ਭਾਜਪਾ ਦੀ ਤਿੱਖੀ ਸਰਗਰਮੀ ਨੇ ਅਕਾਲੀ ਸੁੱਕਣੇ ਪਾਏ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਭਾਜਪਾ ਦੇ ਪੰਜਾਬ ਮਾਮਲਿਆਂ ਬਾਰੇ ਨਵੇਂ ਥਾਪੇ ਇੰਚਾਰਜ ਰਾਮ ਸ਼ੰਕਰ ਕਥੇਰੀਆ ਦੀ ਪਹਿਲੀ ਪੰਜਾਬ ਫੇਰੀ ਨੇ ਅਕਾਲੀ-ਭਾਜਪਾ ਸਬੰਧਾਂ ਨੂੰ ਨਵਾਂ ਰੁੱਖ ਦੇ ਦਿੱਤਾ ਹੈ। ਪਿਛਲੇ ਅਠਾਰਾਂ ਸਾਲਾਂ ਵਿਚ ਕਦੇ ਵੀ ਇਹ ਨਹੀਂ ਹੋਇਆ ਕਿ ਭਾਜਪਾ ਦਾ ਕੋਈ ਕੇਂਦਰੀ ਨੇਤਾ ਜਾਂ ਪੰਜਾਬ ਦਾ ਇੰਚਾਰਜ ਆਵੇ ਤੇ ਅਕਾਲੀ ਨੇਤਾਵਾਂ ਨੂੰ ਮਿਲ ਕੇ ਨਾ ਜਾਵੇ। ਨਵੀਂ ਪੈਦਾ ਹੋਈ ਸਥਿਤੀ ਵਿਚ ਕਥੇਰੀਆ ਚੰਡੀਗੜ੍ਹ ਵਿਖੇ ਦੋ ਦਿਨ ਰਹੇ ਪਰ ਕਿਸੇ ਵੀ ਅਕਾਲੀ ਆਗੂ ਨਾਲ ਮੁਲਾਕਾਤ ਦੀ ਜ਼ਰੂਰਤ ਨਹੀਂ ਸਮਝੀ, ਸਗੋਂ ਉਲਟਾ ਭਾਜਪਾ ਆਗੂਆਂ ਨੂੰ ਇਹ ਪਾਠ ਪੜ੍ਹਾਇਆ ਕਿ ਉਹ ਮਤਾਹਿਤ ਵਾਲੀ ਸੋਚ ਤਿਆਗ ਦੇਣ ਤੇ ਰਾਜ ਦੀ ਵਾਗਡੋਰ ਸੰਭਾਲਣ ਵਾਲੀ ਮਾਨਸਿਕਤਾ ਪੈਦਾ ਕਰਨ। ਦੂਜੇ ਪਾਸੇ ਅਕਾਲੀ ਦਲ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਟਾਲਾ ਵੱਟ ਰਿਹਾ ਹੈ।

ਕਥੇਰੀਆ ਵੱਲੋਂ ਅਪਣਾਇਆ ਇਹ ਰੁਖ ਪੰਜਾਬ ਅੰਦਰ ਗਠਜੋੜ ਦੀਆਂ ਹਕੀਕੀ ਸੰਭਾਵਨਾਵਾਂ ਨੂੰ ਅਗਲੇ ਸਮੇਂ ਵਿਚ ਹੋਰ ਉਦੇੜੇਗਾ। ਭਾਜਪਾ ਨੇਤਾਵਾਂ ਵੱਲੋਂ 2017 ਦੀਆਂ ਚੋਣਾਂ ਇਕੱਲਿਆਂ ਤੇ ਹਾਲ ਦੀ ਘੜੀ ਗੱਠਜੋੜ ਚਲਾਉਣ ਦੇ ਬਿਆਨਾਂ ਨੇ ਰਾਜਨੀਤੀ ਵਿਚ ਇਕ ਵੱਡੀ ਦੁਬਿਧਾ ਪੈਦਾ ਕਰ ਦਿੱਤੀ ਹੈ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਗਲੇ ਹਫ਼ਤੇ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਜਾ ਕੇ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗਾਂ ਕਰਨਗੇ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਹਰ ਸੋਮਵਾਰ ਤੇ ਮੰਗਲਵਾਰ ਵੱਖ-ਵੱਖ ਜ਼ਿਲ੍ਹਿਆਂ ਦੇ ਪਾਰਟੀ ਆਗੂਆਂ ਤੇ ਸਿਵਲ ਤੇ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਰਾਤ ਦੇ ਖਾਣੇ ਉੱਪਰ ਮੀਟਿੰਗਾਂ ਕਰਨ ਦਾ ਸਿਲਸਿਲਾ ਵੀ ਆਰੰਭ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪਾਰਟੀ ਵਰਕਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੀ ਸ਼ੁਰੂ ਕੀਤੀ ਕਵਾਇਦ ਤੋਂ ਸੰਕੇਤ ਇਹ ਮਿਲ ਰਿਹਾ ਹੈ ਕਿ ਉਹ ਭਾਜਪਾ ਵੱਲੋਂ ਮੂੰਹ ਦਿਖਾਏ ਜਾਣ ਦਾ ਮੁਕਾਬਲਾ ਕਰਨ ਲਈ ਪਾਰਟੀ ਨੂੰ ਮਜ਼ਬੂਤ ਕਰਨ ਤੁਰ ਪਏ ਹਨ। ਇਸ ਨਾਲ ਪਾਰਟੀ ਵਰਕਰਾਂ ਦੀ ਪੁੱਛ-ਪ੍ਰਤੀਤ ਵੀ ਵਧੇਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨੇਤਾਵਾਂ ਦੇ ਬਿਆਨਾਂ ਬਾਰੇ ਅਜੇ ਤੱਕ ਕੋਈ ਟਿੱਪਣੀ ਤਾਂ ਨਹੀਂ ਕੀਤੀ ਪਰ ਉਨ੍ਹਾਂ ਵੱਲੋਂ ਆਰੰਭ ਕੀਤੀ ਰਾਜਸੀ ਸਰਗਰਮੀ ਆਪਣੇ ਆਪ ਹੀ ਕਹਾਣੀ ਬਿਆਨ ਕਰਨ ਵਾਲੀ ਹੈ।
ਉੱਧਰ ਪਾਰਟੀ ਹਲਕਿਆਂ ਦਾ ਕਹਿਣਾ ਹੈ ਕਿ ਕਥੇਰੀਆ ਦਾ ਦੋ ਦਿਨ ਦਾ ਦੌਰਾ ਸਹਿਯੋਗੀ ਪਾਰਟੀ ਅਕਾਲੀ ਦਲ ‘ਤੇ ਦਬਾਅ ਬਣਾਉਣ ਵਿਚ ਸਫਲ ਰਿਹਾ ਹੈ। ਭਾਵੇਂ ਅਕਾਲੀ ਦਲ ਨੇ ਵੀ ਇਸ ਮਾਮਲੇ ਵਿਚ ਸਖ਼ਤ ਸੰਕੇਤ ਦਿੱਤੇ ਹਨ। ਲੰਬੇ ਸਮੇਂ ਤੋਂ ਆਰæ ਐਸ਼ ਐਸ਼ ਦੇ ਪ੍ਰਚਾਰਕ ਰਹੇ ਸ੍ਰੀ ਕਥੇਰੀਆ ਨੇ ਉੱਤਰ ਪ੍ਰਦੇਸ਼ ਵਿਚ ਆਪਣੇ ਹਲਕੇ ਵਿਚ ਵਧੀਆ ਨਤੀਜੇ ਦਿਖਾਏ ਹਨ ਜਿਸ ਕਰਕੇ ਉਨ੍ਹਾਂ ਨੂੰ ਪੰਜਾਬ ਦੀ ਕਮਾਨ ਦਿੱਤੀ ਗਈ ਹੈ।
ਕਥੇਰੀਆ ਦੀ ਹਾਜ਼ਰੀ ਵਿਚ ਹੋਈ ਭਾਜਪਾ ਦੀਆਂ ਮੀਟਿੰਗਾਂ ਵਿਚ ਉਨ੍ਹਾਂ ਦਾ ਸਟੈਂਡ ਸਹਿਯੋਗੀ ਪਾਰਟੀ ਨਾਲ ਕਾਫ਼ੀ ਸਖ਼ਤ ਸੀ ਪਰ ਇਸ ਦੇ ਬਾਵਜੂਦ ਭਾਜਪਾ ਪੰਜਾਬ ਵਿਚ ਸਹਿਯੋਗੀ ਪਾਰਟੀ ਨਾਲ ਮੁੰਬਈ ਵਾਲਾ ਫ਼ਾਰਮੂਲਾ ਅਪਨਾਉਣ ਦੇ ਦੇ ਮੂਡ ਵਿਚ ਨਹੀਂ ਹੈ ਕਿ ਉਹ ਸ਼ਿਵ ਸੈਨਾ ਤੋਂ ਬਾਅਦ ਸਾਲਾਂ ਪੁਰਾਣੀਆਂ ਆਪਣੀਆਂ ਸਹਿਯੋਗੀ ਪਾਰਟੀਆਂ ਨੂੰ ਛੱਡਦੀ ਜਾ ਰਹੀ ਹੈ। ਇਸ ਨਾਲ ਉਲਟਾ ਭਾਜਪਾ ਬਾਰੇ ਗ਼ਲਤ ਸੰਦੇਸ਼ ਉੱਠਣੇ ਸ਼ੁਰੂ ਹੋ ਜਾਣ ਦਾ ਖ਼ਦਸ਼ਾ ਹੈ।
ਰਾਜਨੀਤਕ ਹਲਕਿਆਂ ਵਿਚ ਚਰਚਾ ਹੈ ਕਿ ਪਾਰਟੀ ਨੇ ਤਾਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਅਗਲੇ ਮਹੀਨੇ ਹੋਣ ਜਾ ਰਹੀਆਂ ਨਿਗਮਾਂ ਚੋਣਾਂ ਵਿਚ ਤਾਂ ਉਹ ਮਿਲ ਕੇ ਲੜਨਗੇ ਪਰ ਭਾਜਪਾ ਦੇ ਆਗੂਆਂ ਵੱਲੋਂ ਲਏ ਗਏ ਸਟੈਂਡ ਨਾਲ ਤਾਂ ਇਹ ਸੰਦੇਸ਼ ਜਾ ਰਿਹਾ ਹੈ ਕਿ ਪਾਰਟੀ ਹੁਣ ਸਹਿਯੋਗੀ ਪਾਰਟੀ ‘ਤੇ ਦਬਾਅ ਬਣਾ ਰਹੀ ਹੈ।
ਉਂਜ ਸ੍ਰੀ ਕਥੇਰੀਆ ਦੇ ਆਉਣ ਤੇ ਉਨ੍ਹਾਂ ਦੇ ਸਖ਼ਤ ਸਟੈਂਡ ਤੋਂ ਅਕਾਲੀ ਹਲਕੇ ਵੀ ਕਾਫ਼ੀ ਹੈਰਾਨ ਤੇ ਉਹ ਦੁਚਿੱਤੀ ਵਿਚ ਹਨ ਕਿ ਪਹਿਲਾਂ ਤਾਂ ਹਰਿਆਣਾ ਵਿਚ ਭਾਜਪਾ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵੱਲੋਂ ਤਿੱਖੇ ਹਮਲੇ ਕਰਨ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਦਿੱਲੀ ਵਿਚ ਗਏ ਸਨ ਜਿਥੇ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਪ ਅਕਾਲੀ ਦਲ ਦੇ ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ ਪੰਜਾਬ ਵਿਚ ਅਕਾਲੀ -ਭਾਜਪਾ ਵਿਚ ਕਿਸੇ ਤਰ੍ਹਾਂ ਦੀ ਖਿੱਚੋਤਾਣ ਨਹੀਂ ਹੈ ਪਰ ਕਥੇਰੀਆ ਵੱਲੋਂ ਅਪਣਾਏ ਤਿੱਖੇ ਸਟੈਂਡ ਕਰਕੇ ਤਾਂ ਭਾਜਪਾ ਹੁਣ ਆਪਣੇ ਪੁਰਾਣੇ ਸਟੈਂਡ ਤੋਂ ਬਦਲ ਗਈ ਹੈ।
____________________________________
ਇਕੱਲਿਆਂ ਚੋਣ ਲੜਨ ਦੀ ਮੰਗ ਜਨਤਾ ਦੀ: ਕਥੇਰੀਆ
ਚੰਡੀਗੜ੍ਹ: ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਮ ਸ਼ੰਕਰ ਕਥੇਰੀਆ ਨੇ ਕਿਹਾ ਹੈ ਕਿ ਪੰਜਾਬ ਵਿਚ ਭਾਜਪਾ ਦੇ ਇਕੱਲਿਆਂ ਚੋਣ ਲੜਨ ਦੀ ਮੰਗ ਭਾਜਪਾ ਵੱਲੋਂ ਨਹੀਂ ਬਲਕਿ ਆਮ ਲੋਕਾਂ ਵੱਲੋਂ ਉਠਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿਚ ਬਹੁਤੀਆਂ ਸਿਆਸੀ ਪਾਰਟੀਆਂ ਤੇ ਸਿਆਸੀ ਵੰਡਾਂ ਦੇ ਹੱਕ ਵਿਚ ਨਹੀਂ ਹੈ। ਭਾਜਪਾ ਦਾ ਇਸ ਸਮੇਂ ਨਿਸ਼ਾਨਾ ਸੂਬੇ ਵਿਚ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਤੇ ਇਸ ਮੰਤਵ ਲਈ ਭਾਜਪਾ ਵੱਲੋਂ ਸੂਬੇ ਭਰ ਵਿਚ ਪਿਲੰਗ ਬੂਥ ਪੱਧਰ ਤੱਕ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਹੋਵੇਗੀ, ਜੋ ਸੀਨੀਅਰ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਤੇ ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਹਲਕਾ ਸਮਝਿਆ ਜਾਂਦਾ ਹੈ।
________________________
ਅਕਾਲੀਆਂ ਨਾਲ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ: ਸ਼ਰਮਾ
ਅੰਮ੍ਰਿਤਸਰ: ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਮੰਨਿਆ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਅਕਾਲੀ-ਭਾਜਪਾ ਸਬੰਧ ਖਰਾਬ ਹੋ ਗਏ ਹਨ ਤੇ ਇਹ ਪਹਿਲਾਂ ਵਰਗੇ ਨਹੀਂ ਰਹੇ। ਸ੍ਰੀ ਸ਼ਰਮਾ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕ ਦਲ ਦੀ ਹਮਾਇਤ ਨਾ ਕੀਤੀ ਹੁੰਦੀ ਤਾਂ ਇਹ ਸਬੰਧ ਖਰਾਬ ਨਹੀਂ ਹੋਣੇ ਸਨ। ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਮ ਸ਼ੰਕਰ ਕਥੇਰੀਆ ਦੇ ਆਪਸੀ ਸਬੰਧਾਂ ਬਾਰੇ ਬਿਆਨ ਬਾਰੇ ਸ੍ਰੀ ਸ਼ਰਮਾ ਨੇ ਆਖਿਆ ਕਿ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਸ੍ਰੀ ਕਥੇਰੀਆ ਵੱਲੋਂ ਛਪੇ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਜਪਾ 2017 ਵਿਚ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਲਈ ਤਿਆਰੀ ਕਰੇਗੀ।

Be the first to comment

Leave a Reply

Your email address will not be published.