ਭਾਜਪਾ ਨੇ ਪੰਜਾਬ ਲਈ ਘੜੀ ਨਵੀਂ ਰਣਨੀਤੀ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਆਪਣੇ ਮੰਤਰੀ ਮੰਡਲ ਵਿਚ ਕੀਤੇ ਪਹਿਲੇ ਵਿਸਥਾਰ ਵਿਚ ਭਾਜਪਾ ਨੇ ਫਿਰਕੂ ਸੋਚ ਦੇ ਸਪਸ਼ਟ ਸੰਕੇਤ ਦਿੱਤੇ ਹਨ। ਭਾਜਪਾ ਦੀ ਇਹ ਚੋਣ ਵੱਖ-ਵੱਖ ਸੂਬਿਆਂ ਵਿਚ ਵਿਸ਼ੇਸ਼ ਆਧਾਰ ਰੱਖਣ ਵਾਲੇ ਭਾਈਚਾਰਿਆਂ ਨੂੰ ਨਿਸ਼ਾਨੇ ‘ਤੇ ਰੱਖ ਕੇ ਕੀਤੀ ਗਈ ਹੈ। ਖਾਸ ਕਰ ਕੇ ਪੰਜਾਬ ਤੇ ਹਰਿਆਣਾ ਵਿਚ ਦਲਿਤ ਤੇ ਜਾਟ ਬਰਾਦਰੀ ਦੇ ਸੰਸਦ ਮੈਂਬਰਾਂ ਨੂੰ ਬਖਸ਼ੀ ਵਜ਼ੀਰੀ ਨੇ ਭਾਜਪਾ ਦੀ ਫਿਰਕੂ ਸੋਚ ‘ਤੇ ਮੋਹਰ ਲਾਈ ਹੈ। ਅਸਲ ਵਿਚ ਭਾਜਪਾ ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਅਕਾਲੀ ਦਲ ਦੀ ਰਵਾਇਤੀ ਵੋਟ ‘ਤੇ ਜ਼ਿਆਦਾ ਭਰੋਸਾ ਨਹੀਂ ਕਰਦੀ। ਇਸ ਕਰ ਕੇ ਪਾਰਟੀ ਨੇ ਸਾਰਾ ਜ਼ੋਰ ਪੰਜਾਬ ਦੀ ਤਕਰੀਬਨ 31æ9 ਫੀਸਦੀ ਦਲਿਤ ਵੋਟ ‘ਤੇ ਲਾ ਦਿੱਤਾ ਹੈ।

ਪੰਜਾਬ ਦੇ 52 ਵਿਧਾਨ ਸਭਾ ਹਲਕੇ ਅਜਿਹੇ ਹਨ ਜਿਥੇ ਦਲਿਤਾਂ ਦੀ ਵਸੋਂ 30 ਫੀਸਦੀ ਤੋਂ ਵੱਧ ਤੇ 12 ਹਲਕਿਆਂ ਵਿਚ 40 ਫੀਸਦੀ ਤੋਂ ਵਧੇਰੇ ਹੈ। ਅਕਾਲੀ ਦਲ-ਭਾਜਪਾ ਆਉਣ ਵਾਲੀ ਭਾਵੀ ਨੂੰ ਦੇਖਦਿਆਂ ਫੌਰੀ ਤੌਰ ‘ਤੇ ਸਿੱਧੇ ਟਕਰਾਅ ਵਿਚ ਪੈਣ ਦੀ ਥਾਂ ਆਪਣੀ ਪੁਜ਼ੀਸ਼ਨ ਮਜ਼ਬੂਤ ਕਰਨ ਦੀ ਰਣਨੀਤੀ ਉਪਰ ਚੱਲਦੀਆਂ ਨਜ਼ਰ ਆ ਰਹੀਆਂ ਹਨ। ਕਿਸੇ ਵੇਲੇ ਕਾਂਗਰਸ ਦਾ ਵੋਟ ਬੈਂਕ ਰਹੇ ਤੇ ਫਿਰ ਕਾਫੀ ਹੱਦ ਤੱਕ ਬਹੁਜਨ ਸਮਾਜ ਪਾਰਟੀ ਦੀ ਰੀੜ੍ਹ ਦੀ ਹੱਡੀ ਬਣਨ ਵਾਲੇ ਦਲਿਤ ਸਮਾਜ ਨੂੰ ਇਹ ਦੋਵੇਂ ਪਾਰਟੀਆਂ ਇਸ ਵੇਲੇ ਆਪਣੇ ਟੀਚੇ ਉਪਰ ਰੱਖ ਕੇ ਚੱਲ ਰਹੀਆਂ ਹਨ। ਭਾਜਪਾ ਨੇ ਇਸੇ ਸੋਚ ਨੂੰ ਮੁੱਖ ਰੱਖ ਕੇ ਹੁਸ਼ਿਆਰਪੁਰ ਸੀਟ ਤੋਂ ਪਹਿਲੀ ਵਾਰ ਚੋਣ ਜਿੱਤੇ ਵਿਜੇ ਸਾਂਪਲਾ ਨੂੰ ਭਾਜਪਾ ਦੇ ਦਲਿਤ ਚਿਹਰੇ ਵਜੋਂ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਹੈ।
ਪੰਜਾਬ ਦੀ ਸਿਆਸਤ ਵਿਚ ਸਾਂਪਲਾ ਦਾ ਕੋਈ ਵੱਡਾ ਨਾਂ ਨਹੀਂ ਹੈ ਪਰ ਸੂਬੇ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਭਾਜਪਾ ਨੇ ਇਹ ਪੱਤਾ ਖੇਡਿਆ ਹੈ।
ਭਾਜਪਾ ਪਹਿਲਾਂ ਹੀ ਦਲਿਤ ਆਗੂ ਤੇ ਆਗਰਾ ਤੋਂ ਐਮæਪੀæ ਰਾਮ ਸ਼ੰਕਰ ਕਥੇਰੀਆ ਨੂੰ ਪੰਜਾਬ ਵਿਚ ਸੂਬਾਈ ਮਾਮਲਿਆਂ ਦਾ ਇੰਚਾਰਜ ਲਾ ਕੇ ਆਪਣੀ ਰਣਨੀਤੀ ਐਲਾਨ ਚੁੱਕੀ ਹੈ। ਹਰਿਆਣੇ ਵਿਚ ਵੀ ਕਾਂਗਰਸ ਛੱਡ ਥੋੜ੍ਹਾ ਚਿਰ ਪਹਿਲਾਂ ਭਾਜਪਾ ਵਿਚ ਰਲੇ ਜਾਟ ਆਗੂ ਬਿਰੇਂਦਰ ਸਿੰਘ ਨੂੰ ਵਜ਼ੀਰੀ ਬਖਸ਼ੀ ਹੈ। ਹਾਲ ਹੀ ਵਿਚ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਜਾਟ ਵੋਟਾਂ ਨੂੰ ਆਪਣੇ ਪੱਖ ਵਿਚ ਭੁਗਤਾਉਣ ਵਿਚ ਅਸਫਲ ਰਹੀ ਸੀ। ਬਿਰੇਂਦਰ ਸਿੰਘ ਉਘੇ ਕਿਸਾਨ ਨੇਤਾ ਸਰ ਛੋਟੂ ਰਾਮ ਦੇ ਪੋਤਰੇ ਹਨ ਤੇ ਉਨ੍ਹਾਂ ਦਾ ਜਾਟ ਬਰਾਦਰੀ ਵਿਚ ਚੰਗਾ ਆਧਾਰ ਹੈ। ਦੂਜੇ ਪਾਸੇ ਅਕਾਲੀ ਆਗੂਆਂ ਨੂੰ ਉਮੀਦ ਸੀ ਕਿ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਿਸੇ ਹੋਰ ਮਹਿਕਮੇ ਦਾ ਚਾਰਜ ਦਿੱਤਾ ਜਾਵੇਗਾ।
ਵਾਧੂ ਮਹਿਕਮਾ ਤਾਂ ਕੀ ਦੇਣਾ ਸੀ ਸਗੋਂ ਬੀਬੀ ਬਾਦਲ ਦੇ ਨਾਲ ਫਤਹਿਪੁਰ ਤੋਂ ਐਮæਪੀæ ਸਾਧਵੀ ਨਿਰੰਜਨ ਜਯੋਤੀ ਨੂੰ ਮੰਤਰੀ ਬਣਾ ਕੇ ਬਿਠਾ ਦਿੱਤਾ ਗਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਿਚੋਂ ਕਿਸੇ ਨੇ ਵੀ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਨਹੀਂ ਕੀਤੀ।
ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸੀਨੀਅਰ ਭਾਜਪਾ ਆਗੂ ਅਰੁਣ ਜੇਤਲੀ ਦੇ ਹਾਰ ਜਾਣ ਤੋਂ ਹੀ ਅਕਾਲੀ-ਭਾਜਪਾ ਸਬੰਧਾਂ ਵਿਚ ਤਰੇੜਾਂ ਉਭਰਨੀਆਂ ਸ਼ੁਰੂ ਹੋ ਗਈਆਂ ਸਨ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਵੱਲੋਂ ਭਾਜਪਾ ਦੀ ਬਜਾਏ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਦੀ ਹਮਾਇਤ ਕਰਨ ਨਾਲ ਭਾਜਪਾ ਲੀਡਰਸ਼ਿਪ ਨੂੰ ਹੋਰ ਤਾਅ ਚੜ੍ਹ ਗਿਆ। ਉਦੋਂ ਤੋਂ ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਤੱਤੇ-ਠੰਢੇ ਬਿਆਨ ਦਿੱਤੇ ਜਾ ਰਹੇ ਹਨ। ਦਿੱਲੀ ਵਿਚਲੇ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਸਹੀ ਸਮਾਂ ਆਉਣ ‘ਤੇ ਅਕਾਲੀ ਦਲ ਨਾਲ ਪਾਰਟੀ ਦੇ ਸਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ। ਅਸਲ ਵਿਚ ਭਾਜਪਾ ਆਪਣੇ ਅਸਰ ਵਿਹੂਣੇ ਸੂਬਿਆਂ ਵਿਚ ਪੈਰ ਪਸਾਰਨ ਲਈ ‘ਏਕਲਾ ਚਲੋ’ ਦੀ ਰਣਨੀਤੀ ਨੂੰ ਪਹਿਲ ਦੇ ਰਹੀ ਹੈ ਤੇ ਮਹਾਰਾਸ਼ਟਰ ਤੇ ਹਰਿਆਣਾ ਵਿਚ ਇਸ ਦੇ ਚੰਗੇ ਨਤੀਜੇ ਵੀ ਸਾਹਮਣੇ ਆਏ ਹਨ। ਭਾਜਪਾ ਦੀ ਨਜ਼ਰ ਹੁਣ ਪੰਜਾਬ, ਬਿਹਾਰ ਸਮੇਤ ਹੋਰਨਾਂ ਸੂਬਿਆਂ ‘ਤੇ ਹੈ ਜਿਸ ਲਈ ਉਹ ਨਾ ਸਿਰਫ ਸਿਆਸੀ ਬਲਕਿ ਫਿਰਕੂ ਤੇ ਸਮਾਜਕ ਮੁੱਦੇ ਵੀ ਉਠਾ ਰਹੀ ਹੈ।
_____________________________________
ਸੰਘ ਦੀਆਂ ਸਰਗਰਮੀਆਂ ਤੋਂ ਪੰਥਕ ਹਲਕੇ ਫ਼ਿਕਰਮੰਦ
ਭਾਜਪਾ ਦੇ ਆਧਾਰ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਰਾਸ਼ਟਰੀ ਸਵੈਮਸੇਵਕ ਸੰਘ (ਆਰæਐਸ਼ਐਸ਼) ਵੱਲੋਂ ਪੰਜਾਬ ਦੇ ਦਿਹਾਤੀ ਖੇਤਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਪੈਰ ਪਸਾਰਨ ਦੀ ਯੋਜਨਾ ਤੋਂ ਸਿੱਖ ਜਥੇਬੰਦੀਆਂ ਕਾਫੀ ਚਿੰਤਤ ਹਨ। ਮਿਸ਼ਨ 2017 ਨੂੰ ਧਿਆਨ ਵਿਚ ਰੱਖ ਕੇ ਭਾਜਪਾ ਨੇ ਸਮਾਜਕ ਸੰਸਥਾਵਾਂ ਰਾਹੀਂ ਲੋਕ ਰਾਬਤੇ ਦੀ ਆਪਣੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਆਰæਐਸ਼ਐਸ਼ ਦੇ ਮੁਖੀ ਮੋਹਨ ਭਾਗਵਤ ਇਸ ਸਾਲ ਹੁਣ ਤੱਕ ਚਾਰ ਵਾਰ ਪੰਜਾਬ ਦਾ ਦੌਰਾ ਕਰ ਚੁੱਕੇ ਹਨ। ਪਿੱਛੇ ਜਿਹੇ ਦੋਰਾਹਾ ਵਿਖੇ ਆਰæਐਸ਼ਐਸ਼ ਦੀ ਅਖਿਲ ਭਾਰਤੀ ਬੈਠਕ ਕੀਤੀ ਗਈ ਸੀ ਤੇ ਇਸ ਤੋਂ ਪਹਿਲਾਂ ਮਈ ਮਹੀਨੇ ਮਾਨਸਾ ਵਿਚ 20 ਰੋਜ਼ਾ ਸਿਖਲਾਈ ਕੈਂਪ ਲਾਇਆ ਗਿਆ ਸੀ। ਸ੍ਰੀ ਭਾਗਵਤ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਨਾਲ ਵੀ ਬੰਦ ਕਮਰਾ ਮੁਲਾਕਾਤ ਕੀਤੀ ਸੀ। ਪਿਛਲੇ ਮਹੀਨੇ ਸੀਨੀਅਰ ਭਾਜਪਾ ਨੇਤਾ ਐਲ਼ਕੇæ ਅਡਵਾਨੀ ਵੀ ਡੇਰਾ ਮੁਖੀ ਗੁਰਿੰਦਰ ਸਿੰਘ ਨੂੰ ਮਿਲਣ ਆਏ ਸਨ। ਇਸ ਤਹਿਤ ਮਾਝਾ, ਮਾਲਵਾ ਤੇ ਦੋਆਬਾ ਦੇ ਦਿਹਾਤੀ ਖੇਤਰਾਂ ਵਿਚ ਸੰਘ ਨੇ ਆਪਣੀਆਂ ਸਹਿਯੋਗੀ ਸੰਸਥਾਵਾਂ ਦੀਆਂ ਇਕਾਈਆਂ ਸਥਾਪਤ ਕਰਦਿਆਂ ਆਪਣੇ ਪਸਾਰੇ ਨੂੰ ਵਧਾਉਣ ਦੇ ਯਤਨ ਸ਼ੁਰੂ ਕੀਤੇ ਹੋਏ ਹਨ।

Be the first to comment

Leave a Reply

Your email address will not be published.