ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ

ਡਾæ ਗੁਰਨਾਮ ਕੌਰ, ਕੈਨੇਡਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਪਰਮਾਤਮ-ਸਤਿ, ਮਨੁੱਖ ਦੇ ਅਕਾਲ ਪੁਰਖ ਨਾਲ ਸਬੰਧ, ਮਨੁੱਖ ਦਾ ਇਸ ਸੰਸਾਰ ਨਾਲ ਸਬੰਧ, ਮਨੁੱਖ ਦਾ ਮਨੁੱਖ ਨਾਲ ਰਿਸ਼ਤਾ ਅਤੇ ਕੁਦਰਤ ਨਾਲ ਰਿਸ਼ਤਾ ਆਦਿ ਨੂੰ ਸਮਝਾਉਣ ਲਈ ਆਮ ਜੀਵਨ ਵਿਚੋਂ ਅਲੰਕਾਰ ਤੇ ਪ੍ਰਤੀਕ, ਆਮ ਲੋਕ-ਯਾਨ ਵਿਚੋਂ ਉਦਾਹਰਣਾਂ ਲਈਆਂ ਗਈਆਂ ਹਨ। ਇਹ ਸ਼ਬਦ ਗੁਰੂ ਨਾਨਕ ਸਾਹਿਬ ਵੱਲੋਂ ਰਾਗੁ ਵਡਹੰਸੁ ਵਿਚ ḔਅਲਾਹਣੀਆḔ ਸਿਰਲੇਖ ਹੇਠ ਰਚੀ ਬਾਣੀ ਵਿਚ ਹੈ। ḔਅਲਾਹਣੀਆਂḔ ਸ਼ੋਕ ਦੇ ਬੋਲ ਹੁੰਦੇ ਹਨ ਜੋ ਕਿਸੇ ਦੀ ਵੀ ਮੌਤ ਸਮੇਂ ਬੋਲੇ ਜਾਂਦੇ ਹਨ। ਉਸੇ ਤਰਜ਼ ‘ਤੇ ਗੁਰੂ ਨਾਨਕ ਸਾਹਿਬ ਨੇ ਵੈਰਾਗ ਦੇ ਇਹ ਸ਼ਬਦ ਉਚਾਰੇ ਹਨ ਜੋ ਮਨੁੱਖ ਨੂੰ ਸਮਝਾਉਣ ਲਈ ਰਚੇ ਗਏ ਹਨ। ਇਸ ਸ਼ਬਦ ਵਿਚ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ ਕਿ ਉਹ ਕਰਤਾਰ ਧੰਨ ਹੈ, ਸੱਚਾ ਰਾਜਾ ਅਤੇ ਸਦਾ ਕਾਇਮ ਰਹਿਣ ਵਾਲਾ ਹੈ ਜਿਸ ਨੇ ਇਸ ਸੰਸਾਰ ਦੀ ਸਿਰਜਣਾ ਕਰਕੇ ਸਾਰੇ ਜਗਤ ਨੂੰ ਆਹਰੇ ਲਾਇਆ ਹੋਇਆ ਹੈ। ਜਦੋਂ ਕਿਸੇ ਜੀਵ ਨੂੰ ਉਸ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸਮਾਂ ਮੁੱਕ ਜਾਂਦਾ ਹੈ, ਉਮਰ ਦੀ ਪਿਆਲੀ ਭਰ ਗਈ, ਸਾਹ ਮੁੱਕ ਗਏ ਤਾਂ ਇਹ ਪਿਆਰਾ ਮਿੱਤਰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ। ਜਦੋਂ ਅਕਾਲ ਪੁਰਖ ਦਾ ਲਿਖਿਆ ਹੁਕਮ ਆਉਂਦਾ ਹੈ ਤਾਂ ਦੇਹ ਦੇ ਪਿਆਰੇ ਸਾਥੀ ਜੀਵ-ਆਤਮਾ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ ਅਤੇ ਜੀਵ-ਆਤਮਾ ਦੇ ਵਿਛੜ ਜਾਣ ‘ਤੇ ਸਭ ਸਾਕ-ਸਬੰਧੀ, ਸੱਜਣ-ਮਿੱਤਰ ਵਿਛੋੜੇ ਵਿਚ ਰੋਣ ਲੱਗ ਜਾਂਦੇ ਹਨ।
ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਹੇ ਮੇਰੀ ਮਾਂ! (ਦੁੱਖ ਵਿਚ ਮਾਂ ਹੀ ਸਭ ਤੋਂ ਵੱਧ ਯਾਦ ਆਉਂਦੀ ਹੈ ਅਤੇ ਆਪਣੇ ਮਨ ਦੀ ਵੇਦਨਾ ਵੀ ਮਨੁੱਖ ਸਭ ਤੋਂ ਵੱਧ ਆਪਣੀ ਮਾਂ ਨਾਲ ਹੀ ਸਾਂਝੀ ਕਰਦਾ ਹੈ। ਪੰਜਾਬੀ ਸਭਿਆਚਾਰ ਵਿਚ ਮਾਂਵਾਂ ਧੀ-ਪੁੱਤ ਨੂੰ ਅਸੀਸ ਹੀ ਇਹ ਦਿੰਦੀਆਂ ਹਨ ਕਿ Ḕਤੈਨੂੰ ਮਾਂ ਕਦੇ ਯਾਦ ਨਾ ਆਵੇḔ ਜਿਸ ਦਾ ਅਰਥ ਹੈ ਕਿ ਧੀ-ਪੁੱਤ ਨੂੰ ਕਦੇ ਜ਼ਿੰਦਗੀ ਵਿਚ ਦੁੱਖ ਨਾ ਆਵੇ।) ਜਦੋਂ ਉਮਰ ਦੇ ਦਿਨ ਮੁੱਕ ਜਾਂਦੇ ਹਨ ਤਾਂ ਕਾਇਆ ਅਤੇ ਹੰਸ ਅਰਥਾਤ ਸਰੀਰ ਅਤੇ ਜੀਵ-ਆਤਮਾ ਦਾ ਸਦਾ ਲਈ ਵਿਛੋੜਾ ਹੋ ਜਾਂਦਾ ਹੈ। ਇਸ ਅੰਤਮ ਸਮੇਂ ਤੋਂ ਪਹਿਲਾਂ ਪਹਿਲਾਂ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ, ਉਸ ਅਨੁਸਾਰ ਜਿਹੋ ਜਿਹੇ ਸੰਸਕਾਰਾਂ ਦਾ ਲੇਖ ਉਸ ਦੇ ਮੱਥੇ ਲਿਖਿਆ ਜਾਂਦਾ, ਉਹੋ ਜਿਹਾ ਫਲ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਉਹ ਸਿਰਜਣਹਾਰ ਪਾਤਿਸ਼ਾਹ ਜਿਸ ਨੇ ਇਸ ਸੰਸਾਰ ਦੀ ਰਚਨਾ ਕਰਕੇ ਸੰਸਾਰ ਨੂੰ ਆਹਰੇ ਲਾਈ ਰੱਖਿਆ ਹੈ, ਉਹ ਸਲਾਹੁਣਯੋਗ ਹੈ,
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ॥
ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ॥
ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ॥
ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ॥
ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ॥
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ।੧॥ (ਪੰਨਾ ੫੭੯)
ਗੁਰੂ ਸਾਹਿਬ ਜੀਵਾਂ ਨੂੰ ਸੰਬੋਧਨ ਕਰਦੇ ਹਨ ਕਿ ਹੇ ਮੇਰੇ ਭਰਾਵੋ! ਸਦਾ ਕਾਇਮ ਰਹਿਣ ਵਾਲੇ ਉਸ ਅਕਾਲ ਪੁਰਖ ਦਾ ਸਿਮਰਨ ਕਰੋ ਜੋ ਸਭ ਦਾ ਮਾਲਕ ਹੈ। ਇਸ ਸੰਸਾਰ ਤੋਂ ਸਭ ਨੇ ਕੂਚ ਕਰਨਾ ਹੈ। ਇਹ ਸੰਸਾਰ ਦਾ ਆਹਰ ਥੋੜ੍ਹ-ਚਿਰਾ ਹੈ, ਇਸੇ ਲਈ ਇਹ ਝੂਠਾ ਹੈ, ਚਾਰ ਦਿਨਾਂ ਲਈ ਹੈ, ਇਥੋਂ ਅੱਗੇ ਜਾਣਾ ਨਿਸ਼ਚਿਤ ਹੈ। ਇਸ ਦੁਨੀਆਂ ਵਿਚ ਜੀਵ ਅਰਥਾਤ ਅਸੀਂ ਸਭ ਮਹਿਮਾਨਾਂ ਵਾਂਗ ਹਾਂ ਕਿਉਂਕਿ ਇੱਕ ਦਿਨ ਸਭ ਨੇ ਪ੍ਰਲੋਕ ਜ਼ਰੂਰ ਚਲੇ ਜਾਣਾ ਹੈ, ਇਸੇ ਲਈ ਕਿਸੇ ਕਿਸਮ ਦਾ ਦੁਨਿਆਵੀ ਮਾਣ ਕਰਨਾ ਵਿਅਰਥ ਹੈ। ਇਸ ਸੰਸਾਰ ‘ਤੇ ਰਹਿੰਦਿਆਂ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਉਸ ਨੂੰ ਸਦਾ ਯਾਦ ਕਰਨਾ ਚਾਹੀਦਾ ਹੈ ਜਿਸ ਦਾ ਸਿਮਰਨ ਕਰਨ ਨਾਲ ਉਸ ਅਕਾਲ ਪੁਰਖ ਦੀ ਹਜ਼ੂਰੀ ਵਿਚ ਆਤਮਕ ਅਨੰਦ ਮਿਲਦਾ ਹੈ। ਉਸ ਦੇ ਦਰਬਾਰ ਅਰਥਾਤ ਪਰਲੋਕ ਵਿਚ ਕਿਸੇ ਦਾ ਹੁਕਮ ਨਹੀਂ ਚੱਲਦਾ, ਉਸ ਦੇ ਦਰਬਾਰ ਵਿਚ ਆਪੋ ਆਪਣੇ ਕੀਤੇ ਕੰਮਾਂ ਅਨੁਸਾਰ ਹੀ ਬੀਤਦੀ ਹੈ। ਉਸ ਅਕਾਲ ਪੁਰਖ ਜੋ ਸਭ ਦਾ ਮਾਲਕ ਹੈ, ਦਾ ਸਿਮਰਨ ਕਰੋ ਕਿਉਂਕਿ ਇਥੋਂ ਸਭ ਨੇ ਕੂਚ ਕਰ ਜਾਣਾ ਹੈ,
ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ॥
ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ॥
ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ॥
ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ॥
ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ॥
ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ॥੨॥
ਗੁਰੂ ਸਾਹਿਬ ਫਰਮਾਉਂਦੇ ਹਨ ਕਿ ਦੁਨੀਆਂ ਦੇ ਮਨੁੱਖਾਂ ਵੱਲੋਂ ਉਦਮ ਕਰਨਾ ਅਰਥਾਤ ਮਨੁੱਖ ਜਿਹੜੇ ਯਤਨ ਕਰਦਾ ਹੈ, ਉਹ ਇੱਕ ਬਹਾਨਾ ਹੀ ਹੈ ਪਰ ਹੁੰਦਾ ਤਾਂ ਉਹੀ ਕੁਝ ਹੈ ਜੋ ਉਸ ਅਕਾਲ ਪੁਰਖ ਨੂੰ ਚੰਗਾ ਲਗਦਾ ਹੈ। ਉਹ ਅਕਾਲ ਪੁਰਖ ਇੱਕ ਸਦੀਵੀ ਹਸਤੀ ਅਤੇ ਸਿਰਜਣਹਾਰ ਹੈ ਜੋ ਧਰਤੀ, ਅਕਾਸ਼, ਪਾਣੀ ਆਦਿ ਆਪਣੀ ਸਾਰੀ ਰਚਨਾ ਵਿਚ ਵਿਆਪਕ ਹੈ। ਉਹ ਜੋ ਸਭ ਦਾ ਰਚਣਹਾਰਾ ਹੈ-ਅਦ੍ਰਿਸ਼ਟ ਅਤੇ ਬੇਅੰਤ ਹੈ, ਕੋਈ ਵੀ ਮਨੁੱਖ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਇਸ ਸੰਸਾਰ ‘ਤੇ ਜਨਮ ਲੈਣਾ ਉਨ੍ਹਾਂ ਮਨੁੱਖਾਂ ਦਾ ਹੀ ਸਫਲ ਹੁੰਦਾ ਹੈ ਜਿਹੜੇ ਆਪਣੀ ਸੁਰਤਿ ਨੂੰ ਪਰਮਾਤਮ-ਸੁਰਤਿ ਵਿਚ ਜੋੜ ਕੇ ਇੱਕ ਮਨ ਇੱਕ ਚਿੱਤ ਹੋ ਕੇ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ। ਉਹ ਕਰਤਾਰ ਆਪ ਹੀ ਇਸ ਸੰਸਾਰ ਨੂੰ ਬਣਾਉਂਦਾ ਹੈ ਅਤੇ ਫਿਰ ਆਪ ਹੀ ਢਾਹ ਦਿੰਦਾ ਹੈ, ਢਾਹ ਕੇ ਫਿਰ ਸਿਰਜ ਲੈਂਦਾ ਹੈ ਅਤੇ ਆਪਣੇ ਹੁਕਮ ਵਿਚ ਹੀ ਮਨੁੱਖਾਂ ਨੂੰ ਚੰਗੇ ਬਣਾਉਂਦਾ ਹੈ।
ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ॥
ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ॥
ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ॥
ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ॥
ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ॥
ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ॥੩॥
ਗੁਰੂ ਨਾਨਕ ਸਾਹਿਬ ਅੱਗੇ ਬਿਆਨ ਕਰਦੇ ਹਨ ਕਿ ਆਪਣੇ ਪਿਆਰੇ ਸਬੰਧੀਆਂ ਦੇ ਵਿਛੜ ਜਾਣ ‘ਤੇ ਉਨ੍ਹਾਂ ਦੀ ਮੌਤ ਕਾਰਨ ਹਰ ਕੋਈ ਰੋਂਦਾ ਹੈ ਪਰ ਇਹ ਰੋਣਾ ਅਤੇ ਵੈਰਾਗ ਕਿਸੇ ਕੰਮ ਨਹੀਂ ਆਉਂਦਾ, ਵਿਅਰਥ ਹੈ। ਇਹ ਵੈਰਾਗ ਵਿਚ ਆਉਣਾ ਉਸੇ ਮਨੁੱਖ ਦਾ ਅਸਲੀ ਹੈ ਜੋ ਪਿਆਰ ਨਾਲ, ਉਸ ਅਕਾਲ ਪੁਰਖ ਦੇ ਮਿਲਾਪ ਦੀ ਖ਼ਾਤਰ ਵੈਰਾਗ ਵਿਚ ਆਉਂਦਾ ਹੈ। ਗੁਰੂ ਸਾਹਿਬ ਅੱਗੇ ਸਮਝਾਉਂਦੇ ਹਨ ਕਿ ਹੇ ਭਾਈ! ਪ੍ਰੇਮ ਦੀ ਖ਼ਾਤਰ ਰੋਣਾ ਸਾਰਥਕ ਹੈ ਪਰ ਦੁਨੀਆਂ ਦੇ ਧਨ ਪਦਾਰਥ ਖ਼ਾਤਰ ਜੇ ਰੋਵੀਦਾ ਹੈ, ਉਹ ਵਿਅਰਥ ਚਲਿਆ ਜਾਂਦਾ ਹੈ। ਅਕਾਲ ਪੁਰਖ ਵੱਲੋਂ ਭੁੱਲਿਆ ਹੋਇਆ ਸੰਸਾਰ ਮਾਇਆ ਦੀ ਖ਼ਾਤਰ ਰੋਂਦਾ ਹੈ ਜੋ ਕਿ ਵਿਅਰਥ ਹੈ। ਮਨੁੱਖ ਨੂੰ ਚੰਗੇ-ਮੰਦੇ ਦੀ ਪਹਿਚਾਣ ਨਹੀਂ ਆਉਂਦੀ ਅਤੇ ਉਹ ਇਸ ਸਰੀਰ ਨੂੰ ਵਿਅਰਥ ਹੀ ਨਾਸ ਕਰ ਲੈਂਦਾ ਹੈ। ਜੋ ਮਨੁੱਖ ਇਸ ਸੰਸਾਰ ‘ਤੇ ਆਉਂਦਾ ਹੈ ਉਸ ਨੇ ਇੱਕ ਦਿਨ ਚਲੇ ਜਾਣਾ ਹੈ, ਮਨੁੱਖ ਇਸ ਨਾਸਵੰਤ ਸੰਸਾਰ ਦੇ ਮੋਹ ਵਿਚ ਪੈ ਕੇ ਵਾਧੂ ਦਾ ਮਾਣ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਮਨੁੱਖ ਨੂੰ ਅਸਲੀ ਵੈਰਾਗ ਵਿਚ ਸਮਝਣਾ ਚਾਹੀਦਾ ਹੈ ਜੋ ਪ੍ਰੇਮ ਦੀ ਖ਼ਾਤਰ ਵੈਰਾਗ ਵਿਚ ਆਉਂਦਾ ਹੈ,
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ॥
ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ॥
ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ॥
ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ॥
ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ॥
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ॥੪॥੧॥ (ਪੰਨਾ ੫੭੯)