ਚੰਡੀਗੜ੍ਹ: ਅਕਾਲੀ-ਭਾਜਪਾ ਗੱਠਜੋੜ ਦੇ ਸਬੰਧਾਂ ਵਿਚ ਪੈਦਾ ਹੋਏ ਵਿਗਾੜ ਕਾਰਨ 163 ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਆਰੰਭੇ 1400 ਕਰੋੜ ਦੇ ਪ੍ਰੋਜੈਕਟ ਠੱਪ ਹੋ ਕੇ ਰਹਿ ਗਏ ਹਨ। ਇਨ੍ਹਾਂ ਪ੍ਰੋਜੈਕਟਾਂ ਲਈ ਕੇਂਦਰ ਸਰਕਾਰ ਨੇ ਰਕਮ ਨਹੀਂ ਭੇਜੀ ਤਾਂ ਕਿ ਪੰਜਾਬ ਵਿਚ ਅਕਾਲੀ ਦਲ ਦੀ ਕਿਰਕਿਰੀ ਹੋ ਜਾਵੇ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋ ਦਿਨਾਂ ਦੇ ਅੰਦਰ 25 ਸ਼ਹਿਰਾਂ ਦੇ 47 ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਸਨ। ਇਹ ਪ੍ਰੋਜੈਕਟ ਵਾਟਰ ਸਪਲਾਈ ਤੇ ਟਰੀਟਮੈਂਟ ਪਲਾਂਟਾਂ ਨਾਲ ਸਬੰਧਤ ਸਨ।
ਇਨ੍ਹਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ 27 ਤੇ 28 ਫਰਵਰੀ ਨੂੰ ਰੱਖੇ ਸਨ। ਇਨ੍ਹਾਂ ਪ੍ਰੋਜੈਕਟਾਂ ਬਾਰੇ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਇਹ ਬਿਆਨ ਦਿੱਤਾ ਸੀ ਇਹ ਪ੍ਰੋਜੈਕਟ ਫ਼ਰਵਰੀ 2015 ਤੱਕ ਮੁਕੰਮਲ ਹੋ ਜਾਣਗੇ ਪਰ ਬਾਅਦ ਵਿਚ ਇਹ ਬਿਆਨ ਦੇ ਦਿੱਤਾ ਕਿ ਇਹ ਪ੍ਰੋਜੈਕਟ 2015 ਦੇ ਅਖ਼ੀਰ ਵਿਚ ਮੁਕੰਮਲ ਹੋਣਗੇ ਪਰ ਇਸ ਬਾਰੇ ਸਚਾਈ ਉਸ ਵੇਲੇ ਸਾਹਮਣੇ ਆਈ ਜਦ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਸ਼ੋਕ ਗੁਪਤਾ ਨੇ 27 ਅਕਤੂਬਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਹਲਫ਼ੀਆ ਬਿਆਨ ਦਿੱਤਾ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਸਕੀਮਾਂ ਦਾ ਪੈਸਾ ਰੋਕ ਲਿਆ ਹੈ ਤੇ ਪੰਜਾਬ ਸਰਕਾਰ ਕੋਲ ਇਨ੍ਹਾਂ ਸਕੀਮਾਂ ਦੀ ਕੋਈ ਵੀ ਰਾਸ਼ੀ ਮੌਜੂਦ ਨਹੀਂ।
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਇਹ ਦੋਸ਼ ਲਾਉਂਦਿਆਂ ਕਿਹਾ ਹੈ ਕਿ ਪਹਿਲਾਂ ਕੇਂਦਰ ਸਰਕਾਰ ਨੇ ਇਨ੍ਹਾਂ ਸਕੀਮਾਂ ਨੂੰ ਪਾਸ ਕਰਨ ਲਈ ਇਹ ਸ਼ਰਤ ਲਗਾਈ ਸੀ ਕਿ ਮਿਊੁਂਸਪਲ ਕਮੇਟੀਆਂ ਦੇ ਚੁਣੇ ਹੋਏ ਨੁਮਾਇੰਦੇ ਇਹ ਰਾਸ਼ੀ ਖ਼ਰਚ ਕਰਨ ਪਰ ਬਾਅਦ ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਵਿਸ਼ੇਸ਼ ਰਿਆਇਤ ਦੇ ਕੇ ਇਨਾਂ ਪ੍ਰੋਜੈਕਟਾਂ ਨੂੰ ਪਾਸ ਕਰ ਦਿੱਤਾ ਸੀ। ਹੁਣ ਜਦ ਹਰਿਆਣਾ ਵਿਧਾਨ ਸਭਾ ਚੋਣਾਂ ਕਾਰਨ ਅਕਾਲੀ ਦਲ ਤੇ ਭਾਜਪਾ ਸਬੰਧਾਂ ਵਿਚ ਕੁੜੱਤਣ ਪੈਦਾ ਹੋ ਗਈ ਤਾਂ ਕੇਂਦਰ ਸਰਕਾਰ ਨੇ ਇਨ੍ਹਾਂ ਸਕੀਮਾਂ ਦੀ ਰਾਸ਼ੀ ‘ਤੇ ਰੋਕ ਲਗਾ ਦਿੱਤੀ।
ਜਾਖੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੀ ਇਨ੍ਹਾਂ ਸਕੀਮਾਂ ਨੂੰ ਲੱਗੀਆਂ ਬਰੇਕਾਂ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਰਿਟ ਦਾਇਰ ਕਰਨਗੇ ਕਿ ਇਨ੍ਹਾਂ ਸਕੀਮਾਂ ਲਈ ਨੀਂਹ ਪੱਥਰ ਰੱਖਣ, ਇਸ਼ਤਿਹਾਰਬਾਜ਼ੀ ਤੇ ਇਸ ਬਾਰੇ ਕੀਤੇ ਸਮਾਗਮਾਂ ਦਾ ਖ਼ਰਚਾ ਉਪ ਮੁੱਖ ਮੰਤਰੀ ‘ਤੇ ਪਾਇਆ ਜਾਵੇ।
ਸੁਨੀਲ ਜਾਖੜ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਤੋਂ ਇਹ ਸਕੀਮਾਂ ਸ਼ੁਰੂ ਨਾ ਕਰਵਾਉਣ ਸਕਣ ਕਾਰਨ ਮੁਆਫ਼ੀ ਮੰਗਣ। ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਨਹੀਂ ਹੋ ਰਹੀ ਪਰ ਪੰਜਾਬ ਸਰਕਾਰ ਇਸ ਬਾਰੇ ਕੁਝ ਨਹੀਂ ਕਰ ਰਹੀ। ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਪੰਜਾਬ ਦੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਦੂਰ ਕਰਨੀਆਂ ਚਾਹੀਦੀਆਂ ਹਨ।
Leave a Reply