ਡਾæ ਕੁਲਦੀਪ ਸਿੰਘ ਧੀਰ
ਭਾਰਤ ਦੇਸ਼ ਵਹਿਮਾਂ-ਭਰਮਾਂ ਤੇ ਜੋਤਿਸ਼ ਦੇ ਚੱਕਰ ਵਿਚ ਫਸਿਆ ਪਿਆ ਹੈ। ਆਮ ਆਦਮੀ ਤੋਂ ਲੈ ਕੇ ਰਾਜ ਨੇਤਾਵਾਂ ਤਕ। ਅਨਪੜ੍ਹਾਂ ਤੋਂ ਲੈ ਕੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗ ਦਰਸ਼ਨ ਕਰਨ ਵਾਲੇ ਪ੍ਰੋਫ਼ੈਸਰਾਂ, ਪ੍ਰਿੰਸੀਪਲਾਂ ਤਕ। ਅਖਬਾਰਾਂ, ਰਸਾਲੇ ਤੇ ਟੀæਵੀæ ਚੈਨਲ ਵੀ ਇਸ ਧੰਦੇ ਨੂੰ ਪੈਸਾ ਕਮਾਉਣ ਲਈ ਵਰਤ ਰਹੇ ਹਨ। ਮੇਰੇ ਸਾਹਮਣੇ 7 ਨਵੰਬਰ 2006 ਦੀ ਅਖਬਾਰ ਹੈ। ਇਸ ਵਿਚ ਲੰਮਾ ਸਮਾਚਾਰ ਫੀਚਰ ਹੈ ਜਿਸ ਦਾ ਸਿਰਲੇਖ ਹੈ: ਕੀ ਫਰਨਾਂਡੇਜ਼ ਭਾਜਪਾ ਤੇ ਸਮਾਜਵਾਦੀ ਪਾਰਟੀ ਨੂੰ ਇੱਕ ਕਰ ਸਕਣਗੇ? ਹੇਠਾਂ ਤਿੰਨ ਜੂਨ 1930 ਨੂੰ ਜਨਮੇ ਜਾਰਜ ਫਰਨਾਂਡੇਜ਼ ਦੀ ਜਨਮ ਪੱਤਰੀ ਦੀ ਤਸਵੀਰ ਦੇ ਕੇ ਭਾਰਤੀ ਸਿਆਸੀ ਪਾਰਟੀਆਂ ਦਾ ਉਨ੍ਹਾਂ ਦੇ ਪ੍ਰਸੰਗ ਵਿਚ ਜੋਤਿਸ਼ ਆਚਾਰੀਆ ਨੇ ਜਾਇਜ਼ਾ ਪੇਸ਼ ਕੀਤਾ ਹੈ। ਅਚਾਰੀਆ ਆਪਣੀ ਗਿਣਤੀ-ਮਿਣਤੀ ਕਰ ਕੇ ਦੱਸਦਾ ਹੈ ਕਿ ਨਛੱਤਰਾਂ, ਤਿੱਥਾਂ ਤੇ ਗ੍ਰਹਿਆਂ ਦੇ ਕਾਲਯੋਗ ਕਾਰਨ ਫਰਨਾਂਡੇਜ਼ ਨੇ ਸਾਰੀ ਉਮਰ ਸ਼ਾਦੀ ਨਹੀਂ ਕਰਵਾਈ ਤੇ ਸਾਰਾ ਜੀਵਨ ਸੰਘਰਸ਼ ਕੀਤਾ ਹੈ। ਗੁਰੂ ਦੀ ਮਹਾਂਦਸ਼ਾ ਤੇ ਸ਼ੁੱਕਰ ਦੀ ਅੰਤਰ-ਦਸ਼ਾ ਵਿਚ ਉਸ ਨੂੰ ਮੰਤਰੀ ਦਾ ਅਹੁਦਾ ਤੇ ਪਾਰਟੀ ਦੀ ਪ੍ਰਧਾਨਗੀ ਛੱਡਣੀ ਪਈ।
ਅਚਾਰੀਆ ਦਾ ਜੋਤਿਸ਼ ਰਾਜਸੀ ਨਿਰਣਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਭਾਵੇਂ ਹੋਵੇ, ਪਰ ਮੈਨੂੰ ਇਸ ਦਾ ਕੋਈ ਸਿਰ-ਪੈਰ ਸਮਝ ਨਹੀਂ ਆਇਆ। ਜਦੋਂ ਵੀ ਕਿਤੇ ਕਿਸੇ ਅਖਬਾਰ ਰਸਾਲੇ ਵਿਚ ਰਾਸ਼ੀਫਲ ਬਾਰੇ ਪੜ੍ਹਦਾ ਹਾਂ ਤਾਂ ਵਿਭਿੰਨ ਰਾਸ਼ੀਆਂ ਹੇਠ ਲਿਖੇ ਫਿਕਰੇ ਫਰੇਬੀ ਸ਼ਬਦ-ਜਾਲ ਜਾਪਦੇ ਹਨ ਜਿਨ੍ਹਾਂ ਵਿਚ ਅੱਧੀਆਂ ਕੁ ਗੱਲਾਂ ਆਸ਼ਾਵਾਦੀ ਤੇ ਅੱਧੀਆਂ ਕੁ ਨਿਰਾਸ਼ਾਵਾਦੀ ਪੱਖ ਨੂੰ ਪੇਸ਼ ਕਰਨ ਲਈ ਜੜੀਆਂ ਪ੍ਰਤੀਤ ਹੁੰਦੀਆਂ ਹਨ। ਕਈ ਵਾਰ ਰਾਸ਼ੀਫਲ ਦੱਸਣ ਵਾਲਿਆਂ ਵੱਲੋਂ ਮਾੜੇ ਗ੍ਰਹਿਆਂ ਦਾ ਪ੍ਰਭਾਵ ਖ਼ਤਮ ਕਰਨ ਲਈ ਭਾਂਤ-ਭਾਂਤ ਦੇ ਦਾਨ ਵੀ ਦੱਸੇ ਹੁੰਦੇ ਹਨ।
ਇੱਕ ਅਖਬਾਰ ਵਿਚਲਾ ਜੋਤਸ਼ੀ ਸ਼ਨੀ ਦੀ ਸਾੜ੍ਹ-ਸਤੀ ਅਤੇ ਢਾਈਏ ਦੇ ਅਸਰ ਦਾ ਕਾਰਨ ਅਜਿਹੇ ਗ੍ਰਹਿ ਪਰਿਵਰਤਨ ਦੱਸਦਾ ਹੈ ਜੋ ਪਿਛਲੇ ਦਸ ਸਾਲ ਵਿਚ ਪਹਿਲੀ ਵਾਰ ਹੋਏ ਹਨ। ਕੁਝ ਖ਼ਾਸ ਰਾਸ਼ੀਆਂ ਵਾਲੇ ਲੋਕਾਂ ਉਤੇ ਇਹ ਅਸਰ ਸਾਢੇ ਸੱਤ ਸਾਲ ਰਹਿਣਾ ਹੈ। ਇਸ ਦੇ ਉਪਾਅ ਵਜੋਂ ਸ਼ਨੀ, ਬ੍ਰਿਸਪਤ ਤੇ ਰਾਹੂ- ਤਿੰਨਾਂ ਨੂੰ ਪ੍ਰਸੰਨ ਕਰਨ ਲਈ ਦਾਨ ਦੱਸੇ ਗਏ ਹਨ। ਬਾਕੀ ਗ੍ਰਹਿਆਂ ਨੂੰ ਛੱਡੋ, ਇਹ ਸੂਚੀ ਪੜ੍ਹ ਕੇ ਲੱਗਾ ਕਿ ਸ਼ਨੀ ਗੁਰੂ ਤੇ ਬ੍ਰਹਿਸਪਤੀ ਨੂੰ ਪ੍ਰਸੰਨ ਕਰਨ ਆਏ ਮਹਾਂਪੁਰਖ ਨੂੰ ਹਰ ਪ੍ਰਕਾਰ ਦਾ ਦਾਲ-ਫੁਲਕਾ, ਅੰਨ-ਪਾਣੀ, ਕੱਪੜਾ-ਲੱਤਾ, ਮਾਲ-ਡੰਗਰ, ਗਹਿਣਾ-ਗੱਟਾ ਸਭ ਕੁਝ ਮਿਲ ਸਕਦਾ ਹੈ। ਸਵਾ ਅਰਬ ਦੇ ਲਗਪਗ ਭਾਰਤੀਆਂ ਵਿਚੋਂ ਸਾੜ੍ਹ-ਸਤੀ ਤੋਂ ਬਚਣ ਲਈ ਤਰਲੇ ਕਰਨ ਵਾਲੇ ਬਥੇਰੇ ਲੋਕ ਮਿਲ ਸਕਦੇ ਹਨ।
ਇਹ ਸਮਝ ਨਹੀਂ ਆਉਂਦਾ ਕਿ ਮੀਡੀਆ, ਪੜ੍ਹੇ-ਲਿਖੇ ਲੋਕ ਅਤੇ ਭਾਰਤ ਸਰਕਾਰ ਇਸ ਸਿਲਸਿਲੇ ਵਿਚ ਲੋਕਾਂ ਨੂੰ ਚੇਤੰਨ ਕਰਨ ਵਾਸਤੇ ਯਤਨ ਕਿਉਂ ਨਹੀਂ ਕਰਦੇ? ਕਮਾਲ ਦੀ ਗੱਲ ਇਹ ਹੈ ਕਿ ਜੋਤਿਸ਼ ਵਿਚ ਸਭ ਤੋਂ ਵੱਧ ਮਾੜੇ ਦੱਸੇ ਜਾਂਦੇ ਗ੍ਰਹਿਆਂ ਰਾਹੂ ਤੇ ਕੇਤੂ ਦੀ ਕਿਸੇ ਅਸਮਾਨ ਵਿਚ ਹੋਂਦ ਹੀ ਨਹੀਂ। ਜੋਤਸ਼ੀ ਇਨ੍ਹਾਂ ਨੂੰ ਛਾਇਆ ਗ੍ਰਹਿ ਕਹਿ ਕੇ ਦਾਲ-ਫੁਲਕਾ ਤੋਰ ਰਹੇ ਹਨ। ਜ਼ਰਾ ਵੇਖੋ ਉਨ੍ਹਾਂ ਦਾ ਤਰਕ। ਧਰਤੀ ਦੁਆਲੇ ਚੰਦਰਮਾ ਪਰਿਕਰਮਾ ਕਰਦਾ ਹੈ। ਉਹ ਇਹ ਵੀ ਕਹਿੰਦੇ ਹਨ ਕਿ ਧਰਤੀ ਦੁਆਲੇ ਸੂਰਜ ਵੀ ਪਰਿਕਰਮਾ ਕਰਦਾ ਹੈ। ਧਰਤੀ ਦੁਆਲੇ ਚੰਦਰਮਾ ਦਾ ਪਰਿਕਰਮਾ ਪੱਥ, ਧਰਤੀ ਦੁਆਲੇ ਸੂਰਜ ਦੇ ਪਰਿਕਰਮਾ ਪੱਥ ਨੂੰ ਦੋ ਬਿੰਦੂਆਂ ਉਤੇ ਕੱਟਦਾ ਹੈ। ਇਨ੍ਹਾਂ ਬਿੰਦੂਆਂ ਵਿਚੋਂ ਇੱਕ ਨੂੰ ਉਹ ਰਾਹੂ ਕਹਿੰਦੇ ਹਨ ਅਤੇ ਦੂਜੇ ਨੂੰ ਕੇਤੂ। ਸਵਾਲ ਇਹ ਹੈ ਕਿ ਧਰਤੀ ਦੁਆਲੇ ਤਾਂ ਸੂਰਜ ਚੱਕਰ ਹੀ ਨਹੀਂ ਕੱਟਦਾ। ਇਸ ਲਈ ਇਹ ਸਾਰਾ ਤਰਕ ਫ਼ਜ਼ੂਲ ਆਡੰਬਰ ਬਣ ਕੇ ਰਹਿ ਜਾਂਦਾ ਹੈ।
ਜਾਪਦਾ ਹੈ ਕਿ ਜੋਤਿਸ਼ੀ ਆਸਮਾਨ ਵਿਚ ਤੁਰਦੇ ਪ੍ਰਤੀਤ ਹੁੰਦੇ ਸੂਰਜ ਆਸਰੇ ਹੀ ਆਪਣਾ ਕੰਮ ਚਲਾਈ ਜਾਂਦੇ ਹਨ। ਘੱਟੋ-ਘੱਟ ਰਾਸ਼ੀਆਂ ਬਾਰੇ ਉਨ੍ਹਾਂ ਦਾ ਤਰਕ ਤਾਂ ਇਸ ਪਾਸੇ ਹੀ ਸੰਕੇਤ ਕਰਦਾ ਹੈ। ਸੂਰਜ ਦੇ ਆਕਾਸ਼ ਵਿਚ ਸਾਲ ਭਰ ਵਿਚ ਦਿਸਦੇ ਮਾਰਗ ਨੂੰ ਉਹ ਇਕਲਿਪਟਿਕ ਆਖਦੇ ਹਨ। ਉਹ ਇਸ ਦੇ ਤੀਹ ਦਰਜੇ ਦੇ ਹਿਸਾਬ ਨਾਲ ਬਾਰਾਂ ਹਿੱਸੇ ਕਰਦੇ ਹਨ। ਹਰ ਹਿੱਸੇ ਨੂੰ ਉਹ ਇੱਕ ਵੱਖਰੀ ਰਾਸ਼ੀ ਦਾ ਨਾਂ ਦਿੰਦੇ ਹਨ। ਨਾ ਮਗਰਬ ਇਸ ਸੇ ਬਰੀ ਹੈ, ਨਾ ਮਸ਼ਰਕ ਇਸ ਸੇ ਬਰੀ ਹੈ। ਦੁਨੀਆਂ ਵਿਚ ਅਕਲ ਦਾ ਹਾਲ ਦੋਵੇਂ ਪਾਸੇ ਕੁਝ ਇਸੇ ਤਰ੍ਹਾਂ ਦਾ ਹੀ ਹੈ। ਪੱਛਮ ਦੇ ਜੋਤਸ਼ੀ ਰਾਸ਼ੀਫਲ ਦੇ ਸਮਾਨਾਂਤਰ ਜ਼ੋਡਕ ਦੀਆਂ ਰਾਸ਼ੀਆਂ ਦੱਸਦੇ ਹਨ। ਉਨ੍ਹਾਂ ਲਈ ਜ਼ੋਡਕ ਦੀ ਜ਼ੀਰੋ ਡਿਗਰੀ ਸੂਰਜ ਦੀ ਮਾਰਚ ਈਕੁਈਨਾਕਸ ਦੀ ਸਥਿਤੀ ਹੈ। ਇਸ ਨੂੰ ਉਹ ਏਰੀਜ਼ ਦਾ ਨਾਂ ਦਿੰਦੇ ਹਨ। ਇਸ ਉਪਰੰਤ ਉਹ ਕ੍ਰਮਵਾਰ ਬਾਕੀ ਰਾਸ਼ੀਆਂ ਗਿਣਦੇ ਹਨ। ਭਾਵ ਜਿਸ ਤੱਥ ਦਾ ਵਿਗਿਆਨਕ ਆਧਾਰ ਹੀ ਨਹੀਂ, ਜੋ ਸਿਰਫ਼ ਨਜ਼ਰ ਦਾ ਭੁਲੇਖਾ ਹੈ, ਉਸ ਉਤੇ ਹੀ ਸਾਰਾ ਜੋਤਿਸ਼ ਤੁਰੀ ਜਾਂਦਾ ਹੈ। ਇਸੇ ਆਸਰੇ ਮਨੁੱਖ ਦੇ ਜੀਵਨ ਦੀ ਭਵਿੱਖਵਾਣੀ ਕੀਤੀ ਜਾ ਰਹੀ ਹੈ। ਚੰਗੇ-ਮਾੜੇ ਦੀ ਭਵਿੱਖਵਾਣੀ। ਕਿਸੇ ਕੰਮ ਨੂੰ ਸ਼ੁਰੂ ਕਰਨ ਜਾਂ ਨਾ ਕਰਨ ਦੀ। ਇਥੋਂ ਤਕ ਕਿ ਇੱਕ ਜੋਤਸ਼ੀ ਨੇ ਪਿੱਛੇ ਜਿਹੇ ਉਤਰੀ-ਪੂਰਬੀ ਭਾਰਤ ਵਿਚ ਇੱਕ ਨਿਸ਼ਚਿਤ ਦਿਨ ਅਤੇ ਸਮੇਂ ਉਤੇ ਭਿਅੰਕਰ ਭੂਚਾਲ ਆਉਣ ਦੀ ਭਵਿੱਖਵਾਣੀ ਕੀਤੀ ਜਿਸ ਨੂੰ ਟੀæਵੀæ ਚੈਨਲ ਨੇ ਪ੍ਰਾਈਮ ਟਾਈਮ ਵਿਚ ਮਸਾਲਾ ਲਾ ਕੇ ਪੇਸ਼ ਕੀਤਾ। ਇਹ ਵੱਖਰੀ ਗੱਲ ਹੈ ਕਿ ਉਹ ਸਮਾਂ ਤੇ ਮਿਤੀ ਆਈ ਤੇ ਬਿਨਾਂ ਅਜਿਹੇ ਕਿਸੇ ਭੂਚਾਲ ਦੇ ਲੰਘ ਗਈ। ਇੱਕ ਹੋਰ ਜੋਤਿਸ਼ ਅਚਾਰੀਆ ਨੇ ਆਪਣੇ ਮਰਨ ਦਾ ਦਿਨ, ਸਮਾਂ, ਸਥਾਨ ਸਭ ਕੁਝ ਨਿਸ਼ਚਿਤ ਕਰ ਦਿੱਤਾ। ਮੀਡੀਆ ਨੇ ਘੰਟਿਆਂਬੱਧੀ ਕੈਮਰੇ ਉਸੇ ਉਤੇ ਫੋਕਸ ਕਰ ਕੇ ਦੇਸ਼ ਦਾ ਕੀਮਤੀ ਸਮਾਂ ਬਰਬਾਦ ਕੀਤਾ। ਉਹ ਮਹਾਂਪੁਰਖ ਵੀ ਮਰੇ ਨਹੀਂ। ਚੁੱਪ-ਚਾਪ ਸਭ ਨੂੰ ਬੇਵਕੂਫ਼ ਬਣਾ ਕੇ ਤਿੱਤਰ ਹੋ ਗਏ।
ਅਸਲ ਗੱਲ ਇਹ ਹੈ ਕਿ ਜੋਤਿਸ਼ ਆਦਿ ਸਭਿਅਤਾਵਾਂ ਦੇ ਸੀਮਿਤ ਗਿਆਨ ਨਾਲ ਡਰ ਵਿਚ ਜੀਵੇ ਜਾ ਰਹੇ ਜੀਵਨ ਵਿਹਾਰ ਦੀ ਦੇਣ ਹੈ। ਪੁਰਾਤਨ ਮਿਸਰ, ਗਰੀਕ ਤੇ ਭਾਰਤ ਦੀਆਂ ਸਭਿਅਤਾਵਾਂ ਵਿਚ ਜੋਤਿਸ਼ ਦੇ ਮੁੱਢਲੇ ਬੀਜ ਹਨ। ਮੱਧਕਾਲ ਤਕ ਲੋਕ ਇਹ ਮੰਨਣ ਲੱਗੇ ਸਨ ਕਿ ਗ੍ਰਹਿਆਂ ਦੀਆਂ ਗਤੀਆਂ/ਸਥਿਤੀਆਂ ਦਾ ਧਰਤੀ ਉਤਲੇ ਲੋਕਾਂ ਤੇ ਇੱਥੇ ਵਾਪਰਦੇ ਵਰਤਾਰਿਆਂ ਨਾਲ ਨੇੜਲਾ ਸਬੰਧ ਹੈ। ਪੁਲਾੜ ਤੇ ਬ੍ਰਹਿਮੰਡ ਨਾਲ ਜੁੜੀਆਂ ਖੋਜਾਂ ਤੇ ਪ੍ਰਯੋਗਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਧਰਤੀ, ਚੰਦ ਤੇ ਹੋਰ ਗ੍ਰਹਿ/ਉਪਗ੍ਰਹਿ ਸਾਰੇ ਗਣਿਤ ਤੇ ਵਿਗਿਆਨ ਦੁਆਰਾ ਨਿਸ਼ਚਿਤ ਪਰਿਕਰਮਾ ਪੱਥਾਂ ਉਤੇ ਚੱਲ ਰਹੇ ਹਨ। ਸੂਰਜ ਧਰਤੀ ਦੁਆਲੇ ਪਰਿਕਰਮਾ ਤਾਂ ਨਹੀਂ ਕਰ ਰਿਹਾ ਪਰ ਇਹ ਆਪਣੀ ਆਕਾਸ਼ ਗੰਗਾ ਦੇ ਕੇਂਦਰ ਦੁਆਲੇ ਘੁੰਮ ਰਿਹਾ ਹੈ। ਸਭ ਕੁਝ ਗਤੀਮਾਨ ਹੈ। ਬਾਬੇ ਨਾਨਕ ਦੇ ਬੋਲਾਂ ਵਿਚ:
ਭੈ ਵਿਚ ਸੂਰਜ ਭੈ ਵਿਚ ਚੰਦ॥
ਕੋਹ ਕਰੋੜੀ ਚਲਤ ਨਾ ਅੰਤ॥
ਭਾਵ ਸਾਰਾ ਕੁਝ ਇੱਕ ਨੇਮ ਵਿਧਾਨ ਵਿਚ ਗਤੀਮਾਨ ਹੈ। ਇਨ੍ਹਾਂ ਗਤੀਆਂ ਦਾ ਸਾਡੇ ਜੀਵਨ ਚੱਕਰ, ਵਰਤਮਾਨ ਤੇ ਭਵਿੱਖ ਨੂੰ ਪ੍ਰਭਾਵਿਤ ਕਰਨ ਦਾ ਕਿਤੇ ਕੋਈ ਦਾਅਵਾ ਨਹੀਂ ਪਰ ਬਾਬੇ ਦੇ ਕਈ ਸਿੱਖ ਵੀ ਇਸ ਜੋਤਿਸ਼ ਦੇ ਚੱਕਰ ਤੋਂ ਮੁਕਤ ਨਹੀਂ ਹਨ।
ਜੋਤਿਸ਼ ਦੀਆਂ ਧਾਰਨਾਵਾਂ ਦੇ ਕੋਈ ਵਿਗਿਆਨਕ ਆਧਾਰ ਸਿੱਧ ਨਹੀਂ ਹੋ ਸਕੇ ਸਗੋਂ ਇਨ੍ਹਾਂ ਦੇ ਉਲਟ ਪੁਖਤਾ ਪ੍ਰਮਾਣ ਜ਼ਰੂਰ ਮਿਲੇ ਹਨ। ਨਿੱਜੀ/ਸੰਸਾਰਕ ਘਟਨਾਵਾਂ ਤੇ ਹਾਦਸਿਆਂ ਆਦਿ ਦੇ ਜੋਤਿਸ਼ ਨਾਲ ਰਿਸ਼ਤੇ ਬਾਰੇ ਸਮੇਂ-ਸਮੇਂ ਚਰਚਾ ਹੁੰਦੀ ਰਹਿੰਦੀ ਹੈ ਪਰ ਵਿਗਿਆਨਕ ਭਾਈਚਾਰੇ ਨੇ ਹਮੇਸ਼ਾ ਇਹੀ ਕਿਹਾ ਹੈ ਕਿ ਹਰ ਵਾਰ ਜੋਤਿਸ਼ ਅਸਫ਼ਲ ਸਾਬਤ ਹੋਇਆ ਹੈ। ਜੋਤਿਸ਼ ਦੀ ਸੱਚਾਈ ਬਾਰੇ ਅਧਿਐਨ ਇਸ ਸਿੱਟੇ ਉਤੇ ਪਹੁੰਚਾਉਂਦੇ ਹਨ ਕਿ ਇਨ੍ਹਾਂ ਭਵਿੱਖਵਾਣੀਆਂ ਦੀ ਸੱਚਾਈ ਦੀ ਔਸਤ ਉਹੀ ਹੈ ਜੋ ਅੰਕੜਾ ਵਿਗਿਆਨ ਅਨੁਸਾਰ ਚਾਂਸ ਦੀ ਹੈ, ਸੰਭਾਵਨਾ ਦੀ ਹੈ। ਪੰਜ ਦਸੰਬਰ 1985 ਨੂੰ ਪ੍ਰਕਾਸ਼ਿਤ ‘ਨੇਚਰ’ ਰਸਾਲੇ ਵਿਚ ਸ਼ਾਨ ਕਾਰਲਸਨ ਦੇ ਪ੍ਰਯੋਗਾਂ ਬਾਰੇ ਰਿਪੋਰਟ ਛਪੀ। ਇਸ ਵਿਚ ਜਨਮ ਪੱਤਰੀ ਦੇ ਆਧਾਰ ‘ਤੇ ਗਾਹਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਦਾਅਵੇ ਝੁਠਲਾਏ ਗਏ।
ਸੂਰਜ, ਚੰਦ, ਰਾਹੂ, ਕੇਤੂ ਦੀ ਇੱਕੋ ਸਥਿਤੀ ਵਿਚ ਜੰਮੇ ਜੌੜੇ ਬੱਚਿਆਂ ਦੇ ਵੱਡੇ ਪੱਧਰ ‘ਤੇ ਕੀਤੇ ਗਏ ਅਧਿਐਨ ਵੀ ਜੋਤਿਸ਼ ਦੀ ਸੱਚਾਈ ਨੂੰ ਕਾਟੇ ਹੇਠ ਲਿਆਉਂਦੇ ਹਨ। ਮੈਨੂੰ ਲੱਗਦਾ ਹੈ ਕਿ ਜੋਤਿਸ਼ੀ ਅਸਪਸ਼ਟ ਭਾਸ਼ਾ ਦਾ ਆਸਰਾ ਲੈਂਦੇ ਹਨ। ਗੱਲ ਸਹੀ ਸਿੱਧ ਹੋ ਜਾਵੇ ਤਾਂ ਰੌਲਾ ਪਾ ਦਿੰਦੇ ਹਨ। ਗ਼ਲਤ ਸਿੱਧ ਹੋਵੇ ਤਾਂ ਚੁੱਪ ਵੱਟ ਲੈਂਦੇ ਹਨ। ਫਰਾਇਡ ਦੇ ਇੱਕ ਮਰੀਜ਼ ਦੇ ਮਰਨ ਬਾਰੇ ਭਵਿੱਖਵਾਣੀ ਗਲਤ ਸਾਬਤ ਹੋਈ ਤਾਂ ਫਰਾਇਡ ਨੇ ਬੜੀ ਸਖ਼ਤ ਟਿੱਪਣੀ ਕੀਤੀ। ਉਸ ਨੇ ਕਿਹਾ ਕਿ ਇੱਕੋ ਦਿਨ, ਇੱਕੋ ਸਮੇਂ ਦੁਨੀਆਂ ਵਿਚ ਅਨੇਕਾਂ ਲੋਕ ਜੰਮਦੇ ਹਨ। ਹਰ ਇੱਕ ਦਾ ਜੀਵਨ ਤੇ ਹਾਲ ਵੱਖਰਾ ਹੈ। ਕੋਈ ਵੀ ਇੱਕ ਜਨਮ ਪੱਤਰੀ ਇੰਨੇ ਬੰਦਿਆਂ ਦੇ ਵੇਰਵੇ ਨਹੀਂ ਦੇ ਸਕਦੀ।
ਸੰਨ 1975 ਵਿਚ ‘ਦਿ ਹਿਊਨਮੈਨਿਸਟ’ ਜਨਰਲ ਦੇ ਸਤੰਬਰ-ਅਕਤੂਬਰ ਅੰਕ ਵਿਚ ਬਾਰਟ ਬੋਕ, ਪਾਲ ਕੁਟਰਜ਼ ਅਤੇ ਲਾਰੈਂਸ ਜੀਰੋਮ ਦਾ ਲੇਖ ਸੀ, ‘ਆਬਜੈਕਸ਼ਨਜ਼ ਟੂ ਐਸਟਰਾਲੋਜੀ’। ਇਸ ਵਿਚ ਅਮੈਰਿਕਨ ਹਿਊਮੈਨਿਸਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਰਵੇਖਣ ਦੀ ਲੋਅ ਵਿਚ ਦੁਨੀਆਂ ਦੇ 186 ਮੁੱਖ ਵਿਗਿਆਨੀਆਂ ਦੇ ਇਸ ਬਿਆਨ ਵੱਲ ਧਿਆਨ ਦਿਵਾਇਆ ਗਿਆ ਸੀ ਕਿ ਜੋਤਿਸ਼ ਦਾ ਕੋਈ ਵਿਗਿਆਨਕ ਆਧਾਰ ਸਿੱਧ ਨਹੀਂ ਹੋ ਸਕਿਆ ਸਗੋਂ ਇਸ ਦੇ ਉਲਟ ਕਈ ਅਕੱਟ ਸਬੂਤ ਜ਼ਰੂਰ ਮਿਲਦੇ ਹਨ। ਇਸ ਬਿਆਨ ਦੀ ਭਾਸ਼ਾ ਇੰਨੀ ਸਖ਼ਤ ਸੀ ਕਿ ਕਾਰਲ ਸਾਗਾਨ ਨੇ ਇਸ ਉਤੇ ਦਸਤਖਤ ਨਹੀਂ ਸਨ ਕੀਤੇ। ਉਸ ਨੇ ਕਿਹਾ ਕਿ ਭਾਵੇਂ ਮੈਂ ਸਹਿਮਤ ਹਾਂ ਕਿ ਜੋਤਿਸ਼ ਵਿੱਦਿਆ ਵਿਚ ਕੋਈ ਸੱਚਾਈ ਨਹੀਂ, ਪਰ ਇਹ ਬਿਆਨ ਤਾਨਾਸ਼ਾਹੀ ਵਾਲਾ ਹੈ।
ਐਲਨ ਵਾਗਨ ਨਾਂ ਦੇ ਮਨੋਵਿਗਿਆਨ ਦੇ ਖੋਜੀ ਨੇ 1973 ਵਿਚ ਕਿਹਾ ਸੀ ਕਿ ਜੋਤਿਸ਼ ਦੇ ਤੁੱਕੇ ਆਮ ਮਨੋਵਿਗਿਆਨ ਤੋਂ ਵੱਧ ਕੁਝ ਨਹੀਂ। ਬਹੁਤਾ ਸਮਾਂ ਨਹੀਂ ਹੋਇਆ, ‘ਸਕੈਪਟੀਕਲ ਇਨਕੁਆਇਰਰ’ ਦੇ 2002 ਦੇ ਇੱਕ ਵਿਸ਼ੇਸ਼ ਅੰਕ ਵਿਚ ਇੱਕ ਲੇਖ ਵਿਚ ਜੋਤਿਸ਼ ਦੇ ਸੱਚ/ਝੂਠ ਬਾਰੇ ਲੇਖ ਛਪਿਆ ਸੀ। ਇਸ ਵਿਚ ਬੜਾ ਮਜ਼ੇਦਾਰ ਕਿੱਸਾ ਇੰਜ ਸੀ। 1927 ਵਿਚ ਹਜ਼ਾਰਾਂ ਜੋਤਸ਼ੀਆਂ ਨੂੰ ਇੱਕ ਹਜ਼ਾਰ ਡਾਲਰ ਦਾ ਇਨਾਮ ਦੇਣ ਲਈ ਇਹ ਸ਼ਰਤ ਰੱਖੀ ਗਈ ਕਿ ਉਹ ਤਿੰਨ ਬੰਦਿਆਂ ਦੀ ਜਨਮ ਪੱਤਰੀ ਦੇ ਆਧਾਰ ‘ਤੇ ਉਨ੍ਹਾਂ ਦੇ ਸੁਭਾਅ, ਕਿਸਮਤ ਅਤੇ ਭੂਤਕਾਲ ਬਾਰੇ ਸਹੀ ਭਵਿੱਖਵਾਣੀ ਕਰਨ। ਹਜ਼ਾਰਾਂ ਜੋਤਸ਼ੀਆਂ ਤੋਂ ਪ੍ਰਾਪਤ ਉਤਰਾਂ ਵਿਚ ਕੋਈ ਵੀ ਪੂਰੀ ਤਰ੍ਹਾਂ ਠੀਕ ਨਹੀਂ ਸੀ। ਪ੍ਰਾਪਤ ਵੇਰਵੇ ਇੱਕ-ਦੂਜੇ ਦੇ ਉਲਟ ਅਤੇ ਪਰਸਪਰ ਵਿਰੋਧੀ ਸਨ। ਕੋਈ ਵੀ ਇਨਾਮ ਨਾ ਜਿੱਤ ਸਕਿਆ।
ਪੀਟਰ ਰਾਬਰਟਸ ਤੇ ਹੈਲਨ ਗਰੀਨ ਗਰਾਸ ਨੇ 1994 ਵਿਚ ਪ੍ਰਕਾਸ਼ਿਤ ਆਪਣੇ ਲੰਮੇ ਖੋਜ ਪੱਤਰ ਵਿਚ ਜੋਤਿਸ਼ ਬਾਰੇ ਇੱਕ ਹੋਰ ਦਿਲਚਸਪ ਸਰਵੇਖਣ ਦੇ ਵੇਰਵੇ ਦਿੱਤੇ ਹਨ। ਇਹ ਸਰਵੇਖਣ ਤਿੰਨ ਤੋਂ ਨੌਂ ਮਾਰਚ 1958 ਦਰਮਿਆਨ ਜੰਮੇ 2101 ਬੱਚਿਆਂ ਉਤੇ ਕੀਤਾ ਗਿਆ ਜੋ ਇੱਕੋ ਸਮੇਂ ਜੰਮੇ ਸਨ। ਉਨ੍ਹਾਂ ਬਾਰੇ 110 ਵੱਖ-ਵੱਖ ਨੁਕਤਿਆਂ ਉਤੇ ਨਿਰੰਤਰ ਨਿਗ੍ਹਾ ਰੱਖੀ ਗਈ। ਇਨ੍ਹਾਂ ਲੱਛਣਾਂ ਦੀ ਨਿਰਖ-ਪਰਖ ਇਨ੍ਹਾਂ ਬੱਚਿਆਂ ਦੇ ਪ੍ਰਸੰਗ ਵਿਚ ਗਿਆਰਾਂ ਸਾਲ, ਸੋਲਾਂ ਸਾਲ ਅਤੇ ਫਿਰ ਤੇਈ ਸਾਲ ਦੀ ਉਮਰ ਵਿਚ ਕੀਤੀ ਗਈ। ਇਸ ਤੋਂ ਪਹਿਲਾਂ ਕਹਿੰਦੇ-ਕਹਾਉਂਦੇ ਜੋਤਸ਼ੀਆਂ ਤੋਂ ਇਨ੍ਹਾਂ ਦੇ ਸੁਭਾਅ ਅਤੇ ਕਿਸਮਤ ਬਾਰੇ ਭਵਿੱਖਵਾਣੀ ਪ੍ਰਾਪਤ ਕੀਤੀ ਗਈ। ਸਮੁੱਚੇ ਅਧਿਐਨ ਵਿਸ਼ਲੇਸ਼ਣ ਨੇ ਜੋਤਸ਼ੀਆਂ ਦੀਆਂ ਸਾਰੀਆਂ ਭਵਿੱਖਵਾਣੀਆਂ ਨੂੰ ਗ਼ਲਤ ਸਿੱਧ ਕੀਤਾ। ਵਿਹਾਰਕ ਸਿੱਟੇ ਜੋਤਿਸ਼ ਦੇ ਉਲਟ ਭੁਗਤੇ।
ਇਸ ਸਭ ਦੇ ਬਾਵਜੂਦ ਮਹਾਨ ਭਾਰਤ ਵਿਚ ਹਰ ਪੰਜ ਹਜ਼ਾਰ ਬੰਦਿਆਂ ਪਿੱਛੇ ਇੱਕ ਜੋਤਸ਼ੀ ਹੈ!
Leave a Reply