ਬਠਿੰਡਾ: ਪੰਜਾਬ ਦਾ ਲੋਕ ਨਿਰਮਾਣ ਵਿਭਾਗ ਤੇ ਜੰਗਲਾਤ ਮਹਿਕਮਾ ਇਨ੍ਹੀਂ ਦਿਨੀਂ ਮੁੱਖ ਮੰਤਰੀ ਦੇ ਪਿੰਡ ਬਾਦਲ ਦੀ ਵੀæਆਈæਪੀæ ਸੜਕ ਨੂੰ ਸਜਾਉਣ ਵਿਚ ਜੁਟਿਆ ਹੋਇਆ ਹੈ। ਇਹ ਸੜਕ ਸਰਕਾਰੀ ਖ਼ਜ਼ਾਨੇ ਨੂੰ ਤਕਰੀਬਨ ਇਕ ਕਰੋੜ ਰੁਪਏ ਵਿਚ ਪਈ ਹੈ। ਪੰਜਾਬ ਦੀ ਇਹ ਪਹਿਲੀ ਪੇਂਡੂ ਸੜਕ ਬਣ ਗਈ ਹੈ, ਜਿਸ ‘ਤੇ ਸਜਾਵਟੀ ਪੌਦੇ ਲਾਏ ਗਏ ਹਨ। ਦੇਹਰਾਦੂਨ ਤੋਂ ਵਿਸ਼ੇਸ਼ ਤੌਰ ‘ਤੇ ਇਸ ਸੜਕ ਵਾਸਤੇ ਅਸ਼ੋਕਾ ਦੇ ਪੌਦੇ ਲਿਆਂਦੇ ਗਏ ਸਨ। ਤਕਰੀਬਨ ਢਾਈ ਵਰ੍ਹੇ ਪਹਿਲਾਂ ਦੇਹਰਾਦੂਨ ਤੇ ਮਾਲੇਰਕੋਟਲਾਂ ਦੀਆਂ ਨਰਸਰੀਆਂ ਨੇ ਪੌਦਿਆਂ ਦੀ ਸਪਲਾਈ ਦਿੱਤੀ ਸੀ।
ਜੰਗਲਾਤ ਮਹਿਕਮੇ ਦੀ ਟੀਮ ਵਿਸ਼ੇਸ਼ ਤੌਰ ‘ਤੇ ਤਾਇਨਾਤ ਸੀ। ਇਨ੍ਹਾਂ ਨਰਸਰੀਆਂ ਦਾ ਤਕਰੀਬਨ 10 ਲੱਖ ਰੁਪਏ ਦਾ ਬਕਾਇਆ ਹੈ, ਜੋ ਹਾਲੇ ਤੱਕ ਜੰਗਲਾਤ ਮਹਿਕਮੇ ਨੇ ਨਹੀਂ ਦਿੱਤਾ। ਵੀæਆਈæਪੀæ ਸੜਕ ਦੇ ਦੋਵੇਂ ਪਾਸੇ ਤਕਰੀਬਨ 3500 ਅਸ਼ੋਕਾ ਦੇ ਪੌਦੇ ਲਾਏ ਗਏ। ਇਸ ਤੋਂ ਬਿਨਾਂ ਚਕਰੇਸੀਆ, ਜਕਰੰਡਾ ਤੇ ਕੁਇਨਜ਼ ਦੇ ਪੌਦੇ ਵੀ ਲਾਏ ਗਏ। ਮਹਿਕਮੇ ਨੇ ਅਸ਼ੋਕਾ ਦੇ ਇਕ ਪੌਦੇ ਲਈ 50 ਤੋਂ 150 ਰੁਪਏ ਤੱਕ ਖਰਚੇ ਹਨ। ਟਰਾਂਸਪੋਰਟ ਦਾ ਖਰਚਾ ਵੀ ਜੰਗਲਾਤ ਮਹਿਕਮੇ ਨੂੰ ਝੱਲਣਾ ਪਿਆ। ਜੰਗਲਾਤ ਮਹਿਕਮਾ ਹੁਣ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਕਰਨ ਵਿਚ ਲੱਗਿਆ ਹੋਇਆ ਹੈ। ਜੰਗਲਾਤ ਮਹਿਕਮੇ ਦੇ ਰੇਂਜ ਅਫਸਰ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਬਕਾਏ ਤਾਂ ਉਸ ਤੋਂ ਪਹਿਲਾਂ ਦੇ ਖੜ੍ਹੇ ਹੋਣਗੇ। ਜੋ ਸੜਕ ਦੇ ਦੋਵੇਂ ਪਾਸੇ ਪੌਦੇ ਲਾਏ ਗਏ ਸਨ, ਉਨ੍ਹਾਂ ਵਿਚੋਂ ਤਕਰੀਬਨ 85 ਫੀਸਦੀ ਪੌਦੇ ਚੱਲ ਪਏ ਹਨ, ਜੋ ਪੌਦੇ ਨੁਕਸਾਨੇ ਜਾਂਦੇ ਹਨ, ਉਨ੍ਹਾਂ ਦੀ ਥਾਂ ਨਵੇਂ ਪੌਦੇ ਲਾ ਦਿੱਤੇ ਜਾਂਦੇ ਹਨ।
ਮਹਿਕਮੇ ਦੀ ਲੇਬਰ ਹੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। ਇਵੇਂ ਹੀ ਇਸ ਵੀæਆਈæਪੀæ ਸੜਕ ਦਾ ਜੋ ਡਿਵਾਈਡਰ ਹੈ, ਉਹ ਲੋਕ ਨਿਰਮਾਣ ਵਿਭਾਗ ਕੋਲ ਹੈ। ਲੋਕ ਨਿਰਮਾਣ ਮਹਿਕਮੇ ਵੱਲੋਂ ਤਕਰੀਬਨ 28 ਕਿਲੋਮੀਟਰ ਲੰਬੀ ਸੜਕ ‘ਤੇ ਡਿਵਾਈਡਰ ਵਿਚ 10 ਲੱਖ ਰੁਪਏ ਦੀ ਲਾਗਤ ਨਾਲ ਪੌਦੇ ਲਾਏ ਗਏ ਸਨ। ਲੋਕ ਨਿਰਮਾਣ ਮਹਿਕਮੇ ਵੱਲੋਂ ਬਠਿੰਡਾ ਤੋਂ ਬਾਦਲ ਤੱਕ 21295 ਕਨੇਰ ਦੇ ਪੌਦੇ ਡਿਵਾਈਡਰ ਵਿਚ ਲਾਏ ਗਏ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ ਪਿੰਡ ਬਾਦਲ ਦੇ ਹੀ ਇਕ ਠੇਕੇਦਾਰ ਨੂੰ ਦਿੱਤਾ ਹੋਇਆ ਹੈ। ਸਾਂਭ-ਸੰਭਾਲ ਕਰਨ ਵਾਲੇ ਠੇਕੇਦਾਰ ਦੇ ਤਕਰੀਬਨ ਚਾਰ ਮਹੀਨੇ ਦੇ ਬਕਾਏ ਹਾਲੇ ਸਰਕਾਰ ਵੱਲ ਖੜ੍ਹੇ ਹਨ।
ਪੰਜਾਬ ਸਰਕਾਰ ਵੱਲੋਂ ਤਕਰੀਬਨ ਤਿੰਨ ਸਾਲ ਇਨ੍ਹਾਂ ਪੌਦਿਆਂ ਦੀ ਸੰਭਾਲ ਦਾ ਠੇਕਾ ਦਿੱਤਾ ਜਾਣਾ ਹੈ। ਹੁਣ ਤੱਕ ਪੌਦਿਆਂ ਦੀ ਸੰਭਾਲ ‘ਤੇ ਸਰਕਾਰੀ ਖ਼ਜ਼ਾਨੇ ਵਿਚੋਂ 34 ਲੱਖ ਰੁਪਏ ਖਰਚੇ ਜਾ ਚੁੱਕੇ ਹਨ। ਠੇਕੇਦਾਰ ਨਛੱਤਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਤਕਰੀਬਨ ਚਾਰ ਹਜ਼ਾਰ ਬੂਟੇ ਚੱਲ ਵੀ ਨਹੀਂ ਸਕੇ। ਉਨ੍ਹਾਂ ਦੱਸਿਆ ਕਿ ਤਕਰੀਬਨ ਚਾਰ ਮਹੀਨੇ ਦੀ ਅਦਾਇਗੀ ਬਕਾਇਆ ਹੈ। ਉਸ ਵੱਲੋਂ ਹੀ ਲੇਬਰ ਖਰਚ, ਟਰਾਂਸਪੋਰਟ ਤੇ ਪਾਣੀ ਤੋਂ ਇਲਾਵਾ ਪੌਦਿਆਂ ਨੂੰ ਖਾਦ ਵਗੈਰਾ ਦਾ ਖਰਚਾ ਕੀਤਾ ਜਾਂਦਾ ਹੈ।
ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ (ਬਾਗਬਾਨੀ) ਐਸ਼ਐਸ਼ ਬੇਦੀ ਦਾ ਕਹਿਣਾ ਹੈ ਕਿ ਬਠਿੰਡਾ-ਬਾਦਲ ਸੜਕ ‘ਤੇ ਪੌਦਿਆਂ ਦੀ ਸਾਂਭ-ਸੰਭਾਲ ਦਾ ਕੰਮ 65 ਲੱਖ ਰੁਪਏ ਵਿਚ ਦਿੱਤਾ ਗਿਆ ਹੈ। ਉਹ ਪੜਾਅਵਾਰ ਅਦਾਇਗੀ ਕਰ ਰਹੇ ਹਨ ਤੇ ਘੱਟੋ ਘੱਟ ਤਿੰਨ ਸਾਲ ਇਨ੍ਹਾਂ ਪੌਦਿਆਂ ਦੀ ਮਹਿਕਮਾ ਸੰਭਾਲ ਕਰੇਗਾ। ਪੰਜਾਬ ਵਿਚ ਅੰਮ੍ਰਿਤਸਰ ਦੀ ਏਅਰਪੋਰਟ ਰੋਡ ਤੇ ਬਾਦਲ ਰੋਡ ਹੀ ਹਨ, ਜਿਨ੍ਹਾਂ ‘ਤੇ ਮਹਿਕਮੇ ਵੱਲੋਂ ਪੌਦੇ ਲਾਏ ਗਏ ਹਨ। ਜੰਗਲਾਤ ਵਿਭਾਗ ਮੁਕਤਸਰ ਵੱਲੋਂ ਪਿੰਡ ਬਾਦਲ ਵਿਚ ਖਜੂਰਾਂ ਦੇ ਪੌਦੇ ਲਾਏ ਗਏ ਹਨ, ਜਿਨ੍ਹਾਂ ‘ਤੇ ਕਈ ਲੱਖ ਰੁਪਏ ਦਾ ਖਰਚ ਆਇਆ ਹੈ। ਪੰਜਾਬ ਭਰ ਵਿਚੋਂ ਲੱਭ ਕੇ ਖਜੂਰ ਲਿਆਂਦੇ ਗਏ ਸਨ, ਜਿਨ੍ਹਾਂ ਵਿਚੋਂ ਕਾਫ਼ੀ ਖਜੂਰ ਚੱਲ ਵੀ ਨਹੀਂ ਸਕੇ। ਜੰਗਲਾਤ ਮਹਿਕਮੇ ਦੇ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਇਸ ਪ੍ਰਾਜੈਕਟ ਵਾਸਤੇ ਤਾਇਨਾਤ ਹਨ।
Leave a Reply