ਕੁਲਦੀਪ ਸਿੰਘ ਢੀਂਡਸਾ
ਫੋਨ: 510-676-4440
1984 ਦਾ ਸਾਲ, ਹਿੰਦੋਸਤਾਨ ਦੇ ਇਤਿਹਾਸ ਦਾ ਉਹ ਕਾਲਾ ਤੇ ਮਨਹੂਸ ਪੰਨਾ ਹੈ, ਜਿਸ ਨੂੰ ਸਿੱਖ ਰਹਿੰਦੀ ਦੁਨੀਆਂ ਤੱਕ ਯਾਦ ਰੱਖਣਗੇ ਅਤੇ ਭਾਰਤ ਸਰਕਾਰ ਵੱਲੋਂ ਕੀਤੇ ਸਿੱਖ ਕਤਲੇਆਮ ਅਤੇ ਨਸਲਕੁਸ਼ੀ ਦੇ ਆਪਣੇ ਸਮੂਹ ਸਹੀਦਾਂ ਨੂੰ ਯਾਦ ਕਰਕੇ ਹਮੇਸ਼ਾ ਸ਼ਰਧਾ ਦੇ ਫੁੱਲ ਭੇਟ ਕਰਦੇ ਰਹਿਣਗੇ।
ਅਬਲਾਂ ਦੀਆਂ ਇੱਜਤਾਂ ਲੁੱਟੀਆਂ, ਬੋਟਾਂ ਨੂੰ ਕੋਹ ਕੋਹ ਮਾਰਿਆ,
ਤੜਪ ਤੜਪ ਕੇ ਮਰ ਗਿਆ, ਹਰ ਸਰਦਾਰ ਤੇਰੇ ਸ਼ਹਿਰ ਦਾ।
ਜਿੱਥੇ ਦੁੱਧ ਚੁੰਘਦੇ ਬੱਚਿਆਂ ਨੂੰ ਵੀ, ਟਾਇਰ ਪਾ ਕੇ ਸਾੜਿਆ,
ਕੌਣ ਮੂਰਖ ਕਰੇ ਹੁਣ ਦੱਸ, ਇਤਬਾਰ ਤੇਰੇ ਸ਼ਹਿਰ ਦਾ।
ਕੁਝ ਜ਼ਖਮਾਂ ‘ਤੇ ਮੱਲ੍ਹਮ ਲੱਗਦੀ, ਜੇ ਕਾਤਲਾਂ ਨੂੰ ਵੇਖਦੇ,
ਪਰ ਇਨਸਾਫ਼ ਤੋਂ ਵੀ ਹੋ ਗਿਆ ਇਨਕਾਰ ਤੇਰੇ ਸ਼ਹਿਰ ਦਾ।
ਹਰ ਖੁਸ਼ੀ ਗਮੀ ਨੂੰ ਭੁੱਲ ਸਕਦੇ, ਭੁੱਲ ਸਕਦੇ ਹਰ ਇੱਕ ਦਾਸਤਾਂ
ਪਰ ਨਹੀਂ ਭੁੱਲਣਾ ਜੋ ਦਿੱਤਾ ਤੋਹਫਾ, ਯਾਰ ਤੇਰੇ ਸ਼ਹਿਰ ਦਾ।
ਜਿਹੜੇ ਲੋਕ ਕਹਿੰਦੇ ਹਨ ਕਿ ਉਨੀ ਸੌ ਚੁਰਾਸੀ ਨੂੰ ਭੁੱਲ ਜਾਵੋ, ਕੀ ਉਨ੍ਹਾਂ ਕਦੇ ਸੋਚਿਆ ਹੈ, ਕਿਸ ਤਰ੍ਹਾਂ ਭੁੱਲਣਗੀਆਂ ਉਹ ਮਾਂਵਾਂ ਜਿਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪੁੱਤਰਾਂ ਨੂੰ ਕੋਹ ਕੋਹ ਕੇ ਮਾਰਿਆ ਅਤੇ ਜਿਉਂਦੇ ਸਾੜਿਆ ਗਿਆ; ਕਿਵੇਂ ਭੁੱਲ ਜਾਣਗੀਆਂ ਉਹ ਪਤਨੀਆਂ ਜਿਨ੍ਹਾਂ ਦੇ ਸੁਹਾਗ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਲੋਹੇ ਦੀਆਂ ਸਲਾਖ਼ਾਂ ਨਾਲ ਕੁੱਟ ਕੁੱਟ ਕੇ ਮਾਰ ਅਤੇ ਗਲਾਂ ‘ਚ ਟਾਇਰ ਪਾ ਕੇ ਸਾੜ ਦਿੱਤੇ ਗਏ। ਕਿਵੇਂ ਭੁੱਲ ਜਾਣਗੇ ਉਹ ਬੱਚੇ ਜਿਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਮਾਪੇ, ਭੈਣ-ਭਰਾ, ਦਾਦਾ-ਦਾਦੀ, ਨਾਨਾ ਨਾਨੀ, ਚਾਚੇ-ਤਾਏ ਜਿਉਂਦੇ ਸਾੜ ਦਿੱਤੇ ਗਏ? ਕਿਵੇਂ ਭੁੱਲ ਜਾਣਗੀਆਂ ਉਹ ਭੈਣਾਂ ਜਿਨ੍ਹਾਂ ਨੂੰ ਆਪਣਿਆਂ ਦੀ ਮੌਤ ਅਤੇ ਸੋਗ ਦੀਆਂ ਘੜੀਆਂ ਵਿਚ ਬਲਾਤਕਾਰਾਂ ਦਾ ਸ਼ਿਕਾਰ ਹੋਣਾ ਪਿਆ? ਕਿਸ ਤਰ੍ਹਾਂ ਮਿਟਣਗੇ ਉਨ੍ਹਾਂ ਪੀੜਤਾਂ ਦੇ ਦਿਲ-ਦਿਮਾਗਾਂ ਤੋਂ ਉਹ ਦਰਦਨਾਕ ਦ੍ਰਿਸ਼, ਜਿਨ੍ਹਾਂ ਨੂੰ ਵੇਖ ਵੇਖ ਉਹ ਹਰ ਰੋਜ਼ ਕਈ ਕਈ ਵਾਰ ਮਰਦੇ ਹਨ? ਕੀ ਕਦੇ ਚੁਰਾਸੀ ਨੂੰ ਭੁੱਲ ਜਾਣ ਲਈ ਕਹਿਣ ਵਾਲਿਆਂ ਨੇ ਉਨ੍ਹਾਂ ਦੇ ਦਰਦ ਨੂੰ ਸਮਝਣ ਦੀ ਕੋਸ਼ਿਸ ਕੀਤੀ ਹੈ? ਕੀ ਕਦੇ ਉਨ੍ਹਾਂ ਦਾ ਦੁੱਖ ਵੰਡਾਉਣ ਜਾਂ ਘਟਾਉਣ ਦੀ ਕੋਈ ਕੋਸ਼ਿਸ ਕੀਤੀ ਹੈ? ਕੀ 1984 ਨੂੰ ਭੁੱਲ ਜਾਣ ਲਈ ਕਹਿਣ ਵਾਲੇ, ਉਨ੍ਹਾਂ ਬਜੁਰਗਾਂ, ਮਾਂਵਾਂ, ਵੀਰਾਂ-ਭੈਣਾਂ ਅਤੇ ਬੱਚਿਆਂ ਦੀ ਮਾਨਸਿਕਤਾ ਨੂੰ ਕਦੇ ਸਮਝਣ ਦੀ ਕੋਸ਼ਿਸ ਸਕਣਗੇ?
ਸਿਰਦਾਰ ਕਪੂਰ ਸਿੰਘ ਦਾ (Ḕਸੱਚੀ ਸਾਖੀḔ ਵਿਚ) ਮੰਨਣਾ ਹੈ ਕਿ ਸਿੱਖਾਂ ਨੂੰ ਆਪਣੇ ਨਾਲ ਹੋਏ ਧੋਖੇ ਅਤੇ ਅਵਿਸ਼ਵਾਸ ਦਾ ਅਹਿਸਾਸ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਉਦੋਂ ਹੀ ਹੋ ਗਿਆ ਸੀ, ਜਦੋਂ ਉਨ੍ਹਾਂ ਨੂੰ ਆਪਣੀਆਂ ਕੁਰਬਾਨੀਆਂ ਬਦਲੇ ਜ਼ਰਾਇਮ ਪੇਸ਼ਾ ਕੌਮ ਹੋਣ ਦਾ ਖਿਤਾਬ ਦਿੱਤਾ ਗਿਆ ਸੀ। ਬੜੀ ਚਲਾਕੀ ਅਤੇ ਗੁਮਰਾਹਕੁਨ ਤਰੀਕੇ ਨਾਲ ਆਜ਼ਾਦ ਭਾਰਤ ਦੇ ਸੰਵਿਧਾਨ ਵਿਚ ਇਸ ਦੀ ਧਾਰਾ 25 ਰਾਹੀਂ ਸਿੱਖਾਂ ਨੂੰ ਹਿੰਦੂ ਧਰਮ ਦਾ ਇੱਕ ਹਿੱਸਾ ਗਰਦਾਨਿਆ ਗਿਆ ਸੀ, ਜਿਸ ਦਾ ਸਿੱਖ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਵਿਰੋਧ ਕਰਦੇ ਆ ਰਹੇ ਹਨ। ਇਥੇ ਹੀ ਬੱਸ ਨਹੀਂ, ਬਾਕੀ ਸੂਬਿਆਂ ਦੀ ਤਰਜ਼ ਅਤੇ ਭਾਸ਼ਾ ਦੇ ਆਧਾਰ ‘ਤੇ ਬਣੇ ਹੋਰ ਸੂਬਿਆਂ ਵਾਂਗ, ਪੰਜਾਬੀ ਸੂਬਾ ਲੈਣ ਲਈ ਸਿੱਖਾਂ ਨੂੰ 13 ਸਾਲ ਸੰਘਰਸ਼ ਕਰਨਾ ਪਿਆ ਤਾਂ ਕਿਧਰੇ ਹਰਿਆਣਾ ਅਤੇ ਹਿਮਾਚਲ ਨੂੰ ਪੰਜਾਬ ਨਾਲੋਂ ਵੱਖ ਕਰਕੇ 1966 ਵਿਚ ਮਿਨੀ ਪੰਜਾਬੀ ਸੂਬਾ ਹੋਂਦ ਵਿਚ ਆਇਆ ਜਿਸ ਵਿਚ ਕਦੇ ਵੀ ਲੋਕਤੰਤਰਕ ਤਰੀਕੇ ਨਾਲ ਚੁਣੀ ਨਿਰੋਲ ਸਿੱਖਾਂ ਦੀ ਕਿਸੇ ਵੀ ਸਰਕਾਰ ਨੂੰ ਕੇਂਦਰੀ ਹਿੰਦ ਸਰਕਾਰ ਨੇ ਆਪਣਾ ਸਮਾਂ ਕਾਲ ਪੂਰਾ ਨਹੀਂ ਕਰਨ ਦਿੱਤਾ।
ਸਾਲ 1984 ਵਿਚ ਸਿੱਖ ਅਤੇ ਸਿੱਖੀ ‘ਤੇ ਹੋਏ ਦੋ ਵੱਡੇ ਹਮਲਿਆਂ ਨੇ, ਸਿੱਖ ਕੌਮ ਨੂੰ ਆਪਣੇ ਹੀ ਮੁਲਕ ਵਿਚ, ਗੁਲਾਮ ਹੋਣ ਦਾ ਅਹਿਸਾਸ ਕਰਵਾ ਦਿੱਤਾ ਹੈ, ਜਿਸ ਸਦਕਾ ਹੁਣ ਬਹੁਤ ਸਾਰੇ ਸਿੱਖ ਇਹ ਗੱਲ ਸਮਝਣ ਲੱਗ ਪਏ ਹਨ ਕਿ ਭਾਰਤ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਦੇ ਚਾਰ ਮੁੱਖ ਪਹਿਲੂ ਹਨ।
ਪਹਿਲਾ: ਸਿੱਖ ਅਤੇ ਸਿੱਖਾਂ ਦੀ ਪਹਿਚਾਣ ਨੂੰ ਖ਼ਤਮ ਕਰਨਾ ਅਤੇ ਉਨ੍ਹਾਂ ਦੇ ਧਾਰਮਿਕ ਮਸਲਿਆਂ ਵਿਚ ਦਖ਼ਲਅੰਦਾਜ਼ੀ ਕਰਨਾ। ਦੂਜਾ: ਸਿੱਖ ਵਿਰਸੇ, ਸਿੱਖ ਇਤਿਹਾਸ, ਸਿੱਖ ਸਭਿਆਚਾਰ ਅਤੇ ਸਿੱਖ ਧਰਮ ਵਿਚ ਮਿਲਾਵਟ ਕਰਨਾ। ਤੀਜਾ: ਸਿੱਖਾਂ ਨੂੰ ਆਤਮ-ਨਿਰਭਰ, ਆਜ਼ਾਦ ਹੋਣ ਅਤੇ ਰਾਜ ਕਰਨ ਤੋਂ ਰੋਕਣਾ ਅਤੇ ਪੰਜਾਬ ਵਿਚ ਸਿੱਖਾਂ ਦੀ ਬਹੁਗਿਣਤੀ ਨੂੰ ਘਟਾਉਣਾ। ਚੌਥਾ: ਪੰਜਾਬ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨਾ ਅਤੇ ਇਸ ਦੇ ਸਾਧਨਾਂ ਦੀ ਲੁੱਟ-ਖਸੁੱਟ ਕਰਨਾ ਜਿਸ ਵਿਚ ਭਾਖੜਾ ਡੈਮ ਦੀ ਬਿਜਲੀ, ਨਹਿਰੀ ਪਾਣੀ ਅਤੇ ਲਾਹੌਰ ਦੀ ਥਾਂ ਤੇ ਪੰਜਾਬ ਲਈ ਬਣਾਈ ਰਾਜਧਾਨੀ ਚੰਡੀਗੜ੍ਹ ਆਦਿ ਸ਼ਾਮਲ ਹਨ।
ਭਾਵੇਂ ਇਹ ਗੱਲ ਬਹੁਤੀ ਹੈਰਾਨੀ ਵਾਲੀ ਨਹੀਂ, ਪਰ ਸੱਚ ਹੈ ਕਿ ਹਿੰਦੋਸਤਾਨ ਵਿਚ ਮੀਡੀਆ ‘ਤੇ ਪੂਰੀ ਤਰ੍ਹਾਂ ਬਹੁਮੱਤ ਹਿੰਦੂ ਜਮਾਤ ਦਾ ਕਬਜ਼ਾ ਹੈ ਜਿਸ ਨੇ ਹਮੇਸ਼ਾ ਹੀ ਘੱਟ ਗਿਣਤੀਆਂ ਅਤੇ ਸਿੱਖਾਂ ਪ੍ਰਤੀ ਪੱਖਪਾਤੀ ਹੋਣ ਦਾ ਸਬੂਤ ਦਿੱਤਾ ਹੈ। ‘ਮੀਡੀਆ ਸਟੱਡੀਜ਼ ਗਰੁਪ ਦਿੱਲੀ’ ਦੀ ਰਿਪੋਰਟ ਵਿਚ ਸਰਗਰਮ ਪੱਤਰਕਾਰਾਂ ਦੀ ਇੱਕ ਸਰਵੇਖਣ ਟੀਮ ਵੱਲੋਂ ਤਿਆਰ ਕੀਤੇ ਗਏ ਇੱਕ ਸਾਧਾਰਨ ਚਾਰਟ ਤੋਂ ਇਹ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ਜੋ ਇਸ ਪ੍ਰਕਾਰ ਹੈ:
ਹਿੰਦੂ ਮੁਸਲਮਾਨ ਈਸਾਈ ਸਿੱਖ
ਭਾਰਤ ਵਿਚ ਕੁੱਲ ਆਬਾਦੀ ਦਾ ਹਿੱਸਾ 81% 13% 2% 2%
ਹਿੰਦੀ ਦਾ ਪ੍ਰਿੰਟ ਮੀਡੀਆ 97% 2% 0% 0%
ਅੰਗਰੇਜ਼ੀ ਦਾ ਪ੍ਰਿੰਟ ਮੀਡੀਆ 90% 3% 4% 0%
ਇਲੈਕਟ੍ਰਾਨਿਕ ਹਿੰਦੀ ਮੀਡੀਆ 90% 6% 1% 0%
ਇਲੈਕਟ੍ਰਾਨਿਕ ਅੰਗਰੇਜ਼ੀ ਮੀਡੀਆ 85% 0% 13% 2%
ਕੁੱਲ 90% 3% 4% 1%
ਇਸ ਚਾਰਟ ਤੋਂ ਇੱਕ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਸਿੱਖਾਂ ਨੂੰ ਆਪਣੀ ਗੱਲ ਆਪਣਿਆਂ, ਦੇਸ਼ ਵਾਸੀਆਂ ਅਤੇ ਦੁਨੀਆਂ ਦੇ ਹੋਰ ਲੋਕਾਂ ਤੱਕ ਪਹੁੰਚਾਣ ਲਈ ਹਰ ਤਰ੍ਹਾਂ ਦੇ ਮੀਡੀਏ ਅਤੇ ਵੱਖ ਵੱਖ ਭਾਸ਼ਾਵਾਂ ਰਾਹੀਂ ਪਹੁੰਚਾਉਣ ਵੱਲ ਖਾਸ ਧਿਆਨ ਦੇਣ ਦੀ ਸਖ਼ਤ ਜ਼ਰੂਰਤ ਹੈ। ਵਿਦੇਸ਼ਾਂ ਵਿਚਲਾ ਸਿੱਖ ਮੀਡੀਆ ਕੁਝ ਹੱਦ ਤੱਕ ਆਪਣਾ ਰੋਲ ਨਿਭਾ ਰਿਹਾ ਹੈ ਪਰ ਇਸ ਦਾ ਵੀ ਕਾਫੀ ਹਿੱਸਾ ਅਤੇ ਸਮਾਂ ਆਪਸੀ ਵਿੱਤਕਰੇ, ਮੱਤ-ਭੇਦਾਂ, ਇਸ਼ਤਿਹਾਰਾਂ ਅਤੇ ਨਿੱਜੀ ਸ਼ੋਹਰਤਬਾਜ਼ੀ ਦੇ ਧੱਕੇ ਚੜ੍ਹ ਜਾਂਦਾ ਹੈ। ਅੱਜ ਲੋੜ ਹੈ ਥੋੜ੍ਹਾ ਹੋਰ ਸੁਹਿਰਦ ਹੋਣ ਦੀ। ਸ਼ਾਇਦ ਇਹੀ ਕਾਰਨ ਹੈ ਕਿ ਸਿੱਖ ਕੌਮ ਆਪਣੇ ਨਾਲ ਵਾਪਰੀਆਂ ਅਤੇ ਵਾਪਰ ਰਹੀਆਂ ਘਟਨਾਵਾਂ ਨੂੰ ਸਿੱਖ ਸੰਦਰਭ ਵਿਚ ਵੇਖਣ ਅਤੇ ਸਮਝਣ ਵਿਚ ਅਸਮਰਥ ਰਹੀ ਹੈ ਜਿਸ ਦਾ ਸਬੂਤ ਬਹੁਤ ਸਾਰੇ ਸਿੱਖਾਂ ਵੱਲੋਂ ਅਜੇ ਵੀ ਸਰਕਾਰ ਅਤੇ ਬਹੁਮਤ ਪ੍ਰੈਸ ਵੱਲੋਂ ਇਸਤੇਮਾਲ ਕੀਤੇ ਅਤੇ ਕੀਤੇ ਜਾ ਰਹੇ ਪ੍ਰਚਾਰ ਅਤੇ ਸ਼ਬਦਾਂ ਦਾ ਇਸਤੇਮਾਲ ਕਰਨਾ ਸ਼ਾਮਿਲ ਹੈ ਜਿਵੇਂ ਕਿ ‘ਸਾਕਾ ਨੀਲਾ ਤਾਰਾ’, ਅਤੇ ḔਦੰਗੇḔ ਆਦਿ। ਬਹੁਤ ਸਾਰੇ ਸਿੱਖ ਚਿੰਤਕਾਂ ਅਤੇ ਵਿਦਵਾਨਾਂ ਦਾ ਵਿਚਾਰ ਹੈ ਕਿ ਸਿੱਖ ਸੰਦਰਭ ਵਿਚ ਇਨ੍ਹਾਂ ਘਟਨਾਵਾਂ ਨੂੰ ਕ੍ਰਮਵਾਰ ‘ਅੰਮ੍ਰਿਤਸਰ ਦੀ ਲੜਾਈ’ ਅਤੇ ‘ਸਰਕਾਰੀ ਕਤਲੇਆਮ’ ਜਾਂ ‘ਸਿੱਖ ਨਸਲਕੁਸ਼ੀ’ ਦੇ ਨਾਮ ਨਾਲ ਸੱਦਿਆ ਜਾਣਾ ਚਾਹੀਦਾ ਸੀ ਕਿਉਂਕਿ ਜੂਨ 1984 ਦੀ ਇਹ ਲੜਾਈ ਭਾਰਤੀ ਫੌਜ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀ ਕੁਝ ਧਰਮੀ ਸਿੱਖਾਂ ਵਿਚਕਾਰ ਸੀ, ਭਾਵ ਦਿੱਲੀ ਦੇ ਤਖਤ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਚਕਾਰ ਸੀ ਜਿਸ ਵਿਚ ਮੁੱਠੀ ਭਰ ਸਿੰਘਾਂ ਨੇ ਖਾਲਸੇ ਦੇ ਸਵਾ ਸਵਾ ਲੱਖ ਨਾਲ ਲੜਨ ਦੇ ਇਤਿਹਾਸ ਨੂੰ ਇੱਕ ਵਾਰ ਫਿਰ ਦੁਹਰਾ ਦਿੱਤਾ। ਜੇਕਰ ਇਹ ਲੜਾਈ ਸਿਰਫ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਬਾਹਰ ਕੱਢਣ ਤੱਕ ਹੀ ਸੀਮਤ ਹੁੰਦੀ ਤਾਂ ਪੰਜਾਬ ਦੇ ਅਨੇਕਾਂ ਹੋਰ ਗੁਰਦੁਆਰਿਆਂ ‘ਤੇ ਫੌਜੀ ਹਮਲੇ ਦੀ ਕੀ ਲੋੜ ਸੀ ਜਿਥੋਂ ਫੌਜ ਵਿਰੁਧ ਗੋਲੀ ਚਲਾਏ ਜਾਣ ਦੀ ਕਿਸੇ ਵੀ ਥਾਂ ਤੋਂ ਕੋਈ ਖਬਰ ਨਹੀਂ।
ਨਵੰਬਰ 1984 ਦੀ ਘਟਨਾ ਨੂੰ ਦੰਗੇ ਨਹੀਂ ਕਿਹਾ ਜਾ ਸਕਦਾ ਇਹ ਤਾਂ ਸਿੱਖਾਂ ਦਾ ਸਮੇਂ ਦੀ ਸਰਕਾਰ ਵੱਲੋਂ ਕੀਤਾ ਗਿਆ ‘ਕਤਲੇਆਮ’ ਅਤੇ ‘ਨਸਲਕੁਸ਼ੀ’ ਸੀ। ਦੰਗੇ ਉਹ ਹੁੰਦੇ ਹਨ- ਜਦੋਂ ਦੋ ਧਿਰਾਂ ਆਪਸ ਵਿਚ ਲੜਦੀਆਂ ਹੋਣ। ਪਰ ਨਵੰਬਰ 1984 ਵਿਚ ਤਾਂ ਸਿੱਖਾਂ ਵੱਲੋਂ ਕਿਸੇ ਧਿਰ ‘ਤੇ ਕੋਈ ਹਮਲਾ ਨਹੀਂ ਕੀਤਾ ਗਿਆ ਸਗੋਂ ਸਿੱਖਾਂ ਨੂੰ ਤਾਂ ਉਨ੍ਹਾਂ ਦੇ ਆਪਣੇ ਹੀ ਘਰਾਂ ਵਿਚ ਜਾਂ ਜਿੱਥੇ ਵੀ ਕੋਈ ਸਿੱਖ ਮਿਲਿਆ ਧਾੜਵੀਆਂ ਦੀ ਫੌਜ ਨੇ ਜਾਨੋਂ ਮਾਰ ਦਿੱਤਾ। ਸਿੱਖ ਨਸਲਕੁਸ਼ੀ ਵਿਚ ਸਥਾਨਕ ਪੁਲਿਸ, ਪ੍ਰਸ਼ਾਸਨ ਅਤੇ ਰਾਜਨੀਤਕ ਲੀਡਰਾਂ ਦੇ ਆਪਸੀ ਤਾਲ-ਮੇਲ ਦੇ ਪੁਖਤਾ ਸਬੂਤ ਮੌਜੂਦ ਹੋਣ ਦੇ ਬਾਵਜੂਦ ਵੀ ਭਾਰਤੀ ਅਦਾਲਤਾਂ ਵੱਲੋਂ ਕਾਤਲਾਂ ਅਤੇ ਕਾਤਲਾਂ ਦੀਆਂ ਭੀੜਾਂ ਵਿਰੁਧ ਕੋਈ ਕਾਰਵਾਈ ਨਹੀਂ ਹੋਈ। ਇੱਥੋਂ ਤੱਕ ਕਿ ਮੁੱਖ ਦੋਸ਼ੀਆਂ ਵਿਰੁਧ ਐਫ ਆਈ ਆਰ ਤੱਕ ਦਰਜ ਕਰਵਾਉਣ ਲਈ ਸਿੱਖਾਂ ਨੂੰ 13 ਸਾਲ ਜਦੋਜਹਿਦ ਕਰਨੀ ਪਈ। ਉਪਰੰਤ ਚਾਰਜਸ਼ੀਟ ਪੇਸ਼ ਕਰਵਾਉਣ ਵਿਚ ਹੋਰ 7 ਸਾਲ ਲੱਗੇ ਜਦੋਂਕਿ ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਨੂੰ 2 ਸਾਲ ਵਿਚ ਹੀ ਫਾਂਸੀ ‘ਤੇ ਲਟਕਾ ਦਿੱਤਾ ਗਿਆ। ਇਸ ਦੂਹਰੇ ਮਾਪ-ਦੰਡ ਸਦਕਾ ਸਿੱਖਾਂ ਦੇ ਮਨਾਂ ਵਿਚੋਂ ਹੁਣ ਭਾਰਤੀ ਨਿਆਂ ਪ੍ਰਣਾਲੀ ਤੋਂ ਬਿਲਕੁਲ ਵਿਸ਼ਵਾਸ ਉਠ ਚੁੱਕਾ ਹੈ।
1984 ਦੇ ਦੁਖਾਂਤ ਦੇ ਸਮਕਾਲੀ ਲੋਕ, ਗਾਂਧੀਵਾਦੀ ਸੋਚ ਰੱਖਣ ਵਾਲੇ ਮੀਡੀਏ ਵੱਲੋਂ ਨਿਭਾਈ ਅਤੇ ਨਿਭਾਈ ਜਾ ਰਹੀ ਭੂਮਿਕਾ ਤੋਂ ਭਲੀਭਾਂਤ ਜਾਣੂ ਹਨ। ਉਹ ਇਹ ਵੀ ਜਾਣਦੇ ਹਨ ਕਿ ਕਿਸ ਤਰ੍ਹਾਂ ਵਿਦੇਸ਼ੀ ਪ੍ਰੈਸ ਨੂੰ ਪੰਜਾਬ ਤੋਂ ਦੂਰ ਰੱਖਿਆ ਗਿਆ ਅਤੇ ਕਿਸ ਤਰ੍ਹਾਂ ਸੰਤ ਜਰਨੈਲ ਸਿੰਘ ਖਾਲਸਾ ਵਰਗੇ ਇੱਕ ਸੱਚੇ ਸੁੱਚੇ ਸਿੱਖ ਦੀ ਛਵੀ ਵਿਗਾੜ ਕੇ ਲੋਕਾਂ ਸਾਹਮਣੇ ਪੇਸ਼ ਕੀਤੀ ਜਾਂਦੀ ਰਹੀ। ਪਰ ਸੰਤ ਜਰਨੈਲ ਸਿੰਘ ਖਾਲਸਾ ਆਪਣੇ ਨਾਂ ਨਾਲ ਜੁੜੇ ਸਬਦਾਂ ਸੰਤ, ਜਰਨੈਲ ਅਤੇ ਖਾਲਸਾ ‘ਤੇ ਪੂਰਾ ਉਤਰਿਆ। ਅੱਜ ਤੱਕ ਕੋਈ ਅਜਿਹਾ ਸਬੂਤ ਨਜ਼ਰ ਨਹੀਂ ਆਇਆ ਜੋ ਇਹ ਸਿੱਧ ਕਰਦਾ ਹੋਵੇ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸਿੱਧੇ ਤੌਰ ‘ਤੇ ਕਿਸੇ ਦੀ ਜਾਨ ਲਈ ਹੋਵੇ ਪਰ ਇਸ ਗੱਲ ਦੇ ਸਬੂਤ ਜ਼ਰੂਰ ਮਿਲਦੇ ਹਨ ਕਿ ਉਹ ਹਰ ਇਨਸਾਨ ਨੂੰ ਆਪੋ-ਆਪਣੇ ਧਰਮ ਵਿਚ ਪਰਪੱਕ ਵੇਖਣਾ ਚਾਹੁੰਦੇ ਸਨ।
ਅੱਜ ਸਿੱਖਾਂ ਨੂੰ ਵੱਧ ਤੋਂ ਵੱਧ ਗਿਣਤੀ ਅਤੇ ਭਾਸ਼ਾਵਾਂ ਵਿਚ ਹਰ ਪ੍ਰਕਾਰ ਦਾ ਆਪਣਾ ਮੀਡੀਆ ਸਥਾਪਤ ਕਰਕੇ ਆਪਣੇ ਦੇਸ਼ ਵਾਸੀਆਂ ਅਤੇ ਦੁਨੀਆਂ ਦੇ ਲੋਕਾਂ ਨੂੰ ਇਹ ਗੱਲ ਸਮਝਾਉਣ ਦੀ ਸਖ਼ਤ ਜ਼ਰੂਰਤ ਹੈ ਕਿ ਸਿੱਖ ਇਨਸਾਨੀਅਤ ਦਾ ਪਹਿਰੇਦਾਰ ਹੈ ਕਿਸੇ ਦਾ ਦੁਸ਼ਮਣ ਨਹੀਂ। ਨੌਜਵਾਨਾਂ ਨੂੰ ਇਸ ਕੰਮ ਵਿਚ ਅੱਗੇ ਆਉਣਾ ਚਾਹੀਦਾ ਹੈ। ਸਿੱਖ ਕਿਸੇ ਵੀ ਕੌਮ, ਜਾਤ ਜਾਂ ਧਰਮ ਦਾ ਵਿਰੋਧੀ ਨਹੀਂ ਸਗੋਂ ਸਾਰੀਆਂ ਕੌਮਾਂ, ਜਾਤਾਂ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ। ਸਿੱਖ ਹਰ ਵੇਲੇ ਸਰਬੱਤ ਦਾ ਭਲਾ ਮੰਗਣ ਵਾਲਾ ਵਿਅਕਤੀ ਹੈ ਅਤੇ ਮੁਨੱਖਤਾ ਦੇ ਹਰ ਦੁੱਖ-ਸੁੱਖ ਦਾ ਭਾਈਵਾਲ ਹੈ। ਸਿੱਖ ਸਿਰਫ ਜ਼ੁਲਮ ਅਤੇ ਜ਼ਾਬਰ ਦਾ ਵਿਰੋਧੀ ਹੈ। ਸਿੱਖਾਂ ਵੱਲੋਂ ਆਹੁਤੀਆਂ ਦੇ ਕੇ ਦੂਜੇ ਧਰਮਾਂ ਅਤੇ ਲੋਕਾਂ ਦੀ ਰੱਖਿਆ ਕਰਨ ਦੀਆਂ ਬਹੁਤ ਸਾਰੀਆਂ ਇਤਿਹਾਸਕ ਮਿਸਾਲਾਂ ਵੀ ਮੌਜੂਦ ਹਨ।
ਅੱਜ ਹਰ ਸਿੱਖ ਨੂੰ ਸਿੱਖਾਂ ਨਾਲ ਹੋ ਰਹੇ ਵਿਤਕਰੇ, ਭੇਦ-ਭਾਵ, ਧਰਮ ਅਤੇ ਉਨ੍ਹਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ, ਤਸ਼ੱਦਦ, ਕਤਲੇਆਮ ਅਤੇ ਨਸਲਕੁਸ਼ੀ ਦੇ ਕਾਰਣਾਂ ਨੂੰ ਜਾਣਨ, ਸੋਚਣ, ਸਮਝਣ ਅਤੇ ਵਿਚਾਰਨ ਦੀ ਲੋੜ ਹੈ। ਇਤਿਹਾਸ ਗਵਾਹ ਹੈ ਕਿ ਭਾਰਤੀ ਹੁਕਮਰਾਨ, ਗਾਂਧੀਵਾਦੀ ਸੋਚ ਨਾਲ, ਭਾਰਤ ਵਿਚ ਵਸਦੀਆਂ ਘੱਟਗਿਣਤੀਆਂ ਅਤੇ ਬਹੁ-ਕੌਮਾਂ ਨੂੰ ਹਿੰਦੂ ਧਰਮ ਵਿਚ ਤਬਦੀਲ ਕਰਨ ਲਈ ਲਗਾਤਾਰ ਕਾਨੂੰਨੀ, ਪ੍ਰਬੰਧਕੀ ਅਤੇ ਰਾਜਨੀਤਕ ਸਾਧਨਾਂ ਦਾ ਇਸਤੇਮਾਲ ਕਰਦੇ ਹੋਏ, ਖ਼ਤਮ ਕਰਦੇ ਆ ਰਹੇ ਹਨ। ਗਾਂਧੀਵਾਦੀ ਸੋਚ ਦੇ ਇਨ੍ਹਾਂ ਭਾਰਤੀ ਹੁਕਮਰਾਨਾਂ ਨੂੰ ਆਪਣੇ ਮਨਸੂਬੇ ਪੂਰੇ ਕਰਨ ਵਿਚ ਸਭ ਤੋਂ ਵੱਡੀ ਚੁਣੌਤੀ ਸਿੱਖਾਂ ਤੋਂ ਹੈ ਜਿਸ ਕਰਕੇ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦੀ ਪੂਰੀ ਤਾਕਤ ਸਿੱਖ ਅਤੇ ਸਿੱਖੀ ਨੂੰ ਖਤਮ ਕਰਨ ‘ਤੇ ਲੱਗੀ ਹੋਈ ਹੈ। ਆਉ ਸਾਰੇ ਰਲ ਕੇ ਜ਼ਰਾ ਸੋਚੀਏ ਅਤੇ ਵਿਚਾਰੀਏ ਕਿ
ਬੇਜ਼ਾਰੀਆਂ, ਲਾਚਾਰੀਆਂ, ਬਦਨਾਮੀਆਂ, ਦੁਸ਼ਵਾਰੀਆਂ,
ਅੱਜ ਸਾਡੇ ਹੀ ਲੇਖੀਂ ਕਿਉਂ ਆਈਆਂ ਇਹ ਸਾਰੀਆਂ?
ਵਾਰੇ ਜਿਨ੍ਹਾਂ ਲਈ ਸੀਸ, ਚਲਵਾਈਆਂ ਸਿਰਾਂ ‘ਤੇ ਆਰੀਆਂ
ਲਾਉਣ ਸਾਡੇ ਹੀ ਖੂਨ ਵਿਚ ਉਹ ਹੱਸ ਹੱਸ ਤਾਰੀਆਂ।
ਕੁਝ ਸੋਚੀਏ, ਪੜਤਾਲੀਏ, ਰਲ ਲੱਭੀਏ ਇਸ ਦੀ ਵਜ੍ਹਾ
ਕਿ ਅਸਾਂ ਜਿੱਤ ਕੇ ਹੀ ਸਦਾ, ਬਾਜ਼ੀਆਂ ਕਿਉਂ ਹਾਰੀਆਂ?
ਲੜਦੇ ਰਹੇ ਆਪਸ ‘ਚ ਹੀ, ਨਾ ਸਮਝੇ ਹੁਣ ਵੀ ਅਗਰ
ਇਤਿਹਾਸ ਬਣ ਜਾਣੀਆਂ ਇਹ ਵੇਖਿਓ ਸਰਦਾਰੀਆਂ।
Leave a Reply