ਆਖਰੀ ਉਦਾਸ ਘੜੀਆਂ

ਸੰਤ ਰਾਮ ਉਦਾਸੀ (20 ਅਪਰੈਲ 1939 ਤੋਂ 6 ਨਵੰਬਰ 1986) ਨੂੰ ਸਾਥੋਂ ਵਿਛੜਿਆਂ 28 ਸਾਲ ਬੀਤ ਗਏ ਹਨ, ਪਰ ਉਹ ਆਪਣੀਆਂ ਕਵਿਤਾਵਾਂ ਅਤੇ ਆਪਣੀ ਸੰਘਰਸ਼ਪੂਰਨ ਜੀਵਨ-ਕਹਾਣੀ ਨਾਲ ਸਦਾ ਸਾਡੇ ਅੰਗ-ਸੰਗ ਹੈ। ਉਹ ਪੰਜਾਬੀ ਕਾਵਿ-ਜਗਤ ਦਾ ਬੜਾ ਅਹਿਮ ਤੇ ਵਿਲੱਖਣ ਜਿਉੜਾ ਹੈ। ਉਹਦੀਆਂ ਕਵਿਤਾਵਾਂ ਵਿਚੋਂ ਲੋਹੜੇ ਦਾ ਸੇਕ ਮਹਿਸੂਸ ਹੁੰਦਾ ਹੈ ਅਤੇ ਦਰਦ ਦੀਆਂ ਨਦੀਆਂ ਵਗਦੀਆਂ ਜਾਪਦੀਆਂ ਹਨ। ਦੱਬੇ-ਕੁਚਲੇ ਲੋਕਾਂ ਲਈ ਉਹਦੀਆਂ ਕਵਿਤਾਵਾਂ ਮਘਦੇ ਸੂਰਜ ਤੋਂ ਘੱਟ ਨਹੀਂ। ਆਪਣੀ ਹਯਾਤੀ ਦੌਰਾਨ ਉਹਨੇ ਸਦਾ ਸੰਘਰਸ਼ ਵਾਲੇ ਰਾਹ ਨੂੰ ਤਰਜੀਹ ਦਿੱਤੀ। ਅੰਤਾਂ ਦਾ ਤਸ਼ੱਦਦ ਅਤੇ ਬੇਅੰਤ ਔਖਿਆਈਆਂ ਵੀ ਉਸ ਦੇ ਸਿਰੜ ਨੂੰ ਹਰਾ ਨਹੀਂ ਸਕੀਆਂ। ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਇਸ ਜਿਉੜੇ ਬਾਰੇ ਭੇਜੇ ਲੰਮੇ ਲੇਖ ਦੀ ਤੀਜੀ ਤੇ ਆਖਰੀ ਕਿਸ਼ਤ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਛਾਪੀ ਜਾ ਰਹੀ ਹੈ ਜਿਸ ਵਿਚ ਉਸ ਦੇ ਆਖਰੀ ਪਲਾਂ ਨੂੰ ਯਾਦ ਕੀਤਾ ਗਿਆ ਹੈ। -ਸੰਪਾਦਕ

ਪਿੰ੍ਰæ ਸਰਵਣ ਸਿੰਘ ਕੈਨੇਡਾ
ਫੋਨ: 905-799-1661
1984 ਤੋਂ ਬਾਅਦ ਮੇਰਾ ਉਦਾਸੀ ਨਾਲ ਮੇਲ ਨਹੀਂ ਹੋ ਸਕਿਆ। ਸੰਭਵ ਹੈ ਕਿਸੇ ਸਭਾ ਸਮਾਗਮ ‘ਚ ਪਲ ਦੋ ਪਲ ਮਿਲੇ ਹੋਈਏ। ਉਂਜ ਉਹਦੀ ਖ਼ਬਰਸਾਰ ਮਿਲਦੀ ਰਹਿੰਦੀ ਸੀ। ਨਵੰਬਰ 1986 ਵਿਚ ਖ਼ਬਰ ਮਿਲੀ ਕਿ ਉਸ ਦਾ ਰੇਲ ਗੱਡੀ ਵਿਚ ਸਫਰ ਕਰਦਿਆਂ ਦੇਹਾਂਤ ਹੋ ਗਿਆ। ਪੜ੍ਹਨ ਸੁਣਨ ਵਾਲਿਆਂ ਨੂੰ ਪਹਿਲਾਂ ਤਾਂ ਇਸ ਖਬਰ ਦਾ ਸੱਚ ਨਾ ਆਇਆ, ਪਰ ਇਹ ਸੱਚ ਸੀ। ਉਸ ਦੀ ਮੌਤ ਤੋਂ ਪਹਿਲਾਂ ਦਾ ਵੇਰਵਾ ਉਸ ਦੀ ਧੀ ਇਕਬਾਲ ਕੌਰ ਨੇ ਤੇ ਮੌਤ ਸਮੇਂ ਦਾ ਵੇਰਵਾ ਉਸ ਦੇ ਹਮਸਫਰ ਪ੍ਰੋæ ਬਲਕਾਰ ਸਿੰਘ ਨੇ ਕਲਮਬੰਦ ਕੀਤਾ। ਕਿਰਿਆ-ਕਰਮ ਦਾ ਵੇਰਵਾ ਉਦਾਸੀ ਦੇ ਵੱਡੇ ਭਰਾ ਗੁਰਦਾਸ ਸਿੰਘ ਘਾਰੂ ਨੇ ਲਿਖਿਆ।
ਉਦਾਸੀ ਆਏ ਸਾਲ ਦਿੱਲੀ, ਕਾਨਪੁਰ, ਕਲਕੱਤੇ ਤੇ ਨੇਪਾਲ ਦੇ ਕਵੀ ਦਰਬਾਰਾਂ ਵਿਚ ਜਾਣ ਲੱਗ ਪਿਆ ਸੀ। ਅਗਲੇ ਮਾਣ ਨਾਲ ਸੱਦਦੇ ਤੇ ਮਾਣ ਸਨਮਾਨ ਕਰਦੇ। 1986 ਵਿਚ ਕਵੀ ਦਰਬਾਰ ਦਾ ਸੱਦਾ ਆਇਆ ਤਾਂ ਪਹਿਲਾਂ ਉਹ ਦੁਚਿੱਤੀ ਵਿਚ ਪੈ ਗਿਆ ਫਿਰ ਜੱਕੋ-ਤਕੀ ਵਿਚ ਚਲਾ ਗਿਆ। ਰੇਲ ਗੱਡੀ ਵਿਚ ਵਾਪਸ ਆਉਂਦਿਆਂ ਉਹਦੀ ਪੱਗ ਦਾੜ੍ਹੀ ਕਰ ਕੇ ਫਿਰਕੂ ਜਨੂੰਨੀਆਂ ਨੇ ਉਹਨੂੰ ਭੱਦੇ ਮਜ਼ਾਕ ਕੀਤੇ ਤੇ ਉਹਦੇ ਉਤੇ ਬੀੜੀਆਂ ਸੁੱਟੀਆਂ। ਇਥੋਂ ਤਕ ਕਿ ਧੱਕਾ ਮਾਰ ਕੇ ਗੱਡੀ ‘ਚੋਂ ਬਾਹਰ ਸੁੱਟ ਦਿੱਤਾ ਪਰ ਉਸ ਦਾ ਬਚਾਅ ਹੋ ਗਿਆ। ਘਰ ਪੁੱਜ ਕੇ ਉਸ ਨੇ ਸਾਰੀ ਵਾਰਦਾਤ ਪਰਿਵਾਰ ਨੂੰ ਦੱਸੀ ਤੇ ਅੱਗੇ ਤੋਂ ਕਿਤੇ ਦੂਰ ਜਾਣੋ ਤੌਬਾ ਕਰ ਲਈ। ਪਰਿਵਾਰ ਨੇ ਉਸ ਦੇ ਬਚ ਜਾਣ ਦਾ ਸ਼ੁਕਰ ਮਨਾਇਆ।
ਅਕਤੂਬਰ 1986 ਵਿਚ ਹਜ਼ੂਰ ਸਾਹਿਬ ਤੋਂ ਚਿੱਠੀ ਆ ਗਈ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਜਿਸ ਵਿਚ ਪੁੱਜਣ ਲਈ ਸਹਿਮਤੀ ਭੇਜੋ। ਗੱਡੀ ਦੇ ਸਫਰ ਤੋਂ ਡਰਿਆ ਉਹ ਸਹਿਮਤੀ ਭੇਜਣ ਲਈ ਫਿਰ ਦੁਚਿੱਤੀ ਵਿਚ ਪੈ ਗਿਆ। ਇਕ ਪਾਸੇ ਸਫਰ ਵਿਚ ਅਣਹੋਣੀ ਹੋਣ ਦਾ ਡਰ ਸੀ ਪਰ ਦੂਜੇ ਪਾਸੇ ਸਿੱਖ ਹੋਣ ਦੇ ਨਾਤੇ ਹਜ਼ੂਰ ਸਾਹਿਬ ਜਾਣ ਦੀ ਖਿੱਚ ਸੀ। ਆਖਰ ਉਸ ਨੇ ਸਹਿਮਤੀ ਭੇਜ ਦਿੱਤੀ। ਹਜ਼ੂਰ ਸਾਹਿਬ ਤੋਂ ਇਸ਼ਤਿਹਾਰ ਆ ਗਿਆ ਜਿਸ ਵਿਚ ਉਹਦਾ ਨਾਂ ਛਪਿਆ ਹੋਇਆ ਸੀ। ਉਹ ਕਹਿਣ ਲੱਗਾ, “ਲੈ ਪਤੰਦਰਾਂ ਨੇ ਇਸ਼ਤਿਹਾਰ ਵਿਚ ਨਾਂ ਵੀ ਦੇ ਦਿੱਤਾ। ਹੁਣ ਤਾਂ ਲਾਜ਼ਮੀ ਜਾਣਾ ਪਵੇਗਾ।”
ਕਵੀ ਦਰਬਾਰ 3 ਨਵੰਬਰ ਨੂੰ ਸੀ। ਇਕ ਦਿਨ ਉਸ ਨੇ ਰੱਜ ਕੇ ਸ਼ਰਾਬ ਪੀਤੀ ਤੇ ਆਪਣੀ ਪਤਨੀ ਨੂੰ ਕਿਹਾ, “ਹੁਣ ਮੈਂ ਹਜ਼ੂਰ ਸਾਹਿਬ ਜਾਣਾ ਤੇ ਉਦੋਂ ਤਕ ਸ਼ਰਾਬ ਨੀ ਪੀਣੀ। ਜੇ ਮੈਂ ਹੁਣ ਨਾ ਛੱਡੀ ਤਾਂ ਹਜ਼ੂਰ ਸਾਹਿਬ ਜਾ ਕੇ ਔਖਾ ਹੋਊਂ।” ਘਰ ਦੇ ਦਸਦੇ ਹਨ ਕਿ ਅੱਠ-ਨੌਂ ਦਿਨ ਉਹਨੇ ਸ਼ਰਾਬ ਨੂੰ ਹੱਥ ਨਾ ਲਾਇਆ। ਫਿਰ ਕਦੇ ਕਹਿ ਦਿੰਦਾ ਜਾਣਾ, ਕਦੇ ਕਹਿ ਦਿੰਦਾ ਨਹੀਂ ਜਾਣਾ। ਜਾਣ ਦੀ ਤਿਆਰੀ ਹੋ ਗਈ ਤੇ ਸਮਾਨ ਬੈਗ ਵਿਚ ਪੈਕ ਕਰ ਦਿੱਤਾ ਗਿਆ। ਉਹਦੀ ਧੀ ਦੇ ਦੱਸਣ ਮੂਜਬ ਉਹਦੇ ਤੁਰਨ ‘ਚ ਅੱਧਾ ਕੁ ਘੰਟਾ ਰਹਿੰਦਾ ਸੀ ਕਿ ਅਚਾਨਕ ਕਹਿਣ ਲੱਗਾ, “ਬੇਟੇ ਸਾਰਾ ਸਮਾਨ ਬੈਗ ‘ਚੋਂ ਕੱਢ ਦਿਓ, ਮੈਂ ਨੀ ਜਾਣਾ।” ਉਹਦੀ ਪਤਨੀ ਬੋਲੀ, “ਨਹੀਂ ਜਾਣਾ ਨਾ ਜਾਹ, ਖੇਡਾਂ ਨਾ ਕਰ। ਇਹ ਕੋਈ ਬੰਦਿਆਂ ਆਲੀ ਗੱਲ ਐ?” ਅਸਲੀ ਗੱਲ ਸੀ ਕਿ ਘਰ ‘ਚ ਨਿੱਕੀ-ਨਿੱਕੀ ਗੱਲ ਤੋਂ ਕਲੇਸ਼ ਰਹਿਣ ਲੱਗ ਪਿਆ ਸੀ। ਉਦਾਸੀ ਮਾਨਸਿਕ ਤੌਰ ‘ਤੇ ਸਤਿਆ ਪਿਆ ਸੀ। ਉਸ ਨੇ ਸਕੂਲ ਤੋਂ ਛੁੱਟੀ ਲੈਣ ਵਾਲੀ ਅਰਜ਼ੀ ਵਿਚ ਲਿਖਿਆ ਸੀ, ਜੇ ਉਹ ਵਾਪਸ ਨਾ ਆ ਸਕਿਆ ਤਾਂ ਉਸ ਦੀ ਸਰਵਿਸ ਦੇ ਸਾਰੇ ਲਾਭ ਉਸ ਦੀ ਪਤਨੀ ਨੂੰ ਦਿੱਤੇ ਜਾਣ।
ਉਹ ਅੰਦਰ ਜਾ ਕੇ ਮੰਜੇ ‘ਤੇ ਪੈ ਗਿਆ ਤੇ ਕਹਿਣ ਲੱਗਾ, “ਮੈਨੂੰ ਅੱਧੇ ਘੰਟੇ ਤਕ ਜਗਾ ਦੇਣਾ।” ਜਦੋਂ ਉਹਦੀ ਧੀ ਜਗਾਉਣ ਲਈ ਅੰਦਰ ਗਈ ਤਾਂ ਉਹ ਰੋ ਰਿਹਾ ਸੀ। ਧੀ ਨੇ ਪੁੱਛਿਆ, “ਪਾਪਾ ਜੀ ਕੀ ਹੋ ਗਿਐ?” ਉਹ ਕਹਿਣ ਲੱਗਾ, “ਬੇਟੇ! ਪਹਿਲਾਂ ਮੈਂ ਮਸਾਂ ਬਚ ਕੇ ਆਇਆ ਸੀ, ਹੁਣ ਪਤਾ ਨੀ ਕੀ ਹੋਊਗਾ? ਅਸਲ ਵਿਚ ਬੇਟੇ, ਮੇਰਾ ਘਰੋਂ ਜਾਣ ਨੂੰ ਦਿਲ ਨੀ ਕਰਦਾ।” ਧੀ ਨੇ ਪਾਣੀ ਫੜਾਇਆ। ਉਸ ਨੇ ਪਾਣੀ ਦੀਆਂ ਦੋ ਕੁ ਘੁੱਟਾਂ ਪੀਤੀਆਂ ਤੇ ਘੜੀ ਵੇਖ ਕੇ ਬੋਲਿਆ, “ਇਹ ਬੱਸ ਤਾਂ ਨੰਘ ਗਈ, ਮੈਂ ਅਗਲੀ ਬੱਸ ਤੇ ਜਾਊਂ, ਜਾਹ ਪੁੱਤ ਦੇਖ ਕੇ ਆ ਜਿਹੜੀ ਮਾਹਾਂ ਦੀ ਦਾਲ ਬਣਾਈ ਸੀ, ਉਹ ਪਈ ਐ?” ਉਸ ਨੇ ਮਾਹਾਂ ਦੀ ਦਾਲ ਵਿਚ ਦੋ ਆਂਡੇ ਪੁਆ ਕੇ ਰੋਟੀ ਖਾਧੀ ਤੇ ਅਗਲੀ ਬੱਸ ਚੜ੍ਹ ਕੇ ਹਜ਼ੂਰ ਸਾਹਿਬ ਜਾਣ ਲਈ ਗੱਡੀ ਜਾ ਫੜੀ। 4 ਨਵੰਬਰ ਨੂੰ ਉਦਾਸੀ ਲਈ ਰੋਟੀ ਪਕਾ ਕੇ ਰੱਖੀ ਗਈ ਕਿ ਹੋ ਸਕਦਾ, ਰਾਤ ਦੀ ਗੱਡੀ ਆ ਜਾਵੇ। 5 ਨਵੰਬਰ ਨੂੰ ਦਿਨੇ ਵੀ ਤੇ ਰਾਤ ਨੂੰ ਵੀ ਉਹਦੀ ਉਡੀਕ ਹੁੰਦੀ ਰਹੀ, ਪਰ ਉਹ ਨਾ ਆਇਆ। 6 ਨਵੰਬਰ ਦਾ ਦਿਨ ਵੀ ਲੰਘ ਗਿਆ। 7 ਨਵੰਬਰ ਨੂੰ ਨਸੀਬ ਕੌਰ ਬੱਚਿਆਂ ਨੂੰ ਕਹਿਣ ਲੱਗੀ, “ਅੱਜ ਤਾਂ ਥੋਡੇ ਭਾਪੇ ਨੇ ਜ਼ਰੂਰ ਈ ਰਾਤ ਆਲੀ ਗੱਡੀ ਆ ਜਾਣੈ।”
ਧੀਆਂ ਨੇ ਭਿੰਡੀਆਂ ਦੀ ਸਬਜ਼ੀ ਬਣਾਈ ਜੋ ਉਨ੍ਹਾਂ ਦੇ ਭਾਪੇ ਨੂੰ ਪਸੰਦ ਸੀ। ਉਨ੍ਹਾਂ ਦੀ ਬੀਬੀ ਨੇ ਭਾਪੇ ਦੇ ਹਿੱਸੇ ਦਾ ਆਟਾ ਚੁੱਕ ਦੇਣ ਲਈ ਕਿਹਾ, “ਮੈਂ ਆਪੇ ਆਏ ਤੇ ਰੋਟੀ ਬਣਾ ਦੂੰ।”
ਪਰ ਭਾਪੇ ਦੇ ਆਉਣ ਦੀ ਥਾਂ ਤਾਰ ਆਈ ਕਿ ਸੰਤ ਰਾਮ ਉਦਾਸੀ ਮਨਵਾੜ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀ ਵਿਚ ਮੁਰਦਾ ਪਾਇਆ ਗਿਆ। 8 ਨਵੰਬਰ ਨੂੰ ਰੇਲਵੇ ਪੁਲਿਸ ਦੀ ਤਾਰ ਆਈ ਕਿ ਸੰਤ ਰਾਮ ਉਦਾਸੀ ਦੀ ਮ੍ਰਿਤਕ ਦੇਹ ਲੈ ਜਾਓ। 9 ਨਵੰਬਰ ਨੂੰ ਮਨਵਾੜ ਰੇਲਵੇ ਸਟੇਸ਼ਨ ਅਤੇ ਹਜ਼ੂਰ ਸਾਹਿਬ ਤੋਂ ਵੀ ਤਾਰਾਂ ਆ ਗਈਆਂ। ਤਾਰਾਂ ਮਿਲਦਿਆਂ ਹੀ ਉਦਾਸੀ ਦਾ ਵੱਡਾ ਭਰਾ ਗੁਰਦਾਸ ਸਿੰਘ ਤੇ ਨਸੀਬ ਕੌਰ ਦਾ ਭਰਾ ਕਾਕੂ ਮਹਾਰਾਸ਼ਟਰ ਦੇ ਮਨਵਾੜ ਸਟੇਸ਼ਨ ਵੱਲ ਚੱਲ ਪਏ। ਰਾਏਸਰ ਵਿਚ ਮਾਤਮ ਛਾ ਗਿਆ। ਕੋਈ ਆਖੇ, ਉਹਦਾ ਗੱਡੀ ਚੜ੍ਹਦੇ ਦਾ ਪੈਰ ਤਿਲ੍ਹਕ ਗਿਆ ਹੋਊ, ਕੋਈ ਕਹੇ ਕਿਸੇ ਨੇ ਮਾਰ’ਤਾ ਹੋਊ ਜਾਂ ਆਤਮਘਾਤ ਕਰ ਲਿਆ ਹੋਊ! ਜਿੰਨੇ ਮੂੰਹ ਉਨੀਆਂ ਗੱਲਾਂ।

ਗੁਰਦਾਸ ਸਿੰਘ ਘਾਰੂ ਲਿਖਦਾ ਹੈ ਕਿ ਉਹ ਉਦਾਸੀ ਦੇ ਵੱਡੇ ਲੜਕੇ ਇਕਬਾਲ ਸਿੰਘ ਬੱਲੀ ਨੂੰ ਆਪਣੇ ਨਾਲ ਹਜ਼ੂਰ ਸਾਹਿਬ ਲਿਜਾਣਾ ਤੇ ਉਹਦੇ ਹੱਥੋਂ ਕਿਰਿਆ-ਕਰਮ ਕਰਵਾਉਣਾ ਚਾਹੁੰਦਾ ਸੀ, ਪਰ ਨਸੀਬ ਕੌਰ ਨੇ ਜ਼ਿਦ ਕਰ ਕੇ ਕਾਕੂ ਨੂੰ ਨਾਲ ਤੋਰ ਦਿੱਤਾ। ਕਾਕੂ ਅਫੀਮ ਦਾ ਅਮਲੀ ਸੀ। ਦਿੱਲੀ ਜਾ ਕੇ ਅਫੀਮ ਬਗ਼ੈਰ ਗੱਡੀ ਨਹੀਂ ਸੀ ਚੜ੍ਹਦਾ। ਕਹਿਣ ਲੱਗਾ, ਮੈਂ 24 ਘੰਟੇ ਅਫੀਮ ਬਗ਼ੈਰ ਨੀ ਬਚ ਸਕਦਾ। ਅਫੀਮ ਦਾ ਬੰਦੋਬਸਤ ਕਰਦਿਆਂ ਪੰਜਾਬ ਮੇਲ ਲੰਘ ਗਈ ਤੇ ਚਾਰ ਘੰਟਿਆਂ ਬਾਅਦ ਸ਼ਾਰਦਾ ਐਕਸਪ੍ਰੈਸ ਫੜੀ। ਉਹ 24 ਘੰਟਿਆਂ ਬਾਅਦ ਮਨਵਾੜ ਰੇਲਵੇ ਸਟੇਸ਼ਨ ‘ਤੇ ਉਤਰੇ ਤੇ ਗੁਰਦੁਆਰੇ ਚਲੇ ਗਏ ਜਿਥੇ ਉਨ੍ਹਾਂ ਦੀ ਉਡੀਕ ਹੋ ਰਹੀ ਸੀ। ਥੋੜ੍ਹੀ ਦੇਰ ਬਾਅਦ ਭਾਈ ਮੋਹਨ ਸਿੰਘ ਆ ਗਏ ਜਿਨ੍ਹਾਂ ਨੇ ਮਨਵਾੜ ਦੇ ਰਾਮ ਬਾਗ ਸ਼ਮਸ਼ਾਨਘਾਟ ਵਿਚ ਉਦਾਸੀ ਦੀ ਚਿਖਾ ਨੂੰ ਅਗਨੀ ਦਿਖਾਈ ਸੀ ਤੇ ਪੂਰੀ ਗੁਰ ਮਰਿਆਦਾ ਨਾਲ ਉਦਾਸੀ ਦਾ ਸੰਸਕਾਰ ਕੀਤਾ ਸੀ।
ਭਾਈ ਮੋਹਨ ਸਿੰਘ ਨੇ ਗੁਰਦਾਸ ਸਿੰਘ ਨੂੰ ਦੱਸਿਆ, “ਭਾਈ ਘਾਰੂ ਸਾਹਿਬ, ਸਾਨੂੰ ਰੇਲਵੇ ਵਾਲਿਆਂ ਤੋਂ ਉਦਾਸੀ ਦੀ ਡੈਡ ਬਾਡੀ 55 ਘੰਟਿਆਂ ਬਾਅਦ ਮਿਲੀ ਸੀ। ਪੋਸਟ-ਮਾਰਟਮ ਨਾਲ ਬਾਡੀ ਬਿਲਕੁਲ ਖਰਾਬ ਹੋ ਗਈ ਸੀ। ਉਹ ਕਿਸੇ ਵੀ ਹਾਲਤ ਵਿਚ ਪੰਜਾਬ ਪਹੁੰਚ ਨਹੀਂ ਸੀ ਸਕਦੀ, ਇਸੇ ਕਰ ਕੇ ਸਾਧ-ਸੰਗਤ ਨੇ ਇਥੇ ਹੀ ਸਸਕਾਰ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਸੀ। ਭਾਈ ਸਾਹਿਬ, ਤੁਸੀਂ ਕਿਰਿਆ-ਕਰਮ ਵੱਲੋਂ ਕੋਈ ਫਿਕਰ ਨਾ ਕਰੋ, ਉਦਾਸੀ ਦਾ ਕਿਰਿਆ-ਕਰਮ ਰਾਜੇ-ਮਹਾਰਾਜੇ ਤੋਂ ਵੀ ਵੱਧ ਸ਼ਾਨ ਨਾਲ ਹੋਇਆ ਹੈ। ਅਸੀਂ ਆਪ ਜੀ ਦੀ ਉਡੀਕ ਵਿਚ ਅੰਗੀਠਾ ਨਹੀਂ ਫੋਲਿਆ। ਅੱਜ ਆਪਾਂ ਸਾਰੇ ਫੁੱਲ ਚੁਗਣ ਜਾਵਾਂਗੇ। ਪ੍ਰੋਫੈਸਰ ਜੋਗਿੰਦਰ ਸਿੰਘ ਸਾਹਿਬ ਨੂੰ ਆ ਲੈਣ ਦੇਵੋ।”
ਪ੍ਰੋæ ਜੋਗਿੰਦਰ ਸਿੰਘ ਆਏ ਤਾਂ ਘਾਰੂ ਤੇ ਕਾਕੂ ਨਾਲ ਕਾਫੀ ਸਾਰੇ ਸੱਜਣ ਰਾਮ ਬਾਗ ਸ਼ਮਸ਼ਾਨਘਾਟ ਗਏ ਤੇ ਉਦਾਸੀ ਦੇ ਫੁੱਲ ਚੁਗੇ। ਫੁੱਲ ਲੈ ਕੇ ਉਹ ਹਜ਼ੂਰ ਸਾਹਿਬ ਚਲੇ ਗਏ। ਉਥੇ ਗੁਰੂ ਸਰਾਂ ਵਿਚ ਠਹਿਰੇ। ਬਹੁਤ ਸਾਰੇ ਸੱਜਣ ਅਫਸੋਸ ਕਰਨ ਆਏ। ਗੁਰਦਾਸ ਸਿੰਘ ਨੇ ਸੰਗਤ ਨਾਲ ਜਾ ਕੇ ਉਦਾਸੀ ਦੇ ਫੁੱਲ ਗੋਦਾਵਰੀ ਨਦੀ ਦੇ ਨਗੀਨਾ ਘਾਟ ਵਿਖੇ ਤਾਰ ਦਿੱਤੇ ਤੇ ਸੱਚਖੰਡ ਸਾਹਿਬ ਵਿਚ ਸਹਿਜ ਪਾਠ ਅਰੰਭ ਕਰਵਾ ਦਿੱਤਾ। ਪਾਠ ਅਰੰਭ ਕਰਨ ਸਮੇਂ ਜੋ ਹੁਕਮਨਾਮਾ ਮਿਲਿਆ, ਉਹ ਲੈ ਕੇ ਮਨਵਾੜ ਨੂੰ ਚੱਲ ਪਏ। ਮਨਵਾੜ ਸਟੇਸ਼ਨ ‘ਤੇ ਮਰਹੂਮ ਸੰਤ ਰਾਮ ਉਦਾਸੀ ਦੀ ਜਾਮਾ ਤਲਾਸ਼ੀ ਵੇਲੇ ਜੋ ਸਮਾਨ ਰੇਲਵੇ ਪੁਲਿਸ ਨੇ ਪ੍ਰਾਪਤ ਕੀਤਾ ਸੀ, ਉਹ ਵਾਪਸ ਲੈਣਾ ਸੀ। ਮੈਜਿਸਟਰੇਟ ਦੀ ਹਾਜ਼ਰੀ ਜੋ ਸਮਾਨ ਗੁਰਦਾਸ ਸਿੰਘ ਨੂੰ ਦਿੱਤਾ ਗਿਆ, ਉਸ ਵਿਚ 1300 ਰੁਪਏ, ਘੜੀ, ਦਸਤਾਰ, ਜੁਰਾਬਾਂ ਦਾ ਜੋੜਾ, ਰੁਮਾਲ, ਕਾਲੀ ਐਨਕ, ਬੁਸ਼ਰਟ, ਪੀਲਾ ਪਰਨਾ, ਦੋ ਪਜਾਮੇ, ਕੱਪੜੇ ਦਾ ਬੈਗ, ਰੋਟੀ ਵਾਲਾ ਡੱਬਾ ਤੇ ਹਵਾਈ ਚੱਪਲ ਸੀ। ਗੁਰਦਾਸ ਸਿੰਘ ਨੇ ਇਹ ਸਮਾਨ ਆਪਣੀ ਮਾਤਾ ਦੀ ਹਾਜ਼ਰੀ ਵਿਚ ਨਸੀਬ ਕੌਰ ਦੀ ਝੋਲੀ ਜਾ ਪਾਇਆ। ਐਨਕ ਤੇ ਰੁਮਾਲ ਭਰਾ ਦੀ ਨਿਸ਼ਾਨੀ ਵਜੋਂ ਉਸ ਨੇ ਆਪਣੇ ਪਾਸ ਰੱਖ ਲਏ।
ਦੋ ਬੰਦੇ ਹਨ ਜਿਨ੍ਹਾਂ ਉਦਾਸੀ ਦੀ ਮ੍ਰਿਤੂ ਤੋਂ ਪਹਿਲਾਂ ਉਸ ਦੇ ਅੰਤਲੇ ਪਲ ਵੇਖੇ ਸਨ। ਇਕ ਹੈ ਡਰੋਲੀ ਭਾਈ ਦਾ ਗੁਰਚਰਨ ਸਿੰਘ ਸੰਘਾ ਜੋ ਸਾਡੇ ਕੋਲ ਢੁੱਡੀਕੇ ਕਾਲਜ ਵਿਚ ਪੜ੍ਹਦਾ ਸੀ। ਉਦੋਂ ਉਹ ਅਲੂੰਆਂ ਜਿਹਾ ਮੁੰਡਾ ਸੀ। ਉਥੇ ਪੜ੍ਹਦਿਆਂ ਹੀ ਉਹ ਨਕਸਲਬਾੜੀ ਲਹਿਰ ਦਾ ਹਮਦਰਦ ਬਣ ਗਿਆ ਤੇ ਕੁਝ ਸਾਲਾਂ ਬਾਅਦ ਸ੍ਰੀ ਹਜ਼ੂਰ ਸਾਹਿਬ ਗੁਰਦੁਆਰੇ ਦੀ ਸ਼ਰਨ ਲੈ ਕੇ ‘ਸੱਚਖੰਡ’ ਮਾਸਕ ਪੱਤਰ ਦਾ ਐਡੀਟਰ ਲੱਗ ਗਿਆ। ਉਹ ਢੁੱਡੀਕੇ ਤੋਂ ਹੀ ਉਦਾਸੀ ਦੇ ਸੰਪਰਕ ਵਿਚ ਸੀ। ਉਸੇ ਨੇ ਹਜ਼ੂਰ ਸਾਹਿਬ ਦੇ ਕਵੀ ਦਰਬਾਰ ਵਿਚ ਉਦਾਸੀ ਨੂੰ ਸੱਦਿਆ ਸੀ। ਉਸ ਨੇ ਹੋਰ ਵੀ ਕਈ ਕਵੀ ਤੇ ਵਿਦਵਾਨ ਸੱਦੇ ਸਨ ਜਿਨ੍ਹਾਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਪ੍ਰੋæ ਬਲਕਾਰ ਸਿੰਘ ਵੀ ਸੀ। ਗੁਰਦਾਸ ਸਿੰਘ ਉਦਾਸੀ ਦੇ ਕਿਰਿਆ-ਕਰਮ ਤੋਂ ਵਿਹਲਾ ਹੋਇਆ ਤਾਂ ਸੰਘੇ ਨੇ ਉਸ ਨੂੰ ‘ਸੱਚਖੰਡ’ ਪੱਤਰ ਦੇ ਦਫਤਰ ਸੱਦਵਾ ਲਿਆ।
ਗੁਰਚਰਨ ਸਿੰਘ ਸੰਘੇ ਨੇ ਅਫਸੋਸ ਕਰਦਿਆਂ ਦੱਸਿਆ, “ਭਾਈ ਘਾਰੂ ਜੀ, ਉਦਾਸੀ ਮੇਰੇ ਗਲ ਲੱਗ ਕੇ ਰੋਇਆ।æææਫੇਰ ਰੱਜ ਕੇ ਗੱਲਾਂ ਕਰਨੀਆਂ ਹਨ। ਮੈਂ ਘਰ ਦੀ ਜ਼ਿੰਦਗੀ ਤੋਂ ਤੰਗ ਆ ਗਿਆ ਹਾਂ। ਮੈਂ ਆਖਿਆ, ਉਦਾਸੀ ਹੁਣ ਢਾਈ ਵੱਜ ਗਏ ਹਨ। ਹੁਣ ਆਪਾਂ ਨੂੰ ਆਰਾਮ ਕਰਨਾ ਚਾਹੀਦਾ ਹੈ। ਆਪਾਂ ਸਵੇਰੇ ਗੱਲਾਂ-ਬਾਤਾਂ ਕਰਾਂਗੇ। ਉਦਾਸੀ ਨੇ ਫੇਰ ਆਖਿਆ, ਨਹੀਂ ਬਾਈ ਜੀ ਨਹੀਂ, ਆਪਾਂ ਕਾਫੀ ਚਿਰਾਂ ਤੋਂ ਵਿਛੜੇ ਹੋਏ ਹਾਂ। ਅੱਜ ਵਰਗਾ ਮੌਕਾ ਫੇਰ ਨਹੀਂ ਮਿਲੇਗਾ।æææਮੈਂ ਘਰ ਤੋਂ ਸੰਨਿਆਸ ਲੈਣਾ ਚਾਹੁੰਦਾ ਹਾਂ।æææਮੈਂ ਆਖਿਆ, ਤੂੰ ਕੁੜੀਆਂ-ਮੁੰਡੇ ਵਿਆਹ ਲੈ; ਫੇਰ ਜੋ ਕਹੇਂਗਾ, ਕਰਾਂਗਾ। ਤੂੰ ਕੋਈ ਫਿਕਰ ਨਾ ਕਰ। ਤੇਰੀ ਰਿਟਾਇਰਮੈਂਟ ਦੇ ਕਾਫੀ ਸਾਲ ਰਹਿੰਦੇ ਹਨ। ਤੂੰ ਫਿਕਰ ਕਿਉਂ ਕਰਦਾ ਹੈਂ? ਅਸੀਂ ਜਿਉਂਦੇ ਹਾਂæææ।”
ਉਦਾਸੀ ਦੀ ਵਿਗੜੀ ਦਸ਼ਾ ਦੇਖ ਕੇ ਸੰਘੇ ਨੇ ਉਸ ਨੂੰ ਆਪਣੇ ਕੋਲ ਰੱਖਣ ਦਾ ਬਹੁਤ ਯਤਨ ਕੀਤਾ, ਪਰ ਉਸ ਨੇ ਉਸ ਕੋਲ ਰਹਿਣ ਤੋਂ ਉਕਾ ਹੀ ਨਾਂਹ ਕਰ ਦਿੱਤੀ। ਸੰਘੇ ਨੇ ਇਹ ਵੀ ਬੇਨਤੀ ਕੀਤੀ ਕਿ ਉਸ ਦੀ ਛੁੱਟੀ ਵਾਸਤੇ ਅਰਜ਼ੀ ਲਿਖ ਕੇ ਪ੍ਰੋæ ਬਲਕਾਰ ਸਿੰਘ ਨੂੰ ਦੇ ਦਿੰਦੇ ਹਾਂ ਜੋ ਸਵੇਰ ਦੀ ਗੱਡੀ ਜਾ ਰਿਹੈ, ਪਰ ਉਦਾਸੀ ਅੜ ਗਿਆ ਕਿ ਉਹ ਬਲਕਾਰ ਸਿੰਘ ਨਾਲ ਹੀ ਪਿੰਡ ਨੂੰ ਚਲਾ ਜਾਵੇਗਾ ਤੇ ਲੜਖੜਾਉਂਦਾ ਆਪਣੇ ਟਿਕਾਣੇ ‘ਤੇ ਜਾ ਸੁੱਤਾ।
ਗੁਰਚਰਨ ਸਿੰਘ ਸੰਘਾ ਲਿਖਦਾ ਹੈ, 5 ਨਵੰਬਰ ਦੀ ਰਾਤ ਨੂੰ ਕਵੀ ਦਰਬਾਰ ਹੋਇਆ ਸੀ। 17 ਕਵੀਆਂ ਵਿਚੋਂ ਉਦਾਸੀ ਬਾਜ਼ੀ ਲੈ ਗਿਆ ਸੀ। ਉਸ ਨੂੰ ਸੁਣਨ ਲਈ ਦਰਸ਼ਕ ਦੋ ਵਜੇ ਤਕ ਬੈਠੇ ਰਹੇ ਸਨ। ਉਦਾਸੀ ਦੀ ਦਰਦ ਭਰੀ ਲੰਮੀ ਹੇਕ ਨੇ ਸਰੋਤਿਆਂ ‘ਤੇ ਜਾਦੂ ਕਰ ਦਿੱਤਾ ਸੀ। ਉਸ ਨੇ ਆਖਰੀ ਗੀਤ ਗਾਇਆ, ਜਦ ਠੰਢੇ ਬੁਰਜ ਵਿਚ ਬੈਠੀ ਮਾਤਾ ਗੁਜਰੀ ਆਪਣੇ ਛੋਟੇ ਪੋਤਰਿਆਂ ਨੂੰ ਗੋਦੀ ਵਿਚ ਲੈ ਕੇ ਨਿੱਘ ਦੇ ਰਹੀ ਹੁੰਦੀ ਹੈ, ਤਾਂ ਉਹ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਨੂੰ ਆਖਦੀ ਹੈ,
ਕਰੀਂ ਨਾ ਦਰੇਗ ਪੁੱਤ ਵੇ, ਤੇਰੇ ਬਾਲਾਂ ਨੂੰ ਬੁਢਾਪੇ ‘ਚ ਲੁਕਾਵਾਂ
ਹੱਡੀਆਂ ਦੀ ਮੁੱਠ ਬਾਲ ਕੇ, ਤੇਰੀ ਆਂਦਰਾਂ ਦੀ ਅੱਗ ਨੂੰ ਸੇਕਾਵਾਂ।
ਲੋਕਾਂ ਨੇ ਉਦਾਸੀ ਨੂੰ ਹੱਥਾਂ ‘ਤੇ ਚੁੱਕ ਲਿਆ। ਉਸ ਵਕਤ ਯਾਦ ਚੇਤੇ ਵੀ ਨਹੀਂ ਸੀ ਕਿ ਇਹ ਆਵਾਜ਼ ਅੱਜ ਆਖਰੀ ਹੋਕਰਾ ਦੇ ਕੇ ਕੁਝ ਘੰਟਿਆਂ ਨੂੰ ਸਦਾ ਸਦਾ ਲਈ ਸ਼ਾਂਤ ਹੋ ਜਾਵੇਗੀ। ਇਸ ਕਵੀ ਦਰਬਾਰ ਤੋਂ ਬਾਅਦ ਮੈਂ ਤੇ ਉਦਾਸੀ 2:45 ਤਕ ਇਕੱਠੇ ਰਹੇ। ਅਸੀਂ ਇਸ ਸਮੇਂ ਵਿਚ ਬਹੁਤ ਗੱਲਾਂ ਕੀਤੀਆਂæææ। ਉਦਾਸੀ ਨੇ ਤੇ ਡਾæ ਬਲਕਾਰ ਸਿੰਘ ਨੇ ਸਵੇਰੇ ਪਹਿਲੀ ਗੱਡੀ ‘ਤੇ ਪੰਜਾਬ ਨੂੰ ਜਾਣ ਦਾ ਪ੍ਰੋਗਰਾਮ ਬਣਾਇਆ ਸੀ।
ਡਾæ ਬਲਕਾਰ ਸਿੰਘ ਲਿਖਦਾ ਹੈ, “ਦੋ ਸੀਟਾਂ ਦੀ ਰਿਜ਼ਰਵੇਸ਼ਨ ਦਾ ਪ੍ਰਬੰਧ ਕਿਵੇਂ ਨਾ ਕਿਵੇਂ ਤਖਤ ਸਾਹਿਬ ਵੱਲੋਂ ਸ਼ ਗੁਰਚਰਨ ਸਿੰਘ ਸੰਘਾ ਨੇ ਕਰ ਲਿਆ ਸੀ।æææਮੈਂ ਤਿਆਰ ਹੋਣ ਤੋਂ ਪਹਿਲਾਂ ਉਦਾਸੀ ਨੂੰ ਜਗਾ ਆਇਆ ਸੀ, ਪਰ ਜਦੋਂ ਮੈਂ ਤਿਆਰ ਹੋ ਕੇ ਉਸ ਨੂੰ ਲੈਣ ਲਈ ਗਿਆ ਤਾਂ ਉਹ ਅਜੇ ਸੁੱਤਾ ਪਿਆ ਸੀ। ਸੁਭਾਅ ਮੁਤਾਬਿਕ ਤਾਂ ਮੈਨੂੰ ਚਲੇ ਜਾਣਾ ਚਾਹੀਦਾ ਸੀ, ਪਰ ਪਤਾ ਨਹੀਂ ਕਿਉਂ, ਮੈਂ ਉਸ ਨੂੰ ਉਠਾਇਆ ਅਤੇ ਗੱਡੀ ਨਿਕਲ ਜਾਣ ਦੀ ਸੰਭਾਵਨਾ ਬਾਰੇ ਤਾੜਨਾ ਕੀਤੀ। ਉਹ ਚਾਹ ਪੀਣੀ ਚਾਹੁੰਦਾ ਸੀ, ਪਰ ਮੈਂ ਉਸ ਨੂੰ ਸਟੇਸ਼ਨ ‘ਤੇ ਚਾਹ ਪੀਣ ਲਈ ਮਨਾ ਲਿਆ। ਉਹ ਦਾਇਮੀ ਬਿਮਾਰਾਂ ਵਾਂਗ ਤਿਆਰ ਹੋਇਆ ਸੀ। ਰਿਕਸ਼ੇ ‘ਚ ਬੈਠਣ ਵੇਲੇ ਮੈਨੂੰ ਪਤਾ ਲੱਗਾ ਕਿ ਉਸ ਨੇ ਰਾਤੀਂ ਸ਼ਰਾਬ ਪੀਤੀ ਸੀ ਅਤੇ ਟੋਟ ਕਰ ਕੇ ਵੀ ਉਸ ਦਾ ਮਾੜਾ ਹਾਲ ਸੀ। ਮੈਂ ਖਿਝ ਗਿਆ ਸੀ ਅਤੇ ਬੋਲਣਾ ਬਿਲਕੁਲ ਹੀ ਨਹੀਂ ਸੀ ਚਾਹੁੰਦਾ, ਪਰ ਉਦਾਸੀ ਚੁੱਪ ਰਹਿਣ ਵਾਸਤੇ ਤਿਆਰ ਨਹੀਂ ਸੀ। ਉਦਾਸੀ ਕੋਲੋਂ ਲੁਕਾਇਆ ਵੀ ਕੀ ਜਾ ਸਕਦਾ ਸੀ? ਉਸ ਨੇ ਸਟੇਸ਼ਨ ਤਕ ਜਾਂਦਿਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿਉਂਕਿ ਉਹ ਲਗਾਤਾਰ ਬੋਲੀ ਜਾ ਰਿਹਾ ਸੀ। ਉਦੋਂ ਮੈਨੂੰ ਵੀ ਚੇਤਾ ਨਹੀਂ ਸੀ ਕਿ ਉਸ ਨੇ ਕੀ ਕਿਹਾ ਹੈ ਕਿਉਂਕਿ ਮੈਂ ਉਸ ਨੂੰ ਸੁਣ ਹੀ ਨਹੀਂ ਸੀ ਰਿਹਾ। ਗੱਡੀ ਕੁਝ ਲੇਟ ਸੀ ਅਤੇ ਉਥੇ ਉਦਾਸੀ ਨੇ ਫਿਰ ਆਪਣੇ ਝੋਰਿਆਂ ਤੇ ਸ਼ਿਕਵਿਆਂ ਦਾ ਕਿੱਸਾ ਛੋਹ ਲਿਆæææ।”
ਗੱਡੀ ਆਈ ਤਾਂ ਉਹ ਗੱਡੀ ਚੜ੍ਹ ਗਏ। ਉਦਾਸੀ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਸ ਨੂੰ ਉਪਰਲੇ ਫੱਟੇ ‘ਤੇ ਸੁਆ ਦਿੱਤਾ ਗਿਆ। ਤਿੰਨ-ਚਾਰ ਘੰਟਿਆਂ ਦੇ ਸਫਰ ਪਿੱਛੋਂ ਔਰੰਗਾਬਾਦ ਦੇ ਸਟੇਸ਼ਨ ‘ਤੇ ਗੱਡੀ ਕੁਝ ਵੱਧ ਸਮੇਂ ਲਈ ਰੁਕੀ ਤਾਂ ਬਲਕਾਰ ਸਿੰਘ ਨੇ ਸੋਚਿਆ, ਉਦਾਸੀ ਨੂੰ ਚਾਹ-ਪਾਣੀ ਪੁੱਛ ਲਵਾਂ। ਇਥੇ ਉਸ ਦਾ ਹੀ ਲਿਖਿਆ ਹਵਾਲਾ ਦੇਣਾ ਉਚਿਤ ਹੋਵੇਗਾ, “ਮੈਂ ਜਾ ਕੇ ਇਕ-ਦੋ ਆਵਾਜ਼ਾਂ ਮਾਰੀਆਂ, ਉਹ ਬੋਲਿਆ ਨਹੀਂ। ਮੈਂ ਸੁੱਤਾ ਹੋਇਆ ਸਮਝ ਕੇ ਚੁੱਪ ਕਰ ਗਿਆ। ਮਨਮਾੜ ਤੋਂ ਦੋ-ਤਿੰਨ ਸਟੇਸ਼ਨ ਪਹਿਲਾਂ ਮੈਂ ਉਦਾਸੀ ਨੂੰ ਜਗਾਉਣ ਦਾ ਮਨ ਬਣਾ ਕੇ ਉਸ ਨੂੰ ਆਵਾਜ਼ਾਂ ਮਾਰੀਆਂ। ਜਦੋਂ ਉਹ ਨਾ ਬੋਲਿਆ ਤਾਂ ਮੈਂ ਹਲੂਣ ਕੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਹੱਥ ਲਾਉਂਦਿਆਂ ਹੀ ਮੇਰੀਆਂ ਲੱਤਾਂ ਦੀ ਜਾਨ ਜਾਂਦੀ ਰਹੀ। ਮਰਨ ਤੋਂ ਪਹਿਲਾਂ ਮਰਨ ਦੀ ਇਹ ਘੜੀ ਅੱਜ ਵੀ ਮੇਰੇ ਅੰਦਰ ਕੰਬਣੀ ਛੇੜ ਜਾਂਦੀ ਹੈ।”
ਉਸੇ ਡੱਬੇ ਵਿਚ ਟੀæਟੀæ ਰਹਿ ਚੁੱਕਾ ਇਕ ਸਿੰਘ ਵੀ ਸਫਰ ਕਰ ਰਿਹਾ ਸੀ। ਬਲਕਾਰ ਸਿੰਘ ਦੇ ਦੱਸਣ ਉਤੇ ਉਸ ਨੇ ਵੀ ਉਦਾਸੀ ਨੂੰ ਹਿਲਾ ਕੇ ਵੇਖਿਆ। ਉਸ ਨੇ ਬਲਕਾਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਆਪ ਨੂੰ ਸੰਭਾਲੇ ਅਤੇ ਮਨਮਾੜ ਜਾ ਕੇ ਹੀ ਰਿਪੋਰਟ ਕਰੇ, ਕਿਉਂਕਿ ਛੋਟੇ ਸਟੇਸ਼ਨਾਂ ਉਤੇ ਪ੍ਰਬੰਧ ਬਹੁਤ ਘੱਟ ਹੁੰਦੇ ਹਨ ਅਤੇ ਇਹੋ ਜਿਹੇ ਕੇਸਾਂ ਵਿਚ ਖੱਜਲ-ਖੁਆਰੀ ਦੀ ਸੰਭਾਵਨਾ ਵਧ ਜਾਂਦੀ ਹੈ। ਉਸੇ ਸਿੰਘ ਨੇ ਸਮਝਾਇਆ ਕਿ ਸਭ ਤੋਂ ਪਹਿਲਾਂ ਰੇਲਵੇ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਮਨਵਾੜ ਰੇਲਵੇ ਸਟੇਸ਼ਨ ‘ਤੇ ਬਲਕਾਰ ਸਿੰਘ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਕਿ ਮੇਰੇ ਦੋਸਤ ਦੀ ਸਫਰ ਦੌਰਾਨ ਮ੍ਰਿਤੂ ਹੋ ਗਈ ਹੈ। ਇੰਸਪੈਕਟਰ ਨੇ ਲਾਸ਼ ਦਾ ਮੁਆਇਨਾ ਕੀਤਾ ਤਾਂ ਬਲਕਾਰ ਸਿੰਘ ਨੇ ਦੱਸਿਆ ਕਿ ਮਰਹੂਮ ਸਾਧਾਰਨ ਆਦਮੀ ਨਹੀਂ, ਕਵੀ ਵਜੋਂ ਰਾਸ਼ਟਰਪਤੀ ਤੋਂ ਇਨਾਮ ਲੈ ਚੁੱਕਾ ਹੈ। ਤੁਸੀਂ ਰਾਸ਼ਟਰਪਤੀ ਭਵਨ ਨਾਲ ਸੰਪਰਕ ਕਰੋ ਅਤੇ ਗਿਆਨੀ ਜ਼ੈਲ ਸਿੰਘ ਦੇ ਨਿੱਜੀ ਸਕੱਤਰ ਸ਼ ਕੁਲਵੰਤ ਸਿੰਘ ਨੂੰ ਦੱਸੋ ਕਿ ਉਦਾਸੀ ਨਾਲ ਇਹ ਘਟਨਾ ਵਾਪਰ ਗਈ ਹੈ। ਇਹ ਵੀ ਕਿਹਾ ਕਿ ਹੋ ਸਕੇ, ਤਾਂ ਮੇਰੇ ਨਾਲ ਗੱਲ ਕਰਵਾਓ। ਸ਼ਹਿਰ ਦੇ ਕੁਝ ਪਤਵੰਤੇ ਵੀ ਪਹੁੰਚ ਗਏ। ਸਭ ਨੇ ਵਾਪਰੀ ਘਟਨਾ ‘ਤੇ ਅਫਸੋਸ ਪ੍ਰਗਟ ਕੀਤਾ ਤੇ ਬਲਕਾਰ ਸਿੰਘ ਨੂੰ ਹੌਸਲਾ ਦਿੱਤਾ। ਬਲਕਾਰ ਸਿੰਘ ਦੀ ਲਿਖਤ ਅਨੁਸਾਰ ਵਿਚਾਰ-ਵਟਾਂਦਰੇ ਉਪਰੰਤ ਪੁਲਿਸ ਦੀ ਸਹਿਮਤੀ ਨਾਲ ਇਹ ਨਿਰਣੇ ਲਏ ਗਏ:
1æ ਲਾਸ਼ ਦਾ ਪੰਜਾਬ ਲਿਜਾਣਾ ਮੁਸ਼ਕਲ ਹੈ। ਬਹੁਤੇ ਪ੍ਰਾਂਤਾਂ ‘ਚੋਂ ਲੰਘਣ ਕਰ ਕੇ ਵੀ ਅਤੇ ਗਰਮੀ ਹੋਣ ਕਰ ਕੇ ਵੀ।
2æ ਮਰਹੂਮ ਦੇ ਬੱਚਿਆਂ ਨੂੰ ਤੁਰੰਤ ਸੂਚਿਤ ਕਰਨ ਦਾ ਕੰਮ ਮੇਰੇ ਜ਼ੁੰਮੇ ਲਾਇਆ ਗਿਆ।
3æ ਤਖ਼ਤ ਸਾਹਿਬ ਨੰਦੇੜ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਅਗਲੇ ਦਿਨ ਪਹੁੰਚਣ ਲਈ ਕਿਹਾ ਕਿਉਂਕਿ ਇੰਨਾ ਸਮਾਂ ਤਾਂ ਲੱਗਣਾ ਹੀ ਸੀ।
4æ ਮੈਨੂੰ ਰਾਤ ਨੂੰ ਚੱਲਣ ਵਾਲੀ ਗੱਡੀ ਉਤੇ ਚੜ੍ਹਾ ਦਿੱਤਾ ਗਿਆ, ਜਿਸ ਲਈ ਸਾਡੇ ਦੋਹਾਂ ਦੀ ਰਿਜ਼ਰਵੇਸ਼ਨ ਸੀ। ਉਦਾਸੀ ਦੀ ਖਾਲੀ ਸੀਟ ਨਾਲੋਂ ਉਸ ਦੀ ਲਾਸ਼ ਨਾਲ ਆਉਣਾ ਕਿਤੇ ਸੌਖਾ ਹੋਣਾ ਸੀ।
“ਮੈਂ ਸਿੱਧਾ ਪ੍ਰੋæ ਪ੍ਰੀਤਮ ਸਿੰਘ ਰਾਹੀ ਦੀ ਦੁਕਾਨ ‘ਤੇ ਬਰਨਾਲੇ ਪਹੁੰਚਿਆ। ਉਥੇ ਸਾਹਿਤ ਸਭਾ ਦੀ ਮੀਟਿੰਗ ਹੋ ਰਹੀ ਸੀ। ਪੁਰਾਣੇ ਦੋਸਤ ਮੈਨੂੰ ਦੇਖ ਕੇ ਖੁਸ਼ ਹੋ ਗਏ, ਪਰ ਛੇਤੀ ਹੀ ਮੇਰੀਆਂ ਉਡੀਆਂ ਹੋਈਆਂ ਹਵਾਈਆਂ ਦਾ ਸਬੱਬ ਪੁੱਛਿਆ। ਭਰੇ ਹੋਏ ਮਨ ਨਾਲ ਮੈਂ ਸੱਚ ਬਿਆਨ ਕਰ ਦਿੱਤਾ। ਉਨ੍ਹਾਂ ਨੇ ਉਦਾਸੀ ਦੇ ਘਰਦਿਆਂ ਨੂੰ ਸੂਚਿਤ ਕਰਨ ਦਾ ਜ਼ੁੰਮਾ ਲੈ ਲਿਆ ਸੀ, ਕਿਉਂਕਿ ਮੈਨੂੰ ਤਾਂ ਅੱਜ ਵੀ ਉਦਾਸੀ ਦੇ ਪਿੰਡ ਜਾਂ ਘਰ ਵਾਲਿਆਂ ਦਾ ਅਤਾ ਪਤਾ ਨਹੀਂ ਹੈ।”
ਬਲਕਾਰ ਸਿੰਘ ਉਥੋਂ ਪਟਿਆਲੇ ਚਲਾ ਗਿਆ। ਉਸ ਨੇ ਖ਼ੁਦ ਉਦਾਸੀ ਦੇ ਪਰਿਵਾਰ ਕੋਲ ਜਾਣ ਦੀ ਲੋੜ ਨਾ ਸਮਝੀ ਜਿਸ ਕਰ ਕੇ ਪਰਿਵਾਰ ਨੂੰ ਪਤਾ ਨਾ ਲੱਗ ਸਕਿਆ ਕਿ ਆਖ਼ਰੀ ਸਮੇਂ ਉਦਾਸੀ ਨਾਲ ਕੀ ਬੀਤੀ, ਕੀ ਹੋਇਆ, ਕੀ ਨਾ ਹੋਇਆ? ਉਹ ਲਿਖਦਾ ਹੈ, “ਇਹ ਸੱਚ ਹੈ ਕਿ ਉਦਾਸੀ ਦੇ ਅੰਤਲੇ ਪਲਾਂ ਵਿਚ ਮੈਂ ਉਸ ਦੇ ਕੰਮ ਵੀ ਨਹੀਂ ਆਇਆ, ਕਿਉਂਕਿ ਇਸ ਦਾ ਉਸ ਨੇ ਮੌਕਾ ਹੀ ਨਹੀਂ ਦਿੱਤਾ ਸੀ। ਬੇਗਾਨੀ ਧਰਤੀ ‘ਤੇ ਉਦਾਸੀ ਦੇ ਚੱਲ ਵਸਣ ਨਾਲ ਜੁੜੇ ਹੋਏ ਪ੍ਰਸ਼ਨਾਂ ਦੀ ਕੋਈ ਲੋੜ ਹੀ ਨਹੀਂ ਹੈ ਕਿਉਂਕਿ ਮੈਂ ਤਾਂ ਪਾਟੀ ਹੋਈ ਮਾਨਸਿਕਤਾ ਅਤੇ ਸ਼ਿਕਵਿਆਂ ਨਾਲ ਭਰੇ ਹੋਏ ਉਦਾਸੀ ਨੂੰ ਨਾਲ ਲਿਆ ਰਿਹਾ ਸੀ। ਅੱਜ ਮੈਨੂੰ ਲੱਗਦਾ ਹੈ ਕਿ ਉਹ ਅੰਤਾਂ ਦਾ ਬਿਮਾਰ ਸੀ ਤੇ ਉਸ ਨੂੰ ਤੀਮਾਰਦਾਰੀ ਦੀ ਬੜੀ ਲੋੜ ਸੀ। ਇਸ ਪਾਸੇ ਧਿਆਨ ਦੇਣ ਦੀ ਥਾਂ ਮੈਨੂੰ ਲੱਗਦਾ ਹੈ ਕਿ ਉਸ ਦੀ ਵਿਦਰੋਹੀ ਸੁਰ ਨਾਲ ਸੰਤੁਸ਼ਟ ਹੋਣ ਵਾਲਿਆਂ ਨੇ ਉਸ ਨੂੰ ਰੱਜ ਕੇ ਨਹੀਂ ਜਿਉਣ ਦਿੱਤਾ। ਸ਼ਾਇਦ ਉਦਾਸੀ ਵਰਗੇ ਫੜਫੜਾਉਂਦੇ ਜਿਉੜਿਆਂ ਦਾ ਇਹੀ ਅੰਤ ਹੁੰਦਾ ਹੈ ਅਤੇ ਹੁੰਦੇ ਰਹਿਣਾ ਹੈæææ।”

ਸੰਤ ਰਾਮ ਉਦਾਸੀ ਪੰਜਾਬੀ ਦਾ ਅਜ਼ੀਮ ਸ਼ਾਇਰ ਸੀ ਜੋ 1939 ਤੋਂ 1986 ਤਕ ਸੰਤਾਲੀ ਸਾਲ ਜੀਵਿਆ। ਉਸ ਦੇ ਤਿੰਨ ਕਾਵਿ ਸੰਗ੍ਰਹਿ ‘ਲਹੂ ਭਿੱਜੇ ਬੋਲ’, ‘ਚੌ-ਨੁਕਰੀਆਂ ਸੀਖਾਂ’ ਤੇ ‘ਸੈਨਤਾਂ’ ਉਸ ਦੀ ਹਯਾਤੀ ਵਿਚ ਛਪੇ। ਉਸ ਦੀਆਂ ਕੁਝ ਕਵਿਤਾਵਾਂ ਅਣਛਪੀਆਂ ਵੀ ਰਹਿ ਗਈਆਂ ਜੋ ਬਾਅਦ ਵਿਚ ਛਪਦੀਆਂ ਰਹੀਆਂ। ਲਿਖਾਰੀ ਸਭਾ ਬਰਨਾਲਾ ਨੇ ਉਸ ਦੇ ਅਣਛਪੇ ਗੀਤਾਂ ਤੇ ਕਵਿਤਾਵਾਂ ਦਾ ਸੰਗ੍ਰਹਿ ‘ਕੰਮੀਆਂ ਦਾ ਵਿਹੜਾ’ ਨਾਂ ਹੇਠ ਛਾਪਿਆ। ਇਹ ਨਾਂ ਉਦਾਸੀ ਨੇ ਜੀਂਦੇ ਜੀਅ ਤਜਵੀਜ਼ ਕੀਤਾ ਸੀ। ਜੀਂਦੇ ਜੀਅ ਉਸ ਦੀ ਕਦਰ ਤਾਂ ਪਈ, ਪਰ ਉਨੀ ਨਹੀਂ ਪੈ ਸਕੀ ਜਿੰਨੀ ਦਾ ਉਹ ਹੱਕਦਾਰ ਸੀ। ਅਜੇ ਵੀ ਉਨੀ ਨਹੀਂ ਪੈ ਰਹੀ ਜਿੰਨੀ ਦਾ ਉਹ ਹੱਕਦਾਰ ਹੈ ਜਦ ਕਿ ਕੁਝ ਇਕਨਾਂ ਦੀ ਹੱਦੋਂ ਵੱਧ ਪੈ ਰਹੀ ਹੈ।

ਉਦਾਸੀ ਦੀ ਦੇਹ ਦਾ ਅੰਤਮ ਸੰਸਕਾਰ ਧੜਿਆਂ ਵਿਚ ਵੰਡੇ ਕਾਮਰੇਡਾਂ ਵੱਲੋਂ ਲਾਲ ਸਲਾਮ ਕਹੇ ਬਿਨਾਂ ਇਕ ਸਿੱਖ ਦੀ ਲਾਵਾਰਸ ਲਾਸ਼ ਵਜੋਂ ਮਨਵਾੜ ਦੇ ਸਿੱਖਾਂ ਨੇ ਕੀਤਾ। ਉਹਦੀ ਜਨਮ ਭੋਇੰ ਰਾਏਸਰ ਨੂੰ ਆਪਣੇ ਲਾਲ ਦੀ ਮ੍ਰਿਤਕ ਦੇਹ ਦੇ ਦਰਸ਼ਨ ਨਾ ਨਸੀਬ ਹੋ ਸਕੇ। 12 ਨਵੰਬਰ ਨੂੰ ਉਦਾਸੀ ਦੇ ਦੋਵੇਂ ਰਿਸ਼ਤੇਦਾਰਾਂ ਨੇ ਆ ਕੇ ਦੱਸਿਆ ਕਿ ਉਹਦੇ ਫੁੱਲ ਗੋਦਾਵਰੀ ਨਦੀ ਵਿਚ ਤਾਰ ਆਏ ਹਨ ਤੇ ਉਹਦੇ ਸਮਾਨ ਵਾਲਾ ਬੈਗ ਲੈ ਆਏ ਹਨ। ਅਜਿਹੀ ਹੋਣੀ ਸੀ ਪੰਜਾਬੀ ਦੇ ਇਸ ਲੋਕ ਕਵੀ ਦੀ!
ਉਦਾਸੀ ਦੀ ਵਸੀਅਤ ਹੈ:
ਮੇਰੀ ਮੌਤ ‘ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ।
ਮੇਰੀ ਜ਼ਿੰਦਗੀ ਵੀ ਕੀ? ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫੀ ਤੀਲੀ ਬੇਸ਼ੱਕ ਨਾ ਲਾਇਓ।
ਵਲਗਣ ‘ਚ ਕੈਦ ਹੋਣਾ, ਮੇਰੇ ਨਹੀਂ ਮੁਆਫਕ,
ਯਾਰਾਂ ਦੇ ਵਾਂਗ ਅਰਥੀ ਸੜਕਾਂ ‘ਤੇ ਹੀ ਜਲਾਇਓ।
ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ,
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ।
(ਸਮਾਪਤ)