ਪੰਜਾਬ ਦੀਆਂ ਜੇਲ੍ਹਾਂ ਵਿਚ ਲੱਗੀਆਂ ਨਸ਼ੱਈਆਂ ਦੀਆਂ ਮੌਜਾਂ

ਅੰਮ੍ਰਿਤਸਰ: ਪੰਜਾਬ ਦੀ ਜੇਲ੍ਹਾਂ ਵਿਚ ਨਸ਼ਾ ਤਸਕਰੀ ਰੋਕਣ ਲਈ ਵਿੱਢੀ ਮੁਹਿੰਮ ਨਸ਼ੀਲੇ ਪਦਾਰਥਾਂ ਦੇ ਕਾਰੋਬਾਰੀਆਂ ਤੇ ਭ੍ਰਿਸ਼ਟ ਅਧਿਕਾਰੀਆਂ ਦੀ ਸਾਂਝ ਕਾਰਨ ਆਪਣੇ ਰਾਹ ਤੋਂ ਭਟਕ ਗਈ ਹੈ। ਜੇਲ੍ਹ ਅੰਦਰ ਪ੍ਰਬੰਧਾਂ ਤੋਂ ਕਿਤੇ ਵੱਧ ਨੂੜੇ ਹੋਏ ਕੈਦੀਆਂ, ਹਵਾਲਾਤੀਆਂ ਵਿਚ ਬਹੁਤੇ ਨਸ਼ੇ ਦੇ ਆਦੀ ਭਾਵੇਂ ਬਾਹਰੋਂ ਹੀ ਆਏ ਹਨ ਪਰ ਕਈ ਅਜਿਹੇ ਹਨ ਜਿਨ੍ਹਾਂ ਪਹਿਲੀ ਵਾਰ ਨਸ਼ੇ ਦਾ ਸੁਆਦ ਜੇਲ੍ਹ ਦੇ ਅੰਦਰ ਹੀ ਵੇਖਿਆ ਹੈ। ਜ਼ਿਆਦਾਤਰ ਨਸ਼ੱਈ ਹਵਾਲਾਤੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਜੇਲ੍ਹ ਅੰਦਰ ਬਾਹਰ ਨਾਲੋਂ ਸੌਖਿਆਂ ਨਸ਼ਾ ਮਿਲ ਜਾਂਦਾ ਹੈ। ਨਸ਼ਿਆਂ ਦੀ ਉਪਲੱਬਧ ਮਾਤਰਾ ਮੰਗ ਮੁਤਾਬਕ ਹੁੰਦੀ ਹੈ ਤੇ ਆਮ ਨਸ਼ੱਈਆਂ ਦੇ ਸੇਵਨ ਤੋਂ ਇਲਾਵਾ ਅੰਦਰ ਬੈਠ ਕੇ ਕੰਮ ਕਰ ਰਹੇ ਤਸਕਰਾਂ ਵੱਲੋਂ ਇਥੋਂ ਕਈ ਵਾਰ ਬਾਹਰ ਵੇਚਣ ਲਈ ਨਮੂਨੇ ਵੀ ਪਾਸ ਕਰਕੇ ਭੇਜੇ ਜਾਂਦੇ ਹਨ।
ਸਰਕਾਰ ਵੱਲੋਂ ਜੇਲ੍ਹਾਂ ਵਿਚ ਸੁਰੱਖਿਆ ਜਾਂਚ ਲਈ ਜ਼ਿਲ੍ਹਾ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਕਰਦਿਆਂ ਡਿਓੜੀ ਵਿਚੋਂ ਅੰਦਰ-ਬਾਹਰ ਲੰਘਦੀ ਹਰੇਕ ਰਸਦ ਜਾਂ ਹੋਰ ਵਸਤੂ, ਵਿਅਕਤੀ ਦੀ ਜਾਂਚ ਦਾ ਜ਼ਿੰਮਾ ਉਨ੍ਹਾਂ ਨੂੰ ਦੇ ਦਿੱਤਾ ਗਿਆ ਸੀ ਪਰ ਇਹ ਹੁਕਮ ਲਾਗੂ ਹੋਣ ਦੇ 8-9 ਮਹੀਨਿਆਂ ਮਗਰੋਂ ਹੀ ਜ਼ਿਲ੍ਹਾ ਪੁਲਿਸ ਜਵਾਨ ਜੇਲ੍ਹ ਪੁਲਿਸ ਦੀ ਯੂਨੀਅਨ ਦੇ ਦਬਾਅ ਤਹਿਤ ਹਟਾ ਕੇ ਬਾਹਰ ਭੇਜ ਦਿੱਤੇ ਗਏ ਤੇ ਸਾਮਾਨ ਦੀ ਜਾਂਚ ਦਾ ਜ਼ਿੰਮਾ ਮੁੜ ਆਪਣੇ ਅਧੀਨ ਕਰ ਲਿਆ ਗਿਆ। ਇਕੱਲੀ ਅੰਮ੍ਰਿਤਸਰ ਜੇਲ੍ਹ ਵਿਚ ਹੀ ਇਸ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 10 ਤੋਂ ਵੱਧ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ, ਜਦ ਕਿ ਸੈਂਕੜੇ ਨਸ਼ੇ ਦੇ ਸਮੁੰਦਰ ਵਿਚ ਹੋਰ ਡੂੰਘੇ ਉੱਤਰਦੇ ਜਾ ਰਹੇ ਹਨ।
ਪੈਰੋਲ ‘ਤੇ ਆਏ ਸਜ਼ਾਯਾਫਤਾ ਇਕ ਕੈਦੀ ਨੇ ਇਸ ਬਾਰੇ ਕਈ ਖੁਲਾਸੇ ਕੀਤੇ ਹਨ। ਉਸ ਦਾ ਕਹਿਣਾ ਹੈ ਕਿ ਜੇਲ੍ਹ ਅਦਲਾ-ਬਦਲੀ ਦੌਰਾਨ ਉਹ ਪਟਿਆਲਾ, ਨਾਭਾ, ਫਰੀਦਕੋਟ ਆਦਿ ਜੇਲ੍ਹਾਂ ਵਿਚ ਵੀ ਰਹਿਕੇ ਆਇਆ ਹੈ ਪਰ ਉਥੇ ਤੰਬਾਕੂ, ਗੋਲੀਆਂ, ਕੈਪਸੂਲਾਂ ਤੋਂ ਛੁੱਟ ਵੱਡੇ ਪੱਧਰ ‘ਤੇ ਨਸ਼ਾ ਨਹੀਂ ਮਿਲਦਾ। ਅੰਮ੍ਰਿਤਸਰ ਜੇਲ੍ਹ ਅੰਦਰਲੀ ਸਥਿਤੀ ਬਾਹਰਲੇ ਨਸ਼ੀਲੇ ਪਦਾਰਥਾਂ ਦੇ ਪਾਸਾਰ ਤੋਂ ਵੀ ਭਿਆਨਕ ਹੈ।
ਜੇਲ੍ਹ ਦੇ ਹਰ ਕੈਦੀ, ਹਵਾਲਾਤੀ ਕੋਲ ਬਾਹਰ ਦੀ ਜਾਣਕਾਰੀ ਰੱਖਣ ਲਈ ਨਿੱਜੀ ਫੋਨ ਕਰਨ ਦੀ ਸਹੂਲਤ ਮੌਜੂਦ ਹੈ, ਜਿਨ੍ਹਾਂ ਵਿਚੋਂ ਸਰਦੇ ਪੁੱਜਦੇ ਤਾਂ ਆਪਣੇ ਨਿੱਜੀ ਫੋਨ ਰੱਖਦੇ ਹਨ ਜਦ ਕਿ ਬਾਕੀਆਂ ਕੋਲ ਭਾਵੇਂ ਮੋਬਾਈਲ ਫੋਨ ਹਰ ਵੇਲੇ ਨਾ ਹੋਵੇ ਪਰ ਸਿਮ ਜ਼ਰੂਰ ਆਪੋ ਆਪਣੀ ਹੁੰਦੀ ਹੈ, ਕਿਉਂਕਿ ਇਹ ਸਿਮ ਜੇਲ੍ਹ ਅੰਦਰਲੀ ਕੰਟੀਨ ਵਿਚੋਂ ਥੋੜ੍ਹਾ ਜਿਹਾ ਪਰਦਾ ਰੱਖਦਿਆਂ ਆਮ ਮਿਲਦੇ ਹਨ। ਸੂਤਰਾਂ ਅਨੁਸਾਰ ਅਜਿਹਾ ਕੁਝ ਜੇਲ੍ਹ ਅਧਿਕਾਰੀਆਂ ਦੀ ਜਾਣਕਾਰੀ ਵਿਚ ਹੀ ਹੁੰਦਾ। ਉਕਤ ਇਤਰਾਜ਼ਯੋਗ ਸਾਮਾਨ ਬਾਹਰੋਂ ਅਚਨਚੇਤ ਜਾਂਚ ਕਰਨ ਗਈਆਂ ਟੀਮਾਂ ਦੇ ਵੀ ਬਹੁਤੀ ਵਾਰ ਅੱਖੀਂ ਇਸ ਲਈ ਨਹੀਂ ਪੈਂਦਾ ਕਿਉਂਕਿ ਕਾਨੂੰਨ ਅਨੁਸਾਰ ਜਾਂਚ ਟੀਮ ਲਈ ਡਿਓੜੀ ਲੰਘਣ ਤੋਂ ਪਹਿਲਾਂ ਜੇਲ੍ਹ ਸੁਪਰਡੈਂਟ ਦੀ ਹਾਜ਼ਰੀ ਜ਼ਰੂਰੀ ਹੈ ਤੇ ਦਰਬਾਨ ਉਸ ਦੀ ਆਮਦ ਤੋਂ ਪਹਿਲਾਂ ਦਰਵਾਜ਼ਾ ਨਹੀਂ ਖੋਲ੍ਹ ਸਕਦਾ।
ਇਸ ਦਰਮਿਆਨ ਹੀ ਅੰਦਰ ਸੂਚਨਾ ਪੁੱਜ ਜਾਂਦੀ ਹੈ ਅਤੇ ‘ਸਭ ਕੁਝ’ ਸਾਂਭ ਦਿੱਤਾ ਜਾਂਦਾ ਹੈ। ਹੋਰ ਸਾਮਾਨ ਖਰੀਦਣ ਲਈ ਜਿਥੇ ਕੂਪਨ ਜਾਰੀ ਕੀਤੇ ਜਾਂਦੇ ਹਨ ਉਥੇ ਹੈਰਾਨੀਜਨਕ ਢੰਗ ਨਾਲ ਨਸ਼ਾ ਆਦਿ ਦਾ ਭੁਗਤਾਨ ਨਕਦ ਨੋਟਾਂ ਨਾਲ ਹੁੰਦਾ ਹੈ। ਇਥੇ ਵੀ ਹਵਾਲਾ ਚੱਲਦਾ ਹੈ ਤੇ ਬਾਹਰ ਵਾਰਸਾਂ ਤੋਂ 13 ਸੌ ਮਿਲਣ ‘ਤੇ ਅੰਦਰ ਬੈਠੇ ‘ਕਾਰੋਬਾਰੀ’ ਸਬੰਧਤ ਕੈਦੀ ਨੂੰ ਇਕ ਹਜ਼ਾਰ ਨਕਦ ਦੇ ਦਿੰਦੇ ਹਨ। ਕਈ ਨਸ਼ੱਈ ਕੈਦੀ ਆਪਣੇ ਨਵੇਂ ਮੰਗਵਾਏ ਬੂਟ, ਕੱਪੜੇ ਜਾਂ ਹੋਰ ਸਾਮਾਨ ਆਦਿ ਦੀ ਬੋਲੀ ਲਗਵਾ ਕੇ ਵੀ ਨਕਦ ਪੈਸੇ ਨਸ਼ਾ ਖਰੀਦਣ ਲਈ ਇਕੱਠੇ ਕਰਦੇ ਹਨ।
ਇਤਰਾਜ਼ਯੋਗ ਸਾਮਾਨ ਕੰਟੀਨ ਵਾਲਿਆਂ ਨੂੰ ਵੇਚਣ ਦੀ ਖੁੱਲ੍ਹ ਇਸ ਸ਼ਰਤ ‘ਤੇ ਮਿਲਦੀ ਹੈ ਕਿ ਉਹ ਕਮਿਸ਼ਨ ਤੋਂ ਇਲਾਵਾ ਜੇਲ੍ਹ ਕਰਮਚਾਰੀਆਂ ਵੱਲੋਂ ਮੰਗਵਾਈ ਮਠਿਆਈ ਤੇ ਫਲ ਆਦਿ ਬਾਹਰ ਨਾਲੋਂ ਤਿੰਨ ਚਾਰ ਗੁਣਾ ਵੱਧ ਭਾਅ ‘ਤੇ ਕੈਦੀਆਂ ਨੂੰ ਵੇਚਣ। ਵਿਸ਼ੇਸ਼ ਤਿਉਹਾਰਾਂ ਮੌਕੇ ਵੀ ਕੈਦੀਆਂ ਦੇ ਵਾਰਸਾਂ ਨੂੰ ਨਸ਼ਾ ਰੋਕਣ ਦੇ ਬਹਾਨੇ ਆਪ ਮਠਿਆਈ ਆਦਿ ਭੇਜਣ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ। ਅਜਿਹੇ ਵਿਚ ਕਈ ਵਾਰ ਜਿਥੇ ਮਹਾਤੜਾਂ ਦੇ ਕੇਲੇ ਵੀ ਰੋਕ ਦਿੱਤੇ ਜਾਂਦੇ ਹਨ ਉਥੇ ਤਕੜਿਆਂ ਦੀ ਸ਼ਰਾਬ ਵੀ ਟੌਹਰ ਨਾਲ ਅੰਦਰ ਪੁੱਜਦੀ ਹੈ।
ਜ਼ਿਲ੍ਹਾ ਪੁਲਿਸ ਦੀ ਜੇਲ੍ਹ ਸੁਰੱਖਿਆ ਜਾਂਚ ਟੁਕੜੀ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਹ ਸਾਮਾਨ ਅੰਦਰ ਭੇਜਣ ਦੇ ‘ਰਸਤੇ’ ਜੇਲ੍ਹ ਪ੍ਰਸ਼ਾਸਨ ਖੁਦ ਲੱਭਦਾ ਹੈ। ਸੁਰੱਖਿਆ ਕਰਮਚਾਰੀਆਂ ਦੀ ਜਿਥੇ ਕੋਈ ਤਲਾਸ਼ੀ ਨਹੀਂ ਲਈ ਜਾਂਦੀ ਉਥੇ ਕੈਦੀਆਂ ਲਈ ਅੰਦਰ ਜਾਂਦੀ ਰਸਦ ਕਣਕ, ਦਾਲਾਂ, ਚੌਲ, ਸਿਲੰਡਰ, ਕਰਿਆਨਾ ਆਦਿ ਦੀ ਕੋਈ ਵਿਸ਼ੇਸ਼ ਜਾਂਚ ਨਹੀਂ ਹੁੰਦੀ। ਕਈ ‘ਪ੍ਰਮੁੱਖ ਸ਼ਖਸੀਅਤਾਂ’ ਲਈ ਆਏ ਸਾਮਾਨ ਦੀਆਂ ਗੱਡੀਆਂ ਬਿਨਾਂ ਜਾਂਚ ਤੋਂ ਅੰਦਰ ਭੇਜਣ ਲਈ ਅਧਿਕਾਰੀ ਖੁਦ ਫੋਨ ‘ਤੇ ਬਾਹਰਲੇ ਸੁਰੱਖਿਆ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦੇ ਹਨ। ਉਕਤ ਤੋਂ ਇਲਾਵਾ ਇਥੇ ਕੈਦੀਆਂ ਦੀਆਂ ਮੁਲਾਕਾਤਾਂ ਵਿਚ ਹੁੰਦੀ ਮਨਮਰਜ਼ੀ ਬਾਰੇ ਖੁਲਾਸਾ ਕਰਦਿਆਂ ਉਕਤ ਸੂਤਰਾਂ ਨੇ ਦੱਸਿਆ ਕਿ ਮੁਲਾਕਾਤਾਂ ਲਿਖਣ ਦਾ ਕੰਮ ਜੇਲ੍ਹ ਪੁਲਿਸ ਕੋਲ ਹੈ ਤੇ ਕੈਦੀਆਂ ਦੇ ਸਿਲਸਿਲੇਵਾਰ ਨਾਵਾਂ ਦੀ ਲੜੀ ਦੇ ਬਹਾਨੇ ਪਹਿਲਾਂ ਨਾਂ ਪਵਾਉਣ ਲਈ ਕਥਿਤ ਤੌਰ ‘ਤੇ 200 ਤੋਂ 500 ਰੁਪਏ ਲੱਗਦੇ ਹਨ। ਅਜਿਹੇ ਵਿਚ ਵਿਸ਼ੇਸ਼ ਮੁਲਾਕਾਤ ਦਾ ਰੇਟ ਇਕ ਤੋਂ ਦੋ ਹਜ਼ਾਰ ਰੁਪਏ ਹੈ।

Be the first to comment

Leave a Reply

Your email address will not be published.