ਪੈ’ਗੀ ਯਾਰੀ ‘ਚ ਤਰੇੜ ਕਿ ‘ਆਪਣੇ’ ਸ਼ਰੀਕ ਹੋ ਗਏ…

-ਜਤਿੰਦਰ ਪਨੂੰ
ਬੀਤਿਆ ਹਫਤਾ ਬੜੀ ਅਜੀਬ ਜਿਹੀ ਹਲਚਲ ਵਾਲਾ ਸੀ। ਇਸ ਇੱਕੋ ਹਫਤੇ ਵਿਚ ਕਈ ਵਾਰ ਸਾਥੋਂ ਲੋਕਾਂ ਨੇ ਇਹ ਸਵਾਲ ਪੁੱਛਿਆ ਕਿ ਪੰਜਾਬ ਦੀ ਮੌਜੂਦਾ ਵਿਧਾਨ ਸਭਾ ਆਪਣੀ ਮਿਆਦ ਪੂਰੀ ਕਰੇਗੀ ਜਾਂ ਅੱਧ-ਵਿਚਾਲੇ ਚੋਣਾਂ ਦੇ ਰਾਹ ਪੈ ਜਾਵੇਗੀ? ਪਹਿਲੇ ਦੋ ਦਿਨ ਅਸੀਂ ਸਾਫ ਕਿਹਾ ਕਿ ਇਹ ਮਿਆਦ ਪੂਰੀ ਕਰੇਗੀ। ਤੀਸਰਾ ਅਤੇ ਚੌਥਾ ਦਿਨ ਅਸੀਂ ਇਹ ਕਿਹਾ ਕਿ ਸ਼ਾਇਦ ਇਹ ਮਿਆਦ ਪੂਰੀ ਕਰ ਜਾਵੇ। ਪੰਜਵਾਂ ਦਿਨ ਚੜ੍ਹਨ ਤੱਕ ਸਾਨੂੰ ਅਗਲੀ ਗੱਲ ਕਹਿਣੀ ਪੈ ਗਈ ਕਿ ਹੁਣ ਇਹ ਵਿਧਾਨ ਸਭਾ ਆਪਣੀ ਮਿਆਦ ਪੂਰੀ ਕਰਦੀ ਨਹੀਂ ਜਾਪਦੀ। ਸਿਆਸੀ ਘਟਨਾਵਾਂ ਦਾ ਵਹਿਣ ਏਨਾ ਤੇਜ਼ ਤੁਰ ਪਿਆ ਕਿ ਕਿਸੇ ਵੀ ਵੇਲੇ ਕੁਝ ਵਾਪਰ ਜਾਣ ਦੀ ਸੰਭਾਵਨਾ ਦਿੱਸਣ ਲੱਗ ਪਈ। ਇਨ੍ਹਾਂ ਘਟਨਾਵਾਂ ਦੇ ਵਹਿਣ ਦਾ ਸਿਖਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇਹ ਕਹਿਣਾ ਸੀ ਕਿ ਜੇ ਭਾਜਪਾ ਨੇ ‘ਅਕਾਲੀ ਦਲ ਨਾਲ ਆਪਣਾ ਗੱਠਜੋੜ ਤੋੜਿਆ ਤਾਂ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਖਤਰਾ ਪੈਦਾ ਹੋ ਜਾਵੇਗਾ।’ ਅੱਧੀ ਸਦੀ ਤੋਂ ਵੱਧ ਰਾਜਨੀਤੀ ਵਿਚ ਛਾਏ ਰਹੇ ਆਗੂ ਦੇ ਮੂੰਹੋਂ ਇਹ ਗੱਲ ਜਦੋਂ ਨਿਕਲਦੀ ਹੈ ਤਾਂ ਐਵੇਂ ਨਹੀਂ ਨਿਕਲਦੀ, ਇਸ ਦੇ ਪਿੱਛੇ ਉਸ ਦੀ ਮੌਕਾ ਸੰਭਾਲਣ ਵਿਚ ਆਪਣੀ ਬੇਵੱਸੀ ਝਲਕਦੀ ਹੈ, ਜਿਸ ਨੂੰ ਕੋਈ ਵੀ ਸੁੰਘ ਸਕਦਾ ਹੈ।
ਇਸ ਬੀਤੇ ਹਫਤੇ ਵਿਚ ਮੁੱਖ ਮੰਤਰੀ ਬਾਦਲ ਦੇ ਮੂੰਹੋਂ ਸ਼ਬਦ ਬਦਲਦੇ ਰਹੇ। ਪਹਿਲਾਂ ਉਹ ਇਹ ਕਹਿੰਦੇ ਸਨ ਕਿ ਅਕਾਲੀ-ਭਾਜਪਾ ਗੱਠਜੋੜ ਵਿਚ ਪਾਟਕ ਦੀ ਗੱਲ ਸੋਚੀ ਹੀ ਨਹੀਂ ਜਾ ਸਕਦੀ। ਫਿਰ ਇਹ ਕਹਿਣ ਲੱਗ ਪਏ ਕਿ ਮੇਰੇ ਜਿਉਂਦੇ-ਜੀਅ ਇਹ ਗੱਠਜੋੜ ਨਹੀਂ ਟੁੱਟ ਸਕਦਾ। ਹਫਤੇ ਦੇ ਅੰਤ ਵਿਚ ਬਾਦਲ ਦਾ ਇਹ ਪੈਂਤੜਾ ਵੀ ਪੱਕਾ ਨਾ ਰਹਿ ਸਕਿਆ ਤਾਂ ਉਨ੍ਹਾਂ ਉਹ ਕੁਝ ਕਹਿ ਦਿੱਤਾ, ਜਿਸ ਦੀ ਕਿਸੇ ਨੂੰ ਏਨੀ ਛੇਤੀ ਆਸ ਨਹੀਂ ਸੀ। ਬਾਦਲ ਸਾਹਿਬ ਨੇ ਕਿਹਾ, “ਜੇ ਕੋਈ ਵੱਖ ਹੋਣ ਲਈ ਮਨ ਹੀ ਬਣਾ ਲਵੇ ਤਾਂ ਮੈਂ ਕੀ ਕਰ ਸਕਦਾ ਹਾਂ?” ਸਥਿਤੀ ਦੇ ਅਸਲੀ ਅਹਿਸਾਸ ਬਾਰੇ ਬਾਦਲ ਦਾ ਇਹ ਬਿਆਨ ਭਾਜਪਾ ਦੇ ਕੇਂਦਰੀ ਇੰਚਾਰਜ ਦੇ ਪੰਜਾਬ ਦਾ ਗੇੜਾ ਲਾਉਣ ਪਿੱਛੋਂ ਆਇਆ ਹੈ।
ਪੰਜਾਬ ਦੇ ਮਾਮਲਿਆਂ ਦੇ ਭਾਜਪਾ ਵੱਲੋਂ ਕੇਂਦਰੀ ਇੰਚਾਰਜ ਰਾਮ ਸ਼ੰਕਰ ਕਥੇਰੀਆ ਨੇ ਜਦੋਂ ਪੰਜਾਬ ਦਾ ਗੇੜਾ ਲਾਇਆ ਤਾਂ ਇਹ ਪਹਿਲੀ ਵਾਰ ਹੋਇਆ ਕਿ ਭਾਜਪਾ ਦਾ ਕੇਂਦਰੀ ਇੰਚਾਰਜ ਇਥੇ ਆਵੇ ਤੇ ਮੁੱਖ ਮੰਤਰੀ ਬਾਦਲ ਜਾਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਦੀ ਲੋੜ ਨਾ ਸਮਝੇ। ਇਸ ਤੋਂ ਪਹਿਲਾਂ ਭਾਜਪਾ ਨੇ ਪੰਜਾਬ ਦਾ ਇੰਚਾਰਜ ਬੜੇ ਸ਼ਾਂਤ ਜਿਹੇ ਸ਼ਾਂਤਾ ਕੁਮਾਰ ਨੂੰ ਲਾ ਰੱਖਿਆ ਸੀ, ਜਿਹੜਾ ਹਰ ਕਿਸੇ ਦਾ ਪੈਰ ਮਿੱਧਣ ਤੋਂ ਬਚਣ ਵਾਲਾ ਬੰਦਾ ਸੀ। ਨਵਾਂ ਇੰਚਾਰਜ ਰਾਮ ਸ਼ੰਕਰ ਕਥੇਰੀਆ ਸੁਭਾਅ ਵੱਲੋਂ ਅੜਬੰਗ ਹੈ। ਆਗਰੇ ਤੋਂ ਜਿੱਤ ਕੇ ਪਾਰਲੀਮੈਂਟ ਵਿਚ ਪਹੁੰਚਿਆ ਇਹ ਆਗੂ ਕਿੱਤੇ ਵਜੋਂ ਪ੍ਰੋਫੈਸਰ ਹੈ। ਜਦੋਂ ਉਸ ਨੇ ਚੋਣ ਲੜੀ, ਆਪਣੇ ਐਫੀਡੇਵਿਟ ਵਿਚ ਇਹ ਵੇਰਵਾ ਉਸ ਨੇ ਖੁਦ ਦਰਜ ਕੀਤਾ ਸੀ ਕਿ ਉਸ ਦੇ ਖਿਲਾਫ ਕਈ ਵੰਨਗੀਆਂ ਦੇ ਇੱਕੀ ਕੇਸ ਚੱਲਦੇ ਹਨ। ਇਸ ਤਰ੍ਹਾਂ ਦਾ ਬੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਰਾਜਸੀ ਪੱਖ ਸੋਚ ਕੇ ਹੀ ਪੰਜਾਬ ਨੂੰ ਭੇਜਿਆ ਸੀ।
ਭਾਰਤੀ ਜਨਤਾ ਪਾਰਟੀ ਅੰਦਰ ਪੰਜਾਬ ਦੇ ਰਾਜਸੀ ਗੱਠਜੋੜ ਅਤੇ ਖਾਸ ਤੌਰ ‘ਤੇ ਅਕਾਲੀ ਦਲ ਵਾਸਤੇ ਉਹ ਸੁਹਿਰਦਤਾ ਨਹੀਂ ਰਹੀ, ਜਿਹੜੀ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਹੁੰਦੀ ਸੀ। ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਭਾਜਪਾ ਦਾ ਉਮੀਦਵਾਰ ਬਣਵਾਉਣ ਵੇਲੇ ਜਿਹੜੀ ਸੋਚ ਅਕਾਲੀਆਂ ਨੇ ਰੱਖੀ ਸੀ, ਉਹ ਉਲਟੀ ਪੈ ਗਈ ਹੈ। ਚੋਣ ਪ੍ਰਚਾਰ ਵੇਲੇ ਅਰੁਣ ਜੇਤਲੀ ਨੇ ਪੰਜਾਬ ਦੇ ਸਾਰੇ ਉਨ੍ਹਾਂ ਹਾਲਾਤ ਨੂੰ ਵੀ ਸਮਝ ਲਿਆ, ਜਿਹੜੇ ਹੁਣ ਤੱਕ ਦਿੱਲੀ ਬੈਠੀ ਭਾਜਪਾ ਹਾਈ ਕਮਾਨ ਨੂੰ ਪਤਾ ਨਹੀਂ ਸਨ। ਨਸ਼ਿਆਂ ਦੇ ਵਿਕਣ ਬਾਰੇ ਵੀ ਅਤੇ ਵਿਕਾਉਣ ਵਾਲਿਆਂ ਬਾਰੇ ਵੀ ਉਨ੍ਹਾਂ ਨੂੰ ਸਾਰੀ ਸੂਚਨਾ ਮਿਲ ਗਈ ਤੇ ਪੰਜਾਬ ਦੇ ਪ੍ਰਸ਼ਾਸਕੀ ਅਧਿਕਾਰੀਆਂ ਦੇ ਵਿਚਾਰੇ ਜਿਹੇ ਬਣ ਜਾਣ ਬਾਰੇ ਵੀ।
ਚੋਣਾਂ ਪਿੱਛੋਂ ਅਰੁਣ ਜੇਤਲੀ ਦੇਸ਼ ਦਾ ਖਜ਼ਾਨਾ ਮੰਤਰੀ ਬਣ ਗਿਆ ਤਾਂ ਅਕਾਲੀ ਆਗੂ ਖਿੜ ਗਏ, ਪਰ ਉਸ ਦੀ ਪਹਿਲੀ ਚਿੱਠੀ ਆਉਂਦੇ ਸਾਰ ਇਹੋ ਜਿਹੇ ਭੁੰਜੇ ਲੱਥੇ ਕਿ ਫਿਰ ਲੀਹ ਉਤੇ ਨਹੀਂ ਆ ਸਕੇ। ਉਸ ਨੇ ਜੋ ਕੁਝ ਲਿਖਿਆ, ਉਸ ਦਾ ਭਾਵ ਇਹ ਨਿਕਲਦਾ ਸੀ ਕਿ ਪਿਛਲੀ ਕੇਂਦਰ ਸਰਕਾਰ ਦੇ ਵਕਤ ਪੰਜਾਬ ਲਈ ਏਨੀ ਮਾਇਆ ਮਿਲੀ ਹੈ ਕਿ ਕੋਈ ਅੰਤ ਨਹੀਂ ਰਿਹਾ ਤੇ ਇਸ ਪੈਸੇ ਦੀ ਜਿੰਨੀ ਦੁਰਵਰਤੋਂ ਹੋਈ, ਉਸ ਦਾ ਵੀ ਕੋਈ ਸਾਨੀ ਨਹੀਂ ਹੋਣਾ। ਇਸ ਚਿੱਠੀ ਨੇ ਏਨੀ ਘਾਬਰ ਪਾ ਦਿੱਤੀ ਕਿ ਪਹਿਲਾਂ ਦੋ ਦਿਨ ਬਾਦਲ ਸਾਹਿਬ ਇਸ ਚਿੱਠੀ ਦੇ ਆਉਣ ਤੋਂ ਇਨਕਾਰ ਕਰਦੇ ਰਹੇ ਤੇ ਤੀਸਰੇ ਦਿਨ ਇਹ ਕਹਿ ਦਿੱਤਾ ਕਿ ਇਹ ਚਿੱਠੀ ਸਾਰੇ ਲੋਕਾਂ ਨੇ ਪੜ੍ਹ ਹੀ ਲਈ ਹੈ, ਹੁਣ ਟਿੱਪਣੀ ਕਰਨ ਦੀ ਲੋੜ ਨਹੀਂ ਰਹਿ ਗਈ। ਜੇ ਪੰਜਾਬ ਵਿਚ ਵਿਰੋਧੀ ਧਿਰ ਕਾਂਗਰਸ ਕਾਸੇ ਜੋਗੀ ਹੁੰਦੀ ਤਾਂ ਸਰਕਾਰ ਨੂੰ ਵਾਹਣੀਂ ਪਾ ਛੱਡਦੀ, ਪਰ ਬਾਦਲ ਸਰਕਾਰ ਦੀ ਖੁਸ਼ਕਿਸਮਤੀ ਸੀ ਕਿ ਕਾਂਗਰਸੀ ਆਪਣੇ ਕੋੜਮੇ ਦੀ ਜੰਗ ਵਿਚ ਹੀ ਉਲਝੇ ਪਏ ਸਨ।
ਕਿਉਂਕਿ ਪੰਜਾਬ ਵਿਚ ਕਾਂਗਰਸੀ ਆਗੂ ਆਪਣੀ ਖਾਨਾ-ਜੰਗੀ ਵਿਚ ਰੁੱਝੇ ਰਹਿਣ ਦੀ ਆਦਤ ਪਾ ਬੈਠੇ ਹਨ, ਇਸ ਲਈ ਭਾਜਪਾ ਹੁਣ ਇਸ ਰਾਜ ਵਿਚ ਇੱਕ ਹਕੀਕੀ ਵਿਰੋਧੀ ਧਿਰ ਪੇਸ਼ ਕਰਨ ਲਈ ਤਿਆਰ ਹੋ ਰਹੀ ਹੈ। ਦਿੱਲੀ ਤੋਂ ਆਏ ਕੇਂਦਰੀ ਇੰਚਾਰਜ ਰਾਮ ਸ਼ੰਕਰ ਕਥੇਰੀਆ ਦੀਆਂ ਮੀਟਿੰਗਾਂ ਦੌਰਾਨ ਭਾਜਪਾ ਲੀਡਰਾਂ ਨੇ ਪਹਿਲੀ ਵਾਰੀ ਕੁਝ ਜ਼ੋਰ ਨਾਲ ਆਪਣੇ ਇਤਰਾਜ਼ ਦਰਜ ਕਰਵਾਏ ਤੇ ਸਰਕਾਰ ਵਿਚੋਂ ਬਾਹਰ ਨਿਕਲ ਜਾਣ ਦੀ ਮੰਗ ਚੁੱਕਣ ਦੀ ਜੁਰਅੱਤ ਕੀਤੀ, ਵਰਨਾ ਲਿਲਕੜੀਆਂ ਜਿਹੀਆਂ ਕੱਢਦੇ ਰਹਿੰਦੇ ਸਨ। ਉਨ੍ਹਾਂ ਨੂੰ ਇਹ ਡਰ ਰਹਿੰਦਾ ਸੀ ਕਿ ਮੀਟਿੰਗ ਮੁੱਕਦੇ ਸਾਰ ਫਲਾਣਾ ਬੰਦਾ ਸਾਡੀਆਂ ਗੱਲਾਂ ਬਾਦਲ ਬਾਪ-ਬੇਟੇ ਨੂੰ ਦੱਸ ਕੇ ਸਿਆਪਾ ਪਾ ਦੇਵੇਗਾ। ਜਿਸ ਫਲਾਣੇ ਬੰਦੇ ਦਾ ਡਰ ਉਨ੍ਹਾਂ ਨੂੰ ਰਹਿੰਦਾ ਸੀ, ਉਹ ਹੁਣ ਵੀ ਭਾਜਪਾ ਮੀਟਿੰਗਾਂ ਵਿਚ ਅਕਾਲੀ-ਭਾਜਪਾ ਗੱਠਜੋੜ ਦੇ ਪੱਖ ਵਿਚ ਇਸੇ ਤਰ੍ਹਾਂ ਬੋਲਿਆ, ਜਿਵੇਂ ਬਾਦਲ ਅਕਾਲੀ ਦਲ ਦਾ ਡੈਲੀਗੇਟ ਹੋਵੇ, ਪਰ ਇਸ ਵਾਰੀ ਉਸ ਨੂੰ ਹੁੰਗਾਰਾ ਦੇਣ ਵਾਲੇ ਨਹੀਂ ਸਨ ਲੱਭ ਰਹੇ। ਆਗੂਆਂ ਦੀ ਵੱਡੀ ਗਿਣਤੀ ਤੋੜ-ਵਿਛੋੜੇ ਦੇ ਪੱਖ ਵਿਚ ਬੋਲਣ ਵਾਲੀ ਸੀ। ਇਸ ਦੇ ਬਾਵਜੂਦ ਬਾਦਲ ਸਾਹਿਬ ਆਪਣੇ ਪੁਰਾਣੇ ਬਿਆਨ ਉਤੇ ਕਾਇਮ ਸਨ ਕਿ ‘ਮੇਰੇ ਜਿਉਂਦੇ ਜੀਅ ਇਹ ਗੱਠਜੋੜ ਟੁੱਟ ਨਹੀਂ ਸਕਦਾ।’
ਮੁੱਖ ਮੰਤਰੀ ਬਾਦਲ ਦੀ ਬੋਲੀ ਆਖਰ ਨੂੰ ਦੋ ਗੱਲਾਂ ਨੇ ਬਦਲੀ, ਅਤੇ ਏਨੀ ਬਦਲੀ ਕਿ ਉਸ ਵਿਚੋਂ ਸਿੱਧੇ ਭੇੜ ਦੀ ਤਿਆਰੀ ਦੇ ਪੈਂਤੜੇ ਲੱਭਣ ਲੱਗ ਪਏ। ਇਨ੍ਹਾਂ ਵਿਚੋਂ ਇੱਕ ਤਾਂ ਪੰਜਾਬ ਦੇ ਭਾਜਪਾ ਪ੍ਰਧਾਨ ਕਮਲ ਸ਼ਰਮਾ ਦਾ ਇਹ ਬਿਆਨ ਸੀ ਕਿ ਅਕਾਲੀ ਦਲ ਨਾਲ ਹੁਣ ਸਾਡੇ ਸਬੰਧ ਪਹਿਲਾਂ ਵਾਲੇ ਨਹੀਂ ਰਹਿ ਗਏ। ਇਹ ਕਮਲ ਸ਼ਰਮਾ ਉਹੋ ਹੈ, ਜਿਹੜਾ ਭਾਜਪਾ ਦਾ ਪੰਜਾਬ ਦਾ ਪ੍ਰਧਾਨ ਬਣਾਏ ਜਾਣ ਤੋਂ ਚਾਰ ਦਿਨ ਪਿੱਛੋਂ ਤੱਕ ਵੀ ਮੁੱਖ ਮੰਤਰੀ ਬਾਦਲ ਦੇ ਦਫਤਰ ਵਿਚ ਇੱਕ ਆਫੀਸਰ ਆਨ ਸਪੈਸ਼ਲ ਡਿਊਟੀ ਦੇ ਅਹੁਦੇ ਵਾਲਾ ਬਾਦਲ ਦਾ ਕਾਰਿੰਦਾ ਹੁੰਦਾ ਸੀ। ਉਸ ਬਾਰੇ ਆਮ ਰਾਏ ਇਹ ਸੀ ਕਿ ਉਹ ਬਾਦਲ ਦੀ ਇੱਛਾ ਨਾਲ ਪ੍ਰਧਾਨ ਬਣਾਇਆ ਗਿਆ ਹੈ, ਪਰ ਦਿੱਲੀ ਦਾ ਸੰਕੇਤ ਸਮਝਦੇ ਸਾਰ ਉਹ ਵੀ ਇਸ ਗੱਠਜੋੜ ਬਾਰੇ ਅਕਾਲੀਆਂ ਨਾਲ ਟਕਰਾਵੀਂ ਬੋਲੀ ਬੋਲਣ ਲੱਗ ਪਿਆ ਸੀ। ਮੁੱਖ ਮੰਤਰੀ ਬਾਦਲ ਲਈ ਇਹ ਪਹਿਲਾ ਇਸ਼ਾਰਾ ਸੀ ਕਿ ਅਗਲੇ ਦਿਨਾਂ ਵਿਚ ਰਾਜਨੀਤੀ ਨਵਾਂ ਮੋੜ ਕੱਟਣ ਵਾਲੀ ਹੈ।
ਦੂਸਰਾ ਮਾਮਲਾ ਉਹ ਸੀ, ਜਿਹੜਾ ਸਰਕਾਰ ਤੇ ਅਕਾਲੀ-ਭਾਜਪਾ ਗੱਠਜੋੜ ਦੇ ਆਗੂਆਂ ਨੇ ਛੁਪਾਈ ਰੱਖਿਆ, ਪਰ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਪਰਦਾ ਚੁੱਕ ਦਿੱਤਾ। ਉਨ੍ਹਾਂ ਦੱਸ ਦਿੱਤਾ ਕਿ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਪੰਜਾਬ ਦੇ ਪੰਜਾਹ ਤੋਂ ਵੱਧ ਉਨ੍ਹਾਂ ਪ੍ਰਾਜੈਕਟਾਂ ਨੂੰ ਰੱਦ ਕਰਨ ਦਾ ਫੈਸਲਾ ਕਰ ਦਿੱਤਾ ਹੈ, ਜਿਨ੍ਹਾਂ ਨੂੰ ਪਿਛਲੀ ਮਨਮੋਹਨ ਸਿੰਘ ਦੀ ਸਰਕਾਰ ਪ੍ਰਵਾਨਗੀ ਦੇ ਕੇ ਗਈ ਸੀ ਤੇ ਜਿਨ੍ਹਾਂ ਵਿਚੋਂ ਅੱਧਿਆਂ ਦੇ ਨੀਂਹ-ਪੱਥਰ ਰੱਖਣ ਦੀ ਰਸਮ ਭੁਗਤਾਈ ਜਾ ਚੁੱਕੀ ਹੈ। ਕੁੱਲ ਇੱਕ ਹਜ਼ਾਰ ਚਾਰ ਸੌ ਅੱਠ ਕਰੋੜ ਰੁਪਏ ਤੋਂ ਵੱਧ ਦੇ ਇਨ੍ਹਾਂ ਪ੍ਰਾਜੈਕਟਾਂ ਬਾਰੇ ਕੇਂਦਰ ਸਰਕਾਰ ਦਾ ਨਵਾਂ ਫੈਸਲਾ ਪੰਜਾਬ ਦੀ ਸਰਕਾਰ ਨੂੰ ਵੱਡਾ ਹਲੂਣਾ ਦੇਣ ਵਾਲਾ ਹੈ। ਕਈ ਪ੍ਰਾਜੈਕਟ ਪੰਜਾਬ ਵਿਚ ਪਹਿਲਾਂ ਵੀ ਲਟਕ ਜਾਂਦੇ ਰਹੇ ਸਨ ਅਤੇ ਉਨ੍ਹਾਂ ਲਈ ਰੱਖੇ ਗਏ ਨੀਂਹ-ਪੱਥਰਾਂ ਦੀਆਂ ਤਸਵੀਰਾਂ ਜਦੋਂ ਕਦੀ ਅਖਬਾਰਾਂ ਵਿਚ ਛਪਦੀਆਂ ਹਨ ਤਾਂ ਸਰਕਾਰ ਦੀ ਬਦਨਾਮੀ ਹੁੰਦੀ ਹੈ। ਨੀਂਹ-ਪੱਥਰ ਭਾਵੇਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਮੇਂ ਦੇ ਵੀ ਕਈ ਥਾਂ ਖਾਲੀ ਖੜ੍ਹੇ ਲੱਭ ਜਾਂਦੇ ਹਨ, ਪਰ ਜੇ ਸਭ ਤੋਂ ਪੁਰਾਣੇ ਲੱਭਣੇ ਹੋਣ ਤਾਂ ਇੱਕ ਅਖਬਾਰ ਨੇ ਪਿਛਲੇਰੇ ਸਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਛਾਪੀਆਂ ਸਨ। ਪੰਜਾਬ ਵਿਚ ਖਾਲੀ ਖੜ੍ਹਾ ਸਭ ਤੋਂ ਪੁਰਾਣਾ ਇੱਕ ਨੀਂਹ-ਪੱਥਰ ਮੁੱਖ ਮੰਤਰੀ ਬਾਦਲ ਦਾ ਉਦੋਂ ਦਾ ਰੱਖਿਆ ਹੈ, ਜਦੋਂ ਕੇਂਦਰ ਵਿਚ ਮੋਰਾਰਜੀ ਡਿਸਾਈ ਸਰਕਾਰ ਹੁੰਦੀ ਸੀ। ਮੋਦੀ ਸਰਕਾਰ ਵੱਲੋਂ ਪ੍ਰਾਜੈਕਟਾਂ ਨੂੰ ਰੱਦ ਕਰਨ ਦਾ ਇਹ ਤਾਜ਼ਾ ਫੈਸਲਾ ਵੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੀ ਪਿਛਲੀ ਚਿੱਠੀ ਵਾਂਗ ਬਾਦਲ ਸਾਹਿਬ ਲਈ ਪ੍ਰੇਸ਼ਾਨੀ ਦਾ ਏਨਾ ਸਬੱਬ ਬਣਿਆ ਕਿ ਦੋ ਦਿਨ ਚੁੱਪ ਰਹੇ ਅਤੇ ਫਿਰ ਇੱਕ ਦਮ ਉਸ ਰਾਜਸੀ ਪੈਂਤੜੇ ਉਤੇ ਪਹੁੰਚ ਗਏ, ਜਿਸ ਦੀ ਏਨੀ ਛੇਤੀ ਆਸ ਕਿਸੇ ਵਿਸ਼ਲੇਸ਼ਣਕਾਰ ਨੇ ਵੀ ਨਹੀਂ ਕੀਤੀ ਹੋਵੇਗੀ।
ਨਵਾਂ ਰਾਜਸੀ ਪੈਂਤੜਾ ਕੀ ਹੈ? ਪਿਛਲੇ ਸਾਲ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੇ ਵਪਾਰ ਬਾਰੇ ਅਸੀਂ ਬਾਦਲ ਸਾਹਿਬ ਦੇ ਮੂੰਹੋਂ ਇਹ ਸੁਣਦੇ ਹੁੰਦੇ ਸਾਂ ਕਿ ਨਸ਼ਾ ਗਵਾਂਢੀ ਦੇਸ਼ ਤੋਂ ਆਉਂਦਾ ਹੈ, ਕੇਂਦਰ ਸਰਕਾਰ ਆਪ ਰੋਕਦੀ ਨਹੀਂ ਤੇ ਸਾਡੀ ਬਦਨਾਮੀ ਕਰਵਾ ਰਹੀ ਹੈ। ਜਦੋਂ ਨਰਿੰਦਰ ਮੋਦੀ ਦੀ ਸਰਕਾਰ ਬਣ ਗਈ ਤਾਂ ਬਾਦਲ ਸਾਹਿਬ ਨੇ ਇਸ ਤਰ੍ਹਾਂ ਕਹਿਣਾ ਛੱਡ ਦਿੱਤਾ। ਹੁਣ ਫਿਰ ਕਹਿਣ ਲੱਗ ਪਏ ਹਨ ਅਤੇ ਇਸ ਤੋਂ ਅੱਗੇ ਦੀ ਗੱਲ ਕਹਿਣ ਲੱਗੇ ਹਨ। ਉਨ੍ਹਾਂ ਨੇ ਜਿਸ ਦਿਨ ਇਹ ਕਿਹਾ ਕਿ ‘ਜੇ ਕੋਈ ਵੱਖ ਹੋਣ ਲਈ ਮਨ ਹੀ ਬਣਾ ਲਵੇ ਤਾਂ ਮੈਂ ਕੀ ਕਰ ਸਕਦਾ ਹਾਂ’, ਨਾਲ ਇਹ ਵੀ ਕਹਿ ਦਿੱਤਾ ਕਿ ਨਸ਼ੀਲੇ ਪਦਾਰਥ ਗਵਾਂਢ ਦੇ ਦੇਸ਼ ਤੋਂ ਆਉਂਦੇ ਹਨ, ਬਾਰਡਰ ਉਤੇ ਕੇਂਦਰ ਦੀਆਂ ਫੋਰਸਾਂ ਹਨ, ਉਹ ਉਥੇ ਰੋਕ ਲੈਣ। ਇਹ ਸਾਰਾ ਦੋਸ਼ ਨਰਿੰਦਰ ਮੋਦੀ ਦੀ ਸਰਕਾਰ ਦੇ ਸਿਰ ਪਾਉਣ ਵਾਲੀ ਗੱਲ ਸੀ, ਪਰ ਅਗਲੀ ਗੱਲ ਮੋਦੀ ਸਰਕਾਰ ਦੀ ਥਾਂ ਨਰਿੰਦਰ ਮੋਦੀ ਦੀ ਪਾਰਟੀ ਭਾਜਪਾ ਦੇ ਸਿਰ ਪਾਉਣ ਵਾਲੀ ਵੀ ਕਹਿ ਦਿੱਤੀ। ਬਾਦਲ ਨੇ ਕਿਹਾ ਕਿ ਅਫੀਮ ਦੀ ਖੇਤੀ ਹਿੰਦੁਸਤਾਨ ਵਿਚ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਹੁੰਦੀ ਹੈ, ਉਥੇ ਜਿਨ੍ਹਾਂ ਦੀ ਸਰਕਾਰ ਹੈ, ਉਹ ਇਸ ਨੂੰ ਰੋਕਦੇ ਨਹੀਂ ਤੇ ਬਦਨਾਮੀ ਸਾਡੀ ਹੁੰਦੀ ਹੈ। ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਦੋਵੇਂ ਸਰਕਾਰਾਂ ਭਾਜਪਾ ਦੇ ਮੁੱਖ ਮੰਤਰੀਆਂ ਵਸੁੰਧਰਾ ਰਾਜੇ ਤੇ ਸ਼ਿਵਰਾਜ ਸਿੰਘ ਚੌਹਾਨ ਦੀਆਂ ਹਨ। ਉਨ੍ਹਾਂ ਦੇ ਬਹਾਨੇ ਨਿਸ਼ਾਨਾ ਸਿੱਧਾ ਭਾਜਪਾ ਲੀਡਰਸ਼ਿਪ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲ ਸਾਧਿਆ ਗਿਆ ਹੈ।
ਏਦਾਂ ਦੇ ਨਿਸ਼ਾਨੇ ਅਕਾਲੀ ਆਗੂ ਉਦੋਂ ਸਾਧਦੇ ਹੁੰਦੇ ਹਨ, ਜਦੋਂ ਉਹ ਕਿਸੇ ਨਾਲ ਲੜਨ ਦੇ ਲਈ ਆਪਣੇ ਪੱਕੇ ਆਧਾਰ ਨੂੰ ਮਾਨਸਿਕ ਪੱਖੋਂ ਤਿਆਰ ਕਰਨ ਦੀ ਧਾਰ ਚੁੱਕੇ ਹੁੰਦੇ ਹਨ। ਹੁਣ ਅਗਲੀ ਗੱਲ ਬਾਦਲ ਨੇ ਇਹ ਕਹਿ ਦਿੱਤੀ ਹੈ ਕਿ ਜੇ ਭਾਜਪਾ ਨੇ ‘ਅਕਾਲੀ ਦਲ ਨਾਲੋਂ ਆਪਣਾ ਗੱਠਜੋੜ ਤੋੜਿਆ ਤਾਂ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਖਤਰਾ ਪੈਦਾ ਹੋ ਜਾਵੇਗਾ।Ḕ ਇਹ ਗੱਲ ਪਹਿਲੀ ਤੋਂ ਵੀ ਵੱਧ ਗੰਭੀਰਤਾ ਨਾਲ ਸੋਚਣ ਵਾਲੀ ਹੈ। ਅਕਾਲੀ-ਭਾਜਪਾ ਸਾਂਝ ਨਿਭਣ ਦੀਆਂ ਸੰਭਾਵਨਾਵਾਂ ਹੁਣ ਜਦੋਂ ਖਤਮ ਹੁੰਦੀਆਂ ਜਾ ਰਹੀਆਂ ਹਨ, ਬਾਦਲ ਸਾਹਿਬ ਦਾ ਇਹ ਬਿਆਨ ਨਿਰ੍ਹਾ ਬਿਆਨ ਹੀ ਨਹੀਂ, ਆਪਣੀਆਂ ਸਫਾਂ ਨੂੰ ਅਗਲੇ ਮੋਰਚੇ ਲਈ ਤਿਆਰ ਹੋਣ ਦਾ ਲਲਕਾਰਾ ਵੀ ਲੱਗਦਾ ਹੈ। ਰਾਜ ਕਰਦੇ ਗੱਠਜੋੜ ਦੇ ਹਾਲਾਤ ਕਿਸ ਪਾਸੇ ਜਾਣਗੇ, ਉਨ੍ਹਾਂ ਦਾ ਨਿਭਾਅ ਹੋ ਸਕੇਗਾ ਜਾਂ ਤਲਾਕ ਹੋ ਜਾਵੇਗਾ- ਇਹ ਦੋ ਪਾਰਟੀਆਂ ਦਾ ਆਪਸੀ ਮਾਮਲਾ ਹੋ ਸਕਦਾ ਹੈ, ਪਰ ਇਹ ਲਲਕਾਰੇ ਵਰਗਾ ਬਿਆਨ ਦੋ ਪਾਰਟੀਆਂ ਦਾ ਮਾਮਲਾ ਨਹੀਂ। ਇਸ ਬਿਆਨ ਦੇ ਨਾਲ ਪੰਜਾਬ ਦੇ ਭਵਿੱਖ ਦਾ ਸਬੰਧ ਹੈ, ਉਸ ਪੰਜਾਬ ਦੇ ਭਵਿੱਖ ਦਾ ਸਬੰਧ ਹੈ, ਜਿਹੜਾ ਪਹਿਲਾਂ ਪੰਝੀ ਹਜ਼ਾਰ ਪੰਜਾਬੀਆਂ ਦੀ ਕੁਰਬਾਨੀ ਦੇ ਕੇ ਮਸਾਂ ਇੱਕ ਅੰਨ੍ਹੀ ਗਲੀ ਵਿਚੋਂ ਬਾਹਰ ਨਿਕਲਿਆ ਸੀ।

Be the first to comment

Leave a Reply

Your email address will not be published.