ਪੰਜਾਬੀ ਆਰਟਸ ਐਸੋਸੀਏਸ਼ਨ ਅਤੇ ਪੰਜਾਬੀ ਰੰਗ-ਮੰਚ

ਗੁਰਦਿਆਲ ਸਿੰਘ ਬੱਲ

ਮਨੁੱਖੀ ਜ਼ਿੰਦਗੀ ਦਾ ਕੀ ਅਰਥ ਹੈ? ਕਲਾ ਦਾ ਕੀ ਮਕਸਦ ਹੈ? ਇਨਸਾਨੀ ਜੀਵਨ ਤੇ ਕਲਾ ਦਾ ਆਪਸ ਵਿਚ ਕੀ ਸਬੰਧ ਹੈ? ਕਲਾ ਜੀਵਨ ਵਿਚੋਂ ਪੈਦਾ ਹੁੰਦੀ ਹੈ ਤੇ ਮੋੜਵੇਂ ਰੂਪ ਵਿਚ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ; ਕਿਵੇਂ ਕਰਦੀ ਹੈ? ਇਨਸਾਨੀ ਜ਼ਿੰਦਗੀ ਨੂੰ ਸੋਹਣੇ, ਸੁਚੱਜੇ ਤਰੀਕੇ ਨਾਲ ਜਿਉਣ ਦੀ ਜਾਚ ਸਿਖਾਉਣ ਵਿਚ ਕਲਾ ਦੀ ਕੀ ਭੂਮਿਕਾ ਹੈ, ਤੇ ਕਿਸ ਤਰ੍ਹਾਂ ਦੀ ਭੂਮਿਕਾ ਹੋਣੀ ਚਾਹੀਦੀ ਹੈ? ਇਹ ਸਾਰੇ ਸਵਾਲ ਮਨੁੱਖੀ ਸਭਿਅਤਾ ਜਿੰਨੇ ਹੀ ਪੁਰਾਣੇ ਹਨ। ਇਹ ਚਰਚਾ ਸਦਾ ਹੁੰਦੀ ਰਹੀ ਹੈ ਅਤੇ ਸਦਾ ਹੁੰਦੀ ਰਹਿਣੀ ਹੈ।
ਇਸ ਚਰਚਾ ਬਾਰੇ ਗੱਲ ਸ਼ੁਰੂ ਕਰਦਿਆਂ ਮਨ ਅੰਦਰ ਵਾਲਮੀਕ ਰਿਸ਼ੀ ਦੀ ‘ਰਮਾਇਣ’, ਰਿਸ਼ੀ ਵੇਦ ਵਿਆਸ ਦਾ ‘ਮਹਾਂ ਭਾਰਤ’, ਫਿਰਦੌਸੀ ਦਾ ‘ਸ਼ਾਹ ਨਾਮਾ’, ਹੋਮਰ ਦੀਆਂ ਰਚਨਾਵਾਂ ‘ਇਲੀਅਡ’ ਤੇ ‘ਉਡੀਸੀ’, ਮਹਾਂ ਕਵੀ ਕਾਲੀਦਾਸ ਦੀ ਰਚਨਾ ‘ਸ਼ਕੁੰਤਲਾ’, ਸੋਫੋਕਲੀਜ਼ ਦਾ ‘ਰਾਜਾ ਇਡੀਪਸ’, ਐਸਕਾਈਲਸ, ਯੂਰੀਪੀਡਸ ਅਤੇ ਯੂਨਾਨੀ ਹਾਸ ਰਸੀ ਨਾਟਕਕਾਰ ਅਰਿਸੋਟਫੇਨਜ ਦਾ ‘ਲਾਈਸੈਸਟਰਾਟਾ’ ਅਤੇ ਹੋਰ ਅਨੇਕਾਂ ਪ੍ਰਾਚੀਨ ਕ੍ਰਿਤਾਂ ਦਾ ਚੇਤਾ ਆਪ-ਮੁਹਾਰੇ ਉਭਰ ਆਉਂਦਾ ਹੈ। ਫਿਰ 1000 ਕੁ ਸਾਲ ਪਹਿਲਾਂ ਦਾ ਲੰਮਾ ਸਮਾਂ ਇੱਕ ਤਰ੍ਹਾਂ ਦੇ ਅੰਧਕਾਰ ਦਾ ਯੁੱਗ ਹੈ। 16ਵੀਂ ਸਦੀ ਵਿਚ ਸ਼ੇਕਸਪੀਅਰ ਨਾਲ ਯੂਰਪ ਅੰਦਰ ਆਧੁਨਿਕ ਨਾਟਕ ਦੀ ਸ਼ੁਰੂਆਤ ਹੁੰਦੀ ਹੈ, ਪਰ ਭਾਰਤੀ ਉਪ ਮਹਾਂਦੀਪ ਨੂੰ ਅਜਿਹੇ ਪੁਨਰ-ਜਾਗਰਨ ਲਈ 3-4 ਸੌ ਸਾਲ ਹੋਰ ਉਡੀਕ ਕਰਨੀ ਪੈਂਦੀ ਹੈ। ਪੰਜਾਬੀ ਨਾਟਕ ਨੂੰ ਨਵੀਂ ਸ਼ੁਰੂਆਤ ਲਈ ਰਸਤਾ 20ਵੀਂ ਸਦੀ ਦੇ ਪਹਿਲੇ ਦਹਾਕੇ ਬਾਅਦ ਹੀ ਮਿਲਦਾ ਹੈ ਜਦੋਂ ਪੰਜਾਬੀ ਰੰਗ-ਮੰਚ ਦੀ ਨੱਕੜਦਾਦੀ ਨੋਰਾ ਰਿਚਰਡ ਝੰਡਾ ਗੱਡਦੀ ਹੈ ਅਤੇ ਪੰਜਾਬੀ ਬੋਲੀ ਵਿਚ ਨਾਟਕ ਕਲਾ ਦੇ ਨਿਕਾਸ ਤੇ ਵਿਕਾਸ ਦੀ ਸ਼ੁਰੂਆਤ ਕਰਦੀ ਹੈ। ਨੋਰਾ ਰਿਚਰਡ ਪ੍ਰੇਰਨਾਮਈ ਅਤੇ ਬਹੁ-ਮੁਖੀ ਪ੍ਰਤਿਭਾ ਵਾਲੀ ਸ਼ਖਸੀਅਤ ਸੀ। ਪੰਜਾਬੀ ਸਾਹਿਤਕਾਰਾਂ ਦੀਆਂ ਕਈ ਪੀੜ੍ਹੀਆਂ ਨੂੰ ਉਸ ਨੇ ਪ੍ਰਭਾਵਤ ਕੀਤਾ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ।
ਨਾਟਕ ਕਲਾ ਅਤੇ ਨੋਰਾ ਰਿਚਰਡ ਦੀ ਪੰਜਾਬੀ ਨਾਟਕ ਨੂੰ ਦੇਣ ਬਾਰੇ ਕੁਝ ਇਸੇ ਤਰ੍ਹਾਂ ਦੇ ਵਿਚਾਰ ਟੋਰਾਂਟੋ ਦੀ ਪੰਜਾਬੀ ਆਰਟਸ ਐਸੋਸੀਏਸ਼ਨ ਦੇ ਬੁਲਾਰੇ ਅਤੇ ਰੂਹੇ-ਰਵਾਂ ਬਲਵਿੰਦਰ ਲੇਲ੍ਹਣਾ ਦੇ ਹਨ। ਪਿੱਛੇ ਜਿਹੇ ਉਨ੍ਹਾਂ ਨਾਲ ਬਰੈਂਪਟਨ (ਕੈਨੇਡਾ) ਵਿਚ ਨੋਰਾ ਦੀ ਯਾਦ ਵਿਚ ਪੰਜਾਬੀ ਨਾਟਕ ਦੀ ਸ਼ਤਾਬਦੀ ਨੂੰ ਸਮਰਪਿਤ ਨਾਟ ਮੇਲੇ ਤੋਂ ਬਾਅਦ ਇਸ ਬਾਰੇ ਗੱਲਾਂ ਹੋਈਆਂ। ਇਹ ਨਾਟ ਮੇਲਾ ਮਿਸ਼ਾਲ ਆਗਸ ਵਾਲੇ ਸਤਿੰਦਰ ਚਾਹਲ ਅਤੇ ਜਸਵਿੰਦਰ ਬੱਬੂ ਦੀ ਪਹਿਲਕਦਮੀ ‘ਤੇ ਪੰਜਾਬੀ ਆਰਟਸ ਐਸੋਸੀਏਸ਼ਨ, ਹੈਟਸ ਅੱਪ, ਚੇਤਨਾ ਕਲਚਰਲ ਸੈਂਟਰ ਅਤੇ ਜ਼ਫਰ ਸ਼ਾਹ ਦੀ ਟੀਮ ਵਲੋਂ ਲਾਇਆ ਗਿਆ। ਨਾਟ ਮੇਲੇ ਦੌਰਾਨ ਐਸੋਸੀਏਸ਼ਨ ਵਲੋਂ ‘ਪੰਜ ਡਾਲਰ ਦਾ ਨੋਟ’, ਹੈਟਸ ਅੱਪ ਵਲੋਂ ਗੁਰਸ਼ਰਨ ਸਿੰਘ ਲਿਖਤ ਨਾਟਕ ‘ਵੰਗਾਰ’, ਜ਼ਫਰ ਸ਼ਾਹ ਦੀ ਟੀਮ ਵਲੋਂ ‘ਦਾਖਲਾ ਫਰੀ’ ਅਤੇ ਚੇਤਨਾ ਕਲਚਰਲ ਸੈਂਟਰ ਵਾਲਿਆਂ ਦੀ ਟੀਮ ਵਲੋਂ ‘ਸੁਪਰ ਵੀਜ਼ਾ’ ਨਾਟਕ ਖੇਡੇ ਗਏ।
ਦੋ ਦਹਾਕੇ ਪਹਿਲਾਂ ਦੀਆਂ ਗੱਲਾਂ-ਬਾਤਾਂ ਹਨ, ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਦੇ ਕਲਾਕਾਰਾਂ ਵਲੋਂ ਆਪਣੀ ਸਰਗਰਮੀ 1992 ਵਿਚ ਪੰਜਾਬੀ ਲੋਕ ਮੇਲਾ ਕਰਵਾ ਕੇ ਸ਼ੁਰੂ ਕੀਤੀ ਸੀ। ਇਸ ਨਾਟ ਮੇਲੇ ਵਿਚ ਵੈਨਕੂਵਰ ਤੋਂ ਸਾਧੂ ਬਿਨਿੰਗ ਨੂੰ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਅਤੇ ਉਨ੍ਹਾਂ ਦੀ ਟੀਮ ਵਲੋਂ ਹੀ ਦੋ ਨਾਟਕ ਖੇਡੇ ਗਏ। ਮੇਲੇ ਦੀ ਸ਼ੁਰੂਆਤ ਅਤੇ ਸਫਲਤਾ ਦਾ ਸਿਹਰਾ ਕੁਲਦੀਪ ਰੰਧਾਵਾ, ਰਜਿੰਦਰ ਸਿੰਘ ਅਤੇ ਬਲਤੇਜ ਪੰਨੂੰ ਦੇ ਸਿਰ ਬੱਝਿਆ। 1994 ਵਿਚ ਡਾæ ਹਰਚਰਨ ਸਿੰਘ ਲਿਖਤ ਨਾਟਕ ‘ਹਿੰਦ ਦੀ ਚਾਦਰ’ ਅਤੇ 1996 ਵਿਚ ‘ਚਮਕੌਰ ਦੀ ਗੜ੍ਹੀ ਤੋਂ ਸਰਹਿੰਦ ਤੱਕ’ ਨਾਟਕ ਖੇਡੇ ਗਏ। ਮਗਰੋਂ ਟੋਰਾਂਟੋ ਵਿਚ ਪੰਜਾਬੀ ਰੰਗਮੰਚ ਦੀ ਕਾਰਕਰਦਗੀ ਨੂੰ ਨਿੱਗਰ ਹੁੰਗਾਰਾ ਡਾæ ਆਤਮਜੀਤ ਦੀ ਆਮਦ ਨਾਲ ਮਿਲਿਆ। ਉਨ੍ਹਾਂ ਦੀ ਨਿਰਦੇਸ਼ਨਾ ਹੇਠ 1995 ਵਿਚ ‘ਹੋਏ ਪਰਦੇਸੀ’, 1997 ਵਿਚ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਅਤੇ 1999 ਵਿਚ ‘ਸਭਿ ਕਿਛੁ ਹੋਤਿ ਉਪਾਇ’ ਨਾਟਕ ਬੜੀ ਕਾਮਯਾਬੀ ਨਾਲ ਖੇਡੇ ਗਏ। ਇਨ੍ਹਾਂ ਵਿਚੋਂ ਸਾਅਦਤ ਹਸਨ ਮੰਟੋ ਦੀ ਅਮਰ ਕਹਾਣੀ ‘ਟੋਭਾ ਟੇਕ ਸਿੰਘ’ ਉਤੇ ਆਧਾਰਤ ਨਾਟਕ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਬੜਾ ਜ਼ੋਰਦਾਰ ਰਿਹਾ। ਇਸ ਦਾ ਪ੍ਰਭਾਵ ਕਈਆਂ ਦੇ ਮਨ ਵਿਚ ਅੱਜ ਤੱਕ ਚਨੁਕਰੀ ਮੇਖ ਵਾਂਗ ਖੁਭਿਆ ਹੋਇਆ ਹੈ। ਇਹ ਨਾਟਕ ਭਾਰਤ, ਪਾਕਿਸਤਾਨ ਦੀ ਅਹਿਮਕਾਨਾ ਵੰਡ ਉਪਰ ਆਧਾਰਤ ਸੀ। ਬਲਜਿੰਦਰ ਲੇਲ੍ਹਣਾ, ਮੰਟੋ ਦੇ ਅੰਦਾਜ਼ ਦੀ ਗੱਲ ਵਾਰ-ਵਾਰ ਕਰਦੇ ਹਨ ਅਤੇ ਕਹਿੰਦੇ ਹਨ ਕਿ ਅਜਿਹੇ ਵਿਅੰਗਮਈ ਅੰਦਾਜ਼ ਵਿਚ ਮਾਨਵਵਾਦ ਅਤੇ ਮਾਨਵੀ ਏਕਤਾ ਦੇ ਸੁਨੇਹੇ ਦੀ ਇਸ ਤੋਂ ਬਿਹਤਰ ਕਥਾ ਕੋਈ ਲੇਖਕ ਕੀ ਪਾਵੇਗਾ!
2000 ਦੇ ਆਸ-ਪਾਸ ਪੰਜਾਬੀ ਭਾਈਚਾਰੇ ਦੀ ਮੰਗ ਆਈ ਕਿ ਵੱਧ ਤੋਂ ਵੱਧ ਨਾਟਕਾਂ ਦੇ ਵਿਸ਼ੇ ਕੈਨੇਡਾ ਵੱਸਦੇ ਆਪਣੇ ਲੋਕਾਂ ਦੀਆਂ ਸਮੱਸਿਆਵਾਂ ‘ਤੇ ਕੇਂਦ੍ਰਿਤ ਹੋਣੇ ਚਾਹੀਦੇ ਹਨ। ਬਲਜਿੰਦਰ ਲੇਲ੍ਹਣਾ ਦੀ ਆਪਣੀ ਰਾਏ ਵੀ ਇਹੀ ਸੀ। ਉਹ ਮੰਨਦੇ ਹਨ ਕਿ ਉਨ੍ਹਾਂ ਦੀਆਂ ਸਭਿਆਚਾਰਕ, ਭਾਈਚਾਰਕ ਜੜ੍ਹਾਂ ਪੰਜਾਬ ਦੀ ਧਰਤੀ ਵਿਚ ਹਨ, ਇਹ ਜੜ੍ਹਾਂ ਹੀ ਸਾਡੇ ਲੋਕਾਂ ਨੂੰ ਪਛਾਣ ਦਾ ਅਹਿਸਾਸ ਦਿੰਦੀਆਂ ਹਨ ਜੋ ਇਨਸਾਨੀ ਸ਼ਖਸੀਅਤ ਦੇ ਵਿਕਾਸ ਤੇ ਵਿਗਾਸ ਲਈ ਅਹਿਮ ਵੀ ਹੈ, ਪਰ ਇਹ ਵੀ ਉਤਨੀ ਹੀ ਜ਼ੋਰਦਾਰ ਸੱਚਾਈ ਹੈ ਕਿ ਪੰਜਾਬ ਛੱਡ ਕੇ ਆਏ ਸਾਡੇ ਲੋਕਾਂ ਦੇ ਨਵੇਂ ਘਰ ਹੁਣ ਕੈਨੇਡਾ ਅਤੇ ਅਮਰੀਕਾ ਵਿਚ ਹਨ। ਉਨ੍ਹਾਂ ਦੀਆਂ ਸਮੱਸਿਆਵਾਂ ਵੀ ਪਰਵਾਸ ਦੀ ਇਸ ਹਕੀਕਤ ਨਾਲ ਜੁੜੀਆਂ ਹੋਈਆਂ ਹਨ। ਪੰਜਾਬੀ ਵਿਰਸੇ ਨੂੰ ਹਰ ਹਾਲ ਵਿਚ ਚੇਤੇ ਰੱਖਿਆ ਜਾਣਾ ਚਾਹੀਦਾ ਹੈ, ਪਰ ਆਪਣੇ ਨਵੇਂ ‘ਹੋਮ ਲੈਂਡ’ ਹੁਣ ਸਾਡੇ ਲੋਕਾਂ ਨੇ ਕੈਨੇਡਾ ਦੀ ਧਰਤੀ ‘ਤੇ ਹੀ ਬਣਾਉਣੇ ਹਨ। ਇਸ ਲਈ ਰਵਾਇਤੀ ਹੇਰਵੇ ਤੋਂ ਹੁਣ ਬਾਹਰ ਆ ਜਾਣਾ ਚਾਹੀਦਾ ਹੈ। ਹੇਰਵਾ ਸਕਾਰਾਤਮਿਕ ਹੋਵੇ ਤਾਂ ਉਸ ਵਿਚ ਵੀ ਬਿਹਤਰੀ ਹੈ, ਨਾਕਾਰਤਮਿਕ ਭੋਂ ਹੇਰਵੇ ਨੇ ਜਿਸ ਤਰ੍ਹਾਂ ਦੇ ਗੁਲ ਖਿਲਾਏ ਹਨ, ਉਹ ਸਾਡੇ ਲੋਕਾਂ ਨੇ ਪਿਛਲੇ ਦੋ-ਤਿੰਨ ਦਹਾਕਿਆਂ ਦੌਰਾਨ ਵੇਖ ਹੀ ਲਏ ਹਨ। ਲੋੜ ਹੁਣ ਉਸ ਤਰ੍ਹਾਂ ਦੇ ‘ਭੋਂ’ ਹੇਰਵੇ ਤੋਂ ਬਾਹਰ ਆਉਣ ਦੀ ਹੈ। ਕਲਾ ਅਤੇ ਕਲਾਕਾਰ ਇਸ ਦਿਸ਼ਾ ਵਿਚ ਨਿਸਚੇ ਹੀ ਸਾਰਥਿਕ ਭੂਮਿਕਾ ਨਿਭਾਅ ਸਕਦੇ ਹਨ।
ਇਸੇ ਸਰੋਕਾਰ ਨੂੰ ਧਿਆਨ ਵਿਚ ਰੱਖਦਿਆਂ ਕਲੱਬ ਵਲੋਂ 2000 ਵਿਚ ਮੇਜਰ ਮਾਂਗਟ ਦਾ ਲਿਖਿਆ ਨਾਟਕ ‘ਪਿੰਜਰੇ’ ਖੇਡਿਆ ਗਿਆ। ਇਹ ਨਾਟਕ ਕੈਨੇਡਾ ਆਏ ਪੰਜਾਬੀ ਮੂਲ ਦੇ ਲੋਕਾਂ ਦੀਆਂ ਪਰਿਵਾਰਕ ਸਮੱਸਿਆਵਾਂ ਅਤੇ ਵਹਿਮਾਂ-ਭਰਮਾਂ ਦੇ ਮੱਕੜ ਜਾਲ ਬਾਰੇ ਸੀ। ਬਲਜਿੰਦਰ ਲੇਲ੍ਹਣਾ ਨੇ ਖੁਦ 2003-04 ਵਿਚ ਨਾਟਕ ‘ਆਤਿਸ਼’ ਦਾ ਨਿਰਦੇਸ਼ਨ ਕੀਤਾ ਜਿਹੜਾ ਵਿੰਗ ਕਮਾਂਡਰ ਬੀæਐਸ਼ ਫਲਾਵਰ ਦਾ ਲਿਖਿਆ ਹੋਇਆ ਸੀ। ਇਹ ਨਾਟਕ ਪੀੜ੍ਹੀਆਂ ਦੇ ਪਾੜੇ ਕਾਰਨ ਪੈਦਾ ਹੋਣ ਵਾਲੇ ਤਨਾਜਿਆਂ ਨਾਲ ਸਬੰਧਤ ਸੀ। 2005-06 ਵਿਚ ਪਾਲੀ ਭੁਪਿੰਦਰ ਦਾ ਨਾਟਕ ‘ਧੁਖਦੇ ਕਲੀਰੇ’ ਇਕਬਾਲ ਮਾਹਲ ਦੇ ਸਹਿਯੋਗ ਨਾਲ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਅੰਦਰ ਖੇਡਿਆ ਗਿਆ। ਇਸ ਨਾਟਕ ਨੂੰ ਨਿਰਦੇਸ਼ਨਾ ਮੈਡਮ ਨਿਰਮਲ ਰਿਸ਼ੀ ਨੇ ਦਿੱਤੀ। ਇਸ ਨਾਟਕ ਦਾ ਥੀਮ ਕੈਨੇਡਾ ਆਉਣ ਦੇ ਲਾਲਚ ਵਿਚ ਨੌਜਵਾਨ ਕੁੜੀਆਂ-ਮੁੰਡਿਆਂ ‘ਤੇ ਠੋਸੇ ਜਾਣ ਵਾਲੇ ਬੇਲੋੜੇ ਅਤੇ ‘ਅਣਮਨੁੱਖੀ’ ਰਿਸ਼ਤਿਆਂ ‘ਤੇ ਆਧਾਰਤ ਸੀ। 2007 ਵਿਚ ਐਸੋਸੀਏਸ਼ਨ ਵਲੋਂ ਪਾਲੀ ਭੁਪਿੰਦਰ ਦਾ ਇਕ ਹੋਰ ਨਾਟਕ ‘ਰਾਤ ਚਾਨਣੀ’ ਖੇਡਿਆ ਗਿਆ। ਇਸ ਨਾਟਕ ਨੂੰ ਖੁਦ ਉਨ੍ਹਾਂ ਨੇ ਕੁਲਦੀਪ ਰੰਧਾਵਾ ਦੇ ਸਹਿਯੋਗ ਨਾਲ ਨਿਰਦੇਸ਼ਤ ਕੀਤਾ। ਇਸ ਨਾਟਕ ਦਾ ਥੀਮ ਨਰੜ ਵਿਆਹਾਂ ਅਤੇ ਸੌਦੇਬਾਜ਼ੀ ਵਿਚ ਹੋ ਰਹੇ ਰਿਸ਼ਤਿਆਂ ਦੀ ‘ਸਿਆਸਤ’ ਉਤੇ ਆਧਾਰਤ ਸੀ। ਐਸੋਸੀਏਸ਼ਨ ਵਲੋਂ ਪਾਲੀ ਭੁਪਿੰਦਰ ਦੀ ਨਿਰਦੇਸ਼ਨਾ ਹੇਠ ‘ਰੌਂਗ ਨੰਬਰ’, ‘ਮੀ ਐਂਡ ਮਾਈ ਸਟੋਰੀ’ ਅਤੇ ਸਰਬਜੀਤ ਅਰੋੜਾ ਦੀ ਨਿਰਦੇਸ਼ਨਾ ਹੇਠ ‘ਆਰæਐਸ਼ਵੀæਪੀæ’ ਨਾਟਕ ਵੀ ਕਰਵਾਏ ਗਏ।
2010 ਵਿਚ ਬਲਜਿੰਦਰ ਲੇਲ੍ਹਣਾ ਵਲੋਂ ‘ਸਿਰਜਣਾ’ ਅਤੇ ਸਰਬਜੀਤ ਅਰੋੜਾ ਵਲੋਂ ‘ਮਿਸਟਰ ਐਮæਐਲ਼ਏ’ ਸਿਰਲੇਖਾਂ ਹੇਠਲੇ ਨਾਟਕ ਨਿਰਦੇਸ਼ਤ ਕੀਤੇ ਗਏ। ‘ਸਿਰਜਣਾ’ ਪਾਲੀ ਭੁਪਿੰਦਰ ਨੇ ਲਿਖਿਆ ਸੀ ਅਤੇ ਇਸ ਵਿਚ ਭਰੂਣ ਹੱਤਿਆ ਦਾ ਮੁੱਦਾ ਉਠਾਇਆ ਗਿਆ ਸੀ। ‘ਮਿਸਟਰ ਐਮæਐਲ਼ਏ’ ਰਾਜਨੀਤਕ ਵਿਅੰਗ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਸਿਆਸਤਦਾਨ ਨਿੱਕੇ-ਨਿੱਕੇ ਲਾਲਚਾਂ ਲਈ ਕਿਸ ਤਰ੍ਹਾਂ ਦੇ ਕੌਤਕ ਕਰਦੇ ਹਨ।
ਹੁੰਦੇ-ਹੁੰਦੇ ਸਾਲ 2013 ਆ ਗਿਆ ਜੋ ਭਾਰਤੀ/ਪੰਜਾਬੀ/ਸਿੱਖ ਭਾਈਚਾਰਕ ਮੂਲ ਦੇ ਲੋਕਾਂ ਦੀ ਕੈਨੇਡਾ ਵੱਲ ਆਮਦ ਅਤੇ ਸ਼ਾਨਾਮਤੀ ਗਦਰ ਲਹਿਰ ਦੀ ਸ਼ਤਾਬਦੀ ਦਾ ਸਾਲ ਹੈ। ਬਲਜਿੰਦਰ ਲੇਲ੍ਹਣਾ ਨੂੰ ਗਦਰ ਲਹਿਰ ਵਿਚ ਮੁੱਢ ਤੋਂ ਹੀ ਦਿਲਚਸਪੀ ਸੀ। ਦਰਅਸਲ, ਉਨ੍ਹੀਂ ਦਿਨੀਂ ‘ਮੋਗਾ ਮੂਵਮੈਂਟ’ ਅਤੇ ਉਸ ਤੋਂ ਪ੍ਰੇਰਤ ਪੀæਐਸ਼ਯੂæ ਦੀ ਅਗਵਾਈ ਹੇਠ ਵਿਦਿਆਰਥੀ ਅੰਦੋਲਨ ਦਾ ਸਮਾਂ ਸੀ। ਨੌਜਵਾਨ ਰੂਸੀ ਇਨਕਲਾਬ ਦੀ ਗੱਲ ਤਾਂ ਕਰਦੇ ਹੀ ਸਨ, ਉਸ ਦੌਰ ਦੇ ਨੌਜਵਾਨ ਸ਼ਹੀਦ ਭਗਤ ਸਿੰਘ ਅਤੇ ਖੁਦ ਸ਼ਹੀਦ ਭਗਤ ਸਿੰਘ ਦੀ ਪ੍ਰੇਰਨਾ ਦੇ ਸੋਮੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਗੱਲ ਅਕਸਰ ਕਰਦੇ ਹੁੰਦੇ ਸਨ। ਬਹੁਤਿਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਮਹਾਨ ਜੀਵਨ ਗਾਥਾ ਪੰਜਾਬੀ ਦੇ ਸਿਰਮੌਰ ਨਾਵਲਕਾਰ ਨਾਨਕ ਸਿੰਘ ਦਾ ਨਾਵਲ ‘ਇੱਕ ਮਿਆਨ ਦੋ ਤਲਵਾਰਾਂ’ ਪੜ੍ਹ ਕੇ ਜਾਣੀ ਸੀ। ਬਲਜਿੰਦਰ ਨੇ ਵੀ ਇਹ ਨਾਵਲ ਅਤੇ ਜਸਵੰਤ ਸਿੰਘ ਕੰਵਲ ਦਾ ਨਾਵਲ ‘ਰਾਤ ਬਾਕੀ ਹੈ’ ਦੋ-ਦੋ ਵਾਰ ਪੜ੍ਹੇ ਸਨ। ਫਿਰ ਪਿਛਲੇ ਵਰ੍ਹੇ ਜਦੋਂ ਗਦਰ ਲਹਿਰ ਸ਼ਤਾਬਦੀ ਸਮਾਰੋਹਾਂ ਦੀ ਗੱਲ ਚੱਲੀ ਤਾਂ ਉਨ੍ਹਾਂ ਮੁੜ ਆਪਣੇ ਮਿੱਤਰ ਪਾਲੀ ਭੁਪਿੰਦਰ ਨਾਲ ਗੱਲ ਕੀਤੀ। ਉਨ੍ਹਾਂ ਦੀ ਸੰਸਥਾ ਵਲੋਂ ਪਿਛਲੇ ਵਰ੍ਹੇ ਪੇਸ਼ ਨਾਟਕ ‘ਇਕ ਸੁਪਨੇ ਦਾ ਪੁਲੀਟੀਕਲ ਮਰਡਰ’ ਇਕ ਤਰ੍ਹਾਂ ਨਾਲ ਇਸ ਸਾਂਝੇ ਸਰੋਕਾਰ ਦਾ ਹੀ ਸਿੱਟਾ ਸੀ।
ਹਾਲ ਹੀ ਵਿਚ ਪੰਜਾਬੀ ਨਾਟਕ ਦੀ ਸ਼ਤਾਬਦੀ ਨੂੰ ਸਮਰਪਿਤ ਮੇਲੇ ਵਿਚ ‘ਪੰਜ ਡਾਲਰ ਦਾ ਨੋਟ’ ਨਾਟਕ ਖੇਡਿਆ ਗਿਆ। ਇਹ ਨਾਟਕ ਹਰਪ੍ਰੀਤ ਸੇਖਾ ਦੀ ਕਹਾਣੀ ‘ਤੇ ਆਧਾਰਤ ਸੀ। ਇਸ ਦਾ ਨਾਟਕੀ ਰੂਪਾਂਤਰਨ ਇਕ ਵਾਰ ਮੁੜ ਪਾਲੀ ਭੁਪਿੰਦਰ ਦਾ ਸੀ ਅਤੇ ਨਿਰਦੇਸ਼ਨਾ ਦੀ ਜ਼ਿੰਮੇਵਾਰੀ ਐਤਕੀਂ ਸਰਬਜੀਤ ਅਰੋੜਾ ਵਲੋਂ ਨਿਭਾਈ ਗਈ। ਇਸ ਨਾਟਕ ਦਾ ਥੀਮ ਥੁੜ੍ਹਾਂ ਮਾਰੀ ਜ਼ਿੰਦਗੀ ਦੀਆਂ ਉਹ ਪ੍ਰੇਸ਼ਾਨੀਆਂ ਹਨ ਜਿਸ ਕਿਸਮ ਦੀਆਂ ਪ੍ਰੇਸ਼ਾਨੀਆਂ ਸੁਜਾਨ ਸਿੰਘ ਦੀ ਕਹਾਣੀ ‘ਕੁਲਫੀ’ ਜਾਂ ਰਜਿੰਦਰ ਸਿੰਘ ਬੇਦੀ ਦੀ ਕਹਾਣੀ ‘ਗਰਮ ਕੋਟ’ ਵਿਚ ਦਰਜ ਹੋਈਆਂ ਹਨ। ਇਹ ਕਹਾਣੀ ਦੱਸਦੀ ਹੈ ਕਿ ਅਜੋਕੀ ਦੁਨੀਆਂ ਅੰਦਰ ਬਥੇਰੀਆਂ ਤਰੱਕੀਆਂ ਹੋ ਗਈਆਂ ਹਨ, ਯੁੱਗ ਬਦਲ ਗਏ ਹਨ, ਪਰ ਆਮ ਆਦਮੀ ਦੀ ਹੋਣੀ ਅੱਜ ਵੀ ਉਸੇ ਤਰ੍ਹਾਂ ਦੀਆਂ ਗੁੰਝਲਾਂ ਵਿਚ ਫਸੀ ਹੋਈ ਹੈ। ਨਾਟਕ ਦੀ ਕਹਾਣੀ ਦਾ ਨਾਇਕ ਜੈਮਲ ਸਿੰਘ ਆਪਣੇ ਨੂੰਹ-ਪੁੱਤਰ ਕੋਲ ਕੈਨੇਡਾ ਦੀ ‘ਖਵਾਬਾਂ’ ਦੀ ਧਰਤੀ ਉਤੇ ‘ਲੈਂਡ’ ਤਾਂ ਕਰ ਗਿਆ ਪਰ ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ ਨੇ ਉਸ ਦਾ ਖਹਿੜਾ ‘ਬਹੁਲਤਾ ਵਾਲੇ ਇਸ ਸੰਸਾਰ’ ਅੰਦਰ ਵੀ ਛੱਡਿਆ ਨਹੀਂ। ਇਸੇ ਤਰ੍ਹਾਂ ਦੇ ਥੀਮ ਨੂੰ ਦੋ ਕੁ ਦਹਾਕੇ ਪਹਿਲਾਂ ਵਾਲੀ ਪੀੜ੍ਹੀ ਦੇ ਸਮਰੱਥ ਕਥਾਕਾਰ ਅਮਨਪਾਲ ਸਾਰਾ ਨੇ ‘ਵੀਹਾਂ ਦਾ ਨੋਟ’ ਨਾਂ ਦੀ ਕਥਾ-ਕਹਾਣੀਆਂ ਦੀ ਯਾਦਗਾਰੀ ਕਿਤਾਬ ਵਿਚ ਛੂਹਿਆ ਸੀ। ਹਰਪ੍ਰੀਤ ਸੇਖਾ, ਅਮਨਪਾਲ ਸਾਰਾ ਦੀ ਰਵਾਇਤ ਨੂੰ ਹੀ ਅਗਾਂਹ ਤੋਰਦਾ ਹੈ।
20ਵੀਂ ਸਦੀ ਦੇ ਪੰਜਾਬੀ ਨਾਟਕ ਬਾਰੇ ਬਲਜਿੰਦਰ ਲੇਲ੍ਹਣਾ ਦਾ ਵਿਚਾਰ ਸੀ ਕਿ ਇਸ ਦਿਸ਼ਾ ਵਿਚ ਮੁਢਲੇ ਨਾਟਕਕਾਰਾਂ ਵਿਚੋਂ ਆਈæਸੀæ ਨੰਦਾ ਦਾ ਕੰਮ ਵਧੀਆ ਸੀ। ਉਸ ਦੇ ਨਾਟਕ ਸਮਾਜਕ ਸਰੋਕਾਰਾਂ ਨਾਲ ਵਾਬਸਤਾ ਸਨ। ਉਸ ਤੋਂ ਬਾਅਦ ਬਲਵੰਤ ਗਾਰਗੀ ਨਿਸਚੇ ਹੀ ਪੰਜਾਬੀ ਨਾਟਕ ਦੀ ਦਿਓ-ਕੱਦ ਸ਼ਖਸੀਅਤ ਸੀ, ਪਰ ਗਾਰਗੀ ਨੇ ਔਰਤ-ਮਰਦ ਸਬੰਧਾਂ, ਇਥੋਂ ਤਕ ਕਿ ਉਲਾਰ ਮਨੁੱਖੀ ਰੁਚੀਆਂ ਨੂੰ ਵੱਖ-ਵੱਖ ਕੋਣਾਂ ਤੋਂ ਸਮਝਣ ਅਤੇ ਪੇਸ਼ ਕਰਨ ‘ਤੇ ਇਤਨਾ ਜ਼ਿਆਦਾ ਅਤੇ ਇਕਪਾਸੜ ਜ਼ੋਰ ਲਗਾ ਦਿੱਤਾ ਕਿ ਜੀਵਨ ਦੇ ਹੋਰ ਅਨੇਕਾਂ ਪਹਿਲੂਆਂ ਨੂੰ ਮੂਲੋਂ ਹੀ ਨਜ਼ਰਅੰਦਾਜ਼ ਕਰ ਦਿੱਤਾ। ਫਿਰ ਵੀ ਉਸ ਦਾ ਪਹਿਲਾ ਨਾਟਕ ‘ਲੋਹਾ ਕੁੱਟ’ ਵਧੀਆ ਸੀ, ਮਾਨੋ ਗਾਰਗੀ ਨੇ ਸ਼ੁਰੂਆਤ ਹੀ ਸਿਖਰ ਤੋਂ ਕੀਤੀ ਸੀ। ਸੰਤ ਸਿੰਘ ਸੇਖੋਂ ਦੀਆਂ ਕਹਾਣੀਆਂ ਵਧੀਆ ਸਨ, ਪਰ ਨਾਟਕ ਦੇ ਖੇਤਰ ਵਿਚ ਉਨ੍ਹਾਂ ਕੋਲੋਂ ਗੱਲ ਨਾ ਬਣ ਸਕੀ। ਡਾæ ਹਰਚਰਨ ਸਿੰਘ, ਕਪੂਰ ਸਿੰਘ ਘੁੰਮਣ ਅਤੇ ਗੁਰਦਿਆਲ ਸਿੰਘ ਫੁੱਲ ਨੇ ਵੀ ਵਧੀਆ ਨਾਟਕਾਂ ਦੀ ਰਚਨਾ ਕੀਤੀ, ਪਰ ਪੰਜਾਬ ਦੀ ਗਰੀਬ ਕਿਸਾਨੀ ਦੀਆਂ ਥੁੜ੍ਹਾਂ ਤੇ ਤੰਗੀਆਂ ਨੂੰ ਆਪਣੇ ਨਾਟਕਾਂ ਅਤੇ ਇਕਾਂਗੀਆਂ ਦਾ ਕੇਂਦਰੀ ਸਰੋਕਾਰ ਅਜਮੇਰ ਔਲਖ ਨੇ ਬਣਾਇਆ।
ਕੁਲਦੀਪ ਰੰਧਾਵਾ, ਹਰਭਜਨ ਫਲੌਰ, ਜਨਕ ਜੋਸ਼ੀ, ਜਗਮਾਲ ਚਾਹਲ ਅਤੇ ਬਲਜਿੰਦਰ ਲੇਲ੍ਹਣਾ ਨੇ 20-22 ਵਰ੍ਹੇ ਪਹਿਲਾਂ ਜਿਸ ਸਭਿਆਚਾਰਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਉਸੇ ਪਰਿਵਾਰ ਵਿਚ ਅੱਜ ਸਰਬਜੀਤ ਅਰੋੜਾ, ਤਰਨਜੀਤ ਸੰਧੂ, ਹਰਜੀਤ ਔਜਲਾ, ਤੇਜਿੰਦਰ ਬੇਦੀ, ਨਿਰੰਕਾਰ ਸੰਧੂ, ਗੁਰਚਰਨ ਸਿੰਘ, ਗੁਰਿੰਦਰ ਢਿਲੋਂ, ਜਗਵਿੰਦਰ ਜੱਜ, ਨਵਕਿਰਨ ਲੇਲ੍ਹਣਾ, ਰਜੇਸ਼ ਪ੍ਰਭਾਕਰ, ਪਵਨ ਸੰਧੂ, ਨਵਕਿਰਨ ਰੰਧਾਵਾ, ਹਰਲੀਨ, ਬਲਦੀਪ, ਦੀਪਾ ਗਰੇਵਾਲ, ਹਰਮਨ ਸਿੱਧੂ, ਸਤਨਾਮ ਫਲੌਰ, ਮਨਦੀਪ ਵੜੈਚ, ਬਿਲਾਵਲ ਕਾਹਲੋਂ, ਪਰਵਿੰਦਰ ਆਦਿ ਮੈਂਬਰਾਂ ਦਾ ਤਕੜਾ ਕਾਫਲਾ ਹੈ ਅਤੇ ਇਹ ਸਾਰੇ ਆਪਣੇ ਪ੍ਰਧਾਨ ਕੁਲਦੀਪ ਰੰਧਾਵਾ ਦੀ ਅਗਵਾਈ ਹੇਠ ਪੂਰੀ ਪ੍ਰਤੀਬਧਤਾ ਨਾਲ ਕੰਮ ਕਰ ਰਹੇ ਹਨ।