ਸਿੱਖੀ ਕੀ ਸੀ ਤੇ ਕੀ ਹੈ-5
ਸਿੱਖੀ ਦੇ ਵੱਖ-ਵੱਖ ਪੱਖਾਂ ਬਾਰੇ ਚਰਚਾ ਪਿਛਲੇ ਕੁਝ ਅੰਕਾਂ ਤੋਂ ‘ਪੰਜਾਬ ਟਾਈਮਜ਼’ ਵਿਚ ਚੱਲ ਰਹੀ ਹੈ। ਇਨ੍ਹਾਂ ਲਿਖਤਾਂ ਵਿਚ ਸਿੱਖੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰਾਂ ਕਰਦਿਆਂ ਲੇਖਕਾਂ ਨੇ ਸਿੱਖਾਂ ਦੇ ਸਿੱਖੀ ਤੋਂ ਲਾਂਭੇ ਜਾਣ ਬਾਰੇ ਆਪੋ-ਆਪਣੇ ਫਿਕਰ ਸਾਂਝੇ ਕੀਤੇ ਹਨ। ਇਸ ਵਿਚਾਰ-ਚਰਚਾ ਤਹਿਤ ਪ੍ਰੋæ ਹਰਪਾਲ ਸਿੰਘ ਦੇ ਆਪਣੇ ਲੰਮੇ ਲੇਖ ਵਿਚ ਸਮੁੱਚੇ ਧਰਮਾਂ ਦੇ ਪ੍ਰਸੰਗ ਵਿਚ ਸਿੱਖੀ ਦੇ ਦਾਰਸ਼ਨਿਕ ਪੱਖਾਂ ਬਾਰੇ ਗੱਲਾਂ ਕੀਤੀਆਂ ਸਨ। ਪਿਛਲੇ ਅੰਕ ਵਿਚ ਉਨ੍ਹਾਂ ਸੰਸਾਰ ਭਰ ਵਿਚ ਜਾਤ-ਪਾਤ ਦੇ ਪਿਛੋਕੜ ਬਾਰੇ ਚਰਚਾ ਕੀਤੀ ਸੀ। ਇਸ ਵਾਰ ਇਸ ਲੇਖ ਦੀ ਆਖਰੀ ਕਿਸ਼ਤ ਛਾਪੀ ਜਾ ਰਹੀ ਹੈ ਜਿਸ ਵਿਚ ਉਨ੍ਹਾਂ ਜਾਤ-ਪਾਤ ਅਤੇ ਸਿੱਖੀ ਬਾਰੇ ਗੱਲਾਂ ਕੀਤੀ ਹਨ। -ਸੰਪਾਦਕ
ਪ੍ਰੋæ ਹਰਪਾਲ ਸਿੰਘ
ਫੋਨ 916-478-1640
ਰੁਤਬੇ ਦੇ ਆਧਾਰ ਉਤੇ ਉਸਾਰੇ ਦਰਜਾਬੰਦੀ ਦੇ ਸਿਸਟਮ ਦੀ ਭਾਰਤੀ ਜਾਤ-ਪਾਤੀ ਉਭਰਵੀਂ ਮਿਸਾਲ ਹੈ। ਇਸ ਦਾ ਮਕਸਦ ਜਾਤ ਆਧਾਰਤ (ਬੁਨਿਆਦੀ ਤੌਰ ‘ਤੇ ਪੁਜਾਰੀ ਤਬਕੇ ਅਤੇ ਕੁਝ ਘੱਟ ਹੱਦ ਤੱਕ ਦੂਜੀਆਂ ਅਖੌਤੀ ਜਾਤਾਂ ਦੇ) ਸਮਾਜਕ ਰੁਤਬੇ ਨੂੰ ਮਿਥੀ ਦਰਜਾ-ਬਦਰਜੀ ਮੁਤਾਬਕ ਕਾਇਮ ਕਰਨਾ ਸੀ। ਭਾਰਤੀ ਸਮਾਜ ਵਿਚ ਜਾਤ ਰੁਤਬੇ ਦੀ ਸਰਦਾਰੀ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਆਰਥਿਕ ਰੁਤਬੇ ਨੂੰ ਜਾਤੀਵਾਦੀ ਰੁਤਬੇ ਤੋਂ ਨੀਵਾਂ ਮੰਨਿਆ ਗਿਆ ਅਤੇ ਸਿਆਸੀ ਤੇ ਫੌਜੀ ਤਾਕਤ ਬ੍ਰਾਹਮਣੀ-ਪ੍ਰੋਹਿਤਵਾਦ ਦੇ ਹੇਠ ਵਗਦੀ ਰਹੀ। ਇਸ ਸਮਾਜਕ ਰੁਤਬੇ ਨੂੰ ਰਾਜਸੀ ਜਾਂ ਆਰਥਿਕ ਰੁਤਬੇ ਤੋਂ ਉਪਰ ਰੱਖਿਆ ਜਾਂਦਾ ਸੀ। ਛਤਰਪਤੀ ਹਿੰਦੂ ਰਾਜਾ ਜਾਤ-ਪਾਤ ਦੇ ਰੁਤਬੇ ਪੱਖੋਂ ਆਪਣੇ ਪੁਜਾਰੀ ਨਾਲੋਂ ਨੀਵਾਂ ਸੀ ਜੋ ਆਰਥਿਕ ਤੌਰ ਉਤੇ ਉਸੇ ਰਾਜੇ ਉਪਰ ਨਿਰਭਰ ਸੀ। ਉਦਾਹਰਣ ਵਜੋਂ ਸ਼ਿਵਾ ਜੀ ਮਰਾਠਾ ਨੂੰ ਵੀ ਆਪਣੇ ਰਾਜ ਲਈ ਧਾਰਮਿਕ ਮਾਨਤਾ ਹਾਸਲ ਕਰਨ ਖਾਤਰ ਬ੍ਰਾਹਮਣ ਦੇ ਦਰ ‘ਤੇ ਝੁਕਣਾ ਪਿਆ।
‘ਐਸੇਜ਼ ਆਨ ਦਿ ਕਾਸਟ ਸਿਸਟਮ’ (ਸਫਾ 9) ਅਤੇ ‘ਹਿੰਦੂ ਟਰਾਈਬਜ਼ ਐਂਡ ਕਾਸਟਸ’ (ਸਫਾ 218, 235) ਵਿਚ ਬਾਊਗਲ ਲਿਖਦਾ ਹੈ, “ਜਾਤ-ਪਾਤ ਦੀ ਭਾਵਨਾ ਵਿਚ ਤਿੰਨ ਪ੍ਰਵਿਰਤੀਆਂ ਦਾ ਮੇਲ ਹੈ। ਦੂਜਿਆਂ ਨੂੰ ਧਿਰਕਾਰਨਾ, ਦਰਜਾ-ਬਦਰਜੀ ਅਤੇ ਕਿੱਤੇ ਦਾ ਜੱਦੀ ਹੋਣਾ। ਅਜਿਹਾ ਸਮਾਜਕ ਸਿਸਟਮ ਅਸੀਂ ਉਸ ਨੂੰ ਕਹਿੰਦੇ ਹਾਂ ਜਿਹੜਾ ਸਿਧਾਂਤਕ ਰੂਪ ਵਿਚ ਨਾ ਹੀ ਨੀਵੀਆਂ ਜਾਤਾਂ ਨਾਲ ਸਾਂਝਾ ਭੋਜਨ, ਨਾ ਵਿਆਹ-ਸ਼ਾਦੀ ਅਤੇ ਨਾ ਹੀ ਜੱਦੀ ਕਿੱਤੇ ਦੀ ਤਬਦੀਲੀ ਨੂੰ ਬਰਦਾਸ਼ਤ ਕਰਦਾ ਹੈ। ਸਮਾਜਕ ਦ੍ਰਿਸ਼ਟੀਕੋਣ ਤੋਂ ਲੋਕਾਈ ਇਹ ਪਾਟੋ-ਧਾੜ, ਨਫਰਤ, ਈਰਖਾ ਤੇ ਬੇਇਤਬਾਰੀ ਜਾਤ-ਪਾਤ ਦੇ ਮੁੱਖ ਲੱਛਣ ਹਨ।”
ਬ੍ਰਾਹਮਣੀ ਜਬਰ ਤੋਂ ਬਚਣ ਵਾਸਤੇ ਜੈਨ ਮੱਤ ਨੇ ਜਾਤ-ਪਾਤੀ ਪ੍ਰਬੰਧ ਨਾਲ ਸਮਝੌਤਾ ਕਰ ਲਿਆ ਸੀ। ਵੇਦਾਂ ਤੋਂ ਤੋੜ-ਵਿਛੋੜਾ ਕਰ ਕੇ ਅਤੇ ਜਨਮ ਤੋਂ ਆਧਾਰ ‘ਤੇ ਮਿਲਣ ਵਾਲੇ ਵਿਸ਼ੇਸ਼ ਅਧਿਕਾਰਾਂ ਨੂੰ ਰੱਦ ਕਰ ਕੇ ਬੁੱਧ ਮੱਤ ਨੇ ਜਾਤੀ ਪ੍ਰਬੰਧ ਦੀਆਂ ਜੜ੍ਹਾਂ ‘ਤੇ ਵਾਰ ਕੀਤਾ, ਪਰ ਬੋਧੀਆਂ ਨੇ ਜਾਤ-ਪਾਤ ਖਤਮ ਨਾ ਕੀਤੀ, ਸਗੋਂ ਸਮਾਜੀ ਸੰਸਥਾ ਦੇ ਤੌਰ ‘ਤੇ ਸਵੀਕਾਰ ਕਰ ਲਿਆ। ਮੱਧ ਯੁੱਗ ਦੇ ਭਗਤਾਂ ਨੇ ਜਾਤ-ਪਾਤੀ ਸਮਾਜੀ ਪ੍ਰਬੰਧ ਦੀ ਆਲੋਚਨਾ ਤਾਂ ਕੀਤੀ, ਪਰ ਇਸ ਨਾਲੋਂ ਤੋੜ-ਵਿਛੋੜਾ ਕਰਨ ਬਾਰੇ ਕੋਈ ਠੋਸ ਕਦਮ ਨਹੀਂ ਉਠਾਏ, ਤੇ ਨਾ ਹੀ ਜਾਤ-ਪਾਤੀ ਸਮਾਜ ਤੋਂ ਬਾਹਰ ਕੋਈ ਨਵਾਂ ਸਮਾਜ ਬਣਾਉਣ ਦੀ ਯੋਜਨਾ ਬਣਾਈ।
ਸਿੱਖ ਗੁਰੂਆਂ ਦੀ ਵਿਚਾਰਧਾਰਾ ਦਾ ਪਹਿਲਾ ਨਿਸ਼ਾਨਾ ਬਰਾਬਰੀ ਵਾਲਾ ਸਮਾਜ ਉਸਾਰਨਾ ਸੀ। ਗੁਰੂ ਨਾਨਕ ਦੀ ਲਹਿਰ ਨੇ ਹਿੰਦੂ ਸਮਾਜ ਤੋਂ ਅਲੱਗ ਹੋ ਕੇ ਸਿੱਖ ਪੰਥ ਕਾਇਮ ਕਰਨ ਦਾ ਜਥੇਬੰਦ ਯਤਨ ਕੀਤਾ। ਇਸ ਦਾ ਟੀਚਾ ਜਾਤ-ਪਾਤ ‘ਚ ਸੁਧਾਰ ਕਰ ਕੇ ਗੁਜ਼ਾਰਾ ਕਰੀ ਜਾਣਾ ਨਹੀਂ ਸੀ, ਇਸ ਦਾ ਇਨਕਲਾਬੀ ਟੀਚਾ ਸੀ। ਜਾਤ-ਪਾਤ ਦੀ ਥਾਂ ਮਨੁੱਖੀ ਬਰਾਬਰੀ ਉਤੇ ਆਧਾਰਤ ਨਵਾਂ ਸਮਾਜਕ ਸਿਸਟਮ (ਸਿੱਖ ਪੰਥ) ਕਾਇਮ ਕਰਨਾ ਸੀ।
ਸਿੱਖ ਪੰਥ ਦੀ ਸਥਾਪਨਾ ਜਾਤੀਵਾਦੀ ਵਿਚਾਰਧਾਰਾ ਅਤੇ ਜਾਤੀਵਾਦੀ ਸਮਾਜ ਨਾਲੋਂ ਮੁਕੰਮਲ ਤੋੜ-ਵਿਛੋੜਾ ਸੀ। ਜਾਤ-ਪਾਤ ਦੇ ਭੇਦ-ਭਾਵ ਤੋਂ ਰਹਿਤ ਸਿੱਖ ਪੰਥ ਦੀ ਸਥਾਪਨਾ ਨੇ ਭਾਰਤੀ ਸਮਾਜ ਵਿਚ ਨਵਾਂ ਅਧਿਆਇ ਸ਼ੁਰੂ ਕੀਤਾ। ਸਿੱਖ ਧਰਮ ਕਰਮ-ਕਾਂਡਾਂ, ਜਾਤ-ਪਾਤ ਜਾਂ ਰਸਮੀ ਰਿਵਾਜੀ ਧਰਮ ਨੂੰ ਧਰਮ ਨਹੀਂ ਸਮਝਦਾ। ਸਿੱਖ ਧਰਮ ਕੇਵਲ ਐਸੇ ਰੂਹਾਨੀ ਅਨੰਦ ਦੀ ਖੋਜ ਦਾ ਸਾਧਨ ਹੈ ਜੋ ਸਿਆਸੀ ਗੁਲਾਮੀ ਜਾਂ ਧਾਰਮਿਕ ਜਬਰ ਨਾਲ ਅਸਾਵਾਂ ਚੱਲਦਾ ਰਹੇ। ਹਿੰਦੂ ਸਮਾਜੀ ਸਿਸਟਮ ਨਾਲ ਸਿੱਖ ਲਹਿਰ ਦੀ ਟੱਕਰ ਲਾਜ਼ਮੀ ਸੀ।
“ਸਿੱਖ ਲਹਿਰ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਜਾਤ-ਪਾਤ ਨਾਲ ਜੁੜੀ ਵਿਚਾਰਧਾਰਾ ਨੂੰ ਉਲਟੀ ਮਤ ਗਰਦਾਨਿਆ ਹੈ।” (ਮੈਕਾਲਿਫ, ਮੈਕਸ ਆਰਥਰ, ਦਿ ਸਿੱਖ ਰਿਲੀਜ਼ਨ) ਗੁਰੂ ਜੀ ਨੇ ਆਪਣੀ ਜਾਤ-ਪਾਤ ਵਿਰੋਧੀ ਵਿਚਾਰਧਾਰਾ ਨੂੰ ਸੰਗਤ ਤੇ ਪੰਗਤ ਦੀਆਂ ਸੰਸਥਾਵਾਂ ਦਾ ਰੂਪ ਦਿੱਤਾ। ਇਨ੍ਹਾਂ ਸੰਸਥਾਵਾਂ ਤੋਂ ਹੀ ਅਗਾਂਹ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਸਿੱਖ ਪੰਥ ਦਾ ਵਿਸਥਾਰ ਹੋਇਆ। ਸਿੱਖ ਵਿਚਾਰਧਾਰਾ ਗੁਮਾਨ ਜਾਂ ਘੁਮੰਡ ਦੀ ਪ੍ਰਵਾਨਗੀ ਨਹੀਂ ਦਿੰਦੀ, ਪਰ ਸਦੀਆਂ ਤੋਂ ਦੱਬੇ-ਕੁਚਲੇ ਲੋਕਾਂ ਵੱਲੋਂ ਆਪਣੇ ਅੰਦਰ ਪੈਦਾ ਹੋਏ ਨਵੇਂ ਸਵੈਮਾਣ ਦੀ ਗੱਲ ਜ਼ਰੂਰ ਕਰਦੀ ਹੈ। ਗੁਰੂ ਨਾਨਕ ਨੇ ‘ਨੀਚ ਤੋਂ ਨੀਚ ਜਾਤ’ ਨਾਲ ਆਪਣੇ ਆਪ ਨੂੰ ਜੋੜਿਆ। ਉਹ ਨੀਵੀਆਂ ਜਾਤਾਂ ਦੇ ਭਾਈਬੰਦ ਬਣੇ।
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਧ
ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ
ਤਿਥੈ ਨਦਰਿ ਤੇਰੀ ਬਖਸੀਸ (ਗੁਰੂ ਗ੍ਰੰਥ ਸਾਹਿਬ, ਅੰਗ 15)
ਗੁਰੂ ਨਾਨਕ ਨੇ ਨਾ ਸਿਰਫ਼ ਜਾਤ-ਪਾਤੀ ਰੁਤਬੇ ਦੀ ਹੀ ਨਿਖੇਧੀ ਕੀਤੀ, ਸਗੋਂ ਅਮੀਰ ਤੇ ਗਰੀਬ ਵਿਚਕਾਰ ਪੈਦਾ ਹੋਣ ਵਾਲੇ ਪਾੜੇ ਦੀ ਵੀ ਨਿਖੇਧੀ ਕੀਤੀ। ਕਿਉਂਕਿ ਛੂਤ-ਛਾਤ ਨੂੰ ਮੰਨਣਾ ਤਾਂ ਕਿਤੇ ਰਿਹਾ, ਹਰ ਇਕ ਸਿੱਖ ਜਦੋਂ ਵੀ ਦੂਜੇ ਨੂੰ ਮਿਲਦਾ ਸੀ, ਉਸ ਦੇ ਪੈਰ ਛੂੰਹਦਾ ਸੀ। ਭਾਈ ਗੁਰਦਾਸ ਅਨੁਸਾਰ,
ਚਾਰਿ ਵਰਨਿ ਇਕ ਵਰਨਿ ਕਰ
ਵਰਨ ਅਵਰਨ ਸਾਧਸੰਗ ਜਾਪੈ।
ਬਾਰਹ ਪੰਥ ਮਿਟਾਇ ਕੈ
ਗੁਰਮੁਖਿ ਵਡਾ ਪਰਤਾਪੈ।
ਗੁਰੂ ਨਾਨਕ ਦਾ ਮਿਸ਼ਨ ਸਮਾਜਕ ਅਸਮਾਨਤਾ ਨੂੰ ਖਤਮ ਕਰਨਾ ਸੀ। ਜਾਤ-ਪਾਤ ਨੂੰ ਮੰਨਣ ਵਾਲੇ ਕਿਸੇ ਵੀ ਬੰਦੇ ਨੂੰ ਗੁਰੂ ਜੀ ਦੀ ਸੰਗਤ ਵਿਚ ਥਾਂ ਨਹੀਂ ਸੀ। ਜਿਹੜੇ ਵੇਦਾਂ ਅਤੇ ਜਾਤ-ਪਾਤ ਦੀਆਂ ਪਾਈਆਂ ਰੋਕਾਂ ਤੋਂ ਨਹੀਂ ਸਨ ਡਰਦੇ, ਉਹ ਹੀ ਸੰਗਤ ਵਿਚ ਆਉਂਦੇ ਸਨ। ਗੁਰੂ ਜੀ ਉਚੀ ਕੁਲ (ਬੇਦੀ ਖੱਤਰੀ) ਵਿਚੋਂ ਸਨ, ਪਰ ਉਨ੍ਹਾਂ ਆਪਣੇ ਆਪ ਨੂੰ ਨੀਚ ਲੋਕਾਂ ਦਾ ਸਾਥੀ ਦਰਸਾਇਆ। ਸਿੱਖਾਂ ਦੇ ਸਵਾਲ ਕਿ ‘ਉਹ ਆਪਣਾ ਨਾਂ ਦੱਸਣ’ ਦੇ ਜਵਾਬ ਵਿਚ ਉਹ ਕਹਿੰਦੇ ਸਨ, ‘ਉਨ੍ਹਾਂ ਦਾ ਨਾਂ ਨਾਨਕ ਹੈ। ਵਾਹਿਗੁਰੂ ਦਾ ਨਾਂ ਜਪ ਕੇ ਹੀ ਉਨ੍ਹਾਂ ਨੇ ਗਿਆਨ ਪ੍ਰਾਪਤ ਕੀਤਾ ਹੈ ਅਤੇ ਉਚੇ ਕੁਲ ਦੇ ਘਰ ਵਿਚ ਜਨਮ ਲੈ ਕੇ ਉਹ ਨੀਚ ਲੋਕਾਂ ਦਾ ਸਾਥੀ ਅਖਵਾ ਰਹੇ ਹਨ।’
ਆਖਣ ਸਿਧ ਸੁਣ ਬਾਲਿਆ
ਅਪਨਾ ਨਾਉਂ ਤੁਮ ਦੇਹੁ ਬਤਾਈ।
ਬਾਬੇ ਆਖੇ ਨਾਥ ਜੀ
ਨਾਨਕ ਨਾਮ ਜਪੇ ਗਤਿ ਪਾਈ।
ਨੀਚ ਕਹਾਇ ਊਚ ਘਰ ਆਈ।
(ਭਾਈ ਗੁਰਦਾਸ, ਵਾਰ ਪਹਿਲੀ, ਪਉੜੀ 28ਵੀਂ)
ਗੁਰੂ ਨਾਨਕ ਦੀਆਂ ਚਾਰ ਉਦਾਸੀਆਂ ਵਿਚ ਭਾਈ ਮਰਦਾਨਾ ਸਭ ਤੋਂ ਪਹਿਲਾਂ ਦਾ ਅਤੇ ਹਮੇਸ਼ਾ ਨਾਲ ਰਹਿਣ ਵਾਲਾ ਸਾਥੀ ਰਿਹਾ। ਭਾਈ ਮਰਦਾਨਾ ਮੁਸਲਮਾਨ ਵੀ ਸੀ ਤੇ ਨੀਵੀਂ ਜਾਤ ਦਾ ਵੀ। ਬ੍ਰਾਹਮਣ ਸਮਾਜ ਉਸ ਨੂੰ ਘ੍ਰਿਣਾ ਦੀ ਨਜ਼ਰ ਨਾਲ ਦੇਖਦਾ ਸੀ। ਗੁਰੂ ਬਾਬਾ ਦਾ ਆਪਣੀਆਂ ਉਦਾਸੀਆਂ ਵਿਚ ਭਾਈ ਮਰਦਾਨੇ ਨੂੰ ਨਾਲ ਰੱਖਣਾ ਵੱਡਾ ਕ੍ਰਾਂਤੀਕਾਰੀ ਕਦਮ ਸੀ।
“ਗੁਰੂ ਬਾਬਾ ਜੀ ਜਦੋਂ ਕਦੀ ਬੰਦਗੀ ਕਰਦਿਆਂ ਸਮਾਧੀ ਵਿਚ ਲੀਨ ਹੋ ਜਾਂਦੇ, ਤਾਂ ਭਾਈ ਮਰਦਾਨਾ ਪੰਜ ਕਰਮਾਂ ਖਲੋ ਕੇ ਲਗਾਤਾਰ ਪਹਿਰਾ ਦਿੰਦੇ ਕਿ ਸਮਾਧੀ ਵਿਚ ਕੋਈ ਵਿਘਨ ਨਾ ਪਵੇ। ਕਿਸੇ ਨੂੰ ਨੇੜੇ ਨਾ ਜਾਣ ਦਿੰਦੇ, ਪਰ ਜਦੋਂ ਬਾਬਾ ਜੀ ਗਾਉਣ ਲਗਦੇ ਤਾਂ ਰਬਾਬ ਲੈ ਕੇ ਇੰਨਾ ਨੇੜੇ ਬੈਠਦੇ ਕਿ ਗੋਡੇ ਨਾਲ ਗੋਡਾ ਖਹਿੰਦਾ, ਕੁਦਰਤ ਉਨ੍ਹਾਂ ਦੀਆਂ ਸੁਰਾਂ ਨਾਲ ਰਲ ਕੇ ਗਾਉਣ ਲਗਦੀ। ਨਾਥਾਂ ਜੋਗੀਆਂ, ਬ੍ਰਾਹਮਣਾਂ, ਕਾਜ਼ੀਆਂ, ਮੌਲਵੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਜਦੋਂ ਗਿਆਨ ਦੀ ਹਨ੍ਹੇਰੀ ਵਗਦੀ ਤਾਂ ਬਾਬਾ ਜੀ ਆਖਦੇ- ‘ਮਰਦਾਨਿਆਂ, ਰਬਾਬ ਉਠਾਇ। ਬਾਣੀ ਆਈ ਹੈ।Ḕ ਕੀਰਤਨ ਦੀ ਬਾਰਸ਼ ਹੁੰਦੀ ਤਾਂ ਸਾਰੀ ਗਰਦ-ਗੁਬਾਰ ਧੁਲ ਜਾਂਦੀ ਤੇ ਅਕਾਸ਼ ਨਿਰਮਲ ਹੋ ਜਾਂਦਾ। ਹਿੰਦੂ ਆਖਦੇ, ‘ਇਨ੍ਹਾਂ ਵਿਚ ਬ੍ਰਹਮਾ ਦਾ ਸੰਪੂਰਨ ਪ੍ਰਕਾਸ਼ ਹੈ। ਪ੍ਰਤੱਖ ਦਿਸ ਰਹਿਆ ਹੈ।’ ਕਾਮਲ ਫਕੀਰਾਂ ਨਾਲ ਮੇਲ ਹੁੰਦਾ ਤਾਂ ਉਹ ਕਹਿੰਦੇ, ‘ਸਲਾਮਾਲੇਕਮ ਨਾਨਕ ਸ਼ਾਹ ਫ਼ਕੀਰ, ਸਾਹਿਰ ਦੇ ਰਸੀਦ, ਤੂੰ ਵੱਡਾ ਬਜ਼ੁਰਗਵਾਰ ਹਾਈ। ਅਸਾਂ ਕੂ ਦੂਆ ਦੇਹਿ ਕਿ ਸਾਡੀ ਭੀ ਸਾਹਿਬ ਨਾਲ ਉਦੋਂ ਬਣ ਆਏ ਜਿਵੇਂ ਤੈਂਡੇ ਨਾਲ ਬਣ ਆਈ ਹੈ।’ ਕੋਈ ਹੋਰ ਆਉਂਦਾ ਤਾਂ ਆਖਦਾ, ‘ਮਰਦ ਹਨ ਪੂਰੇ। ਭਲੇ ਹਨ ਕੋਈ। ਖੁਦਾਇ ਦੇ ਸਾਦਿਕ ਹੈਨ ਵੱਡੇ।’ (ਗੌਤਮ ਤੋਂ ਤਾਸਕੀ ਤੱਕ- ਪ੍ਰੋæ ਹਰਪਾਲ ਸਿੰਘ ਪੰਨੂ)
ਉਤਰੀ ਦਿਸ਼ਾ ਵੱਲ ਉਦਾਸੀ ਵੇਲੇ ਗੁਰੂ ਜੀ ਦਾ ਇਕ ਸਾਥੀ ਛੀਂਬਾ ਤੇ ਦੂਜਾ ਲੁਹਾਰ ਸੀ। ਹਸੂ ਲੁਹਾਰ ਅਤੇ ਸੀਂਹੋ ਧੋਬੀ ਵਰਗੀ ਨੀਚ ਜਾਤੀ ਦੇ ਲੋਕ ਸਨ। ਗੁਰੂ ਨਾਨਕ ਨੇ ਨੀਵੀਂ ਜਾਤੀ ਦੇ ਗਰੀਬ ਭਾਈ ਲਾਲੋ ਦੇ ਭੋਜਨ ਦਾ ਸੱਦਾ ਪ੍ਰਵਾਨ ਕਰ ਲਿਆ, ਤੇ ਅਮੀਰ ਜਗੀਰਦਾਰ ਮਲਕ ਭਾਗੋ ਦਾ ਸੱਦਾ ਠੁਕਰਾ ਦਿੱਤਾ। ਭਾਈ ਲਾਲੋ ਨੂੰ ਸੰਗਤ ਦਾ ਮੁਖੀ ਨੀਯਤ ਕੀਤਾ। ਤਰਖਾਣ ਜਾਤੀ ਦੇ ਲੋਕਾਂ ਨੂੰ ਮੁਖੀ ਨੀਯਤ ਕਰਨ ਦੀ ਗੱਲ ਤਾਂ ਇਕ ਪਾਸੇ ਰਹੀ, ਉਸ ਸਮੇਂ ਉਚੀ ਜਾਤ ਦਾ ਕੋਈ ਬੰਦਾ ਤਰਖਾਣ ਦੇ ਘਰ ਜਾ ਕੇ ਰਹਿ ਵੀ ਨਹੀਂ ਸੀ ਸਕਦਾ। ਗੁਰੂ ਨਾਨਕ ਦੇ ਸਾਰੇ ਜੀਵਨ ਵਿਚ ਸਾਰੀਆਂ ਜਾਤਾਂ ਦੇ ਲੋਕ, ਸ਼ੂਦਰਾਂ ਤੇ ਮੁਸਲਮਾਨਾਂ ਸਮੇਤ, ਗੁਰੂ ਜੀ ਕੋਲੋਂ ਸ਼ਾਂਤੀ ਅਤੇ ਧੀਰਜ ਲੈਣ ਆਉਂਦੇ। ਉਨ੍ਹਾਂ ਨੇ ਸਾਲਸ ਰਾਏ ਨੂੰ ਦੱਸਿਆ ਕਿ ਉਸ ਦੀ ਮੁਕਤੀ ਤਾਂ ਹੋ ਸਕਦੀ ਹੈ, ਜੇ ਉਹ ਆਪਣੇ ਹੀ ਗੁਲਾਮ ਦੇ ਚਰਨਾਂ ਉਤੇ ਡਿੱਗੇ। ਜਦੋਂ ਗੁਰੂ ਜੀ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੀ ਜਾਤ ਕੀ ਹੈ?æææਜਵਾਬ ਮਿਲਿਆ ਕਿ ਉਹ ਅਜਾਤੀ ਹਨ ਜਾਂ ਉਨ੍ਹਾਂ ਦੀ ਜਾਤ ਨਿਰੰਕਾਰੀ ਹੈ। ਇਕ ਹੋਰ ਥਾਂ ਗੁਰੂ ਜੀ ਨੇ ਆਪਣੇ ਆਪ ਨੂੰ ਜੁਲਾਹਾ ਦੱਸਿਆ। ਜਾਤ-ਪਾਤ ਸਬੰਧੀ ਗੁਰੂ ਜੀ ਦੇ ਕੁਝ ਸ਼ਬਦ ਇੰਜ ਹਨ,
ਸਭੁ ਕੋ ਊਚਾ ਆਖੀਐ
ਨੀਚੁ ਨਾ ਦੀਸੈ ਕੋਇ॥
ਇਕਨੈ ਭਾਂਡੇ ਸਾਜਿਐ
ਇਕੁ ਚਾਨਣੁ ਤਿਹੁ ਲੋਇ।
ਅਰਥਾਤ, ਸਭ ਲੋਕਾਂ ਨੂੰ ਉਚਾ ਸਮਝਣਾ ਚਾਹੀਦਾ ਹੈ, ਕਿਉਂਕਿ ਨੀਚ ਕੋਈ ਨਹੀਂ ਹੁੰਦਾ। ਪਰਮਾਤਮਾ ਨੇ ਸਭ ਨੂੰ ਸਿਰਜਿਆ ਹੈ ਅਤੇ ਸਭ ਨੂੰ ਜੋ ਰੋਸ਼ਨੀ ਪ੍ਰਾਪਤ ਹੋ ਰਹੀ ਹੈ, ਉਹ ਵੀ ਇਕੋ ਅਕਾਲ ਪੁਰਖ ਦੀ ਹੀ ਬਖਸ਼ੀ ਹੋਈ ਹੈ।
ਜਾਤੀ ਦੈ ਕਿਆ ਹਥਿ ਸਚੁ ਪਰਖੀਐ॥
ਅਰਥਾਤ, ਮਨੁੱਖ ਦੀ ਪਰਖ ਉਸ ਦੇ ਗੁਣਾਂ ਤੋਂ ਹੋਣੀ ਚਾਹੀਦੀ ਹੈ, ਉਸ ਦੀ ਜਾਤ ਤੋਂ ਨਹੀਂ।
ਫਕੜ ਜਾਤੀ ਫਕੜੁ ਨਾਉ॥
ਸਭਨਾ ਜੀਆ ਇਕਾ ਛਾਉ॥
ਆਪਹੁ ਜੇ ਕੋ ਭਲਾ ਕਰਾਏ॥
ਨਾਨਕ ਤਾ ਪਰੁ ਜਾਪੈ
ਜਾ ਪਤਿ ਲੇਖੈ ਪਾਇ।
ਅਰਥਾਤ, ਬੰਦੇ ਲਈ ਜਾਤ-ਪਾਤ ਫਜ਼ੂਲ ਹੈ। ਉਚੇ-ਲੰਮੇ ਨਾਂ ਵੀ ਸਭ ਫਜ਼ੂਲ ਹਨ। ਸਭ ਜੀਵ ਇਕ ਅਕਾਲ ਪੁਰਖ ਦੀ ਛਤਰ ਛਾਇਆ ਵਿਚ ਹੀ ਪਲ ਰਹੇ ਹਨ। ਕੋਈ ਵੱਡਾ ਤਦ ਹੀ ਹੋਵੇਗਾ, ਜੇ ਉਸ ਦੇ ਕੰਮ ਵੱਡੇ ਹੋਣਗੇ।
ਭਾਉ ਭਗਤਿ ਕਰਿ ਨੀਚੁ ਸਦਾਏ॥
ਤਉ ਨਾਨਕ ਮੋਖੰਤਰੁ ਪਾਏ॥
ਅਰਥਾਤ, ਅਸਲ ਭਗਤ ਉਹ ਹੀ ਹਨ ਜਿਹੜੇ ਆਪਣੇ ਆਪ ਨੂੰ ਨੀਚ ਅਖਵਾਉਣ ਵਿਚ ਫਖਰ ਸਮਝਦੇ ਹਨ, ਕਿਉਂਕਿ ਅਜਿਹੀ ਸੋਚ ਨਾਲ ਹੀ ਮੁਕਤੀ ਮਿਲਦੀ ਹੈ।
ਜਾਤਿ ਜਨਮੁ ਨਾ ਪੂਛੀਐ
ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ
ਜੇਹੇ ਕਰਮ ਕਮਾਇ॥
ਅਰਥਾਤ, ਨਾ ਹੀ ਜਾਤ-ਪਾਤ ਅਤੇ ਨਾ ਹੀ ਉਚੀ ਕੁਲ ਵਿਚ ਲਏ ਜਨਮ ਉਥੇ ਕੋਈ ਮਹੱਤਤਾ ਰੱਖਦੇ ਹਨ, ਬੰਦੇ ਦੀ ਵਡਿਆਈ ਤਾਂ ਸਿਰਫ ਉਸ ਵੱਲੋਂ ਕੀਤੇ ਗਏ ਚੰਗੇ ਕਰਮਾਂ ਕਰ ਕੇ ਹੀ ਪ੍ਰਾਪਤ ਹੁੰਦੀ ਹੈ।
ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ
ਜਾਪੈ ਹਰਿ ਮੰਤ੍ਰ ਜਪੈਨੀ॥
ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ
ਨਿਤ ਸੇਵਹੁ ਦਿਨਸੁ ਸਭ ਰੈਨੀ॥
ਅਰਥਾਤ, ਇਨ੍ਹਾਂ ਚਾਰੇ ਵਰਨਾਂ ਦੇ ਬੰਦਿਆਂ ਨੂੰ ਇਕੋ ਹੀ ਪਰਮਾਤਮਾ ਦਾ ਨਾਂ ਜਪਾਉਣਾ ਹੈ ਅਤੇ ਇਨ੍ਹਾਂ ਨੂੰ ਉਸੇ ਅਕਾਲ ਪੁਰਖ ਦੀ ਹੀ ਦਿਨ-ਰਾਤ ਸੇਵਾ ਕਰਨੀ ਚਾਹੀਦੀ ਹੈ।
ਜਾਤ-ਪਾਤ ਖਤਮ ਕਰਨ ਵਾਸਤੇ ਜੋ ਕਾਰਜ ਗੁਰੂ ਨਾਨਕ ਤੋਂ ਸ਼ੁਰੂ ਹੋਇਆ, ਉਹ ਮਿਸਲਾਂ ਦੀ ਸਥਾਪਨਾ ਤੱਕ ਜਾਰੀ ਰਿਹਾ। ਸੱਤਾ ਅਤੇ ਬਲਵੰਡ ਦੁਆਰਾ ਲਿਖੀ ‘ਵਾਰ ਰਾਮਕਲੀ ਦੀ’ ਵਿਚ ਦੱਸਿਆ ਗਿਆ ਹੈ ਕਿ ਗੁਰੂ ਅੰਗਦ ਨੇ ਖਡੂਰ ਸਾਹਿਬ ਵਿਚ ਗੁਰੂ ਨਾਨਕ ਦੁਆਰਾ ਚਲਾਈ ਸੰਗਤ ਤੇ ਪੰਗਤ ਦੀ ਪ੍ਰਥਾ ਜਾਰੀ ਰੱਖੀ। ਗੁਰੂ ਅੰਗਦ ਨੇ ਆਉਣ ਵਾਲੇ ਸ਼ਰਧਾਲੂਆਂ ਅਤੇ ਲੋੜਵੰਦਾਂ ਲਈ ਖਡੂਰ ਸਾਹਿਬ ਵਿਖੇ ਲੰਗਰ ਚਾਲੂ ਕੀਤਾ ਹੋਇਆ ਸੀ ਅਤੇ ਇਸ ਵਿਚ ਗੁਰੂ ਜੀ ਦੀ ਪਤਨੀ ਮਾਤਾ ਖੀਵੀ ਖੁਦ ਭੋਜਨ ਵਰਤਾਇਆ ਕਰਦੀ ਸੀ। ਦੁੱਧ ਵਿਚ ਬਣੀ ਖੀਰ ਅਤੇ ਉਸ ਵਿਚ ਦੇਸੀ ਘੀ ਪਾ ਕੇ ਲੰਗਰ ਵਿਚ ਵਰਤਾਈ ਜਾਂਦੀ ਸੀ। ਇਹ ਸੁਆਦਲਾ ਖਾਣਾ ਗਰੀਬਾਂ ਅਤੇ ਲੋੜਵੰਦਾਂ ਲਈ ਮੁਫਤ, ਬਿਨਾਂ ਕਿਸੇ ਜਾਤੀ ਭੇਦ ਦੇ ਵਰਤਾਇਆ ਜਾਂਦਾ ਸੀ। ਸਿੱਖਾਂ ਵਿਚ ਲੰਗਰ ਪ੍ਰਥਾ ਨੇ ਮਹਾਨ ਕ੍ਰਾਂਤੀਕਾਰੀ ਕੰਮ ਕੀਤਾ ਅਤੇ ਸਿੱਖਾਂ ਵਿਚ ਜਾਤ-ਪਾਤ ਦਾ ਭੇਦ ਭਾਵ ਖਤਮ ਕਰ ਦਿੱਤਾ। “ਜਿਹੜੇ ਸ਼ਰਧਾਲੂ ਲੰਗਰ ਵਿਚ ਬੈਠ ਕੇ ਭੋਜਨ ਕਰਦੇ ਸਨ, ਉਹ ਜਾਤ-ਪਾਤ ਦੇ ਭੇਦ ਮਿਟਾ ਕੇ ਸਿਰਫ਼ ਗੁਰੂ ਦੇ ਪੈਰੋਕਾਰ ਦੇ ਤੌਰ ‘ਤੇ ਬੈਠ ਕੇ ਲੰਗਰ ਛਕਦੇ ਸਨ।” (ਇੰਦੂ ਭੂਸ਼ਨ ਬੈਨਰਜੀ)
ਗੁਰੂ ਰਾਮਦਾਸ ਸਾਹਿਬ ਨੇ ਲੰਗਰ ਦੀ ਪ੍ਰਥਾ ਨੂੰ ਹੋਰ ਵੱਡੇ ਪੈਮਾਨੇ ‘ਤੇ ਸ਼ੁਰੂ ਕੀਤਾ। ਸੱਤਾ ਬਲਵੰਡ ਦੀ ਵਾਰ ਵਿਚ ਸਪਸ਼ਟ ਇਸ਼ਾਰਾ ਮਿਲਦਾ ਹੈ ਕਿ ਹਰ ਰੋਜ਼ ਗੁਰੂ ਜੀ ਦੇ ਲੰਗਰ ਵਿਚ ਦੇਸੀ ਘਿਉ ਅਤੇ ਵਧੀਆ ਆਟੇ ਦਾ ਭੋਜਨ ਬਣਦਾ ਸੀ। (ਨਿੱਤ ਰਸੋਈ ਤੇਰੀਐ ਘਿਉ ਮੈਦਾ ਖਾਣ)। ਇਸ ਸੰਸਥਾ ਵਿਚ ਕੋਈ ਵੀ ਬਾਹਰੋਂ ਆਉਣ ਵਾਲਾ ਯਾਤਰੀ ਸਿਰਫ਼ ਲੰਗਰ ਛਕ ਕੇ ਹੀ ਗੁਰੂ ਜੀ ਦੇ ਦਰਸ਼ਨ ਕਰ ਸਕਦਾ ਸੀ। ਲੰਗਰ ਦਾ ਮੰਤਵ ਇਹ ਸੀ ਕਿ ਸਿੱਖ ਦੇ ਮਨ ਵਿਚੋਂ ਅਖੌਤੀ ਉਚੇ ਜਨਮ ਦਾ ਅਹਿਸਾਸ ਤੇ ਅਖੌਤੀ ਨੀਵੇਂ ਘਰ ਵਿਚ ਜਨਮ ਲੈਣ ਦਾ ਭਰਮ ਮੁੱਕ ਜਾਵੇ। ਗੁਰੂ ਸਾਹਿਬ ਸਿੱਖਾਂ ਵਿਚੋਂ ਹੀਣ ਭਾਵ ਵੀ ਅਤੇ ਵੱਡਾ ਹੋਣ ਦਾ ਹੰਕਾਰ ਵੀ ਖਤਮ ਕਰਨਾ ਚਾਹੁੰਦੇ ਸਨ। 1567 ਵਿਚ ਜਦੋਂ ਅਕਬਰ ਬਾਦਸ਼ਾਹ ਲਾਹੌਰ ਵਿਚ ਸੀ ਤਾਂ ਉਸ ਨੇ ਗੁਰੂ ਜੀ ਨੂੰ ਮਿਲਣ ਵਾਸਤੇ ਗੋਇੰਦਵਾਲ ਦੀ ਫੇਰੀ ਕੀਤੀ। ਇਹ ਦੱਸਣ ‘ਤੇ ਕਿ ਲੰਗਰ ਛਕੇ ਬਿਨਾਂ ਕੋਈ ਵੀ ਬੰਦਾ, ਚਾਹੇ ਉਸ ਦਾ ਰੁਤਬਾ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ, ਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕਦਾ, ਤਾਂ ਅਕਬਰ ਬਾਦਸ਼ਾਹ ਨੇ ਵੀ ਆਮ ਆਦਮੀ ਵਾਂਗ ਪੰਗਤ ਵਿਚ ਬੈਠ ਕੇ ਭੋਜਨ ਕੀਤਾ। ਜਦੋਂ ਬਾਦਸ਼ਾਹ ਦੀ ਮਹੱਤਤਾ ਨੂੰ ਜਾਣਦੇ ਹੋਏ ਸਰਕਾਰੀ ਕਾਰਿੰਦਿਆਂ ਨੇ ਲੰਗਰ ਵਿਚ ਬਾਦਸ਼ਾਹ ਦੇ ਬੈਠਣ ਲਈ ਗਲੀਚੇ ਵਿਛਾਉਣੇ ਸ਼ੁਰੂ ਕੀਤੇ, ਤਾਂ ਅਕਬਰ ਨੇ ਉਨ੍ਹਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਇਹ ਪੀਰ ਦਾ ਲੰਗਰ ਹੈ ਜਿਸ ਵਿਚ ਕੋਈ ਵੱਡਾ-ਛੋਟਾ ਨਹੀਂ। ਗੁਰੂ ਜੀ ਦੀ ਮਹਾਨਤਾ ਨੂੰ ਜਾਣਦੇ ਹੋਏ ਬਾਦਸ਼ਾਹ ਅਕਬਰ ਨੇ ਲੰਗਰ ਲਈ ਜਗੀਰ ਲਾਉਣ ਦੀ ਪੇਸ਼ਕਸ਼ ਕੀਤੀ, ਪਰ ਗੁਰੂ ਜੀ ਨੇ ਬੜੀ ਹਲੀਮੀ ਨਾਲ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਬਾਦਸ਼ਾਹ, ਇਹ ਲੰਗਰ ਆਮ ਲੋਕਾਂ ਲਈ ਉਨ੍ਹਾਂ ਦੀ ਨੇਕ ਕਮਾਈ ਨਾਲ ਹੀ ਚਲਦਾ ਹੈ। ਇਸ ਸੰਸਥਾ ਰਾਹੀਂ ਸਮਾਜਕ ਬਰਾਬਰੀ ਕਾਇਮ ਹੁੰਦੀ ਹੈ ਅਤੇ ਊਚ-ਨੀਚ ਤੇ ਜਾਤ-ਪਾਤ ਦਾ ਭੇਦ ਖਤਮ ਹੁੰਦਾ ਹੈ। ਕਸੂਰ ਦੇ ਹਿੰਦੂ ਗਵਰਨਰ ਨੇ ਆਪਣੇ ਬਾਗ ਵਿਚ ਗੁਰੂ ਅਮਰਦਾਸ ਸਾਹਿਬ ਨੂੰ ਤੰਬੂ ਲਾਉਣ ਦੀ ਸਹੂਲਤ ਦੇਣ ਤੋਂ ਨਾਂਹ ਕਰ ਦਿਤੀ। ਉਸ ਨੇ ਕਿਹਾ, “ਉਸ (ਗੁਰੂ ਜੀ) ਨੇ ਉਚੀਆਂ ਤੇ ਨੀਵੀਆਂ, ਸਭ ਜਾਤਾਂ ਦੇ ਬੰਦੇ ਆਪਣੇ ਨਾਲ ਰਲਾ ਲਏ ਹਨ। ਇਹ ਬੰਦੇ ਇਕ ਪੰਗਤ ਵਿਚ ਬੈਠ ਕੇ ਉਸ (ਗੁਰੂ ਜੀ) ਨਾਲ ਤੇ ਹੋਰਨਾਂ ਨਾਲ ਭੋਜਨ ਖਾਂਦੇ ਹਨ। ਜੇ ਉਸ (ਗੁਰੂ) ਨੇ ਅਛੂਤਾਂ ਦਾ ਗੁਰੂ ਹੋਣਾ ਪ੍ਰਵਾਨ ਕਰ ਲਿਆ ਹੈ ਤਾਂ ਉਸ ਦੀ ਮਰਜ਼ੀ, ਪਰ ਮੈਂ ਆਪਣੇ ਨਿਵਾਸ ਥਾਂ ਦੇ ਲਾਗੇ ਉਸ (ਗੁਰੂ ਜੀ) ਨੂੰ ਨਹੀਂ ਆਉਣ ਦਿਆਂਗਾ।” (ਮੈਕਾਲਿਫ਼)
ਗੁਰੂ ਅਰਜਨ ਨੇ ਸਦੂ (ਬੁਧੂ) ਘੁਮਾਰ ਨੂੰ ਦੱਸਿਆ ਕਿ ਗੁਰੂ ਨਾਨਕ ਨੇ ਚਾਰੇ ਜਾਤਾਂ ਦੇ ਇਕ ਸਾਂਝੀ ਥਾਂ ਰੋਟੀ ਖਾਣ ਦੀ ਰੀਤ ਸ਼ੁਰੂ ਕੀਤੀ ਸੀ। ਗੁਰੂ ਹਰਿਗੋਬਿੰਦ ਨੇ ਚਾਰੇ ਜਾਤਾਂ ਨੂੰ ਇਕ ਥਾਂ ਮਿਲਾ ਦਿੱਤਾ। ਜਿਹੜਾ ਦਮਦਮਾ ਉਨ੍ਹਾਂ ਨੇ ਬਣਾਇਆ, ਉਸ ਦਾ ਇੰਚਾਰਜ ਇਕ ਨੀਵੀਂ ਜਾਤ ਸਮਝੇ ਜਾਂਦੇ ਵਿਅਕਤੀ ਨੂੰ ਬਣਾਇਆ (ਗੁਰੂ ਬਿਲਾਸ)। ਗੁਰੂ ਜੀ ਨੇ ਭਾਈ ਬਿਧਿਆ ਨੂੰ ਦੱਸਿਆ ਕਿ ਰੂਪ ਚੰਦ ਜੋ ਤਰਖਾਣ ਸੀ, ਉਨ੍ਹਾਂ ਨੂੰ ਬਹੁਤ ਪਿਆਰਾ ਲਗਦਾ ਹੈ:
ਰੂਪ ਚੰਦ ਮਮ ਅਧਿਕ ਪਿਆਰਾ।
ਤਾ ਤੇ ਦੇਂਉ ਸਿੰਘਾਸਨ ਭਾਰੀ।
ਕਰੈ ਪੂਜ ਸਭ ਜਗ ਨਰ ਨਾਰੀ। (ਗੁਰ ਬਿਲਾਸ ਸਫਾ 6)
ਗੁਰੂ ਹਰਿਗੋਬਿੰਦ ਸਾਹਿਬ ਨੇ ਇਹ ਜ਼ਰੂਰੀ ਸਮਝਿਆ ਕਿ ਦੱਬੀਆਂ ਕੁਚਲੀਆਂ ਜਾਤਾਂ ਤੇ ਜਮਾਤਾਂ ਆਪਣੀ ਹੋਣੀ ਨੂੰ ਆਪ ਬਣਾਉਣ ਤੇ ਆਪਣੀਆਂ ਮਾਲਕ ਆਪ ਹੋਣ। ਜਦੋਂ ਉਨ੍ਹਾਂ ਪੰਥ ਨੂੰ ਹਥਿਆਰਬੰਦ ਕਰਨ ਦਾ ਐਲਾਨ ਕੀਤਾ, ਤਾਂ ਚਾਰ ਸੌ ਆਦਮੀਆਂ ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ,
ਝੀਵਰ ਔਰ ਤਖਾਣ।
ਨਾਈ ਗ੍ਰਹਿ ਉਤਰੇ ਸਭ ਆਣ।
ਲੋਹਗੜ੍ਹ ਦੀ ਲੜਾਈ ਵਿਚੋਂ ਬਚੇ ਮੁਸਲਮਾਨਾਂ ਨੇ ਆਪਣੇ ਹਾਕਮ ਨੂੰ ਇਤਲਾਹ ਦਿੱਤੀ, ‘ਭਾਵੇਂ ਸਿੱਖ ਸਾਰੀਆਂ ਜਾਤਾਂ ਤੇ ਪੇਸ਼ਿਆਂ ਵਿਚੋਂ ਸਨ, ਪਰ ਉਨ੍ਹਾਂ ਨੇ ਲੜਾਈ ਵਿਚ ਬਹਾਦਰੀ ਦਾ ਸਬੂਤ ਦਿੱਤਾ। ਇਸ ਕਰ ਕੇ ਸ਼ਾਹੀ ਫੌਜ ਨੂੰ ਹੋਈ ਹਾਰ ਦਾ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।’ ਜਲੰਧਰ ਦੇ ਸੂਬੇਦਾਰ ਨੇ ਗੁਰੂ ਹਰਿਗੋਬਿੰਦ ਖਿਲਾਫ਼ ਮੁਹਿੰਮ ਸ਼ੁਰੂ ਕੀਤੀ, ਕਿਉਂਕਿ ਇਹ ਸਮਝਿਆ ਗਿਆ ਕਿ ਸਮਾਜ ਦੀ ਹੇਠਲੀ ਮੈਲ ਵਿਚੋਂ ਗੁਰੂ ਸਾਹਿਬ ਨੇ ਨਖਿੱਧ ਬੰਦੇ ਆਪਣੇ ਨਾਲ ਰੱਖੇ ਹੋਏ ਸਨ। ਇਹ ਖਿਆਲ ਸੀ ਕਿ ਉਨ੍ਹਾਂ ਵਿਚ ਮਰਾਸੀ, ਨਾਈ, ਧੋਬੀ, ਚਮਾਰਾਂ ਜਿਹੇ ਲੋਕ ਹਨ ਜਿਹੜੇ ਸ਼ਾਹੀ ਫੌਜਾਂ ਦਾ ਮੁਕਾਬਲਾ ਕਰਨ ਵੇਲੇ ਖਿੰਡ-ਪੁੰਡ ਜਾਣਗੇ।
ਗੁਰੂ ਜੀ ਦਾ ਆਪਣਾ ਪਾਲਿਆ ਪੈਂਦੇ ਖਾਂ ਨਾਰਾਜ਼ ਹੋ ਕੇ ਗੁਰੂ ਜੀ ਨੂੰ ਛੱਡ ਕੇ ਬਾਦਸ਼ਾਹ ਕੋਲ ਜਾ ਫਰਿਆਦੀ ਹੋਇਆ। ਉਸ ਨੇ ਬਾਦਸ਼ਾਹ ਨੂੰ ਕਿਹਾ ਕਿ ਗੁਰੂ ਜੀ ਕੋਲ ਕੋਈ ਫੌਜ ਨਹੀਂ ਹੈ, “ਨਾਈਆਂ, ਧੋਬੀਆਂ, ਵਣਜਾਰਿਆਂ ਅਤੇ ਸਾਂਹਸੀਆਂ ਜਿਹੇ ਗੈਰ-ਜੰਗਜੂ ਲੋਕਾਂ ਨੂੰ ਇਕੱਠਾ ਕਰ ਕੇ ਉਸ ਨੂੰ ਉਹ ਆਪਣੀ ਫੌਜ ਕਹਿੰਦਾ ਹੈ।”
ਸਿੱਖ ਇਨਕਲਾਬ ਵਿਚ ਸਾਰੀਆਂ ਜਾਤਾਂ ਦੇ ਲੋਕਾਂ ਨੇ ਹਿੱਸਾ ਲਿਆ, ਖਾਸ ਤੌਰ ‘ਤੇ ਹੇਠਲੀਆਂ ਜਾਤਾਂ ਨੇ। ਸਿੱਖ ਗੁਰੂ ਇਨਕਲਾਬੀ ਤਬਦੀਲੀ ਲਿਆਉਣਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਸਮਾਜ ਦੇ ਦੱਬੇ-ਕੁਚਲੇ, ਨਿਆਸਰੇ ਤੇ ਲੁੱਟੇ-ਪੁੱਟੇ ਲੋਕ ਆਪਣੀ ਹੋਣੀ ਆਪ ਨਿਸ਼ਚਿਤ ਕਰਨ।
ਆਨੰਦਪੁਰ ਸਾਹਿਬ ਵਿਖੇ ਜਦੋਂ ਗੁਰੂ ਗੋਬਿੰਦ ਸਿੰਘ ਪਾਸ ਗੁਰੂ ਤੇਗ ਬਹਾਦਰ ਦਾ ਸੀਸ ਲਿਆਂਦਾ ਗਿਆ ਤਾਂ ਗੁਰੂ ਜੀ ਨੇ ਪੁੱਛਿਆ, ‘ਗੁਰੂ ਤੇਗ ਬਹਾਦਰ ਨਾਲ ਕਿੰਨੇ ਸਿੱਖਾਂ ਨੇ ਕੁਰਬਾਨੀ ਦਿੱਤੀ।’ ਜਵਾਬ ਸਪਸ਼ਟ ਸੀ, ‘ਸਿਰਫ ਦੋ ਸਿੱਖਾਂ ਨੇ ਹੀ ਕੁਰਬਾਨੀ ਦਿੱਤੀ।’ ਗੁਰੂ ਜੀ ਨੇ ਕਿਹਾ, ‘ਪਰ ਸਿੱਖਾ! ਸਿੱਖ ਤਾਂ ਸਾਡੇ ਬਹੁਤ ਆਹੇ?’ ਜਵਾਬ ਮਿਲਿਆ, ‘ਜੀ ਸੱਚੇ ਪਾਤਸ਼ਾਹæææਸਭ ਬੇਮੁੱਖ ਹੋਇ, ਸਭ ਫਿਰ ਗਏ। ਨਿਸ਼ਾਨੀ ਤਾਂ ਨਾਹੀ ਸਿੱਖੀ ਦੀ ਕਿਸੇ ਨੂੰ ਲੱਗੀ, ਜੁ ਕੋਈ ਸਿੱਖ ਸਹੇ ਕਰੇ।’ ਇਹ ਸੁਣ ਗੁਰੂ ਜੀ ਨੇ ਕਿਹਾ, ‘ਐਸੀ ਨਿਸ਼ਾਨੀ ਸਿੱਖਾਂ ਨੂੰ ਲਾਵਾਂਗਾ, ਜੁ ਹਜ਼ਾਰਾਂ ਵਿਚ ਖੜੋਤਾ ਸਿੱਖ ਲੁਕੇ ਨਾ ਹੀ। (ਰਹਿਤਨਾਮਾ ਸਫਾ 88-89, ਮੈਲਕਮ)
ਇਸ ਤਰ੍ਹਾਂ ਗੁਰੂ ਜੀ ਨੇ 17ਵੀਂ ਸਦੀ ਦੇ ਆਖਰੀ ਸਾਲ ਵਿਚ ਵਿਸਾਖੀ ਦੇ ਸ਼ੁਭ ਦਿਹਾੜੇ ‘ਤੇ ਪੰਜ ਪਿਆਰਿਆਂ ਨਾਲ ਖਾਲਸਾ ਪੰਥ ਦੀ ਸਿਰਜਣਾ ਕੀਤੀ। ਭਾਈ ਦਯਾ ਸਿੰਘ ਲਾਹੌਰ ਦੇ ਖੱਤਰੀ ਸਨ, ਭਾਈ ਧਰਮ ਸਿੰਘ ਦਿੱਲੀ ਤੇ ਸਹਾਰਨਪੁਰ ਦੇ ਜੱਟ ਸਨ (ਕਈ ਲਿਖਾਰੀ ਇਨ੍ਹਾਂ ਨੂੰ ਰੋਹਤਕ ਨਿਵਾਸੀ ਲਿਖਦੇ ਹਨ)। ਤਿੰਨ ਸਿੰਘ ਸ਼ੂਦਰ ਜਾਤ ਨਾਲ ਸਬੰਧਤ ਸਨ। ਮੋਹਕਮ ਸਿੰਘ ਦੁਆਰਕਾ (ਗੁਜਰਾਤ) ਦੇ ਧੋਬੀ ਸਨ, ਹਿੰਮਤ ਸਿੰਘ ਜਗਨਨਾਥ ਪੁਰੀ ਨਾਲ ਸਬੰਧਤ ਝਿਊਰ ਸਨ ਅਤੇ ਸਾਹਿਬ ਸਿੰਘ ਬਿਦਰ ਦੇ ਨਾਈ ਸਨ। ਜਾਤ-ਪਾਤੀ ਸਮਾਜ ਨਾਲੋਂ ਖਾਲਸੇ ਦਾ ਮੁਕੰਮਲ ਤੋੜ-ਵਿਛੋੜਾ ਕਰਨ ਲਈ ਇਹ ਇਨਕਲਾਬੀ ਕਦਮ ਉਚੇਰੀ ਅਹਿਮੀਅਤ ਰੱਖਦਾ ਸੀ। ਖਾਲਸੇ ਅੰਦਰ ਵਰਨ, ਜਾਤ, ਧਰਮ, ਕਰਮ ਅਤੇ ਕੁਲ ਆਦਿ ਦੇ ਵਖਰੇਵੇਂ ਪੂਰੀ ਤਰ੍ਹਾਂ ਮਿਟ ਗਏ। ਕੋਈ ਉਚਾ, ਕੋਈ ਨੀਵਾਂ ਨਹੀਂ ਸੀ। ਕੋਈ ਮਝੈਲ, ਦੁਆਬੀਆ ਜਾਂ ਮਲਵਈ ਨਹੀਂ ਸੀ, ਹਿੰਦੂਪਣ ਦੀਆਂ ਸਾਰੀਆਂ ਮੁੱਖ ਨਿਸ਼ਾਨੀਆਂ ਮਲੀਆਮੇਟ ਕਰ ਦਿੱਤੀਆਂ ਗਈਆਂ।
ਇਸ ਮੌਕੇ ਬਾਦਸ਼ਾਹ ਦੇ ਸੂਹੀਏ ਨੇ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਦਿੱਤੇ ਭਾਸ਼ਣ ਦੀ ਰਿਪੋਰਟ ਬਾਦਸ਼ਾਹ ਨੂੰ ਭੇਜੀ। ਇਸ ਰਿਪੋਰਟ ਉਤੇ 1756 (1699 ਈਸਵੀ) ਦੀ ਵਿਸਾਖ ਦੀ ਪਹਿਲੀ ਤਾਰੀਖ ਪਈ ਹੋਈ ਹੈ। ਇਸ ਰਿਪੋਰਟ ਵਿਚ ਗੁਰੂ ਸਾਹਿਬ ਦੇ ਭਾਸ਼ਣ ਦਾ ਸਾਰ-ਅੰਸ਼ ਇਹ ਹੈ,
ਸਾਰੇ ਇਕ ਮੱਤ ਧਾਰਨ ਕਰੋ ਅਤੇ (ਪੁਰਾਣੇ) ਧਰਮਾਂ ਦੇ ਭੇਦਾਂ ਨੂੰ ਖਤਮ ਕਰੋ। ਹਿੰਦੂਆਂ ਦੀਆਂ ਚਾਰੇ ਜਾਤਾਂ ਆਪਣੇ ਵੱਖਰੇ-ਵੱਖਰੇ ਨੇਮ ਛੱਡ ਦੇਣ।
ਪੂਜਾ ਦਾ ਇਕੋ ਰੂਪ ਅਖਤਿਆਰ ਕਰੋ, ਤੇ ਇਕ-ਦੂਜੇ ਦੇ ਭਰਾ ਬਣੋ। ਕੋਈ ਵੀ ਆਪਣੇ ਆਪ ਨੂੰ ਦੂਜਿਆਂ ਤੋਂ ਰੁਤਬੇ ਵਿਚ ਉਚਾ ਨਾ ਸਮਝੇ। ਚਾਰੇ ਜਾਤਾਂ ਦੇ ਇਨਸਾਨ ਮੇਰੇ ਕੋਲੋਂ ਅੰਮ੍ਰਿਤ ਛਕਣ, ਇਕ ਥਾਂ ਭੋਜਨ ਛਕਣ ਅਤੇ ਇਕ-ਦੂਜੇ ਵਾਸਤੇ ਘ੍ਰਿਣਾ ਜਾਂ ਨਿਰਾਦਰੀ ਦੀ ਭਾਵਨਾ ਨਾ ਰੱਖਣ। (ਮੈਕਾਲਿਫ਼ ਸਫਾ 93-94)
ਇਸ ਭਾਸ਼ਣ ਦੀ ਤਸਦੀਕ ਕੁਇਰ ਸਿੰਘ ਆਪਣੀ ਲਿਖਤ ਵਿਚ ਕਰਦਾ ਹੈ। ਉਸ ਨੇ ਲਿਖਿਆ ਹੈ ਕਿ ਗੁਰੂ ਜੀ ਨੇ ਕਿਹਾ,
ਬੈਸ ਸੂਦਰ ਏ ਜਾਟ ਆਪਾਰਾ,
ਤਾਂ ਕੋ ਪੰਥ ਮਾਹ ਮੈਂ ਧਾਰਾ।
(ਕੁਇਰ ਸਿੰਘ ਸਫਾ 136, ਗੁਰ ਬਿਲਾਸ ਸਫਾ 6)
ਪਿਛਲੇਰੇ ਸਾਹਿਤ ਵਿਚ ਵੀ ਇਹ ਵਰਣਨ ਮਿਲਦਾ ਹੈ ਕਿ ਗੁਰੂ ਜੀ ਦਾ ਮਿਸ਼ਨ ਚਾਰੇ ਜਾਤਾਂ ਨੂੰ ਇਕ ਕਰਨਾ ਸੀ,
ਚਾਰਨ ਬਰਨ ਇਕ ਬਰਨ ਕਰਾਊਂ।
ਜਦੋਂ ਗੁਰੂ ਜੀ ਨੇ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਣ ਦੀ ਬੇਨਤੀ ਕੀਤੀ ਤਾਂ ਕੁਇਰ ਸਿੰਘ ਅਨੁਸਾਰ, ਗੁਰੂ ਜੀ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਸੰਬੋਧਨ ਕੀਤਾ,
ਸੁਨੋ, ਖਾਲਸਾ ਜੂ ਮਨ ਧਾਰੇ।
ਤੁਮ ਹੋ ਮੋ ਕੋ ਪਰਮ ਪਿਆਰੇ।
ਤਬ ਹੰਕ੍ਰਿਤ ਮਨ ਕ੍ਰਿਪਨ ਕੀਨਾ,
ਧਰ ਕੋ ਰਾਜ ਹਮੈ ਗੁਰ ਦੀਨਾ।
ਹਮ ਸਮ ਕੋ ਜਗ ਮਹਿ ਨਹਿ ਰਾਜਾ,
ਬਾਹਜ ਰਜਪੁਤਨ ਕੇ ਸਾਜਾ।
ਬੈਸ ਸੂਦਰ ਏ ਜਾਟ ਅਪਾਰਾ।
ਤਾਂ ਕੋ ਪੰਥ ਮਾਹ ਮੈਂ ਧਾਰਾ।
ਸਤ ਜਗ ਰਾਜ ਤੋਹਿ ਕੋ ਦੀਨਾ।
ਪੁਨਿ ਬਿਧਿ ਸੋ ਤੁਮ ਕੋ ਗੁਰ ਲੀਨਾ।
ਗੁਰੂ ਜੀ ਨੇ ਜਾਤ-ਪਾਤ ਦੇ ਸਮਾਜਕ ਅਤੇ ਰਾਜਸੀ- ਦੋਹਾਂ ਪ੍ਰਬੰਧਾਂ ਨੂੰ ਰੱਦ ਕਰ ਕੇ ਰਾਜ ਸੱਤਾ ਬ੍ਰਾਹਮਣਾਂ ਅਤੇ ਰਾਜਪੂਤਾਂ (ਉਚੀਆਂ ਜਾਤਾਂ) ਦੀ ਬਜਾਏ ਗਰੀਬ ਜਨਤਾ ਨੂੰ ਬਖਸ਼ੀ।
ਜਦੋਂ ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਮੁਗਲਾਂ ਖਿਲਾਫ਼ ਲੜਾਈ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ, ਤਾਂ ਉਨ੍ਹਾਂ ਦਾ ਜਵਾਬ ਸੀ,
ਚਾਰ ਬਰਨ ਤੁਮ ਇਕ ਜਾ ਕੀਨੇ,
ਅੰਮ੍ਰਿਤ ਨਿੱਜ ਉਪਦੇਸ ਸੁ ਦੀਨੇ।
ਹਮਰੀ ਜਾਤਿ ਅਧਿਕ ਜਗ ਮਾਹੀ,
ਕਿਮ ਹਮ ਚਾਰ ਬਰਨ ਸੰਗ ਖਾਹੀ।
ਤੁਮਰੇ ਪੰਥ ਰਾਜ ਕਿਮ ਦੈ ਹੈਂ,
ਅਜਾ (ਬੱਕਰੀਆਂ) ਗੰਨੇ ਮਰ ਸੋ ਲੈ ਹੈਂ।
ਕੋ ਕਿਰਸਾਨੀ ਕਰਤ ਮਹਾਨਾ,
ਕੋ ਬਾਪਾਰੀ ਅਧਿਕ ਸੁਜਾਨਾ।
ਨੀਚ ਜਾਤ ਕਹਿ ਨੀਹਲਾ ਵਾਸੀ,
ਹਮਰੋ ਰਾਜ ਖੋਹ ਜਗ ਹਾਸੀ।
ਇਹ ਤੋਂ ਬਡ ਅਚਰਜ ਕੀ ਬਾਤਾ,
ਦੁਆਦਸ (ਬ੍ਰਾਹਮਣ ਕਸ਼ੱਤਰੀ) ਜਾਤ ਸਨਾਤ ਦਾ ਨਾਤਾ।
(ਕੁਇਰ ਸਿੰਘ, ਗੁਰ ਬਿਲਾਸ ਸਫਾ 6)
ਸਿੱਖ ਰਵਾਇਤ ਅਨੁਸਾਰ ਗੁਰੂ ਗੋਬਿੰਦ ਸਿਘ ਨੇ ਇਕ ਵਾਰੀ ਭਾਈ ਨੰਦ ਲਾਲ ਨੂੰ ਹੇਠ ਲਿਖੇ ਭਾਵਾਂ ਨਾਲ ਮੁਖਾਤਬ ਕੀਤਾ,
ਸੁਨਹੁ ਨੰਦ ਲਾਲ ਇਹ ਸਾਜ।
ਪਰਗਟ ਕਰਾਊਂ ਅਪਨੋ ਰਾਜ॥
ਚਾਰ ਬਰਨ ਇਕ ਬਰਨ ਕਰਾਊਂ।
ਵਾਹਿਗੁਰੂ ਕਾ ਜਾਪ ਜਪਾਊਂ॥
ਗੁਰੂ ਗੋਬਿੰਦ ਸਿੰਘ ਨੇ ਮਿਸ਼ਨ ਨੂੰ ਅਗਾਂਹ ਤੋਰਨ ਦੀ ਜ਼ਿੰਮੇਵਾਰੀ ਬੰਦਾ ਸਿੰਘ ਬਹਾਦਰ ਦੇ ਜ਼ਿੰਮੇ ਲਾਈ ਜਿਸ ਨੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ। ਬੰਦੇ ਦੀ ਫੌਜ ਦੀ ਭਰਤੀ, ਜ਼ਿਆਦਾਤਰ ਹੇਠਲੀਆਂ ਜਾਤਾਂ ਵਿਚੋਂ ਹੋਈ। ਬੰਦਾ ਸਿੰਘ ਬਹਾਦਰ ਦੇ ਸਮੇਂ ਦਾ ਮੁਸਲਮਾਨ ਇਤਿਹਾਸਕਾਰ ਗੁਲਾਮ ਮੁਹੀਉਦੀਨ ਆਪਣੀ ਪੁਸਤਕ ‘ਫਤੂਹਾਤਨਾਮਦ-ਏ-ਸਮਦੀ’ ਵਿਚ ਲਿਖਦਾ ਹੈ ਕਿ ਬੰਦੇ ਨੇ ਐਸੇ ਲੋਕਾਂ ਨੂੰ ਉਘਾ ਕੀਤਾ ਜੋ ਬੇਰੁਜ਼ਗਾਰ ਤੇ ਨਖਿਧ ਸਨ। ਇਸ ਤੋਂ ਪਹਿਲਾਂ ਇਹ ਲੋਕ ਗੁੰਮਨਾਮੀ ਦੇ ਪਰਦੇ ਹੇਠ ਲੁਕੇ ਹੋਏ ਸਨ। ਖਾਫੀ ਖਾਨ ਆਪਣੀ ਪੁਸਤਕ ‘ਮੁੰਤਖਬੁ-ਲ-ਲੁਬਾਬ’ (1731) ਵਿਚ ਲਿਖਦਾ ਹੈ, “ਇਨ੍ਹਾਂ ਕਾਫਰਾਂ ਨੇ ਇਕ ਨਵਾਂ ਕਾਇਦ ਕਾਇਮ ਕਰ ਦਿੱਤਾ ਅਤੇ ਦਾੜ੍ਹੀ ਤੇ ਸਿਰ ਦੇ ਕੇਸ ਕਤਰਨ ਦੀ ਮਨਾਹੀ ਕਰ ਦਿੱਤੀ। ਮਲੀਨ ਤੇ ਨੀਵੀਆਂ ਜਾਤਾਂ ਦੇ ਬਹੁਤ ਸਾਰੇ ਹਿੰਦੂ ਉਨ੍ਹਾਂ ਨਾਲ ਆ ਗਏ ਤੇ ਆਪਣੀਆਂ ਜਾਨਾਂ ਉਨ੍ਹਾਂ (ਸਿੱਖਾਂ) ਮੰਦ ਭਾਵਨਾ ਵਾਲਿਆਂ ਦੇ ਹਵਾਲੇ ਕਰ ਦਿੱਤੀਆਂ। ਉਨ੍ਹਾਂ ਨੇ ਸਿੱਖਾਂ ਦਾ ਧਰਮ ਕਬੂਲਣ ਅਤੇ ਉਨ੍ਹਾਂ ਦਾ ਹੁਕਮ ਮੰਨਣ ਵਿਚ ਆਪਣਾ ਭਲਾ ਸਮਝਿਆ ਅਤੇ ਉਹ ਉਚ ਜਾਤੀਆਂ ਵਾਲੇ ਹਿੰਦੂਆਂ ਉਤੇ ਜ਼ੁਲਮ ਕਰਨ ਅਤੇ ਉਨ੍ਹਾਂ ਨੂੰ ਮਾਰਨ ਦੇ ਕੰਮ ਵਿਚ ਸਰਗਰਮ ਸਨ।”
ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖਾਲਸੇ ਨੇ ਪਹਿਲੀ ਵਾਰ ਰਾਜਸੀ ਸੱਤਾ ਉਤੇ ਕਬਜ਼ਾ ਕੀਤਾ ਤਾਂ ਭਾਰਤੀ ਸਮਾਜਕ ਰੁਤਬੇ ਅਨੁਸਾਰ ‘ਨੀਚਾਂ ਵਿਚੋਂ ਵੀ ਸਭ ਤੋਂ ਨੀਚ’ ਨੂੰ ਹਾਕਮ ਬਣਾਇਆ ਗਿਆ। ਸਮਕਾਲੀ ਮੁਸਲਮਾਨ ਇਤਿਹਾਸਕਾਰਾਂ ਦੀਆਂ ਲਿਖਤਾਂ ਦੇ ਆਧਾਰ ਉਤੇ ਇਰਵਨ ਲਿਖਦਾ ਹੈ, “ਜਿਨ੍ਹਾਂ ਪਰਗਨਿਆਂ ਉਤੇ ਸਿੱਖਾਂ ਦਾ ਕਬਜ਼ਾ ਹੋਇਆ, ਉਥੇ ਪੁਰਾਣੀਆਂ ਪਰੰਪਰਾਵਾਂ ਤੇ ਰਿਵਾਜ਼ਾਂ ਦਾ ਖਾਤਮਾ ਬਹੁਤ ਉਘੜਵਾਂ ਤੇ ਮੁਕੰਮਲ ਸੀ। ਨੀਵੀਂ ਜਾਤ ਦਾ ਕੋਈ ਜਦੋਂ ਘਰ ਛੱਡ ਕੇ ਗੁਰੂ (ਬੰਦੇ) ਨਾਲ ਜਾਂ ਰਲਦਾ ਸੀ, ਤਾਂ ਥੋੜ੍ਹੇ ਸਮੇਂ ਬਾਅਦ ਆਪਣੀ ਜਨਮ ਭੂਮੀ ਉਤੇ ਹਾਕਮ ਬਣ ਕੇ ਪਰਤਦਾ ਸੀ। ਉਸ ਦੇ ਹੱਥ ਵਿਚ ਉਸ ਦੀ ਹਾਕਮ ਵਜੋਂ ਨਿਯੁਕਤੀ ਦਾ ਪ੍ਰਵਾਨਾ ਹੁੰਦਾ ਸੀ। ਜਿਉਂ ਹੀ ਉਹ ਪਿੰਡ ਜਾਂ ਕਸਬੇ ਦੀ ਜੂਹ ਵਿਚ ਵੜਦਾ, ਉਚੀਆਂ ਜਾਤਾਂ ਵਾਲੇ ਅਤੇ ਧਨਾਢ ਲੋਕ ਉਸ ਨੂੰ ਅੱਗੇ ਹੋ ਕੇ ਲੈਣ ਲਈ ਆਉਂਦੇ ਤੇ ਉਸ ਨੂੰ ਘਰ ਲੈ ਕੇ ਜਾਂਦੇ। ਉਥੇ ਜਾ ਕੇ ਉਹ ਹੱਥ ਜੋੜ ਕੇ ਉਸ ਦੇ ਸਾਹਮਣੇ ਖਲੋਂਦੇ ਅਤੇ ਉਸ ਦੇ ਹੁਕਮ ਦਾ ਇੰਤਜ਼ਾਰ ਕਰਦੇ।” (ਇਰਵਨ ਡਬਲਿਊæ, ਲੇਟਰ ਮੁਗਲਜ਼, ਸਫਾ 98-99)
ਇਰਵਿਨ ਇਹ ਵੀ ਲਿਖਦਾ ਹੈ ਕਿ ਸਾਰੀ ਸਿਆਸੀ ਸੱਤਾ ਉਤੇ ਸਿੱਖਾਂ ਨੇ ਕਬਜ਼ਾ ਕਰ ਲਿਆ। ਇਕ ਨੀਵੀਂ ਜਾਤ ਦੇ ਮੈਂਬਰ ਬੀਰ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਜਾਂ ਗਵਰਨਰ ਥਾਪਿਆ ਗਿਆ। ਸਾਧਾਰਨ ਕਿਸਾਨ, ਚਰਵਾਹੇ (ਭਾਈ ਤਾਰਾ ਸਿੰਘ ਗੈਬਾ), ਪਿੰਡਾਂ ਦੇ ਕੰਮੀ (ਤਰਖਾਣ) ਅਤੇ ਕਲਾਲ (ਜਿਨ੍ਹਾਂ ਨੂੰ ਸ਼ੂਦਰਾਂ ਤੋਂ ਨੀਵੇਂ, ਅਛੂਤਾਂ ਦੇ ਲਾਗੇ-ਬੰਨੇ ਮਿਥਿਆ ਜਾਂਦਾ), ਮਿਸਲਾਂ ਦੇ ਆਗੂ ਬਣ ਗਏ। ਕੁਲ ਬਾਰਾਂ ਮਿਸਲਾਂ ਵਿਚੋਂ ਇਕ ਵੀ ਅਜਿਹੀ ਨਹੀਂ ਸੀ ਜਿਸ ਦੇ ਮਿਸਲਦਾਰ ਦੀ ਜਾਤ ਉਚੀ ਹੋਵੇ। ਰੰਗਰੇਟੇ ਤਾਂ ਸ਼ੁਰੂ ਤੋਂ ਹੀ ਖਾਲਸੇ ਵਿਚ ਬਰਾਬਰ ਦੇ ਮੈਂਬਰ ਰਹੇ ਸਨ, ਪਰ ਮਿਸਲਾਂ ਬਣਾਉਣ ਸਮੇਂ ਉਹ ਨਿਸ਼ਾਨ ਵਾਲੀਆਂ ਦੀ ਮਿਸਲ ਵਿਚ ਸ਼ਾਮਲ ਹੋ ਗਏ। ਇਸ ਮਿਸਲ ਨੇ ਆਪਣੀ ਹਕੂਮਤ ਸਥਾਪਤ ਕਰਨ ਲਈ ਕੋਈ ਵੱਖਰਾ ਇਲਾਕਾ ਨਹੀਂ ਮੱਲਿਆ। ਇਸ ਗੱਲ ਦਾ ਕੋਈ ਸੰਕੇਤ ਨਹੀਂ ਕਿ ਰੰਗਰੇਟਿਆਂ ਨੂੰ ਖਾਲਸਾ ਦਲ ਦੀ ਹੋਰਨਾਂ ਧਿਰਾਂ ਨੇ ਕੋਈ ਇਲਾਕਾ ਜਿੱਤਣ ਤੋਂ ਰੋਕਿਆ ਹੋਵੇ।
ਜਦੋਂ ਖਾਲਸਾ ਦਲ ਦਾ ਤੁਰਨਾ ਦਲ ਵਾਲਾ ਹਿੱਸਾ ਮੁੜ ਕੀਤਾ ਗਿਆ, ਤਾਂ ਉਸ ਦੀਆਂ ਪੰਜ ਡਿਵੀਜ਼ਨਾਂ ਬਣਾਈਆਂ ਗਈਆਂ। ਪੰਜਾਂ ਵਿਚੋਂ ਇਕ ਡਿਵੀਜ਼ਨ ਦੀ ਕਮਾਨ ਭਾਈ ਬੀਰ ਸਿੰਘ ਰੰਗਰੇਟੇ ਦੇ ਹੱਥ ਸੀ। ਮਲੇਰ ਕੋਟਲੇ ਦੀ ਜਿੱਤ ਵੇਲੇ ਤੱਕ ਖਾਲਸੇ ਦੀ ਮੁਹਿੰਮ ਵਿਚ ਇਹ ਡਿਵੀਜ਼ਨ ਲਗਾਤਾਰ ਹਿੱਸਾ ਲੈਂਦੀ ਰਹੀ। ਅਬਦਾਲੀ ਨਾਲ ਵੱਡੀ ਲੜਾਈ ਜਿਸ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ, ਵਿਚ ਰਮਦਾਸੀਆਂ (ਰਵਿਦਾਸੀਆਂ) ਤੇ ਰੰਗਰੇਟਿਆਂ ਵੱਲੋਂ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਖਾਸ ਜ਼ਿਕਰ ਆਉਂਦਾ ਹੈ।
ਸਿੱਖ ਗੁਰੂਆਂ ਨੇ ਰੁਤਬੇ ਦੀ ਚੇਤੰਨਤਾ ਅਤੇ ਹਉਮੈ ਦੀ ਗੋਲ-ਮੋਲ ਸ਼ਬਦਾਂ ਵਿਚ ਨਿਖੇਧੀ ਕਰ ਕੇ ਤਸੱਲੀ ਨਹੀਂ ਲਈ। ਸਿੱਖ ਮੱਤ ਨੇ ਜਾਤ-ਪਾਤੀ ਨਾਲ ਸਬੰਧਤ ਰੁਤਬੇ ਦੀ ਚੇਤੰਨਤਾ ਤੇ ਹਉਮੈ, ਦੋਹਾਂ ਦੀ ਸਿੱਧੇ ਲਫ਼ਜ਼ਾਂ ਵਿਚ ਨਿਖੇਧੀ ਕੀਤੀ।
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥
(ਗੁਰੂ ਗ੍ਰੰਥ ਸਾਹਿਬ, ਅੰਗ 1127-28)
ਚਾਰੈ ਪੈਰ ਧਰਮ ਦੇ
ਚਾਰਿ ਵਰਨਿ ਇਕ ਵਰਨੁ ਕਰਾਇਆ॥
ਰਾਣਾ ਰੰਕ ਬਰਾਬਰੀ
ਪੈਰੀ ਪਵਣਾ ਜਗਿ ਵਰਤਾਇਆ॥
(ਭਾਈ ਗੁਰਦਾਸ, ਵਾਰ ਪਹਿਲੀ, ਪਉੜੀਆਂ 23, 25; ਵਾਰ 23, ਪਉੜੀ 20)
(ਸਮਾਪਤ)
Leave a Reply