ਨੰਦਿਤਾ ਦੀ ਦੂਹਰੀ ਵਾਪਸੀ

ਨੰਦਿਤਾ ਦਾਸ ਵਿਲੱਖਣ ਅਦਾਕਾਰਾ ਹੈ ਤੇ ਆਪਣੇ ਲੀਕ ਤੋਂ ਹਟ ਕੇ ਕੀਤੇ ਗਏ ਕੰਮ ਲਈ ਜਾਣੀ ਜਾਂਦੀ ਹੈ। ਹੁਣ ਦੂਹਰੀ ਵਾਪਸੀ ਕਰਦਿਆਂ ਅਦਾਕਾਰਾ ਨੰਦਿਤਾ ਪਹਿਲੀ ਵਾਰ ਰੰਗਮੰਚ ਵੱਲ ਪਰਤ ਰਹੀ ਹੈ ਤੇ ਉਹਨੇ ‘ਬਿਟਵੀਨ ਦੀ ਲਾਈਨਜ਼’ ਨਾਟਕ ਨਿਰਦੇਸ਼ਤ ਕੀਤਾ ਹੈ ਜੋ ਲਿੰਗ ਆਧਾਰਤ ਨਾ-ਬਰਾਬਰੀ ਦੀਆਂ ਬਰੀਕੀਆਂ ਸਾਹਮਣੇ ਲਿਆਉਂਦਾ ਹੈ। ਇਸ ਨਾਟਕ ਦੀ ਕਹਾਣੀ ਦਾ ਪਿਛੋਕੜ ਰੱਜਿਆ-ਪੁੱਜਿਆ ਤੇ ਪੜ੍ਹਿਆ-ਲਿਖਿਆ ਵਰਗ ਹੈ ਜੋ ਇਹ ਮਿੱਥ ਲੈਂਦਾ ਹੈ ਕਿ ਇਸ ਨੇ ਤਾਂ ਆਪਣੇ ਸਾਰੇ ਮਸਲੇ ਸੁਲਝਾ ਲਏ ਹਨ ਪਰ ਠੀਕ ਇਸੇ ਸਮੇਂ ਇਸ ਵਰਗ ਵਿਚ ਇਕ ਅਜੀਬ ਤਰ੍ਹਾਂ ਦੀ ਨਾ-ਬਰਾਬਰੀ ਵਧੇਰੇ ਸੂਖਮ ਤੇ ਕਪਟੀ ਢੰਗ ਨਾਲ ਹਾਜ਼ਰ ਹੈ।
ਰਿਸ਼ਤਿਆਂ ਦੀਆਂ ਸੂਖਮ ਤੰਦਾਂ ਵਿਚ ਹਰ ਥਾਂ ਇਹ ਵਰਤਾਰਾ ਹਾਜ਼ਰ ਹੈ। ਬਰਾਬਰ ਦੇ ਮੰਨੇ ਜਾ ਰਹੇ ਜੋੜਿਆਂ ਦੇ ਸਬੰਧਾਂ ਨੂੰ ਪਰਤ-ਦਰ-ਪਰਤ ਖੋਲ੍ਹਣ ਦਾ ਵਿਚਾਰ ਨੰਦਿਤਾ ਨੂੰ ਬੜਾ ਦਿਲਚਸਪ ਲੱਗਿਆ ਤੇ ਇਸ ਤਰ੍ਹਾਂ ਇਹ ਨਾਟਕ ਹੋਂਦ ਵਿਚ ਆ ਗਿਆ। ਨੰਦਿਤਾ ਆਪਣੇ ਜੀਵਨ ਵਿਚ ਖਾਸਕਰ ਕਾਫੀ ਸਮਾਂ ਪਹਿਲਾਂ ਥੁੜ੍ਹਾਂ ਮਾਰੇ ਲੋਕਾਂ ਨਾਲ ਕੰਮ ਕਰਦੀ ਰਹੀ ਹੈ ਜਿਸ ਨੇ ਉਸ ਨੂੰ ਇਸ ਮੁੱਦੇ ਲਈ ਹੋਰ ਵੀ ਸੰਵੇਦਨਸ਼ੀਲ ਬਣਾ ਦਿੱਤਾ ਹੈ । ਨੰਦਿਤਾ ਦੂਹਰੀ ਵਾਪਸੀ ਇੰਜ ਕਰ ਰਹੀ ਹੈ ਕਿ ਇਸ ਨਾਟਕ ਦੀ ਸਹਿ-ਲੇਖਕਾ ਦੇ ਨਾਲ-ਨਾਲ ਉਹ ਦੋ ਮੁੱਖ ਕਿਰਦਾਰਾਂ ਵਿਚੋਂ ਇਕ ਕਿਰਦਾਰ ਵੀ ਨਿਭਾਅ ਰਹੀ ਹੈ । ਉਸ ਨੇ ਇਸ ਵਿਚ ਦੂਜੀ ਔਰਤ ਦੀ ਭੂਮਿਕਾ ਵੀ ਨਿਭਾਈ ਹੈ।
ਇਹ ਨਾਟਕ ਅਜੋਕੇ ਸਮੇਂ ਦਾ ਹੈ ਤੇ ਸ਼ਹਿਰੀ ਭਾਰਤ ਇਸ ਦੀ ਪਿੱਠਭੂਮੀ ਹੈ ਜਿਸ ਵਿਚ ਨੰਦਿਤਾ ਤੇ ਉਸ ਦੇ ਪਤੀ ਸੁਬੋਧ ਵੱਲੋਂ ਨਿਭਾਈਆਂ ਦੋ ਪੜ੍ਹੇ-ਲਿਖੇ ਤੇ ਰੱਜੇ-ਪੁੱਜੇ ਜੋੜਿਆਂ ਦੀਆਂ ਭੂਮਿਕਾਵਾਂ ਵਿਚ ਉਹ ਦੋਵੇਂ ਆਧੁਨਿਕਤਾ ਤੇ ਪ੍ਰੰਪਰਾ ਦੇ ਵਿਚਾਲੇ ਕਿਤੇ ਫਸੇ ਪਾਏ ਜਾਂਦੇ ਹਨ। ਜੇਕਰ ਇਸ ਨਾਟਕ ਦੀ ਕਹਾਣੀ ਦੀ ਗੱਲ ਕਰੀਏ ਤਾਂ ਮਾਇਆ ਤੇ ਸ਼ੇਖਰ ਵਕੀਲ ਜੋੜਾ ਹੈ ਜੋ 10 ਸਾਲਾਂ ਤੋਂ ਵਿਆਹੁਤਾ ਹੈ।
ਸ਼ੇਖਰ ਵੱਡੇ ਨਾਂ ਵਾਲਾ ਫੌਜਦਾਰੀ ਵਕੀਲ ਹੈ ਜਦੋਂਕਿ ਮਾਇਆ ਇਕ ਲਾਅ ਫਰਮ ਲਈ ਰੁਟੀਨ ਦੇ ਕੰਟਰੈਕਟਾਂ ਦੇ ਡਰਾਫਟ ਤਿਆਰ ਕਰਦਿਆਂ, ਕੰਮ ਤੇ ਜ਼ਿੰਦਗੀ ਵਿਚ ਸੰਤੁਲਨ ਬਣਾਉਣ ਦੇ ਯਤਨ ਕਰ ਰਹੀ ਹੈ। ਉਹ ਦੋਵੇਂ ਇਕ ਫੌਜਦਾਰੀ ਮੁਕੱਦਮੇ ਦੇ ਦੋਵੇਂ ਪਾਸਿਆਂ ਤੋਂ ਬਹਿਸ ਕਰਦੇ-ਕਰਦੇ ਇਕ ਅਜਿਹੇ ਨੁਕਤੇ ‘ਤੇ ਪੁੱਜ ਜਾਂਦੇ ਹਨ ਜਿਥੇ ਉਨ੍ਹਾਂ ਦੀਆਂ ਨਿੱਜੀ ਤੇ ਕੰਮਕਾਜੀ ਜ਼ਿੰਦਗੀਆਂ ਰਲਗੱਡ ਹੋ ਜਾਂਦੀਆਂ ਹਨ। ਇਸ ਨਾਟਕ ਦੀ ਭਾਸ਼ਾ ਅੰਗਰੇਜ਼ੀ ਰੱਖੀ ਗਈ ਹੈ। ਨੰਦਿਤਾ ਦਾ ਤਰਕ ਹੈ ਕਿ ਜਿਸ ਕਿਸਮ ਦੇ ਪਿਛੋਕੜ ਤੇ ਪਾਤਰਾਂ ਦੀ ਇਹ ਕਹਾਣੀ ਹੈ, ਇਹ ਉਨ੍ਹਾਂ ਦੀ ਹੀ ਭਾਸ਼ਾ ਹੈ ਤੇ ਨਾਟਕ ਵਿਚ ਕਿਤੇ ਵੀ ਕੁਝ ਥੋਪਿਆ ਹੋਇਆ ਨਹੀਂ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਇਸ ਨਾਟਕ ਵਿਚ ਨੰਦਿਤਾ ਤੋਂ ਇਲਾਵਾ ਇਕੋ-ਇਕ ਦੂਜਾ ਕਲਾਕਾਰ ਉਸ ਦਾ ਪਤੀ ਸੁਬੋਧ ਮਸਕਾਰਾ ਹੈ ਜੋ ਪਹਿਲੀ ਵਾਰ ਨਾਟਕ ਖੇਡ ਰਿਹਾ ਹੈ। ਨੰਦਿਤਾ ਤੇ ਸੁਬੋਧ ਦੀ ਨਵੀਂ ਕੰਪਨੀ ਛੋਟੀ ਪ੍ਰੋਡਕਸ਼ਨ ਕੰਪਨੀ ਪ੍ਰਾਈਵੇਟ ਲਿਮਟਿਡ ਦੀ ਵੀ ਇਹ ਪਹਿਲੀ ਪ੍ਰੋਡਕਸ਼ਨ ਹੈ।
ਨੰਦਿਤਾ ਦੇ ਲਈ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਵੱਖ-ਵੱਖ ਸ਼ਹਿਰਾਂ ਵਿਚੋਂ ਇਸ ਨਾਟਕ ਨੂੰ ਇਕੋ ਜਿਹਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਅਸਲ ਮਾਨਵੀ ਭਾਵਨਾਵਾਂ ਤੇ ਰਿਸ਼ਤੇ ਸਾਰੇ ਕਿਤੇ ਇਕੋ ਜਿਹੇ ਹਨ। ਹਰ ਸ਼ੋਅ ਮਗਰੋਂ ਇਹ ਨਾਟਕ ਹੋਰ ਸਪਸ਼ਟ ਹੁੰਦਾ ਜਾਂਦਾ ਹੈ ਪਰ ਨੰਦਿਤਾ ਦਾ ਮੰਨਣਾ ਹੈ ਕਿ ਉਸ ਵੱਲੋਂ ਮਿੱਥੇ ਮੁਕਾਮ ‘ਤੇ ਪੁੱਜਣ ਲਈ ਇਸ ਨਾਟਕ ਦੇ ਘੱਟੋ-ਘੱਟ 50 ਸ਼ੋਅ ਲਾਜ਼ਮੀ ਹਨ । ਇਸ ਨਾਟਕ ਦੀ ਸਹਿ-ਲੇਖਕਾ ਦਿਵਿਆ ਜਗਦਲੇ ਹੈ ।
ਸੁਹੱਪਣ ਦਾ ਜਲਵਾ-ਸੇਲਿਨਾ
ਹੁਣੇ ਜਿਹੇ 31 ਸਾਲਾਂ ਦੀ ਹੋਈ ਸਾਬਕਾ ਮਿਸ ਇੰਡੀਆ ਸੇਲਿਨਾ ਜੇਤਲੀ ਹਮੇਸ਼ਾ ਆਪਣੀ ਖੂਬਸੂਰਤੀ ਕਰਕੇ ਚਰਚਾ ਵਿਚ ਰਹੀ ਹੈ। ਇਸ ਸਾਲ ਵੀ ਜੌੜੇ ਬੱਚਿਆਂ ਨੂੰ ਜਨਮ ਦੇਣ ਦੇ ਬਾਵਜੂਦ ਉਸ ਨੇ ਆਪਣੇ ਆਪ ਨੂੰ ਫਿੱਟ ਰੱਖਣ ‘ਤੇ ਖੂਬ ਮਿਹਨਤ ਕੀਤੀ ਹੈ। ਇਸ ਦਾ ਪਤਾ ਪਿਛਲੇ ਮਹੀਨੇ ਹੀ ਉਸ ਦੇ ਇਕ ਫੈਸ਼ਨ ਸ਼ੋਅ ਵਿਚ ਰੈਂਪ ‘ਤੇ ਚੱਲਣ ਨਾਲ ਲੱਗਾ। ਮਾਂ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਕਿਸੇ ਪ੍ਰੋਗਰਾਮ ਵਿਚ ਹਿੱਸਾ ਲੈ ਰਹੀ ਹੈ। ਉਂਝ ਹੁਣ ਉਸ ਨੂੰ ਇਸ ਗੱਲ ਦੀ ਫਿਕਰ ਵੀ ਸਤਾਉਣ ਲੱਗੀ ਹੈ ਕਿ ਵਧਦੀ ਉਮਰ ਕਿਤੇ ਉਸ ਦੀ ਖੂਬਸੂਰਤੀ ਨਾ ਖੋਹ ਲਵੇ। ਜਨਮ ਦਿਨ ‘ਤੇ ਆਪਣੇ ਪ੍ਰਸ਼ੰਸਕਾਂ ਤੇ ਦੋਸਤਾਂ ਵੱਲੋਂ ਮਿਲੀਆਂ ਵਧਾਈਆਂ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਸੇਲਿਨਾ ਦਾ ਕਹਿਣਾ ਸੀ ਕਿ ਖੂਬਸੂਰਤੀ ਦੀ ਸਮੱਸਿਆ ਹੈ ਕਿ ਕੋਈ ਪੈਦਾ ਤਾਂ ਅਮੀਰ ਹੁੰਦਾ ਹੈ ਪਰ ਸਮੇਂ ਦੇ ਨਾਲ ਗਰੀਬ ਹੁੰਦਾ ਜਾਂਦਾ ਹੈ। ‘ਨੋ ਐਂਟਰੀ’ ਤੇ ‘ਗੋਲਮਾਲ ਰਿਟਰਨਸ’ ਵਿਚ ਕੰਮ ਕਰ ਚੁੱਕੀ ਸੇਲਿਨਾ ਪਿਛਲੀ ਵਾਰ ਫਿਲਮ ‘ਵਿਲ ਯੂ ਮੈਰੀ ਮੀ’ ਵਿਚ ਨਜ਼ਰ ਆਈ ਸੀ। ਬਿਊਟੀ ਕੁਈਨ ਤੋਂ ਅਦਾਕਾਰਾ ਬਣੀ ਸੇਲਿਨਾ ਨੇ ਦੁਬਈ ਵਿਚ ਰਹਿਣ ਵਾਲੇ ਆਸਟ੍ਰੇਲੀਆਈ ਨਾਗਰਿਕ ਪੀਟਰ ਹੇਗ ਨਾਲ 2011 ਵਿਚ ਵਿਆਹ ਕੀਤਾ ਸੀ। ਸੇਲਿਨਾ ਤੇ ਪੀਟਰ ਜੌੜੇ ਬੱਚਿਆਂ ਵਿਰਾਜ ਤੇ ਵਿੰਸਟਨ ਦੇ ਮਾਤਾ-ਪਿਤਾ ਹਨ। ਵਿਆਹ ਤੇ ਫਿਰ ਬੱਚਿਆਂ ਦੇ ਪਾਲਣ-ਪੋਸ਼ਣ ਲਈ ਉਹ ਉਦੋਂ ਤੋਂ ਹੀ ਸੁਨਹਿਰੀ ਪਰਦੇ ਤੋਂ ਦੂਰ ਰਹੀ ਹੈ ਪਰ ਜਨਤਕ ਤੌਰ ‘ਤੇ ਉਸ ਦੀ ਹੁਣੇ ਜਿਹੇ ਹੋ ਰਹੀ ਸਰਗਰਮੀ ਤੋਂ ਪਤਾ ਲੱਗਦਾ ਹੈ ਕਿ ਛੇਤੀ ਹੀ ਉਹ ਇਕ ਵਾਰ ਫਿਰ ਸੁਨਹਿਰੀ ਪਰਦੇ ‘ਤੇ ਨਜ਼ਰ ਆ ਸਕਦੀ ਹੈ। ਖ਼ਬਰ ਇਹ ਵੀ ਹੈ ਕਿ ਹਿੱਟ ਫਿਲਮ ‘ਨੋ ਐਂਟਰੀ’ ਦੇ ਸੀਕੁਏਲ ‘ਨੋ ਐਂਟਰੀ ਮੇਂ ਐਂਟਰੀ’ ਲਈ ਸੇਲਿਨਾ ਦਾ ਨਾਂ ਫਾਈਨਲ ਕਰ ਲਿਆ ਗਿਆ ਹੈ ਤੇ ਛੇਤੀ ਹੀ ਇਕ ਵਾਰ ਫਿਰ ਉਹ ਸੁਨਹਿਰੀ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆ ਸਕਦੀ ਹੈ। ਇਸ ਫਿਲਮ ਵਿਚ ਬਿਪਾਸ਼ਾ ਬਸੁ ਤੇ ਲਾਰਾ ਦੱਤਾ ਵੀ ਨਜ਼ਰ ਆਉਣਗੀਆਂ। ਫਿਲਮ ਦੇ ਪਹਿਲੇ ਹਿੱਸੇ ਵਿਚ ਵੀ ਇਹ ਤਿੰਨੇ ਸੁੰਦਰੀਆਂ ਮੌਜੂਦ ਸਨ।

 

 

 

 

Be the first to comment

Leave a Reply

Your email address will not be published.