ਪਰੂਫ ਰੀਡਿੰਗ ਸੈਕਸ਼ਨ ਦੇ ਨਿਰਾਲੇ ਸਾਥੀ-2

‘ਪੰਜਾਬੀ ਟ੍ਰਿਬਿਊਨ ਦੀਆਂ ਯਾਦਾਂ ਦੀ ਲੜੀ’
ਅਮੋਲਕ ਸਿੰਘ ਜੰਮੂ
‘ਪੰਜਾਬੀ ਟ੍ਰਿਬਿਊਨ’ ਵਿਚ ਪਰੂਫ ਰੀਡਰੀ ਦੇ ਸਮੇਂ ਦੀ ਗੱਲ ਕਰਦਿਆਂ ਮੈਂ ਦੱਸ ਹੀ ਚੁੱਕਾ ਹਾਂ ਕਿ ਸਾਡੇ ਸੈਕਸ਼ਨ ਦਾ ਇੰਚਾਰਜ ਪ੍ਰੇਮ ਗੋਰਖੀ ਸੀ। ਅਦਾਰੇ ਵਿਚ ਮੁਲਾਜ਼ਮ ਯੂਨੀਅਨ ਬਣਨ ਅਤੇ ਜਲਦੀ ਬਾਅਦ ਜਗਤਾਰ ਸਿੱਧੂ ਅਤੇ ਸੁਰਿੰਦਰ ਸਿੰਘ ਵੱਲੋਂ ਯੂਨੀਅਨ ਨੂੰ ਕਾਬੂ ਕਰ ਲੈਣ ਸਮੇਂ ਹਰਭਜਨ ਹਲਵਾਰਵੀ, ਪ੍ਰੋæ ਸ਼ਾਮ ਸਿੰਘ, ਸ਼ਮਸ਼ੇਰ ਸੰਧੂ, ਅਮਰੀਕ ਸਿੰਘ ਬਨਵੈਤ ਅਤੇ ਕੁਝ ਹੋਰਨਾਂ ਵਾਂਗੂ ਗੋਰਖੀ ਨੇ ਵੀ ‘ਸਿਆਣਪ’ ਵਰਤਦਿਆਂ ਆਪਣੇ ਸਾਰੇ ਆਂਡੇ ਜਗਤਾਰ ਹੋਰਾਂ ਵਾਲੀ ਟੋਕਰੀ ਵਿਚ ਧਰ ਦਿੱਤੇ।
ਗੁਰਦਿਆਲ ਬੱਲ ਨੂੰ ਸ਼ੁਰੂ ਤੋਂ ਹੀ ਦੋਸਤਾਂ-ਮਿੱਤਰਾਂ ਨੂੰ ਤੋਹਫੇ ਵਜੋਂ ਕਿਤਾਬਾਂ ਦੇਣ ਦੀ ਆਦਤ ਹੈ। ਪਿਛਲੇ ਸਾਲ ਜਦੋਂ ਸ਼ਿਕਾਗੋ ਮਿਲਣ ਆਇਆ ਤਾਂ ਉਹ ‘ਪੰਜਾਬ ਟਾਈਮਜ਼’ ਦੀ ਲਾਇਬ੍ਰੇਰੀ ਲਈ ਪੰਜਾਬੀ ਦੀਆਂ 5-7 ਪੁਸਤਕਾਂ ਲੈ ਆਇਆ। ਇਨ੍ਹਾਂ ਵਿਚ ਗੋਰਖੀ ਦੀ ਥੋੜ੍ਹਾ ਕੁ ਸਮਾਂ ਪਹਿਲਾਂ ਛਪੀ ਸਵੈ-ਜੀਵਨੀ ‘ਗੈਰ-ਹਾਜ਼ਰ ਆਦਮੀ’ ਵੀ ਸੀ। ਪਿਛਲੇ ਹਫਤੇ ਹੀ ਮੈਂ ਆਪਣੀ ਪਤਨੀ ਜਸਪ੍ਰੀਤ ਦੀ ਮੱਦਦ ਨਾਲ ਇਸ ਕਿਤਾਬ ਦੇ ਅਰੰਭ ਅਤੇ ਅਖੀਰ ਦੇ ਕੁਝ ਕਾਂਡ ਪੜ੍ਹੇ। ਕਿਤਾਬ ਦਾ ‘ਜਿੰਨ ਨਹੀਂ ਦੇਵਤਾ’ ਸਿਰਲੇਖ ਹੇਠਲਾ ਦੂਜਾ ਕਾਂਡ ਬੜਾ ਦਿਲਚਸਪ ਲੱਗਾ। ਕਥਾ ਦਾ ਗਰੀਬ ਨਾਇਕ ਜੀਵਨ ਸੰਗਰਾਮ ਨੂੰ ਸਰ ਕਰਨ ਲਈ ਪਿੰਡ ਦੇ ਸਿਵਿਆਂ ‘ਚ ਜਾ ਕੇ ਸ਼ਿਲਾ ਕੱਟ ਕੇ ਯੋਗ ਸ਼ਕਤੀਆਂ ਪ੍ਰਾਪਤ ਕਰਨ ਦਾ ਰਸਤਾ ਅਖਤਿਆਰ ਕਰਦਾ ਹੈ। ਲੱਭਦਾ ਲਭਾਉਂਦਾ ਉਸ ਦਾ ਬਾਪ ਆ ਕੇ ਛਿੱਤਰਾਂ ਨਾਲ ਉਸ ਦੀ ਭੁਗਤ ਸਵਾਰ ਦਿੰਦਾ ਹੈ। ਬਾਪ ਨੂੰ ਆਪਣੇ ਪੁੱਤਰ ‘ਤੇ ਤਰਸ ਵੀ ਆਉਂਦਾ ਹੈ ਅਤੇ ਦੁਖੀ ਮਨ ਨਾਲ ਆਖਦਾ ਹੈ-‘ਕੁੱਤੇ ਦਿਆ ਪੁੱਤਰਾ, ਇਨ੍ਹਾਂ ਹੱਥਾਂ ਨਾਲ ਮਿਹਨਤ ਕਰੇ ਬਿਨਾਂ ਨਹੀਂ ਸਰਨਾ। ਇਹ ਕੰਮ ਹਾਰੇ ਲੋਕ ਕਰਦੇ ਹਨ ਜਾਂ ਕੰਜਰ ਕਰਦੇ ਹਨ।’ ਇੱਕ ਹੋਰ ਕਾਂਡ ਵਿਚ ਲੇਖਕ ਨੇ ਆਪਣੇ ਨਾਂ ਪਿੱਛੇ ‘ਗੋਰਖੀ’ ਲਿਖਣ ਦਾ ਪਿਛੋਕੜ ਦੱਸਿਆ ਹੈ। ਗੋਰਖੀ ਦੀ ਜ਼ਿੰਦਗੀ ਦੇ ਮੁੱਢਲੇ ਮੁਸ਼ੱਕਤੀ ਵਰ੍ਹਿਆਂ ਬਾਰੇ ਮੈਨੂੰ ਪਹਿਲਾਂ ਵੀ ਪਤਾ ਸੀ ਪਰ ਇਸ ਪੁਸਤਕ ਦੇ ਕੁਝ ਕਾਂਡ ਪੜ੍ਹ ਕੇ ਉਸ ਦਾ ਜੀਵਨ ਸੰਘਰਸ਼ ਹੋਰ ਵੀ ਦਿਲਚਸਪ ਲੱਗਾ।
ਆਪਣੀ ਸਵੈ-ਜੀਵਨੀ ਦੇ ਅਖੀਰ ਵਿਚ ਗੋਰਖੀ ਨੇ ‘ਪੰਜਾਬੀ ਟ੍ਰਿਬਿਊਨ’ ਵਿਚ ਆਪਣੇ ਮੁੱਢਲੇ ਦਿਨਾਂ ਦੀ ਗੱਲ ਕਰਦਿਆਂ ਪ੍ਰੋæ ਸ਼ਾਮ ਸਿੰਘ, ਜਗਤਾਰ ਸਿੱਧੂ ਅਤੇ ਹਲਵਾਰਵੀ ਦੇ ਨਾਲ ਮੇਰਾ ਵੀ ਜ਼ਿਕਰ ਕੀਤਾ ਹੈ। ਜਸਪ੍ਰੀਤ ਦਾ ਕਹਿਣਾ ਸੀ ਕਿ ਗੋਰਖੀ ਦੀ ਕਿਸੇ ਚੰਗਿਆਈ ਦਾ ਤੁਸੀਂ ਕਦੀ ਜ਼ਿਕਰ ਨਹੀਂ ਕੀਤਾ ਪਰ ਉਸ ਨੇ ਤਾਂ ਤੁਹਾਡੀ ਗੱਲ ਅਪਣੱਤ ਭਾਵ ਨਾਲ ਕੀਤੀ ਹੋਈ ਹੈ। ਮੈਂ ਜਸਪ੍ਰੀਤ ਨੂੰ ਤਾਂ ਕੋਈ ਜਵਾਬ ਨਾ ਦਿੱਤਾ ਪਰ ਮੇਰੇ ਮਨ ਵਿਚ ਸੋਚ ਆਈ ਕਿ ਗੋਰਖੀ ਦੀ ਤਾਂ ਜਲੰਧਰ ਦੇ ਅਖਬਾਰੀ ਮਾਹੌਲ ਤੋਂ ਜਾਨ ਛੁੱਟ ਗਈ ਸੀ, ਪਰ ਸਾਨੂੰ ਕਰੀਬ-ਕਰੀਬ ਸਾਰਿਆਂ ਨੂੰ ਉਸ ਜਲੰਧਰ ਵਾਲੇ ਮਾਹੌਲ ਵਾਲੀ ਕੈਦ ਵਿਚ ਰੱਖੀ ਰੱਖਿਆ। ਉਹ ਖੁਸ਼ ਸੀ ਕਿ ਤਨਖਾਹ ਉਸ ਨੂੰ ਦੁੱਗਣੀ ਤੋਂ ਵੀ ਵੱਧ ਮਿਲਣ ਲੱਗ ਪਈ ਸੀ, 16-16 ਜਮਾਤਾਂ ਪਾਸ ਕਰ ਕੇ ਆਏ ਸਾਥੀਆਂ ਦਾ ਉਹ ਬੌਸ ਬਣ ਗਿਆ ਸੀ। ਫਿਰ ਵੀ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਸ ਵਿਚ ਕੰਮ ਕਰਨ ਦੀ ਲਗਨ ਤੇ ਪੂਰੀ ਸਮਰਥਾ ਸੀ। ਸਾਡੇ ਸਾਥੀਆਂ ਵਿਚੋਂ ਰਜਿੰਦਰ ਸੋਢੀ ਅਤੇ ਰਣਜੀਤ ਰਾਹੀ ਵੀ ਕਹਾਣੀਕਾਰ ਸਨ ਪਰ ਗੋਰਖੀ ਆਪਣੇ ਇਨ੍ਹਾਂ ਦੋਵਾਂ ਸਾਥੀਆਂ ਨਾਲੋਂ ਬਿਹਤਰ ਬਿਰਤਾਂਤਕਾਰ ਸੀ। ਸੁਣਿਐ, ਤਰਲੋਚਨ ਸ਼ੇਰਗਿੱਲ ਦੀ ਜੀਵਨ ਦੇ ਆਖਰੀ ਵਰ੍ਹਿਆਂ ‘ਚ ਹੰਢਾਈ ਘੋਰ ਪਰਿਵਾਰਕ ਤਰਾਸਦੀ ਬਾਰੇ ‘ਜੜ੍ਹਾਂ’ ਨਾਂ ਦੀ ਕਹਾਣੀ ਵਿਚ ਉਸ ਨੇ ਬੜਾ ਮਾਰਮਿਕ ਚਿਤਰਨ ਕੀਤਾ ਹੈ, ਪਰ ਤਰਲੋਚਨ ਨੂੰ ਵੀ ਉਸ ਨੇ ਖੁਦ ਕਿੰਨਾ ਪ੍ਰੇਸ਼ਾਨ ਕੀਤਾ, ਉਸ ਤੋਂ ਦੋਸ਼ ਮੁਕਤੀ ਲਈ ਇਹ ਜੈਸਚਰ ਕਾਫੀ ਨਹੀਂ ਮੰਨਿਆ ਜਾ ਸਕਦਾ।
ਸਾਡੇ ਸਾਥੀ ਰਣਜੀਤ ਰਾਹੀ ਦੀਆਂ ‘ਕਾਲਾ ਇਲਮ’ ਅਤੇ ‘ਰੁੱਤਾਂ ਦੇ ਪ੍ਰਛਾਵੇਂ’ ਨਾਂ ਦੀਆਂ ਕਹਾਣੀਆਂ ਦੀਆਂ ਦੋ ਕਿਤਾਬਾਂ ਪੰਜਾਬੀ ਟ੍ਰਿਬਿਊਨ’ ਵਿਚ ਆਉਣ ਤੋਂ ਕਈ ਸਾਲ ਪਹਿਲਾਂ ਦੀਆਂ ਛਪੀਆਂ ਹੋਈਆਂ ਸਨ। ਹੁਣ ਉਸ ਦਾ ਨਾਵਲ ‘ਮਾਧਵੀ’ ਛਪਿਆ ਹੈ। ਉਸ ਦੀ ਇੱਕ ਹੋਰ ਕਿਤਾਬ ‘ਟੁੱਟੇ ਹੋਏ ਪੁਲ’ 1990 ਦੇ ਗੇੜ ਵਿਚ ਛਪੀ। ‘ਟੁੱਟੇ ਹੋਏ ਪੁਲ’ ਨਾਂ ਦੀ ਕਹਾਣੀ ਮੈਨੂੰ ਅੱਜ ਵੀ ਮੱਧਮ ਜਿਹੀ ਯਾਦ ਹੈ ਜਿਸ ਵਿਚ ਉਸ ਨੇ ਗਰੀਬ ਕਿਸਾਨੀ ਦੇ ਸੰਕਟ ਅਤੇ ਥੁੜਾਂ-ਤੰਗੀਆਂ ਦਾ ਚੰਗਾ ਚਿਤਰਨ ਕੀਤਾ ਹੈ। ਕਹਾਣੀ ਦੋ ਸਕੇ ਭਾਈਆਂ ਦੇ ਆਪਸੀ ਵੰਡ-ਵੰਡਾਰੇ ਬਾਰੇ ਹੈ। ਪੰਜਾਬੀ ਕਹਾਣੀ ਦਾ ਇਹ ਰਵਾਇਤੀ ਵਿਸ਼ਾ ਰਿਹਾ ਹੈ। ਰਾਹੀ ਦਾ ਬਿਰਤਾਂਤ ਠੀਕ ਸੀ ਪਰ ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ ਜਾਂ ਸੰਤੋਖ ਸਿੰਘ ਧੀਰ ਦੀਆਂ ਕਈ ਕਹਾਣੀਆਂ ਵਿਚ ਆਉਂਦੇ ਅਜਿਹੇ ਥੀਮ ਦੀ ਦੁਹਰਾਈ ਤੋਂ ਉਹ ਮੁਕਤ ਨਹੀਂ ਸੀ। ਇਨਸਾਨ ਦੇ ਤੌਰ ‘ਤੇ ਰਾਹੀ ਬੜਾ ਖਰਾ ਆਦਮੀ ਹੈ।
ਰਜਿੰਦਰ ਸੋਢੀ ਬੜਾ ਖਰਾ ਬੰਦਾ ਸੀ। ਉਸ ਨੂੰ ਕਾਦਰ, ਉਸ ਦੀ ਕੁਦਰਤ ਜਾਂ ਕਿਸੇ ਨਾਲ ਵੀ ਕੋਈ ਸ਼ਿਕਾਇਤ ਨਹੀਂ ਸੀ। ਸੋਢੀ ਦਾ ‘ਖੁੱਲ੍ਹਾ ਅਕਾਸ਼’ ਨਾਂ ਦਾ ਕਹਾਣੀ ਸੰਗ੍ਰਹਿ ਉਸ ਦੇ ਟ੍ਰਿਬਿਊਨ ਵਿਚ ਆਉਣ ਤੋਂ ਕਾਫੀ ਸਮਾਂ ਬਾਅਦ 1986-87 ਵਿਚ ਛਪਿਆ। ਮੈਨੂੰ ਉਸ ਦੀ ਕਿਸੇ ਵੀ ਕਹਾਣੀ ਦਾ ਵਿਸ਼ਾ ਵਸਤੂ ਹੁਣ ਯਾਦ ਨਹੀਂ। ਸੋਢੀ ਨੂੰ ਕਵਿਤਾ ਲਿਖਣ ਦਾ ਵੀ ਝੱਸ ਸੀ। ਉਸ ਦਾ ‘ਤਾਰਾਗਣ, ਸਮੁੰਦਰ ਤੇ ਬੋਧ ਬ੍ਰਿਖ’ ਨਾਂ ਦਾ ਕਾਵਿ ਸੰਗ੍ਰਹਿ ਕਾਫੀ ਲੇਟ ਛਪਿਆ ਸੀ। ਮੈਨੂੰ ਉਸ ਦੀ 1993-94 ਦੇ ਆਸ-ਪਾਸ ਕਿਸੇ ਰਸਾਲੇ ਵਿਚ ਛਪੀ ਇੱਕ ਨਿੱਕੀ ਜਿਹੀ ਕਵਿਤਾ ‘ਤੂੰ ਮੇਰੇ ਤਪਦੇ ਮੱਥੇ ‘ਤੇ ਹੱਥ ਤਾਂ ਰੱਖ’ ਦੀਆਂ ਦੋ ਲਾਈਨਾਂ ਚੇਤੇ ਆਉਂਦੀਆਂ ਹਨ:
ਹੌਲੀ ਹੌਲੀ ਸਿੱਖ ਹੀ ਗਏ ਹਾਂ
ਅਸੀਂ ਆਪਣੇ ਅੰਦਰਲੇ ਸ਼ੋਰ ਨੂੰ
ਹਾਸਿਆਂ ਤੇ ਕਹਿਕਹਿਆਂ ਦੇ ਨਕਾਬ ਚੜ੍ਹਾਉਣੇ।
ਇਹ ਤਾਂ ਪਤਾ ਨਹੀਂ ਕਿ ਉਹ ਨਕਾਬ ਚੜ੍ਹਾਉਣੇ ਕਿੰਨੇ ਕੁ ਸਿੱਖ ਗਿਆ ਸੀ ਪਰ ਇਹ ਗੱਲ ਪੱਕੀ ਹੈ ਕਿ ਉਸ ਦੇ ਅੰਦਰ ਕਹਿਕਹਿਆਂ ਦੇ ਅੰਬਾਰ ਜਮ੍ਹਾਂ ਸਨ।
ਰਜਿੰਦਰ ਸੋਢੀ ਅਦਾਰੇ ਵਿਚ ਆਉਣ ਤੋਂ ਪਹਿਲਾਂ ਵਿਆਹਿਆ ਹੋਇਆ ਸੀ ਪਰ ਉਸ ਦੀ ਆਪਣੀ ਪਤਨੀ ਨਾਲ ਬਣੀ ਨਹੀਂ ਸੀ। ਸੋਢੀ ਬੜਾ ਹੀ ਤੰਗ ਸੀ। ਉਸ ਦੀ ਕਿਸਮਤ ਚੰਗੀ ਸੀ ਕਿ ਕੋਈ ਬੱਚਾ ਹੋਣ ਤੋਂ ਪਹਿਲਾਂ ਹੀ ਉਸ ਦੀ ਪਹਿਲੀ ਪਤਨੀ ਤਲਾਕ ਦੇ ਉਸ ਦੀ ਜਾਨ ਛੱਡ ਗਈ। ਛੇਤੀ ਪਿੱਛੋਂ ਹੀ ਉਸ ਨੇ ਦੂਜਾ ਵਿਆਹ ਕਰਵਾ ਲਿਆ। ਇਹ ਵਿਆਹ ਬਹੁਤ ਹੀ ਸਫਲ ਰਿਹਾ। ਸੋਢੀ ਨੇ 1985 ਜਾਂ 86 ਵਿਚ ‘ਖੁੱਲ੍ਹਾ ਅਕਾਸ਼’ ਨਾਂ ਦੀ ਕਹਾਣੀਆਂ ਦੀ ਜੋ ਕਿਤਾਬ ਛਪਵਾਈ, ਉਹ ਆਪਣੀ ਪਤਨੀ ਤੇਜਿੰਦਰ ਅਤੇ ਬੱਚਿਆਂ ਨੂੰ ਸਮਰਪਿਤ ਕੀਤੀ। ਸੋਢੀ ਦਾ ਲੜਕਾ ਬੜਾ ਹੀ ਹੋਣਹਾਰ ਨਿਕਲਿਆ। ਉਹ ਬਚਪਨ ਵਿਚ ਹੀ ਕ੍ਰਿਕਟ ਦਾ ਬੜਾ ਵਧੀਆ ਖਿਡਾਰੀ ਸੀ। ਸੋਢੀ ਦੀ ਰੀਝ ਸੀ ਕਿ ਉਹ ਘੱਟੋ-ਘੱਟ ਕੌਮੀ ਪੱਧਰ ਦਾ ਖਿਡਾਰੀ ਜ਼ਰੂਰ ਬਣੇ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰਜਿੰਦਰ ਸੋਢੀ ਆਪਣੇ ਇਸ ਸੁਪਨੇ ਨੂੰ ਪੂਰਾ ਹੋਇਆ ਦੇਖਣ ਤੋਂ ਪਹਿਲਾਂ ਹੀ ਕਈ ਸਾਲ ਪਹਿਲਾਂ ਸੜਕ ਹਾਦਸੇ ਵਿਚ ਇਸ ਜਹਾਨੋਂ ਤੁਰਦਾ ਬਣਿਆ। ਉਹਦੀ ਧੀ ਅੱਜਕੱਲ੍ਹ ਟ੍ਰਿਬਿਊਨ ਅਦਾਰੇ ਵਿਚ ਹੈ।
ਉਂਜ ਰਾਜਿੰਦਰ ਸੋਢੀ ਵੀ ਮੇਰੇ ਬਾਕੀ ਸਾਥੀਆਂ ਵਾਂਗ ਆਪਣੇ ਆਪ ਵਿਚ ਇਕ ਨਮੂਨਾ ਸੀ। ਜ਼ਿੰਦਗੀ ਬਾਰੇ ਉਹ ਬਹੁਤ ਹੀ ਆਸ਼ਾਵਾਦੀ ਸੀ। ਤਰਲੋਚਨ ਨੇ ਕਿਹਾ ਕਰਨਾ ਕਿ ਜੇ ਇਸ ਦੀ ਲੱਤ ਵੀ ਟੁੱਟ ਜਾਵੇ ਤਾਂ ਵੀ ਇਹ ਇਹੋ ਕਹੇਗਾ, ਚੰਗਾ ਹੋਇਆ ਹੁਣ ਚਾਰ ਦਿਨ ਬਹਿ ਕੇ ਕੁਝ ਪੜ੍ਹਾਂ-ਲਿਖਾਂਗਾ, ਨਹੀਂ ਐਵੇਂ ਸਾਰਾ ਦਿਨ ਕੁੱਤੇ-ਭਕਾਈ ਕਰੀ ਜਾਈਦੀ ਸੀ। ‘ਪੰਜਾਬੀ ਟ੍ਰਿਬਿਊਨ’ ਵਿਚ ਆਉਣ ਤੋਂ ਦੋ ਕੁ ਸਾਲ ਬਾਅਦ ਉਹ ਇਕ ਰਾਤ ਕਿਤਿਓਂ ਘੁੱਟ ਲਾ ਕੇ ਪਰਤ ਰਿਹਾ ਸੀ ਕਿ ਰਾਸਤੇ ਵਿਚ ਘਰਾਂ ਅੱਗੇ ਪਾਰਕ ਵਿਚ ਤੰਬੂਆਂ-ਕਨਾਤਾਂ ਹੇਠ ਵਿਆਹ ਦੀ ਕੋਈ ਪਾਰਟੀ ਚੱਲ ਰਹੀ ਸੀ। ਸੋਢੀ ਵੀ ਵਿਆਹ ਦੀ ਪਾਰਟੀ ਵਿਚ ਜਾ ਰਲਿਆ। ਵਿਆਹ ਵਿਚ ਕਿਸੇ ਨੂੰ ਕੀ ਪਤਾ ਲੱਗਣਾ ਸੀ! ਸੋਢੀ ਨੇ ਰੱਜ ਕੇ ਸ਼ਰਾਬ ਪੀਤੀ। ਲੋਕ ਨੱਚ ਰਹੇ ਸਨ ਤੇ ਨਾਲ ਉਹ ਵੀ ਨੱਚਣ ਲੱਗਾ। ਜਦੋਂ ਪਾਰਟੀ ਖਤਮ ਹੋਣ ਦਾ ਵੇਲਾ ਹੋਇਆ ਤਾਂ ਸੰਗੀਤ ਬੰਦ ਕਰ ਦਿੱਤਾ ਗਿਆ। ਸੋਢੀ ਨੇ ਰੌਲਾ ਪਾ ਲਿਆ, “ਵਾਜਾ ਚਲਾਓæææਵਾਜਾ ਚਲਾਓæææ।” ਪਹਿਲਾਂ ਤਾਂ ਕੁਝ ਲੋਕਾਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸੋਢੀ ਨੇ ਲੋਰ ਵਿਚ ਆਏ ਨੇ ਕਿਸੇ ਦੇ ਘਸੁੰਨ ਜੜ ਦਿੱਤਾ, ਤਾਂ ਇਹ ਪੜਤਾਲ ਹੋਣੀ ਸ਼ੁਰੂ ਹੋ ਗਈ ਕਿ ਇਹ ਹੈ ਕੌਣ? ਸੱਚ ਪਤਾ ਲੱਗਣ ‘ਤੇ ਘਰ ਵਾਲਿਆਂ ਨੇ ਸੋਢੀ ਦੀ ਚੰਗੀ ਮੁਰੰਮਤ ਕਰ ਦਿੱਤੀ। ਅਗਲੇ ਦਿਨ ਦਫਤਰ ਆਏ ਦਾ ਮੂੰਹ-ਸਿਰ ਸੁੱਜਿਆ ਵੇਖ ਸਾਥੀਆਂ ਪੁੱਛਿਆ, ਕੀ ਹੋਇਆ? ਤਾਂ ਜਵਾਬ ਸੀ-ਦਾਰੂ ਪੀਤੀ ਵਿਚ ਸਾਈਕਲ ਤੋਂ ਡਿੱਗ ਪਿਆ। ਉਸੇ ਸ਼ਾਮ ਤਰਲੋਚਨ ਨੇ ਦਾਰੂ ਦੇ ਚਾਰ ਪੈੱਗ ਪਿਆ ਕੇ ਸੋਢੀ ਤੋਂ ਸਾਰਾ ਸੱਚ ਕਢਵਾ ਲਿਆ ਪਰ ਰਾਜਿੰਦਰ ਸੋਢੀ ਦੇ ਆਸ਼ਾਵਾਦੀ ਤੇ ਸ਼ੁਗਲੀ ਸੁਭਾਅ ਵਿਚ ਇਹ ਇਕ ਨਵਾਂ ਕਾਂਡ ਜੁੜ ਗਿਆ।
ਮੇਰੇ ਇਨ੍ਹਾਂ ਸਾਥੀਆਂ ਦੇ ਵਹਿਬਤੀ ਜਾਂ ਮੁਲਾਮਤੀ ਹੋਣ ਦੀਆਂ ਗੱਲਾਂ ਚੱਲ ਹੀ ਪਈਆਂ ਹਨ ਤਾਂ ਚੰਗਾ ਰਹੇਗਾ ਕਿ ਇਨ੍ਹਾਂ ਦੀ ਸਿਰੇ ਦੀ ਗੱਲ ਵੀ ਸੁਣਾ ਹੀ ਦਿੱਤੀ ਜਾਵੇ। ਮੈਂ ਦੱਸ ਚੁੱਕਾ ਹਾਂ ਕਿ ਤਰਲੋਚਨ, ਮੂਹਰਜੀਤ, ਰਾਹੀ, ਰਜਿੰਦਰ ਸੋਢੀ ਸਾਰੇ ਸਿਰੇ ਦੇ ਨਮੂਨੇ ਜਾਂ ਕਲਾਕਾਰ ਸਨ ਅਤੇ ਦਾਰੂ ਪੀਣ ਦੀ ਵਾਦੀ ਵੀ ਸਾਰਿਆਂ ਨੂੰ ਇਕ ਦੂਜੇ ਤੋਂ ਵਧ ਕੇ ਸੀ। ਇਸ ਕਰ ਕੇ ਪੈਸੇ ਧੇਲੇ ਦੇ ਪੱਖੋਂ ਸਾਰੇ ਸਦਾ ਟੁੱਟੇ ਹੀ ਰਹਿੰਦੇ ਸਨ। 2 ਅਕਤੂਬਰ ਦਾ ਗਾਂਧੀ ਜਯੰਤੀ ਦਾ ਦਿਨ ਸੀ। ਸ਼ਹਿਰ ਦੇ ਸਾਰੇ ਠੇਕੇ ਬੰਦ ਸਨ ਪਰ ਸੈਕਟਰ 30 ਦੇ ਠੇਕੇ ਵਾਲੇ ਪਿਛੋਂ ਦੀ ਖਿੜਕੀ ਰਾਹੀਂ ਚੋਰੀ ਸ਼ਰਾਬ ਵੇਚੀ ਜਾਂਦੇ ਸਨ। ਤਰਲੋਚਨ ਕੋਲ ਯੈਜ਼ਦੀ ਮੋਟਰਸਾਈਕਲ ਹੁੰਦਾ ਸੀ। ਤਰਲੋਚਨ, ਰਾਹੀ ਤੇ ਸੋਢੀ ਨੇ ਪੈਸੇ ਪਾ ਕੇ ਸ਼ਰਾਬ ਦੀ ਬੋਤਲ ਲਈ। ਬੋਤਲ ਮੋਟਰਸਾਈਕਲ ਦੀ ਲੋਹੇ ਦੀ ਟੋਕਰੀ ਵਿਚ ਰੱਖੀ ਤੇ ਤਿੰਨੇ ਤਰਲੋਚਨ ਦੇ ਕਮਰੇ ਵੱਲ ਚੱਲ ਪਏ। ਰਾਸਤੇ ਵਿਚ ਮੋਟਰਸਾਈਕਲ ਟੋਏ ਵਿਚ ਵੱਜਾ ਅਤੇ ਬੋਤਲ ਟੁੱਟ ਗਈ। ਲੋਹੇ ਦੀ ਟੋਕਰੀ ਵਿਚੋਂ ਟੁੱਟੀ ਬੋਤਲ ‘ਚੋਂ ਦਾਰੂ ਥੱਲੇ ਵਗਦੀ ਜਾਵੇ। ਹੁਣ ਤਿੰਨਾਂ ਕੋਲ ਨਾ ਤਾਂ ਹੋਰ ਪੈਸੇ ਸਨ ਤੇ ਨਾ ਹੀ ਹੋਰ ਦਾਰੂ ਮਿਲਣ ਦੀ ਸੰਭਾਵਨਾ ਸੀ। ਤਰਲੋਚਨ ਨੂੰ ਹੋਰ ਤਾਂ ਕੁਝ ਸੁੱਝੀ ਨਾ, ਉਹ ਮੋਟਰਸਾਈਕਲ ਦੀ ਟੋਕਰੀ ਥੱਲੇ ਮੂੰਹ ਖੋਲ੍ਹ ਕੇ ਲੰਮਾ ਪੈ ਗਿਆ ਤੇ ਤੁਪਕਾ-ਤੁਪਕਾ ਦਾਰੂ ਉਸ ਦੇ ਮੂੰਹ ਵਿਚ ਚੋਣ ਲੱਗ ਪਈ। ਇਹੋ ਕੁਝ ਫਿਰ ਦੂਜਿਆਂ ਕੀਤਾ। ਡੰਗ ਲਾਹੁਣ ਜੋਗੀ ਦਾਰੂ ਉਨ੍ਹਾਂ ਦੇ ਅੰਦਰ ਜਾ ਹੀ ਚੁੱਕੀ ਸੀ।
ਇਸ ਮਾਮਲੇ ਵਿਚ ਰਣਜੀਤ ਰਾਹੀ ਦੀ ਵੀ ਸੁਣ ਲਓ। ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਇਕ ਦਿਨ ਪੰਜਾਬੀ ਪਰੂਫ ਰੀਡਰਾਂ ਦੇ ਕਮਰੇ ਵਿਚ ਹੀ ਬੈਠਦੇ ਹਿੰਦੀ ਅਖਬਾਰ ‘ਦੈਨਿਕ ਟ੍ਰਿਬਿਊਨ’ ਦੇ ਕਿਸੇ ਮੁੰਡੇ ਨੇ ਚਿੜਾਉਣ ਲਈ ਸੰਤ ਭਿੰਡਰਾਂਵਾਲੇ ‘ਤੇ ਕੋਈ ਗਲਤ ਟਿੱਪਣੀ ਕਰ ਦਿੱਤੀ। ਰਣਜੀਤ ਰਾਹੀ ਦਾ ਉਂਜ ਖਾੜਕੂ ਸਿਆਸਤ ਨਾਲ ਕੋਈ ਲਾਗਾ-ਦੇਗਾ ਨਹੀਂ ਸੀ ਪਰ ਖਿਝੇ ਹੋਏ ਨੇ ਇੰਦਰਾ ਗਾਂਧੀ ਅਤੇ ਸੰਤ ਭਿਡਰਾਂਵਾਲਿਆਂ ਬਾਰੇ ਨੋਕ-ਝੋਕ ਦੀ ਕਵਿਤਾ ਲਿਖ ਮਾਰੀ ਜਿਸ ਵਿਚ ਕੁਝ ਬੰਦ ਤਰਲੋਚਨ ਨੇ ਵੀ ਜੋੜ ਦਿਤੇ। ਇਸ ਕਵਿਤਾ ਦਾ ਪਾਠ ਉਹ ਹਿੰਦੀ ਵਾਲਿਆਂ ਨੂੰ ਸੁਣਾ-ਸੁਣਾ ਕੇ ਦਿਨ ਵਿਚ ਕਈ ਕਈ ਵਾਰ ਕਰਦੇ। ਇਹ ਲਿਖਤ ਹਾਜ਼ਰੀ ਵਾਲੇ ਰਜਿਸਟਰ ਵਿਚ ਹੀ ਪਈ ਹੁੰਦੀ। ਹਿੰਦੀ ਵਾਲੇ ਚਿੜਦੇ ਵੀ ਬਹੁਤ। ਕਵਿਤਾ ਦੇ ਅਰਥ ਕੁਝ ਇਸ ਤਰ੍ਹਾਂ ਬਣਦੇ ਸਨ ਕਿ ਜਦ ਤੱਕ ਸਾਡਾ ਜਰਨੈਲ ਸਿੰਘ ਜਿਉਂਦਾ ਰਿਹਾ, ਉਦੋਂ ਤੱਕ ਇੰਦਰਾ ਤੇਰਾ ਦਰਕ ਨਿਕਲਦਾ ਸੀ, ਅੱਜ ਤੂੰ ਰੋਹਬ ਪਾਉਂਦੀ ਏਂ। ਹੋਇਆ ਇਹ ਕਿ ਇਸ ਤੋਂ ਕੁਝ ਦਿਨ ਬਾਅਦ ਹੀ ਇੰਦਰਾ ਦਾ ਕਤਲ ਹੋ ਗਿਆ। ਫਿਰ ਦੋਵੇਂ ਉਹ ਕਾਗਜ਼ ਲਭਦੇ ਫਿਰਨ ਜਿਸ ਉਤੇ ਇਹ ਕਵਿਤਾ ਲਿਖੀ ਸੀ, ਮਤੇ ਕਿਸੇ ਦੇ ਹੱਥ ਆ ਜਾਵੇ!
ਇਨ੍ਹਾਂ ਸਾਥੀਆਂ ਬਾਰੇ ਗੱਲਾਂ ਕਰਦਿਆਂ ਇਹ ਦੱਸਣਾ ਕੁੱਥਾਂ ਨਹੀਂ ਹੋਵੇਗਾ ਕਿ ਪ੍ਰੇਮ ਗੋਰਖੀ ਤੋਂ ਬਗੈਰ ਸਾਡੀ ਰਾਮ ਕਹਾਣੀ ਵਿਚ ਆਏ ਬਾਕੀ ਪਾਤਰਾਂ ਵਿਚੋਂ ਕੋਈ ਵੀ ਜਗਤਾਰ ਸਿੱਧੂ ਕਿਆਂ ਦੀ ਮੁਲਾਜ਼ਮ ਯੂਨੀਅਨ ਦਾ ਮੈਂਬਰ ਨਹੀਂ ਸੀ। ਹਾਂ, ਸੱਚ ਯਾਦ ਆ ਗਿਆ। ਸਾਡਾ ਇੱਕ ਹੋਰ ਪੁਰਾਣਾ ਸਾਥੀ ਸੀ, ਗੁਰਦੇਵ ਸਿੰਘ ਭੁੱਲਰ। ਉਹ ਸਿੱਧੂ ਹੋਰਾਂ ਦਾ ਚੇਲਾ ਤਾਂ ਜ਼ਰੂਰ ਸੀ ਪਰ ਉਸ ਨੇ ਕਦੀ ਕਿਸੇ ਦਾ ਮਨ ਨਹੀਂ ਸੀ ਦੁਖਾਇਆ। ਉਸ ਦਾ ਪਿੰਡ ਮੁਹਾਲੀ ਨਜ਼ਦੀਕ ਧਰਮਗੜ੍ਹ ਹੈ। ਪੰਜਾਬੀ ਦੀ ਐਮæਏæ ਕਰਦਿਆਂ ਉਹ ਮੈਥੋਂ ਇਕ ਸਾਲ ਸੀਨੀਅਰ ਸੀ। ਪਿਛਲੇ ਸਾਲ ਉਹ ਅਤੇ ਰਾਹੀ ਇਕੱਠੇ ਹੀ ‘ਪੰਜਾਬੀ ਟ੍ਰਿਬਿਊਨ’ ਤੋਂ ਚੀਫ ਸਬ ਐਡੀਟਰ ਵਜੋਂ ਰਿਟਾਇਰ ਹੋਏ। ਭੁੱਲਰ ਦਾ ਜ਼ਿਕਰ ਕਰਦਿਆਂ ਮੈਨੂੰ ਖੁਸ਼ਵੰਤ ਸਿੰਘ ਵੱਲੋਂ ਅੰਮ੍ਰਿਤਾ ਪ੍ਰੀਤਮ ਬਾਰੇ ਕਿਹਾ ਫਿਕਰਾ ਯਾਦ ਆ ਰਿਹਾ ਹੈ ਕਿ ਅੰਮ੍ਰਿਤਾ ਦੀ ਜ਼ਿੰਦਗੀ ਇੰਨੀ ਸੰਜਮੀ ਸੀ ਕਿ ‘ਰਸੀਦੀ ਟਿਕਟ’ ਉਤੇ ਲਿਖੀ ਜਾ ਸਕਦੀ ਸੀ। ਭੁੱਲਰ ਬਾਰੇ ਵੀ ਇਹ ਗੱਲ ਆਖੀ ਜਾ ਸਕਦੀ ਹੈ। ਉਹ ਕਦੀ ਕਿਸੇ ਮਾੜੀ ਚੰਗੀ ਵਿਚ ਬਹੁਤਾ ਨਹੀਂ ਸੀ ਆਇਆ। ਸ਼ਾਇਦ ਇਸੇ ਕਰ ਕੇ ਸਾਥੀ ਉਸ ਨੂੰ ਜਲਦੀ ਹੀ ਸੀਨੀਅਰ ਸਿਟੀਜ਼ਨ ਕਹਿਣ ਲੱਗ ਪਏ ਸਨ।
ਸਾਡਾ ਇਕ ਹੋਰ ਸਾਥੀ ਮਨਜੀਤ ਸਿੰਘ ਕਾਪੀ ਹੋਲਡਰ ਸੀ। ਬੜਾ ਨਿਰਮਲ ਅਤੇ ਨਿਰਛਲ। ਉਹ ਵੀ ਕਦੇ ਕਿਸੇ ਚੰਗੀ-ਮਾੜੀ ਵਿਚ ਆਉਂਦਾ ਹੀ ਨਹੀਂ ਸੀ। ਚਿਰਾਂ ਬਾਅਦ ਉਹਦੀ ਪਲੇਠੀ ਧੀ ਜਦੋਂ ਪੱਤਰਕਾਰੀ ਦਾ ਕੋਰਸ ਕਰ ਕੇ ਵਿਦਿਆਰਥੀਆਂ ਲਈ ਜ਼ਰੂਰੀ ਲੋੜੀਂਦੀ ਟ੍ਰੇਨਿੰਗ ਲਈ ਟ੍ਰਿਬਿਊਨ ਅਦਾਰੇ ਵਿਚ ਆਈ ਤਾਂ ਅਦਾਰੇ ਵਾਲਿਆਂ ਉਹਦਾ ਚੰਗਾ ਕੰਮ ਭਾਂਪਦਿਆਂ ਉਹਦੇ ਹੱਥ ‘ਨਿਯੁਕਤੀ ਪੱਤਰ’ ਫੜਾ ਦਿੱਤਾ। ਸੁਣਿਆ ਹੈ, ਅੱਜਕੱਲ੍ਹ ਮਨਜੀਤ ਕੁਝ ਢਿੱਲਾ-ਮੱਠਾ ਰਹਿੰਦਾ ਹੈ, ਇਹ ਵੀ ਕਿ ਉਸ ਦੀ ਇਸ ਢਿੱਲ-ਮੱਠ ਦਾ ਕਾਰਨ ਪਰੂਫ ਰੀਡਿੰਗ ਸੈਕਸ਼ਨ ਦੀ ਅੰਦਰਲੀ ਖਿੱਚੋਤਾਣ ਹੈ। ਖੈਰ!
‘ਪੰਜਾਬੀ ਟ੍ਰਿਬਿਊਨ’ ਦੀਆਂ ਕੁਝ ਹੋਰ ਯਾਦਾਂ ਅਗਲੀ ਵਾਰ।

Be the first to comment

Leave a Reply

Your email address will not be published.