ਨੰਦਨਾ ਸੇਨ ਦੀਆਂ ਨਾਦਾਨੀਆਂ

ਨੰਦਨਾ ਸੇਨ ਹੁਣੇ-ਹੁਣੇ ਫਿਲਮ Ḕਰੰਗ ਰਸੀਆḔ ਕਾਰਨ ਚਰਚਾ ਵਿਚ ਆਈ ਹੈ। Ḕਰੰਗ ਰਸੀਆḔ ਭਾਵੇਂ 2008 ਵਿਚ ਤਿਆਰ ਹੋ ਗਈ ਸੀ ਪਰ ਇਹ ਰਿਲੀਜ਼ ਹੁਣ ਕੀਤੀ ਗਈ ਹੈ। ਇਹ ਫਿਲਮ 19ਵੀਂ ਸਦੀ ਦੇ ਭਾਰਤੀ ਚਿੱਤਰਕਾਰ ਰਾਜਾ ਰਵੀ ਵਰਮਾ ਦੀ ਜ਼ਿੰਦਗੀ ਉਤੇ ਆਧਾਰਤ ਹੈ। ਇਸ ਫਿਲਮ ਵਿਚ ਨੰਦਨਾ ਦੀ ਚਰਚਾ ਨਗਨ ਦ੍ਰਿਸ਼ਾਂ ਕਰ ਕੇ ਵਧੇਰੇ ਹੋਈ ਹੈ। ਨੰਦਨਾ ਦਾ ਇਸ ਬਾਰੇ ਕਹਿਣਾ ਹੈ ਕਿ ਉਸ ਨੇ ਕਹਾਣੀ ਦੀ ਲੋੜ ਮੁਤਾਬਿਕ ਇਹ ਦ੍ਰਿਸ਼ ਕੀਤੇ ਅਤੇ ਇਹ ਦ੍ਰਿਸ਼ ਕਰਨ ਤੋਂ ਪਹਿਲਾਂ ਉਸ ਨੇ ਆਪਣੇ ਪਿਤਾ (ਅਮਰਿਤਯਾ ਸੇਨ ਜਿਨ੍ਹਾਂ ਦੀ ਗਿਣਤੀ ਸੰਸਾਰ ਦੇ ਚੋਟੀ ਦੇ ਅਰਥ ਸ਼ਾਸਤਰੀਆਂ ਵਿਚ ਹੁੰਦੀ ਹੈ) ਨਾਲ ਬਾਕਾਇਦਾ ਮਸ਼ਵਰਾ ਕੀਤਾ ਸੀ। ਉਹ ਦੱਸਦੀ ਹੈ ਕਿ ਫਿਲਮ ਦਾ ਇਹ ਦ੍ਰਿਸ਼ ਇੰਨਾ ਮਹੱਤਵਪੂਰਨ ਹੈ ਕਿ ਸੈਂਸਰ ਬੋਰਡ ਨੇ ਵੀ ਇਸ ਨੂੰ ਛੇੜਿਆ ਨਹੀਂ ਹੈ। Ḕਰੰਗ ਰਸੀਆḔ ਫਿਲਮ ਪ੍ਰਸਿੱਧ ਫਿਲਮਸਾਜ਼ ਚੇਤਨ ਮਹਿਤਾ ਨੇ ਬਣਾਈ ਹੈ ਅਤੇ ਇਸ ਵਿਚ ਦੀਪਾ ਸਾਹੀ, ਆਨੰਦ ਮਹੇਂਦਰੂ ਅਤੇ ਰਣਦੀਪ ਹੁੱਡਾ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਮੇਲਿਆਂ ਵਿਚ ਇਸ ਫਿਲਮ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ। ਇਹ ਫਿਲਮ ਨਵੰਬਰ ਦੇ ਪਹਿਲੇ ਹਫਤੇ ਰਿਲੀਜ਼ ਕੀਤੀ ਗਈ ਸੀ। ਬਾਕਸ ਆਫਿਸ Ḕਤੇ ਇਸ ਫਿਲਮ ਨੇ ਭਾਵੇਂ ਬਹੁਤੀ ਕਮਾਈ ਨਹੀਂ ਕੀਤੀ, ਪਰ ਫਿਲਮ ਆਲੋਚਕਾਂ ਨੇ ਇਸ ਫਿਲਮ ਬਾਰੇ ਚੰਗੇ ਵਿਚਾਰ ਪ੍ਰਗਟ ਕੀਤੇ ਹਨ। ਉਂਜ ਵੀ ਇਸ ਫਿਲਮ ਬਾਰੇ ਉਤਨਾ ਪ੍ਰਚਾਰ ਵੀ ਨਹੀਂ ਸੀ ਕੀਤਾ ਗਿਆ। ਉਂਜ, 2008 ਵਿਚ ਇਹ ਫਿਲਮ ਖੂਬ ਚਰਚਾ ਵਿਚ ਆਈ ਸੀ। ਨੰਦਨਾ ਸੇਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਦੀ Ḕਦਿ ਡੌਲ’ (ਗੁੜੀਆ) ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਇਤਾਲਵੀ ਫਿਲਮ ḔਬਰੈਂਚੀḔ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਉਸ ਨੇ ਅੰਗਰੇਜ਼ੀ ਫਿਲਮਾਂ ਵਿਚ ਵੀ ਕੰਮ ਕੀਤਾ। ਉਸ ਦੀਆਂ ਹਿੰਦੀਆਂ ਫਿਲਮਾਂ ਵਿਚ Ḕਮਾਈ ਵਾਇਫਜ਼ ਮਰਡਰḔ, Ḕਟੈਂਗੋ ਚਾਰਲੀḔ, ḔਬਲੈਕḔ ਆਦਿ ਸ਼ਾਮਿਲ ਹਨ।
————————————
ਸਿਰੇ ਦਾ ਕਲਾਕਾਰ ਸਦਾਸ਼ਿਵ
ਸਦਾਸ਼ਿਵ ਅਮਰਾਪੁਰਕਰ ਮਰਾਠੀ ਥਿਏਟਰ ਦਾ ਕਹਿੰਦਾ-ਕਹਾਉਂਦਾ ਕਲਾਕਾਰ ਸੀ। ਉਹਦਾ ਜਨਮ ਮਹਾਰਾਸ਼ਟਰ ਵਿਚ 11 ਮਈ 1950 ਨੂੰ ਹੋਇਆ ਸੀ। ਉਸ ਨੇ ਹਿੰਦੀ ਫਿਲਮਾਂ ਵਿਚ ਬਤੌਰ ਖਲਨਾਇਕ ਚੰਗਾ ਨਾਮ ਕਮਾਇਆ। ਉਸ ਦੀ ਹਿੰਦੀ ਫਿਲਮਾਂ ਵਿਚ ਆਉਣ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਸਾਰਥਕ ਸਿਨੇਮਾ ਬਣਾਉਣ ਵਾਲੇ ਫਿਲਮਸਾਜ਼ ਗੋਵਿੰਦ ਨਿਹਲਾਨੀ ਉਨ੍ਹੀਂ ਦਿਨੀਂ (1984 ਵਿਚ) ਫਿਲਮ Ḕਅਰਧ ਸੱਤਿਆḔ ਬਣਾ ਰਹੇ ਸਨ। ਉਹ ਖਲਨਾਇਕ ਦੀ ਤਲਾਸ਼ ਵਿਚ ਸਨ। ਪ੍ਰਸਿੱਧ ਲੇਖਕ ਵਿਜੇ ਤੇਂਦੁਲਕਰ ਨੇ ਉਸ ਨੂੰ ਸਦਾਸ਼ਿਵ ਅਮਰਾਪੁਰਕਰ ਦੀ ਦੱਸ ਪਾਈ। ਗੋਵਿੰਦ ਨਿਹਲਾਨੀ, ਸਦਾਸ਼ਿਵ ਅਮਰਾਪੁਰਕਰ ਨੂੰ ਦੱਸੇ ਬਗੈਰ ਉਸ ਦਾ ਨਾਟਕ Ḕਹੈਂਡਸ ਅੱਪḔ ਦੇਖਣ ਚਲਾ ਗਿਆ। ਇਹ ਨਾਟਕ ਹਾਸ-ਵਿਅੰਗ ਵਾਲਾ ਸੀ, ਪਰ ਇਹ ਨਾਟਕ ਦੇਖਦੇ ਸਾਰ ਗੋਵਿੰਦ ਨੇ ਫੈਸਲਾ ਕਰ ਲਿਆ ਕਿ ਸਬੰਧਤ ਕਿਰਦਾਰ ਸਦਾਸ਼ਿਵ ਅਮਰਾਪੁਰਕਰ ਹੀ ਨਿਭਾਏਗਾ। ਬਾਅਦ ਵਿਚ ਇਸ ਕਿਰਦਾਰ ਲਈ ਸਦਾਸ਼ਿਵ ਅਮਰਾਪੁਰਕਰ ਨੂੰ 1984 ਦਾ ਸਰਵੋਤਮ ਸਹਾਇਕ ਅਦਾਕਾਰ ਦਾ ਐਵਾਰਡ ਮਿਲਿਆ। ਬਾਅਦ ਵਿਚ ਜਦੋਂ ਉਹ ਹਿੰਦੀ ਫਿਲਮਾਂ ਵਿਚ ਬਤੌਰ ਖਲਨਾਇਕ ਛਾਅ ਗਿਆ। ਉਸ ਨੂੰ 1991 ਵਿਚ ਫਿਲਮ ḔਸੜਕḔ ਲਈ ਫਿਲਮਫੇਅਰ ਦਾ ਸਰਵੋਤਮ ਖਲਨਾਇਕ ਦਾ ਪੁਰਸਕਾਰ ਮਿਲਿਆ। Ḕਕਾਲ ਚੱਕਰḔ ਅਤੇ Ḕਇਸ਼ਕḔ ਲਈ ਵੀ ਸਰਵੋਤਮ ਖਲਨਾਇਕ ਲਈ ਉਸ ਦਾ ਨਾਮ ਨਾਮਜ਼ਦ ਹੋਇਆ। Ḕਅਰਧ ਸੱਤਿਆḔ ਤੋਂ ਬਾਅਦ ਉਸ ਨੂੰ Ḕਪੁਰਾਣਾ ਮੰਦਿਰḔ, ḔਨਾਸੂਰḔ, ḔਜਵਾਨੀḔ ਅਤੇ Ḕਖਾਮੋਸ਼Ḕ ਫਿਲਮਾਂ ਵਿਚ ਛੋਟੇ-ਮੋਟੇ ਰੋਲ ਮਿਲੇ। ਫਿਰ 1987 ਵਿਚ ਧਰਮਿੰਦਰ ਦੀ ਫਿਲਮ ḔਹਕੂਮਤḔ ਵਿਚ ਉਸ ਨੂੰ ਖਲਨਾਇਕ ਦਾ ਰੋਲ ਮਿਲਿਆ। ਇਸ ਤੋਂ ਬਾਅਦ ਉਸ ਨੇ ਮੁੜ ਪਿੱਛੇ ਨਹੀਂ ਦੇਖਿਆ।