ਮੱਧਕਾਲੀ ਚੋਣਾਂ ‘ਚ ਅਮਰੀਕੀ ਸੈਨੇਟ ‘ਤੇ ਰਿਪਬਲਿਕਨਾਂ ਦਾ ਕਬਜ਼ਾ

ਵਾਸ਼ਿੰਗਟਨ (ਬਿਊਰੋ): ਮੱਧਕਾਲੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਤੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਰਿਪਬਲਿਕਨ ਪਾਰਟੀ ਨੇ ਅਮਰੀਕੀ ਸੈਨੇਟ ‘ਤੇ ਪੂਰਾ ਕਬਜ਼ਾ ਕਰ ਲਿਆ ਹੈ ਜਦਕਿ ਪ੍ਰਤੀਨਿਧ ਸਭਾ ਵਿਚ ਬਹੁਮਤ ਤੋਂ ਵੱਧ ਸੀਟਾਂ ਲਈਆਂ ਹਨ। ਇਨ੍ਹਾਂ ਨਤੀਜਿਆਂ ਨਾਲ ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਦੇ ਆਖਰੀ ਦੋ ਸਾਲ ਜਟਿਲ ਹੋ ਸਕਦੇ ਹਨ। ਦੇਸ਼ ਭਰ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਹਾਰ ਦੇ ਨਾਲ ਸਿਆਸੀ ਮਾਹਿਰ ਇਸ ਨੂੰ ਰਿਪਬਲਿਕਨ ਪਾਰਟੀ ਦੀ ਲਹਿਰ ਦੱਸ ਰਹੇ ਹਨ। ਲੋਕ ਪ੍ਰਤੀਨਿਧ ਸਭਾ ਦੀਆਂ ਸਾਰੀਆਂ 435 ਸੀਟਾਂ, ਸੈਨੇਟ ਦੀਆਂ 100 ਵਿਚੋਂ 36 ਸੀਟਾਂ ਅਤੇ 50 ਵਿਚੋਂ 36 ਰਾਜਾਂ ਦੀਆਂ ਚੋਣਾਂ ਹੋਈਆਂ ਸਨ।

ਸੈਨੇਟ ਵਿਚ ਬੀਤੇ ਅੱਠ ਸਾਲਾਂ ਵਿਚ ਪਹਿਲੀ ਵਾਰ ਰਿਪਬਲਿਕਨ ਪਾਰਟੀ ਨੇ ਬਹੁਮਤ ਹਾਸਲ ਕੀਤਾ ਹੈ ਤੇ ਹੁਣ ਸਦਰ ਬਰਾਕ ਓਬਾਮਾ ਨੂੰ ਸਰਕਾਰ ਚਲਾਉਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਰਿਪਬਲਿਕਨਾਂ ਦੀ ਲਹਿਰ ਹੈ।
ਅਮਰੀਕੀ ਕਾਂਗਰਸ ਦੇ ਦੋਵੇਂ ਚੈਂਬਰਾਂ ‘ਤੇ ਪੂਰਾ ਕਬਜ਼ਾ ਕਰਨ ਮਗਰੋਂ ਰਿਪਬਲਿਕਨ ਪਾਰਟੀ ਦੇ ਆਗੂਆਂ ਨੇ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾਣ ਤੇ ਆਰਥਿਕਤਾ ਨੂੰ ਕੇਂਦਰ ਵਿਚ ਰੱਖ ਕੇ ਆਪਣੇ ਏਜੰਡੇ ਦਾ ਖ਼ਾਕਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਵਾਲ ਸਟਰੀਟ ਜਰਨਲ ਵਿਚ ਸੰਪਾਦਕੀ ਪੰਨੇ ਦੇ ਸਾਹਮਣੇ ਵਾਲੇ ਪੰਨੇ ‘ਤੇ ਸਾਂਝੇ ਲੇਖ ਵਿਚ ਪ੍ਰਤੀਨਿਧ ਸਦਨ ਦੇ ਸਪੀਕਰ ਜੌਹਨ ਬੋਇਹਨਰ ਤੇ ਸੈਨੇਟ ਆਗੂ ਮਿੱਚ ਮੈਕਵੈੱਲ ਨੇ ਆਪਣੀਆਂ ਤਰਜੀਹਾਂ ਦਾ ਖੁਲਾਸਾ ਕੀਤਾ ਹੈ ਤੇ ਕਿਹਾ ਹੈ ਕਿ ਉਹ ਓਬਾਮਾ ਕੇਅਰ ਨੂੰ ਰੱਦ ਕਰਾਉਣ ਦਾ ਯਤਨ ਕਰਨਗੇ ਕਿਉਂਕਿ ਇਸ ਦਾ ਨੌਕਰੀਆਂ ਉਤੇ ਉਲਟ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਨੂੰ ਦਰਪੇਸ਼ ਸਭ ਤੋਂ ਵੱਡੀਆਂ ਚੁਣੌਤੀਆਂ ਨੂੰ ਸਿੱਧਾ ਟਕਰਨਗੇ।
ਚੋਣ ਵਿਚ ਪਛੜਨ ਮਗਰੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਬਾਗੀ ਸੁਰ ਦਾ ਮੁਜ਼ਾਹਰਾ ਕਰਦਿਆਂ ਕਿਹਾ ਹੈ ਕਿ ਉਹ ਰਿਪਬਲਿਕਨਾਂ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਹੈ ਪਰ ਇਮੀਗ੍ਰੇਸ਼ਨ ਸੁਧਾਰਾਂ ਜਿਹੇ ਮੁੱਦਿਆਂ ਉਤੇ ਉਹ ਕਾਂਗਰਸ ਤੋਂ ਬਾਹਰ ਜਾ ਕੇ ਵੀ ਫੈਸਲੇ ਲੈ ਸਕਦੇ ਹਨ ਜਿਸ ਨਾਲ 2æ4 ਲੱਖ ਭਾਰਤੀਆਂ ਸਮੇਤ ਇਕ ਕਰੋੜ 10 ਲੱਖ ਗੈਰਕਾਨੂੰਨੀ ਆਵਾਸੀਆਂ ਨੂੰ ਅਮਰੀਕਾ ਵਿਚ ਰਹਿ ਸਕਣ ਦਾ ਅਧਿਕਾਰ ਮਿਲ ਸਕਦਾ ਹੈ।
ਅਮਰੀਕਾ ਦੇ ਭਵਿੱਖ ਲਈ ਭਰੋਸੇ ਨਾਲ ਲਬਰੇਜ਼ ਓਬਾਮਾ ਨੇ ਆਪਣੇ 90 ਮਿੰਟ ਦੇ ਭਾਸ਼ਣ ਵਿਚ ਕਿਹਾ ਕਿ ਹੋਰ ਕਿਸੇ ਵੀ ਮੁਲਕ ਦੇ ਮੁਕਾਬਲੇ ਅਮਰੀਕਾ ਕੋਲ ਹਰ ਪਹਿਲੂ ਤੋਂ ਭਰਪੂਰ ਸਾਧਨ ਹਨ। ਉਨ੍ਹਾਂ ਕਿਹਾ ਕਿ ਮੈਂ ਸੱਚੀਂ-ਮੁੱਚੀਂ ਅਮਰੀਕਾ ਲਈ ਆਸਵੰਦ ਹਾਂ। ਬਿਨਾਂ ਸ਼ੱਕ ਇਸ ਵੇਲੇ ਸਥਿਤੀ ਉਲਟ ਚੱਲ ਰਹੀ ਹੈ, ਪਰ ਜਦੋਂ ਆਪਾਂ ਸਾਰੇ ਤੱਥਾਂ ‘ਤੇ ਨਜ਼ਰ ਮਾਰੀਏ ਤਾਂ ਸਾਡੀ ਆਰਥਿਕਤਾ ਹੋਰ ਕਿਸੇ ਵੀ ਨਾਲੋਂ ਕਿਤੇ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੁਨੀਆਂ ਭਰ ਦੇ ਸਰਵੋਤਮ ਤੇ ਆਹਲਾ ਦਰਜੇ ਦੇ ਲੋਕਾਂ ਲਈ ਹਮੇਸ਼ਾ ਆਕਰਸ਼ਣ ਦਾ ਕੇਂਦਰ ਰਹੇਗਾ ਤੇ ਦੁਨੀਆਂ ਭਰ ਤੋਂ ਜ਼ਹੀਨ ਲੋਕ ਇਥੇ ਪੁੱਜਦੇ ਹਨ। ਅਗਲੇ ਦੋ ਕੁ ਸਾਲ ਉਨ੍ਹਾਂ ਦਾ ਕਾਰਜ ਕੁਝ ਵਿਹਾਰਕ ਤੇ ਠੋਸ ਕੰਮ ਕਰਨੇ ਹਨ ਤੇ ਇਸ ਵਿਚ ਜਿੰਨਾ ਕਾਂਗਰਸ ਨਾਲ ਰਲ ਕੇ ਸੰਭਵ ਹੋਇਆ ਠੀਕ ਹੈ, ਜਿਥੇ ਅਜਿਹਾ ਸੰਭਵ ਨਾ ਹੋਇਆ ਤਾਂ ਉਹ ਆਪਣੇ ਬਲਬੂਤੇ ਕੰਮ ਕਰਨਗੇ ਤੇ ਲੋਕਾਂ ਨੂੰ ਦਿਖਾਉਣਗੇ ਕਿ ਕਿਉਂ ਅਮਰੀਕਾ ਨੂੰ ਸਵੈ-ਭਰੋਸੇ ਨਾਲ ਭਰਪੂਰ ਹੋਣਾ ਚਾਹੀਦਾ ਹੈ ਤੇ ਲੋਕਾਂ ਨੂੰ ਤਰੱਕੀ ਤੇ ਆਸ ਦੇ ਰਾਹ ਪਾਈ ਰੱਖਣਾ ਹੈ।
ਉਂਜ ਓਬਾਮਾ ਨੇ ਰਿਪਬਲਿਕਨਾਂ ਹੱਥੋਂ ਹੋਈ ਡੈਮੋਕਰੇਟਾਂ ਦੀ ਹਾਰ ਦੀ ਸਿੱਧੀ ਜ਼ਿੰਮੇਵਾਰੀ ਲੈਣੋਂ ਟਾਲਾ ਹੀ ਵੱਟਿਆ ਜਿਨ੍ਹਾਂ ਨੇ ਉਸ ਦੀ ਪਾਰਟੀ ਤੋਂ ਸੈਨੇਟ ਦਾ ਕੰਟਰੋਲ ਖੋਹ ਲਿਆ ਹੈ ਤੇ ਪ੍ਰਤੀਨਿਧ ਸਦਨ ‘ਤੇ ਸ਼ਿਕੰਜਾ ਵਧਾ ਦਿੱਤਾ ਹੈ ਤੇ ਉਨ੍ਹਾਂ ਦੇ ਗਵਰਨਰਾਂ ਦੇ ਕਈ ਅਹਿਮ ਅਹੁਦੇ ਖੋਹ ਲਏ ਹਨ। ਓਬਾਮਾ ਨੇ ਦਾਅਵਾ ਕੀਤਾ ਕਿ ਜਦੋਂ ਤੋਂ ਉਹ ਮੁਲਕ ਦਾ ਆਗੂ ਬਣਿਆ, ਅਮਰੀਕਾ ਨੇ ਅਸਲ ਤਰੱਕੀ ਕੀਤੀ। ਉਨ੍ਹਾਂ ਕਿਹਾ ਕਿ ਵਧੇਰੇ ਅਮਰੀਕੀ ਇਸ ਵੇਲੇ ਕੰਮ ਕਰ ਰਹੇ ਹਨ ਤੇ ਬੇਰੁਜ਼ਗਾਰੀ ਘਟੀ ਹੈ। ਵਧੇਰੇ ਲੋਕਾਂ ਦਾ ਸਿਹਤ ਬੀਮਾ ਹੋਇਆ ਹੈ। ਮੈਨੂਫੈਕਚਰਿੰਗ ਵਿਚ ਵਾਧਾ ਹੋਇਆ ਹੈ। ਘਾਟਾ ਘੱਟ ਗਿਆ ਹੈ ਤੇ ਅਮਰੀਕਾ ਦੀ ਵਿਦੇਸ਼ੀ ਤੇਲ ਉਤੇ ਨਿਰਭਰਤਾ ਘਟੀ ਹੈ।
_____________________________________________
ਓਬਾਮਾ ਰਲ ਕੇ ਕੰਮ ਕਰਨ ਲਈ ਖਾਹਸ਼ਮੰਦ
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਗਲੇ ਦੋ ਸਾਲਾਂ ਦੌਰਾਨ ਕੌਮੀ ਏਜੰਡਾ ਲਾਗੂ ਕਰਨ ਤੇ ਅਮਰੀਕਾ ਨੂੰ ਅੱਗੇ ਲਿਜਾਣ ਲਈ ਰਿਪਬਲਿਕਨ ਪਾਰਟੀ ਨਾਲ ਰਲ ਕੇ ਕੰਮ ਕਰਨ ਦੀ ਖਾਹਸ਼ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਪਾਸ ਕੁਝ ਬਿੱਲਾਂ ‘ਤੇ ਉਹ ਦਸਤਖ਼ਤ ਨਹੀਂ ਕਰ ਸਕਦੇ ਤੇ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਉਹ ਕੁਝ ਕੰਮ ਕਰਨਗੇ, ਜੋ ਕਾਂਗਰਸ ਨੂੰ ਪਸੰਦ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਰਹਿੰਦੇ ਦੋ ਸਾਲਾਂ ਲਈ ਉਨ੍ਹਾਂ ਦੇ ਲਈ ਕੋਈ ਮਜ਼ਬੂਤ ਵਿਧਾਨਕ ਆਧਾਰ ਨਾ ਹੋਣ ‘ਤੇ ਉਹ ਇਮੀਗ੍ਰੇਸ਼ਨ ਸੁਧਾਰਾਂ ਬਾਰੇ ਯੋਜਨਾਵਾਂ ਪਾਸ ਹੋਣ ਲਈ ਜ਼ੋਰ ਦੇਣਗੇ। ਇਸ ਸਾਲ ਉਹ ਕਾਰਜਕਾਰੀ ਕਾਰਵਾਈ ਕਰਨਗੇ ਤੇ ਇਹ ਉਡੀਕ ਨਹੀਂ ਕਰਨਗੇ ਕਿ ਨਵੀਂ ਕਾਂਗਰਸ ਵਿਆਪਕ ਪਾਰਟੀ ਇਮੀਗ੍ਰੇਸ਼ਨ ਸੁਧਾਰ ਬਿੱਲ ਲਈ ਕੋਈ ਉਪਰਾਲਾ ਕਰਦੀ ਹੈ ਜਾਂ ਨਹੀਂ।
_________________________________________
ਨਿੱਕੀ ਹੇਲੀ ਤੇ ਕਮਲਾ ਹੈਰਿਸ ਮੁੜ ਜੇਤੂ
ਵਾਸ਼ਿੰਗਟਨ: ਸਾਊਥ ਕੈਰੋਲੀਨਾ ਦੀ ਗਵਰਨਰ ਨਿੱਕੀ ਹੇਲੀ ਤੇ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਕਮਲਾ ਹੈਰਿਸ (50) ਲਗਾਤਾਰ ਦੂਜੀ ਵਾਰ ਜਿੱਤਣ ਵਿਚ ਕਾਮਯਾਬ ਰਹੇ ਹਨ। ਰਿਪਬਲਿਕਨ ਹੇਲੀ (42) ਨੇ 57æ8 ਫੀਸਦੀ ਵੋਟਾਂ ਹਾਸਲ ਕਰਕੇ ਆਪਣੀ ਵਿਰੋਧੀ ਵਿਨਸੇਂਟ ਸ਼ੀਹੀਨ ਨੂੰ ਕਾਫੀ ਪਿੱਛੇ ਛੱਡ ਦਿੱਤਾ ਜਿਸ ਨੂੰ ਸਿਰਫ਼ 40 ਫੀਸਦੀ ਵੋਟਾਂ ਹੀ ਮਿਲੀਆਂ। ਕਾਲੋਰੈਡੋ ਵਿਚ ਰਿਪਬਲਿਕਨ ਜਨਕ ਜੋਸ਼ੀ ਵੀ ਜਿੱਤ ਗਏ ਹਨ। ਇਸੇ ਤਰ੍ਹਾਂ ਨੀਰਜ ਐਨਤਾਨੀ (23) ਓਹਾਇਓ ਸੂਬਾਈ ਵਿਧਾਨ ਸਭਾ ਵਿਚ ਸਭ ਤੋਂ ਘੱਟ ਉਮਰ ਦੇ ਰਿਪਬਲਿਕਨ ਆਗੂ ਚੁਣੇ ਗਏ ਹਨ ਜਿਨ੍ਹਾਂ ਡੈਮੋਕਰੇਟਿਕ ਪਾਰਟੀ ਦੇ ਪੈਟਰਿਕ ਮੌਰਿਸ ਨੂੰ ਹਰਾਇਆ। ਪਿਛਲੇ ਸਾਲ ਰਾਜਨੀਤੀ ਵਿਗਿਆਨ ਵਿਚ ਡਿਗਰੀ ਲੈਣ ਵਾਲੇ ਨੀਰਜ ਇਸ ਸਮੇਂ ਡੇਅਟਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕਰ ਰਹੇ ਹਨ। ਸੇਵਾਮੁਕਤ ਡਾਕਟਰ ਪ੍ਰਸਾਦ ਸ੍ਰੀਨਿਵਾਸਨ ਰਿਪਬਲਿਕਨ ਟਿਕਟ ਤੋਂ ਕਨੈਕਟੀਕਟ ਤੋਂ ਬਿਨਾਂ ਵਿਰੋਧ ਚੁਣੇ ਗਏ। ਡੈਮੋਕਰੇਟ ਸੈਮ ਸਿੰਘ, ਮਿਸ਼ੀਗਨ ਤੋਂ ਮੁੜ ਜੇਤੂ ਰਹੇ ਹਨ। ਮੈਰੀਲੈਂਡ ਵਿਚ ਕੁਮਾਰ ਭਾਰਵੇ ਤੇ ਅਰੁਣਾ ਮਿਲਰ ਵੀ ਆਪੋ-ਆਪਣੇ ਹਲਕਿਆਂ ਤੋਂ ਜੇਤੂ ਰਹੇ ਹਨ ਪਰ ਇਲੀਨਾਏ ਅਸੈਂਬਲੀ ਲਈ ਉਮੀਦਵਾਰ ਲਾਡੀ ਸਿੰਘ ਜਿਤ ਨਹੀਂ ਸਕੀ।

Be the first to comment

Leave a Reply

Your email address will not be published.