ਵਾਰਿਸ ਸ਼ਾਹ ਜੇ ਵੇਖ ਲਏ ਪਿੰਡ ਮੇਰਾæææ

ਕਈ ਬੰਦੇ ਸਾਧਾਰਨ ਗੱਲਬਾਤ ਨੂੰ ਵੀ ਬਹਿਸ ਵਿਚ ਗੁੰਨ੍ਹਣ ਲਈ ਲੂਣ ਦੀ ਡਲੀ ਸੁੱਟੀ ਹੀ ਜਾਣਗੇ। ਇਸ ਕਰ ਕੇ ਕੁਝ ਲੋਕਾਂ ਦੇ ਦਰਸ਼ਨ ਦੂਰੋਂ ਹੀ ਕਰਦੇ ਰਹਿਣਾ ਚਾਹੀਦਾ ਹੈ; ਫਿਰ ਹੀ ਉਹ ਮਹਾਪੁਰਸ਼ ਲੱਗਦੇ ਰਹਿਣਗੇ, ਕਿਉਂਕਿ ਗੱਲਬਾਤ ਵਿਚ ਨਿਘਾਰ ਲਗਾਤਾਰ ਆ ਰਿਹਾ ਹੈ। ਜਦੋਂ ‘ਟਰੰਕ ਕਾਲ’ ਨਾਲ ਜਾਂ ਮਹਿੰਗੇ ਮੁੱਲ ਦੀਆਂ ਕਾਲਾਂ ਕਰ ਕੇ ਜਾਂ ਫਿਰ ਸਹੂਲਤਾਂ ਦੀ ਕਮੀ ਕਰ ਕੇ ਪਰਵਾਸੀਆਂ ਨਾਲ ਫੋਨ ਉਤੇ ਗੱਲਬਾਤ ਹੁੰਦੀ ਸੀ, ਤਾਂ ਇਹ ਪੈਸੇ ਭੇਜਣ ਜਾਂ ਲੈਣ-ਦੇਣ ਤੋਂ ਸ਼ੁਰੂ ਹੋ ਕੇ ਬਾਣੀਏ ਵਾਂਗ ਪੈਸੇ ਉਤੇ ਹੀ ਮੁੱਕ ਜਾਂਦੀ ਸੀ, ਪਰ ਜਦੋਂ ਦੀ ਟੈਲੀਫੋਨ ਦੀ ਦਸ਼ਾ ਕਰਿਆਨੇ ਦੀਆਂ ਦੁਕਾਨਾਂ ਤੋਂ ਦੀ ਅੱਗੇ ਨਿਕਲ ਦੇ ਫੜ੍ਹੀ ਵਾਲਿਆਂ ਤੱਕ ਚਲੇ ਗਈ ਹੈ ਤਾਂ ਸਾਡੀ ਗੱਲਬਾਤ ਵਿਚ ਫੋਨ ਨੇ ਮੱਝ ਦੇ ਕੱਟਾ ਦੇਣ ਜਾਂ ਕੁੱਤੀ ਦੇ ਸੂਣ ਦੀ ਘਟਨਾ ਨੂੰ ਖਬਰ ਬਣਾ ਦਿੱਤਾ ਹੈ। ਪਹਿਲਾਂ ਪੱਤਰਕਾਰ ਖਬਰਾਂ ਲੱਭਦੇ ਸਨ ਤਾਂ ਖੋਜੀ ਪੱਤਰਕਾਰੀ ਨਾਲ ਇੱਜ਼ਤ-ਮਾਣ ਭਾਈਚਾਰੇ ਵਿਚ ਬਰਫ਼ੀ ਦੇ ਸੁਆਦ ਵਰਗਾ ਹੁੰਦਾ ਸੀ, ਪਰ ਜਦੋਂ ਦਾ ਪੱਤਰਕਾਰ ਖਬਰਾਂ ਲੱਭਣ ਲਈ ਪਿੰਡਾਂ ਵਿਚ ਵੀ ਕਈ-ਕਈ ਦਫਤਰ ਖੋਲ੍ਹ ਰਹੇ ਹਨ ਤਾਂ ਸਤਿਕਾਰ ਦਾ ਜ਼ਾਇਕਾ ਮਸਰ-ਮੂੰਗੀ ਦੀ ਮਰਗ ‘ਤੇ ਬਣੀ ਦਾਲ ਵਰਗਾ ਹੁੰਦਾ ਜਾ ਰਿਹਾ ਹੈ। ਪਿੰਡਾਂ ਵਿਚ ਕੱਚੇ ਘਰ ਬਣੇ ਰਹਿੰਦੇ ਤਾਂ ਚੰਗੀ ਗੱਲ ਸੀ, ਪੱਕੇ ਮਕਾਨਾਂ ਨੇ ਤਾਂ ਮਨੁੱਖ ਨੂੰ ਸਮਾਜਕ ਖਿੱਚੋਤਾਣ ਨਾਲ ਬੋਦੇ ਪੁੱਟਣ ਤੱਕ ਲੈ ਆਂਦਾ ਹੈ। ਪਹਿਲਾਂ ਜਦੋਂ ਚੁੱਲ੍ਹੇ ਅੱਡ ਹੁੰਦੇ ਸਨ, ਤਾਂ ਬਾਲਣ ‘ਕੱਠਾ ਹੁੰਦਾ ਸੀ, ਪਰ ਚੁੱਲ੍ਹੇ ਗੈਸ ਹਵਾਲੇ ਹੋਣ ਕਰ ਕੇ ਬਾਲਣ ਹੁਣ ਬੰਦੇ ਨੂੰ ਘਰੋਂ ਕੱਢਣ ਵਾਲੇ ਦਿਨ ਹੀ ਲਿਆਉਣਾ ਪੈਂਦਾ ਹੈ। ਉਸ ਦਿਨ ਹੀ ਲੱਕੜ ਪਾ ਕੇ ਆਖਰੀ ਵਕਤ ਵੀ ਪਿਆਰ ਦਾ ਡਰਾਮਾ ਕਰਨ ਤੋਂ ਪਿਛਾਂਹ ਹਟਣ ਵਿਚ ਲੋਕ ਗੁਨਾਹ ਸਮਝਣ ਲੱਗ ਪਏ ਹਨ। ਕਈਆਂ ਨੇ ਪੁਲਿਸ ਤੇ ਹਾਕਮਾਂ ਦੀਆਂ ਧੱਕੇਸ਼ਾਹੀਆਂ ਤੇ ਜ਼ਿਆਦਤੀਆਂ ਕਰ ਕੇ ਆਪਣੇ ਮੁਲਕ ਨੂੰ ਤਾਂ ਨਿੰਦਿਆ ਹੋਵੇਗਾ, ਪਰ ਮੈਂ ਕੋਈ ਵੀ ਆਪਣੇ ਪਿੰਡ ਨੂੰ ਬੁਰਾ-ਭਲਾ ਕਹਿੰਦਾ ਨਹੀਂ ਸੁਣਿਆ। ਇਸੇ ਕਰ ਕੇ ਮਾਂ ਤੇ ਪਿਉ ਦੇ ਸਾਂਝੇ ਪੇਕਿਆਂ ਦਾ ਹੱਜ ਉਸੇ ਥਾਂ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ। ਇਹ ਪਤਾ ਨਹੀਂ ਕਿਉਂ, ਕਿ ਦਿਨ ਖੜ੍ਹੇ ਆਲ੍ਹਣਿਆਂ ਨੂੰ ਪਰਤਣ ਦੀ ਆਦਤ ਪੰਛੀਆਂ ਨੇ ਨਹੀਂ ਬਦਲੀ, ਪਰ ਮਨੁੱਖ ਘਰ ਜਾਣ ਵਿਚ ਰੋਜ਼ ਦੇਰੀ ਭਾਵੇਂ ਕਰੇ, ਪਰ ਪਿੰਡ ਜਾਣ ਦੀ ਕਾਹਲ ਕਦੀ ਨਹੀਂ ਤਿਆਗਦਾæææ ਇਸੇ ਲਈ ਕਾਹਲੀ-ਕਾਹਲੀ ਮੈਂ ਵੀ ਤੁਹਾਨੂੰ ਆਪਣੇ ਪਿੰਡ ਲੈ ਕੇ ਚੱØਲਿਆ ਹਾਂæææ। ਸੱਚ ਹੈ ਕਿ ਹੁਣ ਮਨੁੱਖ ਗੁਸਲਖਾਨੇ ਤੇ ਬੀਵੀ ਤੋਂ ਬਾਅਦ ਪਿੰਡ ਵਿਚ ਉਦੋਂ ਪੂਰਾ ਆਜ਼ਾਦ ਹੁੰਦਾ ਹੈ ਜਦੋਂ ਪਰਦੇਸੋਂ ਗਿਆ ਹੋਵੇ।

ਐਸ਼ ਅਸ਼ੋਕ ਭੌਰਾ
ਕਈ ਲੋਕ ਤੁਹਾਡੀ ਜੇਬ ਨਾਲ ਲੱਗਾ ਪੈਨ ਇਸ ਕਰ ਕੇ ਮੰਗਦੇ ਹਨ ਕਿਉਂ ਜੋ ਉਨ੍ਹਾਂ ਨੇ ਮੋੜਨਾ ਨਹੀਂ ਹੁੰਦਾ, ਪਰ ਜਿਹੜਾ ਜੰਗ ਦੇ ਮੈਦਾਨ ਵਿਚ ਤਲਵਾਰ ਉਧਾਰੀ ਦੇ ਕੇ ਜਿੱਤ ਦੇ ਦਾਅਵੇ ਕਰੇ, ਉਹਦੇ ‘ਤੇ ਰੋਣਾ ਨਹੀਂ ਆਵੇਗਾ, ਧਾਹਾਂ ਹੀ ਨਿਕਲਣਗੀਆਂ। ਉਸ ਨੇ ਆਪ ਤਾਂ ਮਰਨਾ ਹੀ ਹੁੰਦਾ ਹੈ, ਮੁਲਕ ਵੀ ਡੋਬ ਦੇਣਾ ਹੁੰਦਾ ਹੈ।æææਤੇ ਸੱਚ ਹੈ ਕਿ ਜਿਹੜੇ ਲੋਕ ਆਪਣੀ ਮਾਂ ਤੇ ਮਿੱਟੀ ਨੂੰ ਭੁੱਲ ਜਾਣ, ਉਨ੍ਹਾਂ ਦੀ ਜ਼ਮੀਰ ਦਾ ਸੰਸਕਾਰ ਹੋ ਚੁੱਕਾ ਹੁੰਦਾ ਹੈ ਤੇ ਉਹ ਲਾਸ਼ ਨਾਲ ਜਿਉਂਦੇ ਰਹਿਣ ਦੀ ਸੱਚਾਈ ਨੂੰ ਵੀ ਅਮਲੀ ਰੂਪ ਦੇ ਰਹੇ ਹੁੰਦੇ ਹਨ।
ਹੁਣ ਇਹ ਧਾਰਨਾ ਟੁੱਟ ਰਹੀ ਹੈ ਕਿ ‘ਵਸੀਏ ਸ਼ਹਿਰ ਭਾਵੇਂ ਹੋਵੇ ਕਹਿਰ’; ਕਿਉਂਕਿ ਜੇ ਮਾੜਾ-ਮੋਟਾ ਸ਼ੁੱਧ ਆਬੋ-ਹਵਾ ਦਾ ਹਾਲੇ ਸਾਹ ਆ ਰਿਹਾ ਹੈ ਤਾਂ ਪਿੰਡਾਂ ਵਿਚ ਹੀ ਹੈ। ਕਈਆਂ ਨੇ ਸੁਰਜੀਤ ਪਾਤਰ ਦੇ ਕਹਿਣ ਵਾਂਗ ਪਿੰਡਾਂ ਦੀਆਂ ਸਰਦਾਰੀਆਂ ਛੱਡ ਤਾਂ ਚਾਅ ਵਿਚ ਲਈਆਂ, ਪਰ ਉਹ ਸ਼ਹਿਰ ਵਿਚ ਆਪਣੀ ਪਛਾਣ ਬੱਸ ਦੀ ਸਵਾਰੀ ਤੋਂ ਵੱਧ ਨਹੀਂ ਬਣਾ ਸਕੇ।
ਬਹੁਤ ਸਾਰੇ ਪਾਠਕਾਂ, ਪ੍ਰਸ਼ੰਸਕਾਂ ਦੀ ਇੱਛਾ ਹੈ ਕਿ ਮੈਂ ਆਪਣੇ ਪਿੰਡ ਦਾ ਹਾਲ ਸੁਣਾਵਾਂ, ਕਿਉਂਕਿ ਪੰਜਾਬੀਆਂ ਦਾ ਸੁਭਾਅ ਹੈ ਕਿ ਉਹ ਜਦੋਂ ਵੀ ਕਿਸੇ ਖਾਸ ਤੇ ਅਜਨਬੀ ਨੂੰ ਮਿਲਣਗੇ, ਪਹਿਲਾ ਸਵਾਲ ਇਹੋ ਕਰਨਗੇ ਕਿ ਭਾਈ ਤੇਰਾ ਪਿੰਡ ਕਿਹੜੈ? ਜ਼ਿਲ੍ਹੇ ਜਾਂ ਤਹਿਸੀਲ ਦੀ ਗੱਲ ਪਿੱਛੋਂ ਹੋਵੇਗੀ, ਪਰ ਮੈਂ ਆਪਣੇ ਪਿੰਡ ਦੀ ਬਾਤ ਸੁਣਾਉਣ ਤੋਂ ਪਹਿਲਾਂ ਕਹਾਂਗਾ ਕਿ ਜਿਸ ਇਨਸਾਨ ਨੂੰ ਪਰਿਵਾਰ ਪ੍ਰਵਾਨ ਨਾ ਕਰੇ, ਉਹਨੂੰ ਪਿੰਡ ਛੱਡ ਦੇਣਾ ਚਾਹੀਦਾ, ਤੇ ਜਿਸ ਬੰਦੇ ਨੂੰ ਦੇਖ ਕੇ ਪਿੰਡ ਮੱਥੇ ਵੱਟ ਪਾਵੇ, ਉਹਨੂੰ ਆਤਮ-ਹੱਤਿਆ ਛੇਤੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਮਾਂ ਤੇ ਮਿੱਟੀ ਦਾ ਦੁਰਕਾਰਿਆ ਮਨੁੱਖ ਹੋ ਹੀ ਨਹੀਂ ਸਕਦਾ।
ਚਲੋ ਫਿਰ ਇਸ ਵਾਰ ਆਪਣੇ ਪਿੰਡ ਲੈ ਕੇ ਚਲਦਾ ਹਾਂ।
ਵੰਡ ਤੋਂ ਪਹਿਲਾਂ ਜ਼ਿਲ੍ਹਾ ਲਾਇਲਪੁਰ ਸੀ, ਫਿਰ ਜਲੰਧਰ ਬਣ ਗਿਆ ਤੇ ਅੱਜ ਕੱਲ੍ਹ ਸ਼ਹੀਦ ਭਗਤ ਸਿੰਘ ਨਗਰ ਵਿਚ ਪੈਂਦਾ ਹੈ ਮੇਰਾ ਪਿੰਡ ਭੌਰਾ। ਇਹ ਬੰਗਿਆਂ ਤੋਂ ਛੇ ਕਿਲੋਮੀਟਰ, ਫਗਵਾੜੇ ਤੋਂ ਤੀਹ, ਗੜ੍ਹਸ਼ੰਕਰ ਤੋਂ ਨੌਂ, ਨਵੇਂ ਸ਼ਹਿਰੋਂ ਤੇਰਾਂ, ਮਾਹਿਲਪੁਰੋਂ ਬਾਈ ਤੇ ਜਿਸ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਸਮੁੱਚਾ ਭਾਰਤ ਪ੍ਰਣਾਮ ਕਰਦਾ ਹੈ, ਖਟਕੜਾਂ ਦੀ ਇਸ ਧਰਤੀ ਤੋਂ ਮੇਰਾ ਘਰ ਸਿਰਫ ਚਾਰ ਕੋਹ ਦੀ ਵਾਟ ‘ਤੇ ਹੈ। ਇਹ ਮਾਣ ਸਾਡਾ ਬਣਿਆ ਵੀ ਰਹੇਗਾ, ਤੇ ਇਸ ਤੋਂ ਵੀ ਅਲੱਗ ਤੇ ਖਾਸ ਗੱਲ ਇਹ ਹੈ ਕਿ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਲੱਗਾ ਬੁੱਤ ਵੀ ਬਿਲਕੁਲ ਇੰਨੀ ਦੂਰੀ ‘ਤੇ ਹੈ।
ਹੋਰ ਭੂਗੋਲਿਕ ਗੱਲਾਂ ਅੱਗੇ ਚੱਲ ਕੇ ਕਰਾਂਗੇ। ਜਦੋਂ ਛੋਟਾ ਜਿਹਾ ਸਾਂ ਤਾਂ ਮਾਂ ਨੇ ਕਹਿਣਾ, “ਪੁੱਤ, ਆਹ ਗਿਆਨੀ ਸਾਧੂ ਸਿੰਘ ਦੀ ਕੋਠੀ ਹੈ।” ਅਨਪੜ੍ਹ ਹੋਣ ਕਰ ਕੇ ਪਤਾ ਨਹੀਂ ਸੀ ਹੁੰਦਾ ਕਿ ਇਥੇ ਰਹਿੰਦਾ ਤਾਂ ਹੁਣ ਕੋਈ ਨਹੀਂ, ਜ਼ਮੀਨ-ਬੰਨਾ ਵੀ ਵੇਚ ਗਏ, ਪਰ ਇਹ ਜਥੇਦਾਰ ਸਾਹਿਬ ਅਕਾਲ ਤਖਤ ਦੇ ਜਥੇਦਾਰ ਰਹੇ ਚਰਚਾ ਵਿਚ। ਨਿਰੰਕਾਰੀਆਂ ਵਿਰੁਧ ਹੁਕਮਨਾਮਾ ਜਾਰੀ ਕਰਨ ਕਰ ਕੇ ਵੀ ਸਾਧੂ ਸਿੰਘ ਭੌਰਾ ਸਿੱਖ ਹਲਕਿਆਂ ਵਿਚੋਂ ਕਦੇ ਨਹੀਂ ਵਿਸਰੇਗਾ। ਮੇਰੇ ਇਕ ਗੁਆਂਢੀ ਬਜ਼ੁਰਗ ਨੇ ਕਹਿਣਾ, “ਕਾਕਾ, ਭਲਾ ਢਾਡੀ ਅਵਤਾਰ ਸਿੰਘ ਭੌਰਾ ਬਣਨਾ ਕਿਤੇ ਸੁਖਾਲੈ, ਬੜਾ ਨਾਂ ਚਮਕਾਇਆ ਬਈ ਪਿੰਡ ਦਾ।” ਤੇ ਜਿਸ ਸਾਲ ਇੰਗਲੈਂਡ ਦੀ ਟੀਮ ਵੱਲੋਂ ਹਾਕੀ ਵਿਚ ਕੁਲਬੀਰ ਭੌਰਾ ਨੇ ਉਲੰਪਿਕ ਖੇਡਾਂ ਵਿਚ ਧੁੰਮ ਪਾਈ, ਤਾਂ ਜਿਸ ਘਰ ਟੈਲੀਵਿਜ਼ਨ ਨਹੀਂ ਸੀ, ਉਨ੍ਹਾਂ ਨੇ ਲਿਆਂਦਾ ਜ਼ਰੂਰ ਚਾਹੇ ਉਧਾਰਾ ਹੀ ਸਹੀ! ਇਕ ਬਜ਼ੁਰਗ ਹੋਰ ਹਾਲੇ ਹੈਗਾ, ਉਹਨੇ ਟਿੱਚਰ ਨਾਲ ਕਹਿਣਾ, “ਬਈ ਮੰਤਰੀ ਦਿਲਬਾਗ ਸਿੰਘ ਦਾ ਹਾਲ ਦੋ ਛੜਿਆਂ ਦੀ ਇਕ ਢੋਲਕੀ ਵਾਲਾ ਹੀ ਹੈ। ਵੰਡ ਤੋਂ ਪਹਿਲਾਂ ਉਹਦਾ ਪਿੰਡ ਸੁਜੋਂ ਸੀ, ਵੰਡ ਤੋਂ ਬਾਅਦ ਜ਼ਮੀਨ ਭੌਰੇ ਮਿਲ ਗਈ। ਉਹ ਤਾਂ ਮਰ ਗਿਆ, ਪਰ ਔਤ ਦੀ ਜ਼ਮੀਨ ਵਾਂਗ ਦਾਅਵਾ ਦੋਵੇਂ ਪਿੰਡ ਕਰੀ ਜਾਂਦੇ ਹਨ।” ਖ਼ੈਰ! ਜਿਹੜਾ ਦਿਲਬਾਗ ਸਿੰਘ ਨਵਾਂ ਸ਼ਹਿਰ ਕਦੇ ਧੜੱਲੇਦਾਰ ਜ਼ਿਮੀਦਾਰ ਵੀ ਸੀ, ਹੁਣ ਉਹਦੇ ਪੁੱਤਾਂ ਨੇ ਇੰਚ ਜ਼ਮੀਨ ਵੀ ਪਿੰਡ ਨਹੀਂ ਛੱਡੀ। ਊਂ ਉਹਦੇ ਪੁੱਤ ਚਰਨਜੀਤ ਚੰਨੀ ਦਾ ਸਬੰਧ ਵੀ ਮੇਰੇ ਪਿੰਡ ਨਾਲ ਹੀ ਹੈ, ਭਤੀਜੇ ਮਰਹੂਮ ਤੇ ਨਵਾਂ ਸ਼ਹਿਰ ਦੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਦਾ ਵੀ, ਤੇ ਹੁਣ ਉਹਦੀ ਪਤਨੀ ਗੁਰਇਕਬਾਲ ਕੌਰ ਦਾ ਵੀ। ਵਿਰਾਸਤ ਦਾ ਇਹ ਆਲੂ ਮੈਂ ਇਸ ਕਰ ਕੇ ਛਿੱਲ ਰਿਹਾ ਹਾਂ ਤਾਂ ਕਿ ਇਕ ਗਰੀਬ ਪਰਿਵਾਰ ਵਿਚ ਜਿਥੇ ਪਿਉ ਵੀ ਛੋਟੀ ਉਮਰੇ ਤੁਰ ਗਿਆ ਹੋਵੇ, ਵਿਚੋਂ ਉਠ ਕੇ ਸਿਰ ਕੱਢਣਾ ਔਖਾ ਬਹੁਤ ਸੀ, ਪਰ ਮੇਰੀ ਹਾਲਤ ਉਹੀ ਸੀ ਜਿਵੇਂ ਲੇਲੇ ਨੇ ਬਘਿਆੜਾਂ ਵਿਚ ਬੜ੍ਹਕ ਮਾਰ ਦਿੱਤੀ ਹੋਵੇ। ਸਾਰੇ ਦਾ ਸਾਰਾ ਪਿੰਡ ਮੈਨੂੰ ਆਪਣਾ ਪੁੱਤ ਸਮਝਦਾ; ਮੈਂ ਕਈ ਵਾਰ ਸਰਬਸੰਮਤੀ ਨਾਲ ਸਰਪੰਚ ਬਣਨ ਦੀ ਪੇਸ਼ਕਸ਼ ਤੋਂ ਨਾਂਹ ਕਰ ਦਿੱਤੀ ਸੀ, ਕਿਉਂਕਿ ਮੈਂ ਆਪਣੀ ਇਸ ਮਿੱਟੀ ਨਾਲ ਉਨਾ ਪਿਆਰ ਕਰਦਾ ਹਾਂ, ਜਿੰਨਾ ਨੈਪੋਲੀਅਨ ਆਪਣੀ ਪਤਨੀ ਜੌਸਫਿਨ ਨਾਲ ਕਰਦਾ ਸੀ। ਇਸ ਲਈ ਸਰਪੰਚ ਬਣ ਕੇ ਪਿੰਡ ਵਿਚ ਰਾਜਨੀਤੀ ਕਰਨੀ ਮੇਰੇ ਬੱਸ ਦਾ ਕੰਮ ਨਹੀਂ ਸੀ।
ਸਾਧੂ ਸੰਤ ਦੂਜਿਆਂ ਦੀ ਜੇਬ ਵਿਚੋਂ ਪੈਸਾ ਕਢਵਾ ਕੇ ਪਰਉਪਕਾਰਾਂ ਦੀ ਜੈ-ਜੈਕਾਰ ਕਰਾਉਂਦੇ ਨੇ। ਘੁਮਿਆਰ ਤਾਜ ਮਹੱਲ ਨਹੀਂ ਬਣਾ ਸਕਦਾ, ਪਰ ਉਹ ਭਾਂਡੇ ਤਾਂ ਬਣਾ ਸਕਦਾ ਹੈ। ਇਹ ਹੁਨਰ ਉਹਦਾ ਆਪਣਾ ਹੈ, ਤੇ ਮੈਂ ਸਾਢੇ ਤਿੰਨ ਦਹਾਕਿਆਂ ਦੌਰਾਨ ਅੱਖਰਾਂ ਦੇ ਜਿਹੜੇ ਭਾਂਡੇ ਬਣਾਏ ਹਨ, ਉਨ੍ਹਾਂ ਕਰ ਕੇ ਮੇਰੇ ਪਿੰਡ ਵਾਲੇ ਤਾਂ ਕਰਨਗੇ ਹੀ, ਇਲਾਕੇ ਵਾਲੇ ਵੀ ਦੂਰ ਜਾ ਕੇ ਮੇਰਾ ਨਾਂ ਲੈ ਕੇ ਕਹਿਣਗੇ, ‘ਤੁਸੀਂ ਉਸ ਨੂੰ ਜਾਣਦੇ ਹੋæææਬੱਸ ਉਥੋਂ ਹੀ ਹਾਂ।’ ਅੱਖਰਾਂ ਤੋਂ ਵੀ ਵੱਧ ਅਗਲੀ ਗੱਲ ਇਹ ਸੀ ਕਿ ਦੂਰਦਰਸ਼ਨ ਦੇ ਕੈਮਰੇ ਜੇ ਸਭ ਤੋਂ ਵੱਧ ਘੁੰਮੇ, ਤਾਂ ਮੇਰੇ ਪਿੰਡ ਵਿਚ; ਹਰ ਵੱਡਾ ਗਾਇਕ ਜੇ ਗਾਉਣ ਨਹੀਂ ਆਇਆ, ਤਾਂ ਇਕ ਵਾਰ ਗੇੜਾ ਜ਼ਰੂਰ ਮਾਰ ਕੇ ਗਿਆ; ਅਖਾੜੇ ਮੇਰੇ ਪਿੰਡ ਸਭ ਤੋਂ ਵੱਧ ਲੱਗੇ। ਜੇ ਘਰ-ਘਰ ਪਿੰਡ ਵਾਲਿਆਂ ਦੀਆਂ ਕਲਾਕਾਰਾਂ ਨਾਲ ਫੋਟੋਆਂ ਲੱਗੀਆਂ ਹਨ, ਤਾਂ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਨਹੀਂ ਜਾਣਾ ਪਿਆ। ਢਾਡੀ, ਕਵੀਸ਼ਰ, ਅਲਗੋਜ਼ਿਆਂ ਵਾਲੇ, ਭੰਡ, ਮਰਾਸੀ, ਖੁਸਰੇ, ਨਚਾਰ, ਨਕਲੀਏ, ਬਾਜ਼ੀਗਰ, ਸਪੇਰੇ, ਮਲਵਈ ਗਿੱਧੇ ਵਾਲੇ ਬਾਬੇ, ਨੱਚਣ ਵਾਲੀਆਂ ਕੁੜੀਆਂ ਤੇ ‘ਹੋ ਗਿਆ ਫਿੱਟ ਵਲੈਤੀ ਪੁਰਜਾ, ਦੇਸੀ ਇੰਜਣ ਨਾਲ ਨੀ’ ਗਾਉਣ ਵਾਲੀਆਂ ਬਾਜ਼ੀਗਰਨੀਆਂ ਸਭ ਤੋਂ ਵੱਧ ਖ਼ੁਸ਼ ਹੋ ਕੇ ਮੇਰੇ ਪਿੰਡੋਂ ਹੀ ਗਈਆਂ ਹੋਣਗੀਆਂ। ਹੁਣ ਵੀ ਜਦੋਂ ਮੈਂ ਪਿੰਡ ਜਾਂਦਾ ਹਾਂ, ਤਾਂ ਲੋਕ ਇਹ ਨਹੀਂ ਕਹਿੰਦੇ ਕਿ ਅਸ਼ੋਕ ਆ ਗਿਆ ਹੈ, ਉਹ ਕਹਿਣਗੇ, ਰੌਣਕਾਂ ਆ ਗਈਆਂ। ਮੈਥੋਂ ਚੋਰੀ ਜਾ ਕੇ ਪੁੱਛਿਓæææਇਸੇ ਕਰ ਕੇ ਅੱਧਿਓਂ ਵੱਧ ਪਿੰਡ ਮੇਰੇ ਅਮਰੀਕਾ ਆਉਣ ਤੋਂ ਦੁਖੀ ਵੀ ਹੈ, ਤੇ ਖਫਾ ਵੀ।
ਜ਼ਮੀਨਾਂ ਘਟ ਰਹੀਆਂ ਨੇ, ਇਸ ਦਾ ਸ਼ਿਕਾਰ ਮੇਰਾ ਪਿੰਡ ਵੀ ਹੈ। ਇਥੇ ਜ਼ਿਮੀਦਾਰ ਵੀ ਨੇ, ਕਾਮੇ ਵੀ। ਤਰਖਾਣ ਵੀ, ਲੁਹਾਰ ਵੀ। ਝਿਊਰ ਵੀ, ਨਾਈ ਵੀ। ਆਧਰਮੀ ਵੀ, ਬਾਲਮੀਕੀਏ ਵੀ। ਗਰੀਬ ਵੀ, ਅਮੀਰ ਵੀ। ਮਧਰੇ ਵੀ, ਲੰਮੇ ਵੀ। ਸੋਫੀ ਵੀ, ਵੈਲੀ ਵੀ। ਹੁਣ ਸਮੈਕੀਏ ਵੀ ਤੇ ਚਿੱਟੇ ਆਲੇ ਵੀ। ਸਾਧ ਵੀ, ਫਕੀਰ ਵੀ। ਸ਼ਰੀਫ ਵੀ, ਲੜਾਕੇ ਵੀ। ਕਾਂਗਰਸੀਏ ਵੀ, ਅਕਾਲੀ ਵੀ। ਜੋੜਨ ਵਾਲੇ ਵੀ, ਤੋੜਨ ਆਲੇ ਵੀ। ਪੁਆੜੇ ਦੀਆਂ ਜੜ੍ਹਾਂ ਵੀ, ਲੁੱਚੇ ਵੀ ਹੈਗੇ ਆ; ਸਰਕਾਰੀ ਨੌਕਰ ਵੀ ਨੇ, ਵਿਹਲੇ ਵੀ। ਮਰਾਸੀਆਂ ਦਾ ਕੋਈ ਘਰ ਨਹੀਂ, ਛੀਂਬੇ ਹੈ ਨਹੀਂ, ਸੁਨਿਆਰ ਹੈ ਨਹੀਂ। ਬਾਸੂ ਬ੍ਰਾਹਮਣ ਤੇ ਉਹਦੀ ਘਰ ਵਾਲੀ ਪਾਰੋ ਚੜ੍ਹਾਈ ਕਰ ਗਏ ਨੇ। ਔਲਾਦ ਨਾ ਹੋਣ ਕਰ ਕੇ ਬ੍ਰਾਹਮਣਾਂ ਦੀ ਥਾਂ ਖਾਲੀ ਸੀ, ਪਰ ਹਿਮਾਚਲ ਤੋਂ ਆ ਕੇ ਪਿੰਡ ਦੀ ਸੁਸਾਇਟੀ ਵਿਚ ਕੰਮ ਕਰਨ ਵਾਲਾ ਸ਼ਾਦੀ ਲਾਲ ਸ਼ਰਮਾ ਪੱਕੀ ਕੋਠੀ ਪਾ ਕੇ ਰਹਿ ਰਿਹਾ ਹੈ। ਉਹਦਾ ਚੰਗਾ ਸਤਿਕਾਰ ਹੈ। ਇਕ ਹੋਰ ਬ੍ਰਾਹਮਣ ਵੀ ਬਾਹਰੋਂ ਆ ਕੇ ਰਹਿ ਪਿਆ ਹੈ, ਪਰ ਉਹਦੀ ਗੱਲ ਪਿੰਡ ਘੱਟ ਹੀ ਕਰਦਾ ਹੈ, ਕਿਉਂਕਿ ਉਹਨੇ ਪਿੰਡ ਨੂੰ ਦਿੱਤਾ ਬੜਾ ਕੁਝ ਐ, ਪਰ ਬੇਇਤਫਾਕੀ ਹੀ। ਯੁੱਗ ਬਦਲ ਗਏ ਨੇ, ਪਰ ਪਿੰਡ ਦੇ ਸਾਂਹਸੀ ਬਰਾਦਰੀ ਦੇ ਲੋਕਾਂ ਦਾ ਸੁਧਾਰ ਨਹੀਂ ਹੋਇਆ। ਪਹਿਲਾਂ ਉਹ ਭੁੱਕੀ ਵੇਚਦੇ ਹੁੰਦੇ ਸੀ, ਹੁਣ ਨਵੇਂ ਯੁੱਗ ਵਿਚ ਨਵੇਂ ਨਸ਼ੇ ਵੇਚ ਰਹੇ ਹਨ। ਜਿਹੜੇ ਮੇਰੇ ਨਾਲ ਦੋ-ਤਿੰਨ ਪੜ੍ਹਦੇ ਹੁੰਦੇ ਸੀ, ਝੋਟੇ ਵਰਗੇ ਸੀ ਪਰ ਦਸ-ਬਾਰਾਂ ਸਾਲ ਹੋ ਗਏ ਨੇ, ਮਰ ਗਏ ਨੇ। ਪਹਿਲਾਂ ਇਕ ਬਜ਼ੁਰਗ ਅਮਲੀ ਹੁੰਦਾ ਸੀ ਰੁਲਦੂ, ਹੁਣ ਹਰ ਤੀਜੇ-ਚੌਥੇ ਘਰ ਵਿਚ ਰੁਲਦੂ ਹੈ ਪਰ ਹੈ ਜੁਆਨ। ਅਮਲੀ ਰੁਲਦੂ ਦੀਆਂ ਕਹਾਣੀਆਂ ਦੇ ਕਿੱਸੇ ਮੈਂ ਕਦੇ ਫੇਰ ਸੁਣਾਵਾਂਗਾ।
ਮੇਰੇ ਵਰਗਾ ਪਿੰਡਾਂ ਵਿਚ ਬਚਪਨ ਕਈਆਂ ਦਾ ਬੀਤਿਆ ਹੋਵੇਗਾ। ਮੈਂ ਉਦੋਂ ਛੇਵੀਂ ‘ਚ ਪੜ੍ਹਦਾ ਸੀ, ਕਿਸੇ ਮੇਲੇ ਤੋਂ ਜਿਉਣੇ ਮੌੜ ਦਾ ਕਿੱਸਾ ਖਰੀਦ ਲਿਆਇਆ। ਉਹਦੇ ਵਿਚ ਕਿਸ਼ਨਾ ਤੇ ਜਿਉਣਾ- ਦੋ ਪਾਤਰ ਪੜ੍ਹੇ। ਸੁਭੈਕੀ, ਮੇਰੇ ਪਿੰਡ ਵਿਚ ਵੀ ਚਾਚੇ ਤੇ ਤਾਏ ਦੇ ਪੁੱਤ ਕਿਸ਼ਨਾ ਤੇ ਜਿਉਣਾ ਸਨ। ਕਿਸ਼ਨੇ ਨੂੰ ਲੋਕ ਟਿਕਾ ਕੇ ਮੌੜ ਕਹਿੰਦੇ ਸਨ। ਮੇਰੇ ਅੰਦਰ ਲਿਖਣ ਦੀ ਜਿਹੜੀ ਪਹਿਲੀ ਲਾਲਸਾ ਉਠੀ, ਉਹ ਇਹੋ ਸੀ ਕਿ ‘ਹੈਂ! ਇਹ ਕਿੱਸਾ ਮੇਰੇ ਪਿੰਡ ਦੇ ਬੰਦਿਆਂ ‘ਤੇ ਲਿਖਿਆ ਗਿਆ ਹੈ।’ ਨਿਆਣੀ ਬੁੱਧੀ ਤੇ ਪਿੰਡ ਦੇ ਚੌਕੀਦਾਰ ਈਸ਼ਰ ਨੇ ਮੇਰੇ ਮਨ ਵਿਚ ਇਹ ਗੱਲ ਹੋਰ ਪੱਕੀ ਕਰ ਦਿੱਤੀ। ਹੋਇਆ ਇਉਂ ਕਿ ਮੇਰਾ ਵਿਸ਼ਵਾਸ ਬਣ ਗਿਆ ਕਿ ਕਿੱਸੇ ਵਾਲੇ ਪਾਤਰ ਇਹੀ ਹਨ। ਇਕ ਦੁਪਹਿਰ ਉਹ ਸਾਡੇ ਘਰਾਂ ਕੋਲ ਛੱਲੀਆਂ ਗੁੱਡਣ, ਹੱਥ ਵਿਚ ਮੇਰੇ ਉਹੀ ਕਿੱਸਾ, ਤੇ ਮੈਂ ਸੰਗਦਾ ਜਿਹਾ ਚਲੇ ਗਿਆ ਕੋਲ ਨੂੰæææਪੁੱਛ ਹੀ ਲਿਆ, “ਤਾਇਆ, ਤੁਸੀਂ ਤਾਂ ਦੋਵੇਂ ਬਹੁਤ ਵੱਡੇ ਬੰਦੇ ਸੀæææਥੋਡੇ ਤੋਂ ਤਾਂ ਦੁਨੀਆਂ ਡਰਦੀ ਸੀ। ਆਹ ਕਿੱਸੇ ਛਪੇ ਨੇ ਤੁਹਾਡੇæææਪਰ ਗੁੱਡਦੇ ਤੁਸੀਂ ਛੱਲੀਆਂ ਹੋ?”
ਕਿਸ਼ਨਾ ਕਹਿਣ ਲੱਗਾ, “ਅਹੁ ਪਈ ਆ ਵੱਟ ‘ਤੇ ਇਕ ਹੋਰ ਰੰਬੀ, ਪਹਿਲਾਂ ਆਹ ਕਿਆਰਾ ਗੁਡਾ ਸਾਡੇ ਨਾਲ, ਫੇਰ ਦੱਸਦੇ ਆਂ।”
ਹੋਇਆ ਤਾਂ ਬੁਰਾ ਹਾਲ, ਪਰ ਲਾਲਚ ਨੂੰ ਮੈਂ ਲੱਗਾ ਰਿਹਾ। ਜਦੋਂ ਕਿਆਰਾ ਪੂਰਾ ਹੋਇਆ ਤਾਂ ਜਿਉਣਾ ਸਿਰੋਂ ਸਾਫਾ ਲਾਹ ਕੇ ਮੂੰਹ ਪੂੰਝਦਾ ਬੋਲਿਆ, “ਜੁਆਨਾ, ਪੁੱਛ ਕੀ ਪੁੱਛਣਾ?”
“ਤੀਆਂ ਲੌਂਗੋਵਾਲ ਦੀਆਂ ਤੁਸੀਂ ਲੁੱਟੀਆਂ ਸੀ?”
“ਆਹੋ, ਤੈਨੂੰ ਮੇਰਾ ਸਰੀਰ ਨਹੀਂ ਦੀਹਦਾ ਭਲਵਾਨਾਂ ਵਰਗਾ।”
“ਪਰ ਜਿਉਣਾ ਮੌੜ ਤਾਂ ਨੈਣਾ ਦੇਵੀ ਮੰਦਿਰ ਤੋਂ ਕਹਿੰਦੇ ਛਾਲ ਮਾਰ ਕੇ ਮਰ ਗਿਆ ਸੀ?”
ਉਹ ਦੋਵੇਂ ਹੱਸ ਪਏ, ਪਰ ਭੇਤ ਫਿਰ ਵੀ ਰੱਖ ਗਏ। ਇਕੱਠੇ ਹੀ ਬੋਲੇ, “ਉਹ ਭੋਲਿਆ ਮੁੰਡਿਆæææਨਿਹੰਗਾਂ ਵਾਂਗੂੰ ਅਸੀਂ ਵੀ ਨਾਲ ਦਾ ਚੁੱਕ ਕੇ ਹੇਠਾਂ ਸੁੱਟ’ਤਾ ਸੀ।”
ਸਾਲ ਕੁ ਬਾਅਦ ਇਹ ਭੇਤ ਤਾਂ ਖ਼ੈਰ ਖੁੱਲ੍ਹ ਗਿਆ ਸੀ, ਪਰ ਮੇਰੇ ਅੰਦਰ ਉਨ੍ਹਾਂ ਨੇ ਕਲਾ ਦਾ ਦੀਵਾ ਜ਼ਰੂਰ ਰੱਖ ਦਿੱਤਾ ਸੀ ਜੋ ਦੇਰ ਨਾਲ ਫਿਰ ਜਗਣ ਲੱਗ ਪਿਆ ਸੀ।
ਜਰਾਇਤੀ ਵਿਭਾਗ ਦੇ ਅੰਕੜਿਆਂ ਮੁਤਾਬਿਕ ਸੌਲਾਂ ਸੌ ਦੇ ਕਰੀਬ ਖੇਤੀ ਜੋਗ ਰਕਬਾ ਸੀ ਪਿੰਡ ਕੋਲ ਜਿਥੇ ਬਲਦਾਂ ਦੀ ਖੇਤੀ ਹੁੰਦੀ ਸੀ, ਪਰ ਹੁਣ ਟੇਪਾਂ ਵਾਲੇ ਟਰੈਕਟਰ ਹਨ ਤੇ ਦੋ-ਤਿੰਨ ਨਸ਼ਈ ਪਿੰਡ ‘ਚ ਅਕਸਰ ਸ਼ਾਨ-ਏ-ਪੰਜਾਬ ਵਾਂਗ ਭਜਾਉਂਦੇ ਹਨ। ਆਬਾਦੀ ਦਾ ਅੰਦਾਜ਼ਾ ਇਸ ਫਾਰਮੂਲੇ ਨਾਲ ਲਾ ਲਓ ਕਿ ਵੋਟਾਂ 25 ਸੌ ਤੋਂ ਉਪਰ ਹੋ ਗਈਆਂ ਨੇ। ਦਿਲਬਾਗ ਸਿੰਘ ਕਰ ਕੇ ਬੜੀ ਦੇਰ ਵੋਟਾਂ ਇਕਪਾਸੜ ਹੀ ਪਹਿਲਾਂ ਗਾਂ-ਵੱਛੇ ਨੂੰ, ਤੇ ਫਿਰ ਪੰਜੇ ਨੂੰ ਪੈਂਦੀਆਂ ਰਹੀਆਂ। ਹੁਣ ਅਕਾਲੀ ਵੀ ਆ ਵੜੇ ਨੇ, ਹਾਥੀ ਵਾਲੇ ਵੀ ਤੇ ਐਤਕਾਂ ਝਾੜੂ ਵਾਲਿਆਂ ਨੇ ਵੀ ਚੰਗੀਆਂ ਵੋਟਾਂ ਕੱਢੀਆਂ। ਕਾਮਰੇਡ ਪਿੰਡ ‘ਚ ਕੋਈ ਹੈ ਨਹੀਂ, ਨਾ ਸੱਜੇਪੱਖੀ ਨਾ ਖੱਬੇਪੱਖੀ। ਆਜ਼ਾਦੀ ਤੋਂ ਬਾਅਦ ਚਾਲੀ ਸਾਲ ਪੰਚਾਇਤੀ ਸਰਬਸੰਮਤੀ ਨਾਲ ਚੁਣੀ ਜਾਂਦੀ ਰਹੀ, ਪਰ ਵੋਟਾਂ ਨਾਲ ਪੂਰੀ ਖਿਚੋਤਾਣ ਹੈ ਤੇ ਕਈ ਘਰਾਂ ਵਿਚ ਚੁੱਲ੍ਹਿਆਂ ‘ਤੇ ਪਤੀਲਾ ਕਾਂਗਰਸੀਆਂ ਦਾ ਤੇ ਕੜਛੀ ਅਕਾਲੀਆਂ ਦੀ ਫਿਰਨ ਕਰ ਕੇ ਮੁਕੱਦਮਿਆਂ ਦੇ ਖਾਤੇ ਵੀ ਖੁੱਲ੍ਹ ਗਏ ਹਨ। ਇਤਿਹਾਸਕ ਪੱਖੋਂ ਕਹੀ ਜਾਂਦੇ ਨੇ ਕਿ ਨੌਰਾ ਤੇ ਭੌਰਾ ਨਾਂ ਦੇ ਦੋ ਭਰਾ ਸਨ ਜਿਨ੍ਹਾਂ ਨੇ ਆਪੋ-ਆਪਣੇ ਨਾਂ ‘ਤੇ ਪਿੰਡ ਵਸਾਏ, ਪਰ ਇਹ ਕੋਈ ਪ੍ਰਮਾਣਿਤ ਤੱਥ ਨਹੀਂ। ਪਿੰਡ ਵਿਚ ਹਾਲੇ ਮਸੀਤ ਹੈ, ਮੁਸਲਮਾਨਾਂ ਦੇ ਕਈ ਵੀਰਾਨ ਘਰ ਉਵੇਂ ਪਏ ਹਨ। ਵੰਡ ਤੋਂ ਪਹਿਲਾਂ ਇਥੇ ਬਹੁ-ਗਿਣਤੀ ਰਾਜਪੂਤ ਮੁਸਲਮਾਨ ਰਹਿੰਦੇ ਸਨ, ਤੇ ਪਿੰਡ ‘ਚ ਪਾਗਲ ਹੋ ਕੇ ਮਰਨ ਵਾਲੇ ਕੁਝ ਲੋਕਾਂ ਨੇ ਉਨ੍ਹਾਂ ਦਾ ਵੱਡੀ ਪੱਧਰ ‘ਤੇ ਕਤਲੋਗਾਰਤ ਕੀਤਾ ਸੀ।
ਪਿੰਡ ‘ਚ ਕੋਈ ਕੱਚਾ ਘਰ ਨਹੀਂ, ਨਾ ਹੀ ਉਹ ਘਰ ਹੈ ਜਿਸ ਦਾ ਕੋਈ ਪਰਿਵਾਰਕ ਮੈਂਬਰ ਵਿਦੇਸ਼ ਨਹੀਂ। ਹਰ ਗਲੀ-ਨਾਲੀ ਹੀ ਪੱਕੀ ਨਹੀਂ, ਫੁੱਟਪਾਥ ਵੀ ਪੱਕੇ ਹਨ। ਨੌਂ ਪੱਕੀਆਂ ਸੜਕਾਂ ਪਿੰਡ ਵਿਚ ਦਾਖਲ ਹੁੰਦੀਆਂ ਹਨ ਤੇ ਚਿੱਟੀ ਬੇਈਂ ‘ਤੇ ਇਕ ਕਿਲੋਮੀਟਰ ਦੇ ਵਕਫੇ ਵਿਚ ਪੰਜ ਪੁਲ ਹਨ ਜਿਨ੍ਹਾਂ ਵਿਚੋਂ ਕਹਿੰਦੇ ਨੇ ਤਿੰਨ, ਦਿਲਬਾਗ ਸਿੰਘ ਦੀ ਜ਼ਮੀਨ ਨੂੰ ਦੋਹੀਂ ਪਾਸੀਂ ਜੋੜਨ ਲਈ ਬਣੇ ਸਨ। ਪਿੰਡ ਵਿਚ ਟੈਲੀਫੋਨ ਐਕਸਚੇਂਜ ਉਦੋਂ ਬਣ ਗਈ ਸੀ ਜਦੋਂ ਜਲੰਧਰ ਵੀ ਬੁੱਕ ਕਰਵਾ ਕੇ ਫੋਨ ਕੁਨੈਕਸ਼ਨ ਨਹੀਂ ਸਨ ਲਗਦੇ, ਤੇ ਪਿੰਡ ਦੀ ਸਹਿਕਾਰੀ ਸਭਾ ਕੋਲ ਕਿਸਾਨਾਂ ਤੇ ਗੈਰ-ਕਾਸ਼ਤਕਾਰਾਂ ਨੂੰ ਆਪ ਕਰਜ਼ਾ ਦੇਣ ਦੀ ਸਮਰੱਥਾ ਹੈ।
ਮੇਰੇ ਪਿੰਡ ‘ਚ ਤਿੰਨ ਗੁਰਦੁਆਰੇ ਨੇ। ਇਕ ਬਾਰ ਤੋਂ ਆਏ ਸਿੱਖਾਂ ਦਾ, ਇਕ ਪੱਕਿਆਂ ਦਾ ਤੇ ਇਕ ਰਵਿਦਾਸੀਆਂ ਦਾ। ਗੁੱਗਾ ਪੀਰ, ਜ਼ਾਹਰ ਪੀਰ, ਪੰਜ ਪੀਰ, ਸ਼ਿਵ ਦੁਆਲਾ, ਬਾਬਾ ਪੁੰਨੂੰ, ਜਤੀਆਂ, ਸਤੀਆਂ ਤੇ ਤੇਰਾਂ ਸਥਾਨ ਇਸ ਸਮੇਂ ਦੇ ਦੌਰ ‘ਚ ਜਨਮੇ ਪਿੱਤਰਾਂ-ਜਠੇਰਿਆਂ ਦੇ ਹਨ। ਮੇਲੇ ਸਾਰਿਆਂ ‘ਤੇ ਲਗਦੇ ਹਨ। ਸਕੂਲ ਹੈ, ਮੱਛੀ ਪਾਲਣ ਕੇਂਦਰ ਫੇਲ੍ਹ ਹੋ ਗਿਆ। ਜ਼ੋਰ ਤੋਂ ਹੱਥ ਖੜ੍ਹੇ ਕਰਦੀ ਜਾ ਰਹੀ ਜਵਾਨੀ ਕਾਰਨ ਹੈਲਥ ਕਲੱਬ ਫੇਲ੍ਹ ਹੋ ਗਿਆ। ਧੜੇਬੰਦੀਆਂ ਕਰ ਕੇ ਖੇਡ ਮੇਲਾ ਹੁੰਦਾ ਨਹੀਂ, ਫੁੱਟਬਾਲ ਕਬੱਡੀ ਨੂੰ ਕ੍ਰਿਕਟ ਨਿਗਲ ਗਈ ਹੈ। ਏਡਜ਼ ਨਾਲ ਵੀ ਮੌਤਾਂ ਹੋ ਗਈਆਂ। ਕਿਰਦਾਰ ਵਿਕਣ ਕਰ ਕੇ ਖਤਰਾ ਹਾਲੇ ਕਾਇਮ ਹੈ। ਬਜ਼ੁਰਗ ਸ਼ਾਂਤ ਹੋ ਰਹੇ ਨੇ ਤੇ ਮੁੰਡ੍ਹੀਰ ਰੌਲਾ ਪਾਉਣ ਲਈ ਕਾਹਲੀ ਹੈ।
ਤੇਜੂ ਤੇ ਬਲਵੀਰੋ ਦੋ ਮੀਆਂ-ਬੀਵੀ ਦੇ ਮਰਾਸੀਆਂ ਤੋਂ ਵੀ ਵੱਡੇ ਹਾਸਰਸ ਕਲਾਕਾਰ ਵਿਚਰੇ ਹਨ ਜਿਨ੍ਹਾਂ ਦੀ ਗੱਲ ਕਦੇ ਫੇਰ ਕਰਾਂਗਾ। ਆਜ਼ਾਦੀ ਤੋਂ ਬਾਅਦ ਲਖਵੀਰ ਸਿੰਘ, ਪਿਆਰਾ ਸਿੰਘ, ਕੈਪਟਨ ਹਰੀ ਸਿੰਘ, ਗਰੀਬ ਦਾਸ, ਅਵਤਾਰ ਸਿੰਘ ਢਾਡੀ, ਅਵਤਾਰ ਗਹੂਣੀਆਂ, ਲਛਮੀ ਦੇਵੀ, ਕੁਲਦੀਪ ਸਿੰਘ ਸਰਪੰਚ ਰਹੇ। ਗੁਰਬਖ਼ਸ਼ ਸਿੰਘ, ਭਾਨ ਸਿੰਘ ਤੇ ਦੀਵਾਨ ਸਿੰਘ ਬਿਨਾਂ ਕਾਨੂੰਨੀ ਪੜ੍ਹਾਈ ਦੇ ਪਿੰਡ ਅੜਿੱਕਾ ਪਾਊ ਵਕੀਲ ਰਹੇ ਹਨ। ਪ੍ਰੋæ ਰਜਿੰਦਰ ਸ਼ਰਮਾ ਨੇ ਅਮਰੀਕਾ ਵਿਚ ਪ੍ਰੋਫੈਸਰ ਲੱਗ ਕੇ ਜਸ ਖੱਟਿਆ ਹੈ। ਬੰਤ ਸਿੰਘ ਇੰਗਲੈਂਡ ਵਿਚ ਤੇ ਕੈਨੇਡਾ ਵਿਚ ਗੁਰਚਰਨ ਭੌਰਾ ਤੇ ਸੁਖਵਿੰਦਰ ਭੌਰਾ, ਇਟਲੀ ਵਿਚ ਹਿੰਮਤ ਚੇੜਾ ‘ਤੇ ਪਿੰਡ ਮਾਣ ਕਰਦਾ ਹੈ।
ਖੀਰਾਂ-ਪੂੜਿਆਂ ਦੀ ਗੱਲ ਮੁੱਕ ਗਈ ਹੈ, ਪੀਘਾਂ ਨਹੀਂ ਪੈਂਦੀਆਂ। ਜਾਤ-ਪਾਤ ਦੇ ਪੱਧਰ ‘ਤੇ ਹੀ ਤਿੰਨ ਕਬਰਸਤਾਨ ਹਨ। ਪਿੰਡ ਦੇ ਚਹੁੰ ਪਾਸੀਂ ਸ਼ਰਾਬ ਦੇ ਠੇਕੇ ਹਨ, ਬਾਕੀ ਨਸ਼ਾ ਮੋਟਰ ਸਾਇਕਲਾਂ ‘ਤੇ ਘੁੰਮਦਾ ਹੈ। ਦਿਨ ਢਲਦਿਆਂ ਹੀ ਹਰ ਦੂਜੇ ਘਰ ਵਿਚੋਂ ਸਾਇਕਲ, ਸਕੂਟਰ ਠੇਕੇ ਵੱਲ ਜਾ ਰਹੇ ਹੁੰਦੇ ਹਨ।
ਪਰ ਜਿਹੜੀ ਨਿਸ਼ਾਨੀ ਹਾਲੇ ਪਿੰਡ ਦੀ ਬਚਦੀ ਹੈ, ਉਸੇ ਕਰ ਕੇ ਤੁਹਾਨੂੰ ਸਲਾਹ ਦਿਆਂਗਾ ਕਿ ਕਦੇ ਮੌਕਾ ਮਿਲਿਆ ਤਾਂ ਮੇਰੇ ਪਿੰਡ ਭੌਰੇ ਗੇੜਾ ਮਾਰਿਓ ਜੂਨ-ਜੁਲਾਈ ਦੇ ਮਹੀਨੇ। ਦੋ ਕਿੱਲਿਆਂ ‘ਚ ਦੇਸੀ ਖਜੂਰਾਂ ਨੇ। ਜਦੋਂ ਅਸੀਂ ਛੋਟੇ ਸਾਂ ਤਾਂ ਇਨ੍ਹਾਂ ਮਹੀਨਿਆਂ ਵਿਚ ਉਥੇ ਸ਼ਾਮ ਵੇਲੇ ਰੱਜ ਕੇ ਰੌਣਕ ਹੁੰਦੀ ਸੀ। ਪਿੰਡ ਵਾਲੇ ਰਿਸ਼ਤੇਦਾਰਾਂ ਨੂੰ ਖਜੂਰਾਂ ਤੋਹਫੇ ਵਿਚ ਭੇਜਦੇ ਸਨ। ਉਹ ਗੱਲ ਤਾਂ ਨਹੀਂ, ਫਿਰ ਵੀ ਗੱਲ ਤਾਂ ਹੈਗੀ ਆ।
ਪਿੰਡ ਦੇ ਵਿਚਾਲੇ ਦੋ ਉਚੀਆਂ ਖਜੂਰਾਂ, ਟੈਲੀਫੋਨ ਦਾ ਟਾਵਰ ਦੇਖ ਕੇ ਦੂਰੋਂ ਪਤਾ ਲੱਗ ਜਾਂਦਾ ਹੈ ਜਦੋਂ ਬੰਗਿਆਂ ਤੋਂ ਸ੍ਰੀ ਆਨੰਦਪੁਰ ਸਾਹਿਬ ਮਾਰਗ ‘ਤੇ ਨੌਰੇ ਤੋਂ ਅੱਗੇ ਖੱਬੇ ਪਾਸੇ ਦੇਖੋ ਕਿ ‘ਆਹ ਹੈ ਪਿੰਡ ਭੌਰਾ।’
ਕਈ ਵਾਰ ਮਾਂ-ਬਾਪ ਦੇ ਸਾਰੇ ਅੜਿੱਕੇ ਡਾਹੁਣ ਦੇ ਬਾਵਜੂਦ ਕਈ ਜੀਅ ਘਰ ਵਿਚ ਆ ਹੀ ਜਾਂਦੇ ਹਨ, ਪਰ ਹੁੰਦੇ ਉਸ ਫੁਲਕੇ ਵਰਗੇ ਹਨ ਜਿਹੜਾ ਰੱਜਿਆ ਬੰਦਾ ਵੀ ਸੁਆਦ ਵਿਚ ਵਾਧੂ ਖਾ ਲੈਂਦਾ ਹੈ। ਹੋ ਸਕਦਾ ਹੈ, ਪਿੰਡ ਵਿਚ ਮੇਰੀ ਆਮਦ ਇੱਦਾਂ ਹੀ ਹੋਈ ਹੋਵੇ, ਪਰ ਪਿਛਲੇ ਕੁਝ ਵਰ੍ਹਿਆਂ ਤੋਂ ਪਿੰਡ ਮੈਂ ਆਪਣੀ ਮਾਂ ਪ੍ਰਕਾਸ਼ ਕੌਰ ਦੇ ਨਾਂ ‘ਤੇ ਅੱਖਾਂ ਦਾ ਮੁਫਤ ਕੈਂਪ ਲਾਉਂਦਾ ਹਾਂ। ਐਤਕਾਂ ਪਿੰਡ ਦਾ ਇਕ ਬਜ਼ੁਰਗ ਤਾਰਾ ਸਿੰਘ ਜਿਸ ਨੂੰ ਸਾਰੇ ਬਾਈ ਹੀ ਕਹਿੰਦੇ ਹਨ, ਜਦੋਂ ਓਪਰੇਸ਼ਨ ਤੋਂ ਬਾਅਦ ਉਹਦੀਆਂ ਅੱਖਾਂ ਤੋਂ ਡਾਕਟਰ ਨੇ ਪੱਟੀ ਖੋਲ੍ਹੀ, ਤਾਂ ਉਹ ਮੇਰਾ ਮੋਢਾ ਫੜ ਕੇ ਕਹਿਣ ਲੱਗਾ, “ਤੇਰੇ ਘਰ ਦੇ ਕੋਲ ਮੰਤਰੀਆਂ ਦੀ ਮਾਂ ਦੀ ਕਬਰ ਢਹਿ-ਢੇਰੀ ਹੋਈ ਪਈ ਹੈ, ਬਾਕੀ ਜ਼ਮੀਨ ਵੇਚ ਲਈ। ਜਿਉਂਦਾ ਰਹਿ ਜੁਆਨਾ, ਪੁੱਤ ਹੋਵੇ ਤਾਂ ਤੇਰੇ ਵਰਗਾ। ਪਿੰਡ ਦਾ ਨਾਂ ਤਾਂ ‘ਤਹਾਂ ਚੱਕ ਹੀ ਦਿੱਤਾ ਮਾਂ ਦੇ ਨਾਂ ‘ਤੇ ਅੱਖਾਂ ਦੇ ਕੈਂਪ ਲਾਉਨੈਂæææਮਾਣ ਹੈ ਤੇਰੇ ‘ਤੇ।”
ਤੇ ਮੈਨੂੰ ਲੱਗਾ ਸੀ, ਆਹ ਮਿਲਿਆ ਸਾਹਿਤ ਅਕਾਦਮੀ ਦਾ ਪੁਰਸਕਾਰ।
_____________________________

ਗੱਲ ਬਣੀ ਕਿ ਨਹੀਂ
ਹਾਕਮ ਕੱਫਣ ਪਾਉਣ
ਨਾ ਉਹ ਸੁਰਮਾ ਰਹਿ ਗਿਆ ਨਾ ਮਟਕਾਉਣ ਦਾ ਚੱਜ।
ਕੱਲ੍ਹ ਦੀਆਂ ਟਾਹਰਾਂ ਮਾਰਦੇ, ਪੱਲੇ ਹੈ ਨਹੀਂ ਅੱਜ।
ਬੰਦੂਕਾਂ ਹੇਠ ਲਕੋ ਲਿਆ ਫੜ੍ਹ ਕੇ ਜੋਰਾ ਜਰ
ਦੁਨੀਆਂ ਫਿਰਦੀ ਭਾਲਦੀ ਕਿਥੇ ਕਰੀਏ ਹੱਜ।
ਚਿੜੀਆਂ ਖਾਧੀਆਂ ਬਾਜ਼ ਨੇ ਕੂੰਜਾਂ ਛੱਡਣ ਡਾਰ
ਔਰਤ ਧਾਹਾਂ ਮਾਰਦੀ ਤਨ ਨਹੀਂ ਹੁੰਦਾ ਕੱਜ।
ਲੋਕੀਂ ਤਰਲੇ ਮਾਰਦੇ ਨਾ ਇੰਦਰ ਸੁਣੇ ਪੁਕਾਰ
ਮਘੇਲਾ ਨਹੀਂਓਂ ਵਰ੍ਹੇਗਾ ਬੱਦਲ ਹਟ ਜੂ ਗੱਜ।
ਲੀਡਰ ਨੇ ਸਹੁੰ ਚੁੱਕ ਲਈ ਮੂਹਰੇ ਰੱਖ ਸੰਵਿਧਾਨ
ਮੁਲਕ ਤਾਂ ਲੁੱਟਣਾ ਪਏਗਾ ਊਂ ਨਹੀਂ ਆਉਣਾ ਰੱਜ।
ਰੋਂਦੇ ਸੰਖ, ਘੜਿਆਲ ਅਤੇ ਚਿਮਟਾ ਰੋਂਦਾ ਅੱਡ
ਬਸੰਤ ਲੁੱਟ ਕੇ ਲੈ ਗਏ ਸਾਡਾ ਲਾ ਕੇ ਪੱਜ।
ਉਠ ਮਨਾਂ ਮੂਰਖਾ ਹੁਣ ਦੇ ਗੋਡੇ ਹੇਠਾਂ ਧੌਣ
ਅੰਦਰੋਂ ਮਰੀ ਮਨੁੱਖਤਾ ਹਾਕਮ ਕੱਫਣ ਪਾਉਣ।
-ਐਸ਼ ਅਸ਼ੋਕ ਭੌਰਾ

Be the first to comment

Leave a Reply

Your email address will not be published.