ਚੇ ਗੁਵੇਰਾ ਦੀਆਂ ਤਸਵੀਰਾਂ-ਇਨਕਲਾਬ ਦਾ ਅਕਸ

ਸਮੁੱਚੇ ਸੰਸਾਰ ਵਿਚ ਇਨਕਲਾਬ ਦਾ ਅਕਸ ਬਣਿਆ ਮਿਸਾਲੀ ਆਗੂ ਚੇ ਗੁਵੇਰਾ ਇਕ ਵਾਰ ਫਿਰ ਚਰਚਾ ਵਿਚ ਹੈ। ਉਸ ਦੀਆਂ ਆਖਰੀ ਵਕਤ ਵਾਲੀਆਂ ਕੁਝ ਤਸਵੀਰਾਂ ਸਪੇਨ ਵਿਚ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਏæਐਫ਼ਪੀæ ਦੇ ਫੋਟੋਗਰਾਫਰ ਮਾਰਕ ਹੱਟਨ ਨੇ ਉਸ ਸਮੇਂ ਖਿੱਚੀਆਂ ਸਨ ਜਦੋਂ ਚੇ ਗੁਵੇਰਾ ਨੂੰ ਗੋਲੀਆਂ ਮਾਰਨ ਬਾਅਦ ਸਟਰੈਚਰ ‘ਤੇ ਲਿਆਂਦਾ ਜਾ ਰਿਹਾ ਸੀ। ਅਸੀਂ ਇਥੇ ਚੇ ਗੁਵੇਰਾ ਦੀ ਇਕ ਹੋਰ ਪ੍ਰਸਿੱਧ ਤਸਵੀਰ ਦੀ ਚਰਚਾ ਕਰ ਰਹੇ ਹਾਂ ਜੋ ਅੱਜ ਵੀ ਸੰਸਾਰ ਭਰ ਦੇ ਇਨਕਲਾਬੀਆਂ ਲਈ ਪ੍ਰੇਰਨਾ ਦਾ ਸੋਮਾ ਹੈ। -ਸੰਪਾਦਕ

-ਜਗਜੀਤ ਸਿੰਘ ਸੇਖੋਂ
ਅਰਜਨਟੀਨਾ ਵਿਚ ਜਨਮੇ ਅਤੇ ਕਿਊਬਾ ਦੇ ਇਨਕਲਾਬ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਮਿਸਾਲੀ ਕਮਿਊਨਿਸਟ ਆਗੂ ਚੇ ਗੁਵੇਰਾ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਹਨ। ਬੋਲੀਵੀਆ ਦੇ ਜੰਗਲਾਂ ਵਿਚ ਜਦੋਂ ਅਮਰੀਕਾ ਦੀ ਖੁਫੀਆ ਏਜੰਸੀ ਸੀæਆਈæਏæ ਨੇ 8 ਅਕਤੂਬਰ 1967 ਵਿਚ ਉਸ ਨੂੰ ਫੜ ਕੇ ਗੋਲੀ ਮਾਰੀ ਤਾਂ ਉਸ ਵੇਲੇ ਉਸੇ ਦੀ ਉਮਰ 39 ਸਾਲ ਸੀ ਅਤੇ ਉਦੋਂ ਤੱਕ ਉਹ ਸੰਸਾਰ ਭਰ ਦੇ ਇਨਕਲਾਬੀਆਂ ਲਈ ਪ੍ਰੇਰਨਾ ਸਰੋਤ ਬਣ ਚੁੱਕਾ ਸੀ। ਉਸ ਵੇਲੇ ਅਮਰੀਕੀ ਅਧਿਕਾਰੀਆਂ ਨੇ ਚੇ ਗੁਵੇਰਾ ਦੇ ਹੱਥ ਵੱਢ ਕੇ ਉਸ ਦੀ ਦੇਹ ਕਿਸੇ ਅਣਦੱਸੀ ਥਾਂ ਦਫਨਾ ਦਿੱਤੀ ਸੀ। ਉਸ ਦੀਆਂ ਅਸਥੀਆਂ ਬਾਰੇ ਪਤਾ ਆਖਰਕਾਰ 1997 ਵਿਚ ਜਾ ਕੇ ਲੱਗਾ। ਇਨ੍ਹਾਂ ਅਸਥੀਆਂ ਦੀ ਪਛਾਣ ਇਹੀ ਸੀ ਕਿ ਸਰੀਰ ਨਾਲੋਂ ਹੱਥ ਵੱਢੇ ਹੋਏ ਸਨ। ਹੱਥ ਵੱਢਣ ਤੋਂ ਪਹਿਲਾਂ ਚੇ ਗੁਵੇਰਾ ਦੀ ਲਾਸ਼ ਪੱਤਰਕਾਰਾਂ ਨੂੰ ਦਿਖਾਈ ਗਈ ਸੀ। ਉਸ ਵੇਲੇ ਦੀਆਂ ਕੁਝ ਤਸਵੀਰਾਂ ਅਖਬਾਰਾਂ ਵਿਚ ਛਪੀਆਂ ਸਨ, ਪਰ ਹੁਣ ਉਸ ਦੀਆਂ ਕੁਝ ਹੋਰ ਤਸਵੀਰਾਂ ਸਪੇਨ ਦੇ ਇਕ ਕਸਬੇ ਵਿਚੋਂ ਮਿਲੀਆਂ ਹਨ ਜਿਹੜੀਆਂ ਅਜੇ ਤੱਕ ਕਿਤੇ ਨਸ਼ਰ ਨਹੀਂ ਸਨ ਹੋਈਆਂ। ਇਹ ਤਸਵੀਰਾਂ ਏæਐਫ਼ਪੀæ ਦੇ ਫੋਟੋਗ੍ਰਾਫਰ ਮਾਰਕ ਹੱਟਨ ਨੇ ਖਿੱਚੀਆਂ ਸਨ। ਇਨ੍ਹਾਂ ਤਸਵੀਰਾਂ ਵਿਚ ਚੇ ਗੁਵੇਰੇ ਦੇ ਜੈਕਟ ਪਾਈ ਹੋਈ ਹੈ ਅਤੇ ਉਸ ਦੀਆਂ ਅੱਖਾਂ ਖੁੱਲ੍ਹੀਆਂ ਹਨ।
ਉਂਜ, ਚੇ ਗੁਵੇਰਾ ਦੀ ਜਿਹੜੀ ਤਸਵੀਰ ਸਭ ਤੋਂ ਵੱਧ ਮਸ਼ਹੂਰ ਹੋਈ, ਉਹ ਕਿਊਬਾ ਦੇ ਫੋਟੋਗ੍ਰਾਫਰ ਅਲਬਰਟੋ ਕੋਰਡਾ (14 ਸਤੰਬਰ 1928-25 ਮਈ 2001) ਨੇ ਖਿੱਚੀ ਸੀ। ਹੁਣ ਤੱਕ ਇਸ ਤਸਵੀਰ ਦੇ ਜਿੰਨੇ ਪ੍ਰਿੰਟ ਛਪ ਚੁੱਕੇ ਹਨ, ਮਾਰਲਿਨ ਮੁਨਰੋ ਦੀ ਤਸਵੀਰ ਨੂੰ ਛੱਡ ਕੇ ਕਿਸੇ ਹੋਰ ਤਸਵੀਰ ਦੇ ਅੱਜ ਤੱਕ ਨਹੀਂ ਛਪੇ ਹਨ। ਇਹ ਤਸਵੀਰ ਸੰਸਾਰ ਭਰ ਦੇ ਇਨਕਲਾਬੀਆਂ ਲਈ ਪ੍ਰੇਰਨਾ ਸਰੋਤ ਤਾਂ ਬਣੀ ਹੀ ਹੈ, ਕਾਰੋਬਾਰੀਆਂ ਨੇ ਵੀ ਆਪਣਾ ਕਾਰੋਬਾਰ ਵਧਾਉਣ ਲਈ ਇਸ ਤਸਵੀਰ ਦੀ ਰੱਜ ਕੇ (ਦੁਰ)ਵਰਤੋਂ ਕੀਤੀ ਹੈ। ਅਲਬਰਟੋ ਕੋਰਡਾ ਇਹ ਤਸਵੀਰ ਇਉਂ ਵਪਾਰਕ ਪੱਧਰ Ḕਤੇ ਵਰਤਣ ਖਿਲਾਫ ਆਵਾਜ਼ ਵੀ ਬੁਲੰਦ ਕਰਦਾ ਰਿਹਾ। ਕੋਰਡਾ ਨੇ 2000 ਵਿਚ ਵੋਦਕਾ ਕੰਪਨੀ ḔਸਮਿਰਨਫḔ ਖਿਲਾਫ ਕੇਸ ਵੀ ਦਰਜ ਕਰਵਾਇਆ ਸੀ। ਇਸ ਕੰਪਨੀ ਨੇ ਚੇ ਗੁਵੇਰਾ ਦੀ ਤਸਵੀਰ ਬੋਤਲਾਂ ਉਤੇ ਲਾਉਣੀ ਸ਼ੁਰੂ ਕਰ ਦਿੱਤੀ ਸੀ। ਕੋਰਡਾ ਦਾ ਕਹਿਣਾ ਹੈ ਕਿ ਉਸ ਲਈ ਇਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਬਰਦਾਸ਼ਤ ਤੋਂ ਬਾਹਰ ਸੀ। ਬਾਅਦ ਵਿਚ ਕੰਪਨੀ ਨੇ ਉਸ ਤੋਂ ਮੁਆਫੀ ਮੰਗ ਲਈ ਅਤੇ ਸਮਝੌਤਾ ਕਰ ਲਿਆ। ਇਵਜ਼ ਵਿਚ ਕੋਰਡਾ ਨੂੰ 50 ਹਜ਼ਾਰ ਡਾਲਰ ਮਿਲੇ ਜੋ ਉਸ ਨੇ ਕਿਊਬਾ ਦੇ ਸਿਹਤ ਵਿਭਾਗ ਨੂੰ ਸੌਂਪ ਦਿੱਤੇ।
ਉਂਜ, ਇਸ ਤਸਵੀਰ ਦਾ ਵੀ ਆਪਣਾ ਇਤਿਹਾਸ ਹੈ। ਇਹ ਤਸਵੀਰ 5 ਮਾਰਚ 1960 ਨੂੰ ਖਿੱਚੀ ਗਈ ਸੀ। ਦਰਅਸਲ, ਫਰਾਂਸ ਤੋਂ ਹਥਿਆਰਾਂ ਦਾ ਭਰਿਆ ਜਹਾਜ਼ ਹਵਾਨਾ (ਕਿਊਬਾ) ਆ ਰਿਹਾ ਸੀ ਕਿ ਸਾਬੋਤਾਜ ਦੀ ਘਟਨਾ ਕਾਰਨ ਡੁੱਬ ਗਿਆ ਅਤੇ ਇਸ ਦੇ 136 ਸਵਾਰ ਮਾਰੇ ਗਏ। ਕਿਊਬਾ ਦੇ ਰਾਸ਼ਟਰਪਤੀ ਫੀਦਲ ਕਾਸਤਰੋ, ਫਰਾਂਸ ਦਾ ਵਿਦਵਾਨ ਜਾਂ ਪਾਲ ਸਾਰਤਰ ਤੇ ਉਸ ਦੀ ਪਤਨੀ ਸਿਮੋਨ ਬਬੂਆ, ਚੇ ਗੁਵੇਰਾ ਅਤੇ ਹੋਰ ਆਗੂ ਫੋਤ ਹੋਏ ਇਨ੍ਹਾਂ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਇਕ ਸਮਾਗਮ ਵਿਚ ਗਏ ਸਨ। ਉਥੇ ਚੇ ਗੁਵੇਰਾ ਬੱਸ ਕੁਝ ਕੁ ਸਕਿੰਟਾਂ ਲਈ ਸਟੇਜ ਉਤੇ ਅੱਗੇ ਤੱਕ ਆਇਆ ਸੀ ਅਤੇ ਪਲ ਝਪਕਦਿਆਂ ਹੀ ਕੋਰਡਾ ਨੇ ਤਸਵੀਰ ਖਿੱਚ ਲਈ। ਇਸ ਤਸਵੀਰ ਵਿਚ ਇਕ ਹੋਰ ਵਿਅਕਤੀ ਦਾ ਥੋੜ੍ਹਾ ਜਿਹਾ ਚਿਹਰਾ ਅਤੇ ਦਰਖ਼ਤ ਦੇ ਪੱਤੇ ਦਿਖਾਈ ਦਿੰਦੇ ਹਨ, ਪਰ ਮਗਰੋਂ ਕੋਰਡਾ ਨੇ ਸਿਰਫ ਚੇ ਗੁਵੇਰਾ ਦੀ ਤਸਵੀਰ ਰੱਖ ਲਈ ਅਤੇ ਆਲੇ-ਦੁਆਲਿਓਂ ਕਟਿੰਗ ਕਰ ਦਿੱਤੀ। ਕੋਰਡਾ ਤਸਵੀਰ ਖਿੱਚਣ ਦੇ ਉਸ ਵਕਤ ਬਾਰੇ ਦੱਸਦਾ ਹੈ ਕਿ ਚੇ ਗੁਵੇਰਾ ਦੇ ਚਿਹਰੇ ਉਤੇ ਉਸ ਵੇਲੇ ਸ਼ਾਂਤੀ ਤਾਂ ਸੀ, ਪਰ ਚਿਹਰਾ ਬਹੁਤ ਸਖਤ ਦਿਖਾਈ ਦੇ ਰਿਹਾ ਸੀ ਅਤੇ ਉਸੇ ਵੇਲੇ ਉਹਨੇ ਇਹ ਤਸਵੀਰ ਖਿੱਚ ਲਈ। ਉਸ ਨੇ Ḕਰੈਵੋਲਿਊਸ਼ਨḔ ਨਾਂ ਦੀ ਅਖਬਾਰ ਵਿਚ ਇਹ ਤਸਵੀਰ ਛਪਣ ਲਈ ਭੇਜੀ ਜਿਥੇ ਉਹ ਕੰਮ ਕਰਦਾ ਸੀ। ਅਖਬਾਰ ਦੇ ਸੰਪਾਦਕ ਨੇ ਇਹ ਤਸਵੀਰ ਰੱਦ ਕਰ ਦਿੱਤੀ। ਪਿਛੋਂ ਕੋਰਡਾ ਨੇ ਇਹ ਤਸਵੀਰ ਸਾਂਭੀ ਰੱਖੀ। ਫਿਰ ਫਰੇਮ ਕਰਵਾ ਕੇ ਆਪਣੇ ਕਮਰੇ ਵਿਚ ਲਾ ਲਈ। ਚੇ ਗੁਵੇਰਾ ਦੀ ਮੌਤ ਤੋਂ ਬਾਅਦ ਇਹ ਤਸਵੀਰ ਬਹੁਤ ਮਸ਼ਹੂਰ ਹੋ ਗਈ ਅਤੇ ਇਸ ਦਾ ਚੇ ਗੁਵੇਰਾ ਵਾਂਗ ਹੀ ਇਤਿਹਾਸ ਬਣ ਗਿਆ।