‘ਪੰਜਾਬ ਟਾਈਮਜ਼’ ਦੇ ਅੰਕ ਨੰਬਰ 38 ਵਿਚ ਛਪੇ ਕਾਨਾ ਸਿੰਘ ਦੇ ਲੇਖ ‘ਵੱਡਿਆਂ ਦਾ ਲਾਂਘਾ’ ਤੋਂ ਬਾਅਦ ਧਨ ਅਤੇ ਇਖਲਾਕ ਦੇ ਰਿਸ਼ਤੇ ਬਾਰੇ ਬਹਿਸ ਦੀ ਇਕ ਤੂਈ ਤੁਰ ਨਿਕਲੀ ਸੀ। ਇਹ ਸੰਵਾਦ ਭਾਵੇਂ ਮਾਸਟਰ ਨਿਰਮਲ ਸਿੰਘ ਲਾਲੀ ਅਤੇ ਡਾæ ਗੋਬਿੰਦਰ ਸਿੰਘ ਸਮਰਾਓ ਵਿਚਕਾਰ ਹੀ ਚੱਲਿਆ, ਪਰ ਇਸ ਸੰਵਾਦ ਵਿਚ ਜਿਸ ਤਰ੍ਹਾਂ ਧਨ, ਧਰਮ, ਗੁਰਬਾਣੀ ਤੇ ਕੁਝ ਹੋਰ ਮਸਲਿਆਂ ਬਾਰੇ ਚਰਚਾ ਉਭਰੀ ਹੈ, ਅਸੀਂ ਸਮਝਦੇ ਹਾਂ ਕਿ ਇਹ ਗੱਲਾਂ ਪਾਠਕਾਂ ਨਾਲ ਜ਼ਰੂਰ ਸਾਂਝੀਆਂ ਕੀਤੀਆਂ ਜਾਣ। ਇਸੇ ਸਿਲਸਿਲੇ ਵਿਚ ਡਾæ ਗੋਬਿੰਦਰ ਸਿੰਘ ਸਮਰਾਓ ਦੀ ਇਕ ਹੋਰ ਲੰਮੀ ਟਿੱਪਣੀ ਸਾਡੇ ਪਾਸ ਪੁੱਜੀ ਹੈ ਜਿਸ ਵਿਚ ਉਨ੍ਹਾਂ ਇਸ ਪ੍ਰਸੰਗ ਨੂੰ ਰਤਾ ਕੁ ਅਗਾਂਹ ਵਧਾਇਆ ਹੈ। ਇਸ ਟਿੱਪਣੀ ਵਿਚ ਉਨ੍ਹਾਂ ਆਪਣੀਆਂ ਪਹਿਲੀਆਂ ਟਿੱਪਣੀਆਂ ਦੇ ਹੱਕ ਵਿਚ ਦਲੀਲਾਂ ਦੇਣ ਦਾ ਯਤਨ ਕੀਤਾ ਹੈ। -ਸੰਪਾਦਕ
ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਮਾਸਟਰ ਨਿਰਮਲ ਸਿੰਘ ਲਾਲੀ ਦੇ ਕਾਨਾ ਸਿੰਘ ਦੇ ਲੇਖ ਦੇ ਪ੍ਰਤੀਕਰਮ ਬਾਰੇ ਮੇਰਾ ਪੱਤਰ ਛਾਪਣ ਲਈ ਆਪ ਜੀ ਦਾ ਧੰਨਵਾਦ। ਇਸ ਪੱਤਰ ਬਾਰੇ ਮਾਸਟਰ ਜੀ ਨੇ 25 ਅਕਤੂਬਰ ਦੇ ‘ਪੰਜਾਬ ਟਾਈਮਜ਼’ ਵਿਚ ਛਪੇ ਆਪਣੇ ਜਵਾਬ ਵਿਚ ਵਿਸ਼ੇ ਦੀ ਗੱਲ ਛੱਡ ਕੇ ਜ਼ਾਤੀ ਹਮਲਿਆਂ ਦਾ ਸਹਾਰਾ ਲਿਆ ਹੈ। ਜਦੋਂ ਕਿਸੇ ਸੰਵਾਦ ਵਿਚ ਇੱਦਾਂ ਹੋਣ ਲੱਗੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸੰਵਾਦ ਰਚੈਤਾ ਕੋਲ ਜਾਂ ਤਾਂ ਵਿਚਾਰ ਹੈ ਨਹੀਂ, ਤੇ ਜਾਂ ਤਕਨੀਕ। ਇਸ ਲਈ ਅਜਿਹੇ ਸੰਵਾਦ ਨੂੰ ਅੱਗੇ ਤੋਰਨਾ ਉਚਿਤ ਨਹੀਂ ਹੁੰਦਾ। ਮੈਂ ਬੱਸ ਉਨ੍ਹਾਂ ਦੀਆਂ ਤਾਜ਼ਾ ਟਿੱਪਣੀਆਂ ਬਾਰੇ ਸਪਸ਼ਟੀਕਰਨ ਦੇ ਕੇ ਇਸ ਟਾਪਿਕ ਨੂੰ ਬੰਦ ਕਰਦਾ ਹਾਂ।
ਮਾਸਟਰ ਲਾਲੀ ਨੇ ਇਲਜ਼ਾਮ ਲਾਇਆ ਹੈ ਕਿ ਮੈਂ ਆਪਣੇ ਪੱਤਰ ਵਿਚ ਕਾਨਾ ਸਿੰਘ ਦਾ ਪੱਖ ਪੂਰਿਆ ਹੈ ਜੋ ਸਹੀ ਨਹੀਂ ਹੈ। ਪੱਖ ਪੂਰਨ ਦਾ ਕੰਮ ਜਾਂ ਤਾਂ ਅੰਧ-ਵਿਸ਼ਵਾਸੀ ਕਰਦੇ ਹਨ ਜਾਂ ਵਕੀਲ, ਮੈਂ ਇਨ੍ਹਾਂ ਵਿਚੋਂ ਕੋਈ ਵੀ ਨਹੀਂ। ਮੈਂ ਤਾਂ ਨਿਰਪੇਖਤਾ ਨਾਲ ਤੱਥ ਪੇਸ਼ ਕਰ ਕੇ ਮਾਸਟਰ ਜੀ ਨੂੰ ਉਨ੍ਹਾਂ ਦੀਆਂ ਆਪਣੀਆਂ ਦਲੀਲਾਂ ਦੇ ਦੂਜੇ ਪੱਖਾਂ ਦੇ ਰੂ-ਬਰੂ ਕਰਾਇਆ ਸੀ, ਪਰ ਉਹ ਇਸ ਗੱਲ ਤੋਂ ਖ਼ਫਾ ਹੋ ਗਏ, ਤੇ ਮੁੱਦਿਆਂ ਤੋਂ ਪਾਸਾ ਵੱਟ ਕੇ ਵਿਅਕਤੀਗਤ ਵਿਸ਼ੇਸ਼ਣਾਂ ‘ਤੇ ਉਤਰ ਆਏ। ਚਲੋ, ਇਹ ਉਨ੍ਹਾਂ ਦਾ ਵਡੱਪਣ ਸਹੀ। ਮੈਂ ਉਹੀ ਨੁਕਤੇ ਉਨ੍ਹਾਂ ਦੇ ਵਿਚਾਰ ਲਈ ਦੁਬਾਰਾ ਪੇਸ਼ ਕਰ ਦਿੰਦਾ ਹਾਂ।
ਕਾਨਾ ਸਿੰਘ ਦਾ ਮੱਤ ਸੀ ਕਿ ਜੋ ਲੋਕ ਪੈਸੇ ਦੀ ਸੰਭਾਲ ਨਹੀਂ ਕਰਦੇ, ਉਨ੍ਹਾਂ ਦਾ ਨਾ ਕੋਈ ਅਸੂਲ ਹੁੰਦਾ ਹੈ, ਨਾ ਇਖਲਾਕ। ਇਸ ਗੱਲ ਦਾ ਵਿਰੋਧ ਕਰਦਿਆਂ ਮਾਸਟਰ ਲਾਲੀ ਨੇ ਗੁਰੂ ਨਾਨਕ ਦੇਵ ਦੇ ‘ਸੱਚੇ ਸੌਦੇ’ ਵਾਲੀ ਸਾਖੀ ਦੀ ਉਦਾਹਰਨ ਦਿਤੀ, ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਗੁਰੂ ਸਾਹਿਬ ਨੇ ਤਾਂ ਪੈਸਾ ਵਿਗਾੜਿਆ ਨਹੀਂ ਸੀ, ਸਗੋਂ ‘ਸੱਚੇ ਵਪਾਰ’ ਵਿਚ ਲਾਇਆ ਸੀ, ਤਾਂ ਇਸ ਗੱਲ ਦਾ ਉਨ੍ਹਾਂ ਕੋਈ ਜਵਾਬ ਨਾ ਦਿੱਤਾ। ਜਵਾਬ ਉਨ੍ਹਾਂ ਨੇ ਗੁਰੂ ਸਾਹਿਬ ਦੇ ਪਿਤਾ ਦੀ ਉਦਾਹਰਨ ਦਾ ਵੀ ਕੋਈ ਨਹੀਂ ਦਿੱਤਾ ਜਿਨ੍ਹਾਂ ਨੇ ਪੈਸਾ ਜੋੜਦੇ ਹੋਏ ਵੀ ਇਖਲਾਕ ਦਾ ਪੱਲਾ ਨਹੀਂ ਸੀ ਛੱਡਿਆ। ਮਾਸਟਰ ਲਾਲੀ ਨੇ ਇਸ ਗੱਲ ਦੀ ਵੀ ਹਾਮੀ ਨਹੀਂ ਭਰੀ ਕਿ ਉਹ ਗੁਰੂ ਸਾਹਿਬ ਦੀ ਇਹ ਸਾਖੀ ਉਨ੍ਹਾਂ ਧਰਮੀ ਜਿਉੜਿਆਂ ਨੂੰ ਸੁਣਾਉਣਗੇ ਜਿਹੜੇ ਗੁਰੂ ਘਰਾਂ ਦੀਆਂ ਗੋਲਕਾਂ ਬਟੋਰ ਕੇ ਨਿੱਜੀ ਧਨ ਇਕੱਠਾ ਕਰਦੇ ਹਨ, ਤੇ ਬਾਣੀ ਦੇ ਉਪਦੇਸ਼ਾਂ ਨੂੰ ਢਾਹ ਲਾਉਂਦੇ ਹਨ। ਨਾ ਹੀ ਉਨ੍ਹਾਂ ਨੇ ਇਹ ਗੱਲ ਗੌਲੀ ਕਿ ਉਹ ਗੁਰੂ ਸਾਹਿਬ ਦੀ ਸਾਖੀ ਦਾ ਇਹ ਸਬਕ ਉਨ੍ਹਾਂ ਚੁਣੇ ਹੋਏ ਸ਼੍ਰੋਮਣੀ ਗੁਰਸਿੱਖਾਂ ਨੂੰ ਸਮਝਾਉਣਗੇ ਜਿਹੜੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਦਹਾਕਿਆਂ ਤੋਂ ਇਕ ਸਿਆਸੀ ‘ਚਿੱਟ’ ਉਤੇ ਆਪਣਾ ‘ਇਖਲਾਕੀ ਫਰਜ਼’ ਨਿਛਾਵਰ ਕਰਦੇ ਆ ਰਹੇ ਹਨ।
ਸੰਕੋਚ-ਵਸ ਇਸ ਵਾਰ ਮੈਂ ਆਪਣੇ ਪਿੰਡ ਦੇ ਮੰਗਤੇ ਅਤੇ ਉਸ ਜਿਹੇ ਹੋਰ ਲੱਖਾਂ ਬਦਕਿਸਮਤਾਂ ਦੀ ਗੱਲ ਨਹੀਂ ਦੁਹਰਾਵਾਂਗਾ ਜਿਹੜੇ ਆਪਣਾ ਧਨ ਰੋੜ੍ਹ ਕੇ ਭਿਖ-ਮੰਗੀ, ਚੋਰੀ, ਡਾਕੇ, ਫਿਰੌਤੀ ਤੇ ਰਾਹ-ਜਨੀ ਜਿਹੇ ਘਿਨਾਉਣੇ ਕੰਮਾਂ ਦੇ ਰਸਤੇ ਪੈ ਜਾਂਦੇ ਹਨ। ਸ਼ਾਇਦ ਇਨ੍ਹਾਂ ਕੁਕਰਮੀਆਂ ਨੂੰ ਤਾਂ ਮਾਸਟਰ ਲਾਲੀ ਇਖਲਾਕਹੀਣ ਹੀ ਨਹੀਂ ਸਮਝਦੇ, ਕਿਉਂਕਿ ਇਨ੍ਹਾਂ ਬਾਰੇ ਤਾਂ ਉਹ ਉਕਾ ਹੀ ਖਾਮੋਸ਼ ਰਹੇ। ਹਰ ਬਾਰ ਉਹ ਗੁਰਬਾਣੀ ਦੀ ਤੁਕ ‘ਮਾਇਆਧਾਰੀ ਅਤਿ ਅੰਨਾ ਬੋਲਾ’ ਲਿਖ ਕੇ ‘ਪੈਸੇ ਤੇ ਇਖਲਾਕ’ ਦਾ ਅੰਤਰ-ਵਿਰੋਧ ਦੱਸਣ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਵੀ ਪ੍ਰਸੰਗ ਤੋਂ ਨਿਖੇੜੀ ਹੋਣ ਕਰ ਕੇ ਢੁੱਕਵੀਂ ਨਹੀਂ। ਤੀਜੇ ਪਾਤਸ਼ਾਹ ਦੀ ਇਸ ਪੂਰੀ ਤੁਕ ਨੂੰ ਜੇ ਪੜ੍ਹਿਆ ਜਾਵੇ ਤਾਂ ਅਰਥ ਇਹ ਨਿਕਲਦਾ ਹੈ ਕਿ ਮਾਇਆਧਾਰੀ ਦੇ ਮਨ ਵਿਚ ਖਲਬਲੀ ਹੋਣ ਕਾਰਨ ਉਸ ਦਾ ਧਿਆਨ ਨਹੀਂ ਲਗਦਾ। ਇਖਲਾਕ ਦਾ ਤਾਂ ਇਥੇ ਉਕਾ ਕੋਈ ਭਾਵ ਹੀ ਨਹੀਂ ਨਿਕਲਦਾ। ਉਂਜ ਮਾਸਟਰ ਲਾਲੀ ਦੀ ਜਾਣਕਾਰੀ ਵਿਚ ਇਹ ਗੱਲ ਵੀ ਲਿਆਉਣੀ ਬਣਦੀ ਹੈ ਕਿ ਜਿਸ ‘ਇਖਲਾਕ’ ਬਾਰੇ ਉਹ ਇੰਨਾ ਭਾਵੁਕ ਹੋ ਰਹੇ ਹਨ, ਉਸ ਸ਼ਬਦ ਦਾ ਤਾਂ ਗੁਰਬਾਣੀ ਵਿਚ ਕਿਤੇ ਕੋਈ ਜ਼ਿਕਰ ਹੀ ਨਹੀਂ ਹੈ।
ਮਾਸਟਰ ਲਾਲੀ ਨੇ ਲਿਖਿਆ ਸੀ ਕਿ ਗੁਰਬਾਣੀ ਅਨੁਸਾਰ ਪਰਮਾਤਮਾ ਤੇ ਪਦਾਰਥ, ਭਾਵ ਨਿਰੰਕਾਰ ਤੇ ਸੰਸਾਰ ਦਾ ਕੋਈ ਰਿਸ਼ਤਾ ਨਹੀਂ। ਮੈਂ ਕਿਹਾ ਸੀ ਕਿ ਗੁਰਬਾਣੀ ਤਾਂ ਸਗੋਂ ਨਿਰੰਕਾਰ ਨੂੰ ਪਦਾਰਥ ਦੇ ਕਣ-ਕਣ ਵਿਚ ਸਮਾਇਆ ਮੰਨਦੀ ਹੈ। ਇਸ ਲਈ ਇਨ੍ਹਾਂ ਨੂੰ ਅੱਡ-ਅੱਡ ਕਰ ਕੇ ਵਿਚਾਰਨਾ ਅਸੰਭਵ ਹੈ। ਗੁਰੂ ਜੀ ਲਿਖਦੇ ਹਨ- ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨਾ ਜਾਈ ਲਖਿਆ॥ ਗੁਰੂ ਸਾਹਿਬ ਇਹ ਵੀ ਫਰਮਾਉਂਦੇ ਹਨ- ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਇਥੇ ਆਕਾਰ ਦਾ ਭਾਵ ਮਨੁੱਖ, ਜਾਨਵਰ, ਬਨਸਪਤੀ, ਜਲ, ਧਰਤੀ, ਚੰਦ ਤਾਰੇ ਆਦਿ ਹਨ ਜੋ ਰਚਨਾ ਵਲੋਂ ਸਭ ਪਦਾਰਥ ਹੀ ਹਨ। ਗੁਰੂ ਜੀ ਅੱਗੇ ਇਸੇ ਪਉੜੀ ਦੇ ਅੰਤ ‘ਤੇ ਲਿਖਦੇ ਹਨ ਕਿ ਜੇ ਇਹ ਹੁਕਮ ਬੁੱਝ ਲਿਆ ਜਾਵੇ ਤਾਂ ਕੋਈ ਆਪਣੇ ਕੋਲੋਂ ਹੀ ਬਣਾ ਕੇ ਗੱਲ ਨਾ ਕਹੇ। ਉਸ ਸਦੀਵੀ ਹੁਕਮ ਦਾ ਬੋਧ ਵੀ ਇਨ੍ਹਾਂ ਸਿਰਜੇ ਆਕਾਰਾਂ ਤੇ ਵਰਤਾਰਿਆਂ ਦੇ ਅਧਿਐਨ ਰਾਹੀਂ ਹੀ ਸੰਭਵ ਹੈ; ਭਾਵ ਜੇ ਆਕਾਰ ਹੀ ਨਾ ਹੋਣ, ਤਾਂ ਨਿਰੰਕਾਰ ਦਾ ਕਿਵੇਂ ਪਤਾ ਚਲੇ। ਗੁਰੂ ਜੀ ਲਿਖਦੇ ਹਨ- ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ ਭਾਵ ਕਰਤੇ ਨੇ ਭਾਂਤ-ਭਾਂਤ ਦੀਆਂ ਜਿਨਸੀ (ਪਦਾਰਥੀ) ਚੀਜ਼ਾਂ ਪੈਦਾ ਕੀਤੀਆਂ ਹਨ, ਪਰ ਕਿਥੋਂ? ਖੁਦ ਆਪਣੇ ਆਪ ਵਿਚੋਂ ਜਿਵੇਂ ਬਰਫ ਤੋਂ ਪਾਣੀ, ਕਿਉਂਕਿ ਕਰਤੇ ਤੋਂ ਬਿਨਾਂ ਤਾਂ ਹੋਰ ਕੁਝ ਹੈ ਹੀ ਨਹੀਂ। ਗੁਰੂ ਜੀ ਦਵੰਦਵਾਦ ਦੇ ਹਾਮੀ ਨਹੀਂ। ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਲਿਖ ਕੇ ਤਾਂ ਗੁਰੂ ਸਾਹਿਬ ਨੇ ਬਾਣੀ ਵਿਚ ਪਦਾਰਥ ਦੇ ਮਹੱਤਵ ਨੂੰ ਪੂਰਾ ਹੀ ਉਜਾਗਰ ਕਰ ਦਿਤਾ ਹੈ। ਹੋਰ ਤਾਂ ਹੋਰ ਗੁਰੂ ਸਾਹਿਬਾਨ ਨੇ ਤਾਂ ‘ਨਾਮੁ’ ਜਿਹੀ ਸ੍ਰੇਸ਼ਟ ਅਧਿਆਤਮਕ ਧਾਰਨਾ ਨੂੰ ਵੀ ਕਈ ਵਾਰ ‘ਪਦਾਰਥ’ ਦੀ ਸੰਗਯਾ ਦਿਤੀ ਹੈ। ਕੀ ਗੁਰਬਾਣੀ ਅਨੁਸਾਰ ਪਦਾਰਥ ਦੀ ਸਥਿਤੀ ਬਾਰੇ ਮਾਸਟਰ ਲਾਲੀ ਨੂੰ ਹੁਣ ਵੀ ਕੋਈ ਸ਼ੱਕ ਹੈ? ਪਰ ਉਨ੍ਹਾਂ ਨੇ ਇਹ ਗੱਲ ਆਪਣੇ ਹਿਰਦੇ ਵਿਚ ਵਸਾਉਣ ਦੀ ਬਜਾਏ ਮੈਨੂੰ ਹੀ ਪਦਾਰਥਵਾਦੀ ਹੋਣ ਦਾ ਉਲਾਂਭਾ ਦਿੱਤਾ ਹੈ।
ਮੈਂ ਆਪਣੇ ਪੱਤਰ ਵਿਚ ਨਿੱਜੀ ਸੰਪਤੀ ਕਮਾਉਣ ਤੇ ਸੰਭਾਲਣ ਨੂੰ ਸਮਾਜਕ ਤੌਰ ‘ਤੇ ਜਾਇਜ਼ ਤੇ ਲਾਭਕਾਰੀ ਕਾਰਜ ਦੱਸਦਿਆਂ ਯੂਨਾਨੀ ਦਾਰਸ਼ਨਿਕ ਅਰਸਤੂ, ਮੱਧਕਾਲੀਨ ਸੰਤ ਭਗਤ ਕਬੀਰ, ਪੱਛਮੀ ਵਿਦਵਾਨ ਫਰੈਡ੍ਰਿਕ ਐਂਗਲਜ਼ ਤੇ ਕਾਰਲ ਮਾਰਕਸ ਦੇ ਵਿਚਾਰਾਂ ਦਾ ਜ਼ਿਕਰ ਕੀਤਾ ਸੀ। ਮਾਸਟਰ ਲਾਲੀ ਨੇ ਆਪਣੇ ਪ੍ਰਤੀਕਰਮ ਵਿਚ ਨਾ ਮੈਨੂੰ ਅਰਸਤੂਵਾਦੀ ਕਿਹਾ ਨਾ ਕਬੀਰਵਾਦੀ, ਸਿੱਧਾ ਮਾਰਕਸਵਾਦੀ ਜਾ ਠਹਿਰਾਇਆ। ਉਨ੍ਹਾਂ ਅਜਿਹਾ ਕਿਉਂ ਕੀਤਾ, ਇਸ ਦਾ ਜਵਾਬ ਮੈਂ ਉਨ੍ਹਾਂ ਕੋਲੋਂ ਨਹੀਂ ਮੰਗਦਾ। ਸਭ ਜਾਣਦੇ ਹਨ ਕਿ ਜੇ ਗੁਰਬਾਣੀ ਵਿਚਾਰ ਵਿਚ ਗਿਆਨ-ਬੋਧ ਵਲੋਂ ਹੱਥ ਤੰਗ ਹੋਵੇ, ਤਾਂ ਦੂਜੇ ਨੂੰ ਮਾਰਕਸਵਾਦੀ ਗਰਦਾਨਣ ਦਾ ਪੈਂਤੜਾ ਹੀ ਵਧੀਆ ਕੰਮ ਕਰਦਾ ਹੈ, ਪਰ ਵਿਚਾਰਾਂ ਦੇ ਮੁਲੰਕਣ ਦੀ ਇਹ ਵਿਧੀ ਗੁਰਬਾਣੀ ਅਨੁਕੂਲ ਨਹੀਂ ਹੈ, ਕਿਉਂਕਿ ਇਹ ਵਿਧੀ ਤਰਕਸੰਗਤ ਤੇ ਨਿਰਪੇਖ ਨਹੀਂ। ਗੁਰੂ ਸਾਹਿਬ ਨੇ ਫਰਮਾਇਆ ਹੈ- ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨਾ ਸੋਹੈ॥ ਭਾਵ ਜੇ ਕੋਈ ਗਿਆਨ ਗੋਸ਼ਟੀ ਵਿਚ ਹਉਮੈ ਜਾਂ ਕੁਤਰਕ ਵਰਤਦਾ ਹੈ, ਉਹ ਅੱਗੇ ਚਲ ਕੇ ਫਸ ਜਾਂਦਾ ਹੈ। ਜੇ ਮਾਸਟਰ ਲਾਲੀ ਸਮਝਦੇ ਹਨ ਕਿ ਉਹ ਨਹੀਂ ਫਸੇ, ਤਾਂ ਸਪਸ਼ਟ ਕਰਨ ਕਿ ਪੂੰਜੀ ਦਾ ਸਮਰਥਨ ਕਰਦਾ ਹੋਇਆ ਮੈਂ ਮਾਰਕਸਵਾਦੀ ਕਿਵੇਂ ਹੋਇਆ ਤੇ ਮਾਰਕਸ ਵਾਂਗੂੰ ਪੂੰਜੀ ਦਾ ਨਿਖੇਧ ਕਰਨ ਵਾਲੇ ਉਹ ਆਪ ਮਾਰਕਸਵਾਦੀ ਕਿਵੇਂ ਨਾ ਹੋਏ?
ਦਰਅਸਲ ਮਾਸਟਰ ਲਾਲੀ ਨੇ ਅਜਿਹਾ ਤਰਕਹੀਣ ਪ੍ਰਤੀਕਰਮ ਇਸ ਪ੍ਰਚਲਤ ਧਾਰਨਾ ਦੇ ਪ੍ਰਭਾਵ ਵਿਚ ਆ ਕੇ ਕੀਤਾ ਲਗਦਾ ਹੈ ਕਿ ਮਾਰਕਸਵਾਦ ਤੇ ਗੁਰਬਾਣੀ ਦੋ ਆਤਮ-ਵਿਰੋਧੀ ਵਿਚਾਰਧਾਰਾਵਾਂ ਹਨ, ਪਰ ਗੁਰੂ ਸਾਹਿਬ ਨੇ ‘ਸੁਣੀਐ’ ਤੇ ‘ਮੰਨੈ’ ਦੀਆਂ ਪਉੜੀਆਂ ਵਿਚ ਸਾਨੂੰ ਵਿਚਾਰਾਂ ਨੂੰ ਪਰਖਣ ਦੀ ਵਿਗਿਆਨਕ ਵਿਧੀ ਦੱਸੀ ਹੈ। ਇਸ ਅਨੁਸਾਰ ਸੁਣੀ ਸੁਣਾਈ ਗੱਲ ‘ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਉਸ ਨੂੰ ਵਿਵੇਕ ਅਨੁਸਾਰ ਹਰ ਪਹਿਲੂ ਤੋਂ ਵਿਚਾਰ ਲੈਣਾ ਜ਼ਰੂਰੀ ਹੈ। ਉਨ੍ਹਾਂ ਅਨੁਸਾਰ ਜੇ ਲੋਕ ਇਸ ਤਰ੍ਹਾਂ ਵਿਚਾਰਨ ਲੱਗ ਜਾਣ ਤਾਂ ਉਹ ਨਾ ਧੌਲੇ ਬਲਦ ਦੀ ਗਾਥਾ ਵਿਚ ਵਿਸ਼ਵਾਸ ਕਰਨ, ਤੇ ਨਾ ਸੂਰਜ ਨੂੰ ਪਾਣੀ ਦੇਣ। ਇਸ ਵਿਧੀ ਮੁਤਾਬਿਕ ਮਾਸਟਰ ਜੀ ਨਿਰਪੱਖ ਤੇ ਹਉਮੈ-ਮੁਕਤ ਹੋ ਕੇ ਸੋਚਣ ਕਿ ਜੇ ਉਪਰੋਕਤ ਦੋਵੇਂ ਵਿਚਾਰਧਾਰਾਵਾਂ ਪੂੰਜੀ ਦਾ ਵਿਰੋਧ ਕਰਦੀਆਂ ਹਨ, ਦੋਵੇਂ ਹੱਥਾਂ ਦੀ ਕਿਰਤ ਕਰਨ ਵਿਚ ਵਿਸ਼ਵਾਸ ਰੱਖਦੀਆਂ ਹਨ, ਦੋਵੇਂ ਵੰਡ ਕੇ ਛੱਕਣ ‘ਤੇ ਜ਼ੋਰ ਦਿੰਦੀਆਂ ਹਨ, ਦੋਵੇਂ ਕਿਰਤ ਨੂੰ ਮੁੱਖ ਰੱਖਦੀਆਂ ਹਨ, ਦੋਵੇਂ ਕਿਰਤੀਆਂ ਨੂੰ ਮਾਣ ਬਖਸ਼ਦੀਆਂ ਹਨ, ਦੋਵੇਂ ਨਿਓਟਿਆਂ ਦੀ ਓਟ ਹੋਣ ਦਾ ਦਮ ਭਰਦੀਆਂ ਹਨ, ਦੋਵੇਂ ਮੱਨੁਖਤਾ ਦੀ ਭਲਾਈ ਤੇ ਸਮਾਜਕ ਵਿਕਾਸ ਲਈ ਚੜ੍ਹਦੀ ਕਲਾ ਦਾ ਰਾਹ ਦਰਸਾਉਂਦੀਆਂ ਹਨ, ਦੋਵੇਂ ਸ਼ੋਸ਼ਣ ਦੇ ਵਿਰੋਧ ਵਿਚ ਡਟਦੀਆਂ ਹਨ ਤੇ ਦੋਵੇਂ ਨਿਤਾਣੇ ਮਜ਼ਲੂਮਾਂ ਨੂੰ ਜ਼ੁਲਮ ਵਿਰੁਧ ਜਥੇਬੰਦ ਹੋਣ ਦਾ ਹੋਕਾ ਦਿੰਦੀਆਂ ਹਨ ਤਾਂ ਇਨ੍ਹਾਂ ਵਿਚ ਕੁਝ ਗੱਲਾਂ ਤਾਂ ਸਾਂਝੀਆਂ ਹੋਣਗੀਆਂ। ਮੰਨਿਆ ਇਹ ਦੋਵੇਂ ਪੂਰਨ ਤੌਰ ‘ਤੇ ਇਕ-ਰੂਪ ਨਹੀਂ, ਫਿਰ ਵੀ ਐਨੀ ਕੀ ਗੱਲ ਹੈ ਕਿ ਸਮੂਹ ਸਮਾਨਤਾਵਾਂ ਤੋਂ ਮੂੰਹ ਫੇਰਦੇ ਹੋਏ ਮਾਸਟਰ ਲਾਲੀ ਮਾਰਕਸਵਾਦ ਨੂੰ ਇਸ ਕਦਰ ਘਿਨਾਉਣਾ ਸਮਝਣ ਕਿ ਇਸ ਦੇ ਪ੍ਰਛਾਵੇਂ ਤੋਂ ਵੀ ਡਰਨ? ਪੰਜਵੇਂ ਪਾਤਸ਼ਾਹ ਨੇ ਤਾਂ ਹਿੰਦੁਸਤਾਨ ਭਰ ਵਿਚੋਂ ਸਾਂਝੇ ਆਸ਼ੇ ਵਾਲੇ ਸਭ ਸੰਤਾਂ ਦੀਆਂ ਬਾਣੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰ ਕੇ ਸਨਮਾਨ ਬਖਸ਼ਿਆ ਸੀ, ਪਰ ਉਹ ਆਪ ਅਜੋਕੀਆਂ ਸਮ-ਖਿਆਲੀ ਵਿਚਾਰਧਾਰਾਵਾਂ ਨੂੰ ਅਛੂਤ ਸਮਝਦੇ ਹੋਏ ਉਨ੍ਹਾਂ ਨੂੰ ਹਊਏ ਦੇ ਤੌਰ ‘ਤੇ ਵਰਤ ਰਹੇ ਹਨ। ਇਹ ਕੀ ਵਰਤਾਰਾ ਹੈ? ਆਪਣੀ ਇਸ ਸੋਚ ਦਾ ਖੁਲਾਸਾ ਉਨ੍ਹਾਂ ਨੂੰ ਕਰਨਾ ਬਣਦਾ ਹੈ।
ਮਾਸਟਰ ਲਾਲੀ ਨੇ ਲਿਖਿਆ ਹੈ ਕਿ ਮਾਰਕਸ ਦਇਆ, ਦਾਨ, ਸਬਰ, ਸੰਤੋਖ, ਵੰਡ ਕੇ ਛਕਣ ਤੇ ਸਰਬੱਤ ਦੇ ਭਲੇ ਵਰਗੇ ਵਿਅਕਤੀਗਤ ਗੁਣਾਂ ਨੂੰ ਗਲਤ ਸਮਝਦਾ ਹੈ। ਇਸ ਦਾ ਭਾਵ ਇਹ ਹੋਇਆ ਕਿ ਉਹ ਨਿਰਦਇਤਾ, ਕੰਜੂਸੀ, ਲਾਲਚ, ਬੇਸਬਰੀ, ਖੋਹ-ਖਿੰਜੀ, ਸਾਕਤਤਾ ਤੇ ਸਵਾਰਥ ਵਰਗੇ ਔਗੁਣਾਂ ਦਾ ਹਾਮੀ ਹੈ! ਮੈਂ ਤੀਹ ਸਾਲ ਲਗਾਤਾਰ ਯੂਨੀਵਰਸਿਟੀ ਤੇ ਕਾਲਜਾਂ ਵਿਚ ਕਾਰਲ ਮਾਰਕਸ ਪੜ੍ਹਾਇਆ ਹੈ ਤੇ ਉਸ ਦੀਆਂ ਮੌਲਿਕ ਲਿਖਤਾਂ ਕਈ ਵਾਰ ਪੜ੍ਹੀਆਂ ਹਨ। ਮੈਨੂੰ ਤਾਂ ਉਸ ਦੀਆਂ ਪੁਸਤਕਾਂ ਵਿਚ ਕਿਧਰੇ ਅਜਿਹੀ ਕੋਈ ਗੱਲ ਮਿਲੀ ਨਹੀਂ। ਹਾਂ, ਇਸਾਈ ਮੱਤ ਦੇ ਸਬੰਧ ਵਿਚ ਮਾਰਕਸ ਦਾ ਵਿਚਾਰ ਸੀ ਕਿ ਦਾਨ, ਦਇਆ, ਸਬਰ, ਪਰਮਾਰਥ, ਸਰਬ-ਕਲਿਆਣ, ਮਿਲਵਰਤਣ ਤੇ ਭਾਈਚਾਰੇ ਵਰਗੀਆਂ ਕਦਰਾਂ ਕੀਮਤਾਂ ਸਰਬ-ਸ਼੍ਰੇਸ਼ਟ ਤਾਂ ਹਨ, ਪਰ ਇਨ੍ਹਾਂ ਨੂੰ ਉਪਦੇਸ਼ਾਂ ਰਾਹੀਂ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਦਾ। ਇਸ ਲਈ ਫਿਊਡਲ ਸਮਾਜਾਂ ਵਿਚ ਇਹ ਕਦਰਾਂ ਯੂਟੋਪੀਆਈ ਬਣ ਕੇ ਰਹਿ ਗਈਆਂ ਹਨ, ਭਾਵ ਜਗੀਰਦਾਰੀ ਸਮਾਜ ਵਿਚ ਇਨ੍ਹਾਂ ਦੀ ਕਲਪਨਾ ਹੀ ਕੀਤੀ ਜਾ ਸਕਦੀ ਹੈ, ਪ੍ਰਾਪਤੀ ਨਹੀਂ। ਉਸ ਨੇ ਇਨ੍ਹਾਂ ਦੀ ਯਥਾਰਥਕ ਉਪਲਭਧੀ ਲਈ ਕਿਰਤੀ ਇਨਕਲਾਬ ਰਾਹੀਂ ਸ਼ੋਸ਼ਣ-ਰਹਿਤ ਸਮਾਜ ਦੀ ਸਿਰਜਣਾ ਦਾ ਰਾਹ ਦੱਸਿਆ। ਉਸ ਦਾ ਮਿਹਨਤਕਸ਼ ਕਿਰਤੀ ਗੁਰੂ ਨਾਨਕ ਦੇ ਸਮਕਾਲੀ ਭਾਈ ਲਾਲੋ ਵਰਗਾ ਹੀ ਸੀ ਜਿਸ ਦੀ ਕਿਰਤ ਨੂੰ ਗੁਰੂ ਸਾਹਿਬ ਨੇ ਆਪ ਸਤਿਕਾਰਿਆ ਸੀ। ਅਜਿਹੇ ਕਿਰਤੀਆਂ ਲਈ ਸਾਵੇ ਜੀਵਨ ਦੇ ਗੁਰੂ ਨਾਨਕ ਦੇ ਸੰਕਲਪ ਨੂੰ ਪੂਰਾ ਕਰਨ ਲਈ ਹੀ ਛੇਵੇਂ ਪਾਤਸ਼ਾਹ ਤੇ ਦਸਮੇਸ਼ ਪਿਤਾ ਨੇ ਤਾਕਤ ਤੇ ਜ਼ੁਲਮ ਵਿਰੁਧ ਤਲਵਾਰ ਉਠਾਉਣ ਦਾ ਫੈਸਲਾ ਕੀਤਾ ਸੀ। ਇਸ ਲਈ ਕਾਰਲ ਮਾਰਕਸ ਨੇ ਨੇਕ ਕਦਰਾਂ-ਕੀਮਤਾਂ ਦਾ ਵਿਰੋਧ ਨਹੀਂ ਸੀ ਕੀਤਾ, ਸਗੋਂ ਉਨ੍ਹਾਂ ਨੂੰ ਹਕੀਕੀ ਰੂਪ ਵਿਚ ਪ੍ਰਾਪਤ ਕਰਨ ਲਈ ਸਮਕਾਲੀਨ ਦਾਰਸ਼ਨਿਕਾਂ ਰਾਹੀਂ ਅਪਨਾਈ ਜਾਂਦੀ ਵਿਧੀ ਦੀ ਆਲੋਚਨਾ ਕੀਤੀ ਸੀ। ਜ਼ਾਤੀ ਤੌਰ ‘ਤੇ ਵੀ ਉਸ ਨੇ ਪ੍ਰੰਪਰਾਗਤ ਸਦ-ਗੁਣਾਂ ਨੂੰ ਕਦੇ ਅਣਗੌਲਿਆ ਨਹੀਂ ਕੀਤਾ। ਜੇ ਕੀਤਾ ਹੁੰਦਾ, ਤਾਂ ਉਸ ਦੇ ਘਰ ਹਰ ਰੋਜ਼ ਦਰਜਨਾਂ ਲੋੜਵੰਦਾਂ ਦਾ ਲੰਗਰ ਨਾ ਲਗਦਾ, ਭੁੱਖਮਰੀ ਨਾਲ ਉਸ ਦੇ ਬੱਚੇ ਉਸ ਦੇ ਸਾਹਮਣੇ ਦਮ ਨਾ ਤੋੜਦੇ, ਉਹ ਮਿੱਤਰ ਦੀ ਸਹਾਇਤਾ ਦੇ ਬਲਬੂਤੇ ਜੀਵਨ ਨਾ ਕੱਟਦਾ, ਜੱਦੀ ਜਾਇਦਾਦ ਤੋਂ ਮਿਲੇ ਧਨ ਨੂੰ ਸਭ ਲੋੜਵੰਦਾਂ ਦੇ ਵਰਤਣ ਲਈ ਟੋਕਰੀ ਵਿਚ ਪਾ ਕੇ ਘਰ ਦੇ ਵਿਚਕਾਰ ਨਾ ਰੱਖਦਾ, ਰਾਹ ਜਾਂਦਿਆਂ ਰੁਕ ਕੇ ਯਤੀਮ ਬੱਚਿਆਂ ਨੂੰ ਜੇਬ ‘ਚੋਂ ਦੁਆਨੀ-ਚੁਆਨੀ ਦੇ ਕੇ ਸਿਰ ਨਾ ਪਲੋਸਦਾ ਅਤੇ ਸਮਾਜ-ਪਰਿਵਰਤਨ ਦੀ ਧੁਨ ਵਿਚ ਉਮਰ ਭਰ ਖੋਜ ਕਾਰਜ ਲਈ ਅਜਾਇਬਘਰਾਂ ਦੀ ਖਾਕ ਨਾ ਛਾਣਦਾ; ਭਾਵ ਪੀਐਚæਡੀæ ਹੋਣ ਨਾਤੇ ਕੋਈ ਚਿੱਟ-ਕਾਲਰੀ ਕੰਮ ਕਰ ਕੇ ਸੌਖਾ ਜੀਵਨ ਬਤੀਤ ਕਰਦਾ। ਉਸ ਬਾਰੇ ਇਹ ਤੱਥ ਮੈਂ ਸਿੱਖ ਵਿਦਵਾਨ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੇ ਕਾਰਲ ਮਾਰਕਸ ਦੀ ਜੀਵਨੀ ਬਾਰੇ ‘ਪੰਜਾਬ ਟਾਈਮਜ਼’ ਵਿਚ ਪਿੱਛੇ ਜਿਹੇ ਛਪੇ ਅੱਧੀ ਦਰਜਨ ਲੇਖਾਂ ਦੇ ਹਵਾਲੇ ਨਾਲ ਲਿਖੇ ਹਨ। ਜੇ ਉਨ੍ਹਾਂ ‘ਤੇ ਵੀ ਯਕੀਨ ਨਹੀਂ ਤਾਂ ਮਾਸਟਰ ਲਾਲੀ ਆਪ ਕਾਰਲ ਮਾਰਕਸ ਦੀਆਂ ਲਿਖਤਾਂ ਪੜ੍ਹ ਕੇ ਤਸੱਲੀ ਕਰ ਲੈਣ ਜੋ ਸਭ ਇੰਟਰਨੈਟ ‘ਤੇ ਪਈਆਂ ਹਨ।
ਇਹ ਸਭ ਕੁਝ ਮੈਂ ਕਾਰਲ ਮਾਰਕਸ ਦੀ ਉਪਮਾ ਕਰਨ ਲਈ ਨਹੀਂ ਲਿਖਿਆ ਸਗੋਂ ਮਾਸਟਰ ਲਾਲੀ ਦੇ ਹਉਮੈਵਾਦੀ ਭੁਲੇਖੇ ਦੂਰ ਕਰਨ ਲਈ ਲਿਖਿਆ ਹੈ। ਭੁਲੇਖਾ ਉਨ੍ਹਾਂ ਨੂੰ ਇਹ ਵੀ ਹੈ ਕਿ ਮੈਂ ਨਾਸਤਿਕ ਹਾਂ ਤੇ ਮੇਰਾ ਗੁਰਬਾਣੀ ਵਿਚ ਕੋਈ ਵਿਸ਼ਵਾਸ ਨਹੀਂ। ਹੈ ਤਾਂ ਇਹ ਉਨ੍ਹਾਂ ਦੀ ਜ਼ਿਆਦਤੀ, ਕਿਉਂਕਿ ਕਿਸੇ ਦੇ ਵਿਸ਼ਵਾਸ ‘ਤੇ ਤਾਂ ਅਮਰੀਕੀ ਸਰਕਾਰ ਵੀ ਕਿੰਤੂ-ਪ੍ਰੰਤੂ ਨਹੀਂ ਕਰ ਸਕਦੀ, ਪਰ ਉਨ੍ਹਾਂ ਦੀ ਕਿਆਸ-ਅਰਾਈ ਨੂੰ ਦੂਰ ਕਰਨ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਵਿਸ਼ਵਾਸ ਅਨੁਸਾਰ ਸਿੱਖੀ ਦੇ ਬਾਨੀ, ਗੁਰੂ ਨਾਨਕ ਦੇਵ ਆਪਣੇ ਗਿਆਨ ਤੇ ਸਿਖਿਆਵਾਂ ਕਾਰਨ ਜਗਤ ਦੇ ਅਗਲੇ ਪਿਛਲੇ ਸਭ ਪੀਰਾਂ, ਫਿਲਾਸਫਰਾਂ ਤੇ ਵਿਗਿਆਨੀਆਂ ਦੇ ਸਿਰਤਾਜ ਹਨ। ਉਨ੍ਹਾਂ ਦੀ ਬਾਣੀ ਤੋਂ ਬਿਨਾਂ ਸੰਸਾਰ ਵਿਚ ਕੋਈ ਸਹੀ ਸੇਧ ਨਹੀਂ ਹੈ। ਮੇਰੇ ਵਿਸ਼ਵਾਸ ਵਿਚ ਗੁਰੂ ਸਾਹਿਬ ਦੀ ਸ਼੍ਰੋਮਣੀ ਬਾਣੀ ਜਪੁਜੀ ਸਾਹਿਬ ਤੁਲ ਤਾਂ ਕੋਈ ਲਿਖਤ ਲਿਖੀ ਹੀ ਨਹੀਂ ਗਈ ਤੇ ਨਾ ਕਦੇ ਲਿਖੀ ਜਾਵੇਗੀ। ਦੁਨੀਆਂ ਵਾਰ-ਵਾਰ ਮਿਟੇ ਤੇ ਮਿਟ-ਮਿਟ ਕੇ ਬਣੇ, ਫਿਰ ਵੀ ਇਸ ਦੇ ਸੱਚ ਨੂੰ ਕੋਈ ਆਂਚ ਨਹੀਂ ਆਵੇਗੀ। ਮੇਰਾ ਵਿਸ਼ਵਾਸ ਹੈ ਕਿ ਜੁਗੋ-ਜੁਗ ਲੱਖਾਂ ਫਿਲਾਸਫਰ, ਕਰੋੜਾਂ ਕਾਰਲ ਮਾਰਕਸ ਤੇ ਅਣਗਿਣਤ ਵਿਗਿਆਨੀ ਇਸ ਦੇ ਸੱਤ ਕਥਨਾਂ ਦੀ ਈਨ ਭਰਦੇ ਰਹਿਣਗੇ ਤੇ ਇਸ ਨੂੰ ਆਪਣਾ ਚਾਨਣ ਮੁਨਾਰਾ ਸਮਝ ਕੇ ਇਸ ਦੇ ਮਨਸ਼ਿਆਂ ਅਨੁਸਾਰ ਆਪਣੇ ਖੋਜ ਕਾਰਜ ਕਰਦੇ ਰਹਿਣਗੇ। ਮੇਰੇ ਵਿਸ਼ਵਾਸ ਵਿਚ ਇਸ ਦੀ ਪ੍ਰਕ੍ਰਿਤੀ ਅਕਾਲ ਪੁਰਖ ਵਾਂਗ “ਹੈ ਭੀ ਸਚੁ” ਤੇ “ਹੋਸੀ ਭੀ ਸਚੁ” ਵਾਲੀ ਹੈ। ਕੋਈ ਹਰਫੇ-ਆਖਰ ਵਿਚ ਵਿਸ਼ਵਾਸ ਕਰੇ ਨਾ ਕਰੇ, ਪਰ ਮੈਂ ਯਕੀਨ ਰੱਖਦਾ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਰੰਭ ਹੀ ਹਰਫੇ-ਆਖਰ ਨਾਲ ਹੁੰਦਾ ਹੈ। ਮੈਨੂੰ ਪਤਾ ਹੈ ਕਿ ਮੇਰਾ ਇਹ ਯਕੀਨ ਬੁੱਧੀਜੀਵੀ ਵਰਗ ਦੇ ਗਲੇ ਨਹੀਂ ਉਤਰੇਗਾ, ਪਰ ਇਹ ਵਿਸ਼ਵਾਸ ਮੈਂ ਆਪਣੀ ‘ਜ਼ਮੀਰ’ ਪਿੱਛੇ ਲੱਗ ਕੇ ਨਹੀਂ ਬਣਾਇਆ, ਸਗੋਂ ਮੇਰੀ ਅਠਾਰਾਂ ਸਾਲ ਦੀ ਲਗਾਤਾਰ ਖੋਜ ਤੋਂ ਬਾਅਦ ਇਸ ਨੂੰ ਮੇਰੀ ‘ਜ਼ਮੀਰ’ ਨੇ ਅਪਨਾਇਆ ਹੈ। ਲੋਕ ਕਹਿੰਦੇ ਹਨ, ਸਿੱਖੀ ਨੂੰ ਅਮੁਕ ਧਰਮਾਂ ਜਾਂ ਵਿਚਾਰਧਾਰਾਵਾਂ ਤੋਂ ਖਤਰਾ ਹੈ; ਮੈਂ ਸਮਝਦਾ ਹਾਂ ਇਹ ਉਨ੍ਹਾਂ ਦੀ ਅਗਿਆਨਤਾ ਹੈ। ਮੇਰਾ ਵਿਸ਼ਵਾਸ ਹੈ ਕਿ ਸਿੱਖੀ ਦੇ ਸਿਧਾਂਤ ਇੰਨੇ ਸੱਚੇ ਤੇ ਉਚੇ ਵਿਗਿਆਨਕ ਸੱਚ ਹਨ ਕਿ ਇਨ੍ਹਾਂ ਤੀਕਰ ਕੋਈ ਪਹੁੰਚ ਹੀ ਨਹੀਂ ਸਕਦਾ। ਮੈਂ ਸਿੱਖੀ ਨੂੰ ਮੰਨਤਾਂ ਮੰਨਣ ਦਾ ਸਾਧਨ ਨਹੀਂ ਮੰਨਦਾ ਤੇ ਨਾ ਕਰਮ-ਕਾਂਡਾਂ ਦਾ ਸ੍ਰੋਤ, ਕਿਉਂਕਿ ਇਹ ਗੁਰਬਾਣੀ ਦੀ ਅਵਹੇਲਨਾ ਹੈ। ਗੁਰਬਾਣੀ ਦਾ ਆਧਾਰ ਜਪੁਜੀ ਦਾ ਵਿਗਿਆਨ ਹੈ ਜੋ ਵਿਗਿਆਨਕ ਸੂਝ ਤੋਂ ਬਿਨਾਂ ਕਿਸੇ ਦੀ ਸਮਝ ਨਹੀਂ ਆਵੇਗਾ। ਫਿਰ ਵੀ ਮੈਂ ਸਮਝਦਾ ਹਾਂ, ਕਿ ਧੰਨ ਹਨ ਉਹ ਲੋਕ ਜਿਹੜੇ ਬਾਣੀ ਪੜ੍ਹਦੇ-ਸੁਣਦੇ ਹਨ, ਕਿਉਂਕਿ ਜਾਣੇ-ਅਣਜਾਣੇ ਉਹ ਅਜਿਹੀ ਲਿਖਤ ਨਾਲ ਤਾਂ ਜੁੜਦੇ ਹਨ ਜੋ ਬ੍ਰਹਿਮੰਡ ਦਾ ਬੌਧਿਕ ਕੋਹਿਨੂਰ ਹੈ। ਆਪਣੇ ਵਿਸ਼ਵਾਸ ਦੇ ਇਹ ਅੰਸ਼ ਮੈਂ ਕੋਈ ਵਕਤੀ ਦਲੀਲ ਦੇਣ ਲਈ ਨਹੀਂ ਲਿਖ ਰਿਹਾ। ਇਹ ਮੇਰੀ ਖੋਜ ਪੁਸਤਕ ‘ਟਰੂਥ ਅਬੱਵ ਆਲ’ ਦਾ ਸਾਰ ਹਨ ਜੋ ਐਮੇਜ਼ਾਨ ‘ਤੇ ਵੀ ਉਪਲਭਧ ਹੈ।
ਅੰਤ ਵਿਚ ਇਕ ਗੱਲ ਹੋਰ। ਮਾਸਟਰ ਲਾਲੀ ਨੇ ਆਪਣੇ ਵਿਚਾਰਾਂ ਨੂੰ ਆਪਣੀ ਜ਼ਮੀਰ ‘ਚੋਂ ਉਪਜੇ ਹੋਣ ਦੀ ਦੁਹਾਈ ਪਾ ਕੇ ਮੈਨੂੰ ਬੁੱਧੀਮਤਾ ਦੇ ਸਹਾਰੇ ਉਨ੍ਹਾਂ ਦੇ ਵਿਚਾਰਾਂ ਨੂੰ ਨਕਾਰਨ ਦਾ ਮਿਹਣਾ ਮਾਰਿਆ ਹੈ। ਕਿਉਂਕਿ ਗੁਰਬਾਣੀ ਵਿਚ ਤਾਂ ‘ਜ਼ਮੀਰ’ ਨਾਂ ਦਾ ਕੋਈ ਸ਼ਬਦ ਹੈ ਨਹੀਂ, ਇਸ ਲਈ ਇਸ ਗੱਲ ਦਾ ਸਪਸ਼ਟੀਕਰਨ ਮੈਂ 18ਵੀਂ ਸਦੀ ਦੇ ਫਰਾਂਸੀਸੀ ਵਿਦਵਾਨ ਰੂਸੋ ਦੇ ਹਵਾਲੇ ਨਾਲ ਕਰਦਾ ਹਾਂ। ਰੂਸੋ ਅਨੁਸਾਰ ਸਵਾਰਥ, ਹਮਦਰਦੀ ਤੇ ਘੁਮੰਡ (ਹਉਮੈ) ਮਨੁੱਖ ਦੇ ਬੁਨਿਆਦੀ ਜਜ਼ਬੇ ਹਨ। ਇਨ੍ਹਾਂ ਤਿੰਨਾਂ ਵਿਚ ਜਦੋਂ ਟਕਰਾਓ ਪੈਦਾ ਹੋ ਜਾਵੇ ਤਾਂ ਜ਼ਮੀਰ ਨਾਂ ਦਾ ਚੌਥਾ ਤੱਤ ਹਰਕਤ ਵਿਚ ਆਉਂਦਾ ਹੈ। ਇਹ ਨੇੜੇ-ਤੇੜੇ ਦੀਆਂ ਗਿਣਤੀਆਂ-ਮਿਣਤੀਆਂ ਰਾਹੀਂ ਇਨ੍ਹਾਂ ਦੇ ਸੰਕਟ ਦਾ ਹੱਲ ਲੱਭ ਦਿੰਦਾ ਹੈ। ਜ਼ਮੀਰ ਸ਼ਕਤੀਸ਼ਾਲੀ ਤੱਤ ਜ਼ਰੂਰ ਹੈ ਪਰ ‘ਅੰਨ੍ਹਾ-ਬੋਲਾ’ ਹੋਣ ਕਰ ਕੇ ਇਸ ਦੀ ਚੌਧਰ ਬੰਦੇ ਦੇ ਚੌਗਿਰਦੇ ਤੋਂ ਬਾਹਰ ਨਹੀਂ ਚੱਲਦੀ; ਭਾਵ ਕੋਈ ਬੰਦਾ ਆਪਣੀ ਜ਼ਮੀਰ ਨੂੰ ਆਪ ਤਾਂ ਗੰਭੀਰਤਾ ਨਾਲ ਅਨੁਭਵ ਕਰਦਾ ਹੈ, ਇਸ ਮੁਤਾਬਿਕ ਚਲ ਵੀ ਸਕਦਾ ਹੈ, ਪਰ ਉਹ ਦੂਜਿਆਂ ਨੂੰ ਇਸ ਬਾਰੇ ਕੁਝ ਦੱਸ ਨਹੀਂ ਸਕਦਾ। ਇਸ ਕਾਰਨ ਬੰਦਿਆਂ ਦੇ ਪਰਸਪਰ ਸੰਚਾਰ ਵਿਚ ਖਲਾਅ ਪੈਦਾ ਹੋ ਜਾਂਦਾ ਹੈ ਜੋ ਸਮਾਜਕ ਤਣਾਅ ਨੂੰ ਜਨਮ ਦਿੰਦਾ ਹੈ। ਇਸ ਖਲਾਅ ਨੂੰ ਦੂਰ ਕਰਨ ਲਈ ਬੰਦੇ ਦੇ ਮਨ ਅੰਦਰ ਬੁੱਧੀ ਦਾ ਅੰਸ਼ ਉਭਰਦਾ ਹੈ। ਇਹ ਸਰਬ-ਉਚ ਤੱਤ ਰੋਸ਼ਨੀ ਦਾ ਪ੍ਰਤੀਕ ਹੈ ਜੋ ਅੰਦਰੂਨੀ ਵਲਵਲਿਆਂ ਨੂੰ ਵਿਵੇਕ ਦੀ ਰਾਹ ਦਿਖਾ ਕੇ ਤਰਕਸੰਗਤ ਵਿਚਾਰਾਂ ਤੇ ਦਲੀਲਾਂ ਵਿਚ ਤਬਦੀਲ ਕਰਦਾ ਹੈ। ਇੰਜ ਕਹੋ ਕਿ ਬੁੱਧੀ ਵਿਚੋਂ ਉਪਜਿਆ ਵਿਵੇਕ ਮਨੁੱਖ ਨੂੰ ਜ਼ਮੀਰ ਦੇ ਹਉਮੈਵਾਦੀ ਅੰਸ਼ਾਂ ਤੋਂ ਮੁਕਤ ਹੋਣ ਦੀ ਸਮਰੱਥਾ ਦਿੰਦਾ ਹੈ ਤੇ ਉਨ੍ਹਾਂ ਨੂੰ ਸਮਾਜਕ ਤੌਰ ‘ਤੇ ਲਾਭਦਾਇਕ ਗਿਆਨ ਵਿਚ ਤਬਦੀਲ ਕਰ ਕੇ ਮਨੁੱਖਤਾ ਵਿਚ ਆਲਮੀ ਪੱਧਰ ਦਾ ਸੰਚਾਰ ਸੰਭਵ ਕਰਦਾ ਹੈ। ਰੂਸੋ ਦੇ ਇਸ ਵਿਸ਼ਲੇਸ਼ਣ ਨੇ ਮਨੁੱਖੀ ਵਿਹਾਰ ਨੂੰ ਸਮਝਣ ਵਿਚ ਹਮੇਸ਼ਾ ਹੀ ਮੇਰਾ ਰਾਹ ਸੁਖਾਲਾ ਕੀਤਾ ਹੈ। ਇਸ ਲਈ ਮੈਂ ਮਾਸਟਰ ਲਾਲੀ ਦੇ ਦੱਸਣ ਬਿਨਾਂ ਹੀ ਸਮਝ ਗਿਆ ਸਾਂ ਕਿ ਉਨ੍ਹਾਂ ਨੇ ਆਪਣਾ ਉਹ ਪ੍ਰਤੀਕਰਮ ਆਪ ਨਹੀਂ ਸੀ ਲਿਖਿਆ, ਸਗੋਂ ਉਨ੍ਹਾਂ ਦੀ ਜ਼ਮੀਰ ਨੇ ਉਨ੍ਹਾਂ ਤੋਂ ਲਿਖਾਇਆ ਸੀ।