-ਜਤਿੰਦਰ ਪਨੂੰ
ਲੋਕਾਂ ਦੀ ਜ਼ਿੰਦਗੀ ਦੇ ਆਮ ਮੁੱਦਿਆਂ ਤੋਂ ਲਾਂਭੇ ਹਟ ਕੇ ਬੇਲੋੜੇ ਵਿਵਾਦ ਪੈਦਾ ਕਰਨ ਅਤੇ ਫਿਰ ਉਨ੍ਹਾਂ ਵਿਚ ਉਲਝੇ ਰਹਿਣ ਦੀ ਸ਼ੌਕੀਨ ਭਾਰਤੀ ਰਾਜਨੀਤੀ ਹੁਣ ਇੱਕ ਹੋਰ ਮੁੱਦੇ ਵਿਚ ਉਲਝੀ ਪਈ ਹੈ। ਇਹ ਮੁੱਦਾ ਇਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਵਿਰਾਸਤ ਦਾ ਹੈ। ਉਸ ਦੇ ਇੱਕ ਸੌ ਪੰਝੀਵੇਂ ਜਨਮ ਦਿਨ ਦੇ ਸਬੰਧ ਵਿਚ ਕਾਂਗਰਸ ਪਾਰਟੀ ਨੇ ਇੱਕ ਸਮਾਗਮ ਰੱਖ ਲਿਆ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਨਹੀਂ ਦਿੱਤਾ। ਅੱਗੇ ਇੱਕ ਇਹੋ ਜਿਹੇ ਸੱਦੇ ਦਾ ਵਿਵਾਦ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਪੈਦਾ ਕੀਤਾ ਸੀ। ਉਸ ਦੇ ਵਿਵਾਦ ਤੇ ਇਸ ਨਵੇਂ ਵਿਵਾਦ ਵਿਚ ਫਰਕ ਇਹ ਹੈ ਕਿ ਉਹ ਇੱਕ ਧਾਰਮਿਕ ਪਦਵੀ ਦੇ ਦਾਅਵੇਦਾਰ ਦੀ ਤਾਜਪੋਸ਼ੀ ਦੇ ਸਮਾਗਮ ਨਾਲ ਸਬੰਧਤ ਸੀ ਤੇ ਇਹ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਦੀ ਯਾਦ ਮਨਾਉਣ ਨਾਲ ਜੁੜਦਾ ਹੈ। ਦੋਵਾਂ ਦੇ ਵਿਵਾਦ ਦਾ ਮੁੱਖ ਮੁੱਦਾ ਨਰਿੰਦਰ ਮੋਦੀ ਨੂੰ ਸੱਦਾ ਨਾ ਦੇਣ ਦਾ ਸੀ। ਹੁਣ ਮਾਮਲਾ ਕਾਂਗਰਸ ਪਾਰਟੀ ਵੱਲੋਂ ਰੱਖੇ ਗਏ ਇੱਕ ਸਮਾਗਮ ਦਾ ਹੈ। ਇਹ ਉਸ ਦੀ ਮਰਜ਼ੀ ਹੈ ਕਿ ਉਹ ਕਿਸੇ ਨੂੰ ਸੱਦਾ ਦੇਣ ਦੀ ਲੋੜ ਸਮਝੇ ਜਾਂ ਨਾ ਸਮਝੇ। ਨਰਿੰਦਰ ਮੋਦੀ ਨੂੰ ਸੱਦਾ ਦੇ ਦਿੱਤਾ ਜਾਂਦਾ ਤਾਂ ਠੀਕ ਸੀ, ਪਰ ਜਦੋਂ ਨਹੀਂ ਦਿੱਤਾ ਗਿਆ ਤਾਂ ਭਾਜਪਾ ਆਗੂ ਇਸ ਨੂੰ ਤੂਲ ਦੇਣ ਦੀ ਥਾਂ ਪੰਡਿਤ ਜਵਾਹਰ ਲਾਲ ਨਹਿਰੂ ਦਾ ਇੱਕ ਸਮਾਗਮ ਜਾਂ ਕੋਈ ਹੋਰ ਪ੍ਰੋਗਰਾਮ ਆਪਣੇ ਆਪ ਕਰਵਾ ਸਕਦੇ ਹਨ, ਤੇ ਸ਼ਾਇਦ ਉਹ ਕਰਵਾਉਣ ਦਾ ਕੋਈ ਨਾ ਕੋਈ ਯਤਨ ਵੀ ਕਰਨਗੇ।
ਭਾਰਤੀ ਜਨਤਾ ਪਾਰਟੀ ਆਪਣੇ ਆਗੂ ਨਰਿੰਦਰ ਮੋਦੀ ਨੂੰ ਉਥੇ ਭੇਜਣ ਨੂੰ ਕਿਉਂ ਬਜ਼ਿਦ ਹੈ, ਇਹ ਗੱਲ ਬਹੁਤੇ ਲੋਕਾਂ ਦੇ ਸਮਝ ਨਹੀਂ ਆਈ। ਨਾ ਨਰਿੰਦਰ ਮੋਦੀ ਕਦੇ ਨਹਿਰੂ-ਭਗਤ ਰਿਹਾ ਹੈ, ਨਾ ਉਸ ਨੇ ਨਹਿਰੂ ਬਾਰੇ ਕਦੀ ਕੋਈ ਖੋਜ ਦਾ ਕੰਮ ਕੀਤਾ ਹੈ। ਜਾਵੇ ਤਾਂ ਸਿਰਫ ਸਿਆਸੀ ਚਾਂਦਮਾਰੀ ਕਰ ਆਵੇਗਾ। ਇਸ ਤੋਂ ਵੱਧ ਉਸ ਨੇ ਕਰਨਾ ਨਹੀਂ, ਤੇ ਸ਼ਾਇਦ ਇਹੋ ਕੰਮ ਹੈ, ਜਿਸ ਦੇ ਲਈ ਮੋਦੀ ਨੂੰ ਉਸ ਦੇ ਪਾਰਟੀ ਵਾਲੇ ਉਥੇ ਭੇਜਣਾ ਚਾਹੁੰਦੇ ਸਨ।
ਪਹਿਲਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਈ ਸਾਲ ਮਹਾਤਮਾ ਗਾਂਧੀ ਨੂੰ ਭੰਡਿਆ ਸੀ, ਤੇ ਅਜੇ ਵੀ ਵੇਲਾ ਵਿਚਾਰ ਕੇ ਉਸ ਦੇ ਪੁਰਾਣੇ ਕਿੱਸੇ ਕੱਢ ਕੇ ਗੁੱਡਾ ਬੰਨ੍ਹਣ ਲੱਗ ਪੈਂਦੇ ਹਨ। ਇਹ ਗੱਲ ਆਪਣੀ ਥਾਂ ਕਾਇਮ ਹੈ ਕਿ ਉਹ ਗਾਂਧੀ ਨਾਲੋਂ ਵੱਧ ਨੱਥੂ ਰਾਮ ਗੌਡਸੇ ਦਾ ਪੱਖ ਲੈਂਦੇ ਰਹੇ ਹਨ, ਜਿਹੜਾ ਮਹਾਤਮਾ ਗਾਂਧੀ ਦੇ ਕਤਲ ਦੇ ਦੋਸ਼ ਵਿਚ ਉਦੋਂ ਫਾਂਸੀ ਲਾਇਆ ਗਿਆ ਸੀ। ਗਾਂਧੀ ਤੋਂ ਬਾਅਦ ਭਾਜਪਾ ਵਾਲੇ ਸਰਦਾਰ ਪਟੇਲ ਨੂੰ ਚੁੱਕ ਤੁਰੇ। ਹੁਣ ਉਹ ਪੰਡਿਤ ਨਹਿਰੂ ਦੀ ਵਿਰਾਸਤ ਦੇ ਹੱਕਦਾਰ ਬਣਨ ਤੁਰ ਪਏ ਹਨ। ਇਹ ਉਹੋ ਪੰਡਿਤ ਨਹਿਰੂ ਹੈ, ਜਿਸ ਬਾਰੇ ਹਾਲੇ ਪਿਛਲੇ ਮਹੀਨੇ ਆਰ ਐਸ ਐਸ ਨਾਲ ਸਬੰਧਤ ਇੱਕ ਰਸਾਲੇ ਵਿਚ ਲਿਖਤ ਛਪੀ ਹੈ ਕਿ ਮਹਾਤਮਾ ਗਾਂਧੀ ਨੂੰ ਮਾਰਨ ਦੀ ਬਜਾਏ ਨੱਥੂ ਰਾਮ ਗੌਡਸੇ ਨੂੰ ਪੰਡਿਤ ਨਹਿਰੂ ਨੂੰ ਮਾਰਨਾ ਚਾਹੀਦਾ ਸੀ। ਬਾਅਦ ਵਿਚ ਇਸ ਲਿਖਤ ਨੂੰ ਉਸ ਲੇਖਕ ਦੀ ਨਿੱਜੀ ਰਾਏ ਕਹਿ ਦਿੱਤਾ ਗਿਆ। ਉਹ ਹੁਣ ਪੰਡਿਤ ਨਹਿਰੂ ਨੂੰ ਸਿਰ ਉਤੇ ਚੁੱਕਣਾ ਚਾਹੁੰਦੇ ਹਨ। ਭਾਜਪਾ ਆਗੂਆਂ ਦੀ ਮਜਬੂਰੀ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਦੇ ਆਪਣੇ ਕੋਲ ਕੋਈ ਇਹੋ ਜਿਹਾ ਆਗੂ ਨਹੀਂ, ਜਿਸ ਨਾਲ ਇਸ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਓਦਾਂ ਜੁੜੀਆਂ ਹੋਣ, ਜਿਸ ਤਰ੍ਹਾਂ ਗਾਂਧੀ, ਪਟੇਲ ਤੇ ਨਹਿਰੂ ਨਾਲ ਜੁੜਦੀਆਂ ਹਨ ਤੇ ਭਾਵਨਾਵਾਂ ਦਾ ਸਹਾਰਾ ਦੇਣ ਜੋਗਾ ਆਗੂ ਕਿਸੇ ਵੀ ਪਾਰਟੀ ਦਾ ਹੋਵੇ, ਉਹ ਉਸ ਦਾ ਨਾਂ ਵਰਤਣ ਨੂੰ ਤਿਆਰ ਹਨ। ਬਹਾਨਾ ਉਨ੍ਹਾਂ ਕੋਲ ਹੈ ਕਿ ਪੰਡਿਤ ਨਹਿਰੂ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਭ ਦੀ ਸਾਂਝੀ ਵਿਰਾਸਤ ਦਾ ਅੰਗ ਸੀ।
ਜਦੋਂ ਪੰਡਿਤ ਨਹਿਰੂ ਜਿੰਦਾ ਸੀ, ਉਸ ਦੀ ਪਹਿਲੀ ਪਾਰਲੀਮੈਂਟ ਚੋਣ ਵੇਲੇ ਆਰ ਐਸ ਐਸ ਵਾਲਿਆਂ ਨੇ ਗੁਰੂ ਗੋਲਵਾਲਕਰ ਨਾਲ ਨਿੱਘੀ ਨੇੜਤਾ ਵਾਲੇ ਸੰਤ ਪ੍ਰਭੂ ਦੱਤ ਬ੍ਰਹਮਚਾਰੀ ਨੂੰ ਉਸ ਦੇ ਮੁਕਾਬਲੇ ਖੜਾ ਕੀਤਾ ਸੀ। ਪ੍ਰਭੂ ਦੱਤ ਨੇ ਇਹ ਗੱਲ ਮੁੱਦਾ ਬਣਾ ਕੇ ਚੋਣ ਲੜੀ ਸੀ ਕਿ ਨਹਿਰੂ ਨੇ ਆਪਣੀ ਧੀ ਨੂੰ ਦੂਸਰੇ ਧਰਮ ਦੇ ਮੁੰਡੇ ਫਿਰੋਜ਼ ਗਾਂਧੀ ਨਾਲ ਵਿਆਹ ਕੇ ਧਰਮ ਤੋੜਿਆ ਹੈ। ਉਸ ਨੇ ਮੂੰਹ ਉਤੇ ਪੱਟੀ ਬੰਨ੍ਹ ਲਈ ਅਤੇ ਕਿਹਾ ਕਿ ਉਹ ਨਹਿਰੂ ਵਰਗੇ ਬੰਦੇ ਬਾਰੇ ਮੂੰਹ ਖੋਲ੍ਹਣਾ ਵੀ ਆਪਣੀ ਬੇਇੱਜ਼ਤੀ ਸਮਝਦਾ ਹੈ, ਇਸ ਲਈ ਸਾਰੀ ਚੋਣ ਦੌਰਾਨ ਬੋਲੇਗਾ ਨਹੀਂ। ਅੱਗੋਂ ਨਹਿਰੂ ਨੇ ਸੁਨੇਹਾ ਭੇਜ ਦਿੱਤਾ ਕਿ ਪ੍ਰਭੂ ਦੱਤ ਬ੍ਰਹਮਚਾਰੀ ਬੋਲੇਗਾ ਨਹੀਂ, ਮੈਂ ਹਲਕੇ ਵਿਚ ਹੀ ਨਹੀਂ ਵੜਾਂਗਾ, ਲੋਕਾਂ ਨੂੰ ਆਪਣੀ ਸਮਝ ਨਾਲ ਫੈਸਲਾ ਕਰਨ ਦਾ ਮੌਕਾ ਦੇਵਾਂਗਾ। ਚੋਣ ਦਾ ਨਤੀਜਾ ਆਇਆ ਤਾਂ ਨਹਿਰੂ ਨੂੰ ਦੋ ਲੱਖ ਸਾਢੇ ਤੇਤੀ ਹਜ਼ਾਰ ਲੋਕਾਂ ਨੇ ਵੋਟ ਦਿੱਤੀ ਅਤੇ ਪ੍ਰਭੂ ਦੱਤ ਨੂੰ ਸਿਰਫ ਪੌਣੇ ਸਤਵੰਜਾ ਹਜ਼ਾਰ ਵੋਟਾਂ ਮਿਲੀਆਂ ਸਨ ਤੇ ਜ਼ਮਾਨਤ ਵੀ ਜ਼ਬਤ ਹੋ ਗਈ ਸੀ। ਫਿਰ ਸੰਤ ਪ੍ਰਭੂ ਦੱਤ ਨੇ ਪੰਡਿਤ ਨਹਿਰੂ ਨੂੰ ਤਾਰ ਭੇਜੀ ਸੀ ਕਿ ਚੋਣ ਵਿਚ ਧਰਮ ਨਿਰਪੱਖਤਾ ਦੀ ਜਿੱਤ ਹੋ ਗਈ ਹੈ, ਮੇਰੇ ਵੱਲੋਂ ਵਧਾਈ ਹੋਵੇ। ਹੁਣ ਨਰਿੰਦਰ ਮੋਦੀ ਨੂੰ ਓਸੇ ਨਹਿਰੂ ਦੇ ਸਮਾਗਮ ਦਾ ਸੱਦਾ ਚਾਹੀਦਾ ਹੈ।
ਇਸ ਮੁੱਦੇ ਨੂੰ ਤੂਲ ਦੇਣ ਦੀ ਥਾਂ ਮੇਨਕਾ ਗਾਂਧੀ ਨੂੰ ਅੱਗੇ ਲਾ ਕੇ ਭਾਜਪਾ ਵਾਲੇ ਆਪਣਾ ਸਮਾਗਮ ਕਰ ਸਕਦੇ ਹਨ। ਉਹ ਸੋਨੀਆ ਗਾਂਧੀ ਵਾਂਗ ਹੀ ਨਹਿਰੂ-ਗਾਂਧੀ ਪਰਿਵਾਰ ਦੀ ਨੂੰਹ ਹੈ ਤੇ ਜੇਠਾਣੀ ਨਾਲ ਬਣਦੀ ਨਾ ਹੋਣ ਕਰ ਕੇ ਭਾਜਪਾ ਵਿਚ ਹੈ। ਆਪਣੀ ਲੋੜ ਲਈ ਉਹ ਭਾਜਪਾ ਦੀ ਏਨੀ ਵਫਾਦਾਰ ਹੈ ਕਿ ਜਦੋਂ ਐਮਰਜੈਂਸੀ ਬਾਰੇ ਸਮਾਗਮ ਹੁੰਦੇ ਹਨ ਅਤੇ ਉਥੇ ਮੇਨਕਾ ਗਾਂਧੀ ਦੇ ਮਰਹੂਮ ਪਤੀ ਸੰਜੇ ਗਾਂਧੀ ਬਾਰੇ ਕਈ ਕੁਝ ਬੋਲਿਆ ਜਾਂਦਾ ਹੈ, ਉਦੋਂ ਵੀ ਉਹ ਚੁੱਪ ਰਹਿੰਦੀ ਹੈ। ਪੰਡਿਤ ਨਹਿਰੂ ਬਾਰੇ ਵੀ ਮੇਨਕਾ ਗਾਂਧੀ ਨੇ ਕਹਿ ਦਿੱਤਾ ਹੈ ਕਿ ਸਿਰਫ ਪਰਿਵਾਰ ਦੇ ਨਹੀਂ, ਉਹ ਭਾਰਤ ਦੇਸ਼ ਦੇ ਸਾਰੇ ਲੋਕਾਂ ਦੀ ਵਿਰਾਸਤ ਹਨ। ਭਾਜਪਾ ਵੀ ਭਾਰਤ ਦੇ ਲੋਕਾਂ ਵਿਚ ਸ਼ਾਮਲ ਹੀ ਹੈ।
ਵਿਵਾਦ ਦਾ ਦੂਸਰਾ ਪੱਖ ਸੋਨੀਆ ਗਾਂਧੀ ਅਤੇ ਉਸ ਨਾਲ ਜੁੜੇ ਕਾਂਗਰਸ ਪਾਰਟੀ ਦੇ ਆਗੂਆਂ ਦਾ ਹੈ। ਉਹ ਵੀ ਇੰਜ ਕਰਦੇ ਹਨ, ਜਿਵੇਂ ਪਿੰਡਾਂ ਵਿਚ ਕੁਝ ਘਰਾਂ ਦੇ ਜਠੇਰਿਆਂ ਵਾਂਗ ਨਹਿਰੂ-ਗਾਂਧੀ ਦੀ ਵਿਰਾਸਤ ਉਨ੍ਹਾਂ ਦੇ ਜਠੇਰਿਆਂ ਦਾ ਡੇਰਾ ਹੋਵੇ। ਮਹਾਤਮਾ ਗਾਂਧੀ ਤੇ ਪੰਡਿਤ ਨਹਿਰੂ ਨਾਲ ਹਜ਼ਾਰ ਮੱਤਭੇਦਾਂ ਦੇ ਬਾਵਜੂਦ ਦੂਸਰੇ ਵਿਚਾਰਾਂ ਦੇ ਕਈ ਲੋਕ ਵੀ ਨਹਿਰੂ ਦਾ ਸਤਿਕਾਰ ਕਰਦੇ ਹਨ। ਕਾਂਗਰਸ ਵਾਲੇ ਉਨ੍ਹਾਂ ਸਭਨਾਂ ਨੂੰ ਪਾਸੇ ਧੱਕਣ ਲੱਗੇ ਰਹਿੰਦੇ ਹਨ। ਕਾਂਗਰਸ ਦੇ ਲੀਡਰਾਂ ਵਿਚ ਦੁਬਿਧਾ ਵੀ ਹੈ। ਵਿਰਾਸਤ ਉਹ ਸਿਰਫ ਆਪਣੀ ਮੰਨੀ ਜਾਣੀ ਚਾਹੁੰਦੇ ਹਨ ਤੇ ਸਤਿਕਾਰ ਸਾਰੇ ਦੇਸ਼ ਦੇ ਲੋਕਾਂ ਤੋਂ, ਅਤੇ ਵਿਰੋਧੀ ਸੋਚ ਵਾਲਿਆਂ ਤੋਂ ਵੀ, ਕੀਤਾ ਜਾਂਦਾ ਚਾਹੁੰਦੇ ਹਨ। ਉਨ੍ਹਾਂ ਦੀ ਇਸ ਸਵਾਰਥੀ ਸਿਆਸਤ ਦੀ ਸੋਚ ਨਾਲ ਕੋਈ ਹੋਰ ਸਹਿਮਤ ਹੈ ਕਿ ਨਹੀਂ, ਉਸ ਤੋਂ ਵੱਧ ਇਹ ਘੋਖਣ ਦੀ ਲੋੜ ਹੈ ਕਿ ਪੰਡਿਤ ਨਹਿਰੂ ਦੀ ਫੋਟੋ ਨੂੰ ਹਾਰ ਪਾਉਣ ਤੇ ਸਮਾਧੀ ਉਤੇ ਮੱਥਾ ਟੇਕਣ ਤੋਂ ਵੱਧ ਉਨ੍ਹਾਂ ਆਪ ਕੀ ਕੀਤਾ ਹੈ? ਕੀ ਉਹ ਉਸ ਸੋਚ ਨਾਲ ਨਿਭ ਸਕੇ ਹਨ, ਜਿਹੜੀ ਪੰਡਿਤ ਨਹਿਰੂ ਆਪਣੀ ਜ਼ਿੰਦਗੀ ਵਿਚ ਰੱਖਦਾ ਸੀ ਤੇ ਜਿਸ ਸੋਚ ਦੇ ਕਾਰਨ ਭਾਰਤ ਦੇ ਲੋਕ ਉਸ ਦਾ ਇੱਕ ਆਗੂ ਵਜੋਂ ਉਦੋਂ ਵੀ ਦਿਲੋਂ ਸਤਿਕਾਰ ਕਰਦੇ ਸਨ ਅਤੇ ਕਈ ਲੋਕ ਅੱਜ ਵੀ ਕਰਦੇ ਹਨ?
ਜਿਹੜਾ ਜਵਾਹਰ ਲਾਲ ਨਹਿਰੂ ਕਦੀ ਧਰਮ ਨਿਰਪੱਖਤਾ ਲਈ ਜਾਣਿਆ ਜਾਂਦਾ ਸੀ, ਉਸ ਦੀ ਧੀ ਇੰਦਰਾ ਦੀ ਰਾਜਸੀ ਲੋੜ ਉਸ ਨੂੰ ਵੱਖੋ-ਵੱਖ ਧਰਮਾਂ ਦੇ ਆਪਸੀ ਵਿਰੋਧਾਂ ਨੂੰ ਵਰਤਣ ਤੱਕ ਲੈ ਗਈ ਸੀ। ਅਸੀਂ ਇੰਦਰਾ ਗਾਂਧੀ ਦੇ ਕਤਲ ਨੂੰ ਹਮੇਸ਼ਾ ਗਲਤ ਕਿਹਾ ਤੇ ਮੰਨਿਆ ਹੈ, ਪਰ ਕੀ ਇਹ ਗੱਲ ਸੱਚ ਨਹੀਂ ਕਿ ਇਸ ਕਤਲ ਤੱਕ ਦੇ ਹਾਲਾਤ ਪੈਦਾ ਕਰਨ ਵਿਚ ਉਸ ਦੀ ਵੱਖ-ਵੱਖ ਧਰਮਾਂ ਨੂੰ ਰਾਜਨੀਤੀ ਲਈ ਵਰਤਣ ਦੀ ਸੋਚਣੀ ਵੀ ਜ਼ਿਮੇਵਾਰ ਸੀ? ਜਦੋਂ ਉਹ ਨਾ ਰਹੀ, ਉਸ ਦਾ ਪੁੱਤਰ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀ, ਕੀ ਇਹ ਗੱਲ ਸੱਚ ਨਹੀਂ ਕਿ ਉਸ ਨੇ ਸ਼ਾਹ ਬਾਨੋ ਕੇਸ ਵਿਚ ਮੁਸਲਮਾਨਾਂ ਨੂੰ ਪਤਿਆਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਫਿਰ ਹਿੰਦੂ ਵੋਟਾਂ ਨੂੰ ਕੁੰਡੀ ਪਾਉਣ ਵਾਸਤੇ ਅਯੁੱਧਿਆ ਵਿਚ ਚਿਰਾਂ ਤੋਂ ਬੰਦ ਪਏ ਉਸ ਰਾਮ ਮੰਦਰ ਦਾ ਤਾਲਾ ਖੁੱਲ੍ਹਵਾ ਦਿੱਤਾ ਸੀ, ਜਿਸ ਦਾ ਲਾਭ ਬਾਅਦ ਵਿਚ ਭਾਜਪਾ ਵਾਲੇ ਲੈ ਗਏ? ਕੀ ਇਹ ਵੀ ਸੱਚ ਨਹੀਂ ਕਿ ਜਦੋਂ ਬੋਫੋਰਜ਼ ਤੋਪ ਸੌਦੇ ਵਾਲੇ ਦੋਸ਼ਾਂ ਦੀ ਲਪੇਟ ਵਿਚ ਆਇਆ ਪਿਆ ਸੀ ਤਾਂ ਉਸ ਨੇ ਅਗਲੀ ਪਾਰਲੀਮੈਂਟ ਚੋਣ ਲਈ ਮੁਹਿੰਮ ਦੀ ਸ਼ੁਰੂਆਤ ਅਯੁੱਧਿਆ ਦੇ ਉਸੇ ਵਿਵਾਦਤ ਰਾਮ ਮੰਦਰ ਵਿਚ ਮੱਥਾ ਟੇਕਣ ਨਾਲ ਕੀਤੀ ਸੀ? ਬਾਅਦ ਵਿਚ ਕਾਂਗਰਸ ਪਾਰਟੀ ਨੂੰ ਇਹ ਖੇਡ ਵੀ ਪੁੱਠੀ ਪੈ ਗਈ ਸੀ।
ਪੰਡਿਤ ਨਹਿਰੂ ਦੇ ਵਕਤ ਸਾਰਾ ਕੁਝ ਚੰਗਾ ਨਹੀਂ ਸੀ ਹੁੰਦਾ, ਭ੍ਰਿਸ਼ਟਾਚਾਰ ਦੇ ਕਈ ਕਿੱਸੇ ਵੀ ਉਛਲੇ ਸਨ ਤੇ ਇਹ ਦੋਸ਼ ਲੱਗਣ ਲੱਗ ਪਿਆ ਸੀ ਕਿ ਨਹਿਰੂ ਕੁਝ ਲੋਕਾਂ ਵੱਲ ਨਰਮ ਹੈ, ਪਰ ਆਮ ਤੌਰ ਉਤੇ ਉਹ ਏਦਾਂ ਦੇ ਮਾਮਲੇ ਵਿਚ ਕਾਨੂੰਨ ਦੀ ਪਾਸਦਾਰੀ ਤੇ ਲੋਕ-ਲਾਜ ਵਾਲੇ ਪੱਖ ਦਾ ਖਿਆਲ ਰੱਖਦਾ ਰਿਹਾ। ਬਾਅਦ ਵਿਚ ਕਾਂਗਰਸ ਵਿਚ ਹਰ ਕਿਸਮ ਦੇ ਮਾੜੇ ਲੋਕ ਸ਼ਾਮਲ ਹੋਣ ਲੱਗ ਪਏ। ਅੱਜ ਦੀ ਕਾਂਗਰਸ ਵਿਚ ਕੋਈ ਇਮਾਨਦਾਰ ਬੰਦਾ ਹੋਣ ਦਾ ਜ਼ਿਕਰ ਵੀ ਸੁਣ ਕੇ ਲੋਕ ਹੈਰਾਨ ਹੋ ਜਾਂਦੇ ਹਨ। ਇਸ ਤਰ੍ਹਾਂ ਦੀ ਸਥਿਤੀ ਕਾਂਗਰਸੀ ਲੀਡਰਾਂ ਨੇ ਪੈਦਾ ਕੀਤੀ ਹੈ। ਨਹਿਰੂ ਦੇ ਵਕਤ ਇਹ ਸੁਣਿਆ ਜਾਂਦਾ ਸੀ ਕਿ ਅਕਾਲੀਆਂ ਜਾਂ ਜਨ ਸੰਘ ਦਾ ਫਲਾਣਾ ਲੀਡਰ ਕਾਂਗਰਸ ਵਾਲਿਆਂ ਦੇ ਹੱਥਾਂ ਵਿਚ ਖੇਡਦਾ ਹੈ ਤੇ ਉਹ ਉਸ ਦਾ ਖਰਚਾ ਦਿੰਦੇ ਹਨ। ਹੁਣ ਇਹ ਸਥਿਤੀ ਹੈ ਕਿ ਕਾਂਗਰਸੀ ਲੀਡਰਾਂ ਉਤੇ ਅਕਾਲੀਆਂ ਅਤੇ ਭਾਜਪਾ ਵਾਲਿਆਂ ਦੇ ਹੱਥਾਂ ਵਿਚ ਖੇਡਣ ਤੇ ਉਨ੍ਹਾਂ ਤੋਂ ਪੈਸੇ ਲੈ ਕੇ ਆਪਣੀ ਪਾਰਟੀ ਦੀ ਬੇੜੀ ਵਿਚ ਆਪ ਪੱਥਰ ਰੱਖਣ ਦੇ ਦੋਸ਼ ਲੱਗ ਰਹੇ ਹਨ। ਇੰਦਰਾ ਗਾਂਧੀ ਦੇ ਪਤੀ ਫਿਰੋਜ਼ ਗਾਂਧੀ ਨਾਲ ਪੰਡਿਤ ਨਹਿਰੂ ਦੀ ਸਿਆਸੀ ਰਾਏ ਵੱਖਰੀ ਹੋਣ ਦੀ ਗੱਲ ਤਾਂ ਚੱਲਦੀ ਹੈ, ਪਰ ਕਦੇ ਇਹ ਨਹੀਂ ਸੀ ਸੁਣਿਆ ਗਿਆ ਕਿ ਫਿਰੋਜ਼ ਗਾਂਧੀ ਨੇ ਭ੍ਰਿਸ਼ਟਾਚਾਰ ਕੀਤਾ ਹੋਵੇ ਤੇ ਉਸ ਦੇ ਸਹੁਰੇ ਜਵਾਹਰ ਲਾਲ ਨਹਿਰੂ ਨੇ ਸਾਰੀ ਪਾਰਟੀ ਉਸ ਜਵਾਈ ਦੇ ਬਚਾਅ ਲਈ ਝੋਕ ਦਿੱਤੀ ਹੋਵੇ। ਇਸ ਦੀ ਥਾਂ ਇਹ ਹਕੀਕਤ ਹੈ ਕਿ ਆਪਣੇ ਸਹੁਰੇ ਦੇ ਪ੍ਰਧਾਨ ਮੰਤਰੀ ਹੁੰਦਿਆਂ ਫਿਰੋਜ਼ ਗਾਂਧੀ ਨੇ ਮੁੰਦੜਾ ਸਕੈਂਡਲ ਵਰਗੇ ਭ੍ਰਿਸ਼ਟਾਚਾਰ ਦਾ ਡਟਵਾਂ ਵਿਰੋਧ ਕੀਤਾ ਸੀ। ਹੁਣ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਏਦਾਂ ਦਾ ਸੁਲੱਖਣਾ ਜਵਾਈ ਮਿਲ ਗਿਆ ਹੈ ਕਿ ਉਸ ਦੇ ਭ੍ਰਿਸ਼ਟਾਚਾਰ ਦੀ ਸੜ੍ਹਿਆਂਦ ਨਾਲ ਕਾਂਗਰਸ ਦਾ ਭੱਠਾ ਬੈਠਦਾ ਜਾਂਦਾ ਹੈ ਤੇ ਬੀਬੀ ਆਪਣੇ ਜਵਾਈ ਦੀ ਤਰਫਦਾਰੀ ਲਈ ਸਾਰੀ ਪਾਰਟੀ ਨੂੰ ਮੀਡੀਏ ਅੱਗੇ ਵਕਾਲਤ ਕਰਨ ਲਈ ਝੋਕੀ ਜਾ ਰਹੀ ਹੈ।
ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਪੰਡਿਤ ਨਹਿਰੂ ਦੀ ਵਿਰਾਸਤ ਵੱਲ ਬਦੋ-ਬਦੀ ਦੌੜ ਲਾਉਣਾ ਸਾਨੂੰ ਕਦੀ ਵੀ ਠੀਕ ਨਹੀਂ ਜਾਪੇਗਾ, ਪਰ ਵੱਡਾ ਸਵਾਲ ਇਸ ਵਕਤ ਉਨ੍ਹਾਂ ਅੱਗੇ ਸਿਰ ਚੁੱਕੀ ਖੜਾ ਹੈ, ਜਿਹੜੇ ਨਹਿਰੂ ਦੀ ਪਾਰਟੀ ਅਤੇ ਵਿਰਾਸਤ ਦੇ ਝੰਡੇਬਰਦਾਰ ਬਣੇ ਫਿਰਦੇ ਹਨ। ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਕਦੀ ਪਾਰਲੀਮੈਂਟ ਦੀਆਂ ਚਾਰ ਸੌ ਤੋਂ ਵੱਧ ਸੀਟਾਂ ਜਿੱਤ ਜਾਂਦੀ ਸੀ, ਉਹ ਹੁਣ ਮਸਾਂ ਚਾਲੀ-ਚਾਰ-ਚੁਤਾਲੀ ਸੀਟਾਂ ਤੱਕ ਸੀਮਤ ਕਿਉਂ ਹੋ ਗਈ ਹੈ? ਜੇ ਹੁਣ ਵਾਲਾ ਹਾਲ ਰਿਹਾ ਤਾਂ ਅਗਲੀ ਵਾਰ ਇਸ ਤੋਂ ਵੀ ਹੇਠਾਂ ਡਿੱਗ ਪਵੇਗੀ। ਫਿਰ ‘ਜਿਸ ਦੀ ਲਾਠੀ, ਉਸ ਦੀ ਭੈਂਸ’ ਵਾਲੇ ਮੁਹਾਵਰੇ ਦੀ ਥਾਂ ‘ਜਿਸ ਦੀ ਸਰਕਾਰ, ਉਸ ਦੀ ਵਿਰਾਸਤ’ ਦਾ ਫਾਰਮੂਲਾ ਭਾਰਤ ਵਿਚ ਲਾਗੂ ਕੀਤਾ ਜਾਂਦਾ ਨਜ਼ਰ ਆਵੇਗਾ ਤੇ ਕੋਈ ਉਸ ਦਾ ਵਿਰੋਧ ਕਰਨ ਜੋਗਾ ਵੀ ਨਹੀਂ ਲੱਭੇਗਾ। ਪੰਡਿਤ ਨਹਿਰੂ ਦੀ ਵਿਰਾਸਤ ਦਾ ਜੇ ਉਨ੍ਹਾਂ ਨੂੰ ਏਨਾ ਹੀ ਖਿਆਲ ਹੈ ਤਾਂ ਪੰਡਿਤ ਨਹਿਰੂ ਦੇ ਵਿਚਾਰਾਂ ਦੇ ਨਾਲ ਚੱਲਣ ਦਾ ਯਤਨ ਕਰਨ। ਇਹ ਸ਼ਾਇਦ ਗਿਆਨੀ ਹੀਰਾ ਸਿੰਘ ਦਰਦ ਨੇ ਲਿਖਿਆ ਸੀ ਕਿ ‘ਨਾ ਦਿਓ ਸ਼ਰਧਾਂਜਲੀ, ਸ਼ਰਧਾਂਜਲੀ ਵਿਚ ਕੀ ਪਿਐ, ਓਸ ਵਰਗੇ ਹੋ ਜਾਵੋ ਤਾਂ ਮਰਨ ਵਾਲਾ ਜੀਅ ਪਿਐ।’ ਕਾਂਗਰਸ ਵੀ ਸਮਾਗਮਾਂ ਅਤੇ ਵਿਵਾਦਾਂ ਵਿਚ ਸਮਾਂ ਤੇ ਸਮਰੱਥਾ ਜ਼ਾਇਆ ਕਰਨ ਦੀ ਥਾਂ ਜੇ ਅਕਲ ਨਾਲ ਜਵਾਹਰ ਲਾਲ ਨਹਿਰੂ ਦੇ ਸਮੇਂ ਦੀ ਕਾਂਗਰਸ ਪਾਰਟੀ ਬਣ ਸਕੇ ਤਾਂ ਜ਼ਿਆਦਾ ਚੰਗਾ ਰਹੇਗਾ। ਅੱਕੀਂ-ਪਲਾਹੀਂ ਹੱਥ ਮਾਰਨ ਨਾਲ ਉਸ ਦਾ ਭਲਾ ਨਹੀਂ ਹੋਣ ਲੱਗਾ।