ਤੂਤਾਂ ਵਾਲਾ ਖੂਹ

‘ਤੂਤਾਂ ਵਾਲਾ ਖੂਹ’ ਵਿਚ ਦਲਬੀਰ ਸਿੰਘ ਨੇ ਖੂਹਾਂ ਬਾਰੇ ਚਰਚਾ ਕੀਤੀ ਹੈ ਜੋ ਹੁਣ ਕੱਲ੍ਹ ਦੀ ਕਹਾਣੀ ਬਣ ਗਏ ਹਨ। ਮਰਹੂਮ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਭਾਵੇਂ ਉਹਦੇ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਯਾਦਾਂ ਹਨ; ਪਰ ਯਾਦਾਂ ਦੀਆਂ ਇਹ ਲੜੀਆਂ ਫੈਲ ਕੇ ਸਮੁੱਚੇ ਪੰਜਾਬ ਦੇ ਪਿੰਡਾਂ ਦੀਆਂ ਯਾਦਾਂ ਨਾਲ ਜੁੜ ਗਈਆਂ ਜਾਪਦੀਆਂ ਹਨ। ਦਲਬੀਰ ਪਿੰਡ ਦੀ ਨਬਜ਼ ਉਤੇ ਆਪਣੀਆਂ ਉਂਗਲਾਂ ਦੇ ਪੋਟੇ ਰੱਖ ਕੇ ਇਹਦਾ ਹਾਲ-ਚਾਲ ਪੁੱਛਦਾ ਅਤੇ ਪਾਠਕਾਂ ਨੂੰ ਸੁਣਾ ਰਿਹਾ ਪ੍ਰਤੀਤ ਹੁੰਦਾ ਹੈ। ਨਾਲ ਹੀ ਮਹਿਸੂਸ ਹੁੰਦਾ ਹੈ ਜਿਵੇਂ ਇਸ ਲਿਖਤ ਰਾਹੀਂ ਉਹ ਪੁਰਾਣੇ ਪੰਜਾਬ ਨੂੰ ਹਾਕਾਂ ਮਾਰ ਰਿਹਾ ਹੈ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਤੇਜ਼ੀ ਨਾਲ ਬਦਲੇ ਹਨ। -ਸੰਪਾਦਕ

ਦਲਬੀਰ ਸਿੰਘ

ਗੱਜਾ ਸਿੰਘ ਦੇ ਪੁੱਤਰ ਡਾਕਟਰ ਕਰਮ ਸਿੰਘ ਤੋਂ ਬਾਅਦ ਨਿਧਾਨ ਸਿੰਘ ਦੇ ਖੂਹ ਦੀ ਗੱਲ ਕਰਨ ਨੂੰ ਚਿੱਤ ਕਰ ਆਇਆ ਹੈ। ਇਸ ਤੋਂ ਬਾਅਦ ਤੂਤਾਂ ਵਾਲੇ ਖੂਹ ਦਾ ਜ਼ਿਕਰ ਕਰਾਂਗਾ। ਨਿਧਾਨ ਸਿੰਘ ਦਾ ਖੂਹ, ਲੰਬੜਾਂ ਦੇ ਘਰ ਜਿਥੇ ਮੈਂ ਆਪਣੀ ਬੇਟੀ ਨਾਲ ਖੜ੍ਹਾ ਹਾਂ, ਦੇ ਸਾਹਮਣੇ ਕਰੀਬ ਖੇਤ ਕੁ ਦੀ ਦੂਰੀ ਉਤੇ ਹੈ। ਤੂਤਾਂ ਵਾਲਾ ਖੂਹ ਸੱਜੇ ਪਾਸੇ ਨੂੰ ਨਜ਼ਰ ਮਾਰਿਆ ਨਜ਼ਰ ਆਉਂਦੇ ਦਰੱਖਤਾਂ ਦੇ ਝੁੰਡ ਵਿਚ ਹੈ। ਇਹ ਮਸਾਂ ਦੋ ਖੇਤਾਂ ਦੀ ਵਿੱਥ ‘ਤੇ ਹੈ।
ਨਿਧਾਨ ਸਿੰਘ ਪਿੰਡ ਦੇ ਹੋਰ ਕਿਸਾਨਾਂ ਵਾਂਗ ਛੋਟਾ ਕਿਸਾਨ ਸੀ। ਉਹ ਤਿਮੰਜ਼ਲੇ ਮਕਾਨ ਵਾਲੇ ਗੱਜਾ ਸਿੰਘ ਦੇ ਛੋਟੇ ਭਾਈ ਛੱਜੂ ਦਾ ਪੁੱਤ ਸੀ। ਜ਼ਮੀਨ ਉਹਦੀ ਭਾਵੇਂ ਥੋੜ੍ਹੀ ਸੀ, ਪਰ ਉਹ ਆਮ ਛੋਟੇ ਕਿਸਾਨਾਂ ਵਾਂਗ ਮਿਹਨਤੀ ਬਹੁਤ ਸੀ। ਉਹ ਤੇ ਉਹਦੀ ਘਰਵਾਲੀ ਹੀ ਨਹੀਂ, ਉਹਦੇ ਦੋਵੇਂ ਬੱਚੇ ਵੀ ਬਹੁਤ ਮਿਹਨਤ ਕਰਦੇ ਸਨ। ਜ਼ਮੀਨ ਅਤੇ ਖੂਹ ਪਿੰਡ ਦੇ ਬਿਲਕੁਲ ਨਾਲ ਲਗਦੇ ਸਨ। ਜੰਗਲ-ਪਾਣੀ ਜਾਂਦੇ ਹੋਏ ਪਿੰਡ ਦੇ ਬਹੁਤ ਲੋਕ ਨਿਧਾਨ ਸਿੰਘ ਦੇ ਖੂਹ ਕੋਲੋਂ ਲੰਘਦੇ ਸਨ। ਅਸਲ ਵਿਚ ਉਸ ਨੇ ਖੇਤਾਂ ਵਿਚ ਕੋਠਾ ਪਾਇਆ ਹੋਇਆ ਸੀ ਅਤੇ ਇਹ ਉਸ ਪਹੇ ਦੇ ਨਾਲ ਲਗਦਾ ਸੀ ਜਿਹੜਾ ਅਗਾਂਹ ਹੋਰ ਕਿਸਾਨਾਂ ਦੇ ਖੇਤਾਂ ਵੱਲ ਜਾਂਦਾ ਸੀ।
ਮਿਹਨਤੀ ਉਹ ਇੰਨਾ ਸੀ ਕਿ ਹੋਰਾਂ ਨੇ ਹਾਲੇ ਬੀਅ ਵੀ ਇਕੱਠਾ ਨਹੀਂ ਸੀ ਕੀਤਾ ਹੁੰਦਾ, ਨਿਧਾਨ ਸਿੰਘ ਬਿਜਾਈ ਵੀ ਕਰ ਲੈਂਦਾ ਸੀ। ਉਸ ਵਿਚ ਇਕ ਹੋਰ ਗੁਣ ਵੀ ਸੀ। ਉਹ ਹਰ ਲੰਘਦੇ ਬੰਦੇ ਨੂੰ ਸੁਲ੍ਹਾ ਮਾਰ ਕੇ ਕੋਈ ਨਾ ਕੋਈ ਕੰਮ ਕਰਵਾ ਲੈਂਦਾ, ਤੇ ਜਿਹੜੇ ਵਿਹਲੇ ਲੋਕਾਂ ਨੂੰ ਹੋਰ ਕੋਈ ਕੰਮ ਨਹੀਂ ਸੀ ਹੁੰਦਾ, ਉਹ ਉਹਦੇ ਨਾਲ ਹੱਥ ਵੰਡਾ ਦਿੰਦੇ। ਘੁਲ੍ਹਾੜੀ ਵਿਚ ਗੰਨੇ ਲਾਉਣਾ, ਗੁੜ ਕੱਢਣ ਲਈ ਅੱਗ ਮਚਾਉਣਾ, ਕਦੇ-ਕਦੇ ਨੱਕੇ ਮੋੜ ਦੇਣੇ, ਇਥੋਂ ਤੱਕ ਕਿ ਫ਼ਸਲ ਬੀਜਣ ਵੇਲੇ ਬੀਜ ਕੇਰ ਦੇਣਾ; ਇਸ ਤਰ੍ਹਾਂ ਦੇ ਕੰਮ ਸਨ ਜਿਹੜੇ ਬਹੁਤ ਸਾਰੇ ਲੋਕ ਕਰ ਦਿੰਦੇ ਸਨ। ਇਸ ਵਿਚ ਇਕ ਤਾਂ ਨਿਧਾਨ ਸਿੰਘ ਦਾ ਆਪਣਾ ਖੁੱਲ੍ਹਾ-ਖੁਲਾਸਾ ਸੁਭਾਅ ਸਹਾਈ ਹੁੰਦਾ ਸੀ, ਦੂਜਾ ਉਸ ਦੀ ਸੋਹਣੀ ਤੇ ਮਿਲਣਸਾਰ ਘਰਵਾਲੀ ਦਾ ਮਿਲਾਪੜਾ ਸੁਭਾਅ ਵੀ ਕੰਮ ਆਉਂਦਾ। ਉਹ ਆਮ ਔਰਤਾਂ ਵਾਂਗ ਭਾਵੇਂ ਵੱਡਿਆਂ ਤੋਂ ਘੁੰਡ ਕੱਢਦੀ ਸੀ, ਪਰ ਹਾਲ ‘ਨੰਗਾ ਰੱਖਦੀ ਕਲਿੱਪ ਪਾਸਾ’ ਵਾਲਾ ਹੁੰਦਾ ਸੀ। ‘ਦਿਉਰਾਂ’ ਨਾਲ ਤਾਂ ਉਹ ਕਾਫ਼ੀ ਖੁੱਲ੍ਹ ਕੇ ਹਾਸਾ-ਠੱਠਾ ਕਰ ਲੈਂਦੀ ਸੀ। ਇਹ ਹਾਸਾ-ਠੱਠਾ ਨਿਰਛਲ ਹੁੰਦਾ, ਤੇ ਇਸ ਕਾਰਨ ਹੀ ਬਹੁਤੇ ਨੌਜਵਾਨ ਨਿਧਾਨ ਸਿੰਘ ਦੇ ਕੰਮਾਂ ਵਿਚ ਹੱਥ ਵੰਡਾਉਣ ਤੁਰੇ ਰਹਿੰਦੇ। ਉਸ ਦਾ ਪੁੱਤਰ ਨੱਥੂ ਅਤੇ ਧੀ ਮੇਰੇ ਹਾਣੀ ਸਨ। ਧੀ ਪੰਜਵੀਂ ਵਿਚੋਂ ਹਟ ਗਈ ਸੀ ਅਤੇ ਨੱਥੂ ਮੈਥੋਂ ਖਬਰੇ ਦੋ-ਤਿੰਨ ਸਾਲ ਪਿਛੇ ਪੜ੍ਹਦਾ ਹੁੰਦਾ ਸੀ। ਉਹਨੇ ਦਸਵੀਂ ਵੀ ਪਾਸ ਨਾ ਕੀਤੀ। ਨਿਧਾਨ ਸਿਘ ਨੇ ਧੀ ਤਾਂ ਉਦੋਂ ਕੁ ਵਿਆਹ ਦਿੱਤੀ ਸੀ ਜਦੋਂ ਹਾਲੇ ਉਹ ਮਸਾਂ ਪੰਦਰਾਂ-ਸੋਲਾਂ ਸਾਲਾਂ ਦੀ ਹੋਵੇਗੀ।
ਉਦੋਂ ਹਾਲੇ ਹਰਾ ਇਨਕਲਾਬ ਨਹੀਂ ਸੀ ਵਾਪਰਿਆ। ਕਣਕ ਦੀਆਂ ਮਧਰੀਆਂ ਕਿਸਮਾਂ ਨਹੀਂ ਸਨ ਨਿਕਲੀਆਂ। ਪੀæਐਲ਼ 480 ਪੰਜਾਬ ਵਿਚ ਨਹੀਂ ਸੀ ਆਈ। ਇਸ ਕਾਰਨ ਨਿਧਾਨ ਸਿੰਘ ਦਾ ਨਿਰਬਾਹ ਇਕੱਲੀ ਖੇਤੀ ਉਤੇ ਨਹੀਂ ਸੀ ਹੁੰਦਾ। ਉਦੋਂ ਕੀ, ਢਾਈ ਏਕੜ ਜ਼ਮੀਨ ਵਾਲੇ ਕਿਸਾਨ ਦਾ ਨਿਰਬਾਹ ਅੱਜ ਕੱਲ੍ਹ ਦੀ ਖੇਤੀ ਉਤੇ ਵੀ ਨਹੀਂ ਹੁੰਦਾ! ਖੈਰæææਪਿੰਡ ਦੇ ਕਿਸਾਨ ਦੀਆਂ ਜ਼ਮੀਨਾਂ ਦੋ-ਢਾਈ ਤੋਂ ਪੰਜ-ਛੇ ਏਕੜ ਤੱਕ ਹੀ ਸਨ। ਇਸ ਲਈ ਸਹਿਯੋਗੀ ਧੰਦੇ ਵਜੋਂ ਨਿਧਾਨ ਸਿੰਘ ਦੇਸੀ ਸ਼ਰਾਬ ਵੇਚਦਾ ਸੀ। ਸ਼ਰਾਬ ਬਹੁਤੀ ਵਾਰੀ ਉਹ ਕਿਤੋਂ ਬਾਹਰੋਂ ਲਿਆਉਂਦਾ ਸੀ, ਪਰ ਕਦੇ-ਕਦੇ ਆਪ ਵੀ ਕੱਢ ਲੈਂਦਾ ਸੀ। ਪਿੰਡ ਦੇ ਲੋਕ ਉਦੋਂ ਬਹੁਤੇ ਵੈਲੀ ਨਹੀਂ ਸਨ। ਮਸਾਂ ਦੋ-ਤਿੰਨ ਬੰਦੇ ਹੋਣਗੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਨਿੱਤ ਦੇ ਸ਼ਰਾਬੀ ਹਨ। ਬਹੁਤੇ ਬੰਦੇ ਦਿਨ-ਤਿਹਾਰ ਉਤੇ ਪੀਣ ਵਾਲੇ ਸਨ। ਇਸ ਲਈ ਦਿਨ-ਤਿਹਾਰ ਉਤੇ ਨਿਧਾਨ ਸਿਘੰ ਦੀ ਪੁੱਛ-ਪ੍ਰਤੀਤ ਬਹੁਤ ਹੁੰਦੀ, ਜਾਂ ਫਿਰ ਜਦੋਂ ਕਦੇ ਕੋਈ ਪ੍ਰਾਹੁਣਾ ਆਉਂਦਾ, ਤਾਂ ਨਿਧਾਨ ਸਿੰਘ ਤੱਕ ਪਹੁੰਚ ਕੀਤੀ ਜਾਂਦੀ। ਲਗਦੀ ਵਾਹ ਉਸ ਕੋਲੋਂ ਸ਼ਰਾਬ ਮਿਲ ਜਾਂਦੀ। ਜੇ ਕਦੇ ਪੁਲਿਸ ਨੇ ਇਕ-ਦੋ ਦਿਨ ਪਹਿਲਾਂ ਛਾਪਾ ਮਾਰਿਆ ਹੋਵੇ ਤਾਂ ਨਾਂਹ ਹੀ ਹੁੰਦੀ ਸੀ। ਨਿਧਾਨ ਸਿੰਘ ਨੇ ਇਕ ਹੋਰ ਸਹਾਇਕ ਧੰਦਾ ਵੀ ਅਪਨਾਇਆ ਹੋਇਆ ਸੀ। ਉਸ ਦੇ ਡੰਗਰਾਂ ਵਿਚ ਸਾਨ੍ਹ ਤੇ ਝੋਟੇ ਜ਼ਰੂਰ ਹੁੰਦੇ ਸਨ, ਜਿਹੜੇ ਗਾਵਾਂ ਮੱਝਾਂ ਨੂੰ ਨਵੇਂ ਦੁੱਧ ਕਰਦੇ। ਹੇਹੇ ਆਈਆਂ ਗਾਵਾਂ ਮੱਝਾਂ ਲਾਗਲੇ ਪਿੰਡਾਂ ਤੋਂ ਨਿਧਾਨ ਸਿੰਘ ਦੇ ਸਾਨ੍ਹਾਂ ਅਤੇ ਝੋਟਿਆਂ ਕੋਲ ਲਿਆਈਆਂ ਜਾਂਦੀਆਂ।
ਹੁਣ ਗੱਲ ਤੂਤਾਂ ਵਾਲਾ ਖੂਹ ਦੀ। ਇਸ ਨੂੰ ਬਾਬਿਆਂ ਦਾ ਖੂਹ ਵੀ ਕਿਹਾ ਜਾਂਦਾ ਸੀ, ਕਿਉਂਕਿ ਇਹ ਬਾਬਿਆਂ ਦੇ ਖੇਤਾਂ ਦੇ ਇਕ ਕਿਨਾਰੇ ਉਤੇ ਸੀ। ਇਸ ਖੂਹ ਦੁਆਲੇ ਸੰਘਣੇ ਦਰਖਤ ਸਨ ਜਿਨ੍ਹਾਂ ਵਿਚੋਂ ਬਹੁਤੇ ਸ਼ਹਿਤੂਤ ਦੇ ਸਨ। ਇਸੇ ਕਾਰਨ ਇਸ ਨੂੰ ‘ਤੂਤਾਂ ਵਾਲਾ ਖੂਹ’ ਕਿਹਾ ਜਾਣ ਲੱਗ ਪਿਆ। ਕਈ ਸਾਲ ਪਹਿਲਾਂ ਜਦੋਂ ਮਰਹੂਮ ਸੋਹਣ ਸਿੰਘ ਸੀਤਲ ਦਾ ਨਾਵਲ ‘ਤੂਤਾਂ ਵਾਲਾ ਖੂਹ’ ਪੜ੍ਹਿਆ ਤਾਂ ਮੇਰੇ ਮਨ ਵਿਚ ਨਕਸ਼ਾ ਇਸੇ ਖੂਹ ਵਾਲਾ ਉਭਰਿਆ ਸੀ। 1960ਵਿਆਂ ਦੇ ਜਿਨ੍ਹਾਂ ਦਿਨਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਉਨੀਂ ਦਿਨੀਂ ਪਿੰਡਾਂ ਦੇ ਲੋਕਾਂ ਕੋਲ ਬਾਰਾਂ ਮਹੀਨੇ ਕੰਮ ਨਹੀਂ ਸੀ ਹੁੰਦਾ। ਵੈਸੇ ਵੀ ਲੋਕ ਗਰਮੀਆਂ ਦੇ ਮਹੀਨਿਆਂ ਵਿਚ ਤੜਕੇ ਉਠ ਕੇ ਸੂਰਜ ਨਿਕਲਦੇ ਤੱਕ ਕੰਮ ਮੁਕਾ ਲੈਂਦੇ ਸਨ। ਪਰਵਾਸੀ ਮਜ਼ਦੂਰ ਨਹੀਂ ਸਨ ਆਉਣੇ ਸ਼ੁਰੂ ਹੋਏ। ਕਿਸਾਨ ਡੰਗਰਾਂ ਨੂੰ ਪੱਠੇ ਪਾ ਕੇ ਫਿਰ ਸ਼ਾਮ ਤੱਕ ਵਿਹਲੇ ਹੁੰਦੇ ਸਨ, ਦੁਪਹਿਰਾ ਕੱਟਣਾ ਬੜਾ ਮੁਸ਼ਕਿਲ ਹੁੰਦਾ। ਇਹ ਦੁਪਹਿਰਾ ਬਹੁਤੇ ਲੋਕੀਂ ਤੂਤਾਂ ਵਾਲੇ ਖੂਹ ‘ਤੇ ਕੱਟਦੇ। ਕਈ ਸੁਸਤਾ ਰਹੇ ਹੁੰਦੇ, ਕਈ ਬਾਰਾਂ ਟਾਹਣੀ ਖੇਡਣ ਲੱਗ ਪੈਂਦੇ। ਕਈ ਫਟੀ ਪੁਰਾਣੀ ਤਾਸ਼ ਦੀ ਬਾਜ਼ੀ ਲੈ ਬੈਠਦੇ। ਆਮ ਤੌਰ ‘ਤੇ ਸੀਪ ਹੀ ਖੇਡੀ ਜਾਂਦੀ। ਚਾਰ ਬੰਦੇ ਖੇਡਣ ਵਾਲੇ ਹੁੰਦੇ, ਤਾਂ ਪੰਦਰਾਂ ਦੇਖਣ ਲਈ ਉਨ੍ਹਾਂ ਦੁਆਲੇ ਬੈਠ ਜਾਂਦੇ। ਕਈ-ਕਈ ਘੰਟੇ ਤਾਸ਼ ਚੱਲਦੀ ਰਹਿੰਦੀ। ਕੋਈ ਨਾ ਕੋਈ ਬਜ਼ੁਰਗ ਵਾਣ ਵੱਟਣ ਜਾਂ ਸ਼ਹਿਤੂਤ ਦੀਆਂ ਟਾਹਣੀਆਂ ਕੱਟ ਕੇ ਟੋਕਰੀਆਂ ਬਣਾਉਣ ਦੇ ਕੰਮ ਵੀ ਲੱਗ ਜਾਂਦਾ।
ਜਿਨ੍ਹਾਂ ਨੂੰ ਗਰਮੀ ਮਹਿਸੂਸ ਹੁੰਦੀ, ਉਹ ਹਿੱਕ ਦੇ ਜ਼ੋਰ ਨਾਲ ਗਾਧੀ ਗੇੜ ਕੇ ਚਲ੍ਹਾ ਭਰ ਕੇ ਨਹਾ ਲੈਂਦੇ। ਕਈ ਨੌਜਵਾਨ ਖੂਹ ਵਿਚ ਛਾਲਾਂ ਮਾਰਦੇ ਤੇ ਕਈ ਉਸ ਦੇ ਤਲੇ ਵਿਚੋਂ ਇੱਟਾਂ ਚੁੱਕ-ਚੁੱਕ ਕੇ ਲਿਆਉਂਦੇ। ਫਿਰ ਮਾਹਲ ਫੜ ਕੇ ਉਪਰ ਚੜ੍ਹ ਆਉਂਦੇ। ਮੈਂ ਪਾਣੀ ਤੋਂ ਬਹੁਤ ਡਰਦਾ ਸਾਂ, ਹਾਲਾਂਕਿ ਮਿਲਖੀ ਦੇ ਬੂਟੇ ਨੇ ਕਈ ਵਾਰੀ ਮੈਨੂੰ ਹੌਸਲਾ ਦੇ ਕੇ ਛਾਲ ਮਾਰਨ ਲਈ ਕਿਹਾ, ਪਰ ਮੈਂ ਸਦਾ ਡਰਦਾ ਹੀ ਰਿਹਾ। ਮਾਹਲ ਫੜ ਕੇ ਕਈ ਵਾਰੀ ਖੂਹ ਵਿਚ ਜ਼ਰੂਰ ਉਤਰਿਆ ਸਾਂ, ਪਰ ਹੇਠਾਂ ਜਾ ਕੇ ਮਾਹਲ ਫੜ ਕੇ ਹੀ ਤਾਰੀਆ ਲਾਉਂਦਾ ਰਹਿੰਦਾ ਸਾਂ।
ਮੇਰੇ ਦਾਦਾ ਮੇਲਾ ਸਿੰਘ ਦੱਸਦੇ ਹੁੰਦੇ ਸਨ ਕਿ ਇਸ ਖੂਹ ਦਾ ਗੰਡ ਉਨ੍ਹਾਂ ਦੇ ਪਿਤਾ ਅਮੀਰ ਚੰਦ ਤੇ ਚਾਚੇ ਝੰਡੇ ਨੇ ਪਾਇਆ ਸੀ। ਉਹ ਦੋਵੇਂ ਖੂਹੀਆਂ ਉਤਾਰਨ ਦੇ ਹੀ ਨਹੀਂ, ਸਗੋਂ ਉਸ ਵਿਚ ਗੰਡ ਪਾਉਣ ਦੇ ਵੀ ਮਾਹਰ ਸਨ। ਇਸ ਖੂਹ ਦੇ ਗੰਡ ਲਈ ਪਹਿਲਾਂ ਲਾਲੇ ਵਾਲੀ ਤੋਂ ਮਿਸਤਰੀ ਲਿਆਂਦਾ ਗਿਆ ਸੀ, ਕਿਉਂਕਿ ਮੇਰੇ ਬਜ਼ੁਰਗ ਅਮੀਰ ਚੰਦ ਤੇ ਝੰਡਾ ਕਿਸੇ ਗੱਲੋਂ ਪਿੰਡ ਵਾਲਿਆਂ ਨਾਲ ਖਫਾ ਸਨ। ਉਹ ਲੱਕੜੀ ਦੇ ਮਾਹਰ ਮਿਸਤਰੀ ਸਨ, ਪਰ ਜਦੋਂ ਲਾਲੇ ਵਾਲੀ ਦੇ ਮਿਸਤਰੀ ਨੇ ਗੰਡ ਪਾਉਣ ਤੋਂ ਪਹਿਲਾਂ ਹੀ ਗਲਤੀ ਕਰ ਦਿੱਤੀ, ਤਾਂ ਮੇਰੇ ਬਜ਼ੁਰਗਾਂ ਨੇ ਉਸ ਨੂੰ ਰੋਕ ਦਿੱਤਾ। ਕਹਿੰਦੇ ਹਨ ਕਿ ਲਾਲੇ ਵਾਲੀ ਦੇ ਮਿਸਤਰੀ ਨੇ ਚੈਲਿੰਜ ਕੀਤਾ ਸੀ ਕਿ ਜਿਸ ਤਰੀਕੇ ਨਾਲ ਮੇਰੇ ਬਜ਼ੁਰਗ ਗੰਡ ਪਾਉਣ ਲੱਗੇ ਹਨ, ਉਸ ਨਾਲ ਖੂਹ ਦਸਾਂ ਸਾਲਾਂ ਵਿਚ ਬਹਿ ਜਾਵੇਗਾ, ਪਰ ਉਹਦੀ ਭਵਿਖਵਾਣੀ ਗਲਤ ਸਿੱਧ ਹੋਈ।
ਹੁਣ ਪਤਾ ਲੱਗਾ ਹੈ ਕਿ ਬਾਬਿਆਂ ਨੇ ਜ਼ਮੀਨ ਦੇ ਪਲਾਟ ਕੱਟ ਦਿੱਤੇ ਹਨ, ਇਸ ਲਈ ਸੰਭਵ ਹੈ ਕਿ ਹੋਰ ਕੁਝ ਸਾਲਾਂ ਨੂੰ ਖੂਹ ਦਾ ਨਾਮੋ-ਨਿਸ਼ਾਨ ਨਾ ਰਹੇ, ਤੇ ਕੁਝ ਦਹਾਕਿਆਂ ਬਾਅਦ ਕੋਈ ਇਹ ਕਹਿਣ ਵਾਲਾ ਵੀ ਨਾ ਰਹੇ ਕਿ ਇਥੇ ਕਦੇ ਤੂਤਾਂ ਵਾਲਾ ਖੂਹ ਹੁੰਦਾ ਸੀ। ਮੇਰੀ ਬੇਟੀ ਖਬਰੇ ਇਸ ਦੁਖਾਂਤ ਨੂੰ ਚਿਤਵ ਸਕਦੀ ਹੈ ਕਿ ਨਹੀਂ?
(ਚਲਦਾ)