ਸਾਡੇ ਸਮਿਆਂ ਦਾ ਫਰਹਾਦ

ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਅਸਲ ਵਿਚ ਉਹਦੇ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਯਾਦਾਂ ਹਨ। ਰਚਨਾ ਦੀ ਖੂਬਸੂਰਤੀ ਇਹ ਹੈ ਕਿ ਇਹ ਯਾਦਾਂ ਫੈਲ ਕੇ ਪੂਰੇ ਪੰਜਾਬ ਦੇ ਪਿੰਡਾਂ ਦੀਆਂ ਯਾਦਾਂ ਨਾਲ ਜੁੜ ਗਈਆਂ ਹਨ। ਦਲਬੀਰ ਪਿੰਡ ਦੀ ਨਬਜ਼ ਉਤੇ ਆਪਣੀਆਂ ਉਂਗਲਾਂ ਦੇ ਪੋਟੇ ਰੱਖ ਕੇ ਇਹਦਾ ਹਾਲ-ਚਾਲ ਪੁੱਛਦਾ ਅਤੇ ਪਾਠਕਾਂ ਨੂੰ ਸੁਣਾ ਰਿਹਾ ਪ੍ਰਤੀਤ ਹੁੰਦਾ ਹੈ। ਇਸੇ ਕਰਕੇ ਇਹ ਯਾਦਾਂ, ਦਿਲਚਸਪ ਬਾਤਾਂ ਬਣ ਗਈਆਂ ਹਨ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲੇ ਹਨ। ਇਸ ਲੇਖ ਵਿਚ ਉਹਨੇ ਆਪਣੇ ਗਰਾਈਂ ਗੱਜਾ ਸਿੰਘ ਦੇ ਡਾਕਟਰ ਪੁੱਤਰ ਦੀ ਕਥਾ ਸੁਣਾਈ ਹੈ ਜਿਸ ਦੀ ਹਿੰਮਤ ਤੇ ਲਗਨ ਨੇ ਪਹਾੜ ਜਿੱਡਾ ਟਿੱਬਾ ਪੱਧਰ ਕਰ ਦਿੱਤਾ ਸੀ। -ਸੰਪਾਦਕ

ਦਲਬੀਰ ਸਿੰਘ
ਗੱਜਾ ਸਿੰਘ ਦਾ ਘਰ ਪਿੰਡ ਦੀ ਉਤਰੀ ਬਾਹੀ ਵੱਲ ਗੁਰਦੁਆਰੇ ਤੋਂ ਰਤਾ ਕੁ ਹਟਵਾਂ ਸੀ ਤੇ ਇਹ ਪਿੰਡ ਦਾ ਇਕੋ ਇਕ ਘਰ ਸੀ ਜਿਹੜਾ ਤਿਮੰਜ਼ਲਾ ਸੀ। ਪਿੰਡ ਦੇ ਲਗਭਗ ਵਿਚਕਾਰ ਸਥਿਤ ਸਾਡੇ ਘਰ ਦੀ ਛੱਤ ਤੋਂ ਗੱਜਾ ਸਿੰਘ ਦਾ ਤਿਮੰਜ਼ਲਾ ਘਰ ਬਹੁਤ ਉਚਾ ਨਜ਼ਰ ਆਉਂਦਾ ਸੀ। ਬਰਸਾਤਾਂ ਦੇ ਦਿਨੀਂ ਜਦੋਂ ਕਦੇ ਸਾਨੂੰ ਆਪਣੇ ਕੋਠੇ ਉਤੇ ਸੁੱਤਿਆਂ ਨੂੰ ਮੰਜੇ ਹੇਠਾਂ ਲਾਹੁਣੇ ਪੈਂਦੇ ਤਾਂ ਮੈਨੂੰ ਸੰਤੋਖ ਸਿੰਘ ਧੀਰ ਦੀ ਕਹਾਣੀ ‘ਸਵੇਰ ਹੋਣ ਤੱਕ’ ਵਿਚ ਚੁਬਾਰੇ ਵਾਲਿਆਂ ਬਾਰੇ ਲਿਖੇ ਹਰਖ ਦੇ ਸ਼ਬਦ ਚੇਤੇ ਆ ਜਾਂਦੇ, ਪਰ ਮੇਰੇ ਮਨ ਵਿਚ ਚੁਬਾਰੇ ਨਹੀਂ; ਗੱਜਾ ਸਿੰਘ ਦਾ ਤਿਮੰਜ਼ਲਾ ਮਕਾਨ ਹੀ ਧੀਰ ਦੀ ਕਹਾਣੀ ਦੇ ਚੁਬਾਰੇ ਦੀ ਥਾਂ ਉਭਰਦਾ ਸੀ।
ਜਿਨ੍ਹਾਂ ਦਿਨਾਂ ਦੀ ਮੈਂ ਗੱਲ ਕਰ ਰਿਹਾ ਹਾਂ, ਉਨ੍ਹੀਂ ਦਿਨੀਂ ਗੱਜਾ ਸਿੰਘ ਬਹੁਤ ਬੁੱਢਾ ਹੋ ਚੁੱਕਾ ਸੀ। ਉਸ ਦਾ ਇਕਲੌਤਾ ਪੁੱਤਰ ਕਰਮ ਸਿੰਘ ਫੌਜ ਵਿਚ ਡਾਕਟਰ ਸੀ ਤੇ ਉਸ ਨੇ ਪਿੰਡ ਆਉਣ ਦੀ ਥਾਂ ਜਲੰਧਰ ਕੋਠੀ ਪਾ ਲਈ ਸੀ। ਗੱਜਾ ਸਿੰਘ ਦੇ ਘਰ ਇਸ ਦੇ ਰਿਸ਼ਤੇਦਾਰਾਂ ਵਿਚੋਂ ਕੋਈ ਨਾ ਕੋਈ ਰਹਿੰਦਾ ਸੀ। ਫਿਰ ਗੱਜਾ ਸਿੰਘ ਦੇ ਮਰਨ ਮਗਰੋਂ ਉਹ ਮਕਾਨ ਖਾਲੀ ਹੋ ਗਿਆ।
ਗੱਜਾ ਸਿੰਘ ਲੰਮਾ ਤੇ ਪਤਲਾ ਸੀ ਅਤੇ ਉਸ ਦੀ ਦੋ-ਢਾਈ ਏਕੜ ਜ਼ਮੀਨ ਵਿਚੋਂ ਬਹੁਤੀ ਵਿਚ ਰੇਤੀਲਾ ਟਿੱਬਾ ਸੀ। ਇਸ ਨੂੰ ਸਾਰਾ ਪਿੰਡ ਗੱਜਾ ਸਿੰਘ ਦੀ ‘ਵੱਟੀ’ ਕਹਿੰਦਾ ਸੀ। ਦੂਜੇ ਪਾਸੇ ਬਾਬਿਆਂ ਦੇ ਖੇਤਾਂ ਨਾਲ ਲਗਦੇ ਟਿੱਬੇ ਨੂੰ ਬਾਬਿਆਂ ਦੀ ‘ਵੱਟ’ ਕਿਹਾ ਜਾਂਦਾ ਸੀ, ਕਿਉਂਕਿ ਇਹ ਗੱਜਾ ਸਿੰਘ ਦੇ ਟਿੱਬੇ ਨਾਲੋਂ ਕਿਤੇ ਵੱਡਾ ਸੀ।
ਇਨ੍ਹਾਂ ਰੇਤੀਲੇ ਟਿੱਬਿਆਂ ਉਤੇ ਸਲਵਾੜ ਤੇ ਕਿੱਕਰਾਂ ਦੇ ਇਲਾਵਾ ਕੁਝ ਨਹੀਂ ਸੀ ਹੁੰਦਾ। ਪਿੰਡ ਦੇ ਲੋਕ ਇਨ੍ਹਾਂ ਦੀ ਵਰਤੋਂ ਜੰਗਲ ਪਾਣੀ ਲਈ ਕਰਦੇ ਸਨ। ਮਰਦ ਆਮ ਤੌਰ ‘ਤੇ ਬਾਬਿਆਂ ਦੀ ਵੱਟ ਉਤੇ ਜਾਂਦੇ ਸਨ ਤੇ ਔਰਤਾਂ ਗੱਜਾ ਸਿੰਘ ਦੀ ਵੱਟੀ ਵੱਲ। ਇਹ ਵੰਡ ਕਿਹੜੇ ਵੇਲੇ ਤੇ ਕਿਵੇਂ ਹੋਈ, ਇਹ ਕਿਸੇ ਨੂੰ ਨਹੀਂ ਪਤਾ। ਜਦੋਂ ਹੇਠਲੇ ਪੱਧਰੇ ਖੇਤਾਂ ਵਿਚ ਕਣਕ ਜਾਂ ਮੱਕੀ ਨਹੀਂ ਸੀ ਬੀਜੀ ਹੁੰਦੀ, ਕੋਈ ਓਹਲਾ ਨਹੀਂ ਸੀ ਹੁੰਦਾ ਤਾਂ ਵੱਟਾਂ ਹੀ ਕੰਮ ਆਉਂਦੀਆਂ ਸਨ।
ਇਹ ਸਿਲਸਿਲਾ ਨਿਰੰਤਰ ਚੱਲ ਰਿਹਾ ਸੀ। ਕਿਸੇ ਨੇ ਕਦੇ ਸੋਚਿਆ ਤੱਕ ਨਹੀਂ ਸੀ ਕਿ ਰੇਤ ਦੇ ਇਨ੍ਹਾਂ ਪਹਾੜਾਂ ਨੂੰ ਕਦੇ ਖਤਮ ਵੀ ਕੀਤਾ ਜਾ ਸਕਦਾ ਹੈ, ਪਰ ਇਕ ਦਿਨ ਸਾਰੇ ਪਿੰਡ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਗੱਜਾ ਸਿੰਘ ਦੀ ਵੱਟੀ ਦੇ ਪੈਰਾਂ ਵਿਚ ਇਕ ਪਤਲਾ ਲੰਮਾ ਬੰਦਾ ਕਹੀ ਲੈ ਕੇ ਰੇਤਾ ਹੇਠਾਂ ਨੂੰ ਖਿਲਾਰ ਰਿਹਾ ਹੈ। ਉਸ ਨੇ ਸਫ਼ੈਦ ਨਿੱਕਰ ਅਤੇ ਸਫ਼ੈਦ ਕਮੀਜ਼ ਪਾਈ ਹੋਈ ਸੀ। ਪੈਰੀਂ ਖਾਕੀ ਬੂਟ ਸਨ ਅਤੇ ਜੁਰਾਬਾਂ ਵੀ।
ਇਹ ਬੰਦਾ ਇਥੇ ਕੀ ਕਰ ਰਿਹਾ ਸੀ? ਅਤੇ ਇਹ ਹੈ ਕੌਣ ਸੀ? ਸਾਰਾ ਪਿੰਡ ਹੈਰਾਨ! ਅਸਲ ਵਿਚ ਇਹ ਗੱਜਾ ਸਿੰਘ ਦਾ ਪੁੱਤਰ ਡਾਕਟਰ ਕਰਮ ਸਿੰਘ ਸੀ ਜਿਹੜਾ ਫੌਜ ਵਿਚੋਂ ਰਿਟਾਇਰ ਹੋ ਕੇ ਜਲੰਧਰ ਆ ਗਿਆ ਸੀ ਤੇ ਉਥੇ ਪ੍ਰਾਈਵੇਟ ਪ੍ਰੈਕਟਿਸ ਸ਼ੁਰੂ ਕਰ ਲਈ ਸੀ। ਉਸ ਨੇ ਆਪਣੇ ਖੇਤਾਂ ਵਿਚ ਖੜ੍ਹੇ ਇਸ ‘ਮਿੱਟੀ ਦੇ ਪਹਾੜ’ ਨੂੰ ਪੱਧਰਾ ਕਰਨ ਦਾ ਫੈਸਲਾ ਕਰ ਲਿਆ ਸੀ। ਪਿੰਡ ਦੇ ਲੋਕਾਂ ਨਾਲ ਕਰਮ ਸਿੰਘ ਦੀ ਬਹੁਤੀ ਬੋਲਚਾਲ ਨਹੀਂ ਸੀ। ਉਸ ਦੀ ਉਮਰ ਦੇ ਬਹੁਤੇ ਬੰਦੇ ਤਾਂ ਵੈਸੇ ਹੀ ਅਨਪੜ੍ਹ ਸਨ, ਤੇ ਸਾਰੀ ਉਮਰ ਪਿੰਡੋਂ ਬਾਹਰ ਰਹਿਣ ਕਾਰਨ ਉਹ ਬਹੁਤੇ ਲੋਕਾਂ ਨੂੰ ਜਾਣਦਾ ਵੀ ਨਹੀਂ ਸੀ।
ਪਿੰਡ ਦੇ ਲੋਕ ਆਪਸ ਵਿਚ ਗੱਲਾਂ ਕਰਦੇ- ਡਾਕਟਰ ਕਮਲਾ ਹੋ ਗਿਆ ਹੈ। ਇਕੱਲਾ ਆਦਮੀ ਇੰਨਾ ਵੱਡਾ ਕੰਮ ਕਿਵੇਂ ਕਰ ਸਕਦਾ ਹੈ? ਕਈਆਂ ਨੇ ਕਿਹਾ- ਫੌਜੀ ਤਾਂ ਮੂਰਖ ਹੀ ਹੁੰਦੇ ਹਨ। ਕਈਆਂ ਨੇ ਕਿਹਾ- ਬੰਦਾ ਹਿੰਮਤ ਕਰੇ ਤਾਂ ਕੋਈ ਕੰਮ ਐਸਾ ਨਹੀਂ ਜਿਹੜਾ ਨਾ ਹੋ ਸਕਦਾ ਹੋਵੇ; ਪਰ ਗੱਜਾ ਸਿੰਘ ਦੀ ਵੱਟੀ ਉਸ ਦਾ ਪੁੱਤਰ ਇਕੱਲਾ ਹੀ ਖਤਮ ਕਰ ਲਵੇਗਾ, ਇਹ ਗੱਲ ਕਿਸੇ ਨੂੰ ਨਾ ਜਚਦੀ। ਬਹੁਤਿਆਂ ਦਾ ਵਿਚਾਰ ਸੀ ਕਿ 15-20 ਦਿਨਾਂ ਮਗਰੋਂ ਕਰਮ ਸਿੰਘ ਨੂੰ ‘ਅਕਲ’ ਆ ਜਾਣੀ ਹੈ ਤੇ ਉਸ ਨੇ ਇਹ ਕੰਮ ਬੰਦ ਕਰ ਦੇਣਾ ਹੈ; ਪਰ ਉਹ ਰੋਜ਼ ਆਪਣੀ ਫੀਏਟ ਕਾਰ ਵਿਚ ਜਲੰਧਰੋਂ ਆਉਂਦਾ, ਤੇ ਕਹੀ ਚੁੱਕ ਕੇ ਕੰਮ ਲੱਗ ਜਾਂਦਾ। ਕਰੀਬ ਘੰਟਾ ਡੇਢ ਘੰਟਾ ਉਹ ਸਿਰ ਸੁੱਟ ਕੇ ਕੰਮ ਕਰੀ ਜਾਂਦਾ। ਕਦੇ-ਕਦੇ ਆਪਣੇ ਤਿਮੰਜ਼ਲੇ ਮਕਾਨ ਦਾ ਜੰਦਰਾ ਖੋਲ੍ਹ ਕੇ ਅੰਦਰ ਵੀ ਜਾਂਦਾ। ਦੋ ਕੁ ਮਹੀਨਿਆਂ ਬਾਅਦ ਉਸ ਨੇ ਕਾਫ਼ੀ ਸਾਰੀ ਰੇਤ ਪੱਧਰੀ ਕਰ ਲਈ ਤਾਂ ਲੋਕ ਦੇ ਮਨਾਂ ਵਿਚ ਫ਼ਰਹਾਦ ਦੀ ਕਹਾਣੀ ਉਭਰ ਆਈ।
ਫ਼ਰਹਾਦ ਉਤੇ ਸ਼ੀਰੀਂ ਦੇ ਪਿਤਾ ਨੇ ਸ਼ਰਤ ਲਾਈ ਸੀ ਕਿ ਜੇ ਉਹ ਪਹਾੜ ਤੋਂ ਨਹਿਰ ਕੱਢ ਕੇ ਰਾਜੇ ਦੇ ਬਾਗ ਤੱਕ ਪਾਣੀ ਪਹੁੰਚਾ ਦੇਵੇ, ਤਾਂ ਉਹ ਸ਼ੀਰੀਂ ਨਾਲ ਵਿਆਹ ਕਰਵਾ ਸਕਦਾ ਹੈ। ਪਹਾੜ ਕੱਟਣਾ ਕੋਈ ਸੌਖਾ ਕੰਮ ਨਹੀਂ ਸੀ, ਪਰ ਜਿਸ ਨੂੰ ਲਗਨ ਹੋਵੇ, ਉਸ ਲਈ ਕੋਈ ਵੀ ਕੰਮ ਔਖਾ ਨਹੀਂ ਹੁੰਦਾ। ਫਰਹਾਦ ਜਿਹੜਾ ਪੇਸ਼ੇ ਵਜੋਂ ਬੁੱਤਸਾਜ਼ ਸੀ, ਤੇ ਜਿਸ ਨੇ ਕਈ ਹੁਸੀਨ ਬੁੱਤ ਸਿਰਜੇ ਸਨ, ਛੈਣੀ ਫੜ ਕੇ ਪਹਾੜ ਕੱਟਣ ਨਿਕਲ ਪਿਆ। ਲੋਕਾਂ ਨੇ ਉਸ ਨੂੰ ਸ਼ੁਦਾਈ, ਪਾਗਲ, ਕਮਲਾ, ਮੂਰਖ ਕਿਹਾ; ਪਰ ਉਹ ਲਗਨ ਨਾਲ ਲੱਗਾ ਰਿਹਾ। ਆਖਰਕਾਰ ਉਸ ਦੀ ਮਿਹਨਤ ਵਰ ਆਈ, ਤੇ ਉਸ ਨੇ ਸ਼ੀਰੀਂ ਦੇ ਬਾਗ ਤੱਕ ਨਹਿਰ ਪਹੁੰਚਾ ਦਿੱਤੀ।
ਇਸੇ ਤਰ੍ਹਾਂ ਹੀ ਡਾਕਟਰ ਕਰਮ ਸਿੰਘ ਦੀ ਮਿਹਨਤ ਵੀ ਵਰ ਆਉਂਦੀ ਦਿਖਾਈ ਦੇਣ ਲੱਗੀ। ਸ਼ਹਿਰ ਵਿਚ ਮਕਾਨਾਂ ਦੀ ਉਸਾਰੀ ਲਈ ਜ਼ਮੀਨ ਪੱਧਰੀ ਕਰਨ ਲਈ ਭਰਤ ਪਾਉਣ ਲਈ ਮਿੱਟੀ ਦੀ ਜ਼ਰੂਰਤ ਹੁੰਦੀ ਸੀ। ਆਮ ਤੌਰ ਉਤੇ ਮਿੱਟੀ ਜਾਂ ਤਾਂ ਕਿਸੇ ਚੋਅ ਵਿਚੋਂ ਲਿਆਂਦੀ ਜਾਂਦੀ ਸੀ, ਤੇ ਜਾਂ ਫਿਰ ਜਲੰਧਰ ਛਾਉਣੀ ਤੇ ਸਾਡੇ ਪਿੰਡ ਵਿਚਕਾਰਲੀ ਸੜਕ ਦੁਆਲੇ ਖੜ੍ਹੇ ਰੇਤੀਲੇ ਟਿੱਬਿਆਂ ਤੋਂ। ਇਹ ਦੇਖ ਕੇ ਕਿ ਡਾਕਟਰ ਕਰਮ ਸਿੰਘ ਇਕੱਲਾ ਹੀ ਵੱਟ ਢਾਹੁਣ ਲੱਗਾ ਹੋਇਆ ਹੈ, ਪਿੰਡ ਦੇ ਹੀ ਕੁਝ ਟਰੱਕਾਂ ਵਾਲਿਆਂ ਨੇ ਉਸ ਦੀ ਵੱਟ ਤੋਂ ਭਰਤ ਚੁੱਕਣੀ ਸ਼ੁਰੂ ਕਰ ਦਿੱਤੀ। ਪਹਿਲਾਂ ਪਹਿਲ ਇਕ ਅੱਧਾ ਟਰੱਕ ਹੀ ਕਦੇ-ਕਦੇ ਭਰਿਆ ਜਾਂਦਾ; ਫਿਰ ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੋ ਗਿਆ। ਅਜੇ ਸਾਲ ਵੀ ਨਹੀਂ ਸੀ ਬੀਤਿਆ ਕਿ ਗੱਜਾ ਸਿੰਘ ਦੇ ਖੇਤਾਂ ਵਿਚਲੀ ਵੱਟੀ ਦਾ ਨਾਂ ਨਿਸ਼ਾਨ ਵੀ ਨਹੀਂ ਬਚਿਆ। ਉਹ ਸਾਰੀ ਦੀ ਸਾਰੀ ਜਲੰਧਰ ਸ਼ਹਿਰ ਦੀਆਂ ਬਸਤੀਆਂ ਵਿਚ ਉਸਰੇ ਨਵੇਂ ਮਕਾਨਾਂ ਵਿਚ ਖਪ ਗਈ। ਉਸ ਦੀ ਥਾਂ ਪੱਧਰਾ ਖੇਤ ਬਣ ਗਿਆ।
ਇਹ ਰੇਤੀਲਾ ਟਿੱਬਾ ਕਿੰਨਾ ਉਚਾ ਹੁੰਦਾ ਸੀ, ਇਹ ਦਿਖਾਉਣ ਲਈ ਮੈਂ ਆਪਣੀ ਬੇਟੀ ਨੂੰ ਵੱਟ ਦੇ ਦੱਖਣੀ ਸਿਰੇ ਉਤੇ ਉਸਾਰੇ ਗਏ ਚਾਰ ਸੌ ਚਾਲੀ ਵੋਲਟ ਦਾ ਕਰੰਟ ਲਿਜਾਂਦੇ ਬਿਜਲੀ ਦੇ ਖੰਭੇ ਦਿਖਾਉਣਾ ਚਾਹੁੰਦਾ ਸੀ। ਇਨ੍ਹਾਂ ਵਿਚ ਇਕ ਖੰਭਾ ਖੇਤ ਦੀ ਐਨ ਵੱਟ ਦੇ ਉਤੇ ਸੀ। ਫਿਰ ਕਈ ਚਿਰਾਂ ਮਗਰੋਂ ਸਿਰਸੇ ਵੱਲ ਜਾਂਦਿਆਂ ਮੈਂ ਬੇਟੀ ਨੂੰ ਖੇਤਾਂ ਵਿਚ ਛੱਡੇ ਗਏ ਰੇਤੀਲੇ ਧੋੜੇ ਜਿਹੇ ਦਿਖਾ ਕੇ ਦੱਸਿਆ ਸੀ ਕਿ ਮੈਂ ਜਿਸ ਵੱਟ ਦੀ ਗੱਲ ਕਰ ਰਿਹਾ ਸਾਂ, ਉਹ ਇਸੇ ਤਰ੍ਹਾਂ ਦੀ ਸੀ।
ਖਬਰੇ ਉਹ ਸਮਝ ਸਕੀ ਕਿ ਨਹੀਂ, ਕਿ ਮੈਂ ਉਸ ਨੂੰ ਕੀ ਦੱਸਣਾ ਚਾਹੁੰਦਾ ਸਾਂ?æææ ਕਿ ਸੱਠਾਂ ਸਾਲਾਂ ਦੇ ਬੰਦੇ ਨੇ ਇਕੱਲਿਆ ਹੀ ਹਿੰਮਤ ਕਰ ਕੇ ਐਸਾ ਕੰਮ ਸ਼ੁਰੂ ਕਰ ਲਿਆ ਸੀ ਜਿਸ ਦੇ ਮੁਕੰਮਲ ਹੋਣ ਉਤੇ ਸਾਰੇ ਪਿੰਡ ਨੂੰ ਸ਼ੱਕ ਸੀ? ਪਰ ਉਸ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ। ਫਿਰ ਪਤਾ ਲੱਗਿਆ ਕਿ ਵੈਟਰਨ ਅਥਲੀਟਾਂ ਵਿਚ ਡਾਕਟਰ ਕਰਮ ਸਿੰਘ ਦਾ ਉਭਰਵਾਂ ਨਾਂ ਹੈ। ਉਸ ਨੇ ਦਰਜਨਾਂ ਤਮਗ਼ੇ ਵੈਟਰਨ ਅਥਲੈਟਿਕਸ ਵਿਚ ਜਿੱਤੇ ਹਨ।
ਮੈਂ ਸਦਾ ਹੀ ਔਖੇ ਕੰਮਾਂ ਲਈ ਉਸ ਤੋਂ ਪ੍ਰੇਰਨਾ ਲੈਂਦਾ ਹਾਂ ਹਾਲਾਂਕਿ ਉਸ ਨੂੰ ਕਦੇ ਮਿਲਿਆ ਨਹੀਂ। ਰੱਤੇ ਲਾਲੀ ਦਾ ਇਹ ਚਿਰਾਗ, ਵਜ਼ੀਰੇ ਦਾ ਪੋਤਰਾ ਤੇ ਗੱਜਾ ਸਿੰਘ ਦਾ ਪੁੱਤਰ ਮੇਰੇ ਲਈ ਸੱਚਮੁੱਚ ਮੇਰੇ ਸਮੇਂ ਦਾ ਫਰਹਾਦ ਦਾ ਪ੍ਰਤੀਕ ਹੈ।
(ਚਲਦਾ)

Be the first to comment

Leave a Reply

Your email address will not be published.