ਜਮਹੂਰੀਅਤ ਦੇ ਚੌਥੇ ਥੰਮ੍ਹ ਦੀਆਂ ਹਕੀਕਤਾਂ

ਪੱਤਰਕਾਰੀ ਦਾ ਅਰੰਭ ਬਹੁਤ ਵੱਡੇ ਮਿਸ਼ਨ ਤੋਂ ਹੋਇਆ ਸੀ। ਇਹ ਮਿਸ਼ਨ ਸੱਚ ਦੀ ਤਲਾਸ਼ ਕਰਨ ਅਤੇ ਸੁੱਚ ਦਾ ਹੋਕਾ ਦੇਣ ਦਾ ਸੀ। ਆਮ ਕਰ ਕੇ ਆਮ ਬੰਦੇ ਤੱਕ ਬਹੁਤ ਸਾਰੀਆਂ ਗੱਲਾਂ ਅਤੇ ਤੱਥ ਬਹੁਤ ਵਾਰ ਪੁੱਜਦੇ ਹੀ ਨਹੀਂ। ਇਹ ਤੱਥ ਸਹੀ ਕੋਣ ਤੋਂ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਹੀ ਪੱਤਰਕਾਰੀ ਦੇ ਇਸ ਮਿਸ਼ਨ ਦਾ ਅਸਲਾ ਸੀ ਪਰ ਜਦੋਂ ਤੋਂ ਇਸ ਖੇਤਰ ਵਿਚ ਸਿਆਸੀ, ਵਪਾਰਕ ਅਤੇ ਪ੍ਰਸ਼ਾਸਕੀ ਦਖਲ ਵਧਿਆ ਹੈ, ਮਿਸ਼ਨ ਦਾ ਸੁੱਚਾ ਰੰਗ, ਬਦਰੰਗ ਹੋ ਗਿਆ ਹੈ। ਮਿਸ਼ਨ ਨੂੰ ਪ੍ਰਨਾਏ ਜਿਊੜੇ ਹੁਣ ਮਸਾਂ ਹੀ ਲੱਭਦੇ ਹਨ। ਬੀਬੀ ਗੁਲਸ਼ਨ ਦਿਆਲ ਨੇ ਪੱਤਰਕਾਰੀ ਦੇ ਇਸ ਫਿਕਰ ਬਾਰੇ ਆਪਣੇ ਵਿਚਾਰ ਤੇ ਤਜਰਬੇ ਇਸ ਲੇਖ ਵਿਚ ਸਾਂਝੇ ਕੀਤੇ ਹਨ। -ਸੰਪਾਦਕ

ਗੁਲਸ਼ਨ ਦਿਆਲ
ਕਦੀ ਸੋਚਿਆ ਨਹੀਂ ਸੀ ਕਿ ਕਿਸੇ ਦਿਨ ਮੈਂ ਲਿਖਣ ਲੱਗਾਂਗੀ, ਤੇ ਫਿਰ ਮੇਰੀ ਸਾਹਿਤ ਅਕਾਡਮੀ ਵੱਲੋਂ ਮੈਨੂੰ ਪ੍ਰੈਸ ਬਾਰੇ ਬੋਲਣ ਲਈ ਆਖਿਆ ਜਾਵੇਗਾ, ਪਰ ਜ਼ਿੰਦਗੀ ਮਿਥੇ ਹੋਏ ਰਾਹਾਂ ‘ਤੇ ਕਦ ਤੁਰਦੀ ਹੈ? ਇਹ ਜਦ ਵੀ ਚਾਹੇ ਨਵੇਂ ਸੁਆਲ ਤੇ ਨਵੇਂ ਰਾਹ ਮੂਹਰੇ ਲਿਆ ਖੜ੍ਹਾ ਕਰ ਦਿੰਦੀ ਹੈ। ਕਈ ਸਾਲ ਪਹਿਲਾਂ ਜਦ ਮੈਂ ਅਜੇ ਅਮਰੀਕਾ ਆਈ ਹੀ ਸੀ, ਤਾਂ ਮੈਨੂੰ ਜਰਨਲਿਜ਼ਮ ਦੀ ਕਲਾਸ ਲੈਣੀ ਪਈ ਸੀ। ਇਹ ਬਤੌਰ ਅਧਿਆਪਕ ਮੇਰੀ ਵੁਕਅਤ ਲਈ ਜ਼ਰੂਰੀ ਸੀ। ਪਹਿਲੇ ਦਿਨ ਕਲਾਸ ਵਿਚ ਗਈ ਤਾਂ ਇਹ ਖਚਾ-ਖਚ ਭਰੀ ਹੋਈ ਸੀ। ਟੀਚਰ ਆਇਆ ਤਾਂ ਵਾਰੀ-ਵਾਰੀ ਸਭ ਤੋਂ ਪੁੱਛਣ ਲੱਗਾ, ‘ਇਹ ਕਲਾਸ ਕਿਉਂ ਲੈ ਰਹੇ ਹੋ?’ ਸਭ ਨੇ ਆਪੋ-ਆਪਣੇ ਕਾਰਨ ਦੱਸੇ। ਉਸ ਆਖਿਆ, ‘ਤੁਹਾਡੇ ਵਿਚੋਂ ਅੱਧੇ ਹੀ ਸਿਰੇ ਚੜ੍ਹਨਗੇ।’ ਅਸੀਂ ਸਾਰੇ ਹੈਰਾਨ, ਪਰ ਹੋਈ ਉਹੀ ਗੱਲ! ਅਖੀਰ ਤੱਕ ਜਮਾਤ ਤੀਜਾ ਹਿੱਸਾ ਰਹਿ ਗਈ ਸੀ। ਸੋਚਦੀ ਹਾਂæææਇੰਜ ਨਹੀਂ ਕਿ ਇਹ ਜਮਾਤ ਔਖੀ ਸੀ, ਪਰ ਅਸਲ ਗੱਲ ਸ਼ਾਇਦ ਇਹ ਸੀ ਕਿ ਇਹ ਕਿੱਤਾ ਹੀ ਔਖਾ ਹੈ ਜਿਸ ਨੂੰ ਪੂਰੀ ਸੱਚਾਈ ਤੇ ਇਮਾਨਦਾਰੀ ਨਾਲ ਨਿਭਾਉਣ ਵਾਲੇ ਲੋਕ ਮੁੱਠੀ ਭਰ ਹੀ ਹੁੰਦੇ ਹਨ।
ਕੁਝ ਸਾਲ ਹੋਏ ਜਦ ਰੂਸੀ ਫੌਜ ਨੇ ਚੇਚਨੀਆ ਦੇ ਆਜ਼ਾਦੀ ਮੰਗਦੇ ਲੋਕਾਂ ਨੂੰ ਬਾਗੀ ਆਖ ਕੇ ਬੇਰਹਿਮੀ ਨਾਲ ਮਾਰਿਆ, ਤਾਂ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੂੰ ਉਸ ਕਤਲੇਆਮ ਬਾਰੇ ਪਤਾ ਵੀ ਨਹੀਂ ਲੱਗਿਆ। ਉਸ ਵੇਲੇ ਜਦ ਰੂਸੀ ਪੱਤਰਕਾਰ ਅੱਨਾ ਪਾਲਿਤਕੋਵਸਕਾਇਆ ਨੇ ਸਹੀ ਤੇ ਸੱਚੀਆਂ ਖਬਰਾਂ ਦੇਣ ਦੀ ਕੋਸ਼ਿਸ਼ ਕੀਤੀ, ਪਹਿਲਾਂ ਤਾਂ ਉਸ ਨੂੰ ਚੇਤਾਵਨੀ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਫਿਰ ਡਰਾਉਣਾ ਤੇ ਧਮਕਾਉਣਾ ਸ਼ੁਰੂ ਕੀਤਾ; ਪਰ ਹਰ ਵੇਲੇ ਉਸ ਦਾ ਜੁਆਬ ਇਹੀ ਸੀ ਕਿ ਉਹ ਉਹੀ ਕੁਝ ਆਖ ਤੇ ਲਿਖ ਰਹੀ ਹੈ ਜੋ ਉਹ ਦੇਖ ਰਹੀ ਹੈ। ਫਿਰ ਉਹ ਚੁੱਪ ਕਿਵੇਂ ਰਹਿ ਸਕਦੀ ਹੈ? ਆਖਿਰ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ! ਉਸ ਦੀ ਮੌਤ ਵੇਲੇ ਸੁਆਲ ਉਠਿਆ: ੀਸ ਝੁਰਨਅਲਸਿਮ ੱੋਰਟਹ ਦੇਨਿਗ ੋਰ? ਤੇ ਮਗਰੋਂ ਇਸੇ ਨਾਮ ਦੀ ਕਿਤਾਬ ਵੀ ਛਪੀ।
ਅਜਿਹੀ ਸੂਰਤ ਵਿਚ ਸੋਚਦੀ ਹਾਂ ਕਿ ਜੋ ਅਸੀਂ ਅਖਬਾਰਾਂ/ਮੀਡੀਆ ਵਿਚ ਪੜ੍ਹਦੇ/ਸੁਣਦੇ ਹਾਂ, ਕੀ ਉਹ ਪੂਰਾ ਸੱਚ ਹੁੰਦਾ ਹੈ? ਜਾਂ ਉਹ ਕੁਝ ਹੁੰਦਾ ਹੈ ਜੋ ਉਸ ਅਖਬਾਰ ਦਾ ਐਡੀਟਰ ਜਾਂ ਲਿਖਾਰੀ ਜਾਂ ਮਾਲਿਕ ਸਾਡੇ ਦਿਮਾਗ ਵਿਚ ਪਾਉਣਾ ਚਾਹੁੰਦਾ ਹੈ।
ਫਿਰ ਵੀ ਪੂਰਾ, ਅਧੂਰਾ ਜਾਂ ਅੱਧ-ਪਚੱਧਾ ਸੱਚ ਜੋ ਖਬਰਾਂ ਰਾਹੀਂ ਸਾਡੇ ਤੱਕ ਪੁੱਜਦਾ ਹੈ, ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਜੇ ਤੁਹਾਨੂੰ ਅਖਬਾਰ ਪੜ੍ਹਨ ਦੀ ਆਦਤ ਹੈ, ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਕਿੰਨੀ ਬੇਕਰਾਰੀ ਨਾਲ ਅਸੀਂ ਨਿੱਤ ਅਖਬਾਰਾਂ ਉਡੀਕਦੇ ਹੁੰਦੇ ਸਾਂ। ਜੇ ਅਖਬਾਰ ਨਹੀਂ ਵੀ ਪੜ੍ਹਦੇ, ਤਾਂ ਕੋਸ਼ਿਸ਼ ਕਰਦੇ ਹੋ ਕਿ ਰੇਡੀਓ ਜਾਂ ਟੀæਵੀæ ਤੋਂ ਦਿਨ ਵਿਚ ਘੱਟੋ-ਘੱਟ ਇੱਕ ਵਾਰ ਖਬਰਾਂ ਜ਼ਰੂਰ ਸੁਣ ਸਕੋ।
ਪੜ੍ਹਿਆ-ਲਿਖਿਆ ਸਮਾਜ ਜੇ ਖਬਰਾਂ ਵੱਲ ਧਿਆਨ ਨਹੀਂ ਦਿੰਦਾ ਕਿ ਉਸ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ, ਜਾਂ ਬਾਕੀ ਦੁਨੀਆਂ ਵਿਚ ਕੀ ਹੋ ਰਿਹਾ ਹੈ, ਤਾਂ ਸਮਝੋ ਉਸ ਸਮਾਜ ਦੇ ਬੁਰੇ ਦਿਨ ਆਉਣ ਵਾਲੇ ਹਨ ਤੇ ਉਹ ਗਿਰਾਵਟ ਵੱਲ ਜਾ ਰਿਹਾ ਹੈ। ਅਸਮਰੱਥਾ, ਦਿਸ਼ਾਹੀਣਤਾ, ਦਗਾ, ਬੇਵਫਾਈ, ਬੇਵਸਾਹੀ, ਦਹਿਸ਼ਤ, ਤੇ ਘੋਰ ਚਰਮ ਸੀਮਾ ਨੂੰ ਛੂੰਹਦਾ ਸੰਕਟ ਹੀ ਅਜਿਹੇ ਸਮਾਜ ਦੇ ਹਿੱਸੇ ਆਵੇਗਾ। ਸਹੀ ਖਬਰਾਂ ਦਾ ਮਤਲਬ ਹੈ ਸਹੀ ਖਬਰਾਂ, ਤੇ ਜੇ ਸਰਕਾਰ ਜਾਂ ਮੀਡੀਆ ਸਹੀ ਖਬਰ ਨਹੀਂ ਦੇ ਰਿਹਾ, ਤਾਂ ਸਮਝ ਲਓ ਕਿ ਸਰਕਾਰ ਤੇ ਮੀਡੀਆ ਸ਼ਰਾਰਤ ‘ਤੇ ਉਤਰ ਆਏ ਹਨ; ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਜਾਂ ਸਮਾਜ ਖਾਸ ਮੁੱਦਿਆਂ ‘ਤੇ ਸਿਆਣਪ ਭਰੇ ਫੈਸਲੇ ਕਰਨ ਜਾਂ ਉਨ੍ਹਾਂ ਬਾਰੇ ਸੁਆਲ ਉਠਾਉਣ। ਲੋਕਾਂ ਕੋਲ ਜੇ ਕਿਸੇ ਗੱਲ ਦੀ ਸਹੀ ਤਸਵੀਰ ਨਹੀਂ, ਕੋਈ ਖਬਰ ਨਹੀਂ ਤਾਂ ਬਹੁਤ ਮੁਸ਼ਕਿਲ ਹੈ ਸਹੀ ਸੁਆਲ ਪੁੱਛਣੇ ਤੇ ਸਹੀ ਫੈਸਲੇ ਕਰਨੇ! ਜੇ ਉਨ੍ਹਾਂ ਕੋਲ ਸਹੀ ਖਬਰ ਹੀ ਨਹੀਂ ਤਾਂ ਫਿਰ ਉਹ ਕਿਸ ਗੱਲ ‘ਤੇ ਬਹਿਸ ਕਰਨ ਤੇ ਕਿਸ ਤਰ੍ਹਾਂ ਸਰਕਾਰ ਨੂੰ ਸਹੀ ਸੁਆਲ ਕਰਨ?
ਪੱਤਰਕਾਰ ਤੇ ਪ੍ਰੈਸ ਰਿਪੋਰਟਰ ਨੇ ਸਾਨੂੰ ਸਹੀ ਤਸਵੀਰ ਹੀ ਨਹੀਂ ਦਿਖਾਉਣੀ ਹੁੰਦੀ, ਬਲਕਿ ਸਾਨੂੰ ਸਹੀ ਫੈਸਲੇ ਕਰਨ, ਸਹੀ ਰਾਏ ਬਣਾਉਣ ਬਾਰੇ ਵੀ ਸਿਖਾਉਣਾ ਹੁੰਦਾ ਹੈ। ਸੋ, ਉਨ੍ਹਾਂ ਦੇ ਮੋਢਿਆਂ ‘ਤੇ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਬਹੁਤ ਸਾਰੀਆਂ ਖਬਰਾਂ ਨੂੰ ਸਮਝਣ ਲਈ ਉਨ੍ਹਾਂ ਦੀ ਲੋੜ ਹੁੰਦੀ ਹੈ। ਸਰਕਾਰ ਦੇ ਬਹੁਤ ਸਾਰੇ ਪੱਖ ਅਤੇ ਪਾਲਿਸੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਆਮ ਜਨਤਾ ਨੂੰ ਨਾ ਤਾਂ ਪਤਾ ਹੁੰਦਾ ਹੈ ਤੇ ਨਾ ਹੀ ਕੋਈ ਸਮਝ ਹੁੰਦੀ ਹੈ, ਕਿਉਂਕਿ ਇਨ੍ਹਾਂ ਬਾਰੇ ਆਮ ਲੋਕਾਂ ਨੂੰ ਕੋਈ ਸਿੱਧਾ ਤਜਰਬਾ ਨਹੀਂ ਹੁੰਦਾ। ਇਹ ਜ਼ਿੰਮਾ ਪ੍ਰੈਸ ਦਾ ਹੁੰਦਾ ਹੈ, ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਅਸੀਂ ਪੂਰੀ ਜ਼ਿੰਮੇਵਾਰੀ ਉਨ੍ਹਾਂ ਉਤੇ ਹੀ ਸੁੱਟ ਦਈਏ। ਸਹੀ ਤਸਵੀਰ ਨੂੰ ਸਮਝਣ ਲਈ ਖੁਦ ਨੂੰ ਵੀ ਸੂਝ ਹੋਣੀ ਚਾਹੀਦੀ ਹੈ। ਮੁੱਕਦੀ ਗੱਲ, ਲੋਕਤੰਤਰ ਦੇ ਪੈਰ ਮਜ਼ਬੂਤ ਕਰਨ ਲਈ ਜ਼ਰੂਰੀ ਹੈ ਕਿ ਲੋਕਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਸਹੀ ਤੇ ਸੱਚੀਆਂ ਖਬਰਾਂ ਮਿਲਦੀਆਂ ਰਹਿਣ; ਨਹੀਂ ਤਾਂ ਲੋਕਤੰਤਰ ਡਗਮਗਾ ਜਾਵੇਗਾ।
2006 ਵਿਚ ਕਾਰਨੇਗੀ ਕਾਰਪੋਰੇਸ਼ਨ ਨੇ ਸਰਵੇਖਣ ਕਰਵਾਇਆ ਸੀ ਜਿਸ ਵਿਚ ਚਿੰਤਾਜਨਕ ਤੱਥ ਸਾਹਮਣੇ ਆਏ। ਇਸ ਮੁਤਾਬਕ ਸਿਰਫ 8% ਲੋਕ ਹੀ ਪੱਤਰਕਾਰਾਂ ਜਾਂ ਮੀਡੀਆ ਉਤੇ ਭਰੋਸਾ ਕਰਦੇ ਹਨ। ਇਹ ਗੱਲ ਭਾਵੇਂ ਅਮਰੀਕਾ ਬਾਰੇ ਸੀ, ਪਰ ਭਾਰਤ ਦੇ ਹਾਲਾਤ ਵੀ ਇਸ ਤੋਂ ਵੱਖਰੇ ਨਹੀਂ ਹੋਣਗੇ। ਮੈਨੂੰ ਯਾਦ ਹੈ, ਕਿਸੇ ਖਾਸ ਘਟਨਾ ਵੇਲੇ ਲੋਕ ਆਕਾਸ਼ਵਾਣੀ ਜਾਂ ਲੋਕਲ ਅਖਬਾਰਾਂ ਦੀ ਥਾਂ ਬੀæਬੀæਸੀæ ਦੀਆਂ ਖਬਰਾਂ ‘ਤੇ ਵਧੇਰੇ ਯਕੀਨ ਕਰਦੇ ਸਨ। ਜਿਸ ਤਰ੍ਹਾਂ ਬਚਪਨ ਵਿਚ ਅਸੀਂ ਕੁਲਦੀਪ ਨਈਅਰ, ਖੁਸ਼ਵੰਤ ਸਿੰਘ ਜਾਂ ਇੰਦਰ ਮਲਹੋਤਰਾ ‘ਤੇ ਯਕੀਨ ਕਰ ਲੈਂਦੇ ਸੀ, ਉਹ ਯਕੀਨ ਹੁਣ ਦੇ ਪੱਤਰਕਾਰਾਂ ‘ਤੇ ਬੱਝਦਾ ਨਹੀਂ। ਹੋ ਸਕਦਾ ਹੈ ਕਿ ਇਹ ਉਮਰ ਦਾ ਤਕਾਜ਼ਾ ਹੋਵੇ, ਹੋ ਸਕਦਾ ਹੈ ਹੁਣ ਦੇ ਨੌਜਵਾਨਾਂ ਲਈ ਕੋਈ ਹੋਰ ਉਨ੍ਹਾਂ ਦਾ ਮਨਪਸੰਦ ਜਰਨਲਿਸਟ ਹੋਵੇ ਜਿਸ ‘ਤੇ ਉਹ ਯਕੀਨ ਕਰ ਸਕਦੇ ਹੋਣ; ਪਰ ਜੇ ਪੱਤਰਕਾਰ ਸਿਆਸੀ ਪਾਰਟੀਆਂ ਜਾਂ ਸਰਕਾਰ ਦੇ ਹੱਥਾਂ ਵਿਚ ਖੇਡ ਕੇ ਆਪਣੀਆਂ ਖਬਰਾਂ ਉਸ ਰੰਗ ਵਿਚ ਪੇਸ਼ ਕਰਦੇ ਹਨ; ਜਾਂ ਜ਼ਾਤੀ ਫਾਇਦਿਆਂ ਲਈ ਵਿਕ ਜਾਂਦੇ ਹਨ; ਜਾਂ ਜੇ ਉਨ੍ਹਾਂ ਦੀ ਕੋਈ ਆਪਣੀ ਵਿਚਾਰਧਾਰਾ ਹੁੰਦੀ ਹੈ ਜਿਸ ਨੂੰ ਉਹ ਪ੍ਰਚਲਿਤ ਕਰਨਾ ਚਾਹੁੰਦੇ ਨੇ, ਤਾਂ ਸੱਚ ਬਹੁਤ ਪਿਛਾਂਹ ਰਹਿ ਜਾਂਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਗੱਲਾਂ ਬਾਰੇ ਵੀ ਸੋਚਣਾ ਪਵੇਗਾ ਜੋ ਚੰਗੀ ਪੱਤਰਕਾਰੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਸਹੀ ਖਬਰਾਂ ਕੀ ਕਰਨਗੀਆਂ ਜੇ ਇਨ੍ਹਾਂ ਨੂੰ ਸੁਣਨ/ਪੜ੍ਹਨ ਵਾਲੇ ਲੋਕ ਅਖਬਾਰਾਂ ਤੇ ਮੀਡੀਆ ਤੋਂ ਸਿਰਫ ਮਨੋਰੰਜਨ ਹੀ ਭਾਲਣ? 24 ਘੰਟੇ ਟੀæਵੀæ ‘ਤੇ ਡਰਾਮੇ ਤੇ ਰੰਗਾ-ਰੰਗ ਪ੍ਰੋਗਰਾਮ ਜਦ ਲੋਕਾਂ ਦਾ ਵਧੇਰੇ ਧਿਆਨ ਖਿੱਚਦੇ ਹਨ ਤਾਂ ਖਬਰਾਂ ਦੇਣ ਵਾਲੇ ਨੂੰ ਵੀ ਉਹ ਜੋਸ਼ ਨਹੀਂ ਰਹਿੰਦਾ ਜੋ ਕਿਸੇ ਜ਼ਮਾਨੇ ਵਿਚ ਪੱਤਰਕਾਰਾਂ ਨੂੰ ਰਹਿੰਦਾ ਸੀ; ਜਾਂ ਜਦ ਟੀæਵੀæ ਇੰਨਾ ਸ਼ਕਤੀਸ਼ਾਲੀ ਨਹੀਂ ਸੀ। ਹੁਣ ਤਾਂ ਬਹੁਤੇ ਲੋਕਾਂ ਦਾ ਇਹ ਰਵੱਈਆ ਹੈ ਜਿਵੇਂ ਜੀਣ ਲਈ ਸਿਰਫ ਮਨੋਰੰਜਨ ਹੀ ਜ਼ਰੂਰੀ ਹੋਵੇ!
ਟੀæਵੀæ ਤੋਂ ਬਾਅਦ ਪੱਤਰਕਾਰੀ ਨੂੰ ਜਿਸ ਚੀਜ਼ ਨੇ ਨੁਕਸਾਨ ਪਹੁੰਚਾਇਆ ਹੈ, ਉਹ ਹੈ ਬਲੌਗ ਦਾ ਰਿਵਾਜ। ਅਜੋਕੇ ਵਿਸ਼ਿਆਂ, ਮੁੱਦਿਆਂ ਤੇ ਸਮੱਸਿਆਵਾਂ ਬਾਰੇ ਬਲੌਗ ਲਿਖ ਕੇ ਆਪਣੇ ਵਿਚਾਰ ਪੇਸ਼ ਕਰਨੇ ਚੰਗਾ ਢੰਗ ਹੈ, ਪਰ ਬਲੌਗ ਚੰਗੀ ਪੱਤਰਕਾਰੀ ਦੀ ਥਾਂ ਨਹੀਂ ਲੈ ਸਕਦੀ। ਇੱਕ ਤਾਂ ਬਲੌਗ ਪੜ੍ਹਨ ਵਾਲੇ ਘੱਟ ਹੁੰਦੇ ਹਨ; ਤੇ ਫਿਰ ਤੁਸੀਂ ਉਸੇ ਕਿਸਮ ਦਾ ਬਲੌਗ ਲੱਭੋਗੇ ਜਾਂ ਪੜ੍ਹੋਗੇ ਜਿਸ ਗੱਲ ਜਾਂ ਰਾਏ ਨਾਲ ਤੁਸੀਂ ਕਿਤੋਂ ਅੰਦਰੋਂ ਪਹਿਲੋਂ ਹੀ ਸਹਿਮਤ ਹੁੰਦੇ ਹੋ; ਜਾਂ ਫਿਰ ਜੇ ਬਲੌਗ ਵਾਲੀ ਗੱਲ ਤੁਹਾਡੇ ਨਾਲ ਮੇਲ ਨਹੀਂ ਖਾਂਦੀ ਤਾਂ ਫਿਰ ਤੁਸੀਂ ਉਹ ਚੀਜ਼ ਪੜ੍ਹਨਾ ਹੀ ਬੰਦ ਕਰ ਦੇਵੋਗੇ। ਅਖਬਾਰਾਂ ਵਿਚ ਵੱਖ-ਵੱਖ ਰਾਵਾਂ ਵਾਲੇ ਲੋਕ ਅੱਡ-ਅੱਡ ਨਜ਼ਰੀਏ ਪੇਸ਼ ਕਰਦੇ ਹਨ ਤੇ ਹਰ ਨਜ਼ਰੀਏ ਦੀ ਆਪਣੀ ਦੇਣ ਹੁੰਦੀ ਹੈ।
ਖਬਰਾਂ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕਰਨ ਦੀ ਰੁਚੀ ਪੱਤਰਕਾਰੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਉਂਦੀ ਹੈ। ਇਹ ਕੁ-ਰੁਚੀ ਟੀæਵੀæ ਤੋਂ ਆਈ ਹੈ। ਟੀæਵੀæ ਵਾਲਿਆਂ ਦੀ ਹੋਂਦ ਉਨ੍ਹਾਂ ਦੇ ਦਰਸ਼ਕਾਂ ‘ਤੇ ਨਿਰਭਰ ਕਰਦੀ ਹੈ। ਜਿੰਨੇ ਦਰਸ਼ਕ ਉਸੇ ਹਿਸਾਬ ਨਾਲ ਇਸ਼ਤਿਹਾਰ ਮਿਲਦੇ ਹਨ। ਹਰ ਇਸ਼ਤਿਹਾਰ ਦੀ ਕੀਮਤ ਦਰਸ਼ਕਾਂ ਦੀ ਗਿਣਤੀ ਨਾਲ ਜੁੜੀ ਹੁੰਦੀ ਹੈ। ਸੋ, ਟੀæਵੀæ ਚੈਨਲਾਂ ਵਾਲੇ ਆਪਣੇ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਲਈ ਖਬਰਾਂ ਨੂੰ ਸਨਸਨੀਖੇਜ਼ ਬਣਾ ਦਿੰਦੇ ਹਨ। ਕਈ ਵਾਰ ਤਾਂ ਇੰਨਾ ਕਹਿਰ ਹੋ ਜਾਂਦਾ ਹੈ ਕਿ ਖਬਰ ਦੀ ਅਸਲੀਅਤ ਹੀ ਗੁਆਚ ਜਾਂਦੀ ਹੈ। ਇਸ ਦਾ ਇਕ ਹੋਰ ਭੈੜਾ ਅਸਰ ਪੈਂਦਾ ਹੈ। ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟ ਕੇ ਅਜਿਹੀਆਂ ਬੇਕਾਰ ਗੱਲਾਂ ਵੱਲ ਚਲਿਆ ਜਾਂਦਾ ਹੈ। ਇਸੇ ਕਰ ਕੇ ਬਹੁਤੀ ਵਾਰ ਇਹੋ ਜਿਹੀਆਂ ਗੱਲਾਂ ਨਾਲ ਸਿਆਸੀ ਬੰਦੇ ਅਸਲ ਗੱਲ ਲੁਕਾਉਣ ਵਿਚ ਕਾਮਯਾਬ ਹੋ ਜਾਂਦੇ ਨੇ; ਮਸਲਨ, ਅਮਰੀਕਾ ਵਿਚ ਪੂਰੀ ਦੁਨੀਆਂ ਦਾ ਧਿਆਨ ਮੀਡੀਆ ਨੇ ਬਿਲ ਕਲਿੰਟਨ ਅਤੇ ਮੋਨਿਕਾ ਦੇ ਸਬੰਧਾਂ ‘ਤੇ ਲਾਈ ਰੱਖਿਆ। ਭਲਾ ਪੁੱਛਣ ਵਾਲਾ ਹੋਵੇ, ਅਮਰੀਕਾ ਜਾਂ ਦੁਨੀਆਂ ਦੀ ਇਸ ਨਾਲ ਕਿਹੜੀ ਸਮੱਸਿਆ ਸੁਲਝੀ?
ਇਸੇ ਪ੍ਰਸੰਗ ਵਿਚ ਭਾਰਤ ਦੀ ਹੀ ਗੱਲ ਹੈ। ਇਸ ਵੇਲੇ ਸਾਰਾ ਧਿਆਨ ਤਾਂ ਇਸ ਪਾਸੇ ਹੋਣਾ ਚਾਹੀਦਾ ਹੈ ਕਿ ਨਵੀਂ ਸਰਕਾਰ ਭਾਰਤ ਦੀ ਆਰਥਿਕਤਾ ਲਈ ਕੀ ਕਰ ਰਹੀ ਹੈ, ਗਰੀਬੀ ਦੂਰ ਕਰਨ ਲਈ ਕੀ ਕਦਮ ਉਠਾ ਰਹੀ ਹੈ, ਜਾਂ ਫਿਰ ਜਿਹੜੇ ਲੱਖਾਂ-ਕਰੋੜਾਂ ਬੱਚੇ ਸਕੂਲ ਨਹੀਂ ਜਾਂਦੇ, ਉਨ੍ਹਾਂ ਦੀ ਪੜ੍ਹਾਈ ਲਈ ਕੀ ਕਰ ਰਹੀ ਹੈ? ਪਰ ਸਾਰਾ ਧਿਆਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਉਸ ਤਸਵੀਰ ਵੱਲ ਕਰ ਦਿੱਤਾ ਗਿਆ ਹੈ ਜਿਸ ਵਿਚ ਉਹ ਝਾੜੂ ਚੁੱਕੀ ਖੜ੍ਹਾ ਹੈ! ਕੀ ਇਉਂ ਝਾੜੂ ਚੁੱਕਣ ਨਾਲ ਭਾਰਤ ਦੀ ਗੰਦਗੀ ਮੁੱਕ ਜਾਵੇਗੀ? ਗੰਦਗੀ ਦੂਰ ਕਰਨ ਲਈ ਖਾਸ ਠੋਸ ਕਦਮ ਚੁੱਕਣੇ ਚਾਹੀਦੇ ਨੇ। ਭਾਰਤ ਦੀ ਵਧਦੀ ਆਬਾਦੀ ਬਾਰੇ ਕੋਈ ਸੋਚ ਹੀ ਨਹੀਂ ਰਿਹਾ ਜਦ ਕਿ ਭਾਰਤ ਦੀਆਂ ਬਹੁਤੀਆਂ ਸਮੱਸਿਆਵਾਂ ਦਾ ਸਬੰਧ ਤੇਜ਼ੀ ਨਾਲ ਵਧ ਰਹੀ ਆਬਾਦੀ ਹੀ ਹੈ। ਕਿਸੇ ਵੀ ਸਿਆਣੇ ਬੰਦੇ ਜਾਂ ਪੱਤਰਕਾਰ ਨੇ ਮੋਦੀ ਨੂੰ ਇਹ ਸੁਆਲ ਨਹੀਂ ਕੀਤਾ ਕਿ ਇਸ ਤਰ੍ਹਾਂ ਬਦਲਾਓ ਕਿਵੇਂ ਆ ਜਾਵੇਗਾ? ਉਨ੍ਹਾਂ ਸਲੱਮ ਤੇ ਝੁੱਗੀਆਂ ਨੂੰ ਕੌਣ ਸਾਫ਼ ਰੱਖੇਗਾ ਜੋ ਸਾਡੇ ਦੇਸ਼ ਵਿਚ ਥਾਂ-ਥਾਂ ਹਨ?
ਅੱਜ ਕੱਲ੍ਹ ਦੀਆਂ ਖਬਰਾਂ ਇਹ ਨਹੀਂ ਹੁੰਦੀਆਂ ਕਿ ਅਸਲ ਵਿਚ ਕੀ ਹੋ ਰਿਹਾ ਹੈ, ਬਲਕਿ ਇਹ ਹੁੰਦੀਆਂ ਹਨ ਕਿ ਕਿਸ ਨੇ ਕੀ ਕਿਹਾ ਹੈ! ਇਸ ਦਾ ਅਸਲੀ ਮਕਸਦ ਉਸ ਸ਼ਖਸ ਨੂੰ ਪ੍ਰੋਮੋਟ ਕਰਨਾ ਹੁੰਦਾ ਹੈ। ਖਬਰਾਂ ਦੇ ਫਾਇਦਿਆਂ ਦਾ ਵਹਿਣ ਸਹੀ ਮਾਅਨਿਆਂ ਵਿਚ ਉਪਰੋਂ ਥੱਲੇ ਵੱਲ ਹੁੰਦਾ ਹੈ ਜਿਸ ਦਾ ਫਾਇਦਾ ਪਹਿਲਾਂ ਸਰਕਾਰ ਤੇ ਫਿਰ ਸਰਕਾਰੀ ਮੁਲਾਜ਼ਮਾਂ (ਪਹਿਲਾਂ ਵੱਡੇ, ਫਿਰ ਛੋਟੇ) ਵੱਲ ਆਉਂਦਾ ਹੈ। ਆਮ ਆਦਮੀ ਤਾਂ ਸਿਰਫ ਇਸ ਸ਼ੋਸ਼ੇਬਾਜ਼ੀ ਦਾ ਤਮਾਸ਼ਬੀਨ ਹੀ ਹੁੰਦਾ ਹੈ।
ਇਥੇ ਹੀ ਬੱਸ ਨਹੀਂ ਹੁੰਦੀ, ਇੱਕ ਹੋਰ ਚਾਲ ਮੀਡੀਆ ਵਾਲੇ ਚਲਦੇ ਹਨ। ਅਜਿਹੀ ਚਾਲ ਪਿੱਛੇ ਕਈ ਵਾਰ ਸਿਆਸੀ ਬੰਦਿਆਂ ਦਾ ਹੱਥ ਹੁੰਦਾ ਹੈ। ਇਹ ਚਾਲ ਹੈ- ਲੋਕਾਂ ਨੂੰ ਇੱਕ-ਦੂਜੇ ਦੇ ਵਿਰੁਧ ਕਰਨਾ ਤੇ ਅੱਡ-ਅੱਡ ਧਰਮਾਂ ਦੇ ਲੋਕਾਂ ਨੂੰ ਇੱਕ-ਦੂਜੇ ਦੇ ਵਿਰੁਧ ਭੜਕਾਉਣਾ! ਉਦੋਂ ਕਈ ਵਾਰ ਸਿਆਸੀ ਬੰਦੇ ਵੀ ਪੱਤਰਕਾਰਾਂ ‘ਤੇ ਇਹੀ ਇਲਜ਼ਾਮ ਲਾਉਂਦੇ ਹਨ ਕਿ ਪੱਤਰਕਾਰ ਸਾਫ ਸਪਸ਼ਟ ਗੱਲ ਦੀ ਥਾਂ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਕੇ ਨਵੀਂ ਬੇਤੁਕੀ ਤਕਰਾਰ ਖੜ੍ਹੀ ਕਰਦੇ ਹਨ। ਕੁਝ ਹੱਦ ਤੱਕ ਇਹ ਸੱਚ ਵੀ ਹੈ। ਜਿਵੇਂ, ਦੂਜੀ ਸੰਸਾਰ ਜੰਗ ਵੇਲੇ ਪੂਰਾ ਜਰਮਨ ਮੀਡੀਆ ਖਬਰਾਂ ਘੱਟ ਦੇ ਰਿਹਾ ਸੀ, ਪ੍ਰਾਪੇਗੰਡਾ ਵਧੇਰੇ ਸੀ, ਭਾਵੇਂ ਇਹ ਸਾਰਾ ਕੁਝ ਸਰਕਾਰ ਦੇ ਦਬਾਅ ਹੇਠ ਹੀ ਹੋ ਰਿਹਾ ਸੀ। ਭਾਰਤ ਦੀ ਪੱਤਰਕਾਰੀ ਵਿਚ ਵੀ ਅਜਿਹੀਆਂ ਬਥੇਰੀਆਂ ਮਿਸਾਲਾਂ ਮਿਲ ਜਾਣਗੀਆਂ। ਪੰਜਾਬ ਦੀ ਹੀ ਗੱਲ ਕਰ ਲਓ। ਪਤਾ ਹੀ ਹੁੰਦਾ ਹੈ ਕਿ ਕਿਹੜਾ ਅਖਬਾਰ, ਕਿਸ ਪਾਰਟੀ ਦੀ ਗੱਲ ਕਿਵੇਂ ਕਰੇਗਾ! ‘ਅਜੀਤ’ ਹੈ ਤਾਂ ਮੌਜੂਦਾ ਸਰਕਾਰ ਦੀ ਜੀ ਹਜ਼ੂਰੀ ਹੀ ਹੋਵੇਗੀ; ‘ਅਕਾਲੀ ਪਤਰਿਕਾ’ ਅਕਾਲੀਆਂ ਦਾ ਪ੍ਰਾਪੇਗੰਡਾ ਕਰੇਗਾ, ‘ਨਵਾਂ ਜ਼ਮਾਨਾ’ ਕਮਿਊਨਿਸਟ ਵਿਚਾਰਧਾਰਾ ਨੂੰ ਪੇਸ਼ ਕਰਦਾ ਹੋਵੇਗਾ ਤੇ ‘ਪੰਜਾਬ ਕੇਸਰੀ’ ਦਾ ਰੁਖ ਹੋਰ ਗੱਲਾਂ ਵੱਲ ਜਾਂ ਅਕਾਲੀਆਂ ਦੇ ਵਿਰੁਧ ਹੋਵੇਗਾ। ਜਦ ਹੱਥ ਵਿਚ ਅਖਬਾਰ ਫੜਨ ਤੋਂ ਪਹਿਲਾਂ ਹੀ ਪਤਾ ਹੋਵੇ ਕਿ ਉਸ ਦੇ ਐਡੀਟਰ ਦਾ ਝੁਕਾਅ ਕੀ ਹੋਵੇਗਾ, ਤਾਂ ਇਸ ਤਰ੍ਹਾਂ ਦੀ ਅਖਬਾਰ ਵਿਚੋਂ ਹੌਲੀ-ਹੌਲੀ ਭਰੋਸਾ ਤੇ ਰੁਚੀ ਘਟਦੀ ਰਹਿੰਦੀ ਹੈ। ਇਸੇ ਕਰ ਕੇ ਹੁਣ ਬਹੁਤੀਆਂ ਅਖਬਾਰਾਂ ‘ਤੇ ਯਕੀਨ ਨਹੀਂ ਰਿਹਾ। ਜਦ ਪੰਜਾਬ ਸੰਤਾਪ ਵਿਚੋਂ ਗੁਜ਼ਰ ਰਿਹਾ ਸੀ, ਇਹ ਅਖਬਾਰ ਲੋਕਾਂ ਨੂੰ ਆਪਸ ਵਿਚ ਜੋੜ ਨਹੀਂ ਸਕੇ। ਇਹ ਵੀ ਸੱਚ ਹੈ ਕਿ ਕੁਝ ਅਖਬਾਰਾਂ ਗੋਲੀ ਦੇ ਡਰ ਤੋਂ ਖਬਰਾਂ ਨੂੰ ਹੋਰ ਢੰਗ ਨਾਲ ਪੇਸ਼ ਕਰ ਰਹੇ ਸਨ ਅਤੇ ਜਿਨ੍ਹਾਂ ਨੇ ਗੋਲੀ ਦਾ ਭੈਅ ਨਹੀਂ ਮੰਨਿਆ, ਉਨ੍ਹਾਂ ਨੂੰ ਜਾਨਾਂ ਤੋਂ ਹੱਥ ਧੋਣੇ ਪਏ, ਭਾਵੇਂ ਪੂਰੇ ਪੱਖ ਉਨ੍ਹਾਂ ਨੇ ਵੀ ਪੇਸ਼ ਨਹੀਂ ਕੀਤੇ।
ਜਦ ਕੋਈ ਅਖਬਾਰ ਆਪਣੀ ਹੀ ਵਿਚਾਰਧਾਰਾ ਅਨੁਸਾਰ ਖਬਰਾਂ ਪੇਸ਼ ਕਰੇ ਤਾਂ ਕੋਈ ਹੱਲ ਨਹੀਂ ਨਿਕਲਦਾ। ਇਸੇ ਕਰ ਕੇ ਕਈ ਵਾਰ ਲੋੜ ਵੇਲੇ ਅਖਬਾਰ ਲੋਕਾਂ ਨੂੰ ਸਹੀ ਸੇਧ ਦੇਣ ਵਿਚ ਅਸਫਲ ਹੋ ਜਾਂਦੇ ਹਨ। 1984 ਵੇਲੇ ਵੀ ਅਤੇ ਉਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਅਖਬਾਰਾਂ ਸਿਆਸੀ ਲੋਕਾਂ ਦੀਆਂ ਭੱਦੀਆਂ ਚਾਲਾਂ ਨੂੰ ਨੰਗਾ ਨਹੀਂ ਕਰ ਸਕੀਆਂ, ਜਦੋਂ ਕਿ ਪੱਤਰਕਾਰਾਂ ਦਾ ਕੰਮ ‘ਖਬਰਾਂ ਪਿੱਛੇ ਲੁਕੀਆਂ ਖਬਰਾਂ’ ਨੂੰ ਪੇਸ਼ ਕਰਨਾ ਹੁੰਦਾ ਹੈ।
ਚੈਕ ਮੂਲ ਦੇ ਬ੍ਰਿਟਿਸ਼ ਲੇਖਕ ਟੌਮ ਸਟੌਪਰਡ ਨੇ ਇਕ ਵਾਰ ਆਖਿਆ ਸੀ, “ਮੈਂ ਅਜੇ ਵੀ ਇਸ ਗੱਲ ਵਿਚ ਯਕੀਨ ਰੱਖਦਾ ਹਾਂ ਕਿ ਜੇ ਤੁਹਾਡਾ ਮੰਤਵ ਦੁਨੀਆਂ ਨੂੰ ਬਦਲਣ ਦਾ ਹੈ, ਤਾਂ ਸਭ ਤੋਂ ਛੋਟਾ ਤੇ ਜ਼ਬਰਦਸਤ ਹਥਿਆਰ ਪੱਤਰਕਾਰੀ ਹੈ।” ਮੈਨੂੰ ਵੀ ਟੌਮ ਸਟੌਪਰਡ ਦੀ ਇਸ ਗੱਲ ‘ਤੇ ਯਕੀਨ ਹੈ। ਸੱਚਮੁੱਚ, ਜੇ ਕੋਈ ਪੱਤਰਕਾਰੀ ਨੂੰ ਚੰਗੇਰੀ ਦੁਨੀਆਂ ਬਣਾਉਣ ਲਈ ਵਰਤਣਾ ਚਾਹੁੰਦਾ ਹੈ, ਤਾਂ ਇਸ ਦੇ ਹੱਥ ਵਿਚ ਬੇਹਿਸਾਬ ਤਾਕਤ ਹੈ। ਪੱਤਰਕਾਰੀ ਸਾਹਸ ਵਾਲਾ ਕੰਮ ਹੈ ਜਿਸ ਦਾ ਮਤਲਬ ਹੈ ਗੈਰ-ਪ੍ਰਚਲਿਤ ਨਾਲ ਜੁੜਨਾ, ਨਾ ਕਿ ਪ੍ਰਚਲਿਤ ਰਾਏ ਤੇ ਲੋਕਾਂ ਨਾਲ ਜੁੜਨਾ। ਕਿਸੇ ਵੀ ਦੇਸ਼ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਤਾਂ ਕੁਝ ਸਾਲਾਂ ਤੱਕ ਹੀ ਰਾਜ ਕਰ ਸਕਦਾ ਹੈ, ਪਰ ਸਹੀ ਤੇ ਸਾਹਸ ਭਰੀ ਪੱਤਰਕਾਰੀ ਰਹਿੰਦੀ ਦੁਨੀਆਂ ਤੱਕ ਰਾਜ ਕਰ ਸਕਦੀ ਹੈ। ਸਹੀ, ਸੂਝ ਤੇ ਵਿਵੇਕ ਵਾਲੀ ਤੇ ਢੁੱਕਵੀਂ ਪੱਤਰਕਾਰੀ ਵੱਡੀ ਸਮਾਜ ਸੇਵਾ ਹੈ। ਇਹ ਆਪਣੇ ਪਾਠਕਾਂ ਨੂੰ, ਬਣ ਰਹੇ ਇਤਿਹਾਸ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਦਾ ਮੌਕਾ ਦਿੰਦੀ ਹੈ। ਅੱਜ ਦੀ ਖਬਰ ਕੱਲ੍ਹ ਨੂੰ ਪੜ੍ਹੇ ਜਾਣ ਵਾਲੇ ਇਤਿਹਾਸ ਦਾ ਮੁਢਲਾ ਡਰਾਫਟ ਹੈ। ਇਸ ਤਰ੍ਹਾਂ ਦੇ ਪਵਿੱਤਰ ਕੰਮ ਵਿਚ ਸਿਆਣੇ ਪੱਤਰਕਾਰ ਨੂੰ ਕਾਇਮ ਰਹਿਣਾ ਚਾਹੀਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੈਫਰਸਨ ਨੇ ਆਖਿਆ ਸੀ, “ਜਿਥੇ ਪ੍ਰੈਸ ਆਜ਼ਾਦ ਹੈ ਤੇ ਸਹੀ ਹੈ ਅਤੇ ਆਦਮੀ ਪੜ੍ਹਨ ਦੇ ਕਾਬਿਲ ਹੈ, ਉਥੇ ਸਭ ਕੁਝ ਸੁਰੱਖਿਅਤ ਹੈ।”