ਗੁਰਬਖਸ਼ ਸਿੰਘ ਸੋਢੀ
ਮਸ਼ਹੂਰ ਅਦਾਕਾਰਾ ਅਤੇ ਫਿਲਮਸਾਜ਼ ਨੰਦਿਤਾ ਦਾਸ ਦਾ ਨਵਾਂ ਨਾਟਕ Ḕਬੈਟਵੀਨ ਦਿ ਲਾਈਨਜ਼Ḕ ਅਕਤੂਬਰ ਦੇ ਆਖ਼ਰੀ ਹਫ਼ਤੇ ਨਿਊ ਯਾਰਕ ਦੇ Ḕਮਿਊਜ਼ੀਅਮ ਆਫ ਮੂਵਿੰਗ ਇਮੇਜਸḔ ਵਿਚ ਪੇਸ਼ ਕੀਤਾ ਗਿਆ ਤਾਂ ਦਰਸ਼ਕ ਅਸ਼-ਅਸ਼ ਕਰ ਉਠੇ। ਇਸ ਪੇਸ਼ਕਾਰੀ ਤੋਂ ਬਾਅਦ ਦਰਸ਼ਕਾਂ ਦੀਆਂ ਵਧਾਈਆਂ ਦਾ ਤਾਂਤਾ ਹੀ ਲੱਗ ਗਿਆ। ਇਹ ਨਾਟਕ ਨੰਦਿਤਾ ਦਾਸ ਦੇ ਪਤੀ ਸੁਬੋਧ ਮਸਕਾਰਾ ਦੇ ਦਿਮਾਗ ਦੀ ਉਪਜ ਹੈ। ਦੋਹਾਂ ਨੇ ਇਸ ਨਾਟਕ ਲਈ ਟਿੱਲ ਵੀ ਪੂਰਾ ਲਾਇਆ ਅਤੇ ਨਤੀਜਾ ਸਭ ਦੇ ਸਾਹਮਣੇ ਹੈ। ਹੁਣ ਇਹ ਜੋੜੀ ਆਪਣੀ ਇਸ ਉਮਦਾ ਪੇਸ਼ਕਾਰੀ ਦੀ ਕਾਮਯਾਬੀ ਤੋਂ ਫੁੱਲੀ ਨਹੀਂ ਸਮਾ ਰਹੀ।
ਨਿਊ ਯਾਰਕ ਤੋਂ ਬਾਅਦ ਇਹੀ ਪੇਸ਼ਕਾਰੀ ਕੁਨੈਕਟੀਕਟ ਵਿਚ ਯੇਲ ਯੂਨੀਵਰਸਿਟੀ ਦੇ ਵ੍ਹਿਟਨੀ ਹਿਊਮੈਨਟੀਜ਼ ਸੈਂਟਰ ਆਡੀਟੋਰੀਅਮ ਵਿਖੇ ਕੀਤੀ ਗਈ। ਉਥੇ ਵੀ ਦਰਸ਼ਕਾਂ ਦਾ ਹੁੰਗਾਰਾ ਬੇਮਿਸਾਲ ਸੀ। ਦਰਸ਼ਕ ਇਸ ਕਲਾਕਾਰ ਜੋੜੀ ਨੂੰ ਮਿਲਣ ਲਈ ਪੱਬਾਂ ਭਾਰ ਹੋ ਰਹੇ ਸਨ। ਇਸ ਨਾਟਕ ਵਿਚ ਨੰਦਿਤਾ ਦਾਸ ਅਤੇ ਸੁਬੋਧ ਮਸਕਾਰਾ ਨੇ ਪਤੀ-ਪਤਨੀ ਦੇ ਕਿਰਦਾਰ ਹੀ ਨਿਭਾਏ ਹਨ। ਅਗਲੀ ਪੇਸ਼ਕਾਰੀ ਸ਼ਿਕਾਗੋ ਵਿਚ 22 ਅਤੇ 23 ਨਵੰਬਰ ਨੂੰ ਕੀਤੀ ਜਾ ਰਹੀ ਹੈ। ਇਹ ਨਾਟਕ ḔਸਿਨੇਪਲੇḔ ਦੇ ਬੈਨਰ ਹੇਠ ਪੇਸ਼ ਕੀਤਾ ਜਾ ਰਿਹਾ ਹੈ। ਇਸ ਸੰਸਥਾ ਦੇ ਮੋਢੀ ਅਤੇ ਮੁਖੀ ਖੁਦ ਸੁਬੋਧ ਮਸਕਾਰਾ ਹਨ।
ਇਸ ਨਾਟਕ ਦੀ ਇਕ ਹੋਰ ਖਾਸੀਅਤ ਇਹ ਸੀ ਕਿ ਇਹ ਨਾਟਕ ਸਕਰੀਨ ਕੀਤਾ ਗਿਆ। ਨੰਦਿਤਾ ਦਾਸ ਦੱਸਦੀ ਹੈ, “ਨਿਊ ਯਾਰਕ ਦੇ Ḕਮਿਊਜ਼ੀਅਮ ਆਫ ਮੂਵਿੰਗ ਇਮੇਜਸḔ ਵਿਚ ਮਿਲਿਆ ਹੁੰਗਾਰਾ ਬੇਮਿਸਾਲ ਸੀ। ਮੈਂ ਇੰਨਾ ਵੱਡਾ ਸਕਰੀਨ ਪਹਿਲੀ ਵਾਰ ਹੀ ਦੇਖ ਰਹੀ ਸਾਂ।” ਇਹ ਨਾਟਕ ਨੰਦਿਤਾ ਦਾਸ ਅਤੇ ਦਿਵਿਆ ਜਗਦਲੇ ਨੇ ਰਲ ਕੇ ਲਿਖਿਆ ਹੈ। ਨਾਟਕ ਨੂੰ ਨਿਰਦੇਸ਼ਨ ਨੰਦਿਤਾ ਦਾਸ ਨੇ ਹੀ ਦਿੱਤਾ ਹੈ। ਉਹ ਨਿਊ ਯਾਰਕ ਵਿਚ ਨਾਟਕ ਦੀ ਪੇਸ਼ਕਾਰੀ ਬਾਰੇ ਵਾਰ-ਵਾਰ ਗੱਲਾਂ ਕਰਦੀ ਹੈ। ਉਸ ਮੁਤਾਬਕ, “ਪੇਸ਼ਕਾਰੀ ਤੋਂ ਬਾਅਦ ਨਾਟਕ ਦੀ ਲੇਖਕਾ ਦਿਵਿਆ ਜਗਦਲੇ ਨੂੰ ਦਰਸ਼ਕ ਜਿਸ ਤਰ੍ਹਾਂ ਮਿਲ ਰਹੇ ਸਨ, ਉਸ ਨਾਲ ਗੱਲਾਂ ਕਰ ਰਹੇ ਸਨ ਅਤੇ ਉਸ ਤੋਂ ਬਾਅਦ ਜਿਹੜੀ ਗੱਲਬਾਤ ਚੱਲੀ, ਉਹ ਚਿਣਗ ਬਾਲਣ ਵਾਲੀ ਸੀ।”
ਸੁਬੋਧ ਦਾ ਕਹਿਣਾ ਹੈ ਕਿ ਨਾਟਕਾਂ ਦੀ ਸਕਰੀਨਿੰਗ ਦੇ ਮਾਮਲੇ ਵਿਚ ḔਸਿਨੇਪਲੇḔ ਨੇ ਭਾਰਤ ਵਿਚ ਆਪਣੀ ਚੰਗੀ ਥਾਂ ਬਣਾਈ ਹੋਈ ਹੈ ਅਤੇ ਹੁਣ ਕੌਮਾਂਤਰੀ ਪੱਧਰ ਉਤੇ ਇਸ ਨੇ ਆਪਣੀ ਕਾਮਯਾਬੀ ਦਾ ਝੰਡਾ ਗੱਡ ਦਿੱਤਾ ਹੈ। ਉਹ ਖੁਸ਼ੀ ਵਿਚ ਖੀਵਾ ਹੋ ਰਿਹਾ ਸੀ ਕਿ ਇਸ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਇੰਨੀ ਵੱਡੀ ਪੱਧਰ ਉਤੇ ਹੁੰਗਾਰਾ ਭਰਿਆ ਹੈ। ਨਾਟਕ Ḕਬੈਟਵੀਨ ਦਿ ਲਾਈਨਜ਼Ḕ ਭਾਰਤ ਦੀ ਇਕ ਸ਼ਹਿਰੀ ਜੋੜੀ ਦਾ ਚਿਤਰਨ ਹੈ ਜੋ ਪੜ੍ਹੇ-ਲਿਖੇ ਹਨ ਅਤੇ ਆਪਣੇ ਆਲੇ-ਦੁਆਲੇ ਬਾਰੇ ਪੂਰੇ ਚੇਤੰਨ ਵੀ ਹਨ; ਪਰ ਜ਼ਿੰਦਗੀ ਦੇ ਇਕ ਮੋੜ ਉਤੇ ਆ ਉਹ ਆਧੁਨਿਕਤਾ ਅਤੇ ਰਵਾਇਤ ਦੇ ਪਾਟ ਰਹੇ ਰਸਤਿਆਂ ਉਤੇ ਪਹੁੰਚ ਜਾਂਦੇ ਹਨ। ਪਤੀ-ਪਤਨੀ ਦੇ ਆਪਸੀ ਤਕਰਾਰ ਨੂੰ ਨਾਟਕ ਵਿਚ ਬਹੁਤ ਸ਼ਿੱਦਤ ਨਾਲ ਪੇਸ਼ ਕੀਤਾ ਗਿਆ ਹੈ। ਨੰਦਿਤਾ ਦਾਸ ਨੇ ਆਪਣੇ ਕਰੀਅਰ ਦੌਰਾਨ ਹੁਣ ਤੱਕ 10 ਭਾਸ਼ਾਵਾਂ ਵਿਚ ਆਪਣਾ ਕੰਮ ਕੀਤਾ ਹੈ ਅਤੇ ḔਅਰਥḔ ਤੇ ḔਵਬੰਡਰḔ ਵਰਗੀਆਂ ਜਾਨਦਾਰ ਫਿਲਮਾਂ ਵਿਚ ਅਦਾਕਾਰੀ ਕੀਤੀ ਹੈ। 2002 ਵਿਚ ਹੋਏ ਗੁਜਰਾਤ ਕਤਲੇਆਮ ਬਾਰੇ ਉਸ ਨੇ ਫਿਲਮ Ḕਫ਼ਿਰਾਕḔ ਬਣਾਈ ਸੀ। ਇਸ ਫ਼ਿਲਮ ਨੂੰ ਕੌਮੀ ਅਤੇ ਕੌਮਾਂਤਰੀ ਮੇਲਿਆਂ ਵਿਚ ਖੂਬ ਹੁੰਗਾਰਾ ਮਿਲਿਆ। ਬਾਅਦ ਵਿਚ ਦਰਸ਼ਕਾਂ ਨੇ ਵੀ ਇਸ ਫਿਲਮ ਨੂੰ ਬੇਹੱਦ ਪ੍ਰਸੰਦ ਕੀਤਾ। ਇਸ ਫਿਲਮ ਨੇ 5 ਪੁਰਸਕਾਰ ਵੀ ਹਾਸਿਲ ਕੀਤੇ ਅਤੇ ਇਹ ਹਿੰਦੀ ਤੇ ਉਰਦੂ ਤੋਂ ਇਲਾਵਾ ਗੁਜਰਾਤੀ ਵਿਚ ਵੀ ਡੱਬ ਕੀਤੀ ਗਈ।
ਨੰਦਿਤਾ ਦਾਸ ਨਾਟਕ ਅਤੇ ਫ਼ਿਲਮਾਂ ਤੋਂ ਇਲਾਵਾ ਸਮਾਜਕ ਸਰੋਕਾਰਾਂ ਨਾਲ ਵੀ ਡੂੰਘੀ ਜੁੜੀ ਹੋਈ ਹੈ। 30 ਅਕਤੂਬਰ 2014 ਨੂੰ ਉਸ ਨੇ Ḕਸਿਨੇਮਾ ਅਤੇ ਸੁਸਾਇਟੀḔ ਬਾਰੇ ਟਫਟਸ ਯੂਨੀਵਰਸਿਟੀ ਵਿਚ ਲੈਕਚਰ ਦਿੱਤਾ। ਇਹ ਯੂਨੀਵਰਸਿਟੀ ਅਮਰੀਕੀ ਸ਼ਹਿਰ ਬੋਸਟਨ ਨੇੜੇ ਮੈਡਫਰਲਡ ਵਿਖੇ ਸਥਿਤ ਹੈ। ਨੰਦਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜਨ ਨਾਟਿਆ ਮੰਚ ਤੋਂ ਕੀਤੀ ਸੀ।
ḔਸਿਨੇਪਲੇḔ ਹੁਣ ਤੱਕ ਆਪਣੀਆਂ 5 ਪੇਸ਼ਕਾਰੀਆਂ ਕਾਮਯਾਬੀ ਨਾਲ ਨੇਪਰੇ ਚਾੜ੍ਹ ਚੁੱਕੀ ਹੈ ਅਤੇ 12 ਪ੍ਰੋਜੈਕਟਾਂ ਦੀ ਵੱਖ-ਵੱਖ ਪੜਾਵਾਂ Ḕਤੇ ਤਿਆਰੀ ਚੱਲ ਰਹੀ ਹੈ। ਨੰਦਿਤਾ ਦਾਸ ਅਤੇ ਸੁਬੋਧ ਮਸਕਾਰਾ ਚਾਹੁੰਦੇ ਹਨ ਕਿ ਉਹ ਆਪਣੇ ਇਹ ਨਾਟਕ ਵੱਧ ਤੋਂ ਵੱਧ ਲੋਕਾਂ ਤੱਕ ਲੈ ਕੇ ਜਾਣ।
Leave a Reply