ ਮਾਂ ਨਾਲ ਧ੍ਰੋਹ ਕਰਦੇ ਆਏ ਹਨ ਅਤੇ ਇਨ੍ਹਾਂ ਦੀ ਥਾਂ ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਅਤੇ ਟਰੇਨਿੰਗ, ਨੈਸ਼ਨਲ ਸੈਂਸਰ ਬੋਰਡ ਅਤੇ ਹੋਰ ਏਜੰਸੀਆਂ ਵਿਚ ਉਨ੍ਹਾਂ ਵਿਦਵਾਨਾਂ ਨੂੰ ਰੱਖਿਆ ਜਾਵੇ ਜੋ ਸਨਾਤਨ ਧਰਮ ਦੀ ਅਮੀਰੀ ਦੇ ਕਦਰਦਾਨ ਹਨ। ਨਹਿਰੂ ਜ਼ਮਾਨੇ ਦੇ ਇਨ੍ਹਾਂ ਖੱਬੇਪੱਖੀ ਇਤਿਹਾਸਕਾਰਾਂ ਦਾ ਭਾਂਡਾ ਭੰਨਦੇ ਹੋਏ ਜੋ ਕੁਝ ਖੁੱਸ ਚੁੱਕਾ ਹੈ, ਉਸ ਨੂੰ ਮੋੜ ਲਿਆਉਣ ਦਾ, ਸਮੁੱਚੇ ਸਕੂਲੀ ਸਿਲੇਬਸ ਨੂੰ ਦਰੁਸਤ ਕਰਨ ਦਾ ਹੁਣ ਵਕਤ ਹੈ।Ḕ