ਕੁਰਲੀਆਂ ਕਰਨ ਵਾਲੇ ਕਾਜ਼ੀ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268

ਕਹਾਵਤ ਤਾਂ ਇੰਜ ਬਣੀ ਹੋਈ ਹੈ ਕਿ ਜੇ ਕਾਜ਼ੀ ਸਬਕ ਨਾ ਵੀ ਦੇਊ, ਤਾਂ ਘਰੇ ਵੀ ਨਾ ਮੁੜਨ ਦੇਵੇਗਾ?æææਮਤਲਬ ਕਿ ਕਾਜ਼ੀ ਨੂੰ ਮਿਲਣ ਗਿਆਂ ਜੇ ਕੋਈ ਫਾਇਦਾ ਨਾ ਵੀ ਹਾਸਲ ਹੋਵੇ, ਤਾਂ ਬੰਦਾ ਆਰਾਮ ਨਾਲ ਆਪਣੇ ਘਰ ਤਾਂ ਮੁੜ ਕੇ ਆ ਹੀ ਸਕਦਾ ਹੈ। ਦੂਜੇ ਅਰਥਾਂ ਵਿਚ ਇਹ ਕਹਾਵਤ ਆਮ-ਲੋਕ ਨੂੰ ਨਸੀਹਤ ਦਿੰਦੀ ਪ੍ਰਤੀਤ ਹੁੰਦੀ ਹੈ ਕਿ ਉਹ ਕੋਈ ਨੇਕ ਸਲਾਹ ਲੈਣ ਵਾਸਤੇ, ਕਾਜ਼ੀਆਂ ਕੋਲ ਜਾਣ ਦੀ ਘੌਲ ਨਾ ਕਰਨ। ਉਥੇ ਜਾਣ ਦਾ ਕੋਈ ਨਾ ਕੋਈ ਲਾਭ ਜ਼ਰੂਰ ਹੋਵੇਗਾ, ਪਰ ਮੈਨੂੰ ਖੁਦ ਇਸ ਤੋਂ ਉਲਟ ਤਜਰਬਾ ਹੋਇਆ। ਮੈਂ ਬੜੇ ਮਾਣ ਨਾਲ ਆਪਣਾ ਸਵਾਲ ਲੈ ਕੇ ਦੋਂਹ ‘ਕਾਜ਼ੀਆਂ’ ਤੱਕ ਪਹੁੰਚ ਕੀਤੀ। ਉਨ੍ਹਾਂ ਮੈਨੂੰ ਘਰ ਮੁੜਨ ਤੋਂ ਤਾਂ ਨਾ ਡੱਕਿਆ, ਪਰ ਉਨ੍ਹਾਂ ਨਾਲ ਰਾਬਤਾ ਕਾਇਮ ਕਰਨ ਸਦਕਾ ਮੇਰੇ ਸਿਰ ਭੰਬਲਭੂਸਿਆਂ ਦੀ ਪੰਡ ਆ ਪਈ। ਸਵਾਲ ਮੇਰਾ ਛਾਈਂ-ਮਾਈਂ ਹੋ ਗਿਆ, ਪਰ ਸਿਰ ਵਿਚ ਆਣ ਵੜੇ ਭੰਬਲਭੂਸਿਆਂ ਨੇ ਮੈਨੂੰ ਹੋਰ ਹੀ ਸਵਾਲਾਂ ਮੋਹਰੇ ਖੜ੍ਹਾ ਕਰ ਛੱਡਿਆ। ਮੈਨੂੰ ਪਛਤਾਵਾ ਲੱਗ ਗਿਆ ਕਿ ਮੈਂ ਸਵਾਲ-ਅਭਿਲਾਖੀ ਬਣ ਕੇ ਕਾਜ਼ੀਆਂ ਨਾਲ ਕਾਹਨੂੰ ਸੰਪਰਕ ਜੋੜ ਬੈਠਿਆ!
ਸਵਾਲ ਵੀ ਕੋਈ ਐਡਾ ਖਾਸ ਨਹੀਂ ਸੀ। ਲੋਕ ਸਾਜ਼ ਤੂੰਬੀ ਬਾਰੇ ਚਰਚਾ ਚੱਲ ਰਹੀ ਸੀ। ਕੋਈ ਸੱਜਣ ਇਸ ਨੂੰ ਭਗਤੀ ਸੰਗੀਤ ਪਰੰਪਰਾ ਦਾ ਸਾਜ਼ ਮੰਨਣ ਤੋਂ ਹੀ ਇਨਕਾਰੀ ਸੀ, ਤੇ ਕੋਈ ਇਸ ਨੂੰ ਪੰਜਾਬੀ ਮਨਾਂ ਨੂੰ ਧੂਹ ਪਾਉਣ ਵਾਲੀ ਕਹਿ ਕੇ, ਇਹ ਦੀ ਸੋਭਾ ਕਰ ਰਿਹਾ ਸੀ। ਤੂੰਬੀ ਗਾਇਨ ਬਾਰੇ ਮੈਨੂੰ ਕੁਝ ਰੌਚਕ ਜਾਣਕਾਰੀਆਂ ਹੋਣ ਕਾਰਨ, ਮੈਂ ਵੀ ਇਸ ਚਰਚਾ ਵਿਚ ਹਿੱਸਾ ਲੈਣ ਲਈ ਕਲਮ ਚੁੱਕ ਲਈ।
ਤੂੰਬੀ ਬਾਰੇ ਮੈਨੂੰ ਇੰਨੀ ਕੁ ਜਾਣਕਾਰੀ ਤਾਂ ਸੀ ਕਿ ਇਹਦੇ ਨਾਲ ਗਾਉਣ ਵਾਲੇ ਕਲਾਕਾਰਾਂ ਨੂੰ ਇਤਿਹਾਸਕ ਗੁਰਦੁਆਰਿਆਂ ਦੀਆਂ ਸਟੇਜਾਂ ਉਤੇ ਸਮਾਂ ਨਹੀਂ ਦਿੱਤਾ ਜਾਂਦਾ, ਖਾਸ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਿਆਂ ਵਿਚ ਤੂੰਬੀ ‘ਤੇ ਪੱਕੀ ਪਾਬੰਦੀ ਬਾਰੇ ਮੈਨੂੰ ਪਤਾ ਸੀ, ਪਰ ਮੈਨੂੰ ਇਸ ਮਨਾਹੀ ਦੇ ਠੋਸ ਕਾਰਨਾਂ ਦਾ ਕੋਈ ਇਲਮ ਨਹੀਂ ਸੀ ਕਿ ਤੂੰਬੀ ਨਾਲ ਹੁੰਦੇ ਇਸ ਵਿਤਕਰੇ ਦਾ ਕੋਈ ਇਤਿਹਾਸਕ ਪਿਛੋਕੜ ਵੀ ਹੈ, ਜਾਂ ਉਂਜ ਹੀ ਦੇਖਾ-ਦੇਖੀ ਇਸ ਨੂੰ ਵਰਜਿਤ ਕੀਤਾ ਹੋਇਆ ਹੋਵੇਗਾ। ਲੇਖ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਸਵਾਲਾਂ ਦਾ ਉਤਰ ਲੱਭਣ ਲਈ ਮੈਂ ਇਕ-ਦੋ ਦਿਨ ਸੋਚਦਾ ਰਿਹਾ।
ਅਚਨਚੇਤੀ ਮੈਨੂੰ ਆਪਣੇ ਇਲਾਕੇ ਦਾ ਬਜ਼ੁਰਗ ਕੀਰਤਨੀਆ ਪ੍ਰਚਾਰਕ ਚੇਤੇ ਆ ਗਿਆ ਜਿਸ ਨੂੰ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਸਾਂ। ਸਾਡੇ ਆਲੇ-ਦੁਆਲੇ ਦੇ ਪਿੰਡਾਂ ਵਿਚ ਹੋਣ ਵਾਲੇ ਅਖੰਡ ਪਾਠਾਂ ਵਿਚ ਵੀ ਉਹ ਸ਼ਾਮਲ ਹੁੰਦਾ ਸੀ ਅਤੇ ਹੋਰ ਖੁਸ਼ੀ-ਗਮੀ ਦੇ ਸਮਾਗਮਾਂ ਵਿਚ ਵੀ ਕੀਰਤਨ ਕਰਦਾ ਹੁੰਦਾ ਸੀ। ਮੈਨੂੰ ਯਾਦ ਆਇਆ ਕਿ ਉਹ ਹਾਰਮੋਨੀਅਮ, ਢੋਲਕੀ, ਤਬਲਾ ਅਤੇ ਤੂੰਬੀ ਵੀ ਵਜਾਉਂਦਾ ਹੁੰਦਾ ਸੀ। ਤੂੰਬੀ ਵਾਲੀ ਗੱਲ ਯਾਦ ਆਉਣ ਉਤੇ ਮੈਨੂੰ ਤਸੱਲੀ ਹੋ ਗਈ ਕਿ ਉਹ ਮੇਰੇ ਸਾਰੇ ਸਵਾਲਾਂ ਦੇ ਸਹੀ ਜਵਾਬ ਦੇ ਸਕੇਗਾ, ਪਰ ਮੈਨੂੰ ਇਹ ਵੀ ਧੁੜਕੂ ਲੱਗ ਗਿਆ ਕਿ ਉਹ ਜਿਉਂਦਾ ਵੀ ਹੋਏਗਾ? ਕਿਉਂਕਿ ਸੱਠਾਂ ਵੱਲ ਤਾਂ ਹੁਣ ਮੈਂ ਹੀ ਤੁਰਿਆ ਜਾ ਰਿਹਾ ਹਾਂ। ਉਸ ਦੇ ਤਾਂ ਸਾਡੇ ਬਚਪਨ ਸਮੇਂ ਹੀ ਧੌਲੇ ਆਏ ਹੁੰਦੇ ਸੀ।
ਇਧਰੋਂ-ਉਧਰੋਂ ਜਤਨ ਕਰ ਕੇ ਮੈਂ ਉਸ ਦੇ ਘਰ ਦਾ ਫੋਨ ਨੰਬਰ ਪਤਾ ਕਰ ਲਿਆ। ਫੋਨ ਖੜਕਾਇਆ, ਉਸ ਦੀ ਪਤਨੀ ਨੇ ਕੰਬਦੀ ਅਵਾਜ਼ ਵਿਚ ‘ਕੌਣ ਆ ਭਾਈ?’ ਪੁੱਛਿਆ। ਮਾਈ ਨੇ ਮੇਰਾ ਅੱਗਾ-ਪਿੱਛਾ ਪੁੱਛਣ ਤੋਂ ਬਾਅਦ ਕਹਿ ਦਿੱਤਾ, “ਗਿਆਨੀ ਘਰ ਨਹੀਂ ਹੈ।”
“ਕਿਤੇ ਦੂਰ-ਨੇੜੇ ਗਏ ਹੋਏ ਨੇ ਬਾਬਾ ਜੀ?” ਮੈਂ ਪੁੱਛ ਲਿਆ।
“ਉਹ ਨਾ ਮੱਥਾ ਟੇਕਣ ਗਿਆ ਹੋਇਐ।” ਮਾਤਾ ਨੇ ਸ਼ਰਧਾਮਈ ‘ਵਾਜ ਵਿਚ ਜਵਾਬ ਦਿੱਤਾ। ਬਾਬੇ ਜੀ ਨਾਲ ਗੱਲਬਾਤ ਕਰਨ ਲਈ ਕਾਹਲੇ ਪਏ ਨੇ ਮੈਂ ‘ਕਿੱਥੇ?’ ਪੁੱਛ ਲਿਆ। ਅੱਗਿਉਂ ਮਾਈ ਦਾ ਉਤਰ ਸੁਣ ਕੇ ਮੇਰੀ ਖਾਨਿਉਂ ਗਈ! ਸਾਡੇ ਇਲਾਕੇ ਵਿਚ ਬਲਾਚੌਰ ਲਾਗੇ ਕਿਸੇ ਮੁਸਲਮਾਨ ਦੀ ਕਬਰ ਹੈ ਜਿਸ ਨੂੰ ਚੁਸ਼ਮੇ ਕਿਹਾ ਜਾਂਦਾ ਹੈ। ਵਹਿਮਾਂ-ਭਰਮਾਂ ਦੇ ਪੱਟੇ, ਅੰਧ-ਵਿਸ਼ਵਾਸ ਨਾਲ ਗ੍ਰਸੇ ਲੋਕਾਂ ਦੀਆਂ ਭੀੜਾਂ ਉਥੇ ਹਰੀਆਂ ਚਾਦਰਾਂ ਲੈ-ਲੈ ਕੇ ਤੁਰੀਆਂ ਰਹਿੰਦੀਆਂ ਨੇ। ਸਾਰੀ ਉਮਰ ਗੁਰਬਾਣੀ ਕੀਰਤਨ ਕਰਨ ਵਾਲਾ, ਵਿਆਹਾਂ-ਸ਼ਾਦੀਆਂ ‘ਤੇ ਗ੍ਰਹਿਸਥ ਧਰਮ ਅਪਨਾਉਣ ਵਾਲੀਆਂ ਜੋੜੀਆਂ ਨੂੰ ਗੁਰਮਤਿ ਉਪਦੇਸ਼ ਦੇਣ ਵਾਲਾ, ਨੱਬਿਆਂ ਨੂੰ ਢੁੱਕਿਆ ਗ੍ਰੰਥੀ ਸਿੰਘ ਪ੍ਰਚਾਰਕ, ਖੁਦ ਨਾ-ਮਾਲੂਮ ਮੁਸਲਮਾਨ ਦੀ ਕਬਰ ਉਪਰ ਮੱਥਾ ਰਗੜਨ ਗਿਆ ਹੋਇਆ ਸੀ! ‘ਮਨ ਦੀਆਂ ਪਰਤਾਂ ਹਜ਼ਾਰ!’ ਆਪਣੇ ਦਿਲ ਵਿਚ ਉਸ ਬਜ਼ੁਰਗ ਗ੍ਰੰਥੀ ਵਿਰੁਧ ਪੈਦਾ ਹੋਏ ਤੂਫ਼ਾਨ ਨੂੰ ਠੱਲ੍ਹ ਪਾਉਣ ਲਈ ਨਵਾਂ ਫੁਰਨਾ ਪੈਦਾ ਕਰ ਲਿਆ!æææਨਹੀਂ, ਅਜਿਹਾ ਨਹੀਂ ਹੋ ਸਕਦਾ, ਗੁਰਬਾਣੀ ਪੜ੍ਹਿਆ-ਗੁੜਿਆ ਬਜ਼ੁਰਗ ਬਾਬਾ ਕਬਰ ਉਤੇ ਆਪ ਨਹੀਂ, ਕਿਸੇ ਦੂਜੇ ਬੰਦੇ ਨਾਲ ਗਿਆ ਹੋਣੈ!!
“ਮਾਤਾ ਜੀ, ਉਹ ਕਿਸੇ ਦੇ ਨਾਲ ਗਏ ਐ ਚੁਸ਼ਮੀਂ ਮੱਥਾ ਟੇਕਣ?” ਹੁਣੇ-ਹੁਣੇ ਪੈਦਾ ਹੋਏ ਨਵੇਂ ਫ਼ੁਰਨੇ ਦੀ ਹਮਾਇਤ ਵਿਚ ਮੈਂ ਬਣਾ ਸੁਆਰ ਕੇ ਮਾਈ ਨੂੰ ਪੁੱਛਿਆ।
“ਨਾ ਪੁੱਤ, ‘ਕੱਲਾ ਈ ਗਿਆ ਹੋਇਐ।”
ਪੈਂਦੀ ਸੱਟੇ ਬਾਬੇ ਦੀ ਗੁਰਮੁਖਤਾਈ ਦੀ ਇੱਜ਼ਤ ਬਚਾਉਣ ਲਈ ਮੈਂ ਹੋਰ ਪੁੱਛਿਆ, “ਅੱਜ ਈ ਗਏ ਐ ਕਿ ਅੱਗੇ ਵੀ ਜਾਂਦੇ ਹੁੰਦੇ ਆ ਮੱਥਾ ਟੇਕਣ ਉਥੇ?”
“ਹੋਰ ਮੱਲਿਆ, ਬੱਸ ਪਿਛਲੇ ਵੀਰਵਾਰੀਂ ਨ੍ਹੀਂ ਜਾ ਹੋਇਆ ਉਹਤੋਂ। ਉਹ ਤਾਂ ਚਿਰਾਗ ਕਰਨ ਜ਼ਰੂਰ ਜਾਂਦਾ ਐ।” ਸ਼ਰਧਾ ਨਾਲ ਗੜੁੱਚ ਹੋਈ ਆਵਾਜ਼ ਵਿਚ ਮਾਈ ਨੇ ਮੇਰੀ ਤਸੱਲੀ ਕਰਾ ਦਿੱਤੀ।
ਉਮਰ ਤੋ ਕਟੀ ਇਸ਼ਕੇ-ਬੁਤੋਂ ਮੇਂ ਮੋਮਿਨ
ਆਖਰੀ ਵਕਤ ਮੇਂ ਕਿਆ ਖਾਕ ਮੁਸਲਮਾਂ ਹੋਂਗੇ?
ਇਧਰੋਂ ਬਿਜਲੀ ਦੇ ਕਰੰਟ ਵਰਗਾ ਝਟਕਾ ਖਾ ਕੇ ਜ਼ਰਾ ਸੰਭਲਦਿਆਂ ਮੈਂ ਆਪਣੇ ਤੂੰਬੀ ਬਾਬਤ ਸਵਾਲਾਂ ਦੇ ਉਤਰ ਲੱਭਣ ਲਈ ਇਕ ਕੋਸ਼ਿਸ਼ ਹੋਰ ਕਰਨ ਦੀ ਸੋਚੀ। ਮੇਰੀ ਸੋਚ ਲੜੀ ਦੀ ਪਕੜ ਵਿਚ ਆਪਣੇ ਇਲਾਕੇ ਦੀ ਹੀ ਇਕ ਹੋਰ ਮਾਨਯੋਗ ਸ਼ਖਸੀਅਤ ਆ ਗਈ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀਆਂ ਤਿੰਨ ਪੁਸ਼ਤਾਂ ਗ੍ਰੰਥੀ-ਪੁਣਾ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਦੇ ਪਿਤਾ ਜੀ ਆਪਣੇ ਸਮਿਆਂ ਦੇ ਮੰਨੇ-ਪ੍ਰਮੰਨੇ ਕਥਾਕਾਰ ਰਹੇ ਸਨ। ਸੁਣਿਆ ਹੈ ਕਿ ਸਿੱਖ ਇਤਿਹਾਸਕ ਜੋੜ ਮੇਲਿਆਂ ਉਤੇ ਉਹ ਬੜੀ ਦੂਰ-ਦੂਰ ਤੱਕ ਵਖਿਆਨ ਕਰਨ ਜਾਂਦੇ ਹੁੰਦੇ ਸਨ।
ਫੋਨ ਨੰਬਰ ਪ੍ਰਾਪਤ ਕਰ ਕੇ ਇਸ ਬਜ਼ੁਰਗ ਪ੍ਰਚਾਰਕ ਦੇ ਘਰੇ ਸੰਪਰਕ ਕੀਤਾ। ਪਤਾ ਲੱਗਾ ਕਿ ਉਹ ਮਹੀਨਾ ਕੁ ਪਹਿਲਾਂ ਚੜ੍ਹਾਈ ਕਰ ਗਏ ਨੇ। ਉਨ੍ਹਾਂ ਦੇ ਕੀਰਤਨੀਏ ਪੁੱਤਰ ਨਾਲ ਅਫ਼ਸੋਸ ਵਜੋਂ ਮੈਂ ਬੀਤੇ ਸਮੇਂ ਦੀਆਂ ਕੁਝ ਯਾਦਾਂ ਸਾਂਝੀਆਂ ਕਰ ਰਿਹਾ ਸੀ। ਜਿਵੇਂ ਗੁਜ਼ਰ ਗਏ ਮਾਪਿਆਂ ਦੀ ਕੋਈ ਰਹਿੰਦੀ ਰੀਝ ਪੂਰੀ ਕਰ ਕੇ ਔਲਾਦ ਦੂਜਿਆਂ ਨੂੰ ਹੁੱਬ-ਹੁੱਬ ਦੱਸਿਆ ਕਰਦੀ ਹੈ, ਇਵੇਂ ਉਸ ਨੌਜਵਾਨ ਨੇ ਆਪਣੇ ਪਿਤਾ ਦੀਆਂ ਕੁਝ ਹੋਰ ਖਾਸੀਅਤਾਂ ਦੇ ਨਾਲ-ਨਾਲ ਆਹ ਜਾਣਕਾਰੀ ਦਿੱਤੀ-
“æææਭਾਅ ਜੀ ਆਖਰੀ ਸਵਾਸ ਲੈਣ ਤੋਂ ਕੁਝ ਦਿਨ ਪਹਿਲਾਂ ਉਹ ਸਾਨੂੰ ਹਦਾਇਤ ਦੇ ਗਏ ਸਨ, ਕਿ ਮੇਰੇ ਫੁੱਲ ਹਰਿਦੁਆਰ ਪਾ ਕੇ ਆਇਓ।æææਸੋ, ਅਸੀਂ ਬਾਪੂ ਜੀ ਦੇ ਹੁਕਮ ਦੀ ਇੰਨ-ਬਿਨ ਪਾਲਣਾ ਕਰਦਿਆਂ ‘ਗੰਗਾ ਜੀ’ ਗਏ ਸੀ ‘ਗਤੀ ਕਰਾਉਣ’ ਵਾਸਤੇ।” ਤਾ-ਉਮਰ ਗੁਰਬਾਣੀ ਗਾਇਨ ਕਰਨ ਵਾਲੇ ਖਾਨਦਾਨੀ ਬਾਬੇ ਦੀ ਗਤੀ ਹੋ ਗਈ ਹੋਵੇਗੀ ਜਾਂ ਨਹੀਂ, ਇਹ ਤਾਂ ਗੰਗਾ ਮਈਆ ਹੀ ਜਾਣੇ, ਪਰ ਇਹ ਖਸੂਸੀ ਜਾਣਕਾਰੀ ਸੁਣ ਕੇ ਮੇਰੀ ‘ਗਤੀ’ ਜ਼ਰੂਰ ਹੋ ਗਈ। ਖੁਦ ਨੂੰ ਠੱਗਿਆ-ਠੱਗਿਆ ਮਹਿਸੂਸ ਕਰਦਿਆਂ ਉਹ ਕਹਾਵਤ ਮੇਰੇ ਸਾਹਮਣੇ ਆ ਗਈ, ਅਖੇ- ਬਖਸ਼ਾਉਣ ਗਏ ਸੀ ਰੋਜ਼ੇ, ਨਮਾਜ਼ਾਂ ਗਲ ਪੁਆ ਆਏ। ਕੋਸ਼ਿਸ਼ਾਂ ਕਰ ਰਿਹਾ ਸਾਂ ਮੈਂ ਤੂੰਬੀ ਨਾਲ ਹੁੰਦੀ ਬੇਇਨਸਾਫ਼ੀ ਦਾ ਇਤਿਹਾਸ ਜਾਨਣ ਦੀਆਂ, ਲੇਕਿਨ ਹੋਰ ਹੀ ਚਿੰਤਾ ਸਹੇੜ ਬੈਠਾ।
ਥੋਥੇ ਕਰਮ-ਕਾਂਡਾਂ, ਬੁੱਸੀਆਂ ਰੀਤਾਂ-ਰਸਮਾਂ, ਵਹਿਮਾਂ-ਭਰਮਾਂ ਅਤੇ ਗੈਰ-ਵਿਗਿਆਨਿਕ ਮਿੱਥ-ਮਨੌਤਾਂ ਦੇ ਸਖ਼ਤ ਬਰਖਿਲਾਫ਼ ਮੇਰੇ ਭਾਈਆ ਜੀ ਇਕ ਗੱਲ ਸੁਣਾਇਆ ਕਰਦੇ ਸਨ। ਸਾਡੇ ਲਾਗਲੇ ਕਸਬੇ ਰਾਹੋਂ ਤੋਂ ਆਪਣੇ ਪਿੰਡ ਵੱਲ ਸਾਈਕਲ ਉਤੇ ਆਉਂਦਿਆਂ ਦੋ ਢਾਡੀ ਸਿੰਘ ਉਨ੍ਹਾਂ ਦੇ ਨਾਲ-ਨਾਲ ਆ ਰਹੇ ਸਨ। ਰਾਹ ਵਿਚ ਗੱਲਾਂ-ਬਾਤਾਂ ਕਰਦਿਆਂ ਉਨ੍ਹਾਂ ਦੱਸਿਆ, ‘ਕਈ ਦਿਨਾਂ ਤੋਂ ਸਾਡੀ ਮੱਝ ਗੁਆਚੀ ਹੋਈ ਹੈ। ਉਹਦੀ ਕੋਈ ਦੱਸ-ਭੱਖਲ ਨਹੀਂ ਸੀ ਲੱਗ ਰਹੀ। ਅਸੀਂ ਫ਼ਲਾਣੇ ਪਿੰਡ ਦੇ ‘ਸਿਆਣੇ’ ਕੋਲੋਂ ਅੱਜ ਪੁੱਛ ਪੁਆ ਕੇ ਆਏ ਹਾਂ।’
ਸਿੱਖ ਢਾਡੀਆਂ ਦੇ ਮੂੰਹੋਂ ਇੰਨੀ ਗੱਲ ਸੁਣ ਕੇ ਭਾਈਆਂ ਜੀ ਨੂੰ ਚੜ੍ਹ ਗਿਆ ਗੁੱਸਾ। ਉਨ੍ਹਾਂ ਸਾਈਕਲ ਖੜ੍ਹਾ ਕੇ ਉਨ੍ਹਾਂ ਦੋਹਾਂ ਰਾਗੀਆਂ ਨੂੰ ਪੁੱਛਿਆ, “ਪੁੱਛਾਂ ਦੇਣ ਵਾਲਾ ਕੰਜਰ ਕਿਸੇ ਥਾਂ ਦਾ, ਤੁਹਾਡੇ ਲਈ ‘ਸਿਆਣਾ’ ਹੋ ਗਿਆ। ਤੇ ਲੋਕਾਂ ਨੂੰ ਸਿੱਖੀ ਸਿਖਾਉਣ ਵਾਲੇ ਤੁਸੀਂ ਹੋਏ ਮੂਰਖ?æææਅਹਿ ਜਿਹੜੀਆਂ ਸਟੇਜਾਂ ਉਪਰ ਬਾਹਾਂ ਕੱਢ-ਕੱਢ ਕੇ ਅਤੇ ਕਿੱਲ੍ਹ-ਕਿੱਲ੍ਹ ਕੇ ਬਾਣੀ ਦੀਆਂ ਤੁਕਾਂ ਬੋਲਦੇ ਹੁੰਨੇ ਓ, ਉਹ ਤਾਂ ਫ਼ਿਰ ਤੁਹਾਡੀਆਂ ਕੁਰਲੀਆਂ ਹੀ ਹੋਈਆਂ। ਜਿਵੇਂ ਮੂੰਹ ਵਿਚ ਪਾਣੀ ਭਰ-ਭਰ ਕੇ ਕੁਰਲੀਆਂ ਕੀਤੀਆਂ ਜਾਂਦੀਆਂ, ਇਵੇਂ ਤੁਸੀਂ ਬਾਣੀ ਦੀਆਂ ਕੁਰਲੀਆਂ ਕਰੀ ਜਾਂਦੇ ਹੋ, ਪਰ ਕੋਈ ਤੁਕ ਅੰਦਰ ਨਹੀਂ ਲੰਘਾਈ ਆਪਣੇ।”æææ
ਕਬੀਰ ਅਵਰਹ ਕਉ ਉਪਦੇਸਤੇ
ਮੁਖ ਮੈ ਪਰਿ ਹੈ ਰੇਤੁ॥
ਰਾਸਿ ਬਿਰਾਨੀ ਰਾਖਤੇ
ਖਾਯਾ ਘਰ ਕਾ ਖੇਤੁ॥