ਚਾਰ ਸਾਹਿਬਜ਼ਾਦੇ: ਇਤਿਹਾਸ ਨੂੰ ਆਵਾਜ਼

Ḕਚਾਰ ਸਾਹਿਬਜ਼ਾਦੇḔ ਫਿਲਮ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਉਤੇ ਆਧਾਰਤ ਹੈ। ਐਨੀਮੇਸ਼ਨ ਵਿਧੀ ਰਾਹੀਂ ਬਣਾਈ ਇਹ ਫਿਲਮ ਆਨੰਦਪੁਰ ਸਾਹਿਬ ਤੋਂ ਅਰੰਭ ਹੁੰਦੀ ਹੈ ਅਤੇ ਫਿਰ ਇਸ ਵਿਚ ਸਾਹਿਬਜ਼ਾਦਿਆਂ ਦੇ ਬਚਪਨ, ਦਸਮੇਸ਼ ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਜੀਵਨ ਵੇਰਵੇ ਉਭਰਨੇ ਅਰੰਭ ਹੋ ਜਾਂਦੇ ਹਨ। ਸਾਹਿਬਜ਼ਾਦਿਆਂ ਅਤੇ ਹੋਰ ਕਿਰਦਾਰਾਂ ਨੂੰ ਭਾਵੇਂ ਐਨੀਮੇਸ਼ਨ ਰਾਹੀਂ ਇਸ ਫਿਲਮ ਵਿਚ ਸਾਕਾਰ ਕੀਤਾ ਗਿਆ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦਾ ਕਿਰਦਾਰ ਸਿਰਫ ਤਸਵੀਰਾਂ ਰਾਹੀਂ ਦਿਖਾਇਆ ਗਿਆ ਹੈ। ਬਹੁਤ ਸਾਰੇ ਮੌਕਿਆਂ Ḕਤੇ ਇਹ ਫਿਲਮ ਬਹੁਤ ਭਾਵੁਕ ਕਰਦੀ ਹੈ ਅਤੇ ਉਦਾਸ ਵੀ, ਪਰ ਕਿਤੇ-ਕਿਤੇ ਹਾਸਾ-ਠੱਠਾ ਵੀ ਝਾਤੀਆਂ ਮਾਰਦਾ ਹੈ।
Ḕਚਾਰ ਸਹਿਬਜ਼ਾਦੇḔ ਅੱਜ ਕੱਲ੍ਹ ਸੰਸਾਰ ਭਰ ਵਿਚ ਦਿਖਾਈ ਜਾ ਰਹੀ ਹੈ ਅਤੇ ਗੈਰ-ਪੰਜਾਬੀਆਂ ਲਈ ਸਬ-ਟਾਇਟਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਫਿਲਮ ਉਨ੍ਹਾਂ ਇਤਿਹਾਸਕ ਘਟਨਾਵਾਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ ਜਿਨ੍ਹਾਂ ਕਰ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ। ਉਂਜ, ਜਿਸ ਢੰਗ ਨਾਲ ਫਿਲਮ ਵਿਚ ਸਿੱਖ ਇਤਿਹਾਸ ਪੇਸ਼ ਕੀਤਾ ਗਿਆ ਹੈ, ਉਸ ਤੋਂ ਜਾਪਦਾ ਹੈ ਕਿ ਇਹ ਫਿਲਮ ਬੱਚਿਆਂ ਅਤੇ ਨਵੀਂ ਪੀੜ੍ਹੀ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ। ਫਿਲਮ ਤੋਂ ਸਿੱਖ ਧਰਮ ਦੇ ਸੰਕਲਪਾਂ ਦਾ ਸਪਸ਼ਟ ਪਤਾ ਲਗਦਾ ਹੈ। ਫਿਲਮ ਵਿਚ ਸਿੱਖਾਂ ਦੇ ਲਿਬਾਸ ਦਾ ਉਚੇਚਾ ਧਿਆਨ ਰੱਖਿਆ ਗਿਆ ਹੈ।
Ḕਚਾਰ ਸਹਿਬਜ਼ਾਦੇḔ ਵਿਚ ਚਮਕੌਰ ਸਾਹਿਬ ਦੀ ਅਸਾਵੀਂ ਲੜਾਈ, ਜਿਸ ਵਿਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਗਏ ਸਨ, ਦਾ ਜ਼ਿਕਰ ਲੂ ਕੰਡੇ ਖੜ੍ਹੇ ਕਰਨ ਵਾਲਾ ਹੈ। ਚਮਕੌਰ ਸਾਹਿਬ ਦੀ ਲੜਾਈ ਤੋਂ ਬਾਅਦ ਫਿਲਮ ਦੇ ਕੇਂਦਰ ਵਿਚ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਆ ਜਾਂਦੇ ਹਨ। ਮਾਤਾ ਗੁਜਰੀ ਜੀ ਦੇ ਕਿਰਦਾਰ ਨੂੰ ਬਹੁਤ ਭਾਵੁਕ ਰੂਪ ਵਿਚ ਉਸਾਰਿਆ ਗਿਆ ਹੈ। ਕੁਝ ਲੋਕਾਂ ਨੇ ਇਹ ਇਤਰਾਜ਼ ਵੀ ਕੀਤਾ ਹੈ ਕਿ ਮਾਤਾ ਗੁਜਰੀ ਦੇ ਕਿਰਦਾਰ ਦਾ ਦਲੇਰੀ ਵਾਲਾ ਪੱਖ ਬਹੁਤਾ ਨਹੀਂ ਉਭਾਰਿਆ ਗਿਆ। ਉਂਜ, ਫਿਲਮ ਵਿਚ ਦਿਖਾਇਆ ਗਿਆ ਹੈ ਕਿ ਮਾਤਾ ਗੁਜਰੀ ਜੀ ਠੰਢੇ ਬੁਰਜ ਤੋਂ ਛਾਲ ਨਹੀਂ ਮਾਰਦੇ ਜਿਸ ਤਰ੍ਹਾਂ ਆਮ ਕਰ ਕੇ ਇਤਿਹਾਸ ਪੜ੍ਹਿਆ ਜਾਂਦਾ ਹੈ; ਬਲਕਿ ਉਹ Ḕਜਪੁਜੀ ਸਾਹਿਬ’ ਦਾ ਪਾਠ ਕਰਦਿਆਂ ਆਖਰੀ ਸਾਹ ਲੈਂਦੇ ਹਨ। ਇਨ੍ਹਾਂ ਕਿਰਦਾਰਾਂ ਤੋਂ ਇਲਾਵਾ ਮਾਤਾ ਭਾਗ ਕੌਰ ਦਾ ਕਿਰਦਾਰ ਵੀ ਚੋਖਾ ਉਭਾਰਿਆ ਗਿਆ ਹੈ।
ਇਸ ਫਿਲਮ ਨੇ ਦੇਸ਼-ਵਿਦੇਸ਼ ਵਿਚ ਕਮਾਈ ਵੀ ਵਾਹਵਾ ਕੀਤਾ ਹੈ। ਫਿਲਮ ਪ੍ਰਸਿੱਧ ਫਿਲਮ ਨਿਰਮਾਤਾ ਹੈਰੀ ਬਾਜਵਾ ਅਤੇ ਉਸ ਦੀ ਪਤਨੀ ਪੰਮੀ ਬਾਜਵਾ ਨੇ ਬਣਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਇਸ ਫਿਲਮ ਰਾਹੀਂ ਸਿੱਖ ਧਰਮ ਅਤੇ ਇਸ ਦੇ ਸੰਕਲਪਾਂ ਬਾਰੇ ਗੱਲ ਕਰਨੀ ਚਾਹੁੰਦੇ ਸਨ। ਉਨ੍ਹਾਂ ਫਿਲਮ ਦੀ ਚਰਚਾ ਤੇ ਕਮਾਈ ਤੋਂ ਤਸੱਲੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਭਵਿੱਖ ਵਿਚ ਹੋਰ ਅਜਿਹੇ ਕੁਝ ਪ੍ਰੋਜੈਕਟ ਉਲੀਕਣਗੇ। ਆਮ ਦਰਸ਼ਕ ਵਰਗ ਨੇ ਵੀ ਇਸ ਫਿਲਮ ਨੂੰ ਵਾਹਵਾ ਹੁੰਗਾਰਾ ਭਰਿਆ ਹੈ। ਇਸ ਹੁੰਗਾਰੇ ਦਾ ਹੀ ਅਸਰ ਹੈ ਕਿ ਪੰਜਾਬ ਅਤੇ ਮੱਧ ਪ੍ਰਦੇਸ਼ ਵਿਚ ਇਸ ਫਿਲਮ ਨੂੰ ਟੈਕਸ ਤੋਂ ਛੋਟ ਦੇ ਦਿੱਤੀ ਗਈ ਹੈ। ਅੱਜ ਕੱਲ੍ਹ ਸਿਰਫ਼ ਵਪਾਰਕ ਨੁਕਤੇ ਨੂੰ ਧਿਆਨ ਵਿਚ ਰੱਖ ਕੇ ਬਣਾਈਆਂ ਜਾ ਰਹੀਆਂ ਫਿਲਮਾਂ ਦੇ ਪ੍ਰਸੰਗ ਵਿਚ ਇਸ ਫਿਲਮ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਫਿਲਮ ਨੇ ਸਿੱਖੀ ਦੇ ਸੰਕਲਪ ਦਰਸ਼ਕਾਂ ਦੇ ਸਾਹਮਣੇ ਖੁੱਲ੍ਹ ਕੇ ਰੱਖੇ ਹਨ।