ਬਲਜੀਤ ਬਾਸੀ
ਪਿਛਲੇ ਦਿਨੀਂ ਫੈਂਕੂ ਦੀ ਛੇੜ ਨਾਲ ਛੇੜੇ ਜਾਂਦੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੰਬਈ ਵਿਖੇ ਅੰਬਾਨੀ ਪਰਿਵਾਰ ਦੀ ਕੰਪਨੀ ਰਿਲਾਇੰਸ ਵਲੋਂ ਚਲਾਏ ਜਾ ਰਹੇ ਇਕ ਹਸਪਤਾਲ ਦਾ ਉਦਘਾਟਨ ਕੀਤਾ। ਇਸ ਸਮੇਂ ਇਕੱਠੇ ਹੋਏ ਡਾਕਟਰਾਂ ਤੇ ਹੋਰ ਵਿਗਿਆਨੀਆਂ ਅੱਗੇ ਉਨ੍ਹਾਂ ਇਕ ਅਲੌਕਿਕ ਵਿਗਿਆਨਕ ਜਾਣਕਾਰੀ ਸਾਂਝੀ ਕੀਤੀ। ਢੁਕਵੇਂ ਅੰਸ਼ ਪੇਸ਼ ਹਨ,
“ਮੈਡੀਕਲ ਸਾਇੰਸ ਦੀ ਦੁਨੀਆਂ ਵਿਚ ਅਸੀਂ ਗਰਵ ਕਰ ਸਕਦੇ ਹਾਂ ਕਿ ਸਾਡਾ ਦੇਸ਼ ਕਿਸੇ ਸਮੇਂ ਕੀ ਸੀ। ਮਹਾਭਾਰਤ ਵਿਚ ਕਰਣ ਦੀ ਕਥਾ ਅਸੀਂ ਸਾਰੇ ਪੜ੍ਹਦੇ ਹਾਂ। ਪਰ ਕਦੀ ਅਸੀਂ ਥੋੜਾ ਜਿਹਾ ਹੋਰ ਸੋਚਣਾ ਸ਼ੁਰੂ ਕਰੀਏ ਤਾਂ ਧਿਆਨ ਵਿਚ ਆਏਗਾ ਕਿ ਮਹਾਭਾਰਤ ਦਾ ਕਹਿਣਾ ਹੈ ਕਿ ਕਰਣ ਮਾਂ ਦੀ ਗੋਦ ‘ਚੋਂ ਨਹੀਂ ਸੀ ਪੈਦਾ ਹੋਇਆ। ਇਸ ਦਾ ਮਤਲਬ ਇਹ ਹੋਇਆ ਕਿ ਉਸ ਸਮੇਂ ਜਿਨੈਟਿਕ ਸਾਇੰਸ ਮੌਜੂਦ ਸੀ। ਤਾਂ ਹੀ ਤਾਂ ਕਰਣ ਦਾ ਮਾਂ ਦੀ ਗੋਦ ਤੋਂ ਬਿਨਾ ਜਨਮ ਹੋਇਆ ਹੋਵੇਗਾ।”
“ਅਸੀ ਗਣੇਸ਼ ਦੀ ਪੂਜਾ ਕਰਦੇ ਹਾਂ। ਕੋਈ ਤਾਂ ਪਲਾਸਟਿਕ ਸਰਜਨ ਹੋਵੇਗਾ ਉਸ ਜ਼ਮਾਨੇ ਵਿਚ ਜਿਸ ਨੇ ਮਨੁਖ ਦੇ ਸਰੀਰ ‘ਤੇ ਹਾਥੀ ਦਾ ਸਿਰ ਰੱਖ ਕੇ ਪਲਾਸਟਿਕ ਸਰਜਰੀ ਦਾ ਪ੍ਰਾਰੰਭ ਕੀਤਾ ਹੋਵੇਗਾ। ਅਨੇਕ ਅਜਿਹੇ ਖੇਤਰ ਹੋਣਗੇ ਜਿਥੇ ਸਾਡੇ ਪੂਰਵਜਾਂ ਨੇ ਬਹੁਤ ਸਾਰਾ ਯੋਗਦਾਨ ਦਿੱਤਾ ਹੋਵੇਗਾ। ਅਤੇ ਕੁਝ ਗੱਲਾਂ ਨੂੰ ਤਾਂ ਅਸੀਂ ਸਵੀਕਾਰ ਕਰ ਲਿਆ ਹੈ। ਅੱਜ ਜੇਕਰ ਸਪੇਸ ਸਾਇੰਸ ਦੇਖੋ ਤਾਂ ਸਾਡੇ ਪੂਰਵਜਾਂ ਨੇ ਇਸ ਵਿਚ ਬਹੁਤ ਤਾਕਤ ਦਿਖਾਈ ਉਸ ਸਮੇਂ।”
ਸ੍ਰੀ ਮੋਦੀ ਦੇ ਭਾਰਤੀ ਇਤਿਹਾਸ ਬਾਰੇ ਵਿਸ਼ੇਸ਼ ਗਿਆਨ ਦਾ ਤਾਂ ਸਾਨੂੰ ਲੋਕ ਸਭਾ ਚੋਣਾਂ ਦੌਰਾਨ ਹੀ ਪਤਾ ਲੱਗ ਗਿਆ ਸੀ। ਕੁਝ ਚੋਂਦਾ ਚੋਂਦਾ: ਸ਼ਹੀਦ ਭਗਤ ਸਿੰਘ ਅੰਡੇਮਾਨ ਜੇਲ੍ਹ ਵਿਚ ਕੈਦੀ ਰਹੇ; ਤਕਸ਼ਿਲਾ ਬਿਹਾਰ ਵਿਚ ਹੈ, ਪੋਰਸ ਨੂੰ ਗੰਗਾ ਦੇ ਕੰਢੇ ਹਰਾਇਆ ਗਿਆ ਸੀ, ਚੰਦਰਗੁਪਤ ਗੁਪਤਾ ਵੰਸ਼ ਵਿਚੋਂ ਸਨ ਆਦਿ। ਹੁਣ ਪ੍ਰਾਚੀਨ ਵਿਚ ਭਾਰਤੀ ਵਿਗਿਆਨ ਬਾਰੇ ਉਨ੍ਹਾਂ ਦੇ ਗਿਆਨ ਦੇ ਵੀ ਦਰਸ਼ਨ ਹੋਣ ਲੱਗੇ ਹਨ। ਖੇਦ ਹੈ ਕਿ ਮੋਦੀ ਦੇ ਇਸ ਵਿਕੋਲਿਤਰੇ ਗਿਆਨ ਨੂੰ ਨਾ ਮੋਦੀਭਗਤ ਬਣੀ ਜਾ ਰਹੇ ਮੀਡੀਆ ਨੇ ਚੁੱਕਿਆ ਤੇ ਨਾਂ ਹੀ ਵਿਗਿਆਨੀਆਂ ਨੇ ਕੋਈ ਨੋਟਿਸ ਲਿਆ ਹੈ। ਸੱਤਾ ਤੇ ਕਾਬਜ਼ ਹਿੰਦੁਤਵ ਸ਼ਕਤੀਆਂ ਹੌਲੀ ਹੌਲੀ ਦੁਨੀਆਂ ਦੀ ਸਾਰੀ ਤਰੱਕੀ ਤੇ ਵਿਕਾਸ ਦਾ ਸੋਮਾ ਭਾਰਤ ਬਣਾ ਕੇ ਹਟਣਗੇ। ਸੋਚਦਾ ਹਾਂ ਕਿ ਦੇਵੀ-ਦੇਵਤਿਆਂ ਦੀਆਂ ਕਰਾਮਾਤਾਂ ਵਿਚ ਵਿਸ਼ਵਾਸ ਰਖਦੀ ਭਾਰਤੀ ਮਨੀਸ਼ਾ ਨੂੰ ਵੀ ਮੋਦੀ ਦੇ ਇਸ ਬਿਆਨ ਤੋਂ ਚੋਖੀ ਠੇਸ ਪੁੱਜੀ ਹੋਵੇਗੀ। ਉਹ ਕਿਵੇਂ ਹਜਮ ਕਰਨਗੇ ਕਿ ਮਨੁਖੀ ਸਰੀਰ ਉਤੇ ਹਾਥੀ ਦੇ ਸਿਰ ਦਾ ਆਰੋਪਣ ਅਤੇ ਕੋਖ ਤੋਂ ਬਿਨਾ ਕਰਣ ਜਿਹੇ ਸੂਰਬੀਰ ਦਾ ਪੈਦਾ ਹੋਣਾ ਦੇਵਤਿਆਂ ਦੀ ਕਰਨੀ ਨਹੀਂ ਬਲਕਿ ਪ੍ਰਾਚੀਨ ਵਿਗਿਆਨੀਆਂ ਦਾ ਕਮਾਲ ਹੈ।ਮੈਨੂੰ ਤਾਂ ਮੋਦੀ ਸਾਹਿਬ ਗੋਬਰ-ਗਣੇਸ਼ ਹੀ ਪ੍ਰਤੀਤ ਹੁੰਦੇ ਹਨ। ਅਜੋਕੇ ਸਮੇਂ ਦੇ ਭਾਰਤੀ ਵਿਗਿਆਨੀ ਕਿਹੜਾ ਘੱਟ ਹਨ, ਉਹ ਗਣੇਸ਼ ਦੀ ਮੂਰਤੀ ਨੂੰ ਦੁਧ ਪਿਲਾ ਸਕਦੇ ਹਨ। ਯਾਦ ਰਹੇ ਪਿਛਲੀ ਭਾਜਪਾ ਸਰਕਾਰ ਨੇ ਬਾਬਿਆਂ, ਓਝਿਆਂ ਆਦਿ ਦਾ ਸਰਕਾਰੀ ਤੌਰ ‘ਤੇ ਸਨਮਾਨ ਕੀਤਾ ਸੀ।
ਇਥੇ ਮੈਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਗੋਬਰ-ਗਣੇਸ਼ੀ ਵੀ ਦੱਸੇ ਬਿਨਾ ਨਹੀਂ ਰਹਿ ਸਕਦਾ। ਪਿਛਲੀ ਸਦੀ ਦੇ ਸੱਤਰਵਿਆਂ ਵਿਚ ਪੰਜਾਬ ਯੂਨੀਵਰਸਿਟੀ ਵਿਖੇ ਇਕ ਅੰਤਰਰਾਸ਼ਟਰੀ ਪੱਧਰ ਦਾ ਸਮਾਗਮ ਹੋ ਰਿਹਾ ਸੀ ਜਿਸ ਦਾ ਉਦਘਾਟਨ ਗਿਆਨੀ ਜ਼ੈਲ ਸਿੰਘ ਨੇ ਕੀਤਾ। ਉਨ੍ਹਾਂ ਭਾਸ਼ਨ ਦੌਰਾਨ ਕਿਹਾ ਕਿ ਵਿਗਿਆਨੀ ਐਵੇਂ ਕਹੀ ਜਾ ਰਹੇ ਹਨ ਕਿ ਮਨੁਖ ਬਾਂਦਰ ਤੋਂ ਬਣਿਆ ਹੈ, ਸਾਡੇ ਪਾਸ ਗੌਤਮ ਬੁਧ ਜਿਹੇ ਮਹਾਤਮਾ ਦੀਆਂ ਪੁਰਾਣੀਆਂ ਮੂਰਤੀਆਂ ਮੌਜੂਦ ਹਨ। ਸ਼ਕਲ ਸੂਰਤ ਤੋਂ ਉਹ ਮਨੁਖਾਂ ਵਰਗੇ ਹੀ ਨਹੀਂ ਬਲਕਿ ਅਜੋਕੇ ਮਨੁਖ ਨਾਲੋਂ ਵੀ ਸੁਣੱਖੇ ਲਗਦੇ ਹਨ। ਜੇ ਮਨੁਖ ਬਾਂਦਰ ਤੋਂ ਵਿਗਸਿਆ ਹੁੰਦਾ ਤਾਂ ਉਨ੍ਹਾਂ ਦੀ ਸ਼ਕਲ ਬਾਂਦਰ ਵਰਗੀ ਨਾ ਹੁੰਦੀ? ਦੁਨੀਆਂ ਭਰ ਦੇ ਵਿਗਿਆਨੀਆਂ ਵਿਚ ਸਾਡਾ ਰਾਸ਼ਟਰਪਤੀ ਹਾਸੇ ਦਾ ਪਾਤਰ ਬਣਿਆ। ਸਿਆਸਤਦਾਨ ਆਪਣੀ ਗਲਤ-ਸਹੀ ਸਿਆਸਤ ਵਿਚ ਹੀ ਢਕੇ ਰਹਿਣ, ਕੱਚਘਰੜ ਗਿਆਨ ਕਿਉਂ ਘੋਟਣ ਤੁਰੇ ਰਹਿੰਦੇ ਹਨ?
ਭਾਰਤੀ ਜਾਂ ਕੋਈ ਵੀ ਮਿਥਹਾਸ ਅਜਿਹੇ ਚਮਤਕਾਰਾਂ ਨਾਲ ਭਰਿਆ ਪਿਆ ਹੈ ਬਲਕਿ ਮਿਥਹਾਸ ਦੀ ਖਾਸੀਅਤ ਹੀ ਪਰਾਭੌਤਿਕ ਹੁੰਦੀ ਹੈ। ਮਿਥਿਹਾਸਕ ਵਰਤਾਰਿਆਂ ਪਿਛੇ ਸਾਇੰਸ ਦੇ ਦਖਲ ਦਾ ਦਾਅਵਾ ਕਰਨ ਦੀ ਬਜਾਏ ਇਨ੍ਹਾਂ ਨੂੰ ਵਿਗਿਆਨਕ ਦ੍ਰਿਸ਼ਟੀ ਨਾਲ ਸਮਝਣ ਦੇ ਜਤਨ ਹੋਣੇ ਚਾਹੀਦੇ ਹਨ ਤੇ ਇਥੇ ਹੀ ਹਿੰਦੁਤਵ ਸ਼ਕਤੀਆਂ ਪਿਛਾਂਹਖਿਚੂ ਪੈਂਤੜਾ ਲੈਂਦੀਆਂ ਹਨ। ਗਣੇਸ਼ ਦਾ ਜ਼ਿਕਰ ਹੋਇਆ ਤਾਂ ਚਲੋ ਇਸ ਦੇਵਤੇ ਦੇ ਉਭਾਰ ਬਾਰੇ ਇਕ ਦ੍ਰਿਸ਼ਟੀ ਤੇ ਨਜ਼ਰ ਮਾਰਦੇ ਹਾਂ। ਗਣੇਸ਼ ਇਕ ਹਿੰਦੂ ਦੇਵਤਾ ਹੈ ਜਿਸ ਦੀ ਬੇਹੱਦ ਮਾਨਤਾ ਹੈ। ਭਾਦੋਂ ਦੇ ਚਾਨਣੇ ਪੱਖ ਦੀ ਚੌਥ ਨੂੰ ਇਸ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਇਸ ਦਾ ਹੁਲੀਆ: ਧੜ ਉਤੇ ਹਾਥੀ ਦਾ ਸਿਰ, ਕੇਵਲ ਇਕ ਦੰਦ, ਚਾਰ ਬਾਹਵਾਂ, ਵੱਡੀ ਗੋਗੜ ਤੇ ਚੂਹੇ ਦੀ ਸਵਾਰੀ ਦਾ ਸ਼ੌਕੀਨ।
ਗਣੇਸ਼ ਮਿਥ ਦੇ ਅਰੰਭ ਬਾਰੇ ਕਈ ਰਵਾਇਤਾਂ ਹਨ। ਇਕ ਅਨੁਸਾਰ ਪਾਰਬਤੀ ਦਾ ਇਹ ਪੁਤਰ ਬਹੁਤ ਸੁੰਦਰ ਸੀ ਜਿਸ ‘ਤੇ ਸ਼ਨੀ ਦੇਵਤਾ ਦੀ ਨਜ਼ਰ ਪੈਂਦਿਆਂ ਹੀ ਸਿਰ ਭਸਮ ਹੋ ਗਿਆ। ਬ੍ਰਹਮਾ ਨੇ ਤਰਸ ਖਾ ਕੇ ਪਾਰਬਤੀ ਨੂੰ ਕਿਹਾ ਕਿ ਜੋ ਸਿਰ ਪਹਿਲਾਂ ਮਿਲੇ ਉਹ ਉਸ ਦੇ ਜਿਸਮ ‘ਤੇ ਲਾ ਦੇਵੇ। ਸਬੱਬ ਨਾਲ ਹਾਥੀ ਅੜਿੱਕੇ ਆ ਗਿਆ। ਹੋਰ ਆਖਿਆਨ ਅਨੁਸਾਰ ਪਾਰਬਤੀ ਨੇ ਆਪਣੇ ਸਰੀਰ ਦੀ ਮੈਲ ਤੋਂ ਗਣੇਸ਼ ਬਣਾਇਆ ਤੇ ਨਹਾਉਣ ਲੱਗੀ ਨੇ ਉਸ ਨੂੰ ਚੌਕਸੀ ਲਈ ਬਾਹਰ ਬਿਠਾਇਆ। ਇਸ ਦੌਰਾਨ ਬਾਹਰੋਂ ਉਸ ਦਾ ਪਤੀ ਸ਼ਿਵ ਆਇਆ ਤੇ ਪਾਰਬਤੀ ਦੇ ਭਵਨ ਘੁਸਣ ਲੱਗਾ। ਗਣੇਸ਼ ਦੇ ਰੋਕਣ ‘ਤੇ ਸ਼ਿਵ ਨੇ ਉਸ ਦਾ ਸਿਰ ਵੱਢ ਦਿੱਤਾ। ਪਾਰਬਤੀ ਦੁਖੀ ਹੋਈ ਤਾਂ ਉਸ ਨੂੰ ਖੁਸ਼ ਕਰਨ ਲਈ ਗਣੇਸ਼ ਦੇ ਹਾਥੀ ਦਾ ਸਿਰ ਲਾ ਦਿੱਤਾ। ਇਕ ਹੋਰ ਕਥਾ ਅਨੁਸਾਰ ਪਾਰਬਤੀ ਨੇ ਆਪਣੀ ਕਲਪਨਾ ਨਾਲ ਗਣੇਸ਼ ਦਾ ਸਿਰ ਹਾਥੀ ਜਿਹਾ ਬਣਾ ਦਿੱਤਾ।
ਇਕ ਮਤ ਅਨੁਸਾਰ ਆਦਿਮ ਯੁੱਗ ਵਿਚ ਇਕ ਯਕਸ਼ ਰਾਖਸ਼ ਲੋਕਾਂ ਨੂੰ ਵਿਘਨ ਬਣ ਕੇ ਦੁਖੀ ਕਰਦਾ ਸੀ ਉਹੀ ਯਕਸ਼ ਕਾਲੰਤਰ ਵਿਚ ਗਣੇਸ਼ ਰੂਪ ਵਿਚ ਪੂਜਿਆ ਜਾਣ ਲੱਗਾ। ਇਸ ਕਰਕੇ ਉਸ ਦਾ ਨਾਂ ਵਿਘਨੇਸ਼ਵਰ ਵੀ ਪ੍ਰਚਲਤ ਹੋਇਆ। ਗਣੇਸ਼ ਨੂੰ ਸ਼ਿਵ ਦਾ ਹੀ ਦੂਜਾ ਨਾਂ ਵੀ ਕਿਹਾ ਜਾਂਦਾ ਹੈ। ਸਭ ਯਕਸ਼ ਸ਼ਿਵ ਦੇ ਗਣ ਬਣ ਗਏ ਤਾਂ ਸ਼ਿਵ ਗਣੇਸ਼ ਜਾਂ ਗਣਪਤੀ ਕਹਾਉਣ ਲੱਗ ਪਿਆ। ਚਲੋ ਗਣੇਸ਼ ਸ਼ਬਦ ਤੋਂ ਥੋੜੀ ਸਹਾਇਤਾ ਲੈਂਦੇ ਹਾਂ। ਗਣੇਸ਼ ਸ਼ਬਦ ਬਣਿਆ ਹੈ ਗਣ+ਈਸ਼ ਤੋਂ। ਗਣ ਸ਼ਬਦ ਦੇ ਕਈ ਅਰਥ ਹਨ ਜਿਵੇਂ ਦਲ, ਜਥਾ, ਗਰੋਹ, ਝੁੰਡ, ਸਮੂਹ, ਗਿਣਤੀ, ਕਬੀਲਾ; ਸ਼੍ਰੇਣੀ, ਜਮਾਤ, ਚੇਲੇ ਬਾਲਕੇ, ਸੇਵਾਦਾਰ ਖਾਸ ਤੌਰ ‘ਤੇ ਦੇਵਤਿਆਂ ਦੇ, ਫਿਰਕਾ ਆਦਿ। ਈਸ਼ ਦਾ ਅਰਥ ਮਾਲਕ, ਸੁਆਮੀ ਹੁੰਦਾ ਹੈ। ਗਣਪਤੀ ਵਿਚਲੇ ਪਤੀ ਦਾ ਅਰਥ ਵੀ ਮਾਲਕ, ਸੁਆਮੀ ਹੀ ਹੁੰਦਾ ਹੈ। ਗਣੇਸ਼/ਗਣਪਤੀ ਵਿਚਲੇ ਗਣ ਦਾ ਅਰਥ ਕਬੀਲਾ ਜਿਹਾ ਹੁੰਦਾ ਹੈ ਹਾਲਾਂ ਕਿ ਕਈ ਵਿਦਵਾਨਾਂ ਨੇ ਹੋਰ ਵੀ ਅਰਥ ਕੀਤੇ ਹਨ।
ਅਸਲ ਵਿਚ “ਲੋਕਾਇਤਾ” ਦੇ ਲੇਖਕ ਦੇਬੀ ਪ੍ਰਸਾਦ ਚਟੋਪਾਧਿਆਏ ਨੇ ਗਣੇਸ਼/ਗਣਪਤੀ ਦੇਵਤੇ ਦੇ ਉਭਾਰ ਬਾਰੇ ਖੂਬ ਲਿਖਿਆ ਹੈ ਤੇ ਮੈਂ ਅੱਜ ਸੰਖੇਪ ਵਿਚ ਉਸੇ ਦੀ ਚਰਚਾ ਕਰਨੀ ਚਾਹੁੰਦਾ ਹਾਂ। ਉਸ ਅਨੁਸਾਰ ਗਣੇਸ਼ ਆਦਿ ਕਾਲੀ ਸਮਾਜ ਦੇ ਕਬੀਲਾਈ ਪ੍ਰਬੰਧ ਦਾ ਇਕ ਨਾਇਕ ਸੀ। ਉਦੋਂ ਅਜੇ ਰਾਜ ਦੀ ਸੰਸਥਾ ਨਹੀਂ ਸੀ ਉਭਰੀ। ਕਬੀਲਾਈ ਵਿਵਸਥਾ ਵਿਚ ਵਾਫਰ ਧਨ ਪੈਦਾ ਨਹੀਂ ਹੁੰਦਾ, ਸੋ ਸਭ ਕੁਝ ਵੰਡ ਕੇ ਖਾਧਾ ਜਾਂਦਾ ਸੀ। ਕਬੀਲਾ ਜਾਂ ਗਣ-ਸਮੂਹ ਦੇ ਆਪਣੇ ਆਪਣੇ ਟੌਟਮ ਹੁੰਦੇ ਸਨ। ਆਮ ਤੌਰ ‘ਤੇ ਤਾਂ ਵੱਖੋ ਵੱਖਰੇ ਜਾਨਵਰਾਂ ਨੂੰ ਹੀ ਟੌਟਮ ਬਣਾਇਆ ਜਾਂਦਾ ਸੀ ਪਰ ਇਹ ਕੁਦਰਤ ਦੀ ਕੋਈ ਹੋਰ ਸ਼ੈਅ ਜਿਵੇਂ ਪੌਦੇ ਆਦਿ ਵੀ ਹੋ ਸਕਦੇ ਹਨ। ਗਣੇਸ਼ ਅਜਿਹੇ ਕਿਸੇ ਕਬੀਲੇ ਦਾ ਇਕ ਸਾਬਤ ਸੂਰਤ ਨਾਇਕ ਉਭਰ ਕੇ ਆਇਆ ਜਿਸ ਦਾ ਟੌਟਮਿਕ ਚਿੰਨ੍ਹ ਹਾਥੀ ਸੀ। ਇਸ ਤਰ੍ਹਾਂ ਗਣੇਸ਼/ਗਣਪਤੀ ਦਾ ਅਰਥ ਹੋਇਆ- ਹਾਥੀ ਟੌਟਮ ਵਾਲੇ ਗਣ-ਸਮੂਹ ਦਾ ਸੁਆਮੀ। ਇਹ ਕਬੀਲਾ ਸੰਭਵ ਤੌਰ ‘ਤੇ ਗੈਰ-ਆਰਿਆਈ ਸੀ। ਇਹ ਬਹੁਤ ਬਲਵਾਨ, ਜੰਗਜੂ, ਆਰਿਆਈ ਕਬੀਲਿਆਂ ਜਾਂ ਰਾਜਾਂ ਨੂੰ ਵਖਤ ਪਾਉਣ ਵਾਲਾ ਸੀ। ਇਸੇ ਲਈ ਇਸ ਦਾ ਨਾਂ ਵਿਘਨੇਸ਼ਵਰ ਵੀ ਸੀ ਜਿਸ ਦਾ ਅਰਥ ਹੈ- ਹੋਰਨਾਂ ਲਈ ਮੁਸੀਬਤਾਂ ਖੜ੍ਹੀਆਂ ਕਰਨ ਵਾਲਾ, ਵਿਘਨ ਪਾਉਣ ਵਾਲਾ। ਦਿਲਚਸਪ ਗੱਲ ਹੈ ਕਿ ਅੱਜ ਗਣੇਸ਼ ਨੂੰ ਵਿਘਨਾਂ ਤੋਂ ਬਚਾਉਣ ਵਾਲਾ ਸਮਝਿਆ ਜਾਂਦਾ ਹੈ ਤੇ ਕਿਸੇ ਵੀ ਕੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਦੀ ਪੂਜਾ ਇਸ ਲਈ ਕੀਤੀ ਜਾਂਦੀ ਹੈ ਕਿ ਇਹ ਆਪਣੀ ਦੈਵੀ ਸ਼ਕਤੀ ਨਾਲ ਕੀਤੇ ਜਾਣ ਵਾਲੇ ਕੰਮਾਂ ਨੂੰ ਨਿਰਵਿਘਨ ਹੋਣ ਦੇਵੇ। ਸ਼੍ਰੀ ਗਣੇਸ਼ ਮੁਹਾਵਰਾ ਇਥੋਂ ਹੀ ਸ਼ੁਰੂ ਹੋਇਆ।
ਗਣਪਤੀ ਦੇ ਕਬੀਲੇ ਨੇ ਤਥਾਕਥਿਤ ਗਣੇਸ਼ ਦੀ ਅਗਵਾਈ ਵਿਚ ਆਪਣੀ ਤਾਕਤ ਦੇ ਬਲਬੂਤੇ ਇਕ ਹੋਰ ਕਬੀਲੇ ਨੂੰ ਲੜਾਈ ਵਿਚ ਜ਼ਬਰਦਸਤ ਸ਼ਿਕਸਤ ਦਿੱਤੀ। ਇਸ ਕਬੀਲੇ ਦਾ ਟੌਟਮਿਕ ਚਿੰਨ੍ਹ ਚੂਹਾ ਸੀ। ਇਸੇ ਲਈ ਗਣੇਸ਼ ਦੇਵਤੇ ਦਾ ਵਾਹਨ ਚੂਹਾ ਹੁੰਦਾ ਹੈ, ਦੂਜੇ ਗਣ ਦੇ ਟੌਟਮ ਨੂੰ ਵਾਹਣ ਬਣਾਉਣ ਦਾ ਮਤਲਬ ਹੈ ਕਿ ਉਸ ਨੂੰ ਅਧੀਨ ਕਰ ਲਿਆ ਗਿਆ ਹੈ, ਵਰਨਾ ਇਕ ਹਾਥੀ ਜਿੱਡੇ ਸਿਰ ਵਾਲੇ ਦੇਵਤੇ ਦਾ ਵਾਹਨ ਚੂਹਾ ਹੋਣਾ ਕਿੱਡੀ ਹਾਸੋਹੀਣੀ ਗੱਲ ਹੈ।
ਮੌਰੀਆ ਕਾਲ ਤੋਂ ਪਹਿਲਾਂ ਗਣੇਸ਼ ਦਾ ਦੇਵਤੇ ਦੇ ਤੌਰ ‘ਤੇ ਖਾਸ ਜ਼ਿਕਰ ਨਹੀਂ ਮਿਲਦਾ। ਹੌਲੀ ਹੌਲੀ ਗਣੇਸ਼ ਦੀ ਮਾਨਤਾ ਵਧਦੀ ਗਈ ਤੇ ਚੰਦਰਗੁਪਤ ਦੇ ਕਾਲ ਵਿਚ ਇਸ ਦਾ ਪੂਰੀ ਤਰ੍ਹਾਂ ਦੈਵੀਕਰਣ ਹੋ ਗਿਆ ਅਰਥਾਤ ਇਹ ਦੇਵਤਿਆਂ ਦੀ ਸ੍ਰੇæਣੀ ਵਿਚ ਆ ਗਿਆ। ਫਿਰ ਤਾਂ ਇਹ ਦੇਵਤਾ ਵੀ ਪ੍ਰਮੁਖ ਬਣ ਗਿਆ। ਕਹਿਣ ਦਾ ਭਾਵ ਕਿ ਕਬੀਲਾਈ ਅਵਸਥਾ ਤੋਂ ਅਗਲੀ ਸਟੇਜ ਰਾਜ ਵਿਵਸਥਾ ਵਿਚ ਵਿਚਰ ਰਹੇ ਆਰਿਆਈ ਲੋਕਾਂ ਨੇ ਗਣੇਸ਼ ਨੂੰ ਪੂਰੀ ਤਰ੍ਹਾਂ ਅਪਨਾ ਲਿਆ। ਬਹੁਤ ਸਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਕ੍ਰਿਸ਼ਨ ਵੀ ਮੁਢਲੇ ਤੌਰ ‘ਤੇ ਗੈਰ-ਆਰਿਆਈ ਨਾਇਕ ਸੀ। ਇਕ ਹੋਰ ਗੱਲ ਕਿ ਪੁਰਾਣੇ ਗ੍ਰੰਥਾਂ ਵਿਚ ਘਟੋ ਘਟ ਚਾਰ ਗਣਪਤੀਆਂ ਦੇ ਹੋਣ ਦੀ ਗਵਾਹੀ ਮਿਲਦੀ ਹੈ ਤੇ ਸਭਨਾਂ ਦੇ ਮੂੰਹ ਪਸ਼ੂਆਂ ਜਿਹੇ ਸਨ। ਖਿਆਲ ਹੈ ਕਿ ਹੌਲੀ ਹੌਲੀ ਸਭ ਨੂੰ ਇਕੱਲੇ ਗਣੇਸ਼ ਵਿਚ ਹੀ ਸਮਾ ਦਿੱਤਾ ਗਿਆ। ਇਸ ਕਾਲ ਵਿਚ ਗਣੇਸ਼ ਦਾ ਦੈਵੀਕਰਣ ਕਰਨ ਲਈ ਬੇਸ਼ੁਮਾਰ ਮਿਥਾਂ ਘੜੀਆਂ ਗਈਆਂ ਜਿਨ੍ਹਾਂ ਵਿਚ ਇਸ ਗੱਲ ਨੂੰ ਲੁਕੋਇਆ ਗਿਆ ਕਿ ਗਣੇਸ਼ ਕੋਈ ਅਜਿਹੇ ਹਾਥੀ ਟੌਟਮ ਵਾਲੇ ਕਬੀਲੇ ਦਾ ਮੁਖੀ ਸੀ ਜਿਸ ਤੋਂ ਆਰਿਆਈ ਲੋਕ ਤ੍ਰਹਿੰਦੇ ਸਨ। ਗਣੇਸ਼ ਦੀ ਪੂਜਾ ਸਮੇਂ ਗਣੇਸ਼ ਸਹੰਸਰਨਾਮਾਂ (ਗਣੇਸ਼ ਦੇ ਹਜ਼ਾਰ ਨਾਂ) ਜਪਿਆ ਜਾਂਦਾ ਹੈ। “ਅਮਰਕੋਸ਼” ਵਿਚ ਗਣੇਸ਼ ਦੇ ਕੁਝ ਨਾਂਵਾਂ ਦਾ ਜ਼ਿæਕਰ ਹੈ ਜਿਵੇਂ ਵਿਨਾਇਕ, ਵਿਘਨਰਾਜਾ, ਦਵੈਮਾਤਰਾ (ਦੋ ਮਾਤਾਵਾਂ ਵਾਲਾ), ਦਵੈ-ਦੇਹਕ, ਗਣਾਧੀਪ, ਏਕਦੰਤ, ਲੰਬੋਦਰਾ (ਗੋਗੜ ਵਾਲਾ) ਅਤੇ ਗਜਾਨਨ (ਹਾਥੀ ਸਿਰਾ)।
ਸ਼ੁਰੂ ਵਿਚ ਅਸੀਂ ਕੁਝ ਮਿਥਾਂ ਦਾ ਜ਼ਿਕਰ ਕੀਤਾ ਹੈ ਜੋ ਆਪਣੇ ਵਲੋਂ ਉਸ ਦੇ ਹਾਥੀ ਜਿਹੇ ਸਿਰ ਹੋਣ ਦੀ ਵਿਆਖਿਆ ਕਰਦੀਆਂ ਹਨ। ਗਣੇਸ਼ ਨੂੰ ਵਿਦਵਤਾ ਅਤੇ ਕਲਾਵਾਂ ਦਾ ਦੇਵਤਾ ਵੀ ਕਿਹਾ ਜਾਂਦਾ ਹੈ। ਰਵਾਇਤ ਹੈ ਕਿ ਵਿਆਸ ਨੇ ਮਹਾਭਾਰਤ ਗਣੇਸ਼ ਤੋਂ ਲਿਖਵਾਈ। ਜਿਸ ਦੇ ਸਿਰ ‘ਤੇ ਹਾਥੀ ਦਾ ਵੱਡਾ ਸਾਰਾ ਸਿਰ ਲੱਗਾ ਹੋਵੇ ਉਹੀ ਏਡਾ ਦਿਮਾਗੀ ਹੋ ਸਕਦਾ ਹੈ! ਚਟੋਪਾਧਿਆਏ ਦੀ ਇਹ ਸਾਰੀ ਵਿਆਖਿਆ ਕੋਈ ਕਪੋਲ ਕਲਪਨਾ ਨਹੀਂ। ਉਸ ਨੇ ਬੇਸ਼ੁਮਾਰ ਇਤਿਹਾਸਕ ਤੱਥ, ਦਲੀਲਾਂ, ਗਵਾਹੀਆਂ ਤੇ ਇਸ ਦੇ ਸਮਾਨਅੰਤਰ ਦੇਸ਼-ਬਦੇਸ਼ ਵਿਚ ਹੋਏ ਅਜਿਹੇ ਹੋਰੇ ਵਰਤਾਰੇ ਪੇਸ਼ ਕੀਤੇ ਹਨ ਜੋ ਉਸ ਦੇ ਇਸ ਵਿਆਖਿਆ ਨੂੰ ਵਧੇਰੇ ਤਾਰਕਿਕ ਅਤੇ ਮੰਨਣਯੋਗ ਬਣਾਉਂਦੇ ਹਨ।
Leave a Reply