ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ

ਪ੍ਰੋæ ਹਰਪਾਲ ਸਿੰਘ
ਫੋਨ: 916-478-1640

ਵੱਡੇ ਘਰਾਂ ਵਿਚ ਰਹਿਣ ਨਾਲ ਸੋਚ ਵੱਡੀ ਨਹੀਂ ਹੋ ਜਾਂਦੀ, ਹਉਮੈ ਜ਼ਰੂਰ ਵੱਡੀ ਹੋ ਜਾਂਦੀ ਹੈ।
ਕੌੜੀ ਨਿੰਮ ਨੂੰ ਕਦੀ ਪਤਾਸੇ ਨਹੀਂ ਲਗਦੇ।
ਤੀਰਥੀਂ ਨਹਾਉਣ ਨਾਲ ਮਨ ਦੀ ਮੈਲ ਨਹੀਂ ਜਾਣੀ, ਸ਼ਾਇਦ ਤਨ ਦੀ ਮੈਲ ਉਤਰ ਜਾਏ।
ਟਿੱਡੇ ਨੂੰ ਅੱਕ ਹੀ ਚੰਗਾ ਲੱਗਦਾ ਹੈ, ਉਲੂ ਨੂੰ ਸੂਰਜ ਨਹੀਂ ਦਿਖਦਾ।
ਸਾਧਾਂ ਦੇ ਡੇਰਿਆਂ ਦੇ ਚੱਕਰ ਮਾਰਨ ਨਾਲ ਮੁਕਤੀ ਨਹੀਂ ਮਿਲਣੀ, ਮਨ ਦੀ ਭਟਕਣਾ ਜ਼ਰੂਰ ਵਧ ਜਾਣੀ ਹੈ।
ਚਿੱਟਾ ਚੋਲਾ ਪਾਉਣ ਨਾਲ ਬਾਬੇ ਤਾਂ ਬਣ ਜਾਉਗੇ, ਮਨ ਦਾ ਰੋਣਾ ਕਿਵੇਂ ਮਿਟਾਉਗੇ।
ਕੱਕਰਾਂ ਵਿਚ ਬੀਜਿਆ ਬੀਅ ਨਹੀਂ ਉਗਦਾ, ਕਰੀਰ ਨੂੰ ਬਸੰਤ ਰੁੱਤ ਵਿਚ ਫੁੱਲ ਨਹੀਂ ਲਗਦੇ।
ਰੂਹ ਦਾ ਪ੍ਰਛਾਵਾਂ ਨਹੀਂ ਹੁੰਦਾ, ਝੂਠ ਦੇ ਪੈਰ ਨਹੀਂ ਹੁੰਦੇ।
ਸੁੱਕੇ ਰੁੱਖਾਂ ਦੀ ਨਾ ਛਾਂ ਹੁੰਦੀ ਹੈ, ਨਾ ਪ੍ਰਛਾਵਾਂ।
ਪਿਛਲੇ ਪਹਿਰੀਂ ਜੀਣਾ ਸਿਆਣਪ ਨਹੀਂ, ਆਉਣ ਵਾਲਾ ਕੱਲ੍ਹ ਤੁਹਾਡਾ ਆਪਣਾ ਨਹੀਂ।
ਤਨ ਦੀ ਭੁੱਖ ਤਾਂ ਮਿਟ ਜਾਏਗੀ, ਮਨ ਦੀ ਭੁੱਖ ਕਿਵੇਂ ਮਿਟਾਉਗੇ?
ਢਿੱਡ ਵੱਡਾ ਹੋ ਜਾਏ ਤਾਂ ਅਕਲ ਛੋਟੀ ਹੋ ਜਾਂਦੀ ਹੈ।
ਸੱਪ ਦੇ ਸਿਰ ਵਿਚ ਮਨੀ ਹੈ, ਜ਼ਹਿਰ ਵੰਡਣਾ ਉਸ ਦਾ ਸੁਭਾਅ ਹੈ।
ਝੂਠ ਕਿਤੇ ਬਾਹਰੋਂ ਨਹੀਂ ਆਉਂਦਾ, ਅੰਦਰ ਦੀ ਮੈਲ ਬਾਹਰ ਆ ਜਾਂਦੀ ਹੈ।
ਉਚੀ ਆਸ, ਵੱਡਾ ਸਰਾਪ ਹੈ। ਪ੍ਰਭੂ ਨੂੰ ਖੋਜਣ ਤੁਰ ਪਏ ਹੋ, ਆਪਣੇ ਆਪ ਦਾ ਪਤਾ ਨਹੀਂ। ਇਕ ਪਿਆਸ ਅੰਦਰ ਹੈ, ਇਕ ਭਟਕਣ ਬਾਹਰ ਹੈ। ਮੋਕਸ਼ ਦੀ ਸੋਝੀ ਨਹੀਂ, ਆਪਣੇ ਦੁੱਖ ਦੂਜਿਆਂ ਨੂੰ ਦੇ ਰਹੇ ਹੋ। ਇਕ ਰਸਤਾ ਹੈ ਮੁਕਤੀ ਦਾ, ਮੁਕਤੀ ਸੰਸਾਰ ਤੋਂ ਛੁਟਕਾਰਾ ਪ੍ਰਾਪਤ ਕਰਨਾ ਨਹੀਂ; ਸਗੋਂ ਭੈਅ ਤੋਂ, ਹੰਕਾਰ ਤੋਂ ਛੁਟਕਾਰਾ ਪਾਉਣਾ ਹੀ ਮੁਕਤ ਹੋਣਾ ਹੈ। ਭੈਅ ਕਿਸ ਤੋਂ, ਹੰਕਾਰ ਕਿਸੇ ਤੋਂ? ਇੱਛਾਵਾਂ ਤੋਂ, ਲਾਲਸਾਵਾਂ ਤੋਂ, ਖਾਹਿਸ਼ਾਂ ਤੋਂ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ? ਸੂਰਜ ਦੀ ਇਕ ਕਿਰਨ ਵੀ ਮਿਲ ਜਾਏ, ਤਾਂ ਸੂਰਜ ਤੀਕਰ ਪਹੁੰਚਣ ਦਾ ਮਾਰਗ ਮਿਲ ਜਾਂਦਾ ਹੈ। ਆਪਣੀ ਅਗਿਆਨਤਾ ਨੂੰ ਸਵੀਕਾਰ ਕਰ ਲੈਣਾ ਹੀ ਗਿਆਨ ਦੀ ਪੌੜੀ ਦਾ ਪਹਿਲਾ ਪੌਡਾ ਹੈ। ਆਪਣਾ ਆਪ, ਆਪਣਾ ਦੁੱਖ, ਆਪਣੀ ਪਿਆਸ, ਆਪਣੀ ਉਲਝਣ ਮਿਟ ਜਾਏਗੀ, ਜੇ ਪ੍ਰੇਮ ਅਤੇ ਸਮਰਪਣ ਦੇ ਧਾਰਨੀ ਹੋ ਜਾਉਗੇ।
ਮਨ ਤੋਂ ਪਾਰ ਚਲੇ ਜਾਣਾ ਹੀ ਸਮਰਪਣ ਹੈ। ਸਮਰਪਣ ਦਾ ਨਾਂ ਹੈ ਸ਼ਰਧਾ, ਚੇਲਾ ਹੋ ਜਾਣਾ, ਸ਼ਿਸ਼ਤਵ ਹੋ ਜਾਣਾ, ਸਿੱਖ ਹੋ ਜਾਣਾ। ਜੋ ਆਪਣੀ ਆਕੜ ਵਿਚ ਜੀਅ ਰਿਹਾ ਹੈ, ਉਹ ਸਿੱਖ ਨਹੀਂ। ਤੁਹਾਡੇ ਬਸਤਰ, ਚੋਲਾ, ਪਾਠ, ਅਭਿਆਸ, ਦਾਨ-ਪੁੰਨ ਕਰਨ ਪਿੱਛੇ ਤੁਹਾਡਾ ਹੰਕਾਰ ਖੜ੍ਹਾ ਹੈ। ਤੁਸੀਂ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹੋ। ਜੋ ਸੁਣ ਨਹੀਂ ਸਕਦਾ, ਉਹ ਮੰਨ ਕਿਸ ਤਰ੍ਹਾਂ ਲਵੇਗਾ? ਬੁੱਧੀ-ਬਿਬੇਕ ਨਾਲ ਮੰਨਿਆ ਨਹੀਂ, ਤਾਂ ਸਮਰਪਣ ਕਿਸ ਤਰਾਂ੍ਹ ਕਰੇਗਾ? ਸਿੱਖ ਉਹ ਹੈ ਜੋ ਪੂਰਨ ਹਿਰਦੇ ਨਾਲ ਉਸ ਦੀ ਸਿੱਖਿਆ ਨੂੰ ਸੁਣਦਾ ਹੈ, ਮੰਨਦਾ ਹੈ ਅਤੇ ਸਮਰਪਣ ਕਰਦਾ ਹੈ।
ਫੈਸਲਾ ਕਰਨ ਵਾਲਾ ਬੱਸ ਤੂੰ ਹੈਂ, ਬੱਸ ਤੂੰ ਹੀ ਤੂੰ ਹੈਂ।
ਸਿੰਙੀ ਸੁਰਤਿ ਅਨਾਹਦਿ ਵਾਜੈ
ਘਟਿ ਘਟਿ ਜੋਤਿ ਤੁਮਾਰੀ॥
(ਰਾਮ ਕਲੀ ਮਹਲਾ 1, ਪੰਨਾ 907)
ਏਵਡੁ ਊਚਾ ਹੋਵੈ ਕੋਇ॥
ਤਿਸੁ ਊਚੇ ਕਉ ਜਾਣੈ ਸੋਇ॥ (ਜੁਪਜੀ)
ਜਿਉ ਪਸਰੀ ਸੂਰਜ ਕਿਰਣਿ ਜੋਤਿ॥
ਤਿਉ ਘਟਿ ਘਟਿ ਰਮਈਆ ਓਤਿ ਪੋਤਿ॥
(ਬਸੰਤ ਮਹਲਾ 4, ਪੰਨਾ 1177)
ਰਚਨਹਾਰਾ ਸਮਰਪਣ ਨਾਲ ਮਿਲਦਾ ਹੈ, ਪਹਿਲਾਂ ਨਿੱਜ ਤੋਂ ਮੁਕਤੀ ਪਾਉ।
ਹਉਮੈ ਬੂਝੈ ਤਾਂ ਦਰੁ ਸੂਝੈ॥
ਗਿਆਨ ਵਿਹੂਣਾ ਕਥਿ ਕਥਿ ਲੂਝੈ।
ਨਾਨਕ ਹੁਕਮੀ ਲਿਖੀਐ ਲੇਖੁ॥
ਜੇਹਾ ਵੇਖਹਿ ਤੇਹਾ ਵੇਖੁ॥
ਸੁਲਤਾਨਪੁਰ ਵਿਚ ‘ਤੇਰਾ ਤੇਰਾ’ ਕਰਦਾ ਨਾਨਕ ਤੇਰਾ ਹੀ ਹੋ ਗਿਆ। ‘ਜੋ ਤੇਰੀ ਮਰਜ਼ੀ’, ਬੱਸ ਇਹੀ ਸਮਰਪਣ ਹੈ। ਗੁਆਉਗੇ ਆਪਣੇ ਕਾਰਨ, ਮਿਲੇਗਾ ਉਸ ਦੀ ਰਹਿਮਤ ਨਾਲ। ਜੇ ਮੈਂ ਗੁਆ ਰਿਹਾ ਹਾਂ, ਤਾਂ ਮੈਂ ਹੀ ਕੁਝ ਪੁੱਠਾ ਹਾਂ। ਚਾਂਦਨੀ ਚੌਕ ਵਿਚ ਬੈਠਾ ਸਤਿਗੁਰੂ ਉਸ ਦੇ ਭਾਣੇ ਨੂੰ, ਉਸ ਦੇ ਹੁਕਮ ਨੂੰ ਦੇਖ ਰਿਹਾ ਸੀ। ਕੋਈ ਤਣਾਉ, ਕੋਈ ਚਿੰਤਾ, ਕੋਈ ਦੁੱਖ ਨਹੀਂ। ਜੋ ਹੋ ਰਿਹਾ ਹੈ, ਜੋ ਹੋਣ ਜਾ ਰਿਹਾ ਹੈ, ਸਭ ਉਸ ਦੀ ਰਜ਼ਾ ਹੈ। ਤੇਰੀ ਰਹਿਮਤ, ਮੇਰਾ ਸਮਰਪਣ।
ਜੋ ਉਪਜਿਓ ਸੋ ਬਿਨਸਿ ਹੈ
ਪਰੋ ਆਜੁ ਕੈ ਕਾਲਿ॥
ਨਾਨਕ ਹਰਿ ਗੁਨ ਗਾਇ ਲੇ
ਛਾਡਿ ਸਗਲ ਜੰਜਾਲ॥ (ਸਲੋਕ ਮਹਲਾ 9)
ਸਾਧੋ ਇਹੁ ਤਨੁ ਮਿਥਿਆ ਜਾਨਉ॥
ਯਾ ਭੀਤਰਿ ਜੋ ਰਾਮੁ ਬਸਤੁ ਹੈ
ਸਾਚੋ ਤਾਹਿ ਪਛਾਨੋ॥ਰਹਾਉ॥
ਇਹ ਜਗੁ ਹੈ ਸੰਪਤਿ ਸੁਪਨੇ ਕੀ
ਦੇਖਿ ਕਹਾ ਐਡਾਨੋ॥
ਸੰਗਿ ਤਿਹਾਰੈ ਕਛੂ ਨ ਚਾਲੈ
ਤਾਹਿ ਕਹਾ ਲਪਟਾਨੋ॥
ਉਸਤਤਿ ਨਿੰਦਾ ਦੋਊ ਪਰਹਰਿ
ਹਰ ਕੀਰਤਿ ਉਰਿ ਆਨੋ॥
ਜਨ ਨਾਨਕ ਸਭ ਹੀ ਮੈ ਪੂਰਨ
ਏਕ ਪੁਰਖ ਭਾਗਵਾਨੋ॥
(ਰਾਗੁ ਬਸੰਤੁ, ਹਿੰਡੋਲ ਮਹਲਾ 9)
ਥੋੜ੍ਹੇ ਦਿਨ ਉਸ ਦੇ ਹੁਕਮ ਨੂੰ ਮੰਨ ਲਵੋ। ਜਿਵੇਂ ਰੱਖੇ, ਜਿਥੇ ਲੈ ਜਾਏ, ਜਾ ਰਹੋ। ਤੁਹਾਡੀ ਕੋਸ਼ਿਸ਼ ਬੇਕਾਰ ਹੈ। ਬਹੁਤ ਕਰ ਕੇ ਦੇਖ ਲਿਆ। ਜਿਹੋ ਜਿਹੇ ਸੀ, ਉਹੋ ਜਿਹੇ ਹੀ ਰਹੇ; ਸਗੋਂ ਉਸ ਤੋਂ ਵੀ ਜ਼ਿਆਦਾ ਬਿਮਾਰ ਹੋ ਗਏ। ਮਿਲ ਗਿਆ, ਉਸ ਦਾ ਵੀ ਤਣਾਉ। ਜੋ ਨਾ ਮਿਲਿਆ, ਉਸ ਦਾ ਵੀ ਤਣਾਉ। ਪਾਗਲਪਣ ਦੀ ਹਾਲਤ ਹੋ ਗਈ ਹੈ। ਅੰਦਰ-ਬਾਹਰ ਰੋਗੀ ਹੋ ਗਿਆ ਹੈ। ਜੋ ਕਰੋਗੇ, ਤੁਸੀਂ ਹੀ ਕਰੋਗੇ। ਤੁਹਾਡਾ ਸੱਚ ਅੰਦਰ ਮਰ ਗਿਆ ਹੈ।
ਹੁਕਮੀ ਹੋ ਜਾਣਾ, ਧਾਰਮਿਕ ਹੋ ਜਾਣਾ ਹੈ। ਲੜਨਾ ਸੰਸਾਰੀ ਹੋ ਜਾਣਾ ਹੈ। ਜੇ ਉਸ ਨਾਲ ਸੰਘਰਸ਼ ਕਰੋਗੇ ਤਾਂ ਉਸ ਨੂੰ ਪਾ ਨਹੀਂ ਸਕੋਗੇ। ਹੁਕਮੀ ਹੋ ਗਏ, ਅੰਦਰ ਚਾਨਣ ਹੋ ਗਿਆ, ਸਾਫ ਹੋ ਗਿਆ, ਸੰਘਰਸ਼ ਦਾ ਤਿਆਗ ਪ੍ਰੇਮ ਦੀ ਉਚਾਈ ਨੂੰ ਛੂਹ ਲੈਣਾ ਹੈ। ਪ੍ਰੇਮੀ ਹੋ ਜਾਣਾ, ਉਸ ਦਾ ਹੋ ਜਾਣਾ ਹੈ। ‘ਮੈਂ’ ਤਾਂ ਕੰਧ ਹੈ। ਤੂੰ ਤੂੰ ਹੈਂ, ਮੈਂ ਮੈਂ ਹਾਂ। ਦੋਹਾਂ ਵਿਚ ਜਨਮਾਂ ਦਾ ਫਾਸਲਾ ਹੈ।
ਪ੍ਰੇਮ ਹਮੇਸ਼ਾ ਝੁਕਣ ਲਈ ਰਾਜ਼ੀ ਹੈ। ਹੰਕਾਰ ਕਦੇ ਵੀ ਝੁਕਣ ਨੂੰ ਰਾਜ਼ੀ ਨਹੀਂ ਹੁੰਦਾ।
ਪ੍ਰੇਮ ਜਦੋਂ ਦਿੰਦਾ ਹੈ, ਤਦ ਖੁਸ਼ ਹੋ ਜਾਂਦਾ ਹੈ। ਹੰਕਾਰ ਜਦ ਕੁਝ ਲੈ ਜਾਂਦਾ ਹੈ, ਤਦ ਖੁਸ਼ ਹੁੰਦਾ ਹੈ।
ਪ੍ਰੇਮ ਵਿਚ ਕੋਈ ਛੋਟਾ ਵੱਡਾ ਨਹੀਂ। ਜੋ ਆ ਜਾਵੇ, ਉਸ ਨਾਲ ਸਬੰਧ ਜੁੜ ਜਾਂਦਾ ਹੈ। ਹੰਕਾਰ ਹਮੇਸ਼ਾ ਆਪਣੇ ਨਾਲੋਂ ਵੱਡਿਆਂ ਨਾਲ ਸਬੰਧ ਜੋੜਨ ਦੀ ਕੋਸ਼ਿਸ਼ ਕਰਦਾ ਹੈ।
ਪ੍ਰੇਮੀ ਸਮਰਾਟ ਹੈ, ਹੰਕਾਰੀ ਭਿਖਾਰੀ ਹੈ।
ਪ੍ਰੇਮ ਦੇਣ ਦੀ ਭਾਸ਼ਾ ਹੈ, ਹੰਕਾਰ ਲੈਣ ਦੀ ਭਾਸ਼ਾ ਹੈ।
ਫੱਗਣ ਦੀ ਰੁੱਤ ਵਾਂਗ ਨਿੱਘਾ-ਨਿੱਘਾ ਪਿਆਰ ਸੀ ਪਤਨੀ ਨਾਲ। ਕੋਸਾ-ਕੋਸਾ, ਮਿੱਠਾ-ਮਿੱਠਾ, ਨਸ਼ਿਆਇਆ ਪਿਆਰ ਸੀ। ਮਨ ਆਨੰਦਤ ਸੀ। ਪ੍ਰੇਮ ਵਿਚ ਇਕ ਪਲ ਦਾ ਵਿਛੋੜਾ, ਸਦੀਆਂ ਦਾ ਵਿਛੋੜਾ ਲਗਦਾ ਸੀ। ਸੌਂਦੇ ਜਾਗਦੇ, ਖਾਂਦੇ ਪੀਂਦੇ; ਹਰ ਪਲ, ਹਰ ਘੜੀ, ਹਰ ਤਰਫਫ਼ ਪਤਨੀ ਦਾ ਹੀ ਚਿਹਰਾ ਨਜ਼ਰ ਆਉਂਦਾ ਸੀ। ਪਤਨੀ ਰੱਬ ਦਾ ਰੂਪ ਹੋਈ ਬੈਠੀ ਸੀ। ਹਰ ਰੋਜ਼ ਦੀ ਕਹਾਣੀ ਸੀ ਇਹ।
ਮਨ ਦੇ ਕਲੇਸ਼, ਮਨ ਦੀ ਪੀੜਾ ਨੇ ਉਦੋਂ ਘੇਰ ਲਿਆ ਜਦੋਂ ਪਤਨੀ ਨੂੰ ਪੇਕੇ ਘਰ ਜਾਣਾ ਪਿਆ। ਕਿਵੇਂ ਜੀਵਾਂਗਾ? ਕੀ ਕਰਾਂਗਾ? ਕਿਥੇ ਜਾਵਾਂਗਾ? ਮਨ ਦਾ ਦਵੰਦ ਟਿਕਣ ਨਹੀਂ ਸੀ ਦਿੰਦਾ। ਆਤਮਾ ਟੋਟੇ-ਟੋਟੇ ਹੋਈ ਪਈ ਸੀ। ਘਰ ਵਾਲਿਆਂ ਨੇ ਸਮਝਾਇਆ, ਪਤਨੀ ਨੇ ਬੁਚਕਾਰਿਆ। ਕੁਝ ਰਾਹਤ ਮਿਲੀ। ਬੇਚੈਨ ਮਨ ਨਾਲ ਪਤਨੀ ਨੂੰ ਰੁਖਸਤ ਕੀਤਾ। ਰਾਤ ਆਈ, ਤਾਂ ਆ ਕੇ ਠਹਿਰ ਗਈ। ਰਾਤ ਦੀ ਇਕੱਲ ਨੇ ਸੌਣ ਨਾ ਦਿੱਤਾ। ਮਨ ਕਹਾਣੀਆਂ ਪਾਉਣ ਲੱਗਾ- ਜੇ ਉਸ ਬਿਨ ਮੇਰਾ ਇਹ ਹਾਲ ਹੈ, ਤਾਂ ਉਹ ਵੀ ਮੇਰੇ ਬਿਨਾਂ ਬੇਚੈਨ ਹੋਵੇਗੀ, ਯਾਦ ਕਰਦੀ ਹੋਵੇਗੀ। ਜਾਵਾਂ, ਉਸ ਨੂੰ ਲੈ ਆਵਾਂ। ਰਹਿ ਨਹੀਂ ਹੁੰਦਾ। ਪਤਨੀ ਦੇ ਬੋਲ ਸੁਣਾਈ ਦਿੰਦੇ। ਪ੍ਰਣ ਕੀਤਾ ਸੀ ਕਿ ਉਸ ਦੇ ਪੇਕੇ ਮਿਲਣ ਨਹੀਂ ਜਾਵਾਂਗਾ। ਲੋਕ ਬੋਲੀ ਮਾਰਨਗੇ। ਲਗਦਾ ਸੀ, ਜਿਵੇਂ ਕੁਹਾੜੇ ‘ਤੇ ਪੈਰ ਮਾਰ ਲਿਆ ਹੋਵੇ।
ਰੋਂਦੇ-ਕੁਰਲਾਉਂਦੇ ਰਾਤ ਗੁਜ਼ਰ ਗਈ। ਦਿਨੇ ਸੂਰਜ ਦੀ ਧੁੱਪ ਉਦਾਸ ਲਗਦੀ ਸੀ। ਹਵਾਵਾਂ ਵਿਚ ਹਉਕੇ ਸਨ। ਖੇਤਾਂ ਵਿਚ ਖਿੜੇ ਸਰੋਂ ਦੇ ਫੁੱਲ ਮੁਰਝਾਏ ਲਗਦੇ ਸਨ। ਔਖੇ ਹੋ ਕੇ ਦਿਨ ਗੁਜ਼ਰਿਆ। ਰਿਹਾ ਨਾ ਗਿਆ। ਸਬਰ ਦਾ ਪਿਆਲਾ ਟੁੱਟ ਗਿਆ। ਸ਼ਾਮ ਨੂੰ ਮੋਢੇ ‘ਤੇ ਪਰਨਾ ਰੱਖ, ਪਤਨੀ ਦੇ ਪਿੰਡ ਵੱਲ ਹੋ ਤੁਰਿਆ। ਸੋਚਿਆ, ਉਸ ਦਾ ਵੀ ਤਾਂ ਮੇਰੇ ਬਿਨਾਂ ਬੁਰਾ ਹਾਲ ਹੋਵੇਗਾ। ਜਾ ਮਿਲਾਂ, ਇੰਤਜ਼ਾਰ ਕਰਦੀ ਹੋਵੇਗੀ। ਪਤਨੀ ਦੇ ਪਿੰਡ ਪਹੁੰਚਦੇ-ਪਹੁੰਚਦੇ ਹਨੇਰਾ ਗੂੜ੍ਹਾ ਹੋ ਗਿਆ ਸੀ। ਮਾੜੀ ਕਿਸਮਤ, ਕੁਦਰਤ ਨੇ ਮੀਂਹ ਦਾ ਪੜਛਾ ਖੋਲ੍ਹ ਦਿੱਤਾ ਸੀ। ਕੱਪੜੇ ਭਿੱਜ ਗਏ ਸਨ। ਧਰਵਾਸ ਹੋਇਆ, ਪਤਨੀ ਦੇ ਚੁਬਾਰੇ ਦੀ ਬੱਤੀ ਜਲ ਰਹੀ ਸੀ। ਮੈਨੂੰ ਪਤਾ ਸੀ ਉਹ ਵੀ ਬੇਚੈਨ ਹੈ, ਪ੍ਰੇਸ਼ਾਨ ਹੈ। ਇੰਤਜ਼ਾਰ ਵਿਚ ਬੱਤੀ ਜਗਾ ਰੱਖੀ ਹੈ। ਘਰ ਦਾ ਬੂਹਾ ਬੰਦ ਸੀ। ਚੁਬਾਰੇ ਦੀ ਪਰਿਕਰਮਾ ਕੀਤੀ। ਬਿਜਲੀ ਦੀ ਚਮਕ ਵਿਚ ਦੇਖਿਆ, ਬਨੇਰੇ ਤੋਂ ਲੰਮੀ ਰੱਸੀ ਹੇਠਾਂ ਲਟਕ ਰਹੀ ਸੀ। ਦੇਖਿਆæææਮੈਨੂੰ ਪਤਾ ਸੀ, ਉਹ ਮੇਰੇ ਬਿਨਾਂ ਨਹੀਂ ਰਹਿ ਸਕਦੀ। ਮੇਰੇ ਆਉਣ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਹੈ। ਖੁਸ਼ੀ ਵਿਚ ਖੀਵੇ ਹੋਏ ਨੇ ਰੱਸੀ ਨੂੰ ਫੜ ਚੁਬਾਰੇ ਵੱਲ ਧਾਈ ਕਰ ਦਿੱਤੀ।
ਉਪਰ ਪਹੁੰਚਿਆ। ਪਤਨੀ ਹੈਰਾਨ-ਪ੍ਰੇਸ਼ਾਨ ਖੜ੍ਹੀ ਸੀ, “ਤੁਸੀਂ ਮੀਂਹ ਨਾਲ ਭਿੱਜੀ ਇਸ ਕਾਲੀ-ਬੋਲੀ ਰਾਤ ਵਿਚ ਕਿਵੇਂ ਆ ਗਏ?” ਪਤਨੀ ਨੇ ਉਤਸੁਕਤਾ ਜ਼ਾਹਿਰ ਕੀਤੀ।
“ਤੈਨੂੰ ਸਭ ਪਤਾ ਹੈ, ਐਵੇਂ ਭੋਲੀ ਨਾ ਬਣ। ਤੈਨੂੰ ਯਕੀਨ ਸੀ ਮੈਂ ਜ਼ਰੂਰ ਆਵਾਂਗਾ।” ਪਤੀ ਬੋਲਿਆ।
“ਮੈਨੂੰ ਤਾਂ ਕੁਝ ਵੀ ਪਤਾ ਨਹੀਂ। ਤੁਸੀਂ ਉਪਰ ਕਿਵੇਂ ਆ ਗਏ? ਦਰਵਾਜ਼ੇ ਤਾਂ ਸਾਰੇ ਬੰਦ ਨੇ।” ਪਤਨੀ ਬੋਲੀ।
“ਤੂੰ ਚੁਬਾਰੇ ਤੋਂ ਹੇਠਾਂ ਐਵੇਂ ਨਹੀਂ ਸੀ ਰੱਸੀ ਲਟਕਾਈ। ਰਹਿਣ ਦੇ ਨਖਰਾ ਨਾ ਕਰ।” ਪਤੀ ਬੋਲਿਆ।
“ਮੈਂ ਤਾਂ ਕੋਈ ਰੱਸੀ ਨਹੀਂ ਲਟਕਾਈ।” ਪਤਨੀ ਬੋਲੀ।
“ਚੱਲ ਦੇਖ, ਐਵੇਂ ਝੂਠ ਨਾ ਬੋਲ।” ਪਤਨੀ ਨਾਲ ਉਹ ਬਨੇਰੇ ਕੋਲ ਆ ਖੜ੍ਹਾ ਹੋਇਆ।
ਬਿਜਲੀ ਚਮਕੀ। ਦੇਖਿਆ, ਜਿਸ ਨੂੰ ਉਹ ਰੱਸੀ ਸਮਝ ਚੁਬਾਰੇ ‘ਤੇ ਆਇਆ ਸੀ, ਉਹ ਕਾਲਾ ਮੋਟਾ ਸੱਪ ਸੀ ਜੋ ਚੁਬਾਰੇ ਦੇ ਬਨੇਰੇ ਨਾਲ ਚਿੰਬੜਿਆ ਹੋਇਆ ਲਮਕ ਰਿਹਾ ਸੀ।
“ਤੁਹਾਨੂੰ ਸੱਪ ਨਜ਼ਰ ਨਹੀਂ ਆਇਆ।” ਪਤਨੀ ਬੋਲੀ।
“ਮੈਨੂੰ ਤਾਂ ਤੇਰੇ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ। ਧਿਆਨ ਤਾਂ ਤੇਰੇ ਵੱਲ ਲੱਗਿਆ ਰਹਿੰਦਾ ਹੈ।” ਪਤੀ ਬੋਲਿਆ।
“ਜੇ ਤੁਸੀਂ ਇੰਨਾ ਧਿਆਨ ਪਰਮਾਤਮਾ ਨਾਲ ਜੋੜ ਲਵੋ, ਜਿੰਨਾ ਪ੍ਰੇਮ ਮੈਨੂੰ ਕਰਦੇ ਹੋ; ਉਸ (ਪਰਮਾਤਮਾ) ਨਾਲ ਕਰ ਲਵੋ, ਤਾਂ ਜੀਵਨ ਦੀ ਗਤੀ ਹੀ ਬਦਲ ਜਾਏਗੀ।” ਪਤਨੀ ਨੇ ਤਾਹਨਾ ਮਾਰਿਆ।
ਪਤਨੀ ਦਾ ਹੱਥ ਛੱਡ ਉਹ ਜੰਗਲ ਨੂੰ ਹੋ ਤੁਰਿਆ। ਮਹਾਤਮ ਹੋਇਆ, ਰਾਮਾ ਨੰਦ ਭਗਤ ਹੋ ਗਿਆ।
ਪ੍ਰੇਮ ਦੀ ਸ਼ਕਤੀ ਪਰਮਾਤਮਾ ਦੀ ਸ਼ਕਤੀ ਹੈ, ਈਸ਼ਵਰ ਦੀ ਸ਼ਕਤੀ ਹੈ। ਜੀਵਨ ਨੂੰ ਅਨੰਦ ਨਾਲ ਸਵੀਕਾਰ ਕਰਨਾ ਹੀ ਪ੍ਰੇਮ ਹੈ। ਪ੍ਰੇਮ ਦੀ ਪਵਿੱਤਰਤਾ ਨੂੰ ਸਵੀਕਾਰ ਕਰੋ। ਜੀਵਨ ਜਿਹੋ ਜਿਹਾ ਹੈ, ਉਸ ਨੂੰ ਅਨੰਦ ਨਾਲ ਸਵੀਕਾਰ ਕਰੋ ਅਤੇ ਜੀਵੋ ਉਸ ਦੀ ਸੰਪੂਰਨਤਾ ਵਿਚ। ਜੀਵਨ ਤੋਂ ਨੱਸਣਾ ਜੀਵਨ ਨਹੀਂ, ਜੀਵਨ ਵਿਚ ਉਤਰਨਾ ਹੀ ਧਰਮ ਹੈ। ਸਵੀਕਾਰ ਕਰੋ ਬਿਬੇਕ ਬੁੱਧੀ ਨਾਲ।
ਜਿਸ ਦੀ ਕ੍ਰਿਪਾ ਨਾਲ ਜੋ ਜੀਵਨ ਮਿਲਿਆ ਹੈ, ਜੋ ਅਨੰਦ ਅਤੇ ਚੇਤੰਨ ਮਿਲਿਆ ਹੈ, ਉਸ ਦੇ ਲਈ ਪਰਮਾਤਮਾ ਦੇ ਪ੍ਰਤੀ ਸਾਡੇ ਹਿਰਦੇ ਵਿਚ ਜੋ ਪ੍ਰੇਮ ਅਤੇ ਧੰਨਵਾਦ ਦਾ ਭਾਵ ਹੈ, ਉਸ ਨੂੰ ਅਸੀਂ ਕੀਰਤਨ ਵਿਚ ਗਾ ਕੇ ਉਸ ਦੇ ਨਾਮ ਸਿਮਰਨ ਦੀ ਮਸਤੀ ਵਿਚ ਥਿਰਕ ਕੇ ਪ੍ਰਗਟ ਕਰਦੇ ਹਾਂ। ਕੀਰਤਨ ਉਤਸਵ ਹੈ, ਭਗਤੀ ਭਾਵ ਨਾਲ ਭਰੇ ਹੋਏ ਹਿਰਦੇ ਦਾ। ਆਦਮੀ ਦੇ ਜੀਵਨ ਵਿਚ ਜੋ ਵੀ ਸ਼ੇਸ਼੍ਰਟ ਹੈ, ਸੁੰਦਰ ਹੈ ਅਤੇ ਸੱਚ ਹੈ, ਉਸ ਨੂੰ ਜੀਵਿਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਹੈ।